google.com, pub-7610353441165800, DIRECT, f08c47fec0942fa0 ਸਾਹਿਤ ਸਕਰੀਨ: ਸ਼ਹੀਦ ਭਗਤ ਸਿੰਘ ਲਾਈਬਰੇਰੀ ਦਾ ਉਦਘਾਟਨ ਕੀਤਾ ਡਾਕਟਰ ਸੁਰਜੀਤ ਨੇ

Monday 2 April 2018

ਸ਼ਹੀਦ ਭਗਤ ਸਿੰਘ ਲਾਈਬਰੇਰੀ ਦਾ ਉਦਘਾਟਨ ਕੀਤਾ ਡਾਕਟਰ ਸੁਰਜੀਤ ਨੇ

Mon, Apr 2, 2018 at 4:44 PM
ਅਗਾਂਹਵਧੂ ਸਾਹਿਤ ਦੀਆਂ ਲਾਇਬ੍ਰੇਰੀਆਂ ਸਮੇਂ ਦੀ ਮੁੱਖ ਲੋੜ
ਲੁਧਿਆਣਾ: 1 ਅਪਰੈਲ 2018:(ਸਾਹਿਤ ਸਕਰੀਨ ਬਿਊਰੋ)::
ਅੱਜ ਐਲ.ਆਈ.ਜੀ. ਕਲੋਨੀ, ਜਮਾਲਪੁਰ, ਲੁਧਿਆਣਾ ਵਿਖੇ ਸ਼ਹੀਦ ਭਗਤ ਸਿੰਘ, ਸੁਖਦੇਵ ਅਤੇ ਰਾਜਗੁਰੂ ਦੀ 87ਵੀਂ ਸ਼ਹਾਦਤ ਵਰ੍ਹੇਗੰਢ ਨੂੰ ਸਮਰਪਿਤ ‘ਸ਼ਹੀਦ ਭਗਤ ਸਿੰਘ ਲਾਇਬ੍ਰੇਰੀ ਦਾ ਉਦਘਾਟਨ ਸਮਾਗਮ ਕੀਤਾ ਗਿਆ। ਇਸ ਮੌਕੇ ਇਨਕਲਾਬੀ ਨਾਟਕ ਅਤੇ ਗੀਤਾਂ ਦਾ ਸੱਭਿਆਚਾਰਕ ਪ੍ਰੋਗਰਾਮ ਵੀ ਕੀਤਾ ਗਿਆ। ਲਾਈਬ੍ਰੇਰੀ ਦਾ ਉਦਘਾਟਨ ਸੈਂਕਡ਼ੇ ਨੌਜਵਾਨਾਂ, ਮਜ਼ਦੂਰਾਂ, ਕਿਰਤੀਆਂ ਦੀ ਹਾਜ਼ਰੀ ਵਿੱਚ ਪੰਜਾਬੀ ਸਾਹਿਤ ਅਕਾਦਮੀ (ਲੁਧਿਆਣਾ) ਦੇ ਜਨਰਲ ਸਕੱਤਰ ਅਤੇ ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਿਖੇ ਪੰਜਾਬੀ ਵਿਭਾਗ ਦੇ ਸੀਨੀਅਰ ਪ੍ਰੋਫੈਸਰ ਡਾ. ਸੁਰਜੀਤ ਨੇ ਕੀਤਾ। ਇਹ ਉਦਘਾਟਨ ਸਮਾਗਮ ਨੌਜਵਾਨ ਭਾਰਤ ਸਭਾ, ਕਾਰਖਾਨਾ ਮਜ਼ਦੂਰ ਯੂਨੀਅਨ, ਟੈਕਸਟਾਈਲ-ਹੌਜ਼ਰੀ ਕਾਮਗਾਰ ਯੂਨੀਅਨ ਅਤੇ ਬਿਗੁਲ ਮਜ਼ਦੂਰ ਦਸਤਾ ਵੱਲੋਂ ਆਯੋਜਿਤ ਕੀਤਾ ਗਿਆ ਸੀ। ਇਸ ਮੌਕੇ ਮੌਲਡਰ ਐਂਡ ਸਟੀਲ ਵਰਕਰਜ਼ ਯੂਨੀਅਨ, ਜਮਹੂਰੀ ਅਧਿਕਾਰ ਸਭਾ, ਇਸਤਰੀ ਮਜ਼ਦੂਰ ਸੰਗਠਨ, ਤਰਕਸ਼ੀਲ ਸੁਸਾਇਟੀ ਆਦਿ ਜੱਥੇਬੰਦੀਆਂ ਦੇ ਨੁਮਾਇੰਦੇ ਵੀ ਹਾਜ਼ਰ ਸਨ। ਇਨਕਲਾਬੀ ਸੱਭਿਆਚਾਰਕ ਮੰਚ ‘ਦਸਤਕ’ ਵੱਲੋਂ ਸ਼ਹੀਦ ਭਗਤ ਸਿੰਘ ਦੇ ਜੇਲ੍ਹ ਜੀਵਨ ਦੇ ਅੰਤਲੇ ਦਿਨਾਂ ‘ਤੇ ਅਧਾਰਿਤ ਦਵਿੰਦਰ ਦਮਨ ਦਾ ਲਿਖਿਆ ਨਾਟਕ ‘ਛਿਪਣ ਤੋਂ ਪਹਿਲਾਂ’ ਖੇਡਿਆ ਗਿਆ। ‘ਦਸਤਕ’ ਮੰਚ ਅਤੇ ਬੱਚਿਆਂ ਵੱਲੋਂ ਇਨਕਲਾਬੀ ਗੀਤ ਵੀ ਪੇਸ਼ ਕੀਤੇ ਗਏ।    
          ppਡਾ. ਸੁਰਜੀਤ ਨੇ ਕਿਹਾ ਸ਼ਹੀਦ ਭਗਤ ਸਿੰਘ ਅਧਿਐਨ ਨੂੰ ਬਹੁਤ ਮਹੱਤਤਾ ਦਿੰਦੇ ਸਨ। ਉਹਨਾਂ ਨੇ ਇਸ ਗੱਲ ਨੂੰ ਸਮਝਿਆ ਕਿ ਪੂਰੇ ਸੰਸਾਰ ਵਿੱਚ ਹੀ ਮਜ਼ਦੂਰਾਂ ਤੇ ਹੋਰ ਕਿਰਤੀਆਂ ਦੀ ਸਰਮਾਏਦਾਰਾਂ-ਜਗੀਰਦਾਰਾਂ ਵੱਲੋਂ ਲੁੱਟ-ਖਸੁੱਟ ਹੋ ਰਹੀ ਹੈ। ਭਾਰਤ ਦੀ ਗੋਰੇ ਹਾਕਮਾਂ ਦੀ ਗੁਲਾਮੀ ਤੋਂ ਅਜ਼ਾਦੀ ਦੀ ਲਡ਼ਾਈ ਲਡ਼ਦੇ ਹੋਏ ਉਹ ਭਾਰਤ ਦੀਆਂ ਲੁਟੇਰੀਆਂ ਜਮਾਤਾਂ ਖਿਲਾਫ਼ ਵੀ ਲਡ਼ ਰਹੇ ਸਨ। ਡਾ. ਸੁਰਜੀਤ ਨੇ ਕਿਹਾ ਕਿ ਕਿਰਤੀ ਲੋਕਾਂ ਨੂੰ ਹੋਰ ਸਾਰੇ ਹੱਕਾਂ-ਸਹੂਲਤਾਂ ਵਾਂਗ ਹੀ ਅਧਿਐਨ ਤੋਂ ਵੀ ਵਾਂਝਾ ਰੱਖਿਆ ਗਿਆ ਹੈ ਜਦ ਕਿ ਸਾਰਾ ਗਿਆਨ ਅਸਲ ਵਿੱਚ ਕਿਰਤੀਆਂ ਦੁਆਰਾ ਹੀ ਪੈਦਾ ਕੀਤਾ ਗਿਆ ਹੈ। ਉਹਨਾਂ ਸ਼ਹੀਦ ਭਗਤ ਸਿੰਘ ਲਾਈਬ੍ਰੇਰੀ ਦੀ ਸਥਾਪਨਾ ਲਈ ਵਧਾਈ ਦਿੰਦੇ ਹੋਏ ਵੱਡੇ ਪੱਧਰ ਉੱਤੇ ਇਨਕਲਾਬੀ-ਅਗਾਂਹਵਧੂ ਸਾਹਿਤ ਦੀਆਂ ਲਾਈਬਰੇਰੀਆਂ ਸਥਾਪਿਤ ਕਰਨ ਦੀ ਲੋਡ਼ ਉੱਤੇ ਜ਼ੋਰ ਦਿੱਤਾ। ਉਹਨਾਂ ਕਿਹਾ ਕਿ ਗਿਆਨ ਦੀ ਜ਼ਰੂਰਤ ਅਸਲ ਵਿੱਚ ਕਿਰਤੀ ਲੋਕਾਂ ਨੂੰ ਹੀ ਹੈ।
          ਕਾਰਖਾਨਾ ਮਜ਼ਦੂਰ ਯੂਨੀਅਨ ਦੇ ਆਗੂ ਲਖਵਿੰਦਰ ਨੇ ਕਿਹਾ ਕਿ ਸ਼ਹੀਦ ਭਗਤ ਸਿੰਘ ਲਾਈਬ੍ਰੇਰੀ ਮਜ਼ਦੂਰਾਂ-ਕਿਰਤੀਆਂ ਦੇ ਸਹਿਯੋਗ ਨਾਲ਼ ਹੀ ਸਥਾਪਿਤ ਕੀਤੀ ਗਈ ਹੈ। ਟੈਕਸਟਾਈਲ ਹੌਜ਼ਰੀ ਕਾਮਗਾਰ ਯੂਨੀਅਨ ਦੇ ਆਗੂ ਰਾਜਵਿੰਦਰ ਨੇ ਕਿਹਾ ਦੇਸ਼ ਵਿੱਚ ਇਸ ਸਮੇਂ ਭਿਆਨਕ ਹਾਲਤਾਂ ਹਨ। ਗਰੀਬੀ, ਮਹਿੰਗਾਈ, ਬੇਰੁਜ਼ਗਾਰੀ ਅਸਮਾਨ ਛੂਹ ਰਹੀ ਹੈ। ਮਜ਼ਦੂਰਾਂ, ਕਿਰਤੀਆਂ, ਘੱਟ ਗਿਣਤੀਆਂ, ਦਲਿਤਾਂ, ਔਰਤਾਂ, ਇਨਕਲਾਬੀ-ਜਮਹੂਰੀ ਕਾਰਕੁੰਨਾਂ ਉੱਤੇ ਜਬਰ ਵੱਧਦਾ ਜਾ ਰਿਹਾ ਹੈ। ਧਾਰਮਿਕ ਕੱਟਡ਼ਪੰਥੀ ਫਾਸੀਵਾਦੀ ਤਾਕਤਾਂ ਸ਼ਰੇਆਮ ਕਹਿਰ ਵਰ੍ਹਾ ਰਹੀਆਂ ਹਨ। ਰਾਜਵਿੰਦਰ ਨੇ ਲੋਕਾਂ ਨੂੰ ਇਸ ਖਿਲਾਫ਼ ਅੱਗੇ ਆਉਣ ਦਾ ਸੱਦਾ ਦਿੱਤਾ ਇਹੋ ਸ਼ਹੀਦ ਭਗਤ ਸਿੰਘ, ਸੁਖਦੇਵ, ਰਾਜਗੁਰੂ ਨੂੰ ਸੱਚੀ ਸ਼ਰਧਾਂਜਲੀ ਹੋ ਸਕਦੀ ਹੈ।

No comments:

Post a Comment