google.com, pub-7610353441165800, DIRECT, f08c47fec0942fa0 ਸਾਹਿਤ ਸਕਰੀਨ: ਪੰਜਾਬੀ ਸਾਹਿਤ ਅਕਾਦਮੀ ਚੋਣਾਂ ਵਿੱਚ ਪਰੋਫੈਸਰ ਰਵਿੰਦਰ ਭੱਠਲ ਅਤੇ ਡਾ. ਸੁਰਜੀਤ ਜੇਤੂ

Sunday 15 April 2018

ਪੰਜਾਬੀ ਸਾਹਿਤ ਅਕਾਦਮੀ ਚੋਣਾਂ ਵਿੱਚ ਪਰੋਫੈਸਰ ਰਵਿੰਦਰ ਭੱਠਲ ਅਤੇ ਡਾ. ਸੁਰਜੀਤ ਜੇਤੂ

ਰਾਤੀਂ 7:48 ਵਜੇ ਐਲਾਨੇ ਗਏ ਪੰਜਾਬੀ ਸਾਹਿਤ ਅਕਾਦਮੀ ਦੇ ਚੋਣ ਨਤੀਜੇ 
ਲੁਧਿਆਣਾ:  15 ਅਪਰੈਲ 2018: (ਸਾਹਿਤ ਸਕਰੀਨ ਟੀਮ):: 
ਅੱਜ ਰਾਤ 7:45 ਵਜੇ ਪੰਜਾਬੀ ਸਾਹਿਤ ਅਕਾਦਮੀ ਦੀਆਂ ਚੋਣਾਂ ਦੇ ਨਤੀਜੇ ਐਲਾਨ ਦਿੱਤੇ ਗਏ। ਪ੍ਰਧਾਨ ਬਣੇ ਪ੍ਰੋਫੈਸਰ ਰਵਿੰਦਰ ਭੱਠਲ ਅਤੇ ਜਨਰਲ ਸਕੱਤਰ ਬਣੇ ਡਾਕਟਰ ਸੁਰਜੀਤ। ਇਸ ਵਾਰ ਦੇ ਨਤੀਜੇ ਸਭਨਾਂ ਦੀਆਂ ਆਸਾਂ ਉਮੀਦਾਂ ਦੇ ਐਨ ਉਲਟ ਆਏ।  ਆਪਣੇ ਆਪ ਨੂੰ ਜੇਤੂ ਸਮਝ ਰਿਹਾ ਸੀ। ਰਸਮੀ ਐਲਾਨ ਤੋਂ ਪਹਿਲਾਂ ਕਿਸੇ ਨੂੰ ਵੀ ਇਹਨਾਂ ਨਤੀਜਿਆਂ ਦੀ ਭਿਣਕ ਤੱਕ ਨਹੀਂ ਲੱਗਣ ਦਿੱਤੀ ਗਈ। ਪੰਜਾਬੀ ਭਵਨ ਵਿੱਚ ਮੌਜੂਦ ਲੇਖਕਾਂ ਅਤੇ ਸ਼ਾਇਰਾਂ ਨੇ ਦੇਰ ਸ਼ਾਮ ਤੱਕ ਬੜੇ ਹੀ ਠਰੰਮੇ ਨਾਲ ਇਸ ਰਸਮੀ ਐਲਾਨ ਦੀ ਉਡੀਕ ਕੀਤੀ। ਵੋਟਾਂ ਪਾਉਣ ਦਾ ਜੋਸ਼ ਅਤੇ ਫਿਰ ਨਤੀਜਿਆਂ ਦੀ ਬੇਸਬਰੀ ਵਾਲੀ ਉਡੀਕ-ਸਮਾਂ ਦਿਲਚਸਪ ਬਣ ਗਿਆ ਸੀ। ਬੜਾ ਹੀ ਅਜੀਬ ਜਿਹਾ ਪਰ ਖੁਸ਼ਗਵਾਰ ਮਾਹੌਲ ਸੀ। ਚੋਣਾਂ ਦੇ ਬਹਾਨੇ ਨਾਲ ਲੱਗੇ ਲੇਖਕਾਂ ਦੇ ਇਸ ਮੇਲੇ ਵਿੱਚ ਚਾਹ ਦੇ ਦੌਰ ਵੀ ਚੱਲਦੇ ਰਹੇ ਅਤੇ ਪੰਜਾਬੀ ਭਵਨ ਤੋਂ ਬਾਹਰ ਚੂ ਦਾ ਸਿਲਸਿਲਾ ਵੀ ਜਾਰੀ ਰਿਹਾ। ਮਾਹੌਲ ਰੰਗੀਨ ਵੀ ਸੀ ਪਰ ਕਿਸੇ ਨੇ ਵੀ ਆਪੋ ਆਪਣੇ ਧੜੇ ਦਾ ਖਿਆਲ ਨਹੀਂ ਭੁੱਲਣ ਦਿੱਤਾ। ਕਿਸ ਨੇ ਕਿਸ ਨੂੰ ਵੋਟ ਪਾਉਣੀ ਹੈ ਇਸ ਪ੍ਰਚਾਰ ਮੁਹਿੰਮ ਦਾ ਪੂਰਾ ਧਿਆਨ ਰੱਖਿਆ ਗਿਆ। ਵੋਟਾਂ ਦਾ ਇਹ ਪ੍ਰਚਾਰ ਸਿਲਸਿਲਾ ਫਿਰੋਜ਼ਪੁਰ ਰੋਡ ਤੋਂ ਪੰਜਾਬੀ ਭਵਨ ਵੱਲ ਮੁੜਦਿਆਂ ਹੀ ਨਜ਼ਰੀਂ ਆਉਣ ਲੱਗਦਾ ਸੀ। ਇਸ ਵਾਰ ਵੀ ਪੈਨਲ ਸਿਸਟਮ ਨੇ ਆਪਣਾ ਸਿੱਕਾ ਮਨਵਾਇਆ। 
ਅਜਿਹੀ ਹਾਲਤ ਵਿੱਚ ਉਹਨਾਂ ਦੀ ਹਾਲਤ ਹੋਰ ਕਮਜ਼ੋਰ ਹੁੰਦੀ ਨਜ਼ਰ ਆ ਰਹੀ ਹੈ ਜਿਹੜੇ ਬਿਨਾ ਕਿਸੇ ਪੈਨਲ ਨਾਲ ਜੁੜੇ ਆਪਣੀ ਆਜ਼ਾਦ ਸ਼ਖ਼ਸੀਅਤ ਵੱਜੋਂ ਚੋਣਾਂ ਲੜਨੀਆਂ ਚਾਹੁੰਦੇ ਹਨ। ਇਸ ਸਬੰਧੀ ਗੱਲ ਕੀਤੇ ਜਾਣ 'ਤੇ ਡਾਕਟਰ ਸੁਰਜੀਤ ਨੇ ਕਿਹਾ ਕਿਹਾ ਪੈਨਲ ਸਿਸਟਮ 2002 ਵਿੱਚ ਸ਼ੁਰੂ ਹੋਇਆ ਸੀ। ਉਹਨਾਂ ਇਹ ਇਹ ਵੀ ਦੱਸਿਆ ਕਿ ਕਿਵੇਂ ਇਥੋਂ ਦਾ ਮਾਹੌਲ ਤਾਨਾਸ਼ਾਹੀ ਵਰਗਾ ਹੁੰਦਾ ਸੀ। ਉਹਨਾਂ ਦੱਸਿਆ ਕਿ ਡਾਕਟਰ ਸੁਰਜੀਤ ਪਾਤਰ ਹੁਰਾਂ ਨਾਲ ਮਿਲ ਕੇ ਅਸੀਂ ਇਸ ਸਬੰਧੀ ਸੋਚਿਆ ਅਤੇ ਕੋਸ਼ਿਸ਼ਾਂ ਆਰੰਭੀਆਂ। ਉਦੋਂ ਤੋਂ ਲੈ ਕੇ ਹੁਣ ਤੱਕ ਇਹ ਸਿਸਟਮ ਹਰਮਨ ਪਿਆਰਾ ਹੁੰਦਾ ਜਾ ਰਿਹਾ ਹੈ। 
ਇਸ ਤਰਾਂ ਪੈਨਲ ਦੇ ਰੰਗ ਵਿਚ ਰੰਗੇ ਲੇਖਕ ਆਪੋ ਆਪਣੇ ਪੈਨਲ ਦਾ ਜ਼ਿਕਰ ਕਰਨਾ ਨਹੀਂ ਸਨ ਭੁੱਲ ਰਹੇ। ਵੋਟਾਂ ਭਾਵੇਂ ਹਾਲ ਦੇ ਅੰਦਰ ਗੁਪਤ ਤਰੀਕੇ ਨਾਲ ਹੀ ਪੈ ਰਹੀਆਂ ਸਨ ਪਰ ਪੈਨਲ ਸਿਸਟਮ ਨੂੰ ਦੇਖਦਿਆਂ ਅੱਡੋ ਅੱਡ ਬੈਠੇ ਲੇਖਕ ਆਪੋ ਆਪਣੀ ਸਥਿਤੀ ਵੀ ਸਪਸ਼ਟ ਹੋ ਕੇ ਡੰਕੇ ਦੀ ਚੋਟ 'ਤੇ ਬਿਆਨ ਕਰ ਰਹੇ ਸਨ। 
ਵੋਟਾਂ ਪਾਉਣ ਲਈ ਆਈਆਂ ਸ਼ਖਸੀਅਤਾਂ ਦਾ ਅੰਦਾਜ਼ ਵੀ ਵੱਖੋ ਵੱਖਰਾ ਸੀ। ਡਾਕਟਰ ਸੁਰਜੀਤ  ਪਾਤਰ ਮੇਨ ਗੇਟ ਤੋਂ ਪੈਦਲ ਚੱਲ ਕੇ ਪੋਲਿੰਗ ਬੂਥ ਤੱਕ ਗਏ। ਪਰੋਫੈਸਰ ਗੁਰਭਜਨ ਗਿੱਲ ਮੇਨ ਗੇਟ ਤੋਂ ਕਾਰ ਰਾਹੀਂ ਪੋਲਿੰਗ ਬੂਥ ਤੱਕ ਪੁੱਜੇ। ਲੇਖਕਾਂ ਨੇ ਇਸ ਮੌਕੇ ਪੁੱਜੇ ਲੇਖਕਾਂ ਤੱਕ ਆਪਣੀਆਂ ਕਿਤਾਬਾਂ ਵੀ ਬੜੇ ਚਾਅ ਨਾਲ ਪਹੁੰਚਾਈਆਂ। ਲੇਖਕ ਭਾਵੇਂ ਆਪੋ ਆਪਣੇ ਗਰੁੱਪ ਬਣਾ ਕੇ ਅੱਡ ਅੱਡ ਬੈਠੇ ਰਹੇ ਪਰ ਫਿਰ ਵੀ ਆਪਸੀ ਭਾਈਚਾਰੇ ਅਤੇ ਮੋਹੱਬਤ ਦਾ ਸਿਲਸਿਲਾ ਜਾਰੀ ਰਿਹਾ। 
ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੀਆਂ ਇਹ ਚੋਣਾਂ ਅੱਜ ਸਾਲ 2018-2020 ਲਈ ਕਰਵਾਈਆਂ ਗਈਆਂ। ਪੂਰੇ ਭਾਰਤ ਵਿਚੋਂ ਹੁੰਮ ਹੁਮਾ ਕੇ ਲੇਖਕ ਵੋਟਾਂ ਪਾਉਣ ਆਏ। ਕੁੱਲ 728 ਵੋਟਾਂ ਪੋਲ ਹੋਈਆਂ। ਜ਼ਿਕਰਯੋਗ ਹੈ ਕਿ ਕੁਲ ਵੋਟਾਂ ਦੀ ਗਿਣਤੀ ਤਕਰੀਬਨ ਦੋ ਹਜ਼ਾਰ ਹੈ। ਇਸ ਤਰਾਂ ਬਹੁਤ ਸਾਰੇ ਵੋਟਰ ਵੋਟਾਂ ਪਾਉਣ ਲਈ ਨਹੀਂ ਆ ਸਕੇ। ਡਾਕਟਰ ਸੁਰਜੀਤ ਦਾ ਕਹਿਣਾ ਹੈ ਕਿ ਇਹਨਾਂ ਸਾਰੇ ਪਾਸਿਆਂ ਵੱਲ ਛੇਤੀ ਹੀ ਪੂਰਾ ਧਿਆਨ ਦਿੱਤਾ ਜਾਵੇਗਾ। ਪੰਜਾਬੀ ਸਾਹਿਤ ਅਕਾਦਮੀ ਨੂੰ ਇੱਕ ਮੁਹਿੰਮ ਬਣਾ ਕੇ ਹਰ ਜ਼ਿਲੇ ਤੱਕ ਲਿਜਾਇਆ ਜਾਵੇਗਾ। 
       ਪਰੋਫੈਸਰ ਰਵਿੰਦਰ ਭੱਠਲ 402 ਵੋਟਾਂ ਲੈ ਕੇ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਪਰਧਾਨ ਸੁਰਿੰਦਰ ਕੈਲੇ  379 ਵੋਟਾਂ ਲੈ ਕੇ ਸੀਨੀਅਰ ਮੀਤ ਪਰਧਾਨ ਅਤੇ 488 ਵੋਟਾਂ ਲੈ ਕੇ ਡਾ. ਸੁਰਜੀਤ ਸਿੰਘ ਜਨਰਲ ਸਕੱਤਰ ਚੁਣੇ ਗਏ। ਸ. ਸਹਿਜਪਰੀਤ ਸਿੰਘ ਮਾਂਗਟ, ਖੁਸ਼ਵੰਤ ਬਰਗਾੜੀ, ਡਾ. ਗੁਲਜ਼ਾਰ ਸਿੰਘ ਪੰਧੇਰ, ਸ. ਭੁਪਿੰਦਰ ਸਿੰਘ ਸੰਧੂ ਅਤੇ ਮੈਡਮ ਮਨਜੀਤ ਕੌਰ ਅੰਬਾਲਵੀ ਮੀਤ ਪਰਧਾਨ ਚੁਣੇ ਗਏ। 
ਪਰਬੰਧਕੀ ਬੋਰਡ ਦੇ ਚੌਦਾਂ ਮੈਂਬਰਾਂ ਲਈ ਤਰੈਲੋਚਨ ਲੋਚੀ, ਸੁਖਦਰਸ਼ਨ ਗਰਗ, ਮਨਜਿੰਦਰ ਸਿੰਘ ਧਨੋਆ, ਗੁਲਜ਼ਾਰ ਸਿੰਘ ਸ਼ੌਂਕੀ, ਸਿਰੀ ਰਾਮ ਅਰਸ਼, ਜਸਵੀਰ ਝੱਜ, ਮੈਡਮ ਅਮਰਜੀਤ ਕੌਰ ਹਿਰਦੇ, ਡਾ. ਸ਼ਰਨਜੀਤ ਕੌਰ, ਭਗਵੰਤ ਰਸੂਲਪੁਰੀ,  ਤਰਸੇਮ,  ਕਮਲਜੀਤ ਨੀਲੋਂ, ਡਾ. ਸੁਦਰਸ਼ਨ ਗਾਸੋ (ਹਰਿਆਣਾ), ਮੈਡਮ ਸੁਰਿੰਦਰ ਨੀਰ (ਜੰਮੂ) ਅਤੇ ਡਾ. ਜਗਵਿੰਦਰ ਜੋਧਾ ਚੁਣੇ ਗਏ। ਯਾਦ ਰਹੇ ਕਿ ਪਰੇਮ ਸਾਹਿਲ (ਬਾਕੀ ਭਾਰਤ) ਵਿਚੋਂ ਇਕੋ ਇਕ ਉਮੀਦਵਾਰ ਹਨ। ਸੰਵਿਧਾਨ ਅਨੁਸਾਰ ਉਹਨਾਂ ਨੂੰ ਪਹਿਲਾਂ ਹੀ ਜੇਤੂ ਕਰਾਰ ਦਿੱਤਾ ਜਾ ਚੁੱਕਿਆ ਹੈ। ਮੁੱਖ ਚੋਣ ਅਧਿਕਾਰੀ ਸ. ਮਲਕੀਅਤ ਸਿੰਘ ਔਲਖ ਨੇ ਚੋਣ ਉਪਰੰਤ ਜੇਤੂਆਂ ਦੇ ਨਾਮ ਐਲਾਨ ਕਰਦਿਆਂ ਸਮੂਹ ਲੇਖਕਾਂ ਦਾ ਧੰਨਵਾਦ ਕੀਤਾ। 
ਇਹਨਾਂ ਚੋਣਾਂ ਦੇ ਨਤੀਜਿਆਂ ਨੇ ਕਈਆਂ ਨੂੰ ਨਿਰਾਸ਼ ਵੀ ਕੀਤਾ ਕਿਓਂਕਿ ਉਹ ਇਹ ਚੋਣ ਹਾਰ ਗਏ ਸਨ। ਇਸਦੇ ਬਾਵਜੂਦ ਲੇਖਕਾਂ ਨੇ ਆਪਣੇ ਉਮਾਹ ਨਾਲ ਸਾਬਿਤ ਕੀਤਾ ਕਿ ਉਹਨਾਂ ਲਈ ਇਹ ਜਿੱਤ ਹਾਰ ਬੜੀਆਂ ਛੋਟੀਆਂ ਚੀਜ਼ਾਂ ਹਨ।  ਸਭ ਤੋਂ ਵੱਧ ਖੁਸ਼ ਸੀ ਹਰਲੀਨ ਸੋਨਾ। ਹਰ ਇੱਕ ਨੂੰ ਹਸਾਉਣ ਵਾਲੀ ਹਰਲੀਨ ਸੋਨਾ। ਬੱਚਿਆਂ ਦੇ ਚਿਹਰਿਆਂ 'ਤੇ ਮੁਸਕਰਾਹਟਾਂ ਲਿਆਉਣ ਵਾਲੀ ਹਰਲੀਨ ਸੋਨਾ ਇਹ ਚੋਣ ਹਾਰ ਗਈ ਪਰ ਉਸਦੇ ਚਿਹਰੇ ਦੀ ਖੁਸ਼ੀ ਪਹਿਲਾਂ ਨਾਲੋਂ ਵੀ ਦੂਣ ਸਵਾਈ ਹੋਈ ਪਈ ਸੀ।  
ਡਾਕਟਰ ਗੁਰਚਰਨ ਕੋਚਰ ਨੂੰ ਗੁੱਸਾ ਸੀ ਤਾਂ ਕੇਵਲ ਉਸ ਵਿਚਾਰਧਾਰਾ ਨਾਲ ਸਬੰਧਤ ਲੋਕਾਂ ਨਾਲ ਜਿਸ ਵਿਚਾਰਧਾਰਾ ਲਈ ਉਸਨੇ ਸਾਰੀ ਉਮਰ ਲਾ ਦਿੱਤੀ। ਡਾਕਟਰ ਕੋਚਰ ਨੇ ਕਿਹਾ ਕਿ ਮੇਰੇ ਨਾਲ ਧੋਖਾ ਹੋਇਆ ਹੈ। ਇਸ ਨਿਰਾਸ਼ਾ ਵਾਲੇ ਆਲਮ ਦੇ ਬਾਵਜੂਦ ਉਹਨਾਂ ਫਟਾਫਟ ਫੁੱਲਾਂ ਦਾ ਗੁਲਦਸਤਾ ਮੰਗਵਾਇਆ ਅਤੇ ਜੇਤੂਆਂ ਨੂੰ ਵਧਾਈ ਦਿੱਤੀ ਉਹ ਵੀ  ਬੜੇ ਹੀ ਮੁਸਕਰਾਉਂਦੇ ਚਿਹਰੇ ਨਾਲ। 
ਜਨਰਲ ਸਕੱਤਰ ਦੀ ਚੋਣ ਹਾਰਨ ਵਾਲੀ ਭੁਪਿੰਦਰ ਕੌਰ ਪਰੀਤ ਦੇ ਚਿਹਰੇ ਤੇ ਵੀ ਇੱਕ ਅਨੋਖੀ ਚਮਕ ਸੀ। ਅਜਿਹੀਆਂ ਉਲਟ ਹਾਲਤਾਂ ਵਿੱਚ ਵੀ ਚਿਹਰੇ 'ਤੇ  ਚਮਕ ਅਤੇ ਮੁਸਕਰਾਹਟ ਲਿਆ ਸਕਣ ਵਾਲੀ ਸ਼ਕਤੀ ਸ਼ਾਇਦ ਭੁਪਿੰਦਰ ਕੌਰ ਪਰੀਤ ਨੂੰ ਓਸ਼ੋ ਕੋਲੋਂ ਮਿਲ ਰਹੀ ਸੀ। ਓਸ਼ੋ ਜਿਸਨੇ ਜ਼ਿੰਦਗੀ ਦੇ ਗੁਝੇ ਭੇਦ ਬੜੀ ਹੀ ਸਾਦਗੀ ਨਾਲ ਸਮਝਾਏ ਹਨ। ਹੁਣ ਦੇਖਣਾ ਹੈ ਕਿ ਨਵੀਂ ਟੀਮ ਪੰਜਾਬੀ ਲੇਖਕਾਂ ਦੀ ਭਲਾਈ ਲਈ ਅਕਾਦਮੀ ਨੂੰ ਮਜ਼ਬੂਤ ਕਰਨ ਵਾਸਤੇ ਕੀ ਕੀ ਕਰਦੀ ਹੈ। ਨਤੀਜਿਆਂ ਤੋਂ ਬਾਅਦ ਪਹਿਸੂਸ ਹੋ ਇਹ ਹੈ ਕਿ ਨਵੀਂ ਟੀਮ ਕਿਸੇ ਪਰਛਾਵੇਂ ਵਾਂਗ ਨਿਯਮਾਂ ਦੀ ਪਾਲਣਾ ਦਾ ਧਿਆਨ ਰੱਖੇਗੀ।
  

1 comment:

  1. ਇਸ ਮਹਾਂ ਭਾਰਤ ਵਿਚ ਭੁਪਿੰਦਰ ਪ੍ਰੀਤ ਅਭਿਮਨਿਊ ਵਾਂਗ ਲੜੀ ਅਤੇ ਉਸੇ ਵਾਂਗ ਹਮੇਸ਼ਾ ਬਾਕੀ ਮਹਾਂ ਰਥੀਆਂ ਨਾਲੋਂ ਵੱਧ ਯਾਦ ਕੀਤੀ ਜਾਵੇਗੀ।

    ReplyDelete