google.com, pub-7610353441165800, DIRECT, f08c47fec0942fa0 ਸਾਹਿਤ ਸਕਰੀਨ: ਡਾ. ਰਾਣਾ ਪਰੀਤ ਗਿੱਲ ਦੀ ਪੁਸਤਕ ਲੋਕ-ਅਰਪਣ

Tuesday 17 April 2018

ਡਾ. ਰਾਣਾ ਪਰੀਤ ਗਿੱਲ ਦੀ ਪੁਸਤਕ ਲੋਕ-ਅਰਪਣ

Tue, Apr 17, 2018 at 5:34 PM  
ਕਾਲਜ ਦੀ ਜ਼ਿੰਦਗੀ-ਕਿੰਨੇ ਦਬਾਅ-ਕਿੰਨੀ ਕੁ ਮਸਤੀ--ਪੂਰਾ ਵੇਰਵਾ 
ਲੁਧਿਆਣਾ: 17 ਅਪਰੈਲ 2018: (ਕਾਰਤਿਕਾ ਸਿੰਘ//ਸਾਹਿਤ ਸਕਰੀਨ)::
ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਦੀ ਸਾਬਕਾ ਵਿਦਿਆਰਥਣ ਡਾ. ਰਾਣਾ ਪਰੀਤ ਗਿੱਲ ਦੇ ਕਾਲਜ ਤਜਰਬਿਆਂ ਅਤੇ ਯਾਦਾਂ ’ਤੇ ਆਧਾਰਿਤ ਅੰਗਰੇਜ਼ੀ ਭਾਸ਼ਾ ਵਿਚ ਲਿਖੀ ਪੁਸਤਕ "ਦੋਜ਼ ਕਾਲਜ ਯੀਅਰਜ਼" ਅੱਜ ਵੈਟਨਰੀ ਯੂਨੀਵਰਸਿਟੀ ਦੇ ਸਿਲਵਰ ਜੁਬਲੀ ਆਡੀਟੋਰੀਅਮ ਵਿਖੇ ਲੋਕ-ਅਰਪਣ ਕੀਤੀ ਗਈ।
ਪੁਸਤਕ ਵਿਚ ਰਾਣਾ ਪਰੀਤ ਨੇ ਇਕ ਛੋਟੇ ਸ਼ਹਿਰ ਤੋਂ ਆਈ ਲੜਕੀ ਜੋ ਕਿ ਵੈਟਨਰੀ ਕਾਲਜ ਵਿਚ ਦਾਖਲਾ ਲੈਂਦੀ ਹੈ, ਦਾ ਜੀਵਨ ਬਿਰਤਾਂਤ ਛੋਹਿਆ ਹੈ। ਇਹ ਲੜਕੀ ਮਾਪਿਆਂ ਦੇ ਦਬਾਅ ਥੱਲੇ ਅਤੇ ਆਪਣੀ ਖਾਹਿਸ਼ ਤੋਂ ਉਲਟ ਇਸ ਕੋਰਸ ਵਿਚ ਦਾਖਲਾ ਲੈਂਦੀ ਹੈ ਪਰ ਵਿਸ਼ੇ ਵਿਚ ਬਹੁਤਾ ਰੁਝਾਨ ਨਾ ਹੋਣ ਕਾਰਣ ਉਹ ਹਰ ਸਾਲ ਆਪਣੀ ਅੰਕ ਪਰਤੀਸ਼ਤ ਨੂੰ ਵਧਾਉਣ ਲਈ ਕਈ ਨਵੀਆਂ ਜੁਗਤਾਂ ਲਾਉਂਦੀ ਰਹਿੰਦੀ ਹੈ। ਆਪਣੇ ਹੋਸਟਲ ਜੀਵਨ ਦਰਮਿਆਨ ਉਸ ਨੂੰ ਕਈ ਤਰਾਂ ਦੀਆਂ ਉਲਝਣ ਭਰਪੂਰ ਸਥਿਤੀਆਂ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ ਅਤੇ ਜੀਵਨ ਦੇ ਕਈ ਉਤਰਾਵਾਂ ਚੜਾਵਾਂ ਤੋਂ ਵੀ ਲੰਘਣਾ ਪੈਂਦਾ ਹੈ। ਪੁਸਤਕ ਇਕ ਵਿਦਿਆਰਥੀ ਦੀ ਜ਼ਿੰਦਗੀ ਦਾ ਰੋਚਕ ਚਿਤਰਣ ਪੇਸ਼ ਕਰਦੀ ਹੈ।
ਪੁਸਤਕ ਨੂੰ ਲੋਕ-ਅਰਪਣ ਕਰਨ ਦੀ ਰਸਮ ਸੰਪੂਰਨ ਕਰਨ ਲਈ ਯੂਨੀਵਰਸਿਟੀ ਦੇ ਨਿਰਦੇਸ਼ਕ ਵਿਦਿਆਰਥੀ ਭਲਾਈ ਡਾ. ਸਤਿਆਵਾਨ ਰਾਮਪਾਲ, ਸਾਬਕਾ ਨਿਰਦੇਸ਼ਕ ਵਿਦਿਆਰਥੀ ਭਲਾਈ, ਡਾ. ਸਤਿੰਦਰ ਪਾਲ ਸਿੰਘ ਸੰਘਾ, ਡਾ. ਆਦਿਤਿਯ ਸੇਵਕ, ਡਾ. ਸੀਮਾ ਬੇਦੀ, ਡਾ. ਕੀਰਤੀ ਦੂਆ ਅਤੇ ਡਾ. ਬਲਬੀਰ ਬਗੀਚਾ ਸਿੰਘ ਸ਼ਾਮਿਲ ਸਨ। ਵੱਡੀ ਗਿਣਤੀ ਵਿਚ ਵਿਦਿਆਰਥੀ ਅਤੇ ਅਧਿਆਪਕ ਵੀ ਸਮਾਰੋਹ ਵਿਚ ਸ਼ਾਮਿਲ ਹੋਏ।
ਪੁਸਤਕ ਦੀ ਪੜਚੋਲ ਕਰਦਿਆਂ ਹੋਇਆਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਸਾਬਕਾ ਪਰੋਫੈਸਰ ਅਤੇ ਪਰਸਿੱਧ ਲੇਖਕ, ਡਾ. ਐਸ ਐਨ ਸੇਵਕ ਨੇ ਲਿਖਿਆ ਹੈ ਕਿ ਗਲਪ ਆਧਾਰਿਤ ਇਹ ਪੁਸਤਕ ਬੜੀ ਮਨੋਰੰਜਕ ਹੈ। ਪੇਸ਼ੇਵਰ ਵਿਦਿਆ ਹਾਸਿਲ ਕਰ ਰਹੀ ਵਿਦਿਆਰਥਣ ਮਾਪਿਆਂ ਦੇ ਪਰਭਾਵ ਥੱਲੇ ਆਪਣੀ ਪੜਾਈ ਨਾਲ ਕਿਸ ਤਰਾਂ ਦਾ ਨਿਆਂ ਕਰ ਪਾਉਂਦੀ ਹੈ ਇਸ ਦੀ ਝਲਕ ਪੁਸਤਕ ਵਿਚ ਮਿਲਦੀ ਹੈ। ਉਸਦੀਆਂ ਕਿਰਿਆਵਾਂ, ਪਰਤੀਕਿਰਿਆਵਾਂ, ਖੁਸ਼ੀਆਂ, ਤਜਰਬੇ, ਪਰੇਸ਼ਾਨੀਆਂ, ਦੁਰਘਟਨਾਵਾਂ ਅਤੇ ਖਾਹਿਸ਼ਾਂ ਬਹੁਤ ਹੀ ਕੁਦਰਤੀ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਕਿਤਾਬ ਵਿਚ ਚਿਤਰੀਆਂ ਗਈਆਂ ਹਨ। ਉਹ ਲਿਖਦੇ ਹਨ ਕਿ ਪੁਸਤਕ ਵਿਚ ਉਸ ਨੇ ਕਈ ਭਾਸ਼ਾਈ ਤਜਰਬੇ ਵੀ ਕੀਤੇ ਹਨ। 
ਪੁਸਤਕ ਜਾਰੀ ਕਰਨ ਤੋਂ ਬਾਅਦ ਰਾਣਾ ਪਰੀਤ ਨੇ ਸਰੋਤਿਆਂ ਨਾਲ ਵਿਚਾਰ ਵਟਾਂਦਰਾ ਵੀ ਕੀਤਾ ਅਤੇ ਆਪਣੀ ਪੁਸਤਕ ਲਿਖੇ ਜਾਣ ਦੇ ਤਜਰਬੇ ਦੀਆਂ ਕਈ ਰੋਚਕ ਗੱਲਾਂ ਬਿਆਨ ਕੀਤੀਆਂ। ਆਏ ਹੋਏ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਬੜੇ ਧਿਆਨ ਮਗਨ ਹੋ ਕੇ ਸਮਾਰੋਹ ਦਾ ਆਨੰਦ ਲਿਆ। 

  

No comments:

Post a Comment