Panjabi Bhawan on 3rd January 2026 at 4:53 PM Regarding FIR against Media Persons
ਐੱਫ਼.ਆਈ.ਆਰ. ਤੁਰੰਤ ਰੱਦ ਕਰਨ ਦੀ ਮੰਗ ਵੀ ਕੀਤੀ
ਲੁਧਿਆਣਾ: 03 ਜਨਵਰੀ 2026: (ਮੀਡੀਆ ਲਿੰਕ ਰਵਿੰਦਰ//ਸਾਹਿਤ ਸਕਰੀਨ ਡੈਸਕ)::
ਹਰ ਮੋੜ 'ਤੇ ਸਲੀਬਾਂ, ਹਰ ਪੈਰ 'ਤੇ ਹਨੇਰਾ।ਫਿਰ ਵੀ ਅਸੀਂ ਰੁਕੇ ਨਾ, ਸਾਡਾ ਵੀ ਦੇਖ ਜੇਰਾ।
ਇਸ ਇਤਿਹਾਸਿਕ ਗ਼ਜ਼ਲ ਨੂੰ ਲਿਖਣ ਵਾਲੇ ਡਾਕਟਰ ਜਗਤਾਰ ਦੀਆਂ ਇਹ ਸਤਰਾਂ ਅੱਜ ਵੀ ਸਮਾਗਮਾਂ ਵਿੱਚ ਗੁਣ ਗੁਣਾਈਆਂ ਜਾਂਦੀਆਂ ਹਨ। ਕਈ ਗਾਇਕਾਂ ਨੇ ਵੀ ਇਸ ਗ਼ਜ਼ਲ ਨੂੰ ਆਪੋ ਆਪਣੇ ਅੰਦਾਜ਼ ਵਿੱਚ ਗਿਆ ਹੈ। ਇਹ ਗ਼ਜ਼ਲ ਲੇਖਕਾਂ ਨੂੰ ਉਹਨਾਂ ਦਾ ਧਰਮ ਚੇਤੇ ਕਰਵਾਉਂਦੀ ਹੈ ਕਿ ਜਦੋਂ ਹਾਲਾਤ ਅਜਿਹੇ ਨਾਜ਼ੁਕ ਅਤੇ ਭਿਆਨਕ ਬਣੇ ਹੋਣ ਹੋਣ ਤਾਂ ਉਦੋਂ ਡਾਕਟਰ ਜਗਤਾਰ ਸਾਡੇ ਹਰ ਲੇਖਕ ਵਿੱਚੋਂ ਬੋਲਣਾ ਚਾਹੀਦਾ ਹੈ। ਪੰਜਾਬੀ ਸਾਹਿਤ ਅਕਾਦਮੀ ਦੇ ਬਹੁਤ ਸਾਰੇ ਸੀਨੀਅਰ ਮੈਂਬਰਾਂ ਨੇ ਡਾਕਟਰ ਜਗਤਾਰ ਹੁਰਾਂ ਦੀ ਨੇੜਤਾ ਦਾ ਨਿੱਘ ਮਾਣਿਆ ਹੋਇਆ ਹੈ। ਉਹ ਸਾਰੇ ਲੇਖਕ ਅੱਜ ਵੀ ਬੁਲੰਦ ਆਵਾਜ਼ ਨਾਲ ਉਹਨਾਂ ਕਲਮਕਾਰਾਂ ਦੇ ਨਾਲ ਖੜੋਤੇ ਹਨ ਜਿਹਨਾਂ ਖਿਲਾਫ ਲੁਧਿਆਣਾ ਪੁਲਿਸ ਨੇ ਐਫ ਆਈ ਆਰ ਦਰਜ ਕੀਤੀ ਹੈ।
ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਵੱਲੋਂ ਬਠਿੰਡਾ ਦੇ ਪੱਤਰਕਾਰਾਂ ਅਤੇ ਸਮਾਜਕ ਕਾਰਕੁੰਨਾਂ ਦੇ ਖ਼ਿਲਾਫ਼ ਦਰਜ ਐੱਫ਼.ਆਈ.ਆਰ. ਤੁਰੰਤ ਰੱਦ ਕਰਨ ਦੀ ਮੰਗ ਕੀਤੀ ਹੈ। ਅਕੈਡਮੀ ਦੇ ਅਹੁਦੇਦਾਰਾਂ ਨੇ ਲਿਖਣ-ਬੋਲਣ ਦੀ ਆਜ਼ਾਦੀ ਉੱਤੇ ਹੋ ਰਹੇ ਹਮਲਿਆਂ ਦੀ ਸਖ਼ਤ ਨਿੰਦਾ ਕਰਦਿਆਂ ਅਜਿਹੇ ਵਰਤਾਰੇ ਦਾ ਦਤਿੱਖ ਵਿਰੋਧ ਕੀਤਾ ਹੈ। ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੇ ਅਹੁਦੇਦਾਰਾਂ, ਪ੍ਰਬੰਧਕੀ ਬੋਰਡ ਦੇ ਮੈਂਬਰਾਂ ਅਤੇ ਸਮੂਹ ਮੈਂਬਰਾਂ ਵਲੋਂ ਪੱਤਰਕਾਰਾਂ ਖ਼ਿਲਾਫ਼ ਦਰਜ ਐੱਫ਼.ਆਈ.ਆਰ. ਦਾ ਗੰਭੀਰ ਨੋਟਿਸ ਲਿਆ ਗਿਆ ਹੈ।
ਜ਼ਿਕਰਯੋਗ ਹੈ ਕਿ ਇਸਸਹਿਤ ਅਕੈਡਮੀ ਨਾਲ ਜੁੜੇ ਬਹੁਤ ਸਾਰੇ ਕਲਮਕਾਰਾਂ ਨੇ ਲਾਲ ਸਿੰਘ ਦਿਲ, ਸੰਤ ਰਾਮ ਉਦਾਸੀ ਵਰਗੇ ਮਹਾਨ ਸ਼ਾਇਰਾਂ ਨੱਲ ਹੁੰਦੀਆਂ ਵਧੀਕੀਆਂ ਵੀ ਦੇਖੀਆਂ ਹਨ ਅਤੇ ਪਾਸ਼ ਦੀ ਸ਼ਹਾਦਤ ਵੀ। ਇਹ ਬਹਾਦਰ ਲੇਖਕ ਅਜਿਹੀਆਂ ਸਖਤੀਆਂ ਤੋਂ ਡਰਨ ਵਾਲੇ ਨਹੀਂ। ਅਕੈਡਮੀ ਨੇ ਐਫ ਆਈ ਆਰ ਨੂੰ ਤੁਰੰਤ ਰੱਦ ਕਰਨ ਦੀ ਮੰਗ ਕੀਤੀ ਹੈ। ਅਕਾਡਮੀ ਨੇ ਲਿਖਣ-ਬੋਲਣ ਦੀ ਆਜ਼ਾਦੀ ਉੱਤੇ ਹੋ ਰਹੇ ਅਜਿਹੇ ਹਮਲਿਆਂ ਦੀ ਸਖ਼ਤ ਨਿੰਦਾ ਕਰਦਿਆਂ ਪ੍ਰੈੱਸ ਦੀ ਆਜ਼ਾਦੀ ਨੂੰ ਬਹਾਲ ਕਰਨ ਦੀ ਮੰਗ ਕੀਤੀ ਹੈ।
ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੇ ਪ੍ਰਧਾਨ ਡਾ. ਸਰਬਜੀਤ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਮਾਨਿਕ ਗੋਇਲ ਵਰਗੇ ਆਰ.ਟੀ.ਆਈ. ਕਾਰਕੁੰਨ ਅਤੇ ਮਿੰਟੂ ਗੁਰੂਸਰੀਆ ਅਤੇ ਮਨਿੰਦਰਜੀਤ ਸਿੱਧੂ ਵਰਗੇ ਪੱਤਰਕਾਰਾਂ ਸਮੇਤ ਲਗਪਗ 10 ਵਿਅਕਤੀਆਂ ਖ਼ਿਲਾਫ਼ ਇਹ ਐੱਫ਼.ਆਈ.ਆਰ. ਦਰਜ ਕਰਨਾ ਜਮਹੂਰੀ ਕਦਰਾਂ ਕੀਮਤਾਂ ਨੂੰ ਤਹਿਸ ਨਹਿਸ ਕਰਨ ਵਾਲੀ ਕਾਰਵਾਈ ਹੈ। ਉਨ੍ਹਾਂ ਕਿਹਾ ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਸਮੂਹ ਪੱਤਰਕਾਰਾਂ ਅਤੇ ਲੋਕ-ਪੱਖੀ ਸਮਾਜਿਕ ਕਾਰਕੁੰਨਾਂ ਦੇ ਨਾਲ ਖੜ੍ਹੀ ਹੈ।
ਇਸੇ ਤਰ੍ਹਾਂ ਸੀਨੀਅਰ ਮੀਤ ਪ੍ਰਧਾਨ ਡਾ. ਪਾਲ ਕੌਰ ਨੇ ਕਿਹਾ ਕਿ ਅਜਿਹੀਆਂ ਕਾਰਵਾਈਆਂ ਨਾਲ ਨਾ ਸਿਰਫ਼ ਪੱਤਰਕਾਰਾਂ ਅਤੇ ਸਮਾਜਕ ਕਾਰਕੁੰਨਾਂ ਨੂੰ ਡਰਾਉਣ ਦਾ ਭਰਮ ਪਾਲਿਆ ਜਾ ਰਿਹਾ ਹੈ, ਸਗੋਂ ਜਨਤਕ ਜਾਣਕਾਰੀ ਅਤੇ ਸੱਚ ਨੂੰ ਲੁਕਾਉਣ ਦੀਆਂ ਕੋਸ਼ਿਸਾਂ ਵੀ ਕੀਤੀਆਂ ਜਾ ਰਹੀਆਂ ਹਨ।
ਅਕਾਡਮੀ ਦੇ ਜਨਰਲ ਸਕੱਤਰ ਡਾ. ਗੁਲਜ਼ਾਰ ਸਿੰਘ ਪੰਧੇਰ ਨੇ ਕਿਹਾ ਕਿ ਇਹ ਪ੍ਰਗਟਾਵੇ ਦੀ ਆਜ਼ਾਦੀ ਅਤੇ ਮੀਡੀਆ ’ਤੇ ਸਿੱਧਾ ਹਮਲਾ ਹੈ, ਜਿਸ ਨੂੰ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਅਕਾਡਮੀ ਸਰਕਾਰ ਨੂੰ ਅਪੀਲ ਕਰਦੀ ਹੈ ਕਿ ਪੱਤਰਕਾਰਾਂ ਖ਼ਿਲਾਫ਼ ਦਰਜ ਐੱਫ਼.ਆਈ.ਆਰ. ਤੁਰੰਤ ਰੱਦ ਕਰੇ ਅਤੇ ਭਵਿੱਖ ਵਿਚ ਅਜਿਹੀਆਂ ਗਲਤ ਕਾਰਵਾਈਆਂ ਤੋਂ ਗੁਰੇਜ਼ ਕਰੇ। ਵਿਚਾਰਾਂ ਦੀ ਆਜ਼ਾਦੀ ਲਈ ਪਹਿਰਾ ਦੇਣਾ ਪੰਜਾਬੀ ਸਾਹਿਤ ਅਕਾਡਮੀ ਦਾ ਮੁੱਢਲਾ ਫ਼ਰਜ਼ ਹੈ।
ਇਸ ਕੋਝੀ ਹਰਕਤ 'ਤੇ ਅਫ਼ਸੋਸ ਦਾ ਪ੍ਰਗਟਾਵਾ ਕਰਨ ਵਾਲਿਆਂ ਵਿਚ ਹੋਰਨਾਂ ਤੋਂ ਇਲਾਵਾ ਡਾ. ਸੁਖਦੇਵ ਸਿੰਘ ਸਿਰਸਾ, ਪ੍ਰੋ. ਗੁਰਭਜਨ ਸਿੰਘ ਗਿੱਲ, ਪ੍ਰੋ. ਰਵਿੰਦਰ ਭੱਠਲ, ਡਾ. ਲਖਵਿੰਦਰ ਜੌਹਲ, ਡਾ. ਪਾਲ ਕੌਰ, ਡਾ. ਅਨੂਪ ਸਿੰਘ, ਸੁਰਿੰਦਰ ਕੈਲੇ, ਡਾ. ਜੋਗਿੰਦਰ ਸਿੰਘ ਨਿਰਾਲਾ, ਬਲਬੀਰ ਮਾਧੋਪੁਰੀ, ਡਾ. ਗੁਰਇਕਬਾਲ ਸਿੰਘ, ਡਾ. ਅਰਵਿੰਦਰ ਕੌਰ ਕਾਕੜਾ, ਡਾ ਗੁਰਚਰਨ ਕੌਰ ਕੋਚਰ, ਡਾ. ਹਰਵਿੰਦਰ ਸਿੰਘ, ਤ੍ਰੈਲੋਚਨ ਲੋਚੀ, ਜਸਪਾਲ ਮਾਨਖੇੜਾ, ਜਨਮੇਜਾ ਸਿੰਘ ਜੌਹਲ, ਡਾ. ਹਰੀ ਸਿੰਘ ਜਾਚਕ, ਜਸਵੀਰ ਝੱਜ, ਸਹਿਜਪ੍ਰੀਤ ਸਿੰਘ ਮਾਂਗਟ, ਸ਼ਬਦੀਸ਼, ਸੰਜੀਵਨ ਸਿੰਘ, ਨਰਿੰਦਰਪਾਲ ਕੌਰ, ਵਾਹਿਦ (ਸਤਿਨਾਮ ਸਿੰਘ), ਸੰਤੋਖ ਸਿੰਘ ਸੁੱਖੀ, ਡਾ. ਹਰਜਿੰਦਰ ਸਿੰਘ, ਕੰਵਰਜੀਤ ਭੱਠਲ, ਪ੍ਰੋ. ਸਰਘੀ, ਪ੍ਰੇਮ ਸਾਹਿਲ, ਦੀਪ ਜਗਦੀਪ ਸਿੰਘ, ਵਰਗਿਸ ਸਲਾਮਤ, ਪ੍ਰੋ. ਬਲਵਿੰਦਰ ਸਿੰਘ ਚਹਿਲ, ਕਰਮਜੀਤ ਸਿੰਘ ਗਰੇਵਾਲ ਸਮੇਤ ਸਮੂਹ ਮੈਂਬਰ ਸ਼ਾਮਲ ਹਨ।
ਹੁਣ ਦੇਖਣਾ ਹੈ ਕਿ ਸਰਕਾਰ ਇਸ ਸੰਬੰਧੀ ਕੀ ਕਦਮ ਉਠਾਉਂਦੀ ਹੈ ਕਿਓਂਕਿ ਸਰਕਾਰਾਂ ਅਤੇ ਕਲਮਕਾਰਾਂ ਦਰਮਿਆਨ ਟਕਰਾਓ ਵਧੇ ਤਾਂ ਨਤੀਜੇ ਕਦੇ ਵੀ ਸੁਖਾਵੇਂ ਨਹੀਂ ਹੁੰਦੇ।

No comments:
Post a Comment