DPRO MOHALI on Tuesday 30th December 2025 at 4:19 PM Regarding Book Release Language Department
ਜ਼ਿਲ੍ਹਾ ਭਾਸ਼ਾ ਦਫ਼ਤਰ, ਐੱਸ.ਏ.ਐੱਸ.ਨਗਰ ਵਿਖੇ ਸਾਹਿਤਿਕ ਆਯੋਜਨ
ਪਿਛਲੇ ਕੁਝ ਅਰਸੇ ਤੋਂ ਪੰਜਾਬ ਦੇ ਵੱਖ ਵੱਖ ਹਿੱਸਿਆਂ ਵਿੱਚ ਹਿੰਦੀ ਪੰਜਾਬੀ ਦੀਆਂ ਸਾਹਿਤਿਕ ਸਰਗਰਮੀਆਂ ਵਿੱਚ ਲਗਾਤਾਰ ਵਾਧਾ ਹੋਇਆ ਹੈ। ਲੁਧਿਆਣਾ, ਬਠਿੰਡਾ, ਮਾਨਸਾ, ਜਲੰਧਰ, ਮੋਗਾ, ਫਿਰੋਜ਼ਪੁਰ ਅਤੇ ਕਈ ਹੋਰਨਾਂ ਥਾਂਵਾਂ ਤੇ ਨਵੀਆਂ ਪੁਸਤਕਾਂ ਛਪਦੀਆਂ ਅਤੇ ਰਿਲੀਜ਼ ਹੁੰਦੀਆਂ ਰਹੀਆਂ ਹਨ। ਰੋਪੜ ਅਤੇ ਮੋਹਾਲੀ ਵੀ ਅਜਿਹੀਆਂ ਸਰਗਰਮੀਆਂ ਦਾ ਕੇਂਦਰ ਰਹੇ ਹਨ।
ਇਸੇ ਸਿਲਸਿਲੇ ਅਧੀਨ ਜ਼ਿਲ੍ਹਾ ਭਾਸ਼ਾ ਦਫ਼ਤਰ, ਐੱਸ.ਏ.ਐੱਸ.ਨਗਰ ਵਿਖੇ ਵੀ ਵੱਖ ਵੱਖ ਮੌਕਿਆਂ ਤੇ ਸਮਾਗਮ ਹੁੰਦੇ ਰਹੇ ਹਨ। ਵਿਸ਼ਵ ਪੰਜਾਬੀ ਪ੍ਰਚਾਰ ਸਭਾ, ਚੰਡੀਗੜ੍ਹ ਅਤੇ ਅੰਤਰਰਾਸ਼ਟਰੀ ਸਾਹਿਤਕ ਸੱਥ, ਚੰਡੀਗੜ੍ਹ ਦੇ ਸਹਿਯੋਗ ਨਾਲ ਦਾ ਕਾਵਿ-ਸੰਗ੍ਰਹਿ‘ਜ਼ਿੰਦਗੀ ਦੇ ਵਰਕੇ’ ਲੋਕ ਅਰਪਣ ਕੀਤਾ ਗਿਆ। ਇਸ ਪੁਸਤਕ ਦੇ ਲੇਖਕਪਿੱਚਲੇ ਕਾਫੀ ਅਰਸੇ ਤੋਂ ਸਾਹਿਤ ਸਾਧਨਾ ਕਰ ਰਹੇ ਹਨ। ਪਹਿਲਾਂ ਵੀ ਉਹਨਾਂ ਦੀਆਂ ਕਈ ਕਿਤਾਬਾਂ ਰਿਲੀਜ਼ ਹੋ ਚੁੱਕੀਆਂ ਹਨ।
ਇਸ ਵਾਰ ਵਾਲੇ ਇਸ ਯਾਦਗਾਰੀ ਸਮਾਗਮ ਦੀ ਪ੍ਰਧਾਨਗੀ ਸੇਵਾਮੁਕਤ ਜ਼ਿਲ੍ਹਾ ਭਾਸ਼ਾ ਅਫ਼ਸਰ ਡਾ. ਦਵਿੰਦਰ ਸਿੰਘ ਬੋਹਾ ਵੱਲੋਂ ਕੀਤੀ ਗਈ। ਪ੍ਰਧਾਨਗੀ ਮੰਡਲ ਵਿੱਚ ਪ੍ਰਿੰ. ਬਹਾਦਰ ਸਿੰਘ ਗੋਸਲ, ਪ੍ਰਧਾਨ, ਵਿਸ਼ਵ ਪੰਜਾਬੀ ਪ੍ਰਚਾਰ ਸਭਾ, ਚੰਡੀਗੜ੍ਹ ਅਤੇ ਸ. ਰਾਜਵਿੰਦਰ ਸਿੰਘ ਗੱਡੂ, ਪ੍ਰਧਾਨ, ਅੰਤਰਰਾਸ਼ਟਰੀ ਸਾਹਿਤਕ ਸੱਥ, ਚੰਡੀਗੜ੍ਹ ਸ਼ਾਮਿਲ ਸਨ।
ਇਸ ਸਮਾਗਮ ਦਾ ਆਰੰਭ ਭਾਸ਼ਾ ਵਿਭਾਗ, ਪੰਜਾਬ ਦੀ ਵਿਭਾਗੀ ਧੁਨੀ ‘ਧਨੁ ਲੇਖਾਰੀ ਨਾਨਕਾ’ ਨਾਲ ਕੀਤਾ ਗਿਆ। ਡਾ. ਦਰਸ਼ਨ ਕੌਰ ਖੋਜ ਅਫ਼ਸਰ ਵੱਲੋਂ ਸਮੂਹ ਹਾਜ਼ਰੀਨ ਨੂੰ ‘ਜੀ ਆਇਆਂ ਨੂੰ’ ਕਹਿੰਦਿਆਂ ਹੋਇਆਂ ਸਮਾਗਮ ਦੀ ਰੂਪਰੇਖਾ ਸਾਂਝੀ ਕੀਤੀ ਗਈ। ਉਪਰੰਤ ਸਮੁੱਚੇ ਪ੍ਰਧਾਨਗੀ ਮੰਡਲ ਵੱਲੋਂ ਸ੍ਰੋਤਿਆਂ ਦੀ ਹਾਜ਼ਰੀ ਵਿਚ ‘ਜ਼ਿੰਦਗੀ ਦੇ ਵਰਕੇ’ ਕਾਵਿ-ਸੰਗ੍ਰਹਿ ਨੂੰ ਲੋਕ-ਅਰਪਣ ਕੀਤਾ ਗਿਆ।
ਵਿਚਾਰ ਚਰਚਾ ਦੌਰਾਨ ਸਮਾਗਮ ਦੀ ਪ੍ਰਧਾਨਗੀ ਕਰਦਿਆਂ ਡਾ. ਦਵਿੰਦਰ ਸਿੰਘ ਬੋਹਾ ਨੇ ਕਿਹਾ ਕਿ‘ਜ਼ਿੰਦਗੀ ਦੇ ਵਰਕੇ’ ਵਿਚ ਜੀਵਨ ਦੇ ਸੁੱਖ-ਦੁੱਖ, ਸੰਘਰਸ਼, ਆਸ਼ਾ-ਨਿਰਾਸ਼ਾ, ਪ੍ਰੇਮ ਅਤੇ ਹੋਰ ਸੰਵੇਦਨਸ਼ੀਲ ਭਾਵਾਂ ਨੂੰ ਬੜੀ ਸਾਦਗੀ, ਗਹਿਰਾਈ ਅਤੇ ਸੱਚਾਈ ਨਾਲ ਪ੍ਰਗਟ ਕੀਤਾ ਗਿਆ ਹੈ। ਕਿਤਾਬ ਦੀ ਹਰ ਕਵਿਤਾ ਪਾਠਕ ਨੂੰ ਸਿਰਫ਼ ਪੜ੍ਹਨ ਤੱਕ ਸੀਮਤ ਨਹੀਂ ਰੱਖਦੀ, ਸਗੋਂ ਸੋਚਣ ਅਤੇ ਅੰਦਰ-ਝਾਤ ਮਾਰਨ ਲਈ ਪ੍ਰੇਰਿਤ ਕਰਦੀ ਹੈ।
ਪ੍ਰਿੰ. ਬਹਾਦਰ ਸਿੰਘ ਗੋਸਲ ਨੇ ਕਿਹਾ ਕਿ ਇਸ ਪੁਸਤਕ ਵਿਚਲੀ ਹਰ ਕਵਿਤਾ ਜ਼ਿੰਦਗੀ ਦੇ ਕਿਸੇ ਨਾ ਕਿਸੇ ਵਰਕੇ ਨੂੰ ਖੋਲ੍ਹ ਕੇ ਸਾਡੇ ਸਾਹਮਣੇ ਰੱਖ ਦਿੰਦੀ ਹੈ, ਜਿੱਥੇ ਪਾਠਕ ਆਪਣੇ ਅਨੁਭਵਾਂ ਦਾ ਪਰਛਾਵਾਂ ਵੀ ਵੇਖ ਸਕਦਾ ਹੈ। ਉਨ੍ਹਾਂ ਨੇ ਭਵਿੱਖ ਵਿੱਚ ਵੀ ਲੇਖਕ ਨੂੰ ਅਜਿਹੀਆਂ ਲਿਖਤਾਂ ਲਿਖਦੇ ਰਹਿਣ ਲਈ ਪ੍ਰੇਰਿਆ।
ਸ. ਰਾਜਵਿੰਦਰ ਸਿੰਘ ਗੱਡੂ ਨੇ ਕਿਹਾ ਕਿ ਇਸ ਕਿਤਾਬ ਦੀ ਮਹੱਤਵਪੂਰਨ ਵਿਸ਼ੇਸ਼ਤਾ ਇਸ ਦੀ ਭਾਸ਼ਾ ਹੈ, ਜੋ ਸਰਲ, ਸਹਿਜ ਅਤੇ ਭਾਵਪੂਰਨ ਹੋਣ ਦੇ ਨਾਲ-ਨਾਲ ਆਮ ਮਨੁੱਖ ਦੀ ਜ਼ਿੰਦਗੀ ਨਾਲ ਡੂੰਘੀ ਤਰ੍ਹਾਂ ਜੁੜੀ ਹੋਈ ਹੈ। ਕਵੀ ਨੇ ਬਿਨਾ ਕਿਸੇ ਬਣਾਵਟ ਦੇ ਆਪਣੇ ਅੰਦਰਲੇ ਭਾਵਾਂ ਨੂੰ ਕਾਗਜ਼ ’ਤੇ ਉਕੇਰਿਆ ਹੈ।
ਸ਼੍ਰੀ ਰਾਜ ਕੁਮਾਰ ਸਾਹੋਵਾਲੀਆ, ਸਾਬਕਾ ਡਿਪਟੀ ਡਾਇਰੈਕਟਰ ਨੇ ਪੜਚੋਲਵਾਂ ਪਰਚਾ ਪੜ੍ਹਦਿਆਂ ਹੋਇਆ ਪੁਸਤਕ ’ਤੇ ਨਿੱਠ ਕੇ ਚਰਚਾ ਕੀਤੀ ’ਤੇ ‘ਜ਼ਿੰਦਗੀ ਦੇ ਵਰਕੇ’ ਵਿਚਲੀ ਸ਼ਾਇਰੀ ਦੀ ਮੁੱਖ ਸੁਰ ਇਨਸਾਨੀਅਤ ਨੂੰ ਕਬੂਲ ਕਰਦਿਆਂ ਲੇਖਕ ਨੂੰ ਥਾਪੜਾ ਦਿੱਤਾ।
ਇਸ ਬਹੁਤ ਹੀ ਅਰਥਪੂਰਨ ਵਿਚਾਰ ਚਰਚਾ ਵਿੱਚ ਬਲਕਾਰ ਸਿੰਘ ਸਿੱਧੂ, ਪਾਲ ਅਜਨਬੀ ਅਤੇ ਸਰਬਜੀਤ ਸਿੰਘ ਨੇ ਵੀ ਸਾਰਥਕ ਯੋਗਦਾਨ ਪਾਇਆ। ਇਸ ਮੌਕੇ ਬਾਬੂ ਰਾਮ ਦੀਵਾਨਾ, ਧਿਆਨ ਸਿੰਘ ਕਾਹਲੋਂ, ਮਨਜੀਤ ਕੌਰ ਮੀਤ, ਜਗਤਾਰ ਸਿੰਘ ‘ਜੋਗֹ’, ਰਤਨ ਬਾਬਨਵਾਲਾ, ਸਵਰਨਜੀਤ ਸਿੰਘ ਸ਼ਿਵੀ, ਦਰਸ਼ਨ ਸਿੰਘ ਸਿੱਧੂ, ਮੈਡਮ ਬਲਜੀਤ ਕੌਰ, ਸ. ਮਨਜੀਤ ਸਿੰਘ ਮਝੈਲ, ਮੈਡਮ ਰਜਿੰਦਰ ਰੇਨੂੰ, ਪੰਨਾ ਲਾਲ ਮੁਸਤਫ਼ਾਬਾਦੀ ਅਤੇ ਸੁਰਿੰਦਰ ਕੁਮਾਰ ਵੱਲੋਂ‘ਜ਼ਿੰਦਗੀ ਦੇ ਵਰਕੇ’ ਪੁਸਤਕ ’ਚੋਂ ਕਵਿਤਾ-ਪਾਠ ਕੀਤਾ ਗਿਆ। ਅੰਤ ਵਿੱਚ ਪ੍ਰੋ. ਕੇਵਲਜੀਤ ਸਿੰਘ ਕੰਵਲ ਨੇ ਵਿਚਾਰ-ਚਰਚਾ ਦੌਰਾਨ ਪ੍ਰਗਟਾਏ ਵਿਚਾਰਾਂ ਨਾਲ ਸਹਿਮਤੀ ਜਤਾਉਂਦੇ ਹੋਏ ਆਪਣੀਆਂ ਕਈ ਕਵਿਤਾਵਾਂ ਸ੍ਰੋਤਿਆਂ ਨਾਲ ਸਾਂਝੀਆਂ ਕੀਤੀਆਂ।
ਇਸ ਤੋਂ ਇਲਾਵਾ ਸਮਾਗਮ ਵਿੱਚ ਸ. ਗੁਰਮੇਲ ਸਿੰਘ, ਰਜਿੰਦਰ ਕੌਰ, ਹਰਵਿੰਦਰ ਕੌਰ, ਬਲਵਿੰਦਰ ਸਿੰਘ, ਮਨਜੀਤ ਸਿੰਘ ਅਤੇ ਸਟੈਨੋਗ੍ਰਾਫ਼ੀ ਦੇ ਸਿਖਿਆਰਥੀ ਵੀ ਸ਼ਾਮਲ ਹੋਏ।
ਸਮਾਗਮ ਦੇ ਅੰਤ ਵਿੱਚ ਆਏ ਹੋਏ ਮਹਿਮਾਨਾਂ ਦਾ ਮਾਨ-ਸਨਮਾਨ ਅਤੇ ਧੰਨਵਾਦ ਕੀਤਾ ਗਿਆ। ਮੰਚ ਦਾ ਸੰਚਾਲਨ ਸ੍ਰੀ ਰਾਜ ਕੁਮਾਰ ਸਾਹੋਵਾਲੀਆ ਵੱਲੋਂ ਬਾਖ਼ੂਬੀ ਕੀਤਾ ਗਿਆ। ਇਸ ਮੌਕੇ ਜ਼ਿਲ੍ਹਾ ਭਾਸ਼ਾ ਦਫ਼ਤਰ ਵੱਲੋਂ ਪੁਸਤਕ ਪ੍ਰਦਰਸ਼ਨੀ ਵੀ ਲਗਾਈ ਗਈ।


No comments:
Post a Comment