google.com, pub-7610353441165800, DIRECT, f08c47fec0942fa0 ਸਾਹਿਤ ਸਕਰੀਨ: December 2024

Wednesday, 11 December 2024

ਕੇਂਦਰੀ ਲੇਖਕ ਵਲੋਂ ਆਲਮੀ ਪੰਜਾਬੀ ਕਾਨਫਰੰਸ 7 ਮਾਰਚ ਤੋਂ

11th December 2024 at 16:30 WhatsApp Regarding Alami Punjabi Conference From 7th March 2025

ਹਰਭਜਨ ਸਿੰਘ ਹੁੰਦਲ ਕਾਵਿ ਪੁਰਸਕਾਰ ਸ਼ੁਰੂ ਕਰਨ ਦਾ ਵੀ ਅਹਿਮ ਐਲਾਨ 

ਕੇਂਦਰੀ ਪੰਜਾਬੀ ਲੇਖਕ ਸਭਾ ਦੀ ਕਾਰਜਕਾਰਨੀ ਦੀ ਮੀਟਿੰਗ ਵਿੱਚ ਹਾਜ਼ਰ ਪ੍ਰਧਾਨ ਦਰਸ਼ਨ ਬੁੱਟਰ,ਸੁਸ਼ੀਲ ਦੁਸਾਂਝ,
ਡਾ. ਅਟਵਾਲ, ਦੀਪ ਦੇਵਿੰਦਰ ਸਿੰਘ ਅਤੇ ਹੋਰ ਅਹੁਦੇਦਾਰ
ਚੰਡੀਗੜ੍ਹ: 11 ਦਸੰਬਰ 2024: (ਸਾਹਿਤ ਸਕਰੀਨ ਡੈਸਕ)::

ਜਦੋਂ ਸਾਡੇ ਆਲੇ ਦੁਆਲੇ ਪੰਜਾਬ ਅਤੇ ਪੰਜਾਬੀ ਦੇ ਦੁਸ਼ਮਣ ਆਪਣੀਆਂ ਸਾਜ਼ਿਸ਼ੀ ਸਰਗਰਮੀਆਂ ਨੂੰ ਹਨੇਰੀ ਵਾਂਗ ਚਲਾ ਰਹੇ ਹਨ। ਪੰਜਾਬ ਅਤੇ ਪੰਜਾਬੀ ਦੇ ਹੱਕਾਂ ਤੇ ਡਾਕੇ ਮਾਰ ਰਹੇ ਹਨ। ਪੰਜਾਬ ਵਿੱਚ ਪੰਜਾਬੀਆਂ ਅਤੇ ਪ੍ਰਵਾਸੀਆਂ ਨੂੰ ਲੜਾਉਣ  ਵਿੱਚ ਲੱਗੇ ਹੋਏ ਹਨ ਉਦੋਂ ਪੰਜਾਬੀ ਭਾਸ਼ਾ ਅਤੇ ਸਾਹਿਤ ਦੇ ਮੁੱਦਈ ਇਹਨਾਂ ਸਾਜ਼ਿਸ਼ਾਂ ਨੂੰ ਨਾਕਾਮ ਬਣਾਉਣ ਲਈ ਦੁਨੀਆ ਭਰ ਨੂੰ ਲਾਮਬੰਦ ਕਰਨ ਵਿੱਚ ਲੱਗੇ ਹੋਏ ਹਨ। ਇਹਨਾਂ ਖਾਮੋਸ਼ ਪਰ ਠੋਸ ਕੋਸ਼ਿਸ਼ਾਂ ਦੇ ਮੂੰਹੋਂ ਬੋਲਦੇ ਕੁਝ ਕੁ ਮੁਢਲੇ ਨਤੀਜੇ ਤੁਹਾਡੇ ਸਾਹਮਣੇ ਆਉਣਗੇ ਨਵੇਂ ਸਾਲ ਵਿੱਚ ਮਾਰਚ ਦੇ ਮਹੀਨੇ।ਦਿਲਚਸਪ ਗੱਲ ਇਹ ਵੀ ਕਿ ਮਾਰਚ ਦੇ ਮਹੀਨੇ ਬਹੁਤ ਸਾਰੇ ਉਘੇ ਲੇਖਕਾਂ,ਲੇਖਿਕਾਵਾਂ, ਅਦਾਕਾਰਾਂ ਅਤੇ ਹੋਰ ਸ਼ਖਸੀਅਤਾਂ ਦੇ ਜਨਮਦਿਨ ਵੀ ਆਉਂਦੇ ਹਨ। 

ਇਹ ਜਾਣਕਾਰੀ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਜਨਰਲ ਸਕੱਤਰ ਅਤੇ ਉਘੇ ਸਾਹਿਤਿਕ ਪੱਤਰਕਾਰ ਸੁਸ਼ੀਲ ਦੁਸਾਂਝ ਨੇ ਇੱਕ ਗੈਰ ਰਸਮੀ ਗੱਲਬਾਤ ਦੌਰਾਨ ਦਿੱਤੀ। ਉਹਨਾਂ ਦਾ ਅੰਦਾਜ਼ ਦੱਸਦਾ ਸੀ ਕਿ ਉਹ ਅਤੇ ਉਹਨਾਂ ਦੇ ਸਾਰੇ ਸਾਥੀ ਇਸ ਪ੍ਰੋਜੈਕਟ ਅਤੇ ਪ੍ਰੋਗਰਾਮ ਨਾਲ ਕਿੰਨੀ ਸ਼ਿੱਦਤ ਨਾਲ ਅਤੇ ਕਿੰਨੇ ਜਜ਼ਬਾਤੀ ਹੋ ਕੇ ਜੁੜੇ ਹੋਏ ਹਨ। 

ਪੰਜਾਬੀ ਲੇਖਕਾਂ ਦੀ ਸਿਰਮੌਰ ਜਥੇਬੰਦੀ ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ) ਦੀ ਮੇਜ਼ਬਾਨੀ ਹੇਠ ਹੋਣ ਹੋਣ ਵਾਲੀ ਆਲਮੀ ਪੰਜਾਬੀ ਕਾਨਫਰੰਸ ਦੀਆਂ ਤਰੀਕਾਂ ਦਾ ਐਲਾਨ ਅਤੇ ਹੋਰ ਤਿਆਰੀਆਂ ਸਬੰਧੀ ਵਿਚਾਰ ਵਟਾਂਦਰਾ ਸਭਾ ਦੀ ਹੋਈ ਕਾਰਜਕਾਰਨੀ ਦੀ ਇਕੱਤਰਤਾ ਵਿੱਚ ਕੀਤਾ ਗਿਆ।  

ਕੇਂਦਰੀ ਸਭਾ ਦੇ ਪ੍ਰਧਾਨ ਦਰਸ਼ਨ ਬੁੱਟਰ ਅਤੇ ਸੀਨੀਅਰ ਮੀਤ ਪ੍ਰਧਾਨ ਡਾ. ਹਰਜਿੰਦਰ ਸਿੰਘ ਅਟਵਾਲ ਦੀ ਅਗਵਾਈ ਵਿਚ ਹੋਈ  ਇਸ ਇਕੱਤਰਤਾ ਵਿੱਚ ਜਨਰਲ ਸਕੱਤਰ ਸੁਸ਼ੀਲ ਦੁਸਾਂਝ ਅਤੇ ਦਫਤਰ ਸਕੱਤਰ ਦੀਪ ਦੇਵਿੰਦਰ ਸਿੰਘ ਵਲੋਂ ਪੇਸ਼ ਏਜੰਡਿਆਂ ਦੀ ਰੌਸ਼ਨੀ ਵਿੱਚ ਸਭਾ ਵਲੋਂ ਕਰਵਾਈ ਜਾਣ ਵਾਲੀ ਤਿੰਨ ਰੋਜ਼ਾ ਆਲਮੀ ਪੰਜਾਬੀ ਕਾਨਫਰੰਸ ਮਿਤੀ ਸੱਤ, ਅੱਠ ਅਤੇ ਨੌਂ ਮਾਰਚ ਨੂੰ ਕਰਵਾਏ ਜਾਣ ਦਾ ਫੈਸਲਾ ਕੀਤਾ ਗਿਆ। 

ਕਾਨਫਰੰਸ  ਦਾ ਆਗਾਜ਼ ਸਆਦਤ ਹਸਨ ਮੰਟੋ, ਲਾਲ ਸਿੰਘ ਦਿਲ, ਗੁਲਜ਼ਾਰ ਮੁਹੰਮਦ ਗੌਰੀਆ, ਸੁਖਜੀਤ ਅਤੇ ਮਾਸਟਰ  ਤਰਲੋਚਨ ਵਰਗੇ ਵੱਡੇ ਸਾਹਿਤਕਾਰਾਂ ਦੀ ਕਰਮ ਭੂਮੀ ਸਮਰਾਲਾ ਵਿਖੇ 7 ਮਾਰਚ ਨੂੰ ਹੋਵੇਗਾ ਅਤੇ ਅਗਲੇ ਦੋ ਦਿਨ ਇਹ ਕਾਨਫਰੰਸ ਚੰਡੀਗੜ੍ਹ ਵਿਖੇ ਹੋਵੇਗੀ ਜਿਸ ਵਿੱਚ ਪਾਕਿਸਤਾਨ ਸਮੇਤ ਵਖ ਵਖ ਮੁਲਕਾਂ ਤੋਂ ਪੰਜਾਬੀ ਅਦੀਬ ਹਿੱਸਾ ਲੈਣਗੇ। 

ਇੱਸੇ ਸਭਾ ਵਲੋਂ ਪਹਿਲਾਂ ਦਿੱਤੇ ਜਾਣ ਵਾਲੇ ਪੁਰਸਕਾਰ ਗਿਆਨੀ ਹੀਰਾ ਸਿੰਘ ਦਰਦ ਜਥੇਬੰਦਕ ਪੁਰਸਕਾਰ, ਡਾ. ਰਵੀ ਰਵਿੰਦਰ ਅਲੋਚਨਾ ਪੁਰਸਕਾਰ ਅਤੇ ਡਾ. ਐਸ. ਤਰਸੇਮ ਸਾਹਿਤ ਸਾਧਨਾ ਪੁਰਸਕਾਰ ਤੋਂ ਇਲਾਵਾ ਹਰਭਜਨ ਸਿੰਘ ਹੁੰਦਲ ਕਾਵਿ ਪੁਰਸਕਾਰ ਸ਼ੁਰੂ ਕਰਨ ਦਾ ਫੈਸਲਾ ਵੀ ਕੀਤਾ ਗਿਆ। ਇਹ ਪੁਰਸਕਾਰ ਸਭਾ ਵਲੋਂ 23 ਫਰਵਰੀ 2025 ਨੂੰ ਕਰਵਾਏ ਜਾਣ ਵਾਲੇ ਡੇੜ੍ਹ ਸਾਲਾ ਜਰਨਲ ਇਜਲਾਸ ਮੌਕੇ ਦਿੱਤੇ ਜਾਣਗੇ।

ਕੇਂਦਰੀ ਸਭਾ ਦੇ ਅਹੁਦੇਦਾਰਾਂ ਸੁਰਿੰਦਰਪ੍ਰੀਤ ਘਣੀਆਂ,ਸ਼ੈਲਿੰਦਰਜੀਤ ਰਾਜਨ, ਦਲਜੀਤ ਸਿੰਘ ਸ਼ਾਹੀ, ਬਲਵਿੰਦਰ ਸੰਧੂ, ਮੂਲ ਚੰਦ ਸ਼ਰਮਾ, ਮਖਣ ਕੁਹਾੜ, ਡਾ. ਛਿੰਦਰਪਾਲ, ਯਤਿੰਦਰ ਕੌਰ ਮਾਹਲ,  ਜਸਵੀਰ ਰਾਣਾ, ਐਸ. ਨਸੀਮ, ਦੀਪਕ ਸ਼ਰਮਾ ਚਨਾਰਥਲ, ਮਨਜਿੰਦਰ ਧਨੋਆ, ਡਾ. ਦਵਿੰਦਰ ਸੈਫੀ , ਗੁਰਮੀਤ ਬਾਜਵਾ, ਮਨਜੀਤ ਸਿੰਘ ਵਸੀ, ਡਾ. ਲੇਖ ਰਾਜ  ਅਤੇ ਹੋਰ ਕਾਰਜਕਾਰਨੀ ਮੈਂਬਰਾਂ ਵਲੋਂ ਕਾਨਫਰੰਸ ਦੀ ਕਾਮਯਾਬੀ ਲਈ ਸਹਿਯੋਗ ਦੀ ਹਾਮੀ ਭਰੀ।

Monday, 9 December 2024

ਕਿਸਾਨ ਦੀਆਂ ਅੱਖਾਂ ਵਿਚਲੇ ਹੰਝੂਆਂ ਅਤੇ ਅੱਥਰੂ ਗੈਸ ਦੇ ਗੋਲੇ ਬਾਰੇ ਰੀਤੂ ਕਲਸੀ

Reetu Kalsi Sunday 8th December 2024 at 14:40 WhatsApp Poem on farmers Struggle Sahit Screen

ਕਿਸਾਨੀ ਸੰਘਰਸ਼ ਬਾਰੇ ਦਿਲ ਨੂੰ ਝੰਜੋੜਦੀ ਰੀਤੂ ਕਲਸੀ ਦੀ ਇਹ ਨਜ਼ਮ 

......ਅੰਗਰੇਜ਼ਾਂ ਨੇ ਵੀ ਆਪਣੇ ਦੇਸ਼ ਦੇ ਵਿੱਚ ਆਉਣ ਜਾਣ ਤੋਂ ਨਾ ਰੋਕਿਆ ਸੀ!

ਕੀ ਲਗਦਾ ਏ 

ਕਿਸਾਨ ਦੀ ਅੱਖ ਦਾ ਅੱਥਰੂ

 ਸੁੱਕ ਗਿਆ ਏ! 

ਇਸ ਲਈ ਸੁਟਣੇ ਨੇ

ਅੱਥਰੂ ਗੈਸ ਦੇ ਗੋਲੇ!

ਰੋਣਾ ਹੀ ਹੁੰਦਾ ਹਰ ਵੇਲੇ! 

ਤੇ ਅੰਗਰੇਜ਼ਾਂ ਦੇ ਤਸੀਹੇ ਵੀ

ਰੋਂਦੇ ਰੋਂਦੇ ਹੀ ਸਹਿਣੇ ਸੀ!

ਨਹੀ ਸੀ ਲੋੜ ਪੈਣੀ ਅਜ਼ਾਦੀ ਦੀ!

ਸਹੀ ਜਾਣਾ ਸੀ ਸੋਚਦੇ ਹੋਏ!

ਸਾਡੇ ਹੱਕ ਦੀ ਗੱਲ ਕਰ ਰਹੀ ਸਰਕਾਰ

ਕਿਉਂਕਿ ਪੁਚਕਾਰ ਦੀ ਵੀ ਹੀ!

ਜੁੱਤੇ ਮਾਰ ਸਰਕਾਰ

ਅੱਜ ਕਲ ਦੇਸ਼ ਭਗਤ ਓਹੀ 

ਜੋ ਜੈਕਾਰ ਜੈਕਾਰ  ਕਰੇ ਸਰਕਾਰ ਦੀ!

ਬਾਕੀ ਸਭ ਦੇਸ਼ ਦ੍ਰੋਹੀ!

ਕੋਈ ਫਰਕ ਨਹੀਂ ਅੰਗਰੇਜ਼ਾਂ ਦੇ!

ਰਾਇ ਸਾਹਿਬ ਬਣਾਏ ਉਹਨਾਂ ਲੋਕਾਂ 

ਅਤੇ ਅੱਜ ਦੇ ਸਰਕਾਰ ਦੇ ਪਿੱਠੂਆਂ ਦੇ!

ਕੋਈ ਨਾ ਅਜ਼ਾਦੀ ਵੀ ਕੋਈ ਇਕ ਦਿਨ ਚ ਮਿਲੀ ਨਾ ਸੀ!

ਪਰ ਅੰਗਰੇਜ਼ਾਂ ਨੇ ਵੀ ਆਪਣੇ ਦੇਸ਼ ਦੇ ਵਿੱਚ ਆਉਣ ਜਾਣ ਤੋਂ ਨਾ ਰੋਕਿਆ ਸੀ!

ਸਰਕਾਰ ਦੀ ਕੋਈ ਸਾਜ਼ਿਸ਼ ਏ 

ਜਿਹੜੀ ਅਸੀਂ ਤੁਸੀਂ ਸਮਝ ਨਹੀਂ ਰਹੇ!

ਐਵੇਂ ਈ ਪੰਜਾਬ ਦੇ ਕਿਸਾਨ ਨੂੰ

ਖਾਲਿਸਤਾਨੀ ਕਹਿ ਬਾਰਡਰ ਬਣਾ ਰੋਕ ਨਹੀਂ ਰਹੀ ਇਹ ਤਾਨਾਸ਼ਾਹੀ ਸਰਕਾਰ!

ਹਿੰਦੂਤੱਵ ਦਾ ਝੰਡਾ ਚੁੱਕੀ ਮਨਸ਼ਾ ਸਮਝੋ!

ਮੇਰੇ ਭਰਾਵੋ ਭੈਣੋ

ਕਿਸਾਨ ਤੇ ਪੂਰੇ ਦੇਸ਼ ਦਾ ਪਰੇਸ਼ਾਨ

ਯੂ ਪੀ ਆਲਾ ਵੀ ਚਲਿਆ ਦਿੱਲ੍ਹੀ ਨੂੰ

ਓਹ ਖਾਲਿਸਤਾਨੀ ਨਹੀਂ ਕਹਿਲਾਇਆ!

ਕਿਹਾ ਬੱਸ ਨਕਲੀ ਕਿਸਾਨ!


ਅੱਜ ਦਾ ਰਾਇ ਸਾਹਿਬ ਦਾ ਵੀ ਕਹਿਣਾ ਏ 

ਕਿਸਾਨ ਨੇ ਬੇਫ਼ਾਲਤੁ ਰੋਕਿਆ ਰਾਹ!

ਜੋ ਸਰਕਾਰ ਨੇ ਰੋਕਿਆ ਓਹ ਨਹੀਂ ਵੇਖਿਆ!

ਵਪਾਰੀ ਹੱਥ ਸਭ ਨਕਲੀ ਵਸਤੂ 

ਖਰੀਦਣੀ ਸ਼ਾਨ ਨਾਲ!

ਕਿਸਾਨ ਨੂੰ ਕਹਿਣਾ ਨਾ ਕਰੇ ਕਿਸਾਨੀ ਫਿਰ!

ਚਲੋ ਮੰਨ ਲਿਆ

ਕਿਸਾਨੀ ਛੱਡ ਦਿੱਤੀ ਹਰ ਕਿਸੀ ਨੇ

ਫਿਰ ਇਹਨਾਂ ਰਾਇ ਸਾਹਿਬ ਨੇ

ਨੌਕਰ ਬਣ ਵਪਾਰੀ ਦੇ ਖੇਤ ਖੇਤੀ ਕਰਨੀ

ਰੋਟੀ ਤੇ ਸਭ ਨੂੰ ਚਾਹੀਦੀ! 

ਬਰੈਡ ਦੇ ਰੂਪ ਚ ਹੋਵੇ ਚਾਹੇ ਪਿਜ਼ਾ! 

ਲੋੜ ਤੇ ਖੇਤ ਦੀ ਪੈਣੀ!

ਕਿਸਾਨ ਦੀ ਪੈਣੀ!


ਫਿਰ ਹੰਝੂ ਆਣੇ ਜੋ ਇਹਨਾਂ ਦੀਆਂ ਅੱਖਾਂ ਚ

ਸੱਚ ਮੰਨਿਓ 

ਫਿਰ ਕਿਸੇ ਹੰਝੂ  ਗੈਸ ਦੇ ਗੋਲੇ ਦੀ ਲੋੜ ਨਹੀਂ ਪੈਣੀ!

                        -----ਰੀਤੂ ਕਲਸੀ

 

Sunday, 8 December 2024

ਪੰਜਾਬੀ ਲੇਖਕ ਸਭਾ ਚੰਡੀਗੜ ਦੀ ਚੋਣ ਬਿਨਾ ਮੁਕਾਬਲਾ ਸੰਪੰਨ

ਦੀਪਕ ਸ਼ਰਮਾ ਚਨਾਰਥਲ ਅਤੇ ਭੁਪਿੰਦਰ ਮਲਿਕ ਸਾਥੀਆਂ ਸਣੇ ਚੁਣੇ ਗਏ 

ਚੰਡੀਗੜ੍ਹ: 8 ਦਸੰਬਰ 2024: (ਕਾਰਤਿਕਾ ਕਲਿਆਣੀ ਸਿੰਘ//ਸਾਹਿਤ ਸਕਰੀਨ ਡੈਸਕ):: 


ਸਾਹਿਤ ਦੀ ਦੁਨੀਆ ਵਿੱਚ ਲਗਾਤਾਰ ਸਰਗਰਮ ਰਹਿਣ ਵਾਲੀ ਸਾਹਿਤਿਕ ਸੰਸਥਾ "ਪੰਜਾਬੀ ਲੇਖਕ ਸਭਾ" ਦੀ ਬਿਨਾ ਮੁਕਾਬਲਾ  ਚੋਣ ਅੱਜ ਪਹਿਲਾਂ ਤੋਂ ਐਲਾਨੇ ਪ੍ਰੋਗਰਾਮ ਮੁਤਾਬਕ ਹੋਈ ਜਿਸ ਵਿਚ ਸਰਗਰਮ ਕਲਮਕਾਰ ਇੱਕ ਵਾਰ ਫੇਰ ਆਪੋ ਆਪਣੀ ਜ਼ਿੰਮੇਵਾਰੀ ਨਿਭਾਉਣ ਲਈ ਅੱਗੇ ਆਏ ਹਨ। ਇਹਨਾਂ ਨੂੰ ਸਭਨਾਂ ਵੱਲੋਂ ਹਾਰਦਿਕ ਵਧਾਈਆਂ ਦੇਂਦਿਆਂ ਜੀ ਆਇਆਂ ਆਖਿਆ ਗਿਆ। ਕਲਾ ਭਵਨ ਵਿੱਚ ਅੱਜ ਸਾਹਿਤ ਨਸਲ ਸਬੰਧਤ ਵਖਰੀ ਕਿਸਮ ਦੀਆਂ ਰੌਣਕਾਂ ਰਹੀਆਂ।

ਸਾਹਿਤ ਦੇ ਨਾਲ ਨਾਲ ਪੱਤਰਕਾਰੀ ਵਿੱਚ ਨਵੀਆਂ ਪਿਰਤਾਂ ਪਾਉਣ ਵਾਲੇ ਦੀਪਕ ਸ਼ਰਮਾ ਚਨਾਰਥਲ ਪ੍ਰਧਾਨ ਚੁਣੇ ਗਏ। ਦੇਸ਼, ਪੰਜਾਬ ਅਤੇ ਦੁਨੀਆ ਵਿੱਚ ਹੁੰਦੀਆਂ ਸਰਗਰਮੀਆਂ ਨੂੰ ਤੀਸਰੀ ਅੱਖ ਨਾਲ ਦੇਖਣ ਵਾਲੇ ਦੀਪਕ ਸ਼ਰਮਾ ਚਨਾਰਥਲ ਵਿੱਚ ਬਹੁਤ ਖੂਬੀਆਂ ਹਨ ਜਿਹਨਾਂ ਦੀ ਚਰਚਾ ਵੱਖਰੀ ਪੋਸਟ ਵਿੱਚ ਕੀਤੀ ਜਾਏਗੀ ਬਹੁਤ ਹੀ ਜਲਦੀ।

ਇੱਸੇ ਸੰਗਠਨ ਨਾਲ ਜੁੜੇ ਹੋਏ ਭੁਪਿੰਦਰ ਸਿੰਘ ਮਲਿਕ ਇਸ ਵਾਰ ਵੀ ਜਨਰਲ ਸਕੱਤਰ ਚੁਣੇ ਗਏ ਹਨ। ਰੇਡੀਓ ਦੀ ਦੁਨੀਆ, ਪ੍ਰਿੰਟ ਮੀਡੀਆ ਦੀ ਦੁਨੀਆ ਅਤੇ ਕਲਮਾਂ ਵਾਲਿਆਂ ਦੇ ਸੰਸਾਰ ਦੀ ਗੱਲ ਉਹ ਅਕਸਰ ਆਪਣੀਆਂ ਉਹਨਾਂ ਪੋਸਟਾਂ ਵਿੱਚ ਕਰਦੇ ਰਹਿੰਦੇ ਹਨ ਜਿਹਨਾਂ ਨੂੰ ਮਾਈਕਰੋ ਪੋਸਟਾਂ ਵੀ ਕਿਹਾ ਜਾ ਸਕਦਾ ਹੈ। ਇਹ ਨਿੱਕੀਆਂ ਪੋਸਟਾਂ ਵਿੱਚ ਹਰ ਵਾਰ ਕੋਈ ਨੇ ਕੂ ਵੱਡੀ ਗੱਲ ਲੁਕੀ ਹੁੰਦੀ ਹੈ।

ਪੰਜਾਬੀ ਦੇ ਨਾਲ ਅਥਾਹ ਪਿਆਰ ਕਰਨ ਵਾਲੇ ਪਾਲ ਅਜਨਬੀ ਸੀਨੀਅਰ ਮੀਤ ਪ੍ਰਧਾਨ ਚੁਣੇ ਗਏ ਹਨ। ਦਿਲਚਸਪ ਗੱਲ ਹੈ ਕਿ ਜਨਾਬ ਪਾਲ ਅਜਨਬੀ ਹਿੰਦੀ ਵਿਚ ਵੀ ਬਹੁਤ ਵਧੀਆ ਲਿਖਦੇ ਹਨ। ਜਿਹੜੇ ਕਲਮਕਾਰ ਹਿੰਦੀ, ਪੰਜਾਬੀ ਅਤੇ ਹੋਰਨਾਂ ਭਾਸ਼ਾਵਾਂ ਦਰਮਿਆਨ ਇੱਕ ਪੁਲ ਵਾਂਗ ਕੰਮ ਕਰਦੇ ਹਨ ਉਹਨਾਂ ਵਿੱਚ ਪਾਲ ਅਜਨਬੀ ਬਹੁਤ ਵਿਸ਼ੇਸ਼ ਥਾਂ ਰੱਖਦੇ ਹਨ।

ਸਾਹਿਤਿਕ ਕਿਰਤਾਂ ਨੂੰ ਬਹੁਤ ਦਿਲਚਸਪੀ ਅਤੇ ਡੂੰਘਾਈ ਨਾਲ ਵਾਚਣਾ, ਫਿਰ ਉਹਨਾਂ ਬਾਰੇ ਪੂਰੀ ਦਿਆਨਤਦਾਰੀ ਨਾਲ ਲਿਖਣ ਵਾਲਿਆਂ ਵਿੱਚ ਗਿਣੇ ਜਾਣ ਵਾਲੇ ਵਿਸ਼ੇਸ਼ ਲੇਖਕ ਡਾ. ਗੁਰਮੇਲ ਸਿੰਘ ਮੀਤ  ਪ੍ਰਧਾਨ ਵੱਜੋਂ ਚੁਣੇ ਗਏ ਹਨ। ਉਹ ਲੇਖਕ ਹੋਣ ਦੇ ਨਾਲ ਬਹੁਤ ਚੰਗੇ ਪਾਠਕ, ਬਹੁਤ ਚੰਗੇ ਸਰੋਤੇ ਅਤੇ ਵਿਸ਼ਲੇਸ਼ਕ ਵੀ ਹਨ।

ਇੱਸੇ ਤਰ੍ਹਾਂ ਇਸਤਰੀ ਲੇਖਕਾਂ ਦੀ ਪ੍ਰਤੀਨਿਧਤਾ ਕਰਨ ਦੀ ਜ਼ਿੰਮੇਵਾਰੀ ਇੱਕ ਵਾਰ ਫਿਰ ਮਨਜੀਤ ਕੌਰ ਮੀਤ ਹੁਰਾਂ ਦੇ ਹਿੱਸੇ ਆਈ ਹੈ। ਉਹ ਇਸ ਵੱਕਾਰੀ ਸੰਗਠਨ ਦੇ ਮੀਤ ਪ੍ਰਧਾਨ ਚੁਣੇ ਗਏ ਹਨ। ਉਹਨਾਂ ਦੀ ਮੌਜੂਦਗੀ ਇਸਤਰੀ ਕਲਮਕਾਰਾਂ ਨੂੰ ਵੀ ਹੋਰ ਉਤਸ਼ਾਹਿਤ ਕਰੇਗੀ।

ਕਿਸੇ ਵੀ ਥਾਂ ਕੋਈ ਸਾਹਿਤਿਕ ਇਕਤੱਰਤਾ ਹੋਵੇ, ਉਥੇ ਕਿਹੜੀ ਪੁਸਤਕ ਰਿਲੀਜ਼ ਹੋਣੀ ਹੈ ਇਹਨਾਂ ਸਾਰੀਆਂ ਮੁਢਲੀਆਂ ਜਾਣਕਾਰੀਆਂ ਦੀ ਜਾਣਕਾਰੀ ਸੰਗਠਨ ਦੇ ਮੈਂਬਰਾਂ ਅਤੇ ਗੈਰ ਮੈਂਬਰ  ਪਾਠਕਾਂ ਤੱਕ ਵੀ ਸਮੇਂ ਸਿਰ ਪਹੁੰਚਾਉਣ ਵਾਲਿਆਂ ਵਿੱਚ ਸੁਖਵਿੰਦਰ ਸਿੰਘ ਸਿੱਧੂ ਬਹੁਤ ਸਰਗਰਮੀ ਨਾਲ ਇਹ ਸੇਵਾ ਨਿਭਾਉਂਦੇ ਹਨ। ਉਹ ਇਸ ਸਾਹਿਤਿਕ ਸੰਗਠਨ ਦੇ ਸਕੱਤਰ ਚੁਣੇ ਗਏ ਹਨ।

ਸਾਹਿਤ ਸਿਰਜਣਾ ਵਿੱਚ ਬੜੀਆਂ ਸੂਖਮ ਗੱਲਾਂ ਬੜੀ ਬੇਬਾਕੀ ਨਾਲ ਕਹਿਣ ਵਾਲਿਆਂ ਵਿੱਚ ਸਿਮਰਜੀਤ ਗਰੇਵਾਲ ਵੀ ਹਨ। ਉਹਨਾਂ ਦੀਆਂ ਲਿਖਤਾਂ ਪਾਠਕਾਂ ਅਤੇ ਸਰੋਤਿਆਂ ਨੂੰ ਸੋਚਣ ਲਈ ਮਜਬੂਰ ਕਰਦੀਆਂ ਹਨ। ਉਹ ਇਸ ਸੰਗਠਨ ਦੇ ਸਕੱਤਰ ਚੁਣੇ ਗਏ ਹਨ।

ਸਾਹਿਤ ਸਿਰਜਣਾ, ਸਾਹਿਤ ਦੇ ਅਧਿਐਨ, ਸਾਹਿਤ ਦੀ ਮਾਰਕੀਟਿੰਗ, ਸਾਹਿਤ ਅਤੇ ਪੱਤਰਕਾਰਿਤਾ ਵਿਚਲੇ ਸੰਬੰਧਾਂ ਬਹੁਤ ਹੀ ਨੇੜਿਉਂ ਹੋ ਕੇ ਦੇਖਣ ਵਾਲੇ ਹਰਮਿੰਦਰ ਕਾਲੜਾ ਅਸਲ ਵਿਚ ਸਾਹਿਤ ਦੀ ਸਾਧਨਾ ਕਰਨ ਵਾਲੇ ਸਾਧਕ ਵਾਂਗ ਹਨ। ਉਹ ਲੇਖਕਾਂ ਦੇ ਇਸ ਪ੍ਰਤੀਬਧ ਸੰਗਠਨ ਦੇ ਵਿੱਤ ਸਕੱਤਰ ਚੁਣੇ ਗਏ ਹਨ।

ਕੁਲ ਮਿਲਾ ਕੇ ਇੱਕ ਵਾਰ ਫੇਰ ਉਹਨਾਂ ਸਰਗਰਮ ਕਲਮਕਾਰਾਂ ਦੀ ਟੀਮ ਤੁਹਾਡੇ ਸਾਹਮਣੇ ਹੈ ਜਿਸਦੇ ਲਈ ਸਾਹਿਤਿਕ ਸਰਗਰਮੀਆਂ ਇੱਕ ਗੰਭੀਰ ਅਤੇ ਪ੍ਰਤੀਬੱਧਤਾ ਵਾਲਾ ਕਾਰਜ ਹਨ। ਅਸੀ ਸਾਹਿਤ ਸਕਰੀਨ ਵੱਲੋਂ ਇਸ ਸਾਰੀ ਟੀਮ ਨੂੰ ਮੁਬਾਰਕ ਦੇਂਦੇ ਹੋਏ ਜੀ ਆਇਆਂ ਆਖਦੇ ਹਾਂ।

ਤੁਹਾਡੇ ਵਿਚਾਰਾਂ ਅਤੇ ਟਿੱਪਣੀਆਂ ਦੀ ਉਡੀਕ ਇਸ ਵਾਰ ਵੀ ਰਹੇਗੀ ਹੀ। ਸਮਾਂ ਕੱਢ ਕੇ ਸੁਝਾਅ ਵੀ ਦੇਣਾ।