google.com, pub-7610353441165800, DIRECT, f08c47fec0942fa0 ਸਾਹਿਤ ਸਕਰੀਨ: ਹੁਣ ਤਾਂ ਕਹਾਣੀ ਤੁਰ ਪਈ ਹੈ-ਆਖ ਰਹੇ ਨੇ ਡਾ.ਚਰਨਜੀਤ ਕੌਰ ਹਰਿਆਣਾ

Saturday 21 August 2021

ਹੁਣ ਤਾਂ ਕਹਾਣੀ ਤੁਰ ਪਈ ਹੈ-ਆਖ ਰਹੇ ਨੇ ਡਾ.ਚਰਨਜੀਤ ਕੌਰ ਹਰਿਆਣਾ

 ਘਰ ਘਰ ਪੁੱਤ ਜੰਮਦੇ, ਮਿੱਤਰ ਸੈਨ ਮੀਤ ਨੀ ਕਿਸੇ ਨੇ ਬਣ ਜਾਣਾ! 

Pexels-Photo//George Milton
ਐਵਾਰਡਾਂ ਤੋਂ ਨਿਰਲੇਪ ਰਹਿਣ ਵਾਲੇ ਸਾਹਿਤ ਸਾਧਨਾ ਵਿੱਚ ਡੁੱਬੇ ਰਹਿੰਦੇ ਹਨ 

ਲੁਧਿਆਣਾ//ਮੋਹਾਲੀ21 ਅਗਸਤ 2021: (ਸਾਹਿਤ ਸਕਰੀਨ ਬਿਊਰੋ)::

ਮੋਹਾਲੀ 'ਚ ਰਹਿੰਦੇ ਡਾ. ਚਰਨਜੀਤ ਕੌਰ ਹਰਿਆਣਾ
ਜੋ ਖੁੱਲ ਕੇ ਮਿੱਤਰ ਸੈਨ ਮੀਤ ਹੁਰਾਂ ਦੀ ਹਮਾਇਤ ਤੇ ਆਏ 

ਜਦੋਂ ਭਾਸ਼ਾ ਵਿਭਾਗ ਦੇ ਬਹੁ ਚਰਚਿਤ ਸ਼੍ਰੋਮਣੀ ਐਵਾਰਡਾਂ ਤੇ ਅਦਾਲਤੀ ਸਟੇਅ ਦੀ ਖਬਰ ਆਈ ਤਾਂ ਮਾਹੌਲ ਕੁਝ ਇਸ ਤਰ੍ਹਾਂ ਦਾ ਬਣ ਗਿਆ ਜਿਵੇਂ ਕਿਸੇ ਨੇ ਖਾਮੋਸ਼ੀ ਵਾਲਾ ਬੰਬ ਸੁੱਟ ਦਿੱਤਾ ਹੋਵੇ। ਸਾਰੇ ਪਾਸੇ ਚੁੱਪ ਚਾਂ ਜਿਹੀ ਛਾ ਗਈ। ਬੜੀ ਹੈਰਾਨੀ ਵਾਲੀ ਗੱਲ ਸੀ ਕਿ ਮਾਮਲਾ ਤਾਂ ਕੁਰਲਾਟ ਵਾਲਾ ਸੀ ਪਰ ਸਭਨਾਂ ਨੇ ਬੁੱਲ ਸੀ ਲਏ। ਜਿਹਨਾਂ ਨੇ ਉਹਨਾਂ ਪਹਿਲੇ ਦੋ ਕੁ ਦਿਨਾਂ ਵਿੱਚ ਇਸ ਸਟੇਅ ਨੂੰ ਖੁਸ਼ਆਮਦੀਦ ਆਖਦਿਆਂ ਇਸਨੂੰ ਇੱਕ ਸ਼ੁਭ ਸ਼ਗਨ ਦੱਸਿਆ ਉਹਨਾਂ ਵਿੱਚ ਮੋਹਾਲੀ ਰਹਿੰਦੀ ਸ਼ਖ਼ਸੀਅਤ ਡਾ. ਚਰਨਜੀਤ ਕੌਰ ਹਰਿਆਣਾ ਵੀ ਸੀ। ਉਹਨਾਂ ਵਟਸਅੱਪ ਤੇ ਕੁਝ ਸਤਰਾਂ ਭੇਜੀਆਂ ਜਿਸ ਵਿੱਚ ਮਿੱਤਰ ਸੈਨ ਮੀਤ ਹੁਰਾਂ ਨਾਲ ਸਹਿਮਤੀ ਜਤਾਈ ਗਈ ਸੀ। ਕੋਲ ਬੈਠੀਆਂ ਕਈ ਸਾਹਿਤਿਕ ਪੱਤ੍ਰਕਾਰਾਣਾ ਨੇ ਇਹ ਸਤਰਾਂ ਮੱਲੋਮੱਲੀ ਦੇਖ ਲਈਆਂ। ਮਗਰੋਂ ਸਾਹਿਤ ਸਕਰੀਨ ਦੀ ਟੀਮ ਨੇ ਡਾ. ਚਰਨਜੀਤ ਕੌਰ ਹਰਿਆਣਾ ਹੁਰਾਂ ਨੂੰ ਕੁਝ ਹੋਰ ਵਿਸਥਾਰ ਦੇਣ ਲਈ ਵੀ ਬੇਨਤੀ ਕੀਤੀ ਗਈ। 
ਡਾ. ਸਾਹਿਬਾ ਨੇ ਆਪਣੇ ਵਿਚਾਰ ਭੇਜੇ ਪਰ ਫੋਨ ਤੇ ਹੋਈ ਗੱਲਬਾਤ ਦੌਰਾਨ ਖਦਸ਼ਾ ਵੀ ਪ੍ਰਗਟਾਇਆ ਕਿ ਬਿਨਾ ਕਿਸੇ ਕਾਬਲੀਅਤ ਦੇ ਇਨਾਮਾਂ, ਸ਼ਨਾਮਾਂ ਅਤੇ ਐਵਾਰਡਾਂ ਮਗਰ ਭੱਜਣ ਵਾਲੇ ਇਹ ਲੋਕ ਕੋਈ ਚੰਗੇ ਬੰਦੇ ਤਾਂ ਹੁੰਦੇ ਨਹੀਂ ਕਿਧਰੇ ਮੀਤ ਸਾਹਿਬ ਨੂੰ ਕੋਈ ਨੁਕਸਾਨ ਨਾ ਪਹੁੰਚਾਉਣ ਸੋ ਉਹਨਾਂ ਨੰ ਸੰਭਲ ਕੇ ਰਹਿਣਾ ਚਾਹੀਦਾ ਹੈ। ਸਾਹਿਤ ਸਕਰੀਨ ਨੇ ਇਹ ਖਦਸ਼ਾ/ਇਹ ਖਤਰਾ ਮੀਤ ਸਾਹਿਬ ਤੱਕ ਵੀ ਪਹੁੰਚਾਇਆ ਤਾਂ ਮੀਤ ਸਾਹਿਬ ਬੋਲੇ ਜੀ ਮੈਂ ਨੀ ਚਿੰਤਾ ਕਰਦਾ ਹੁਣ। ਮੈਂ ਸਭ ਕੁਝ ਸੋਚ ਕੇ ਹੀ ਤੁਰਿਆਂ। ਲੰਮੇ ਸਮੇਂ ਤੱਕ ਮਿਹਨਤ ਕੀਤੀ ਹੈ। ਖੁਦ ਸਾਰੀ ਉਮਰ ਵਕੀਲ ਰਿਹਾਂ ਇਸ ਲਈ ਪਹਿਲਾਂ ਸਾਰੇ ਸਬੂਤ ਇਕੱਠੇ ਕੀਤੇ। ਬਾਕੀ ਦੇਖਦੇ ਹਾਂ ਕਾਨੂੰਨ ਹੁਣ ਕੀ ਰੁੱਖ ਅਖਤਿਆਰ ਕਰਦਾ ਹੈ। ਅਸੀਂ ਕਿਸੇ ਨੂੰ ਮਾੜਾ ਚੰਗਾ ਨਹੀਂ ਕਿਹਾ। ਅਸੀਂ ਤਾਂ ਸਾਰੇ ਨਿਯਮ ਅਤੇ ਸਾਰੇ ਤੱਥ ਅਦਾਲਤ ਦੇ ਸਾਹਮਣੇ ਰੱਖੇ ਹਨ ਫੈਸਲਾ ਅਦਾਲਤ ਨੇ ਹੀ ਕਰਨਾ ਹੈ। ਇਸ ਕੇਸ ਦੀ ਤਾਰੀਖ ਸੋਮਵਾਰ 23 ਅਗਸਤ 2021  ਨੂੰ ਪਈ ਹੈ। ਦੇਖੋ ਅਦਾਲਤ ਕੀ ਕਹਿੰਦੀ ਹੈ। ਆਪਾਂ ਵੀ ਅਦਾਲਤ ਦੇ ਫੈਸਲਿਆਂ ਦੀ ਉਡੀਕ ਕਰਦੇ ਹਾਂ ਉਦੋਂ ਤੱਕ ਇਸ ਉਡੀਕ ਦੇ ਨਾਲ ਨਾਲ ਤੁਸੀਂ ਪੜ੍ਹ ਸਕਦੇ ਹੋ ਡਾ. ਚਰਨਜੀਤ ਕੌਰ  ਹਰਿਆਣਾ ਦੇ ਕੁਝ ਹੋਰ ਵਿਚਾਰ। ਉਹ ਕਹਿੰਦੇ ਹਨ: 

ਦਾਦ ਦੇਣੀ ਬਣਦੀ ਹੈ ਭਾਅ। ਕੇਰਾਂ ਤਾਂ ਬੜੇ ਬੜਿਆਂ ਦੀਆਂ ਭਾਜੜਾਂ ਪੁਆ ਤੀਆਂ। ਜਿਨ੍ਹਾਂ ਦੇ ਮੂੰਹੋਂ ਜੁਗਾੜ ਨਾਲ ਹਥਿਆਇਆ ਕਬਾਬ ਖੋਹਿਆ ਗਿਆ ਉਹ ਤਾਂ ਹਾਰੇ 'ਚ ਧਰੀ ਖਿਚੜੀ ਮੰਗਣਾ ਰਿਝ ਰਹੇ ਨੇ। ਇੱਕ ਵਸ ਨੀ ਚਲਦਾ ਨਮਾਣਿਆਂ ਦਾ, ਨਹੀਂ ਤਾਂ ਉਹ ਗੋਲੀ ਕਿਹੜਾ ਨਾ ਦਾਗ ਦੇਣ......ਨਾ ਸੱਚ ਗ਼ਲਤ ਕਹਿ ਹੋ ਗਿਆ ਭਾਅ, ਗੋਲੀਆਂ ਤਾਂ ਉਨ੍ਹਾਂ ਨੂੰ ਚਲਾਉਣੀਆਂ ਈ ਨੀ ਆਉਂਦੀਆਂ। ਸਿਰਫ਼ ਖੇਡ੍ਹਣੀਆਂ ਈ ਆਉਂਦੀਆਂ ਨੇ। ਯਾਦ ਐ ਨਾ ਬਚਪਨ ਵਿਚ ਗੋਲੀਆਂ ਕੰਚੇ ਖੇਡ੍ਹਦੇ ਹੁੰਦੇ ਸੀਗੇ.....ਉਹੀਓ ਖੇਡ੍ਹਦੇ ਨੇ। ਭਾਅ, ਇੱਕ ਹੋਰ ਭੇਤ ਆਲੀ ਗੱਲ ਦੱਸਾਂ??? ਕਈਆਂ ਨੇ ਤਾਂ ਕਚੀਚੀਆਂ ਵੱਟ ਵੱਟ ਕੇ ਆਵਦੇ ਦੰਦ ਆਵਦੇ ਈ ਬੁੱਲ੍ਹਾਂ ਚ ਖੋਭ ਲਏ ਨੇ। ਬਚਾਰਿਆਂ ਦੇ ਬੁੱਲ੍ਹਾਂ ਚੋਂ ਕਾਲਾ ਸ਼ਾਹ ਲਹੂ ਵਗ ਰਿਹਾ ਹੈ। ਕਈਆਂ ਨੇ ਤਾਂ ਪੈਸੇ ਇਨਵੈਸਟ ਕਰਨ ਦੀਆਂ ਸਕੀਮਾਂ ਵੀ ਘੜ ਲਈਆਂ ਸਨ ਪਰ ਨ੍ਹਾਤੀ ਧੋਤੀ ਰਹਿ ਗਈ ਮੂੰਹ ਤੇ ਮੱਖੀ ਬਹਿ ਗਈ। ਬਚਾਰਿਆਂ ਦੇ ਢਿੱਡ ਤੇ ਐਸੀ ਲਾਠੀ ਮਾਰੀ ਐਸੀ ਲਾਠੀ ਮਾਰੀ ਬਈ ਭੁਆਟਣੀਆਂ ਲਿਆ ਤੀਆਂ ਕੇਰਾਂ। ਜਿਉਂਦੇ ਵਸਦੇ ਰਹੋ! 

ਉਹਨਾਂ ਅੱਗੇ ਕਿਹਾ: ਭਾਅ, ਮੈਂ ਤੁਹਾਡੀ ਪੋਸਟ ਧਿਆਨ ਨਾਲ ਪੜ੍ਹਦੀ ਹਾਂ ਅਤੇ ਫਾਰਵਰਡ ਵੀ ਕਰਦੀ ਹਾਂ। ਤੁਹਾਡੀ ਪੋਸਟ ਦੀ ਮੈਨੂੰ ਸ਼ਿੱਦਤ ਨਾਲ ਇੰਤਜ਼ਾਰ ਰਹਿੰਦੀ ਹੈ। 

ਭਾਅ ਜੀ, ਪਰਮਾਤਮਾ ਥੋਨੂੰ ਤੰਦਰੁਸਤੀ ਭਰੀ ਲੰਬੀ ਉਮਰ ਬਕਸ਼ੇ। ਥੋਡੇ ਵਰਗੀ ਹਿੰਮਤ ਕੋਈ ਕੋਈ ਸੂਰਮਾ ਹੀ ਕਰ ਸਕਦਾ ਹੈ। ਮੈਨੂੰ ਇਸ ਸੂਰਮੇ ਦੀ ਭੈਣ ਹੋਣ ਦਾ ਮਾਣ ਹੈ।

ਇਹ ਕੰਮ ਮੇਰਾ ਬਾਈ ਹੀ ਕਰ ਸਕਦਾ ਹੈ। ਆਪਾਂ ਤੁਹਾਡੇ ਨਾਲ ਹਾਂ। ਹੁਕਮ ਕਰੋ!

ਚੰਗਾ ਕੰਮ ਕਰ ਰਹੇ ਹੋ ਭਾਅ ਜੀ। ਕੋਈ ਤਾਂ ਸੂਰਮਾ ਹੈ ਜੋ ਵਿਸੰਗਤੀਆਂ ਦੇ ਖਿਲਾਫ ਆਵਾਜ਼ ਬੁਲੰਦ ਕਰਨ ਦੀ ਹਿੰਮਤ ਰੱਖਦਾ ਹੈ!

ਇਨ੍ਹਾਂ ਨੂੰ ਤੁਸੀਂ ਹੀ ਦਬੱਲੀਆਂ ਪੁਆ ਸਕਦੇ ਹੋ ਭਾਅ ਜੀ। ਇਹ ਅਖਾਉਤੀ ਪੜ੍ਹੀ ਲਿਖੀ ਕਤੀੜ ਦਾਹ ਹਾਲ ਹੈ। ਇਹ ਆਮ ਲੋਕਾਂ ਨੂੰ ਮਸੀਹੇ ਬਣ ਕੇ ਸੇਧ ਦੇਣ ਦਾ ਨਾਟਕ ਕਰਦੇ ਹਨ। ਥੋਨੂੰ ਇਨ੍ਹਾਂ ਦੀਆਂ ਕਰਤੂਤਾਂ ਨਸ਼ਰ ਕਰਨ ਲਈ ਪਰਮਾਤਮਾ ਲੰਬੀ ਅਤੇ ਤੰਦਰੁਸਤ ਉਮਰ ਬਖਸ਼ੇ!

ਮੈਂ ਤਾਂ ਸਰਕਾਰ ਅਤੇ ਭਾਸ਼ਾ ਵਿਭਾਗ ਤੋਂ ਇਹ ਵੀ ਪੁੱਛਦੀ ਹਾਂ ਕਿ ਕੁੱਝ ਅਖੌਤੀ ਚੌਧਰੀਆਂ ਨੂੰ ਪਾਤਰ ਲੇਖਕਾਂ ਦੇ ਨਾਂ ਸੁਝਾਉਣ ਦਾ ਠੇਕਾ ਕਿਸ ਨੇ ਦਿੱਤਾ ਹੈ। ਇਹ ਤਾਂ ਮਾਨਵੀ ਪ੍ਰਵਿਰਤੀ ਹੈ ਕਿ ਹਰ ਚੌਧਰੀ ਆਪਣੇ ਦੋਸਤਾਂ ਮਿੱਤਰਾਂ ਦਾ ਨਾਂ ਹੀ ਸੁਝਾਵੇਗਾ। ਇਨ੍ਹਾਂ ਸੁਝਾਏ ਗਏ ਨਾਵਾਂ ਨੂੰ ਪੜ੍ਹ ਕੇ ਕੰਧ ਨਾਲ ਟੱਕਰ ਮਾਰ ਕੇ ਫੱਟੜ ਹੋਣ ਨੂੰ ਜੀਅ ਕਰਦਾ ਹੈ। ਜੇ ਸਮਾਜ ਨੂੰ ਸੇਧ ਦੇਣ ਵਾਲੇ ਲੇਖਕਾਂ ਦੇ ਸੰਸਾਰ ਵਿੱਚ ਇਹ ਵਰਤਾਰਾ ਵਰਤ ਰਿਹਾ ਹੈ ਤਾਂ ਬਾਕੀ ਬਚੇ ਸੰਸਾਰ ਦਾ ਕੀ ਹਾਲ ਹੋਵੇਗਾ। ਅਖੇ ਤੂੰ ਮੈਨੂੰ ਮੁੱਲਾਂ ਕਹਿ ਮੈਂ ਤੈਨੂੰ ਕਾਜ਼ੀ ਆਖੂੰ। ਤੁਸੀਂ ਲੱਗੇ ਰਹੋ ਭਾਅ ਜੀ,। ਅਸੀਂ ਥੋਡੇ ਨਾਲ ਹਾਂ

ਜੇ ਕਾਰਵਾਂ ਐਕਣੇ ਵਧਦਾ ਗਿਆ ਤਾਂ ਉਹ ਦਿਨ ਦੂਰ ਨਹੀਂ ਜਦੋਂ ਸਾਡੇ ਇਨਾਮਾਂ ਸਨਮਾਨਾਂ ਦੀ ਵੰਡ ਤੋਂ ਪਹਿਲਾਂ ਦਸ ਬਾਰ ਸੋਚਣਗੇ। ਨਾਲੇ  ਸਾਹਿਤ ਦੇ ਅਖੌਤੀ ਚੌਧਰੀਆਂ ਦੇ ਖਿਲਾਫ ਲੋਕਾਂ ਵਿੱਚ ਰੋਹ ਜਾਗੇਗਾ। ਇਸ ਮੁਬਾਰਕ ਕਦਮ ਦਾ ਸੇਹਰਾ ਤੁਹਾਡੇ ਸਿਰ ਸਜੇਗਾ।

ਉਹਨਾਂ ਆਪਣੇ ਨਾਮ ਬਾਰੇ ਸਪਸ਼ਟ ਕਰਦਿਆਂ ਕਿਹਾ ਕਿ ਭਾਅ ਜੀ, ਡਾ, ਚਰਨਜੀਤ ਕੌਰ ਮੁਹਾਲੀ ਕੋਈ ਹੋਰ ਹੈ। ਮੈਨੂੰ ਲੋਕ ਡਾ ਚਰਨਜੀਤ ਕੌਰ ਹਰਿਆਣਾ ਦੇ ਨਾਂ ਨਾਲ ਜਾਣਦੇ ਹਨ । ਇਹ ਸੁਧਾਰ ਕਰ ਲਵੋ ਉਹ ਲੇਡੀ ਨਾਰਾਜ਼ ਨਾ ਹੋ ਜਾਵੇ

ਮੀਤ ਭਾਅ ਜੀ, ਇਹ ਹਿੰਮਤ ਕਰਨ ਦਾ ਜਿਗਰਾ ਕਰ ਕੇ ਤੁਸੀਂ ਸਾਰੇ ਪੰਜਾਬੀ ਮਾਂ-ਬੋਲੀ ਦੇ ਹਮਾਇਤੀਆਂ ਨੂੰ ਹੱਲਾਸ਼ੇਰੀ ਦੇ ਰਹੇ ਹੋ। ਇੱਕ ਵਿਡੰਬਨਾ ਇਹ ਵੀ ਹੈ ਕਿ ਸਾਰੀਆਂ ਪੰਜਾਬੀ ਭਾਸ਼ਾ ਦੇ ਪ੍ਰਚਾਰ ਪਸਾਰ ਲਈ ਬਣੀਆਂ ਸਰਕਾਰੀ ਸੰਸਥਾਵਾਂ ਦੇ  "ਮਾਲਕ " ਮੁੜ ਘਿੜ ਉਹੀ ਪੰਜ ਸੱਤ ਜੁਗਾੜੂ ਲੇਖਕ ਹੀ ਬਣਦੇ ਆ ਰਹੇ ਹਨ।ਆਹ ਪਿਛਲੇ ਦਿਨੀਂ ਫੇਰ ਕੁੱਝ ਸਰਕਾਰੀ ਵਿਭਾਗਾਂ ਦੀ ਮਾਲਕੀ ਇਨ੍ਹਾਂ ਜੁਗਾੜੂ ਲੇਖਕਾਂ ਨੂੰ ਦੇ ਦਿੱਤੀ ਗਈ ਹੈ। 

ਸੁਣਨ ਵਿੱਚ ਆਇਆ ਹੈ ਕਿ ਕੋਈ ਬੀਬੀ ਆਪਣੇ ਪਤੀ ਦੇ ਅਹੁਦੇ ਸਦਕਾ ਹੀ ਚੌਧਰਣ ਬਣੀ ਹੋਈ ਹੈ। ਇਨ੍ਹਾਂ ਲੋਕਾਂ ਦੀ ਸਾਹਿਤ ਨੂੰ ਐਨੀ ਕਿੰਨੀ ਕੁ ਵੱਡੀ ਦੇਣ ਹੈ। ਉਂਜ ਸਭ ਜਾਣਦੇ ਹਨ ਕਿ ਕਿੱਥੇ ਕਿੱਥੇ ਧਾਂਦਲੀਆਂ ਹੋ ਰਹੀਆਂ ਹਨ ਪਰ ਇੱਕ ਕਹਾਵਤ ਹੈ ਕਿ ਸਹੁਰਾ ਜੀ ਥੋਡਾ ਨਾਓਂ ਤਾਂ ਜਾਣਦੀ ਹਾਂ ਪਰ ਨੱਕ ਨਮੂਜ ਰੱਖਣ ਸਦਕਾ ਲੈਣਾ ਨੀ। ਕਈ ਜੁਗਾੜੂ ਲੇਖਕਾਂ ਨੇ ਤਾਂ ਇਨ੍ਹਾਂ ਚੌਧਰਾਂ ਅਤੇ ਮਾਲਕੀਆਂ ਦੀ ਰਜਿਸਟਰੀਆਂ ਹੀ ਆਪਣੇ ਨਾਂ ਕਰਵਾਅ ਲਈਆਂ ਹੋਈਆਂ ਹਨ। ਆਓ ਰਲ ਕੇ ਇਨ੍ਹਾਂ ਵਿਸੰਗਤੀਆਂ ਦਾ ਵਿਰੋਧ ਕਰੀਏ  ਇਨ੍ਹਾਂ ਕੋਲੋਂ ਮਾਲਕੀਆਂ ਖੋਹ ਕੇ  ਚੋਣ ਦੇ ਕੋਈ ਕਾਇਦੇ ਕਾਨੂੰਨ ਬਣਾਈਏ। ਸੰਘਰਸ਼ ਕਰਨ ਦੀ ਜਾਚ ਕਿਸਾਨਾਂ ਕੋਲੋਂ ਸਿੱਖੀਏ।ਜੇ ਆਵਾਜ਼ ਬੁਲੰਦ ਨਹੀਂ ਕਰਾਂਗੇ ਤਾਂ ਭਾਈ ਉਹ ਜਿਵੇਂ ਕਹਿੰਦੇ ਹੁੰਦੇ ਨੇ ਅਖੇ ਬਿਨਾਂ ਰੋਇਆਂ ਤਾਂ ਮਾਂ ਵੀ ਦੁੱਧ ਨੀ ਪਿਲਾਉਂਦੀ ਆਵਦੇ। ਜੁਆਕ ਨੂੰ।ਆਓ ਮਿਤਰ ਸੈਨ ਮੀਤ ਭਾਅ ਜੀ ਦਾ ਸਾਥ ਦੇਈਏ।

ਭਾਅ ਜੀ, ਜੇਕਰ ਥੋਡੇ ਵੱਲੋਂ ਕੀਤੇ ਗਏ ਐਨੇ ਯਤਨਾਂ,ਘਾਲੀ ਗਈ ਘਾਲਣਾ,ਖਰਚ ਕੀਤੀ ਗਈ ਸਿਹਤ ਅਤੇ ਬੇਸ਼ਕੀਮਤੀ ਟਾਈਮ ਦੇ ਬਾਵਜੂਦ ਵੀ ਜੇਕਰ ਇਹ ਇਨਾਮ ਵੰਡ ਦਿੱਤੇ ਜਾਂਦੇ ਹਨ ਤਾਂ ਸਿਸਟਮ ਦੇ ਦੁਰ ਫਿੱਟੇ ਮੂੰਹ। ਮੈਂ ਤੁਹਾਡੇ ਸਿਰੜ, ਮਿਹਨਤ, ਲਗਨ ਅਤੇ ਦ੍ਰਿੜ੍ਹਤਾ ਦੇ ਵਾਰੇ ਵਾਰੇ ਜਾਂਦੀ ਹਾਂ। ਤੁਹਾਡੇ ਵਰਗੇ ਬੰਦੇ ਵਿਰਲੇ ਟਾਂਵੇਂ ਹੀ ਮਿਲ ਸਕਦੇ ਹਨ। ਸਲਾਮ ਹੈ ਤੁਹਾਡੇ ਹੌਂਸਲੇ ਨੂੰ। 

ਭਾਅ ਜੀ, ਜੋ ਮੈਂ ਕਹਿਣਾ ਚਾਹੁੰਦੀ ਸੀ ਉਹ ਸਾਰਾ ਤੁਸੀਂ ਕਹਿ ਦਿੱਤਾ। ਮਿੱਤਰ ਸੈਨ ਮੀਤ ਵਰਗੀ ਦਲੇਰੀ ਘੱਟ ਲੋਕਾਂ ਕੋਲ ਹੈ। ਇਹ ਮੀਤ ਭਾਅ ਜੀ ਦੀ ਹੀ ਸੰਮਾਂ ਵਾਲੀ ਡਾਂਗ ਤੋਂ ਡਰਦੇ ਨੇ ਪਰ ਕਈ ਅਖੌਤੀ ਚੌਧਰੀਆਂ ਨੂੰ ਰੱਬ ਨੇ ਚਮੜੀ ਹੀ ਗੈਂਡੇ ਵਰਗੀ ਦਿੱਤੀ ਹੋਈ ਹੈ। ਉਨ੍ਹਾਂ ਉੱਤੇ ਕੋਈ ਅਸਰ ਹੀ ਨਹੀਂ ਹੁੰਦਾ। ਕਿਸੇ ਬੰਦੇ ਦੀ ਪਿੱਠ ਤੇ ਕੰਡਿਆਲੀ ਕਿੱਕਰ ਉੱਗ ਗਈ। ਕਿਸੇ ਸਿਆਣੇ ਬੰਦੇ ਨੇ ਕਿਹਾ ਭਾਈ ਹਾਅ ਤਾਂ ਤੇਰੇ ਨਾਲ ਬਹੁਤ ਮਾੜੀ ਹੋਈ। ਕੋਐ ਪ੍ਰੇਸਨ ਪਰੂਸਨ ਕਰਾਅ ਕੇ ਇਹਨੂੰ ਕਢਾਅ ਦੇ। ਅੱਗਿਓਂ ਆਪਣੇ ਕਈ ਢੀਠ ਵਿਦਵਾਨਾਂ ਵਰਗਾ ਉਹ ਬੰਦਾ ਆਖਣ ਲੱਗਿਆ ਬਈ ਭਾਈ ਸੈਹਬ ਕੀ ਪੁੱਠੀ ਰਾਇ ਦੇਣ ਲੱਗੇ ਓਂ । ਰਤਾ ਅਕਲ ਨੂੰ ਹੱਥ ਮਾਰੋ। ਇਸ ਕਿੱਕਰ ਦੇ ਮੈਨੂੰ ਦੋ ਫਾਇਦੇ ਨੇ।ਪਹਿਲਾ ਤਾਂ ਦੇਖ ਮੇਰੇ ਪਿੰਡੇ ਤੇ ਛਤਰੀ ਬਣੀ ਹੋਈ ਹੈ। ਧੁੱਪ ਛਾਂ ਗਰਮੀ ਸਰਦੀ ਤੋਂ ਬਚਾਅ ਕੇ ਰੱਖਦੀ ਹੈ। ਦੂਆ ਕੋਈ ਦੋਖੀ ਦੁਸ਼ਮਣ ਨੇੜੇ ਨੀ ਢੁੱਕ ਸਕਦਾ। ਕੰਡਿਆਂ ਤੋਂ ਡਰਦਾ ਮਾਰਿਆ ਵਲ ਪਾ ਹੈ ਨੰਘ ਜਾਂਦਾ ਹੈ। ਇੱਜ਼ਤ ਬੇਜ਼ਤੀ ਤਾਂ ਮਸੂਸ ਕਰਨ ਦੀ ਐਂ। ਸੋ ਭਾੳ ਜੀ, ਆਵਾ ਈ ਊਤਿਆ ਪਿਆ ਹੈ

ਭਾਅ ਜੀ, ਤੁਹਾਡੀ ਮਿਹਨਤ  ਲਗਨ ਅਤੇ ਦ੍ਰਿੜ੍ਹਤਾ ਦੀ ਮੈਂ ਕਾਇਲ ਹਾਂ। ਸੱਚ ਮੰਨਿਓਂ ਭਾਅ ਜੀ, ਤੁਹਾਡੇ ਵਿਚਾਰਾਂ ਨੂੰ ਪੜ੍ਹਨ ਤੋਂ ਪਹਿਲਾਂ ਮੈਂ ਸੋਚਦੀ ਸਾਂ ਕਿ ਭਰਿੰਡਾਂ ਦੇ ਛੱਤੇ 'ਚ ਡਲੇ ਮਾਰਨ ਦਾ ਸਿਰਫ਼ ਮੈਨੂੰ ਹੀ ਭੁਸ ਪਿਆ ਹੋਇਆ ਹੈ ਪਰ ਹੁਣ ਲਗਦਾ ਹੈ ਕਿ ਮੀਤ ਭਾਅ ਜੀ ਤਾਂ  ਸਿੱਧਾ ਜਾ ਕੇ ਭਰਿੰਡਾਂ ਦੇ ਖੱਖਰ ਵਿੱਚ ਸਿਰ ਮਾਰਦੇ ਨੇ। ਉੱਤੇ ਕਮਾਲ ਦੀ ਗੱਲ ਇਹ ਹੈ ਕਿ ਭਰਿੰਡਾਂ ਦੇ ਖੱਖਰ ਵਿੱਚ ਸਿਰ ਮਾਰਨ ਦੇ ਬਾਵਜੂਦ ਕੋਈ ਵੀ ਭਰਿੰਡ ਉਨ੍ਹਾਂ ਨੂੰ ਨਾ ਕੱਟਦੀ ਹੈ ਨਾ ਲੜਦੀ ਹੈ ਅਤੇ ਨਾ ਹੀ "ਬੱਢਦੀ" ਹੈ ਸਗੋਂ ਜਾ ਕੇ ਸਿੱਧਧਧਧਧਧਾ ਉਨ੍ਹਾਂ  ਜੁਗਾੜੂ ਲੇਖਕਾਂ ਨੂੰ ਲੜਦੀ ਹੈ ਜਿਹੜੇ ਸੱਚ ਮੁੱਚ ਪੁੱਠੇ ਸਿੱਧੇ ਜੁਗਾੜ ਲੜਾਅ ਕੇ ਗਲਤ ਸਲਤ ਇਨਾਮ ਪ੍ਰਾਪਤ ਕਰ ਲੈਂਦੇ ਹਨ। ਆਪਾਂ ਹੁਣ ਕੱਠੇ ਹੋ ਕੇ ਮੁਹਿੰਮ ਵਿਢਣੀ ਹੈ। ਤੁਹਾਡੇ ਵਰਗੇ ਸੰਵੇਦਨਸ਼ੀਲ ਅਤੇ ਸੱਚੇ-ਸੁੱਚੇ ਕਰਮਯੋਗੀ ਦੀ ਮਿਹਨਤ ਸਦਕਾ ਲੋਕ , ਪਾਠਕ ਵਰਗ ਜਾਗ ਪਿਆ ਹੈ ਅਤੇ ਇਨ੍ਹਾਂ ਜੁਗਾੜੂ ਲੇਖਕਾਂ ਦੀਆਂ ਕਰਤੂਤਾਂ ਤੋਂ ਦੁਖੀ ਹੋਇਆ ਪਿਆ ਹੈ। ਲੋਕਾਂ ਨੂੰ ਜਾਗਰੂਕ ਕਰਨ ਲਈ ਧੰਨਵਾਦ।

ਭਾਅ ਜੀ, ਮੇਰੇ ਘਰੋਗੀ ਹਾਲਤਾਂ ਸਦਕਾ ਮੈਂ ਬੇਸ਼ੱਕ ਤੁਹਾਡੇ ਨਾਲ ਨਹੀਂ ਤੁਰ ਸਕਦੀ ਪਰ ਮੈਂ ਤੁਹਾਡੀ ਸਫ਼ਲਤਾ ਲਈ ਸਵੇਰੇ ਦੀ ਪਹਿਲੀ ਅਰਦਾਸ ਪਰਮਾਤਮਾ ਨੂੰ ਬਿਨਾਂ ਨਾਗਾ ਕਰਦੀ ਹਾਂ। ਘਰ ਘਰ ਪੁੱਤ ਜੰਮਦੇ, ਮਿੱਤਰ ਸੈਨ ਮੀਤ ਨੀ ਕਿਸੇ ਨੇ ਬਣ ਜਾਣਾ। ਬੇਲਗਾਮ  ਢੱਠਿਆਂ ਨੂੰ ਕਾਬੂ ਕਰਨ ਲਈ ਕੋਈ ਮਾਈ ਦਾ ਲਾਲ ਹੋਣਾ ਹੀ ਚਾਹੀਦਾ ਹੈ। ਇਹ ਗੱਲ ਨਹੀਂ ਕਿ ਇਹਨਾਂ ਜੁਗਾੜੂ ਲੇਖਕਾਂ ਤੋਂ ਜਨਤਾ ਦੁਖੀ ਨਹੀਂ ਹੈ ਪਰ ਹਰ ਕੋਈ ਆਪਣੀ ਖੱਲ ਬਚਾਉਣੀ ਚਾਹੁੰਦਾ ਹੈ। ਬਈ ਟੰਬਿਆਂ ਨੂੰ ਬਾਬਾ ਪੰਜੀਰੀ ਨੂੰ ਮੈਂ। ਪਰ ਭਾਅ, ਤੁਸੀਂ ਜੋ ਕਰ ਰਹੇ ਹੋ, ਉਹ ਇਤਿਹਾਸ ਦੇ ਪੰਨਿਆਂ ਤੇ ਗੂੜ੍ਹੇ ਰੰਗਾਂ ਨਾਲ ਲਿਖਿਆ ਜਾਵੇਗਾ। ਪਰਮਾਤਮਾ ਥੋਨੂੰ ਤੰਦਰੁਸਤੀ ਅਤੇ ਹਿੰਮਤ ਦੇਵੇ। 

ਹੁਣ ਤਾਂ ਕਹਾਣੀ ਤੁਰ ਪਈ ਹੈ। ਭਾਅ ਜੀ, ਤੁਹਾਡੇ ਹੋਕੇ ਨੇ ਲੋਕਾਂ ਨੂੰ ਜਾਗਰੂਕ ਕਰ ਹੀ ਦਿੱਤਾ ਹੈ।

(ਇਸ ਸਬੰਧੀ ਮਿਲੀਆਂ ਹੋਰ ਵਿਚਾਰਾਂ ਨੂੰ ਵੀ ਥਾਂ ਦਿੱਤਾ ਜਾਵੇਗਾ। ਤੁਹਾਡੇ ਸਭਨਾਂ ਦੇ ਵਿਚਾਰਾਂ ਦੀ ਉਡੀਕ ਹੈ। ਈਮੇਲ ਦਾ ਪਤਾ ਹੈ: medialink32@gmail.com ਅਤੇ WhatsApp ਦਾ ਨੰਬਰ ਹੈ:+919915322407)

No comments:

Post a Comment