google.com, pub-7610353441165800, DIRECT, f08c47fec0942fa0 ਸਾਹਿਤ ਸਕਰੀਨ: ਸ਼ਨੀਵਾਰ ਨੂੰ ਰਿਲੀਜ਼ ਹੋਵੇਗੀ ਜਸ ਪ੍ਰੀਤ ਕੌਰ ਦੀ ਪੁਸਤਕ "ਪੋਣਾਂ ਦੀ ਸਰਗਮ"

Friday 26 February 2021

ਸ਼ਨੀਵਾਰ ਨੂੰ ਰਿਲੀਜ਼ ਹੋਵੇਗੀ ਜਸ ਪ੍ਰੀਤ ਕੌਰ ਦੀ ਪੁਸਤਕ "ਪੋਣਾਂ ਦੀ ਸਰਗਮ"

"ਸ਼ਬਦਲੋਕ" ਵੱਲੋਂ ਹੋਵੇਗਾ 27 ਫਰਵਰੀ ਨੂੰ ਵਿਸ਼ੇਸ਼ ਆਯੋਜਨ 


ਲੁਧਿਆਣਾ: 26 ਫਰਵਰੀ 2021: (ਰੈਕਟਰ ਕਥੂਰੀਆ//ਸਾਹਿਤ ਸਕਰੀਨ)::
ਡਾ. ਰਣਧੀਰ ਸਿੰਘ ਚੰਦ ਹੁਰਾਂ ਨੇ ਕਈ ਦਹਾਕੇ ਪਹਿਲਾਂ ਲਿਖਿਆ ਸੀ:
ਇੱਕ ਬਿੰਦੂ ਫੈਲ ਕੇ ਦਾਇਰੇ ਬਰਾਬਰ ਹੋ ਗਿਆ 
ਤੇਰਾ ਗਮ ਕਤਰੇ ਜਿਹਾ ਸੀ ਹੁਣ ਸਮੁੰਦਰ ਹੋ ਗਿਆ!
ਜਸ ਪ੍ਰੀਤ ਕੌਰ ਗਿੱਲ ਨੂੰ ਅਮਲਤਾਸ ਨਾਲ ਇਸ਼ਕ ਜਿਹਾ ਹੀ ਕੁਝ ਸੀ। ਇਹ ਨਿਰੰਤਰ ਵਧਦਾ ਰਿਹਾ ਅਤੇ ਕੁਦਰਤ ਦੇ ਹੋਰਨਾਂ ਰੂਪਾਂ ਤੱਕ ਵਿਕਸਿਤ ਹੋ ਗਿਆ। ਫਿਰ ਇਸ ਨੇ ਅੰਗੜਾਈ ਲਈ ਤਾਂ ਕਲਮ ਨੇ ਕੁਝ ਲਿਖਣਾ ਸ਼ੁਰੂ ਕਰ ਦਿੱਤਾ। ਕੁਝ ਹੋਰ ਵਧਿਆ ਤਾਂ ਕਲਮ ਦੇ ਨਾਲ ਨਾਲ ਕੈਮਰਾ ਵੀ ਸ਼ਾਮਲ ਹੋ ਗਿਆ। ਇਹ ਸਿਰਫ ਜਨੂੰਨ ਨਹੀਂ ਸੀ ਇਬਾਦਤ ਵੀ ਸੀ। ਪੀਏਯੂ  ਦੀਆਂ ਸੜਕਾਂ ਤੇ ਤਸਵੀਰਾਂ ਕਲਿੱਕ ਕਰਦੀ ਜਸ ਪ੍ਰੀਤ ਨੂੰ ਬਹੁਤ ਸਾਰੇ ਲੋਕਾਂ ਨੇ ਦੇਖਿਆ। ਕਲਮ ਦੇ ਨਾਲ ਨਾਲ ਕੈਮਰੇ ਵਿੱਚ ਵੀ ਮੁਹਾਰਤ ਹੋ ਗਈ। ਦੋ ਢਾਈ ਸਾਲ ਪਹਿਲਾਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿੱਚ ਜਸ ਪ੍ਰੀਤ ਕੌਰ ਗਿੱਲ ਦੀਆਂ ਕਾਵਿ/ਤਸਵੀਰਾਂ ਦੀ ਪ੍ਰਦਰਸ਼ਨੀ ਲੱਗੀ ਤਾਂ ਬਹੁਤ ਸਾਰੇ ਬੁੱਧੀਜੀਵੀ ਅਤੇ ਕਲਾਪ੍ਰੇਮੀ ਉਸਨੂੰ ਦੇਖਣ ਲਈ ਆਏ। 
ਡਾਕਟਰ ਸੁਰਜੀਤ ਪਾਤਰ, ਡਾਕਟਰ ਲਖਵਿੰਦਰ ਜੌਹਲ, ਡਾਕਟਰ ਜਗਦੀਸ਼ ਕੌਰ, ਡਾਕਟਰ ਨਿਰਮਲ ਜੌੜਾ ਅਤੇ ਬਹੁਤ ਸਾਰੇ ਹੋਰਾਂ ਨੇ ਇਹਨਾਂ ਤਸਵੀਰਾਂ ਨੂੰ ਬੜੇ ਹੀ ਗਹੁ ਨਾਲ ਦੇਖਿਆ। ਮੀਡੀਆ ਵੀ ਭਾਰੀ ਗਿਣਤੀ ਵਿੱਚ ਪਹੁੰਚਿਆ। ਬਹੁਤ ਸਾਰੇ ਮਹਿਮਾਨਾਂ ਨੇ ਇਹਨਾਂ ਦੀ ਸ਼ਲਾਘਾ ਵੀ ਕੀਤੀ। ਰਮਜ਼ਾਂ ਭਰੀਆਂ ਇਹਨਾਂ ਤਸਵੀਰਾਂ ਦੇ ਸੁਨੇਹਿਆਂ ਦੀ ਵੀ ਚਰਚਾ ਹੋਈ ਪਰ ਪ੍ਰਦਰਸ਼ਨੀ ਦੇ ਤੀਜੇ ਜਾਂ ਚੌਥੇ ਦਿਨ ਅਰਥਾਤ ਆਖਿਰੀ ਦਿਨ ਇਹ ਐਗਜ਼ੀਬੀਸ਼ਨ ਜਲਦੀ ਮੁੱਕ ਗਈ। ਬੁਧੀਜੀਵੀ ਉਂਝ ਵੀ ਗਿਣਤੀ ਵਿਚ ਘੱਟ ਹੀ ਹੁੰਦੇ ਹਨ ਸੋ ਉਹ ਸਾਰੇ ਦੇਖ ਗਏ ਸਨ। ਹੁਣ ਵਾਰੀ ਉਹਨਾਂ ਦੀ ਸੀ ਜਿਹਨਾਂ ਕੋਲੋਂ ਬੁੱਧੀ ਦੇ ਨਾਲ ਨਾਲ ਪੈਸੇ ਵੀ ਹੁੰਦਾ ਹੈ ਅਤੇ ਉਸ ਪੈਸੇ ਨੂੰ ਖਰਚਣ ਦਾ ਦਿਲ ਵੀ ਪਰ ਉਹ ਲੋਕ ਨਹੀਂ ਆਏ। ਕਾਰਨ ਸਮਝ ਨਹੀਂ ਆਇਆ ਪਰ ਉਹਨਾਂ ਦੀ ਗੈਰ ਹਾਜ਼ਿਰੀ ਖਟਕਦੀ ਰਹੀ।  ਪ੍ਰਦਰਸ਼ਨੀ ਅੱਧਾ ਕੁ ਦਿਨ ਪਹਿਲਾਂ ਹੀ ਮੁੱਕ ਗਈ। 
ਉਸਤੋਂ ਬਾਅਦ ਚੰਡੀਗੜ੍ਹ ਵਿੱਚ ਵੀ ਅਜਿਹੀ ਪ੍ਰਦਰਸ਼ਨੀ ਲੱਗਣੀ ਸੀ ਪਰ ਉਹ ਸ਼ਾਇਦ ਅਜੇ ਤੀਕ ਨਹੀਂ ਲੱਗ ਸਕੀ। ਕੋਰੋਨਾ,  ਕਿਸਾਨ ਅੰਦੋਲਨ  ਅਤੇ ਕਈ ਹੋਰ ਕਾਰਨਾਂ ਨੇ ਸ਼ਾਇਦ ਆਪਣਾ ਅਸਰ ਪਾਇਆ ਹੋਣੈ। ਦਰਸ਼ਕਾਂ ਦੀ ਘਾਟ ਲੁਧਿਆਣਾ ਦੇ ਵਿਕਾਸ ਦਾ ਪਤਾ ਦੇ ਰਹੀ ਸੀ ਕਿ ਇਥੇ ਬਹੁਤ ਪੈਸਾ ਹੈ। ਵਿਕਾਸ ਵੀ ਬਹੁਤ ਹੋਇਆ ਹੈ ਪਰ ਆਮ ਜਨਤਾ ਦੇ ਸੁਹਜ ਸੁਆਦ ਵਾਲੇ ਪਾਸੇ ਅਜੇ ਤੱਕ ਕੋਈ ਬਹੁਤੀ ਗੱਲ ਨਹੀਂ ਬਣੀ ਲੱਗਦੀ। ਕਲਾਕਾਰ ਸ਼ਾਇਦ ਅਜੇ ਤੱਕ ਨਿਰਾਸ ਵੀ ਹਨ। ਕਲਾਕਾਰ ਸਿਰਫ ਮਹਿਸੂਸ ਕਰਦੇ ਹਨ। ਬੋਲਦੇ ਨਹੀਂ। ਸੋ ਜਸ ਪ੍ਰੀਤ ਨੇ ਵੀ ਕਦੇ ਕਿਸੇ ਨਾਲ ਕੋਈ ਗਿਲਾ ਨਾ ਕੀਤਾ। ਕਦੇ ਕੁਝ ਨਾ ਬੋਲਿਆ। ਕੋਈ ਸ਼ਿਕਵਾ ਨਾ ਕੀਤਾ ਕੋਈ ਸ਼ਿਕਾਇਤ ਨਾ ਕੀਤੀ। 
ਇਹਨਾਂ ਆਯੋਜਨਾਂ ਅਤੇ ਤਸਵੀਰਾਂ ਦੀ ਤਿਆਰੀ ਤੇ ਖਰਚਾ ਕਾਫੀ ਹੋ ਗਿਆ ਸੀ। ਜਸ ਪ੍ਰੀਤ ਨੇ ਇਹ ਸਾਰਾ ਖਰਚਾ ਪੱਲਿਓਂ ਪੂਰਾ ਕੀਤਾ। ਫੋਟੋ ਫਰੇਮਾਂ ਤੋਂ ਲੈ ਕੇ ਆਏ ਗਏ ਨੂੰ ਪੁਛੇ ਗਏ ਚਾਹ ਪਾਣੀ ਤੱਕ। ਬੜੀ ਮੁਸ਼ਕਲ ਨਾਲ ਬਸ ਇਹੀ ਪਤਾ ਲੱਗ ਸਕਿਆ ਕਿ ਖਰਚਾ ਸ਼ਾਇਦ ਦੋ ਲੱਖ ਰੁਪਏ ਤੋਂ ਵੱਧ ਤੱਕ ਦਾ ਹੋ ਗਿਆ ਸੀ। ਇੱਕ ਉਮੀਦ ਸੀ ਕਿਸੇ ਸਰਕਾਰੀ ਇਮਦਾਦ ਦੀ ਪਰ ਉਹ ਬਹੁਤ ਦੇਰ ਤੱਕ ਤਾਂ ਨਹੀਂ ਸੀ ਆਈ। ਸਿਆਸੀ ਅਤੇ ਪ੍ਰਸ਼ਾਸਨਿਕ ਹਾਲਾਤ ਵੀ ਬਦਲਦੇ ਗਏ ਅਤੇ ਕੰਮ ਅੱਗੇ ਤੋਂ ਅੱਗੇ ਪੈਂਦੇ ਰਹੇ। 
ਫੋਟੋਗ੍ਰਾਫੀ ਵਿੱਚ ਕਮਾਲ ਦੀ ਮੁਹਾਰਤ ਹਾਸਲ ਕਰਨ ਵਾਲੀ ਸ਼ਾਇਰਾ ਅਤੇ ਲੇਖਿਕਾ ਜਸਪ੍ਰੀਤ ਕੌਰ ਗਿੱਲ ਹੁਣ ਫਿਰ ਚਰਚਾ ਵਿੱਚ ਹੈ। ਅਮਲਤਾਸ ਨਾਲ ਉਸਦੇ ਇਸ਼ਕ ਅਤੇ ਕੁਦਰਤ ਨਾਲ ਰੂਹਾਨੀ ਪ੍ਰੇਮ ਨੇ ਉਸਨੂੰ ਹਮੇਸ਼ਾਂ ਪ੍ਰੇਰਣਾ ਦਿੱਤੀ ਅਤੇ ਉਸ ਕੋਲੋਂ ਨਵਾਂ ਸਾਹਿਤ ਲਿਖਵਾਇਆ। ਇਹ ਪੁਸਤਕ ਵੀ ਇਸੇ ਤਰ੍ਹਾਂ ਦੇ ਸਾਹਿਤ ਤੇ ਅਧਾਰਿਤ ਹੈ। ਇਹ ਪੁਸਤਕ "ਸ਼ਬਦਲੋਕ" ਵੱਲੋਂ ਲੁਧਿਆਣਾ ਦੀ ਫਿਰੋਜ਼ਪੁਰ ਰੋਡ ਤੇ ਸਥਿਤ ਮਹਾਰਾਜਾ ਰਿਜੈਂਸੀ ਦੇ ਰੀਗਲ ਹਾਲ ਵਿਚ ਬਾਅਦ ਦੁਪਹਿਰ ਢਾਈ ਵਜੇ ਰਿਲੀਜ਼ ਕੀਤੀ ਜਾਣੀ ਹੈ। ਇਸ ਸਮਾਗਮ ਵਿਚ ਮੀਡੀਆ ਅਤੇ ਸਾਹਿਤ ਜਗਤ ਨਾਲ ਸਬੰਧਤ ਕਈ ਸ਼ਖਸੀਅਤਾਂ ਸ਼ਾਮਲ ਹੋਣਗੀਆਂ। ਫੋਟੋਗ੍ਰਾਫੀ ਅਤੇ ਸ਼ਾਇਰੀ ਦੇ ਸੁਮੇਲ ਵਾਲਿਆਂ ਇਹਨਾਂ ਕਵਿਤਾਵਾਂ ਦਾ ਅੰਗਰੇਜ਼ੀ ਅਨੁਵਾਦ ਕੀਤਾ ਹੈ ਉੱਘੇ ਸ਼ਾਇਰ ਅਤੇ ਵਿਦਿਅਕ ਸ਼ਖ਼ਸੀਅਤ ਡਾਕਟਰ ਜਗਤਾਰ ਧੀਮਾਨ ਨੇ। 
ਜਿੱਥੇ ਕਲਾਕਾਰਾਂ ਨੂੰ ਉਹਨਾਂ ਦੀ ਮਿਹਨਤ ਅਤੇ ਲਾਗਤ ਦਾ ਮੁੱਲ ਵੀ ਨਾ ਮਿਲੇ ਉੱਥੇ ਵੀ ਕਲਾ ਦਾ ਜਨੂੰਨ ਹੋਣਾ ਕਿਸੇ ਚਮਤਕਾਰ ਤੋਂ ਘੱਟ ਤਾਂ ਨਹੀਂ! ਜਸ ਪ੍ਰੀਤ ਕੌਰ ਗਿੱਲ ਦੇ ਇਸ ਕਲਾਪ੍ਰੇਮ ਨੂੰ ਦੇਖ ਕੇ ਯਾਦ ਆ ਰਹੀਆਂ  ਸ਼ਾਇਰਾ ਕਵਿਤਾ ਕਿਰਨ ਦੀਆਂ ਸਤਰਾਂ:
ਨਾਮੁਮਕਿਨ ਕੋ ਮੁਮਕਿਨ ਕਰਨੇ ਨਿਕਲੇ ਹੈਂ!
ਹਮ ਛਲਨੀ ਮੈਂ ਪਾਨੀ ਭਰਨੇ ਨਿਕਲੇ ਹੈਂ!

-ਰੈਕਟਰ ਕਥੂਰੀਆ  

No comments:

Post a Comment