google.com, pub-7610353441165800, DIRECT, f08c47fec0942fa0 ਸਾਹਿਤ ਸਕਰੀਨ: ਹਨੇਰਿਆਂ ਵਿਰੁੱਧ ਜਗਦੀ ਮਸ਼ਾਲ ਵਾਂਗ ਹੈ "ਅਣੂ" ਦਾ ਨਿਰੰਤਰ ਪ੍ਰਕਾਸ਼ਨ

Tuesday 23 February 2021

ਹਨੇਰਿਆਂ ਵਿਰੁੱਧ ਜਗਦੀ ਮਸ਼ਾਲ ਵਾਂਗ ਹੈ "ਅਣੂ" ਦਾ ਨਿਰੰਤਰ ਪ੍ਰਕਾਸ਼ਨ

 ਐਮਰਜੈਂਸੀ ਤੋਂ ਕਿਸਾਨ ਅੰਦੋਲਨ ਤੱਕ ਬੁਲੰਦ ਆਵਾਜ਼ ਵਾਲੀ ਕਲਮੀ ਗਵਾਹੀ 

ਲੁਧਿਆਣਾ:23 ਫਰਵਰੀ 2021: (ਰੈਕਟਰ ਕਥੂਰੀਆ//ਸਾਹਿਤ ਸਕਰੀਨ)::

ਜਦੋਂ ਪੰਜਾਬ ਵਿੱਚ ਐਮਰਜੈਂਸੀ ਵਾਲਾ ਮਾਹੌਲ ਸੀ ਉਦੋਂ ਵੀ ਅਣੂ ਸੱਚ ਦੀ ਆਵਾਜ਼ ਬੁਲੰਦ ਕਰਦਾ ਰਿਹਾ। ਜਦੋਂ ਪੰਜਾਬ ਵਿੱਚ ਗੋਲੀ ਦਾ ਰਾਜ ਸ਼ੁਰੂ ਹੋਇਆ ਉਦੋਂ ਵੀ ਅਣੂ ਬੇਖੌਫ ਹੋ ਕੇ ਲੋਕਾਂ ਦੇ ਦਿਲ ਦੀਆਂ ਗੱਲਾਂ ਕਰਦਾ ਰਿਹਾ। ਇਹ ਸੁਰਿੰਦਰ ਕੈਲੇ ਹੁਰਾਂ ਦੇ ਅੰਦਰ ਲੁਕੀ ਹਿੰਮਤ ਦਾ ਹੀ ਕਮਾਲ ਸੀ। ਜਨੂਨ ਦਾ ਹੀ ਇੱਕ ਕ੍ਰਿਸ਼ਮਾ। ਸਰਪੰਚੀ, ਸਿਆਸਤ, ਪਰਿਵਾਰ, ਦੁਨੀਆਦਾਰੀ, ਸਾਹਿਤਕ ਸਰਗਰਮੀਆਂ ਅਤੇ ਨਾਲ ਨਾਲ ਅਣੂ ਹਮੇਸ਼ਾਂ ਪਰਛਾਵੇਂ ਰਿਹਾ। ਕਦੇ ਵੀ ਨਹੀਂ ਭੁੱਲਿਆ। ਚਾਹੁੰਦੇ ਤਾਂ ਆਪਣੇ ਅਸਰ ਰਸੂਖ ਨੂੰ ਵਰਤ ਕੇ ਅਣੂ ਨੂੰ ਕੌਮਾਂਤਰੀ ਆਕਾਰ ਦੇ ਕੇ ਆਮਦਨ ਦਾ ਜ਼ਰੀਆ ਬਣਾ ਲੈਂਦੇ ਪਰ ਕੈਲੇ ਸਾਹਿਬ ਨੇ ਖਰਚ ਵਾਲਾ ਰਸਤਾ ਹੀ ਚੁਣਿਆ। ਨਾ ਕਦੇ ਦਾਹੜੀ ਦਾਈ ਕੀਤੀ ਅਤੇ ਨਾ ਹੀ ਸ਼ਖ਼ਸੀਅਤ ਵੱਲ ਕਦੇ ਉਂਗਲ ਉੱਠਣ ਦਿੱਤੀ। ਭਰਮਾਉਣ ਵਾਲੇ ਮਾਹੌਲ ਵਿੱਚ ਵੀ ਬੜੀ ਨਿਰਲੇਪਤਾ ਨਾਲ ਦੁਨੀਆ ਦੇ ਰੰਗ ਤਮਾਸ਼ੇ ਦੇਖੇ ਅਤੇ ਅਣੂ  ਕਦੇ ਨਾ ਛੱਡੀ। 

ਨਾ ਕੋਈ ਇਸ਼ਤਿਹਾਰ, ਨਾ ਕੋਈ ਫੰਡ। ਸਿਰਫ ਆਪਣੀ ਹੀ ਕਿਰਤ ਕਮਾਈ ਨੂੰ ਦਸਵੰਧ ਵਾਂਗ ਖਰਚਣਾ ਅਤੇ ਹਰ ਵਾਰ ਅਣੂ ਦਾ ਨਵਾਂ ਅੰਕ ਸਭਨਾਂ ਦੇ ਸਾਹਮਣੇ ਲਿਆ ਰੱਖਣਾ। ਇਹ ਸੱਚਮੁੱਚ ਬਹੁਤ ਵੱਡਾ ਕਾਰਜ ਸੀ ਜਿਸਦੀ ਕਦੇ ਵੀ ਉਸ ਪੱਧਰ ਤੇ ਚਰਚਾ ਨਹੀਂ ਹੋਈ ਜਿੰਨੀ ਕਿ ਹੋਣੀ ਚਾਹੀਦੀ ਸੀ। 

ਕੈਲੇ ਹੁਰਾਂ ਨੇ ਦੁਨੀਆ ਦੇਖੀ ਹੋਈ ਹੋਣ ਦੇ ਬਾਵਜੂਦ ਨਾ ਕਦੇ ਤਿਕੜਮਬਾਜ਼ੀ ਤੋਂ ਕੰਮ ਲਿਆ ਤੇ ਨਾ ਕਦੇ ਮੂੰਹ ਮੁਲਾਹਜ਼ਿਆਂ ਤੋਂ। ਕਿਸੇ ਨੂੰ ਜੇ ਵਿਰੋਧੀ ਸੁਰ ਵਿੱਚ ਵੀ ਕੋਈ ਸਲਾਹ ਦੇਣੀ ਪਈ ਤਾਂ ਏਨੇ ਨਰਮ ਅੰਦਾਜ਼ ਵਿੱਚ ਕਿ ਸੁਣਨ ਵਾਲੇ ਨੂੰ ਵੀ ਉਹ ਸਲਾਹ ਬੜੀ ਦੋਸਤਾਨਾ ਲੱਗਦੀ ਕਿਓਂਕਿ ਉਹ ਸਲਾਹ ਸੱਚਮੁੱਚ ਨੇਕ ਹੀ ਹੋਇਆ ਕਰਦੀ। 

ਸੁਰਿੰਦਰ ਕੈਲੇ ਹੁਰਾਂ ਨੇ ਇਹ ਸਭ ਕੁਝ ਕਿਸੇ ਪੂਜਾ ਪਾਠ ਵਾਂਗ ਕੀਤਾ। ਨਾ ਕੋਈ ਸ਼ੋਰ ਸ਼ਰਾਬਾ, ਨਾ ਕੋਈ ਵੱਡਾ ਦਾਅਵਾ। ਬਸ ਆਪਣੀ ਮਸਤ ਚਾਲੇ ਚਲਦਿਆਂ ਕੈਲੇ ਹੁਰਾਂ ਨੇ ਅਣੂ ਦੇ ਮਾਰਚ-2021 ਦੇ ਅੰਕ ਨਾਲ ਇੱਕ ਵੱਡੀ ਪੁਲਾਂਘ ਪੁੱਟੀ ਅਤੇ ਇਹ ਅਣੂਰੂਪ ਪਰਚਾ ਆਪਣੇ ਪੰਜਾਹਵੇਂ ਵਰ੍ਹੇ ਵਿੱਚ ਦਾਖਲ ਹੋ ਗਿਆ। ਪੰਜਾਹ ਵਰ੍ਹੇ ਪੂਰੇ ਕਰਨਾ ਕੋਈ ਸੌਖਾ ਕੰਮ ਨਹੀਂ ਹੁੰਦਾ ਅੱਜਕਲ। ਲੋਕ ਆਪੋ ਆਪਣੇ ਸਾਹਿਤਿਕ ਰਸਾਲਿਆਂ ਦੀ ਉਮਰ ਬੜੀ ਮੁਸ਼ਕਲ ਹਫਤਿਆਂ ਮਹੀਨਿਆਂ ਤੱਕ ਹੀ ਪੂਰੀ ਕਰਦੇ ਹਨ। ਅਜਿਹੀ ਹਾਲਤ ਵਿੱਚ ਅਣੂ ਇੱਕ ਮਿਸਾਲ ਬਣ ਕੇ ਸਾਹਮਣੇ ਆਇਆ ਹੈ। ਜ਼ਿੰਦਗੀ ਦੇ ਸੁਹਜ ਸਵਾਦ ਨੂੰ ਨਿਗਲ ਜਾਣ ਵਾਲੇ ਹਨੇਰਿਆਂ ਵਿਰੁੱਧ ਜਗਦੀ ਮਸ਼ਾਲ ਵਾਂਗ। -ਰੈਕਟਰ ਕਥੂਰੀਆ 

Literary scene pexels-photo-by Polina Zimmerman ਕੋਲਾਜ; ਸਾਹਿਤ ਸਕਰੀਨ ਡੈਸਕ 

No comments:

Post a Comment