google.com, pub-7610353441165800, DIRECT, f08c47fec0942fa0 ਸਾਹਿਤ ਸਕਰੀਨ: ਗ਼ਜ਼ਲ//ਕਾਰਤਿਕਾ ਸਿੰਘ

Saturday 17 August 2019

ਗ਼ਜ਼ਲ//ਕਾਰਤਿਕਾ ਸਿੰਘ

ਜੇ ਮੀਟਿੰਗ ਵਿੱਚ ਮੈਂ ਨ ਜਾਂਦੀ ਤਾਂ ਆਲਮ ਹੋਰ ਹੋਣਾ ਸੀ।
ਜੇ ਹਾਂ ਵਿੱਚ ਹਾਂ ਮਿਲਾ ਆਂਦੀ ਤਾਂ ਆਲਮ ਹੋਰ ਹੋਣਾ ਸੀ।

ਮੈਂ ਮੁੱਦਾ ਚੁੱਕ ਲਿਆ ਸੱਚ ਦਾ ਤੇ ਹੁਣ ਤੱਕ ਭੁਗਤਿਆ ਵੀ ਹੈ,
ਜੇ ਝੂਠਾ ਰਾਗ ਗਾ ਆਂਦੀ ਤਾਂ ਆਲਮ ਹੋਰ ਹੋਣਾ ਸੀ।

ਮੋਹੱਬਤ ਸੀ ਬੜੀ ਸੱਚੀ, ਪਰਖ ਵਿੱਚ ਹਾਰ ਗਈ ਐਪਰ,
ਗਲੇ ਸੂਲੀ ਨੂੰ ਲਾ ਆਂਦੀ ਤਾਂ ਆਲਮ ਹੋਰ ਹੋਣਾ ਸੀ।

ਬੜੀ ਬਦਰੰਗ ਹੈ ਦੁਨੀਆ ਮਗਰ ਰੰਗੀਨ ਲੱਗਦੀ ਹੈ,
ਜੇ ਅਸਲੀ ਰੰਗ 'ਚ ਆ ਜਾਂਦੀ ਤਾਂ ਆਲਮ ਹੋਰ ਹੋਣਾ ਸੀ।

ਬੜੀ ਹੀ ਤੇਜ਼ ਬਾਰਿਸ਼ ਹੈ, ਬਣੂ ਝੁੱਗੀਆਂ ਦਾ ਕੀ ਆਖਿਰ,
ਜੇ ਮਹਿਲਾਂ ਨੂੰ ਵਹਾ ਜਾਂਦੀ ਤਾਂ ਆਲਮ ਹੋਰ ਹੋਣਾ ਸੀ।

ਕਦੇ ਕਸ਼ਮੀਰ ਦੀ ਚਰਚਾ, ਕਦੇ ਲਾਹੌਰ ਦੀ ਚਰਚਾ,
ਜੇ ਗੱਲ ਲੋਕਾਂ ਦੀ ਛਾ ਜਾਂਦੀ ਤਾਂ ਆਲਮ ਹੋਰ ਹੋਣਾ ਸੀ।

ਮੋਹੱਬਤ ਸੀ ਮਗਰ ਇਜ਼ਹਾਰ ਇਸਦਾ ਕਰ ਨਹੀਂ ਹੋਇਆ,
ਜ਼ੁਬਾਂ 'ਤੇ ਗੱਲ ਜੇ ਆ ਜਾਂਦੀ ਤਾਂ ਆਲਮ ਹੋਰ ਹੋਣਾ ਸੀ।

ਉਹਨੇ ਇਜ਼ਹਾਰ ਕੀਤਾ ਸੀ ਮੋਹੱਬਤ ਦਾ ਮਗਰ ਉਸ ਵਿੱਚ,
ਮੋਹੱਬਤ ਨਜ਼ਰ ਆ ਜਾਂਦੀ ਤਾਂ ਆਲਮ ਹੋਰ ਹੋਣਾ ਸੀ।

ਇਹ ਦੁਨੀਆ ਮੈਂ ਨਹੀਂ ਸਿਰਜੀ, ਇਹ ਸਿਰਜੀ ਹੈ ਕਿਸੇ ਰੱਬ ਨੇ,
ਜੇ ਮੈਨੂੰ ਜਾਚ ਆ ਜਾਂਦੀ ਤਾਂ ਆਲਮ ਹੋਰ ਹੋਣਾ ਸੀ।

ਬੜੇ ਹੀ ਇੰਨਕਲਾਬੀ ਸਨ, ਤੁਰੇ ਇਸ ਰਾਹ ' ਤੇ ਜਿਹੜੇ!
ਕਣੀ ਸਭਨਾਂ 'ਚ ਆ ਜਾਂਦੀ ਤਾਂ ਆਲਮ ਹੋਰ ਹੋਣਾ ਸੀ।

ਅਸੀਂ ਲੈ ਕੇ ਤੁਰੇ ਝੰਡਾ ਕਿ ਦੁਨੀਆ ਬਦਲ ਦੇਵਾਂਗੇ,
ਜੇ ਸੱਚੀਂਓਂ ਜਾਚ ਆ ਜਾਂਦੀ ਤਾਂ ਆਲਮ ਹੋਰ ਹੋਣਾ ਸੀ।

ਕਦੇ ਖਿਚੜੀ, ਕਦੇ ਚਾਵਲ, ਕਦੇ ਦਲੀਆ, ਕਦੇ ਡੋਸਾ!
ਜੇ ਉਪਮਾ ਵੀ ਬਣਾ ਜਾਂਦੀ ਤਾਂ ਆਲਮ ਹੋਰ ਹੋਣਾ ਸੀ।

ਸਹੇਲੀ ਹੈ ਮੇਰੀ ਪਰ ਗੱਲ ਚਾਹ ਪੀ ਕੇ ਹੀ ਸੁਣਦੀ ਹੈ,
ਜੇ ਦੋ ਘੁੱਟ ਚਾਹ ਪਿਆ ਜਾਂਦੀ ਤਾਂ ਆਲਮ ਹੋਰ ਹੋਣਾ ਸੀ।
                 ----------------

No comments:

Post a Comment