google.com, pub-7610353441165800, DIRECT, f08c47fec0942fa0 ਸਾਹਿਤ ਸਕਰੀਨ: ਪ੍ਰੋਫੈਸਰ ਮੋਹਨ ਸਿੰਘ ਜੀ ਨੂੰ ਸਿਮਰਦਿਆਂ.....//ਗੁਰਭਜਨ ਗਿੱਲ

Tuesday, 21 October 2025

ਪ੍ਰੋਫੈਸਰ ਮੋਹਨ ਸਿੰਘ ਜੀ ਨੂੰ ਸਿਮਰਦਿਆਂ.....//ਗੁਰਭਜਨ ਗਿੱਲ

Emailed on Tuesday 21st October at 11:50 AM Regarding Professor Mohan Singh 

 .....ਕਿ ਕੌਫੀ ਵਿੱਚ ਮਿੱਠਾ ਖੌਰਨ ਵੇਲੇ ਚਮਚਾ ਖੜਕਣ ਦੀ ਆਵਾਜ਼ ਨਹੀਂ ਸੁਣਨੀ ਚਾਹੀਦੀ


ਪ੍ਰੋ਼ ਮੋਹਨ ਸਿੰਘ 20 ਅਕਤੂਬਰ 1905 ਨੂੰ ਧਮਿਆਲ(ਰਾਵਲਪਿੰਡੀ)ਵਿੱਚ ਜਨਮੇ ਤੇ 3 ਮਈ 1978 ਨੂੰ ਮਹਾਰਾਜ ਨਗਰ (ਨੇੜੇ ਪੀਏ ਯੂ ਗੇਟ ਨੰਬਰ 3) ਲੁਧਿਆਣਾ ਵਿੱਚ ਸਦੀਵੀ ਅਲਵਿਦਾ ਕਹਿ ਗਏ।

ਫਾਰਸੀ ਦੀ ਐਮ ਏ ਕਰਨ ਤੋਂ ਬਾਅਦ ਖਾਲਸਾ ਕਾਲਜ, ਅੰਮ੍ਰਿਤਸਰ ਵਿੱਚ ਬਤੌਰ ਲੈਕਚਰਰ ਅਧਿਆਪਨ ਦਾ ਕੰਮ ਸ਼ੁਰੂ ਕੀਤਾ। 

ਸੰਨ 1935 ਵਿੱਚ ਅਸਤੀਫ਼ਾ ਦੇ ਕੇ ਲਾਹੌਰ ਤੋਂ ਮਾਸਿਕ ਸਾਹਿੱਤਕ ਮੈਗਜ਼ੀਨ “ਪੰਜ ਦਰਿਆ” ਸ਼ੁਰੂ ਕੀਤਾ।

ਲੇਖਕ - ਗੁਰਭਜਨ ਗਿੱਲ 
ਡਾ. ਮਹਿੰਦਰ ਸਿੰਘ ਰੱਧਾਵਾ ਨੇ ਵਾਈਸ ਚਾਂਸਲਰ ਹੁੰਦਿਆਂ ਆਪ ਨੂੰ ਭਾਸ਼ਾਵਾਂ ਤੇ ਸੱਭਿਆਚਾਰ ਵਿਭਾਗ ਸਥਾਪਤ ਕਰਨ ਲਈ ਬੁਲਾਇਆ ਤੇ 1969 ਤੋਂ  1974 ਤੀਕ ਆਪ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਵਿੱਚ ਪ੍ਰੋਫੈਸਰ ਐਮਰੀਟਸ ਰਹੇ। ਸੁਰਜੀਤ ਪਾਤਰ ਤੇ ਮੇਹਨਜੀਤ ਆਪ ਦੇ ਖੋਜ ਸਹਾਇਕ ਰਹੇ। ਮਗਰੋਂ ਕੁੰਝ ਸਮਾਂ ਡਾ. ਰਣਧੀਰ ਸਿੰਘ ਚੰਦ ਵੀ ਇਨ੍ਹਾਂ ਨਾਲ ਖੋਜ ਸਹਾਇਕ ਰਹੇ। 

ਡਾ. ਸ ਪ ਸਿੰਘ ਜੀ ਦੇ ਆਦੇਸ਼ ਤੇ ਬਹੁਤ ਵਾਰ ਮੈਂ ਤੇ ਸ਼ਮਸ਼ੇਰ ਸਿੰਘ ਸੰਧੂ ਸਾਈਕਲ ਸਵਾਰ ਹੋ ਕੇ ਜੀ ਜੀ ਐੱਨ ਖਾਲਸਾ ਕਾਲਿਜ ਲੁਧਿਆਣਾ ਦੇ ਸਾਹਿੱਤਕ ਸਮਾਗਮਾਂ ਲਈ ਪ੍ਰੋ. ਮੇਹਨ ਸਿੰਘ ਜੀ ਨੂੰ ਸੱਦਾ ਪੱਤਰ ਦੇਣ ਜਾਂਦੇ ਸਾਂ। ਉਹ ਹਰ ਵਾਰ ਸਾਨੂੰ  ਪਾਲ ਆਡੀਟੋਰੀਅਮ ਉੱਪਰਲੀ ਕੈਨਟੀਨ ਵਿੱਚੋਂ ਮੰਗਵਾ ਕੇ ਕੌਢੀ ਦਾ ਪਿਆਲਾ ਪਿਆ ਕੇ ਪਰਤਣ ਦਿੰਦੇ ਸਨ।

ਇੱਕ ਸੱਚ ਹੋਰ-ਉਨ੍ਹਾਂ ਹੀ ਸਾਨੂੰ ਕੌਫੀ ਵਿੱਚ ਮਿੱਠਾ ਖੌਰਨ ਦੀ ਵਿਧੀ ਸਮਝਾਉਂਦਿਆਂ ਦੱਸਿਆ ਸੀ ਕਿ ਚਮਚਾ ਖੜਕਣ ਦੀ ਆਵਾਜ਼ ਨਹੀਂ ਸੁਣਨੀ ਚਾਹੀਦੀ।

ਇਹੋ ਜਹੀ ਗੱਲ ਇੱਕ ਵਾਰ ਪੰਜਾਬ ਕੇਸਰੀ ਗਰੁੱਪ ਦੇ ਮੁਖੀ ਬਾਊ ਵਿਜੈ ਕੁਮਾਰ ਜੀ ਨੇ ਵੀ  ਮੈਨੂੰ ਸੁਣਾਈ ਸੀ ਤੇ ਮੇਰੀ ਬੇਨਤੀ ਤੇ ਉਨ੍ਹਾਂ ਸੰਪਾਦਕੀ ਵਿੱਚ ਵੀ ਇਹ ਗੱਲ ਲਿਖੀ ਸੀ ਕਿ ਕਿਵੇਂ ਸੋਵੀਅਤ ਦੇਸ਼ ਦੇ ਡੈਲੀਗੇਸ਼ਨ ਵਿੱਚ ਜਾਣ ਤੋਂ ਪਹਿਲਾਂ ਉਨ੍ਹਾਂ ਕੁਝ ਜ਼ਰੂਰੀ ਨੁਕਤੇ ਸਮਝਾਏ ਸਨ। ਉਦੋਂ ਪ੍ਹੋ. ਮੋਹਨ ਸਿੰਘ ਪੱਕਾ ਬਾਗ ਜਲੰਧਰ ਵਿੱਚ ਪੰਜਾਬ ਕੇਸਰੀ ਪਰਿਵਾਰ ਦੇ ਗੁਆਂਢੀ ਸਨ। ਇੱਥੇ ਹੀ ਉਨ੍ਹਾਂ ਦੀ ਪ੍ਰਕਾਸ਼ਨ ਸੰਸਥਾ ਹਿੰਦ ਸਮਾਚਾਰ ਪਬਲਿਸ਼ਰਜ਼ ਚੱਲਦੀ ਸੀ।

ਆਧੁਨਿਕ ਪੰਜਾਬੀ ਕਵਿਤਾ ਦੇ ਸਿਰਮੌਰ ਕਵੀਆਂ ਦੀ ਮੂਹਰਲੀ ਕਤਾਰ ਵਿੱਚੋਂ ਸਨ ਪ੍ਹੋ. ਮੋਹਨ ਸਿੰਘ। । ਇਨ੍ਹਾਂ ਨੇ ਪੰਜਾਬੀ ਜੀਵਨ ਦੇ ਹਰੇਕ ਪੱਖ ਤੇ ਕਵਿਤਾ ਲਿਖੀ । ਇਨ੍ਹਾਂ ਦੀਆਂ ਕਵਿਤਾਵਾਂ ਦੇ ਚਰਿੱਤਰ ਤੁਹਾਨੂੰ ਪੰਜਾਬ ਵਿੱਚ ਹਰ ਥਾਂ ਮਿਲ ਜਾਣਗੇ । ਇਨ੍ਹਾਂ ਦੀ ਕਵਿਤਾ ਦਾ ਸੰਦੇਸ਼ ਸਾਦਾ ਤੇ ਸਪਸ਼ਟ ਹੁੰਦਾ ਹੈ ।
ਇਨ੍ਹਾਂ ਦੇ ਕਾਵਿ ਸੰਗ੍ਰਹਿ ਹਨ:
ਸਾਵੇ ਪੱਤਰ,
ਕਸੁੰਭੜਾ,
ਅਧਵਾਟੇ,
ਕੱਚ ਸੱਚ,
ਆਵਾਜ਼ਾਂ,
ਵੱਡਾ ਵੇਲਾ,
ਜੰਦਰੇ,
ਜੈ ਮੀਰ,
ਬੂਹੇ
ਅਤੇ ਨਾਨਕਾਇਣ (ਮਹਾਂਕਾਵਿ) ਹਨ।

ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਆਪ ਦੀ ਸੰਪੂਰਨ ਰਚਨਾਵਲੀ ਵੀ ਡਾ. ਧਨਵੰਤ ਕੌਰ ਪਾਸੋਂ ਸੰਪਾਦਿਤ ਕਰਵਾ ਕੇ ਛਾਪੀ ਹੈ।

ਇਨ੍ਹਾਂ ਨੇ ਕੁਝ ਵਿਸ਼ਵ ਪ੍ਰਸਿੱਧ ਰਚਨਾਵਾਂ ਦਾ ਪੰਜਾਬੀ ਅਨੁਵਾਦ ਵੀ ਕੀਤਾ ਅਤੇ “ਨਿੱਕੀ ਨਿੱਕੀ ਵਾਸ਼ਨਾ”ਨਾਮੀ ਕਹਾਣੀ ਸੰਗ੍ਰਹਿ ਵਿੱਚ ਰਿਝ ਕਹਾਣੀਆਂ ਵੀ ਲਿਖੀਆਂ।

ਸ. ਜਗਦੇਵ ਸਿੰਘ ਜੱਸੋਵਾਲ ਜੀ ਨੇ ਉਨ੍ਹਾਂ ਦੀ ਯਾਦ ਵਿੱਚ ਲੁਧਿਆਣਾ ਵਿੱਚ ਪ੍ਰੋ. ਮੋਹਨ ਸਿੰਘ ਸੱਭਿਆਚਾਰਕ ਮੇਲਾ ਆਰੰਭਿਆ। ਮੈਨੂੰ ਮਾਣ ਹੈ ਕਿ ਮੈਂ ਵੀ ਉਨ੍ਹਾਂ ਨਾਲ 1978 ਤੋਂ 2014 ਤੀਕ ਨਿਕਟ ਸਹਿਯੋਗੀ ਰਿਹਾ ਹਾਂ।
ਪ੍ਰੋ. ਮੋਹਨ ਸਿੰਘ ਜੀ ਦੇ ਆਪਣੇ ਸ਼ਿਅਰ ਮੁਤਾਬਕ

ਅਸਾਂ ਵੀ ਦੋਸਤੋ, ਕੁਝ ਤਾਂ ਮੁਕਾਈਆਂ ਬੂੰਦਾਂ,
ਜੀ ਹੋਇਆ ਜੇ ਸਾਰਾ ਜ਼ਹਿਰ ਨਾ ਸਾਥੋਂ ਪੀ ਹੌਇਆ।

ਅਸਾਂ ਵੀ ਪੜਛੇ ਲਾਹੇ ਨੇ ਉੱਚੇ ਪਰਬਤਾਂ ਦੇ,
ਕੀ ਹੋਇਆ ਜੇ ਸਾਰਾ ਚਾਕ ਨਾ ਸਾਥੋਂ ਸੀ ਹੋਇਆ।

ਉਨ੍ਹਾਂ ਇਹ ਸ਼ਿਅਰ ਵੀ ਤਾਂ ਲਿਖਿਆ ਸੀ ਨਾ!

ਜੇ ਰਲ਼ਦੇ ਭੀੜ ਵਿੱਚ , ਤਾਂ ਇੱਕ ਦੋ ਭੋਰਾ ਲੈ ਮਰਦੇ,
ਅਸੀਂ ਆਦਰਸ਼ਾਂ ਚੋਟੀ ਤੋਂ ਥੱਲੇ ਲਹਿ ਨਾ ਸਕੇ।

ਉਨ੍ਹਾਂ ਦੀਆਂ ਜਗਤ ਪ੍ਹਸਿੱਧ ਕਵਿਤਾਵਾਂ ਦੀ ਥਾਂ ਉਨ੍ਹਾਂ ਦੀ ਆਖਰੀ ਕਿਤਾਬ” ਬੂਹੇ” ਵਿੱਚੋਂ ਹਿੰਦ ਪਾਕਿ ਦੋਸਤੀ ਬਾਰੇ ਬਹੁਤ ਮਹੱਤਵਪੂਰਨ ਪਰ ਘੱਟ ਪੜ੍ਹੀ ਗਈ ਕਵਿਤਾ ਤੁਹਾਨੂੰ ਸੌਂਪ ਰਿਹਾਂ।

ਬਹੁਤ ਘੱਟ ਸੱਜਣ ਜਾਣਦੇ ਨੇ ਕਿ ਪ੍ਰੋ. ਮੋਹਨ ਸਿੰਘ ਡਾ. ਮਹਿੰਦਰ ਸਿੰਘ ਰੰਧਾਵਾ ਦੀ ਪ੍ਰਧਾਨਗੀ ਵੇਲੇ ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਦੇ ਜਨਰਲ ਸਕੱਤਰ ਰਹੇ। ਆਖ਼ਰੀ ਸਵਾਸਾਂ ਵੇਲੇ ਵੀ ਉਹ ਇਸ ਮਹਾਨ ਸੰਸਥਾ ਦੇ ਜਨਰਲ ਸਕੱਤਰ ਸਨ। 

ਪੰਜਾਬੀ ਭਵਨ ਦੀ ਉਸਾਰੀ ਉਨ੍ਹਾਂ ਦੀ ਨਿਗਰਾਨੀ ਹੇਠ ਪੰਜਾਬ ਖੇਤੀਬਾੜੀ  ਯੂਨੀਵਰਸਿਟੀ ਲੁਧਿਆਣਾ ਦੇ ਇੰਜੀਨੀਅਰਾਂ ਨੇ ਕੀਤੀ ਸੀ।

ਸੰਨ 1977 ਵਿੱਚ ਦੇਸ਼ ਅੰਦਰ ਜਨਤਾ ਸਰਕਾਰ ਬਣ ਕੇ ਉਨ੍ਹਾਂ ਆਖ਼ਰੀ ਅਧੂਰੀ ਗ਼ਜ਼ਲ ਲਿਖੀ ਜਿਸ ਦੇ ਦੋ ਸ਼ਿਅਰ ਤੁਹਾਨੂੰ ਸੁਣਾ ਰਿਹਾਂ।

ਨਾ ਹਿਣਕੋ ਘੋੜਿਉ, ਬੇਸ਼ੱਕ ਨਵਾਂ ਨਜ਼ਾਮ ਆਇਆ।
ਨਵਾਂ ਨਜ਼ਾਮ ਹੈ ਲੈ ਕੇ ਨਵੀਂ ਲਗਾਮ ਆਇਆ।
ਅਯੁੱਧਿਆ ਵਿੱਚ ਅਜੇ ਵੀ ਭੁੱਖਿਆਂ ਦੀ ਭੀੜ ਬੜੀ,
ਪਿਆ ਕੀ ਫ਼ਰਕ ਜੇ ਰਾਵਣ ਗਿਆ ਤੇ ਰਾਮ ਆਇਆ।

ਪ੍ਰੋ. ਮੋਹਨ ਸਿੰਘ ਜੀ ਅੰਤਿਮ ਯਾਤਰਾ ਵਿੱਚ ਮੈਂ ਵੀ ਸ਼ਾਮਿਲ ਹੋਇਆ ਸਾਂ। ਮਹਾਰਾਜ ਨਗਰ ਤੋਂ ਵਰਤਮਾਨ ਮਾਡਲ ਟਾਉਨ ਐਕਸਟੈਨਸ਼ਨ ਸ਼ਮਸ਼ਾਨ ਘਾਟ ਤੀਕ ਪੈਦਲ ਹੀ ਸਾਰਾ ਕਾਫ਼ਲਾ ਸੂਏ ਦੇ ਨਾਲ ਨਾਲ ਗਿਆ ਸੀ। ਇਸੇ ਥਾਂ ਬਣੀ ਸੜਕ ਨੂੰ ਹੁਣ ਮਲਹਾਰ ਸਿਨਮਾ ਰੋਡ ਕਹਿੰਦੇ ਨੇ। 

ਉਸ ਵੇਲੇ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਪੰਜਾਬੀ ਕਹਾਣੀਕਾਰ ਸ. ਕੁਲਵੰਤ ਸਿੰਘ ਵਿਰਕ ਤੇ ਸ. ਜਗਦੇਵ ਸਿੰਘ ਜੱਸੋਵਾਲ ਜੀ ਦੀ ਪ੍ਰੇਰਨਾ ਤੇ ਸਰਕਾਰੀ ਸਨਮਾਨਾਂ ਨਾਲ ਅੰਤਿਮ ਸੰਸਕਾਰ ਕੀਤਾ ਸੀ। 

ਵੱਡਪੁਰਖੇ ਪ੍ਰੋ. ਮੈਹਨ ਸਿੰਘ ਜੀ ਦੇ ਜਨਮ ਦਿਨ 'ਤੇ ਉਨ੍ਹਾਂ ਦੇ ਕਾਵਿ ਸੰਗ੍ਰਹਿ “ਬੂਹੇ” ਅਰਲੀ ਕਵਿਤਾ ਮੁਹੱਬਤ ਦੀ ਗੱਲ ਤੁਸੀਂ ਵੀ ਪੜ੍ਹੋ।
ਗੁਰਭਜਨ ਗਿੱਲ//ਮੁਹੱਬਤ ਦੀ ਗੱਲ

ਆਉ ਕੋਈ ਮੁਹੱਬਤ ਦੀ ਗੱਲ ਕਰੀਏ
ਤੇ ਬਿਸਮਿੱਲਾ ਕਹਿ ਕੇ,
ਪੰਜਾਬ ਦੀ ਖ਼ੈਰ ਦਾ ਜਾਮ ਭਰੀਏ
ਇਕ ਪਊਆ ਸਦੀ ਅਸਾਂ
ਬੜੀ ਜ਼ਹਿਰ ਪੀਤੀ
ਤੇ ਤੁਸੀਂ ਜਾਣਦੇ ਹੀ ਹੋ
ਜੋ ਅਸਾਂ ਨਾਲ ਬੀਤੀ-
ਕਿਵੇਂ ਕੁਟਲ ਤੇ ਕਪਟੀ ਸਾਮਰਾਜ,
ਹੱਥੋਂ ਜਾਂਦਾ ਦੇਖ ਕੇ ਰਾਜ
ਸਾਡੇ ਪੰਜਾਂ ਦਰਿਆਵਾਂ ਨੂੰ ਵੰਡ
ਤੇ ਭੂਤ ਵਾਂਗਰਾਂ ਮਾਰ ਕੇ ਚੰਡ,
ਪੰਜੇ ਉਂਗਲਾਂ ਖੋਭ ਗਿਆ ਸੀ।
ਤੇ ਜਿਵੇਂ ਬੁੱਲੇ ਨੇ ਕਿਹਾ ਸੀ-
"ਦਰ ਖੁੱਲ੍ਹਾ ਹਸ਼ਰ ਅਜ਼ਾਬ ਦਾ
ਬੁਰਾ ਹਾਲ ਹੋਇਆ ਪੰਜਾਬ ਦਾ
ਵਿਚ ਹਾਵੀਆ ਦੋਜ਼ਖ ਮਾਰਿਆ
ਕਦੀ ਆ ਮਿਲ ਯਾਰ ਪਿਆਰਿਆ ।

ਸਾਨੂੰ ਕਲ੍ਹ ਵਾਂਗ ਹੈ ਯਾਦ,
ਸਾਡੇ ਨਾਲ ਜੋ ਵਰਤੀਆਂ
ਕਿਵੇਂ ਛੱਡ ਅੱਧ-ਵਾਹੀਆਂ ਧਰਤੀਆਂ
ਤੇ ਰੋਟੀਆਂ ਅਣ-ਪਰਤੀਆਂ
ਤੁਰੇ ਸਨ ਇਤਿਹਾਸ ਦੇ
ਸਭ ਤੋਂ ਵੱਡੇ ਕਾਰਵਾਨ
ਦੁੱਖਾਂ ਤੇ ਭੁੱਖਾਂ ਦੀ ਲੰਬੀ ਦਾਸਤਾਨ ।

ਕਿਵੇਂ ਲਹੂਆਂ ਦੀਆਂ ਨਦੀਆਂ
ਸੀ ਵੱਗੀਆਂ
ਮਿੱਟੀ ਵਿਚ ਰੁਲੀਆਂ
ਨੱਥਾਂ ਤੇ ਸੱਗੀਆਂ
ਕਿਵੇਂ ਨਹੁੰਆਂ ਤੋਂ ਮਾਸ ਵੱਖ ਹੋਇਆ
ਤੇ ਤਰੁੱਟ ਕੇ ਔਹ ਜਾ ਪਈਆਂ
ਸਦੀਆਂ ਦੀਆਂ ਲੱਗੀਆਂ ।

ਜਦੋਂ ਸੀਨਿਆਂ  ਦੇ ਟੋਏ ਵਿਚ ਰੱਖ
ਜੈਨਬ ਨੇ ਨਿੱਕਾ ਕੁਰਾਨ
ਖੂਹ ਵਿਚ ਮਾਰੀ ਸੀ ਛਾਲ
ਕਿਵੇਂ ਹੱਸਿਆ ਸੀ ਸ਼ੈਤਾਨ ।

ਬਿਟਬਿਟ ਤੱਕਦਾ
ਰਹਿ ਗਿਆ ਭਗਵਾਨ
ਨਾ ਦਰਿਆਵਾਂ ਨੇ ਵਹਿਣ ਬਦਲੇ
ਨਾ ਪਹਾੜਾਂ ਦੀ ਸਮਾਧੀ ਟੁੱਟੀ
ਨਾ ਲੋਹੇ ਨੇ ਕੱਟਣੋਂ ਨਾਂਹ ਕੀਤੀ
ਨਾ ਪਾਣੀ ਨੇ ਡੋਬਣੋਂ
ਨਾ ਅੱਗ ਨੇ ਸਾੜਨੋਂ
ਮਹਾਂ ਨਿਯਮ ਦਾ ਚੱਕਰ
ਚਲਦਾ ਰਿਹਾ
ਤੇ ਸੂਰਜ ਨਿੱਤ ਵਾਂਗ
ਚੜ੍ਹਦਾ ਤੇ ਢਲਦਾ ਰਿਹਾ ।

ਬੁੱਧੀਮਾਨਾਂ ਨੂੰ ਇਹਸਾਸ ਹੋਇਆ-
ਕਿ ਮੰਦਰ ਤੇ ਮਸੀਤਾਂ ਕੋਠੇ ਹੀ ਹਨ
ਕਿ ਪੁਰਾਨ ਤੇ ਕੁਰਾਨ ਪੋਥੇ ਹੀ ਹਨ
ਕਿ ਸੱਭਿਅਤਾ  ਦੇ ਦਾਹਵੇ
ਥੋਥੇ ਹੀ ਹਨ ।
ਆਉ ਭੂਤ ਦੀ ਗੱਲ ਛੱਡੀਏ
ਭੂਤ ਨੇ ਜਾਣ ਲਗਿਆਂ
ਕੋਈ ਨਿਸ਼ਾਨੀ ਦੇਣੀ ਹੀ ਸੀ ।

ਇਹ ਠੀਕ ਹੈ ਕਿ
ਕਵਿਤਾ ਤੇ ਕਲਾ ਨੂੰ
ਕੂੜ ਤੇ ਕਲਹ ਅੱਗੇ
ਤਿੰਨ ਵਾਰ ਹਾਰ ਹੋਈ
ਤੇ ਰਾਜ ਰੌਲਿਆਂ ਵਿਚ
ਕੋਮਲ ਸੁਰਾਂ ਗਵਾਚੀਆਂ,
ਪਰ ਆਉ "ਲਾ ਤਕਨਾ ਤੂੰ"
ਦਾ ਵਿਰਦ ਕਰੀਏ
ਤੇ ਉਸ ਰਾਕਸ਼ ਨੂੰ ਫੜੀਏ
ਜੋ ਅੰਮ੍ਰਿਤ ਦਾ ਕੁੰਭ ਲੈ ਕੇ ਭੱਜ ਗਿਆ
ਤੇ ਨਿਰਾ ਜ਼ਹਿਰ ਹੀ ਜ਼ਹਿਰ
ਛਡ ਗਿਆ ।
ਆਉ ਨਫ਼ਰਤ ਨੂੰ ਡੂੰਘਾ ਦਬੀਏ
ਤੇ ਮੁਹੱਬਤ ਦਾ ਇਕ ਹੋਰ ਜਾਮ ਭਰੀਏ
ਤੇ ਵਾਰਿਸ ਦੀ ਹੀਰ 'ਚੋਂ ਵਾਕ ਲੈ ਕੇ
ਟੁੱਟੀਆਂ ਨੂੰ ਗੰਢੀਏ ।

ਅਜੇ ਵੀ ਸਾਡੇ ਵਿਚ ਬੋਲੀ ਤੇ
ਸਭਿਆਂਚਾਰ ਦੀ ਸਾਂਝ ਬਾਕੀ ਹੈ
ਤੇ ਉਹ ਪੰਜਾਬੀ ਹੀ ਨਹੀਂ
ਜੋ ਇਸ ਤੋਂ ਆਕੀ ਹੈ ।

ਅਜੇ ਵੀ ਸਤਲੁਜ ਤੇ ਝਨਾਂ ਸਾਡੇ ਹਨ
ਭਗਤ ਸਿੰਘ ਤੇ ਰੰਝੇਟੇ ਦੀਆਂ
ਅਮਰ ਨਿਸ਼ਾਨੀਆਂ,
ਸ਼ਕਤੀ ਤੇ ਇਸ਼ਕ ਦੇ ਪ੍ਰਤੀਕ ।
ਭਲਾ ਉਸ ਮੁਸਲਮਾਨ ਮਾਂ ਨੂੰ
ਕਿਵੇਂ ਭੁਲਾ ਸਕਦੇ ਹਾਂ
ਜਿਸ ਨੇ ਆਪਣੇ ਬੱਚੇ ਨੂੰ
ਸਭ ਤੋਂ ਪਹਿਲਾਂ
ਪੰਜਾਬੀ ਵਿਚ ਲੋਰੀ ਦਿੱਤੀ ਸੀ ।
ਜਾਂ ਫ਼ਰੀਦ ਸ਼ਕਰਗੰਜ ਨੂੰ
ਜਿਸ ਨੇ ਸਾਡੀ ਬੋਲੀ ਵਿਚ
ਮਿਸਰੀ ਘੋਲੀ ਸੀ ।

No comments:

Post a Comment