Raminder Walia WhatsApp on 25th April 2024 at 23:40 Her Poem
ਛੱਡ ਕੇ ਜਾਣ ਵਾਲੇ ਮੁੜ ਕਦੀ ਨਹੀਂ ਦੇਖਦੇ 
ਮੇਰਿਆ ਵੇ!
ਦੱਸ ਤੈਨੂੰ ਕਿੱਦਾਂ ਸਮਝਾਵਾਂ
ਤੈਨੂੰ ਕਿੱਦਾਂ ਮਨਾਵਾਂ
ਤੈਨੂੰ ਕਿੱਦਾਂ ਪਰਚਾਵਾਂ
ਕਿਉਂ ਰੌਂਦਾਂ ਫਿਰਦਾਂ ਏਂ ਹੁਣ ਤੂੰ
ਖ਼ੂਨ ਦੇ ਹੰਝੂ ਵਹਾਉਂਦਾ ਏਂ ਹੁਣ ਤੂੰ
ਆਪਣੀ ਯਾਦ ਕਿਵੇਂ ਦਿਵਾਏਂਗਾ
ਉਸਨੂੰ ਹੁਣ ਤੂੰ ।
ਕਿਵੇਂ ਦੱਸੇਂਗਾ ਉਸਨੂੰ ਹੁਣ ਤੂੰ
ਤੇਰੇ ਦਿਲ ਦਾ ਸੁੱਖ ਚੈਨ ਤੇ ਹੁਣ ਉਹ
ਲੈ ਗਿਆ ਲੁੱਟ ਕੇ ਆਪਣੇ ਨਾਲ ਹੀ ।
ਏ ਦਿਲਾ
ਮੇਰਿਆ ਵੇ ।
ਕਿਵੇਂ ਮਹਿਸੂਸ ਕਰਾਏਂਗਾ ਹੁਣ ਤੂੰ ਉਸਨੂੰ
ਕਿ ਉਸਦੀ ਯਾਦ ਵਿੱਚ ਹਰ ਪੱਲ
ਤੂੰ ਹੁਣ ਹੌਕੇ ਭਰਦਾ ਰਹਿੰਦਾ ਹੈਂ ।
ਉਹ ਕਿਵੇ ਮਹਿਸੂਸ ਕਰੇਗਾ ਹੁਣ
ਕਿ ਤੇਰੀ ਭੁੱਖ ,ਪਿਆਸ ,ਨੀਂਦਰ
ਤੇ ਮਨ ਦੀ ਸ਼ਾਂਤੀ ਸੱਭ ਕੁਝ
ਲੈ ਗਿਆ ਆਪਣੇ ਨਾਲ ਹੁਣ ਉਹ ।
ਝੋਂਕ ਗਿਆ ਹੁਣ ਤੈਨੂੰ ਉਹ
ਦੁੱਖਾਂ ਦੀ ਭੱਠੀ ਵਿੱਚ
ਸੜਣੇ ਨੂੰ , ਮਰਨੇ ਨੂੰ ।
ਏ ਦਿਲਾ
ਮੇਰਿਆ ਵੇ ।
ਕਿਵੇਂ ਤੂੰ ਦਿਨੇ ਰਾਤ
ਵਿਲਕਦਾ ਪਿਆ ਏਂ ,
ਛਟਪਟਾ ਰਿਹਾ ਏਂ
ਇਹ ਅਹਿਸਾਸ ਹੁੰਦਾ ਉਸਨੂੰ
ਤੇ ਤੈਨੂੰ ਛੱਡ ਕੇ ਜਾਂਦਾ ਹੀ ਕਿਉਂ ਉਹ ।
ਇਸ ਹਾਲ ਵਿੱਚ ਹੁਣ ਤੈਨੂੰ
ਮੈਂ ਰੋਂਦਿਆਂ , ਕੁਰਲਾਉਂਦਿਆਂ ,
ਤੜਪਦਿਆਂ ਨਹੀਂ ਦੇਖ ਸਕਦੀ ।
ਏ ਦਿਲਾ
ਮੇਰਿਆ ਵੇ ।
ਦੱਸ ਤੂੰ ਕੋਈ ਬੱਚਾ ਤੇ ਨਹੀਂ ਕਿ
ਮੇਰੇ ਦਿੱਤੇ ਕਿਸੇ ਗਿਫ਼ਟ ਨਾਲ
ਪਰਚ ਜਾਏਂਗਾ ਤੂੰ ।
ਤੇ ਮੈਂ ਕਹਾਂਗੀ ਤੇ ਤੂੰ
ਭੁੱਲ ਜਾਏਂਗਾ ਉਸਨੂੰ ।
ਛੱਡ ਕੇ ਜਾਣ ਵਾਲੇ ਮੁੜ ਕਦੀ
ਨਹੀਂ ਦੇਖਦੇ ਇਹ ਕਿ
ਉਸ ਦਿਲ ਤੇ ਕੀ ਬੀਤ ਰਹੀ ਹੈ ।
ਏ ਦਿਲਾ
ਮੇਰਿਆ ਵੇ ।
ਤੂੰ ਹੀ ਦੱਸ ਖਾਂ ਵੇ ਤੈਨੂੰ ਮੈਂ
ਐਸਾ ਗਿਫ਼ਟ ਕੀ ਦਿਆਂ ਕਿ
ਤੂੰ ਉਸਦੀਆਂ ਯਾਦਾਂ ਵਿੱਚੋਂ
ਬਾਹਰ ਨਿਕਲ ਆਪਣਾ
ਕੁਝ ਤੇ ਖ਼ਿਆਲ ਕਰੇਂ ।
ਦਿਨ ਰਾਤ ਅੰਦਰ ਹੀ ਅੰਦਰ
ਘੁੱਟ ਘੁੱਟ ਕੇ ਮਰੀ ਜਾ ਰਿਹਾ ਏਂ ।
ਤੈਨੂੰ ਇਸ ਹਾਲ ਵਿਚ
ਨਹੀਂ ਦੇਖ ਸਕਦੀ ਮੈਂ ।
ਏ ਦਿਲਾ
ਮੇਰਿਆ ਵੇ ।
ਸੁਣ ਰਿਹਾ ਹੈਂ ਨਾ ਤੂੰ
ਕਿ ਤੂੰ ਵੀ ਉਸ ਵਾਂਗ
ਸੁਣੀ ਅਣਸੁਣੀ ਕਰ ਰਿਹਾ ਏਂ ।
ਸਮਝ ਕੇ ਵੀ ਨਾ ਸਮਝ
ਬਣਿਆ ਬੈਠਾ ਏਂ ।
ਏ ਦਿਲਾ
ਮੇਰਿਆ ਵੇ ।
ਏ ਦਿਲਾ
ਦੱਸ ਮੈਂ ਕੀ ਕਰਾਂ ।
ਏ ਦਿਲਾ
ਮੇਰਿਆ ਵੇ ।
“ ਦਿਲ ਹੈ ਕਿ ਮਾਨਤਾ ਨਹੀਂ “।
-ਰਮਿੰਦਰ ਰੰਮੀ
No comments:
Post a Comment