"ਪ੍ਰਲੇਸ" ਪੰਜਾਬ ਦੀ ਸਰਪ੍ਰਸਤੀ ਹੇਠ ਹੋਇਆ ਰਾਸ਼ਟਰੀ ਸੈਮੀਨਾਰ
'ਭਾਰਤੀ ਲੋਕਤੰਤਰ, ਸਮਾਜਿਕ ਨਿਆਂ ਅਤੇ ਸਾਹਿਤ' ਵਿਸ਼ੇ 'ਤੇ ਹੋਈ ਵਿਸਥਾਰਤ ਚਰਚਾ
ਹੁਣ ਜਦੋਂ ਕਿ ਆਮ ਲੋਕਾਂ ਦੀ ਸੱਤਾ ਤੱਕ ਰਸਾਈ ਘਟਦੀ ਜਾ ਰਹੀ ਹੈ। ਕਾਤਲਾਂ ਅਤੇ ਬਲਾਤਕਾਰੀਆਂ ਨੂੰ ਰਿਹਾਈਆਂ ਦੇ ਕੇ ਸਨਮਾਨਿਤ ਕੀਤਾ ਜਾ ਰਿਹਾ ਹੈ। ਰੋਟੀ, ਕੱਪੜਾ ਅਤੇ ਮਕਾਨ ਆਮ ਵਿਅਕਤੀ ਦੀ ਪਹੁੰਚ ਵਿੱਚੋਂ ਬਾਹਰ ਹੁੰਦੇ ਜਾ ਰਹੇ ਹਨ। ਸਿਆਸਤ ਜ਼ਰੂਰੀ ਕੰਮਾਂ ਨੂੰ ਛੱਡ ਕੇ ਪਰਿਵਾਰਿਕ ਹਿੱਤ ਪਾਲਣ ਵਿੱਚ ਰੁਝੀ ਹੋਈ ਹੈ। ਮੀਡੀਆ ਦਾ ਵੱਡਾ ਹਿੱਸਾ ਗੋਦੀ ਮੀਡੀਆ ਵਾਲੇ ਪਾਲੇ ਵਿੱਚ ਜਾ ਖੜੋਤਾ ਹੈ। ਸਲਮਾਨ ਖਾਨ ਅਤੇ ਲਾਰੰਸ ਬਿਸ਼ਨੋਈ ਵਰਗੇ ਬਾਹੂਬਲੀ ਸ਼ਰੇਆਮ ਮੀਡੀਆ ਵਿੱਚ ਆ ਕੇ ਇੱਕ ਦੂਜੇ ਨੂੰ ਕਤਲ ਕਰਨ ਦੀਆਂ ਧਮਕੀਆਂ ਦੇ ਰਹੇ ਹਨ। ਉਸ ਹਾਲਾਤ ਵਿੱਚ ਲੋਕ ਵਿਚਾਰੇ ਕਿੱਧਰ ਜਾਣ? ਨਾਅਰਾ ਤਾਂ ਇਹ ਵੀ ਬੜਾ ਲੁਭਾਵਣਾ ਹੈ ਕਿ ਸਰਕਾਰਾਂ ਤੋਂ ਨਾ ਝਾਕ ਕਰੋ-ਆਪਣੀ ਰਾਖੀ ਆਪ ਕਰੋ! ਪਰ ਇਹ ਸਭ ਕਿਵੇਂ ਕਰੋ?--ਇਸ ਸੁਆਲ ਦਾ ਜੁਆਬ ਨਹੀਂ ਮਿਲਦਾ। ਅਜਿਹੀ ਨਾਜ਼ੁਕ ਹਾਲਤ ਵਿੱਚ ਸਰਕਾਰਾਂ, ਪ੍ਰਸ਼ਾਸਨ, ਮੀਡੀਆ, ਅਤੇ ਸਿਆਸੀ ਧਿਰਾਂ ਤੋਂ ਨਿਰਾਸ਼ ਹੋਏ ਲੋਕਾਂ ਲਈ ਸਿਰਫ ਲੇਖਕ ਹੀ ਆਸ ਦੀ ਕਿਰਨ ਬਣ ਕੇ ਉਭਰੇ ਹਨ। ਚੰਡੀਗੜ੍ਹ ਦੇ ਕਲਾ ਭਵਨ ਵਿੱਚ ਪ੍ਰਗਤੀਸ਼ੀਲ ਲੇਖਕ ਸੰਘ ਦੇ ਕੌਮੀ ਸੈਮੀਨਾਰ ਮੌਕੇ ਕੁਝ ਇਹੀ ਇਸ਼ਾਰੇ ਸਾਹਮਣੇ ਆਉਂਦੇ ਪ੍ਰਤੀਤ ਹੋਏ ਹਨ।
ਮੰਚ ਵੀ ਕੁਝ ਅਜਿਹਾ ਹੀ ਅਤੇ ਸਰੋਤਿਆਂ ਦਾ ਭਰਿਆ ਹਾਲ ਵੀ। ਧਰਮ ਨਿਰਪੱਖ-ਸੰਪਰਦਾਇਕ ਪ੍ਰਵਚਨ ਸਿਰਜਣਸ਼ੀਲ ਅਵਾਮ ਨੂੰ ਇਹ ਯਕੀਨ ਨਹੀਂ ਦਿਵਾਉਂਦਾ ਕਿ ਉਹ ਭਾਰਤੀ ਲੋਕਤੰਤਰ ਦੇ ਮੋਹਰੀ ਹਨ। ਨਵੇਂ ਦਲਿਤ ਕਬਾਇਲੀ ਸਾਹਿਤ ਦੇ ਪ੍ਰਸੰਗ ਵਿਚ ਸ਼ੂਦਰ ਇਤਿਹਾਸ ਨੂੰ ਨਵੀਨ ਸਰੋਕਾਰਾਂ ਸਮੇਤ ਮੁੜ ਲਿਖਣਾ ਵੀ ਬਹੁਤ ਜ਼ਰੂਰੀ ਹੈ। ਲੇਖਕਾਂ ਦੀ ਭੂਮਿਕਾ ਕਿਸਾਨ, ਕਿਰਤੀ ਅਤੇ ਸ਼ਿਲਪੀ ਜਨਤਾ ਨੂੰ ਮੁੜ ਸੰਗਠਿਤ ਕਰਨਾ ਹੈ। ਇਹ ਵਿਚਾਰ ਉੱਘੇ ਲੇਖਕ ਤੇ ਚਿੰਤਕ ਪ੍ਰੋ. ਕਾਂਚਾ ਇਲੈਆ ਸ਼ੈਫਰਡ ਨੇ ਸਰਬ ਭਾਰਤੀ ਪ੍ਰਗਤੀਸ਼ੀਲ ਲੇਖਕ ਸੰਘ ਅਤੇ ਪੰਜਾਬ ਰਾਜ ਇਕਾਈ ਵੱਲੋਂ ਕਲਾ ਭਵਨ, ਚੰਡੀਗੜ ਵਿਖੇ ਪੰਜਾਬ ਕਲਾ ਪਰਿਸ਼ਦ ਦੇ ਸਹਿਯੋਗ ਨਾਲ ‘ਭਾਰਤੀ ਲੋਕਤੰਤਰ, ਸਮਾਜਿਕ ਨਿਆਂ ਅਤੇ ਸਾਹਿਤ’ ਵਿਸ਼ੇ ‘ਤੇ ਕਰਵਾਏ ਗਏ ਕੌਮੀ ਸੈਮੀਨਾਰ ਦੇ ਉਦਘਾਟਨੀ ਸੈਸ਼ਨ ਵਿੱਚ ਮੁੱਖ ਬੁਲਾਰੇ ਵਜੋਂ ਸ਼ਾਮਿਲ ਹੁੰਦਿਆਂ ਕਹੀ।
ਇਸ ਮੌਕੇ ਸੰਸਾਰ ਭਰ ਦੇ ਲੇਖਕਾਂ ਨੂੰ ਬਿਨਾ ਦੇਰੀ ਖੁਦ ਅੱਗੇ ਆਉਣ ਦਾ ਇੱਕ ਖਾਸ ਸੱਦਾ ਵੀ ਦਿੱਤਾ ਗਿਆ ਸੀ। ਸੈਮੀਨਾਰ ਦੀ ਸ਼ੁਰੂਆਤ ਵਿੱਚ ਸਾਰੇ ਮਹਿਮਾਨਾਂ ਅਤੇ ਹਾਜ਼ਰੀਨ ਦਾ ਸੁਆਗਤ ਕਰਨ ਤੋਂ ਬਾਅਦ "ਪ੍ਰਲੇਸ" ਦੇ ਰਾਸ਼ਟਰੀ ਪ੍ਰਧਾਨ ਪੀ. ਲਕਸ਼ਮੀਨਾਰਾਇਣ ਨੇ ਸੈਮੀਨਾਰ ਦੀ ਰੂਪ-ਰੇਖਾ ਸਪਸ਼ਟ ਕਰਦੇ ਹੋਏ ਕਿਹਾ ਕਿ ਅੱਜ ਗਰੀਬੀ, ਬੇਰੁਜ਼ਗਾਰੀ ਅਤੇ ਫਿਰਕਾਪ੍ਰਸਤੀ ਦੇ ਮੁੱਦੇ ਸਾਡੇ ਸਾਹਮਣੇ ਖੜ੍ਹੇ ਹਨ। ਇਸ ਲਈ ਲੇਖਕਾਂ ਨੂੰ ਵਿਸ਼ਵ ਪੱਧਰ 'ਤੇ ਆਮ ਲੋਕਾਂ ਤੱਕ ਪਹੁੰਚਣ ਦੀ ਲੋੜ ਹੈ।
ਇਸ ਸੈਮੀਨਾਰ ਮੌਕੇ ਆਪਣੇ ਸੰਬੋਧਨ ਵਿੱਚ ਸੀਨੀਅਰ ਲੇਖਕ-ਪੱਤਰਕਾਰ ਉਰਮਿਲੇਸ਼ ਨੇ ਕਿਹਾ ਕਿ ਭਾਵੇਂ ਬਰਾਬਰੀ ਅਤੇ ਸਮਾਜਿਕ ਨਿਆਂ ਦੇ ਵਿਚਾਰ ਸਾਡੇ ਸਮਾਜ ਅਤੇ ਸਾਹਿਤ ਵਿੱਚ ਲੰਮੇ ਸਮੇਂ ਤੋਂ ਮੌਜੂਦ ਹਨ, ਪਰ ਫਿਰ ਵੀ ਇਸ ਸਬੰਧ ਵਿੱਚ ਅੱਜ ਦੀ ਸਥਿਤੀ ਸਭ ਲਈ ਚਿੰਤਾਜਨਕ ਹੈ। ਸਾਨੂੰ ਇਹ ਸਥਿਤੀ ਗੰਭੀਰ ਆਤਮ ਨਿਰੀਖਣ, ਆਤਮ ਨਿਰੀਖਣ ਅਤੇ ਸਵੈ- ਪੜਚੋਲ ਦੀ ਮੰਗ ਕਰਦੀ ਹੈ।
ਇਸ ਉਦਘਾਟਨੀ ਸੈਸ਼ਨ ਦੀ ਪ੍ਰਧਾਨਗੀ ਉੱਘੀ ਲੇਖਿਕਾ, ਚਿੰਤਕ ਅਤੇ ਮਨੁੱਖੀ ਅਧਿਕਾਰ ਕਾਰਕੁਨ ਡਾ: ਸਈਦਾ ਹਮੀਦ ਨੇ ਕੀਤੀ। ਆਪਣੇ ਪ੍ਰਧਾਨਗੀ ਭਾਸ਼ਣ ਵਿੱਚ ਡਾ: ਸਈਦਾ ਹਮੀਦ ਨੇ ਆਪਣੇ ਨਿੱਜੀ ਪ੍ਰਸੰਗਾਂ ਦੇ ਹਵਾਲੇ ਨਾਲ ਕਿਹਾ ਕਿ ਉਨ੍ਹਾਂ ਦੀ ਪੀੜ੍ਹੀ ਨੂੰ ਤਿੰਨ ਝਟਕੇ ਲੱਗੇ, ਸਿਰਫ਼ ਮੁਸਲਮਾਨਾਂ ਨੂੰ ਹੀ ਨਹੀਂ ਸਗੋਂ ਉਨ੍ਹਾਂ ਸਾਰੇ ਭਾਰਤੀਆਂ ਨੂੰ ਲੱਗੇ ਜੋ ਸੰਵਿਧਾਨ ਵਿੱਚ ਵਿਸ਼ਵਾਸ ਰੱਖਦੇ ਹਨ। ਪਹਿਲਾ ਝਟਕਾ ਬਾਬਰੀ ਮਸਜਿਦ ਦੀ ਸ਼ਹਾਦਤ ਦਾ ਸੀ। ਦੂਜਾ ਝਟਕਾ 2002 ਵਿੱਚ ਗੁਜਰਾਤ ਵਿੱਚ ਲੱਗਾ। ਤੀਜਾ ਝਟਕਾ ਇੱਕ ਅਜਿਹੀ ਪਾਰਟੀ ਦੀ ਵੱਡੇ ਪੱਧਰ 'ਤੇ ਵਾਪਸੀ ਸੀ ਜਿਸ ਨੇ ਭਾਰਤ ਨੂੰ ਇੱਕ ਧਰਮ ਅਧਾਰਿਤ ਹਿੰਦੂ ਰਾਜ ਬਣਾਉਣ ਦੇ ਵਾਅਦੇ 'ਤੇ ਚੋਣਾਂ ਜਿੱਤੀਆਂ ਸਨ ਅਤੇ ਘੱਟ ਗਿਣਤੀਆਂ ਨੂੰ ਰਾਜਨੀਤੀ ਦੇ ਸਭ ਤੋਂ ਹੇਠਲੇ ਪੱਧਰ 'ਤੇ ਪਹੁੰਚਾ ਦਿੱਤਾ ਸੀ।
ਸੈਮੀਨਾਰ ਦੇ ਇਸ ਉਦਘਾਟਨੀ ਸੈਸ਼ਨ ਦਾ ਸੰਚਾਲਨ "ਪ੍ਰਲੇਸ" ਦੇ ਕੌਮੀ ਜਨਰਲ ਸਕੱਤਰ ਡਾ: ਸੁਖਦੇਵ ਸਿੰਘ ਸਿਰਸਾ ਨੇ ਕੀਤਾ ਅਤੇ "ਪ੍ਰਲੇਸ" ਪੰਜਾਬ ਇਕਾਈ ਦੇ ਪ੍ਰਧਾਨ ਸੁਰਜੀਤ ਜੱਜ ਨੇ ਸਮੂਹ ਹਾਜ਼ਰੀਨ ਦਾ ਧੰਨਵਾਦ ਕੀਤਾ। 'ਭਾਰਤੀ ਲੋਕਤੰਤਰ ਸਾਹਮਣੇ ਚੁਣੌਤੀਆਂ' ਵਿਸ਼ੇ 'ਤੇ ਕਰਵਾਏ ਗਏ ਪਹਿਲੇ ਸੈਸ਼ਨ ਵਿੱਚ ਪ੍ਰਲੇਸ ਦੇ ਕਾਰਜਕਾਰੀ ਪ੍ਰਧਾਨ ਵਿਭੂਤੀ ਨਰਾਇਣ ਰਾਏ, ਵਰਿੰਦਰ ਯਾਦਵ, ਹੇਤੂ ਭਾਰਦਵਾਜ ਅਤੇ ਡਾ: ਆਰਤੀ ਨੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਲੇਖਕਾਂ ਨੂੰ ਮੌਜੂਦਾ ਸਮੇਂ ਵਿੱਚ ਦਰਪੇਸ਼ ਚੁਣੌਤੀਆਂ ਬਾਰੇ ਸੋਚਣ ਦਾ ਸੱਦਾ ਦਿੱਤਾ। ਇਸ ਸੈਸ਼ਨ ਦਾ ਸੰਚਾਲਨ ਡਾ: ਸਵਰਾਜਬੀਰ ਨੇ ਕੀਤਾ।
‘ਸਮਾਜਿਕ ਪਰਿਵਰਤਨ ਅਤੇ ਸਾਹਿਤ ਦੀਆਂ ਦਿਸ਼ਾਵਾਂ’ ਵਿਸ਼ੇ ’ਤੇ ਆਧਾਰਿਤ ਤੀਜੇ ਸੈਸ਼ਨ ਵਿੱਚ ਰਣੇਂਦਰ, ਆਸ਼ੀਸ਼ ਤ੍ਰਿਪਾਠੀ, ਸਾਰਿਕਾ ਸ੍ਰੀ ਵਾਸਤਵ ਅਤੇ ਵਿਨੀਤ ਤਿਵਾੜੀ ਨੇ ਆਪਣੇ ਲੈਕਚਰ ਪੇਸ਼ ਕੀਤੇ ਅਤੇ ਸਾਹਿਤ ਵਿੱਚ ਉਨ੍ਹਾਂ ਦੀਆਂ ਵਿਗਾੜਾਂ ਨੂੰ ਰੇਖਾਂਕਿਤ ਕਰਕੇ, ਨਵ-ਬਸਤੀਵਾਦ ਅਤੇ ਨਵ ਉਦਾਰਵਾਦ ਦੇ ਸੰਦਰਭਾਂ ਨੂੰ ਸਮਝਦਿਆਂ ਆਮ ਲੋਕਾਂ ਨੂੰ ਜਾਗਰੂਕ ਕਰਨਾ ਸੀ। ਇਸ ਸੈਸ਼ਨ ਦਾ ਸੰਚਾਲਨ ਡਾ.ਕੁਲਦੀਪ ਸਿੰਘ ਦੀਪ ਨੇ ਕੀਤਾ।
ਆਖਰੀ ਸੈਸ਼ਨ ਵਿਚ ਖਾਲਿਦ ਹੁਸੈਨ, ਡਾ: ਵੰਦਨਾ ਚੌਬੇ, ਡਾ: ਕੁਸੁਮ ਮਾਧੁਰੀ ਟੋਪੋ ਅਤੇ ਰਾਕੇਸ਼ ਵਾਨਖੇੜੇ ਨੇ 'ਪਛਾਣ ਦੀ ਰਾਜਨੀਤੀ ਅਤੇ ਸਾਹਿਤ' ਵਿਸ਼ੇ 'ਤੇ ਆਪਣੇ ਵਿਚਾਰ ਪ੍ਰਗਟ ਕੀਤੇ। ਇਸ ਸੈਸ਼ਨ ਦਾ ਸੰਚਾਲਨ ਡਾ: ਹਰਵਿੰਦਰ ਸਿੰਘ ਸਿਰਸਾ ਨੇ ਕੀਤਾ। ਸੈਮੀਨਾਰ ਦੇ ਅੰਤ ਵਿੱਚ ਜਸਪਾਲ ਮਾਨਖੇੜਾ ਨੇ ਆਏ ਹੋਏ ਸਾਰੇ ਮਹਿਮਾਨਾਂ ਅਤੇ ਹਾਜ਼ਰੀਨ ਦਾ ਧੰਨਵਾਦ ਕੀਤਾ। ਸੈਮੀਨਾਰ ਵਿੱਚ ਪਰਵਾਸੀ ਸਾਹਿਤਕਾਰ ਸੁਰਿੰਦਰ ਗੀਤ ਅਤੇ ਪਰਮਿੰਦਰ ਸਵੈਚ, ਐਡਵੋਕੇਟ ਰਾਜਿੰਦਰ ਸਿੰਘ ਚੀਮਾ, ਹਰੀਸ਼ ਪੁਰੀ, ਗੁਰਦੇਵ ਸਿੰਘ ਸਿੱਧੂ, ਸੁਰਿੰਦਰ ਗਿੱਲ, ਜੰਗ ਬਹਾਦਰ ਗੋਇਲ ਵੀ ਸ਼ਾਮਿਲ ਹੋਏ।
ਮੌਜੂਦਾ ਸਮੇਂ ਦੀਆਂ ਚੁਣੌਤੀਆਂ ਸੰਬੰਧੀ ਇਹ ਸੈਮੀਨਾਰ ਇੱਕ ਚੇਤਨਾ ਵੀ ਜਗਾ ਰਿਹਾ ਸੀ ਅਤੇ ਮਾਰਗ ਦਰਸ਼ਨ ਵੀ ਕਰ ਰਿਹਾ ਸੀ। ਇਸ ਮੌਕੇ ਚਰਚਾ ਵਿੱਚ ਆਏ ਮੁੱਦੇ ਨਿਸਚੇ ਹੀ ਇੱਕ ਦ੍ਰਿੜ ਸੋਚ ਵੀ ਪੈਦਾ ਕਰਨਗੇ ਅਤੇ ਲੋਕ ਪੱਖੀ ਸੰਘਰਸ਼ ਨਵੀਂ ਤੇਜ਼ੀ ਨਾਲ ਅੱਗੇ ਵਧਣਗੇ।
ਅੱਜ ਦੇ ਸਮੇਂ ਵਿੱਚ ਅਤਿ ਪ੍ਰਸੰਗਕ ਉਪਰਾਲਾ। ਕਥੂਰੀਆ ਜੀ ਦੀ ਕਾਮਯਾਬ ਪੇਸ਼ਕਾਰੀ ਨੂੰ ਸਲਾਮ। ਜ਼ਿੰਦਾਬਾਦ ਪ੍ਲੇਸ ਤੇ ਇਸਦੀ ਆਗੂ ਟੀਮ ।
ReplyDelete