Saturday 26th October 2024 at 19:21 WhatsApp
ਸਮਾਗਮ ਵਿੱਚ ਸਾਹਿਤ ਦੇ ਗੁਰਾਂ ਅਤੇ ਬਾਰੀਕੀਆਂ ਬਾਰੇ ਵੀ ਗੱਲ ਹੋਈ
ਉਂਝ ਤਾਂ ਚੰਡੀਗੜ੍ਹ ਵਿੱਚ ਅੱਜ ਵੀ ਕਈ ਰੁਝੇਵੇਂ ਸਨ। ਸਭ ਤੋਂ ਵੱਡਾ ਸਾਹਿਤਿਕ ਆਯੋਜਨ ਪੰਜਾਬ ਕਲਾ ਭਵਨ ਵਿੱਚ ਇੱਕ ਕੁੰਭ ਵਾਂਗ ਜੁੜਿਆ ਹੋਇਆ ਸੀ। ਲੋਕਾਂ ਨਾਲ ਜੁੜੇ ਹੋਏ ਲੇਖਕ ਦੂਰ ਦੁਰਾਡਿਓਂ ਪੁੱਜੇ ਹੋਏ ਸਨ। ਕੌਮੀ ਪੱਧਰ ਦਾ ਇਹ ਪ੍ਰੋਗਰਾਮ ਮੌਜੂਦਾ ਹਾਲਾਤ ਦੀਆਂ ਚੁਣੌਤੀਆਂ ਅਤੇ ਇਹਨਾਂ ਦਾ ਸਾਹਮਣਾ ਕਰਨ ਲਈ ਹੋ ਰਹੇ ਉਪਰਾਲਿਆਂ ਬਾਰੇ ਬੜੀਆਂ ਪਤੇ ਦੀਆਂ ਗੱਲਾਂ ਕਰਦਾ ਸੀ। ਇਸਦੀ ਰਿਪੋਰਟ ਵੱਖਰੇ ਤੌਰ 'ਤੇ ਦਿੱਤੀ ਜਾ ਰਹੀ ਹੈ।
ਇਸ ਸਮਾਗਮ ਤੋਂ ਇਲਾਵਾ ਇੱਕ ਹੋਰ ਸਾਹਿਤਕ ਆਯੋਜਨ ਚੰਡੀਗੜ੍ਹ ਦੇ ਸਤਾਰਾਂ ਸੈਕਟਰ ਵਿਚਲੀ ਲਾਇਬ੍ਰੇਰੀ ਵਿੱਚ ਵੀ ਰੱਖਿਆ ਗਿਆ ਸੀ। ਜੇਕਰ ਇਹ ਸਮਾਗਮ ਪ੍ਰਗਤੀਸ਼ੀਲ ਲੇਖਕ ਸੰਘ ਦੇ ਕੌਮੀ ਪ੍ਰੋਗਰਾਮ ਤੋਂ ਇੱਕ ਦਿਨ ਅੱਗੇ ਪਿਛੇ ਰੱਖਿਆ ਜਾਂਦਾ ਤਾਂ ਜ਼ਿਆਦਾ ਚੰਗਾ ਹੁੰਦਾ। ਇਸਦੇ ਬਾਵਜੂਦ ਕੁਝ ਸਾਹਿਤ ਰਸੀਏ ਇਸ ਸਮਾਗਮ ਵਿਚ ਵੀ ਪੁੱਜੇ ਹੋਏ ਸਨ। ਇਸ ਸਮਾਗਮ ਵਿੱਚ ਪ੍ਰੋਫੈਸਰ ਕੇਵਲਜੀਤ ਸਿੰਘ ਕੰਵਲ ਦੀ ਪੰਜਵੀ ਪੁਸਤਕ ਰਿਲੀਜ਼ ਕੀਤੀ ਗਈ ਸੀ।
ਵਿਸ਼ਵ ਪੰਜਾਬੀ ਸਾਹਿਤਕ ਵਿਚਾਰ ਮੰਚ (ਰਜਿ:) ਮੁਹਾਲੀ ਵੱਲੋਂ ਟੀ.ਐਸ. ਸੈਂਟਰਲ ਸਟੇਟ ਲਾਇਬਰੇਰੀ ਸੈਕਟਰ-17 ਚੰਡੀਗੜ੍ਹ ਵਿਖੇ ਇੱਕ ਸ਼ਾਨਦਾਰ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਪ੍ਰਸਿੱਧ ਕਵੀ ਕੇਵਲਜੀਤ ਸਿੰਘ ਕੰਵਲ ਦੇ ਕਾਵਿ-ਸੰਗ੍ਰਹਿ ‘ਵਜ਼ੂਦ ਜ਼ਿੰਦਗੀ ਦਾ’ ਦਾ ਲੋਕ ਅਰਪਣ ਕੀਤਾ ਗਿਆ ਜਿਸ ਦੀ ਪ੍ਰਧਾਨਗੀ ਮੰਚ ਦੇ ਪ੍ਰਧਾਨ ਜਸਪਾਲ ਸਿੰਘ ਦੇਸੂਵੀ ਨੇ ਕੀਤੀ ਜਦ ਕਿ ਪ੍ਰਧਾਨਗੀ ਮੰਡਲ ਵਿੱਚ ਮਨਮੋਹਨ ਸਿੰਘ ਦਾਊਂ, ਗੁਰਦਰਸ਼ਨ ਸਿੰਘ ਮਾਵੀ, ਪ੍ਰਿੰ. ਬਹਾਦਰ ਸਿੰਘ ਗੋਸਲ, ਡਾ. ਰਜਿੰਦਰ ਰੇਨੂੰ ਅਤੇ ਪੁਸਤਕ ਦੇ ਲੇਖਕ ਕੇਵਲਜੀਤ ਸਿੰਘ ਕੰਵਲ ਸ਼ਾਮਲ ਹੋਏ। ਮੰਚ ਬਾਰੇ ਜਾਣ-ਪਛਾਣ ਅਤੇ ਸੰਚਾਲਨ ਭਗਤ ਰਾਮ ਰੰਗਾੜਾ ਨੇ ਕੀਤਾ। ਸਰੋਤਿਆਂ ਵਿੱਚ ਸਾਹਿਤ ਰਸੀਏ, ਸ਼ਾਇਰ ਅਤੇ ਸਾਹਿਤਿਕ ਪੱਤਰਕਾਰੀ ਵਿੱਚ ਰੂਚੀ ਰੱਖਣ ਵਾਲੇ ਵੀ ਮੌਜੂਦ ਸਨ। ਭਗਤ ਰਾਮ ਰੰਗਾੜਾ ਹੁਰਾਂ ਦਾ ਸੰਬੋਧਨ ਸਭਨਾਂ ਨੂੰ ਮੰਚ ਨਾਲ ਜੋੜ ਰਿਹਾ ਸੀ।
ਸਮਾਗਮ ਦੀ ਅਰੰਭਤਾ ਸੁਰਜੀਤ ਸਿੰਘ ਧੀਰ ਵੱਲੋਂ ਸ਼ਬਦ ਗਾਇਨ ਨਾਲ ਕੀਤੀ ਗਈ। ਪੁਸਤਕ ਲੋਕ ਅਰਪਣ ਰਸਮ ਤੋਂ ਬਾਅਦ ਰਜਿੰਦਰ ਸਿੰਘ ਧੀਮਾਨ ਨੇ ਪੁਸਤਕ ਤੇ ਆਪਣਾ ਵਿਸਥਾਰ ਪੂਰਵਕ ਪਰਚਾ ਪੜ੍ਹਿਆ। ਦੀਪਕ ਸ਼ਰਮਾ ਚਨਾਰਥਲ ਅਤੇ ਰਾਜੀਵ ਗਰੋਵਰ ਫਿਰੋਜ਼ਪੁਰ ਜੋ ਕਿਸੇ ਕਾਰਨ ਕਰਕੇ ਹਾਜ਼ਰ ਨਹੀਂ ਹੋ ਸਕੇ ਵੱਲੋਂ ਭੇਜੇ ਗਏ ਪਰਚੇ ਮੰਚ ਸਕੱਤਰ ਰੰਗਾੜਾ ਵੱਲੋਂ ਪੜ੍ਹੇ ਗਏ। ਰੰਗਾੜਾ ਅੰਦਾਜ਼ ਪ੍ਰੋਗਰਾਮ ਨੂੰ ਪੂਰੀ ਤਰ੍ਹਾਂ ਸਾਹਿਤਿਕ ਬਣਾ ਰਿਹਾ ਸੀ।
ਪੁਸਤਕ ਨਾਲ ਪੜ੍ਹੇ ਗਏ ਪਰਚਿਆਂ ਤੋਂ ਬਾਅਦ ਗੁਰਦਰਸ਼ਨ ਸਿੰਘ ਮਾਵੀ, ਬਹਾਦਰ ਸਿੰਘ ਗੋਸਲ, ਪਾਲ ਅਜਨਬੀ, ਬਾਬੂ ਰਾਮ ਦੀਵਾਨਾ ਅਤੇ ਡਾ. ਰਜਿੰਦਰ ਰੇਨੂੰ ਨੇ ਪੁਸਤਕ ਤੇ ਆਪਣੇ ਵਿਚਾਰ ਪੇਸ਼ ਕੀਤੇ। ਸ਼੍ਰੋਮਣੀ ਸਾਹਿਤਕਾਰ ਮਨਮੋਹਨ ਸਿੰਘ ਦਾਊਂ ਨੇ ਕਿਤਾਬ ਬਾਰੇ ਆਪਣੇ ਵਿਚਾਰ ਪੇਸ਼ ਕਰਦੇ ਹੋਏ ਇਸ ਨੂੰ ਇੱਕ ਮਿਆਰੀ ਪੁਸਤਕ ਦੱਸਿਆ ਅਤੇ ਆਪਣੀ ਇੱਕ ਸਮਾਜਿਕ ਨਜ਼ਮ ਸੁਣਾਈ। ਜਸਪਾਲ ਸਿੰਘ ਦੇਸੂਵੀ ਨੇ ਆਪਣੇ ਵਿਚਾਰ ਪੇਸ਼ ਕਰਦੇ ਹੋਏ ਕਿਹਾ ਕਿ ਪੁਸਤਕ ਜੀਵਨ ਦੇ ਨਿੱਜੀ, ਪਰਿਵਾਰਕ, ਸਮਾਜਿਕ, ਆਰਥਿਕ ਅਤੇ ਰਾਜਨੀਤਿਕ ਵਰਤਾਰਿਆਂ ਬਾਰੇ ਬਰੀਕੀ ਨਾਲ ਵਿਅੰਗ ਕਰਦੇ ਹੋਏ ਬਿਆਨ ਕਰਦੀ ਹੈ ਅਤੇ ਲੇਖਕ ਦੇ ਮਨੁੱਖਤਾ ਦੇ ਭਵਿੱਖ ਬਾਰੇ ਫ਼ਿਕਰਾਂ ਬਾਰੇ ਖੁਲਾਸਾ ਕਰਦੀ ਹੈ। ਉਨ੍ਹਾਂ ਨੇ ਲੇਖਕ ਨੂੰ ਉਨ੍ਹਾਂ ਦੀ ਘਾਲਣਾ ਦੀ ਸ਼ਲਾਘਾ ਕਰਦੇ ਹੋਏ ਵਧਾਈ ਦਿੱਤੀ। ਰੰਗਾੜਾ ਨੇ ਪੁਸਤਕ ਬਾਰੇ ਵਿਚਾਰ ਪੇਸ਼ ਕਰਦੇ ਹੋਏ ਕਿਹਾ ਕਿ ਇਹ ਕਿ ਬਹੁਤ ਵਧੀਆ ਪੁਸਤਕ ਹੈ ਜੋ ਘਰਾਂ ਅਤੇ ਲਾਇਬਰੇਰੀਆਂ ਵਿੱਚ ਸਾਂਭਣਯੋਗ ਹੈ।
ਲੇਖਕ ਨੇ ਕਿਹਾ ਕਿ ਉਸ ਨੇ ਆਪਣੇ ਜੀਵਨ ਦੀ ਹਰ ਹਕੀਕਤ ਨੂੰ ਹੂ-ਬ-ਹੂ ਪੁਸਤਕ ਵਿੱਚ ਬਿਆਨ ਕਰਨ ਦੀ ਕੋਸ਼ਿਸ਼ ਕੀਤੀ ਹੈ ਭਾਵੇਂ ਉਹ ਸੱਚ ਕਿੰਨਾ ਵੀ ਕੌੜਾ ਕਿਉਂ ਨਾ ਹੋਵੇ। ਮੰਚ ਵੱਲੋਂ ਲੇਖਕ ਨੂੰ ਸਿਰਪਾਓ ਅਤੇ ਮੋਮੈਂਟੋ ਨਾਲ ਸਨਮਾਨਿਤ ਕੀਤਾ ਗਿਆ।
ਇਸ ਉਪਰੰਤ ਹੋਏ ਕਵੀ ਦਰਬਾਰ ਵਿੱਚ ਬਲਵਿੰਦਰ ਸਿੰਘ ਢਿੱਲੋਂ, ਪਿਆਰਾ ਸਿੰਘ ਰਾਹੀ, ਪ੍ਰਤਾਪ ਪਾਰਸ ਗੁਰਦਾਸਪੁਰੀ, ਦਰਸ਼ਨ ਤਿਊਣਾ, ਜਗਤਾਰ ਸਿੰਘ ਜੋਗ, ਮਿੱਕੀ ਪਾਸੀ, ਮੰਦਰ ਗਿੱਲ, ਡਾ. ਮਨਜੀਤ ਸਿੰਘ ਬੱਲ, ਪਾਲ ਅਜਨਬੀ ਅਤੇ ਗੁਰਮਾਨ ਸੈਣੀ ਨੇ ਆਪਣੀਆਂ-ਆਪਣੀਆਂ ਰਚਨਾਵਾਂ ਸੁਣਾ ਕੇ ਰੰਗ ਬਿਖੇਰਿਆ। ਲੇਖਕ ਦੇ ਪਰਿਵਾਰ, ਰਾਜ ਕੁਮਾਰ ਸਾਹੋਵਾਲੀਆ, ਰਾਜਵਿੰਦਰ ਸਿੰਘ ਗੱਡੂ, ਹਰਵਿੰਦਰ ਕੌਰ, ਦਿਲਬਾਗ ਸਿੰਘ, ਨਵਨੀਤ ਭੁੱਲਰ, ਬਲਦੇਵ ਸਿੰਘ ਬਿੰਦਰਾ, ਕੁਲਵਿੰਦਰ ਕੌਰ, ਵੈਸ਼ਾਲੀ, ਸਰਬਜੀਤ ਸਿੰਘ, ਗੁਰਮੇਲ ਸਿੰਘ, ਰਾਜਿੰਦਰ ਕੌਰ, ਸੁਨੀਤਾ ਮਦਾਨ, ਹਰਮਿੰਦਰ ਕਾਲੜਾ, ਪਾਲ ਅਜਨਬੀ, ਅਤੇ ਰੰਜਨਾ ਅਗਰਵਾਲ ਆਦਿ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।
ਅੰਤ ਵਿੱਚ ਨੈਸ਼ਨਲ ਐਵਾਰਡੀ ਬਲਕਾਰ ਸਿੰਘ ਸਿੱਧੂ ਮੰਚ ਕੋਆਰਡੀਨੇਟਰ ਨੇ ਜਿੱਥੇ ਸਭ ਦਾ ਧੰਨਵਾਦ ਕੀਤਾ ਉੱਥੇ ਉਹਨਾਂ ਲੇਖਕ ਦੀ ਪੁਸਤਕ ਵਿੱਚੋਂ ਹੀ ਇੱਕ ਨਜ਼ਮ ਵੀ ਪੜ੍ਹ ਕੇ ਸੁਣਾਈ। ਸਿੱਧੂ ਸਾਹਿਬ ਦਾ ਅੰਦਾਜ਼ ਇਸ ਗੱਲ ਦੀ ਜਾਚ ਸਿਖਾਉਣ ਵਾਲਾ ਵੀ ਸੀ ਕਿ ਜੇਕਰ ਨਜ਼ਮ ਨੂੰ ਸੁਚੱਜੇ ਅੰਦਾਜ਼ ਨਾਲ ਪੜ੍ਹਿਆ ਜਾਏ ਤਾਂ ਉਸਦਾ ਅਸਰ ਵੀ ਕਮਾਲ ਦਾ ਹੁੰਦਾ ਹੈ। ਇਹ ਸੱਚਮੁੱਚ ਇੱਕ ਸਮਝਣ ਵਾਲੀ ਡੂੰਘੀ ਗੱਲ ਸੀ ਕਿ ਨਜ਼ਮ ਵਿੱਚ ਲੁੱਕੇ ਹੋਏ ਰਿਦਮ ਅਤੇ ਸੰਗੀਤ ਨੂੰ ਸਮਝਣ ਵਾਲਾ ਹੀ ਉਸਨੂੰ ਉਸ ਅੰਦਾਜ਼ ਨਾਲ ਪੇਸ਼ ਕਰ ਸਕਦਾ ਹੈ ਜਿਸ ਦਾ ਅਸਰ ਸਰੋਤਿਆਂ ਦੇ ਸਿੱਧਾ ਦਿਲ ਵਿੱਚ ਉਤਰ ਜਾਏ।
ਇਸ ਸਮਾਗਮ ਦੀ ਇੱਕ ਹੋਰ ਪ੍ਰਾਪਤੀ ਇਹ ਵੀ ਸੀ ਕਿ ਜਿੱਥੇ ਨਿੱਕੀ ਉਮਰ ਵਾਲੇ ਸ਼ਾਇਰ ਮਿੱਕੀ ਪਾਸੀ ਪ੍ਰੋਗਰਾਮ ਦੇ ਅਖੀਰ ਤੱਕ ਮੌਜੂਦ ਰਹੇ। ਰਸਮੀ ਪ੍ਰੋਗਰਾਮ ਦੇ ਮੁੱਕ ਜਾਣ ਮਗਰੋਂ ਅਖੀਰ ਵਿੱਚ ਚਾਹਪਾਣੀ ਦੇ ਦੌਰ ਸਮੇਂ ਵੀ ਸਾਹਿਤ ਨਾਲ ਸਬੰਧਤ ਗੱਲਾਂ ਚੱਲਦੀਆਂ ਰਹੀਆਂ। ਮੌਜੂਦਾ ਦੌਰ ਦੀਆਂ ਚੁਣੌਤੀਆਂ ਬਾਰੇ ਵੀ ਚਰਚਾ ਹੋਈ।
ਹਿੰਦੀ ਸਾਹਿਤ ਰਚਨਾ ਅਤੇ ਸਿਰਜਣਾ ਨਾਲ ਪ੍ਰੇਮ ਕਰਨ ਵਾਲੇ ਪਾਲ ਅਜਨਬੀ ਵੀ ਸਾਹਿਤਿਕ ਏਕਤਾ ਅਤੇ ਭਾਸ਼ਾਈ ਏਕਤਾ ਦੀਆਂ ਗੱਲਾਂ ਕਰਦੇ ਹੋਏ ਫੁੱਟ ਪਾਊ ਰੂਝਾਨਾਂ ਵਾਲੀ ਸਿਆਸਤ ਦੀ ਨਿਖੇਧੀ ਕਰਦੇ ਰਹੇ। ਉਹਨਾਂ ਕਿਹਾ ਕਿ ਕਲਮਕਾਰਾਂ ਨੂੰ ਹਰ ਉਸ ਗੱਲ ਦਾ ਵਿਰੋਧ ਕਰਨਾ ਚਾਹੀਦਾ ਹੈ ਜਿਹੜੇ ਭਰਾ ਨੂੰ ਭਰਾ ਨਾਲ ਆਪਸ ਵਿੱਚ ਲੜਾਊਂ ਵਾਲੀ ਕੋਈ ਸਾਜ਼ਿਸ਼ ਰਚਦੀ ਹੋਵੇ। ਸਾਹਿਤ ਦੀ ਸ਼ਕਤੀ ਸਿਰਜਣਾ, ਸ਼ਾਂਤੀ ਏਕਤਾ ਲਈ ਵਰਤਣੀ ਜਾਣੀ ਚਾਹੀਦੀ ਹੈ।
ਕੁਲ ਮਿਲਾ ਕੇ ਇਹ ਸਮਾਗਮ ਕਾਫੀ ਯਾਦਗਾਰੀ ਰਿਹਾ। ਚੰਡੀਗੜ੍ਹ ਦੀ ਇਹ ਸੈਂਟਰਲ ਲਾਇਬ੍ਰੇਰੀ ਵੀ ਸਾਹਿਤਿਕ ਆਯੋਜਨਾਂ ਦੇ ਕੁੰਭ ਕੇਂਦਰ ਵਾਂਗ ਉਭਰਦੀ ਮਹਿਸੂਸ ਹੋ ਰਹੀ ਹੈ।
ਸਮਾਜਿਕ ਚੇਤਨਾ ਅਤੇ ਜਨ ਸਰੋਕਾਰਾਂ ਨਾਲ ਜੁੜੇ ਹੋਏ ਬਲਾਗ ਮੀਡੀਆ ਨੂੰ ਜਾਰੀ ਰੱਖਣ ਵਿੱਚ ਸਹਿਯੋਗੀ ਬਣੋ। ਜੋ ਵੀ ਰਕਮ ਤੁਸੀਂ ਹਰ ਰੋਜ਼, ਹਰ ਹਫਤੇ, ਹਰ ਮਹੀਨੇ ਜਾਂ ਕਦੇ ਕਦਾਈਂ ਇਸ ਸ਼ੁਭ ਕੰਮ ਲਈ ਕੱਢ ਸਕਦੇ ਹੋ ਉਹ ਜ਼ਰੂਰ ਕੱਢੋ। ਹੇਠਲੇ ਬਟਨ 'ਤੇ ਕਲਿੱਕ ਕਰ ਕੇ ਤੁਸੀਂ ਸਹਿਜੇ ਹੀ ਅਜਿਹਾ ਕਰ ਸਕਦੇ ਹੋ।
No comments:
Post a Comment