google.com, pub-7610353441165800, DIRECT, f08c47fec0942fa0 ਸਾਹਿਤ ਸਕਰੀਨ: ਡਾ. ਲਖਵਿੰਦਰ ਸਿੰਘ ਜੌਹਲ ਵੱਲੋਂ ਅਕਾਡਮੀ ਨੂੰ ਵਿੱਤੀ ਸਹਾਇਤਾ ਦਾ ਐਲਾਨ

Wednesday 2 March 2022

ਡਾ. ਲਖਵਿੰਦਰ ਸਿੰਘ ਜੌਹਲ ਵੱਲੋਂ ਅਕਾਡਮੀ ਨੂੰ ਵਿੱਤੀ ਸਹਾਇਤਾ ਦਾ ਐਲਾਨ

2nd March 2022 at 3:49 PM

ਪੰਜਾਬੀ ਸਾਹਿਤ ਅਕਾਡਮੀ ਵੱਲੋਂ ਨਵਾਂ ਇਤਿਹਾਸ ਲਿਖਣ ਦੀ ਤਿਆਰੀ 


ਲੁਧਿਆਣਾ: 02 ਮਾਰਚ 2022:(ਸਾਹਿਤ ਸਕਰੀਨ ਡੈਸਕ):: 

ਰੂਸ-ਯੂਕਰੇਨ ਜੰਗ ਨੂੰ ਲੈ ਕੇ ਚਿੰਤਿਤ ਹੋਈ ਲੋਕਾਈ ਦਾ ਪੂਰਾ ਧਿਆਨ ਕਿਸੇ ਨ ਕਿਸੇ ਤਰ੍ਹਾਂ ਇਸ ਜੰਗ ਨੂੰ ਬੰਦ ਕਰਾਉਣ ਦੇ ਉਪਰਾਲਿਆਂ ਵੱਲ ਲੱਗਾ ਹੋਇਆ ਹੈ ਪਰ ਕੋਈ ਕ੍ਰਿਸ਼ਮਾ ਹੁੰਦਾ ਨਜ਼ਰ ਨਹੀਂ ਆ ਰਿਹਾ। ਦਹਾਕਿਆਂ ਪੁਰਾਣੇ ਹਿਸਾਬ ਕਿਤਾਬ ਅਤੇ ਵਧੀਕੀਆਂ ਨੂੰ ਸੈਟਲ ਕਰਨ ਲਈ ਸ਼ੁਰੂ ਹੋਈ ਇਹ ਦੋ ਧਿਰੀ ਜੰਗ ਜਲਦੀ ਹੀ ਸੰਸਾਰ ਜੰਗ ਬਣਨ ਦੇ ਖਦਸ਼ੇ ਲਗਾਤਾਰ ਵਧਦੇ ਮਹਿਸੂਸ ਹੋ ਰਹੇ ਹਨ। ਇਹ ਜੰਗ ਕੋਰੋਨਾ ਵਰਗੇ ਮਸਲਿਆਂ ਨੂੰ ਵੀ ਭੁਲਾਈ ਬੈਠੀ ਹੈ ਪਰ  ਸਾਡੇ ਬੁਧੀਜੀਵੀਆਂ ਨੂੰ ਆਪੋ ਆਪਣੀਆਂ ਸਾਹਿਤਿਕ ਸੰਸਥਾਵਾਂ ਦੀਆਂ ਸਮੱਸਿਆਵਾਂ ਤੋਂ ਵਿਹਲ ਮਿਲਦੀ ਨਜ਼ਰ ਨਹੀਂ ਆਉਂਦੀ। ਸੁਆਲ ਕੱਲੇ ਪੁਤਿਨ ਦੀ ਕੁਰਸੀ ਜਾਂ ਉਸਦੀ ਜੰਗ ਦਾ ਤਾਂ ਨਹੀਂ। 

ਸਾਹਿਤਿਕ ਕੁਰਸੀਆਂ ਅਤੇ ਸਾਹਿਤਿਕ ਜੰਗਾਂ ਵੀ ਜ਼ਰੂਰੀ ਹੁੰਦੀਆਂ ਹਨ ਸ਼ਾਇਦ। ਰੂਸ ਪੱਖੀ ਜਾਂ ਰੂਸ ਵਿਰੋਧੀ ਕੈਂਪਾਂ ਵਿਚ ਵੰਡੇ ਗਏ ਸਮਾਜ ਅਤੇ ਦੁਨੀਆ ਵਿੱਚ ਉਹਨਾਂ ਲੋਕਾਂ ਦੀ ਚਿੰਤਾ ਕਰਨ ਵਾਲਾ ਸ਼ਾਇਦ ਕੋਈ ਨਹੀਂ ਜਿਹਾ ਪੁੱਛ ਸਕੇ ਕਿ ਉਹਨਾਂ ਨੂੰ ਇਸ ਉਮਰੇ ਆਧੁਨਿਕ ਹਥਿਆਰ ਚੁੱਕਣ ਲਈ ਮਜਬੂਰ ਕਰਨ ਦਾ ਦੋਸ਼ੀ ਕੌਣ ਹੈ? ਕੌਣ ਖੜੋਤਾ ਹੈ ਉਹਨਾਂ ਦੇ ਨਾਲ? ਉਹ ਇਸ ਜੰਗ ਨੂੰ ਲੜਦਿਆਂ ਬੰਕਰਾਂ ਵਿਚ ਮਰ ਜਾਣ ਜਾਂ ਸੜਕਾਂ ਤੇ ਇਸ ਨਾਲ ਸਾਨੂੰ ਸ਼ਾਇਦ ਕੋਈ ਵਾਸਤਾ ਹੀ ਨਹੀਂ ਰਿਹਾ। ਅਸੀਂ ਰੂਸ ਪੱਖੀ ਜਾਂ ਅਮਰੀਕਾ ਪੱਖੀ ਬਣਨ ਦੀ ਚਿੰਤਾ ਵਿਚ ਹਨ। ਸਾਡੇ ਬੁਧੀਜੀਵੀ ਵੀ ਆਪਣੀਆਂ ਚਿੰਤਾਵਾਂ ਵਿੱਚ ਡੁੱਬੇ ਹੋਏ ਹਨ। ਘਰਾਂ ਅਤੇ ਪਰਿਵਾਰਾਂ ਦੇ ਕਰਜ਼ਿਆਂ ਤੋਂ ਸੱਤੇ ਵਿਦਿਆਰਥੀ ਸਸਤੀ ਪੜ੍ਹਾਈ ਦੇ ਲਾਲਚ ਨੂੰ ਯੂਕਰੇਨ ਜਾ ਪੁੱਜੇ ਪਰ ਹੁਣ ਉਹ ਉੱਥੇ ਮੌਤ ਦੀ ਛਾਂ ਹੇਠਾਂ ਇੱਕ ਇੱਕ ਸਾਹ  ਡਰ ਡਰ ਕੇ ਲੈ ਰਹੇ ਹਨ। ਇਸੇ ਮਾਹੌਲ ਵਿੱਚ ਸਰਗਰਮ ਹੈ ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ।   
ਕਾਫੀ ਦੇਰ ਡੈਸਕ ਵਾਲੀ ਸਰਗਰਮ ਪੱਤਰਕਾਰੀ ਵਿੱਚ ਡਟੇ ਰਹਿਣ ਤੋਂ ਬਾਅਦ ਹੁਣ ਸਰਗਰਮ ਸਾਹਿਤ ਰਚਨਾ ਵੱਲ ਪੂਰੀ ਤਰ੍ਹਾਂ ਆਏ ਡਾ. ਲਖਵਿੰਦਰ ਜੌਹਲ ਜਦੋਂ ਸਰਬਸੰਮਤੀ ਨਾਲ ਪੰਜਾਬੀ ਸਾਹਿਤ ਅਕਾਦਮੀ ਦੇ ਪ੍ਰਧਾਨ ਬਣੇ ਤਾਂ ਉਦੋਂ ਹੀ ਜਾਪਦਾ ਸੀ ਕਿ ਇਸ ਵਾਰ ਪੰਜਾਬੀ ਸਾਹਿਤ ਅਕਾਦਮੀ ਨਾਲ ਕੁਝ ਚੰਗਾ ਅਤੇ ਨਵਾਂ ਹੋਵੇਗਾ। ਇਹਨਾਂ ਆਸਾਂ ਮੁਤਾਬਿਕ ਅਮਲ ਵੀ ਸ਼ੁਰ ਹੋ ਗਿਆ ਲੱਗਦਾ ਹੈ। ਲੱਗਦਾ ਹੈ ਚੰਗੀਆਂ ਹਵਾਵਾਂ ਰੁਮਕਦੀਆਂ ਮਹਿਸੂਸ ਹੋ ਰਹੀਆਂ ਹਨ। 

ਆਰਥਿਕ ਕਮਜ਼ੋਰੀਆਂ ਦਾ ਸ਼ਿਕਾਰ ਹੋਈ ਪੰਜਾਬੀ ਸਾਹਿਤ ਅਕਾਦਮੀ ਨੂੰ ਠੁੰਮਣਾ ਦੇਣ ਲਈ ਸਰਬਸੰਮਤੀ ਨਾਲ ਚੁਣੇ ਗਏ ਨਵੇਂ ਪ੍ਰਧਾਨ ਡਾ. ਲਖਵਿੰਦਰ ਜੌਹਲ ਨੇ ਇੱਕ ਲਖ ਰੁਪਏ ਦੀ ਰਕਮ ਵਿੱਤੀ ਸਹਾਇਤਾ ਵੱਜੋਂ ਦੇਣ ਦਾ ਐਲਾਨ ਕੀਤਾ ਹੈ। ਮੀਟਿੰਗ ਦੌਰਾਨ ਕੁਝ ਦੇਰ ਬਾਅਦ ਕੁਝ ਹੋਰ ਮਸਲੇ ਵੀ ਸਾਹਮਣੇ ਆਏ ਤਾਂ ਪਤਾ ਲੱਗਿਆ ਕਿ ਇਹਨਾਂ ਲਈ ਵੀ ਖਰਚੇਪਾਣੀ ਦੀ ਲੋੜ ਹੈ। ਸੀਸੀਟੀਵੀ ਕੈਮਰੇ ਲਾਉਣਾ ਅੱਜ ਦਾ ਮਾਹੌਲ ਦੀ ਸਖਤ ਲੋੜ ਹੈ। ਪੰਜਾਬੀ ਭਵਨ ਦੇ ਸਾਹਿਤ-ਸੱਭਿਆਚਾਰ ਵਾਲੇ ਇਸ   ਮਾਹੌਲ ਨੂੰ ਸਾਫ਼ਸੁਥਰਾ ਅਤੇ ਸੁਰਖਿਅਤ ਰੱਖਣ ਲਈ ਇਸ ਤਕਨੀਕ ਦਾ ਹੋਣਾ ਬਹੁਤ ਜ਼ਰੂਰੀ ਵੀ ਹੈ। ਇਸਦੇ ਪਾਰਕ ਵਿੱਚ ਦਾਖਲੇ ਦੇ ਨਿਯਮ ਅਤੇ ਪਾਸ ਵੀ ਬਣਾਏ ਜਾਣੇ ਚਾਹੀਦੇ ਹਨ। ਫਿਲਹਾਲ ਜ਼ਰੂਰੀ ਹਨ ਨਿਗਰਾਨੀ ਰੱਖਣ ਵਾਲੇ ਕੈਮਰੇ ਅਤੇ ਖੁਲਣ ਦਾ ਸ,ਮਨ ਨਿਸਚਿਤ ਕਰਨਾ।  

ਸੋ ਡਾ. ਜੌਹਲ ਵੱਲੋਂ ਸੀਸੀਟੀਵੀ ਕੈਮਰੇ ਲਗਵਾਉਣ ਲਈ ਇੱਕ ਲਖ ਰੁਪਏ ਹੋਰ ਦੇਣ ਦਾ ਵੀ ਐਲਾਨ ਕੀਤਾ ਗਿਆ।ਇਸਦੇ ਨਾਲ ਹੀ ਕੁਝ ਹੋਰ ਉਪਰਾਲੇ ਵੀ ਕੀਤੇ ਜਾਣ ਦੀ ਸੰਭਾਵਨਾ ਹੈ ਕਿਓਂਕਿ ਖਸਤਾ ਹਾਲ ਦੱਸੀ ਜਾਂਦੀ ਪੰਜਾਬੀ ਸਾਹਿਤ ਅਕਾਦਮੀ ਨੂੰ ਦਸ ਮਾਰਚ ਮਗਰੋਂ ਬਣਨ ਵਾਲੀ ਕਿਸੇ ਵੀ ਸਰਕਾਰ ਤੋਂ ਕੁਝ ਆਰਥਿਕ ਪ੍ਰਾਪਤੀ ਹੋਣ ਦੀਆਂ ਸੰਭਾਵਨਾਵਾਂ ਬਹੁਤ ਹੀ ਘੱਟ ਹਨ। ਡਾ. ਜੌਹਲ ਅਤੇ ਉਹਨਾਂ ਦੀ ਟੀਮ ਦੇ ਸੁਹਿਰਦ ਮੈਂਬਰ ਨਿਸਚੇ ਹੀ ਕੁਝ ਸਰਦੇ ਪੁੱਜਦੇ ਵਿਅਕਤੀਆਂ ਨੂੰ ਇਸ ਮਕਸਦ ਲਈ ਤਿਆਰ ਕਰਨ ਵਿਚ ਕਾਮਯਾਬ ਹੋ ਹੀ ਜਾਣਗੇ। ਉਹਨਾਂ ਦਾ ਮਿੱਤਰ ਧੰਨ ਵਾਲਾ ਖਜ਼ਾਨਾ ਬਹੁਤ ਵਿਸ਼ਾਲ ਹੈ। 

ਸੋ ਅਜਿਹਾ ਬਹੁਤ ਕੁਝ ਹੈ ਜਿਹਾ ਵਿਚਾਰ ਮੰਗਦਾ ਹੈ। ਅਜਿਹੀਆਂ ਸਾਰੀਆਂ ਨਿੱਕੀਆਂ ਮੋਟੀਆਂ ਗੱਲਾਂ ਨੂੰ ਸਾਹਮਣੇ ਰੱਖਦਿਆਂ ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੇ ਪ੍ਰਬੰਧਕੀ ਬੋਰਡ ਦੀ ਪਲੇਠੀ ਇਕੱਤ੍ਰਤਾ ਪਹਿਲੀ ਮਾਰਚ ਨੂੰ ਪੰਜਾਬੀ ਭਵਨ, ਲੁਧਿਆਣਾ ਵਿਖੇ ਅਕਾਡਮੀ ਦੇ ਪ੍ਰਧਾਨ ਡਾ. ਲਖਵਿੰਦਰ ਸਿੰਘ ਜੌਹਲ ਦੀ ਪ੍ਰਧਾਨਗੀ ਹੇਠ ਹੋਈ। ਇਕੱਤ੍ਰਤਾ ਵਿਚ ਅਕਾਡਮੀ ਦੇ ਨਵ-ਨਿਯੁਕਤ ਅਹੁਦੇਦਾਰ ਅਤੇ ਪ੍ਰਬੰਧਕੀ ਬੋਰਡ ਦੇ ਮੈਂਬਰ ਸ਼ਾਮਲ ਹੋਏ। ਇਸ ਇਕੱਤ੍ਰਤਾ ਵਿਚ ਕਰੋਨਾ ਸਮੇਂ ਦੌਰਾਨ ਅਕਾਡਮੀ ਦੇ ਵਿਛੜ ਚੁੱਕੇ ਮੈਂਬਰਾਂ ਅਤੇ ਮੈਂਬਰਾਂ ਦੇ ਸਕੇ ਸੰਬੰਧੀਆਂ ਬਾਰੇ ਦੋ ਮਿੰਟ ਦਾ ਮੌਨ ਧਾਰ ਕੇ ਸ਼ਰਧਾਂਜਲੀ ਭੇਟ ਕੀਤੀ ਗਈ।

ਇਸ ਪਲੇਠੀ ਮੀਟਿੰਗ ਦੌਰਾਨ 2021 ਵਿਚ ਭਾਰਤੀ ਸਾਹਿਤ ਅਕਾਡਮੀ ਵੱਲੋਂ ਅਕਾਡਮੀ ਦੇ ਜੀਵਨ ਮੈਂਬਰ ਜਨਾਬ ਖ਼ਾਲਿਦ ਹੁਸੈਨ ਨੂੰ ਉਨ੍ਹਾਂ ਦੀ ਕਹਾਣੀਆਂ ਦੀ ਪੁਸਤਕ ‘ਸੂਲਾ ਦਾ ਸਾਲਣ’’’ਤੇ ਪੁਰਸਕਾਰ ਦੇਣ ਤੇ ਅਕਾਡਮੀ ਵੱਲੋਂ ਵਧਾਈ ਦਿੱਤੀ ਗਈ ਅਤੇ ਪੰਜਾਬ ਕਲਾ ਪਰਿਸ਼ਦ ਵੱਲੋਂ ਸਾਹਿਤਕਾਰਾਂ, ਕਲਾ ਪ੍ਰੇਮੀਆਂ ਨੂੰ ਗੌਰਵ ਪੰਜਾਬ ਦਾ ਪੁਰਸਕਾਰ ਮਿਲਣ ’ਤੇ ਵਧਾਈ ਦਿੱਤੀ ਗਈ।

2022-2024 ਵਾਲੇ ਦੋ ਸਾਲਾਂ ਲਈ ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੀਆਂ ਗਤੀਵਿਧੀਆਂ, ਸਰਗਰਮੀਆਂ, ਸੈਮੀਨਾਰ, ਕਾਨਫ਼ੰਰਸ, ਸਾਹਿਤ ਉਤਸਵ, ਰੂ-ਬ-ਰੂ ਸਮਾਗਮਾਂ ਲਈ ਸਰਬਸੰਮਤੀ ਨਾਲ ਕਮੇਟੀਆਂ ਦਾ ਗਠਿਨ ਕੀਤਾ ਗਿਆ ਤੇ ਕਮੇਟੀਆਂ ਦੇ ਕਨਵੀਨਰ ਥਾਪ ਕੇ ਉਨ੍ਹਾਂ ਨੂੰ ਯੋਜਨਾਬੱਧ ਤਰੀਕੇ ਨਾਲ ਅਕਾਡਮੀ ਦੇ ਪ੍ਰੋਗਰਾਮ ਕਰਨ ਲਈ ਬੇਨਤੀ ਕੀਤੀ ਗਈ।

ਅਕਾਡਮੀ ਦੇ ਪ੍ਰਧਾਨ ਡਾ. ਲਖਵਿੰਦਰ ਸਿੰਘ ਜੌਹਲ ਨੇ ਪ੍ਰਬੰਧਕੀ ਬੋਰਡ ਲਈ ਸਾਹਿਤ ਅਤੇ ਸਭਿਆਚਾਰ ਨਾਲ ਜੁੜੀਆਂ ਤਿੰਨ ਸ਼ਖ਼ਸੀਅਤਾਂ ਡਾ. ਸ. ਪ. ਸਿੰਘ ਜੋ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਦੇ ਸਾਬਕਾ ਉਪ-ਕੁਲਪਤੀ ਹਨ, ਸ੍ਰੀ ਸਤਨਾਮ ਮਾਣਕ (ਰੋਜ਼ਾਨਾ ਅਜੀਤ) ਅਤੇ  ਨਾਮਵਰ ਕਹਾਣੀ ਲੇਖਕ ਸ੍ਰੀ ਸੁਖਜੀਤ  ਨੂੰ ਦੋ ਸਾਲ ਲਈ ਨਾਮਜ਼ਦ ਕੀਤਾ ਗਿਆ। 

ਇਸਦੇ ਨਾਲ ਹੀ ਜਨਰਲ ਸਕੱਤਰ ਡਾ. ਗੁਰਇਕਬਾਲ ਸਿੰਘ ਦੀ ਸਿਫ਼ਾਰਸ਼ ’ਤੇ ਪ੍ਰਬੰਧਕੀ ਬੋਰਡ ਨੇ ਸਰਬਸੰਮਤੀ ਨਾਲ ਤਿੰਨ ਸਕੱਤਰ ਡਾ. ਗੁਰਚਰਨ ਕੌਰ ਕੋਚਰ, ਸ. ਬਲਦੇਵ ਸਿੰਘ ਝੱਜ ਸਕੱਤਰ, ਸ੍ਰੀ ਕੇ. ਸਾਧੂ ਸਿੰਘ ਨੂੰ ਵੀ ਨਾਮਜ਼ਦ ਕੀਤਾ ਗਿਆ। ਇਸ ਮੁੱਦੇ ਤੇ ਕੁਝ ਬਹਿਸ ਵਰਗਾ ਵਿਚਾਰ ਵੀ ਹੋਇਆ ਦੱਸਿਆ ਜਾਂਦਾ ਹੈ ਪਰ ਸ੍ਰੀ ਕੇ. ਸਾਧੂ ਸਿੰਘ ਹੁਰਾਂ ਨੰ ਦਫਤਰ ਸਕੱਤਰ ਵੱਜੋਂ ਵੀ ਪ੍ਰਵਾਨ ਕਰ ਲਿਆ ਗਿਆ ਹੈ। 

ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੇ ਕੰਮਕਾਜ ਅਤੇ ਗਤੀ ਵਿਧੀਆਂ ਨੂੰ ਉਸਾਰੂ ਰੂਪ ਨਾਲ ਚਲਾਉਣ ਲਈ ਪ੍ਰਬੰਧਕੀ ਬੋਰਡ ਵੱਲੋਂ ਨਿੱਗਰ ਸੁਝਾਅ ਦਿੱਤੇ ਗਏ ਅਤੇ ਅਕਾਡਮੀ ਦੇ ਖੁੱਲ੍ਹੇ ਰੰਗਮੰਚ ’ਚ ਹਰ ਮਹੀਨੇ ਇਕ ਪੰਜਾਬੀ ਨਾਟਕ ਕਰਨ ਦੀ ਲੋੜ ’ਤੇ ਜ਼ੋਰ ਦਿੱਤਾ। ਹੁਣ ਦੇਖਣਾ ਹੈ ਕਿ ਰੰਗਮੰਚ ਵਾਲਿਆਂ ਦੇ ਗਿਲੇ ਸ਼ਿਕਵੇ ਦੂਰ ਕਰਨ ਲਈ ਕਿਸਦੀ ਡਿਊਟੀ ਲਗਾਈ ਜਾਂਦੀ ਹੈ। 

ਉਨ੍ਹਾਂ ਇਹ ਵੀ ਸੁਝਾਅ ਦਿੱਤਾ ਕਿ ਅਕਾਡਮੀ ਨੂੰ ਸਕੂਲਾਂ, ਕਾਲਜਾਂ ਅਤੇ ਪਿੰਡਾਂ ਵਿਚ ਪ੍ਰੋਗਰਾਮ ਕਰਕੇ ਲੋਕਾਂ ਨੂੰ ਨਾਲ ਜੋੜਨਾ ਚਾਹੀਦਾ ਹੈ। ਇਸ ਲਈ ਠੋਸ ਪ੍ਰੋਗਰਾਮ ਉਲੀਕੇ ਗਏ। ਇਸ ਸੰਬੰਧ ਵਿਚ 19 ਮਾਰਚ 2022, ਦਿਨ ਸ਼ਨੀਵਾਰ ਨੂੰ ਅੰਤਰਰਾਸ਼ਟਰੀ ਮਾਤ ਭਾਸ਼ਾ ਦਿਵਸ ਨੂੰ ਸਮਰਪਿਤ ‘ਪੰਜਾਬੀ ਮਾਤ ਭਾਸ਼ਾ ਮੇਲੇ’ ਦਾ ਆਯੋਜਿਨ ਕੀਤਾ ਜਾ ਰਿਹਾ ਹੈ ਜਿਸ ਵਿਚ ਵੱਖ ਵੱਖ ਕਾਲਜਾਂ ਦੇ ਵਿਦਿਆਰਥੀਆਂ ਦੇ  ਸਾਹਿਤਕ ਮੁਕਾਬਲੇ ਕਰਵਾਏ ਜਾਣਗੇ ਅਤੇ ਉਨ੍ਹਾਂ ਨੂੰ ਸਰਟੀਫਿਕੇਟਸ, ਇਨਾਮਾਂ ਦੇ ਨਾਲ ਨਾਲ ‘ਮਾਤ ਭਾਸ਼ਾ ਟਰਾਫ਼ੀ’ ਪ੍ਰਦਾਨ ਕੀਤੀ ਜਾਵੇਗੀ। 

ਅਕਾਡਮੀ ਦੇ ਪ੍ਰਧਾਨ ਡਾ. ਲਖਵਿੰਦਰ ਸਿੰਘ ਜੌਹਲ ਨੇ ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਲਈ ਇਕੱਤ੍ਰਤਾ ਮੌਕੇ ਇੱਕ ਲੱਖ ਰੁਪਏ ਦੀ ਵਿੱਤੀ ਸਹਾਇਤਾ ਦੇਣ ਦੇ ਨਾਲ ਨਾਲ ਇੱਕ ਲੱਖ ਰੁਪਏ ਦੇ ਹੋਰ ਖਰਚੇ ਨਾਲ ਅਕਾਡਮੀ ਵਿਚ ਸੀ ਸੀ ਟੀ ਵੀ ਕੈਮਰੇ ਲਗਵਾਉਣ ਦਾ ਸਹਿਯੋਗ ਦੇਣ ਦਾ ਐਲਾਨ ਵੀ ਕੀਤਾ। 

ਇਸ ਪਲੇਠੀ ਮੀਟਿੰਗ ਮਗਰੋਂ ਪੰਜਾਬੀ ਸਾਹਿਤ ਅਕਾਦਮੀ ਦੇ  ਕੰਮਕਾਜ ਵਿੱਚ ਰਵਾਨੀ ਵੀ ਆ ਜਾਣੀ ਹੈ ਅਤੇ ਕੁਝ ਚੁਣੌਤੀਆਂ  ਵੀ ਸਾਹਮਣੇ ਆਉਣੀਆਂ ਸੁਭਾਵਿਕ ਹਨ। ਡਾ. ਜੌਹਲ ਦੇ ਪ੍ਰਧਾਨ ਮਗਰੋਂ ਇਥੋਂ ਦਾ ਸਾਹਿਤਿਕ ਮਾਹੌਲ ਵੀ ਵਿਕਸਿਤ ਹੋਏਗਾ ਅਤੇ ਸਾਹਿਤਿਕ ਪੱਤਰਕਾਰੀ ਵਾਲਾ ਮਾਹੌਲ ਵੀ ਜ਼ਰੂਰ ਬਣੇਗਾ। ਪੰਜਾਬੀ ਸਾਹਿਤ ਅਕਾਦਮੀ ਦੇ ਦਫ਼ਤਰੀ ਕੰਮਕਾਜ ਅਤੇ ਪ੍ਰਬੰਧਾਂ ਵਿਚ ਇਸ ਪਾਸੇ ਵੀ ਧਿਆਨ ਦਿੱਤਾ ਜਾਵੇ ਤਾਂ ਬਹੁਤ ਚੰਗਾ ਹੋਵੇ। 

No comments:

Post a Comment