google.com, pub-7610353441165800, DIRECT, f08c47fec0942fa0 ਸਾਹਿਤ ਸਕਰੀਨ: ਹਲੂਣਾ ਦੇਂਦੀ ਕਾਵਿ ਰਚਨਾ//ਕਮਲਗੀਤ ਸਰਹਿੰਦ

Wednesday 17 March 2021

ਹਲੂਣਾ ਦੇਂਦੀ ਕਾਵਿ ਰਚਨਾ//ਕਮਲਗੀਤ ਸਰਹਿੰਦ

...ਆਪਣਾ ਮੂਲ ਪਛਾਣ ਦਾ ਸੱਦਾ ਦੇਂਦੀ ਪੋਸਟ 

ਸਰਕਾਰੀ ਸਕੂਲਾਂ ਅਤੇ ਕਾਲਜਾਂ ਨੇ ਸਮਾਜ ਨੂੰ ਵਿੱਦਿਆ ਦੇ ਚਾਨਣ ਨਸਲ ਰੁਸ਼ਨਾਉਣ ਵਿੱਚ ਅਹਿਮ ਭੂਮਿਕਾ ਨਿਭਾਈ ਹੈ। ਗਿਆਨ ਦੀ ਇਸ ਰੌਸ਼ਣੀ ਨੇ ਸਿਆਸੀ ਚੇਤਨਾ ਵੀ ਦਿੱਤੀ ਅਤੇ ਅਧਿਕਾਰਾਂ ਦੀ ਰਾਖੀ ਬਾਰੇ ਵੀ ਚੇਤੰਨ ਕੀਤਾ। ਇਸ ਨਵੀਂ ਸੋਚ ਦੇ ਵਿਰੋਧੀਆਂ ਨੇ ਸਿੱਖਿਆ ਤੇ ਜਿਹੜੇ ਸੂਖਮ ਹਮਲੇ ਸ਼ੁਰੂ ਕੀਤੇ ਉਹਨਾਂ ਨੇ ਸਰਕਾਰੀ ਅਦਾਰਿਆਂ ਵਾਲੀ ਸਿੱਖਿਆ ਨੂੰ ਛੁੱਟਿਆਉਣ ਅਤੇ ਹੋਲੀ ਹੋਲੀ ਮੁਕੰਮਲ ਖਾਤਮੇ ਦੀਆਂ ਸਾਜ਼ਿਸ਼ਾਂ ਬਹੁਤ ਪਹਿਲਾਂ ਆਰੰਭ ਦਿੱਤੀਆਂ ਸਨ। ਇਸ ਸਭ ਕੁਝ ਤੋਂ ਅੱਖਾਂ ਮੀਚੀ ਬੈਠੇ ਵਿਦਵਾਨ ਜਾਂ ਤਾਂ ਸਿਰਫ ਛੋਟੇ ਛੋਟੇ ਸੈਮੀਨਾਰਾਂ ਤੱਕ ਸੀਮਤ ਕੇ ਰਹਿਣਗੇ ਤੇ ਜਾਂ ਫਿਰ ਸਿਆਸੀ ਝੰਡਿਆਂ ਵਾਲੀ ਨਾਅਰੇਬਾਜ਼ੀ ਵਿਚ ਗੁਆਚ ਗਏ। ਹੁਣ ਜਦੋਂ ਕਿ ਨਵੀਂ ਸਿੱਖਿਆ ਨੀਤੀ ਲਾਗੂ ਕਰਨ ਦਾ ਕੰਮ ਤੂਫ਼ਾਨੀ ਰਫਤਾਰ ਨਾਲ ਸ਼ੁਰੂ ਹੈ ਉਦੋਂ ਡੂੰਘੀ ਨਿਰਾਸ਼ਾ ਦੇ ਹਨੇਰੇ ਵਿੱਚ ਕਮਲਜੀਤ ਹੁਰਾਂ ਦੀ ਇਹ ਰਚਨਾ ਇੱਕ ਨਵਾਂ ਹੌਂਸਲਾ ਲੈ ਕੇ ਆਈ ਹੈ। ਪੜ੍ਹੋ ਤੋਂ ਆਪਣੇ ਆਪ ਨੂੰ ਆਪੋ ਆਪਣੇ ਕਨਫਰਟ ਜ਼ੋਨ ਵਿੱਚੋਂ ਬਾਹਰ ਆ  ਕੇ ਸੰਘਰਸ਼ਾਂ ਦੇ ਰਾਹ ਪਵੋ। ਇਸ ਲਈ ਜ਼ਰੂਰੀ ਹੈ ਆਪਣੀਆਂ ਪ੍ਰਾਪਤੀਆਂ ਨੂੰ ਦੇਖੋ, ਉਜਾਗਰ ਕਰੋ ਅਤੇ ਇਹਨਾਂ ਤੇ ਮਾਣ ਵੀ ਕਰੋ। ਸ਼ਾਇਦ ਇਹ ਸੁਨੇਹਾ ਦੇ ਰਹੀ ਕਮਲਜੀਤ ਹੁਰਾਂ ਦੀ ਇਹ ਰਚਨਾ: ਜੇਕਰ ਤੁਸੀਂ ਅਧਿਆਪਕ ਹੋ ਤਾਂ....

ਜੇਕਰ ਤੁਸੀਂ ਅਧਿਆਪਕ ਹੋ ਤਾਂ//ਕਮਲਗੀਤ ਕੌਰ 

ਸੁੱਚੇ ਪਾਣੀ ਦਾ ਛਿੱਟਾ ਦੇ ਕੇ

ਆਪਣੇ ਆਪ ਨੂੰ ਇਸ ਭਰਮ ਤੋਂ

ਮੁਕਤ ਕਰ ਲਵੋ ਕਿ

ਸਰਕਾਰੀ ਸਕੂਲਾਂ ਦੇ ਵਿਦਿਆਰਥੀ

ਪ੍ਰਾਈਵੇਟ ਦੁਕਾਨਾਂ ਵਾਲੇ

ਸੋ ਕਾਲਡ ਸਟੂਡੈਂਟਸ ਦਾ 

ਮੁਕਾਬਲਾ ਨਹੀਂ ਕਰ ਸਕਦੇ

ਕਦੇ ਚੇਤੇ ਕਰਿਓ ਕਿ

ਥੋਡੇ ਏਸੇ 

ਸਰਕਾਰੀ ਸਕੂਲ 'ਚ ਪੜ੍ਹਿਆ ਨੰਬਰਦਾਰਾਂ ਦਾ ਕੈਲਾ

ਹੁਣ ਜ਼ਿਲ੍ਹੇ ਦਾ ਡੀ.ਸੀ. ਲੱਗਿਆ ਹੋਇਆ

ਜੇ ਤੁਸੀਂ ਅਧਿਆਪਕ ਹੋ ਤਾਂ

ਗੁੱਗਲ ਦੀ ਧੂਣੀ ਤੋਂ ਧੂਫ਼ ਦੇ ਕੇ

ਏਸ ਵਹਿਮ ਨੂੰ ਵੀ ਸਾੜ ਸੁੱਟੋ

ਕਿ ਗਰੀਬਾਂ ਦੇ ਨਿਆਣਿਆਂ ਦਾ

ਮੈਂਟਲ ਲੈਵਲ ਅਮੀਰਾਂ ਤੋਂ ਘੱਟ ਹੁੰਦਾ

ਕਦੇ ਗਹੁ ਨਾਲ 

ਆਪਣੇ ਆਸੇ-ਪਾਸੇ 

ਨਿਗਾਹ ਮਾਰ ਕੇ ਦੇਖਿਓ

ਮਿੱਟੀ 'ਚੋਂ ਨਿੱਤਰੇ

ਇਨ੍ਹਾਂ ਅਣਗਿਣਤ 

ਹੀਰਿਆਂ ਦੀ ਲਿਸ਼ਕ

ਤੁਹਾਡੀਆਂ ਅੱਖਾਂ 

ਚੁੰਧਿਆ ਦੇਵੇਗੀ

ਜੇਕਰ ਤੁਸੀਂ ਅਧਿਆਪਕ ਹੋ ਤਾਂ

ਕਦੇ ਆਪਣੀਆਂ 

ਅਰਾਮ ਕੁਰਸੀਆਂ ਤੋਂ ਉੱਠ ਕੇ 

ਜਮਾਤ ਵਿੱਚ ਘੁੰਮ ਕੇ 

ਬੱਚਿਆਂ ਨੂੰ ਆਪਣੇ ਕਲਾਵੇ ਵਿੱਚ ਲੈ

ਉਨ੍ਹਾਂ ਦਾ ਹਾਲ ਪੁੱਛਿਓ

ਸ਼ਾਇਦ ਤੁਸੀਂ ਫ਼ੇਰ ਜਾਣ ਸਕੋਗੇ

ਕਿ ਉਨ੍ਹਾਂ ਵਿਚੋਂ ਬਹੁਤਿਆਂ ਨੂੰ

ਨਾਸ਼ਤੇ ਦੇ ਅਰਥ

ਸਮਝ ਨਹੀਂ ਆਉਣਗੇ

ਸ਼ਾਇਦ ਫ਼ੇਰ ਤੁਸੀਂ ਸਮਝ ਸਕੋਗੇ

ਕਿ ਜ਼ਿਆਦਾਤਰ ਬਾਲਾਂ ਨੂੰ

ਸਕੂਲ ਤੋਂ ਪਰਤਣ ਮਗਰੋਂ 

ਚਾਹ, ਰੋਟੀ 

ਤੇ ਸਕੂਲ ਤੋਂ ਮਿਲਿਆ ਹੋਇਆ ਹੋਮਵਰਕ ਪੁੱਛਣ ਲਈ

ਉਨ੍ਹਾਂ ਦੀ ਮਾਂ ਹਾਜਰ ਨਹੀਂ ਹੁੰਦੀ

ਫ਼ੇਰ ਤੁਹਾਡਾ ਉਨ੍ਹਾਂ ਲਈ ਨਜ਼ਰੀਆ

ਯਕੀਨਨ ਹੋਰ ਹੋਵੇਗਾ

ਜੇਕਰ ਤੁਸੀਂ ਅਧਿਆਪਕ ਹੋ ਤਾਂ

ਆਪਣੇ ਵਿਦਿਆਰਥੀਆਂ ਨੂੰ

ਉਹ ਮਿਹਨਤ ਅਤੇ ਲਗਨ ਨਾਲ

ਵਿੱਦਿਆ ਦਿਓ

ਜਿਵੇਂ ਦੀ ਕਿ ਤੁਸੀਂ

ਆਪਣੇ ਖ਼ੁਦ ਦੇ 

ਬੱਚਿਆਂ ਦੇ ਅਧਿਆਪਕਾਂ ਤੋਂ 

ਉਨ੍ਹਾਂ ਲਈ ਉਮੀਦ ਕਰਦੇ ਹੋ

ਯਕੀਨ ਕਰਿਓ

ਜਦੋਂ ਤੁਸੀਂ

ਆਪਣੇ ਵਿਦਿਆਰਥੀਆਂ ਦੀ

ਆਪਣੇ ਬੱਚਿਆਂ ਵਾਂਗ

ਤਨੋਂ ਮਨੋਂ ਧਨੋਂ 

ਸੇਵਾ ਵਿੱਚ ਜੁੱਟ ਜਾਓਗੇ

ਤੁਹਾਡੇ ਆਪਣੇ ਬੱਚੇ

ਖ਼ੁਦ-ਬ-ਖ਼ੁਦ ਪੜ੍ਹ ਜਾਣਗੇ

ਜੇਕਰ ਤੁਸੀਂ ਅਧਿਆਪਕ ਹੋ ਤਾਂ

ਜਮਾਤ ਵਿੱਚ ਬਹਿ ਕੇ

ਦੀਵਾਰ ਘੜੀਆਂ ਵੱਲ 

ਵਾਰ ਵਾਰ ਝਾਤ ਛੱਡ ਦਿਓ

ਛੱਡ ਦਿਓ

ਬੱਚਿਆਂ ਦੇ ਬੇਸ਼ਕੀਮਤੀ

ਭਵਿੱਖ ਨਾਲ ਖਿਲਵਾੜ੍ਹ ਕਰਨਾ

ਵਟਸਐਪ, ਫ਼ੇਸਬੁੱਕ 

ਤੇ ਹੋਰ ਪਤਾ ਨੀ ਕੀ-ਕੀ

ਸ਼ੋਸ਼ਲ ਮੀਡੀਆ ਤੇ 

ਵਕਤ ਬਰਬਾਦ ਕਰਨਾ

ਸਕੂਲਾਂ ਵਿੱਚ ਬਹਿ ਕੇ ਪਾਠ ਕਰਨਾ

ਰੱਬ ਸਭ ਜਾਣਦਾ ਹੈ

ਤੁਸੀਂ ਬੱਚਿਆਂ ਦਾ ਸਮਾਂ

ਖਰਚ ਰਹੇ ਹੋ

ਕੰਮ ਹੀ ਅਜਿਹੇ ਢੰਗ ਨਾਲ਼ ਕਰੋ

ਕਿ ਤੁਹਾਡੀ ਪੂਜਾ 

ਕੰਮ ਵਿੱਚ ਹੀ ਹੋ ਜਾਏ

ਜੇਕਰ ਤੁਸੀਂ ਅਧਿਆਪਕ ਹੋ 

ਤਾਂ ਆਪਣੇ ਜ਼ਮੀਰ ਦੀ 

ਆਵਾਜ਼ ਸੁਣਦੇ ਹੋਏ

ਆਪਣੇ-ਆਪ ਨੂੰ 

ਆਪਣੇ ਵਿਦਿਆਰਥੀਆਂ ਪ੍ਰਤੀ

ਸਮਰਪਿਤ ਕਰ ਦਿਓ

ਅੱਜ ਹੀ ਅਹਿਦ ਲਵੋ

ਇਹਨਾਂ ਰੱਬ ਆਸਰਿਆਂ ਨੂੰ

ਮੰਜ਼ਿਲਾਂ ਤੱਕ ਪਹੁੰਚਾਉਣ ਦਾ

ਜੇਕਰ ਜ਼ਿਆਦਾ ਨਹੀਂ

ਤਾਂ ਆਪਣੇ ਹਿੱਸੇ ਦੀ ਕੋਸ਼ਿਸ਼

ਹਰ ਹਾਲ 'ਚ ਕਰੋ

ਆਖ਼ਿਰ...

ਤੁਸੀਂ ਅਧਿਆਪਕ ਹੋ

ਕੌਮ ਦੇ ਰਚਣਹਾਰੇ

ਭੀੜ ਨਹੀਂ ਹੋ ਤੁਸੀਂ

ਜੇਕਰ ਤੁਹਾਡੇ ਯਤਨਾਂ ਨਾਲ

ਕੋਈ ਇੱਕ ਵੀ ਸਿਤਾਰਾ ਬਣਿਆ

ਤਾਂ ਤੁਸੀਂ ਸਹੀ ਅਰਥਾਂ ਵਿੱਚ

ਅਧਿਆਪਕ ਕਹਾ ਸਕਦੇ ਓ

ਨਹੀਂ ਤਾਂ ਫ਼ੇਰ...

*ਕਮਲਗੀਤ ਸਰਹਿੰਦ

ਮੋਬਾਈਲ ਸੰਪਰਕ ਨੰਬਰ:+919914883112

      ਪ੍ਰਿੰਸੀਪਲ: ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਮਾਜਰੀ,

            ਫਤਿਹਗੜ੍ਹ ਸਾਹਿਬ।

         

2 comments: