google.com, pub-7610353441165800, DIRECT, f08c47fec0942fa0 ਸਾਹਿਤ ਸਕਰੀਨ: ਜੋ ਸੀ ਮੁਨਸਿਫ਼ ਉਹ ਕਾਤਿਲ ਕਿਵੇਂ ਹੋ ਗਏ?

Friday 25 September 2020

ਜੋ ਸੀ ਮੁਨਸਿਫ਼ ਉਹ ਕਾਤਿਲ ਕਿਵੇਂ ਹੋ ਗਏ?

 ਜੋ ਵਿਖਾਉਂਦੇ ਨੇ ਚੀਚੀ ਨੂੰ ਲਾ ਕੇ ਲਹੂ 
 ਉਹ ਸ਼ਹੀਦਾਂ 'ਚ ਸ਼ਾਮਿਲ ਕਿਵੇਂ ਹੋ ਗਏ? 
ਹਾਲਾਤ ਬੇਹੱਦ ਨਾਜ਼ੁਕ ਮੋੜਾਂ ਤੇ ਹਨ। ਦੇਸ਼ ਦੀ ਆਮ ਜਨਤਾ  ਵਰਤਮਾਨ ਨੂੰ ਲੈ ਕੇ ਚਿੰਤਿਤ ਸੀ ਪਰ ਹੁਣ ਤਾਂ ਉਹਨਾਂ ਨੂੰ ਭਵਿੱਖ ਵੀ ਖਤਰਿਆਂ ਵਿੱਚ ਨਜ਼ਰ ਆ ਰਿਹਾ ਹੈ। ਭਵਿੱਖ ਦੀ ਅਜਿਹੀ ਡਰਾਉਣੀ ਤਸਵੀਰ ਲਈ ਦੇਸ਼ ਦੇ ਹਾਕਮ ਦੇਸ਼ ਦੀ ਜਨਤਾ ਨੂੰ ਕੋਈ ਬਾਦਲੀਲ  ਬਜਾਏ ਹੋਰ ਹੋਰ ਗੱਲਾਂ ਕਰ ਰਹੇ ਹਨ। ਅਪੋਜ਼ੀਸ਼ਨ ਦੀ ਗੈਰਹਾਜ਼ਰੀ ਵਿੱਚ ਮਨਮਰਜ਼ੀਆਂ ਦੇ ਬਿਲ  ਰਹੇ ਹਨ।  ਬਣਾਏ ਜਾ ਰਹੇ ਹਨ ਉਹ ਸਿੱਧਾ ਸਿੱਧਾ ਧਨਾਢਾਂ ਦੇ ਹੱਕ ਵਿੱਚ ਭੁਗਤਦੇ ਲੱਗਦੇ ਹਨ। ਇਹਨਾਂ ਹਾਲਤਾਂ ਨੇ ਸ਼ਾਇਰਾਂ ਨੂੰ ਵੀ ਹਲੂਣਿਆ ਹੈ। ਸਿਰਫ ਕਿਸਾਨ ਹੀ ਸੜਕਾਂ ਤੇ ਨਹੀਂ ਨਿਕਲੇ ਹਰ ਵਰਗ ਇਹਨਾਂ ਕਿਸਾਨਾਂ ਦੇ ਨਾਲ ਨਿਕਲਿਆ ਹੈ। ਜਿਹਨਾਂ ਵੱਡੇ ਮੁਲਕਾਂ ਨੇ ਪਹਿਲਾਂ ਇਹ ਸਭ ਕਾਨੂੰਨ ਅਜ਼ਮਾਏ ਹਨ ਉਹਨਾਂ ਦੀ ਸਾਡੇ ਸਾਹਮਣੇ ਹੈ। ਇਹਨਾਂ ਹਾਲਾਤਾਂ ਦੀ ਗੱਲ ਕਰਦਿਆਂ  ਰਾਜਦੀਪ ਤੂਰ ਹੁਰਾਂ ਨੇ ਵੀ ਇੱਕ ਕਾਵਿ ਰਚਨਾ ਲਿਖੀ ਹੈ ਜਿਹੜੀ ਅਸੀਂ ਤੁਹਾਡੀ ਨਜ਼ਰ ਵੀ ਕਰ ਰਹੇ ਹਾਂ। ਉਹਨਾਂ ਇਹ ਰਚਨਾ ਅੱਜ ਸ਼ੁੱਕਰਵਾਰ 25 ਸਤੰਬਰ 2020 ਨੂੰ ਰਾਤੀਂ 08:04 ਵਜੇ ਸੋਸ਼ਲ ਮੀਡੀਆ ਤੇ ਵੀ ਪੋਸਟ ਕੀਤੀ। 

ਇਹ ਗਣਿਤ ਨਾ ਸਮਝ ਸਾਡੀ ਆਇਆ ਕਦੇ
ਜੋੜ ਸਾਡੇ, ਉਹ ਹਾਸਿਲ ਕਿਵੇਂ ਹੋ ਗਏ?
ਜਦ ਸਵਾਲਾਂ 'ਤੇ ਮਿਹਨਤ ਅਸਾਡੀ ਰਹੀ
ਉਹ ਜਵਾਬਾਂ 'ਚ ਸ਼ਾਮਿਲ ਕਿਵੇਂ ਹੋ ਗਏ?

ਇਹ ਸੁਖਾਲਾ ਨਹੀਂ ਇਸ ਗਲੀ ਲੰਘਣਾ
ਸੀਸ ਨੇਜ਼ੇ 'ਤੇ ਆਪਣਾ ਪਵੇ ਟੰਗਣਾ
ਜੋ ਵਿਖਾਉਂਦੇ ਨੇ ਚੀਚੀ ਨੂੰ ਲਾ ਕੇ ਲਹੂ
ਉਹ ਸ਼ਹੀਦਾਂ 'ਚ ਸ਼ਾਮਿਲ ਕਿਵੇਂ ਹੋ ਗਏ?

ਬੀਜ ਆਸਾਂ ਉਮੀਦਾਂ ਦੇ ਬੀਜੇ ਅਸੀਂ
ਫਸਲ ਦੀ ਥਾਂ 'ਤੇ ਸਲਫਾਸ ਉੱਗਦੀ ਪਈ!
ਜ਼ੋਰ ਦੇ ਕੇ ਦਿਮਾਗਾਂ 'ਤੇ ਸੋਚੋ ਜ਼ਰਾ
ਮੌਤ ਦੇ ਬੀਜ ਦਾਖਿਲ ਕਿਵੇਂ ਹੋ ਗਏ?

ਮੁੱਲ ਨਾ ਮੋੜਿਆ ਮਿਹਨਤਾਂ ਦਾ ਕਦੀ
ਹੱਕ ਮੰਗੇ ਤਾਂ ਲਾਠੀ ਜਾਂ ਗੋਲੀ ਮਿਲੀ!
ਦੇਰ ਹੋਈ ਬੜੀ, ਸੋਚਣਾ ਹੀ ਪਊ
ਜੋ ਸੀ ਮੁਨਸਿਫ਼ ਉਹ ਕਾਤਿਲ ਕਿਵੇਂ ਹੋ ਗਏ?

ਅੰਨ ਦਾਤੇ ਤਾਂ ਬੇਸ਼ੱਕ ਕਹਾਉਂਦੇ ਰਹੇ!
ਜੇਬ ਖਾਲੀ ਰਹੀ ਢਿੱਡ ਭੁੱਖੇ ਰਹੇ!
ਪੇਟ ਹੋਰਾਂ ਦੇ ਭਰਦੇ ਭਰਾਉਂਦੇ ਅਸੀਂ!
ਹੁਣ ਸਜ਼ਾਵਾਂ ਦੇ ਕਾਬਿਲ ਕਿਵੇਂ ਹੋ ਗਏ?

ਨੈਣ ਸਪਨੇ ਹੀ ਵੇਖਣ 'ਚ ਮਸਰੂਫ ਸਨ!
ਰੋਜ਼ ਹੱਥਾਂ 'ਚੋਂ ਕਿਰਦੀ ਰਹੀ ਜ਼ਿੰਦਗੀ!
ਮੋਰਚੇ ਲਾਉਂਦਿਆਂ ਲਾਉਂਦਿਆਂ ਹੀ ਅਸੀਂ!
ਆਪ ਆਪਣੇ ਤੋਂ ਗ਼ਾਫ਼ਿਲ ਕਿਵੇਂ ਹੋ ਗਏ?

ਇਹ ਜੋ ਸੜਕਾਂ 'ਤੇ ਉੱਤਰੇ ਨੇ ਹੱਕਾਂ ਲਈ!
ਆਖਦੇ ਹੋ ਤੁਸੀਂ "ਸਿਰਫਿਰੇ ਲੋਕ ਨੇ"!
ਪਾਲ਼ਦੇ ਜੋ ਤੁਹਾਡੇ ਹੀ ਕੁਨਬੇ ਰਹੇ!
ਹੁਣ ਉਹੀ ਲੋਕ ਪਾਗਲ ਕਿਵੇਂ ਹੋ ਗਏ?

ਇਹ ਸ਼ਰਾਫਤ ਤੇ ਸੇਵਾ ਦਾ ਸਵਰੂਪ ਸੀ,
ਹੁਣ ਸਿਆਸਤ ਵੀ ਦਾਗੀ ਜਿਹੀ ਹੋ ਗਈ!
ਚੋਰ, ਗੁੰਡੇ, ਲੁਟੇਰੇ, ਮਵਾਲੀ ਸਭੇ,
ਰਾਜਨੀਤੀ ਦਾ ਹਾਸਿਲ ਕਿਵੇਂ ਹੋ ਗਏ?

1 comment:

  1. ਆਜੌਕੇ ਦੌਰ ਦੇ ਹਾਲਾਤ ਨੂੰ ਬਾਖੂਬੀ ਬਿਆਨ ਕਰਦੀ ਸ਼ਾਨਦਾਰ ਗ਼ਜ਼ਲ ਹੈ ਤੂਰ ਸਾਹਿਬ।

    ReplyDelete