google.com, pub-7610353441165800, DIRECT, f08c47fec0942fa0 ਸਾਹਿਤ ਸਕਰੀਨ

Tuesday, 23 September 2025

ਸੱਥ ਵੱਲੋਂ ਪੁਸਤਕ ‘ਚਾਨਣ ਵੰਡਦੇ ਜੁਗਨੂੰ’ ਦਾ ਲੋਕ ਅਰਪਣ

Received from  Jaswinder Singh Kainor Kharar Mohali on 23rd September 2025 at 20:55 Regarding Book Release

ਮਿੰਨੀ ਕਹਾਣੀ ਬਾਰੇ ਵੀ ਸਾਰਥਕ ਵਿਚਾਰ ਚਰਚਾ ਹੋਈ 


ਖਰੜ: 23 ਸਤੰਬਰ 2025: (ਜਸਵਿੰਦਰ ਸਿੰਘ ਕਾਈਨੌਰ//ਸਾਹਿਤ ਸਕਰੀਨ)::

ਸਾਹਿਤਕ ਸੱਥ ਖਰੜ ਦੀ ਮਾਸਿਕ ਇਕੱਤਰਤਾ ਸਥਾਨਕ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਵਿਖੇ ਹੋਈ। ਮੁੱਖ ਮਹਿਮਾਨ ਵਜੋਂ ਡਾ. ਨਾਇਬ ਸਿੰਘ ਮੰਡੇਰ ਸ਼ਾਮਲ ਹੋਏ। ਸਮਾਗਮ ਦੀ ਪ੍ਰਧਾਨਗੀ ਸ਼੍ਰੋਮਣੀ ਸਾਹਿਤਕਾਰ ਮਨਮੋਹਨ ਸਿੰਘ ਦਾਊਂ ਨੇ ਕੀਤੀ। ਉਨ੍ਹਾਂ ਦੇ ਨਾਲ ਪ੍ਰਧਾਨਗੀ ਮੰਡਲ ਵਿੱਚ ਡਾ. ਹਰਪ੍ਰੀਤ ਰਾਣਾ, ਸੱਥ ਦੇ ਪ੍ਰਧਾਨ ਜਸਵਿੰਦਰ ਸਿੰਘ ਕਾਈਨੌਰ ਅਤੇ ਗੁਰਿੰਦਰ ਸਿੰਘ ਕਲਸੀ ਸ਼ੁਸ਼ੋਭਿਤ ਹੋਏ। ਸੱਥ ਦੇ ਪ੍ਰਧਾਨ ਵਲੋਂ ਸਾਰੇ ਸਾਹਿਤਕਾਰਾਂ ਨੂੰ ਜੀ ਆਇਆਂ ਆਖਿਆ ਗਿਆ। ਸਮਾਗਮ ਦੀ ਸ਼ੁਰੂਆਤ ਤਰਸੇਮ ਸਿੰਘ ਕਾਲੇਵਾਲ ਨੇ ਧਾਰਮਿਕ ਗੀਤ ਗਾ ਕੇ ਕੀਤੀ। ਪ੍ਰਤਾਪ ਪਾਰਸ ਗੁਰਦਾਸਪੁਰੀ ਨੇ ਗ਼ਜ਼ਲਾਂ ਦੇ ਵਧੀਆ ਸ਼ੇਅਰ ਪੇਸ਼ ਕੀਤੇ। 

ਪ੍ਰਧਾਨਗੀ ਮੰਡਲ ਵਲੋਂ ਸੱਥ ਦੀ ਸਾਂਝੀ ਪੁਸਤਕ ‘ਚਾਨਣ ਵੰਡਦੇ ਜੁਗਨੂੰ’, ਮਿੰਨੀ ਕਹਾਣੀ-ਸੰਗ੍ਰਹਿ ਲੋਕ ਅਰਪਣ ਕੀਤੀ ਗਈ। ਪੁਸਤਕ ਬਾਰੇ  ਗੁਰਿੰਦਰ ਸਿੰਘ ਕਲਸੀ ਨੇ ਪੇਪਰ ਪੜ੍ਹਦਿਆਂ ਕਿਹਾ ਕਿ ਪੁਸਤਕ ਵਿਚ ਸ਼ਾਮਲ ਸਾਰੀਆਂ ਕਹਾਣੀਆਂ ਸਮਾਜ ਦੇ ਵੱਖ-ਵੱਖ ਵਿਸ਼ਿਆਂ ‘ਤੇ ਗੱਲ ਕਹਿਣ ਵਿਚ ਸਫ਼ਲ ਰਹੀਆਂ ਹਨ। ਇਸ ਪੁਸਤਕ ਨਾਲ ਇਕ ਵੱਖਰਾ ਪਾਠਕ ਵਰਗ ਤਿਆਰ ਹੋਵੇਗਾ। ਸਮੁੱਚੀ ਕਿਤਾਬ ਦੀ ਛਪਾਈ, ਟਾਈਟਲ ਆਦਿ ਪੱਖੋਂ ਵਧੀਆ ਪੁਸਤਕ ਸੰਪਾਦਤ ਕਰਨ ਲਈ ਸਾਹਿਤਕ ਸੱਥ ਖਰੜ ਵਧਾਈ ਦੀ ਪਾਤਰ ਹੈ। 

ਡਾ. ਹਰਪ੍ਰੀਤ ਸਿੰਘ ਰਾਣਾ ਨੇ ਪੁਸਤਕ ਤੇ ਬੋਲਦਿਆਂ ਮਿੰਨੀ ਕਹਾਣੀ ਦੇ ਸ਼ੁਰੂਆਤ ਦੌਰ ਤੋਂ ਹੁਣ ਤੱਕ ਦੇ ਸਫ਼ਰ ਲਈ ਵੇਰਵਿਆਂ ਸਹਿਤ ਵਿਸਥਾਰ ਪੂਰਵਕ  ਗੱਲ-ਬਾਤ ਕੀਤੀ। ਮੁੱਖ ਮਹਿਮਾਨ ਡਾ. ਨਾਇਬ ਸਿੰਘ ਮੰਡੇਰ ਜਿਨ੍ਹਾਂ ਨੇ ਮਿੰਨੀ ਕਹਾਣੀ ਦੇ ਵਿਸ਼ੇ ‘ਤੇ ਪੀ.ਐੱਚ.ਡੀ ਕੀਤੀ ਸੀ, ਬੋਲਦਿਆਂ ਮਿੰਨੀ ਕਹਾਣੀ ਦੇ ਅਜੋਕੇ ਪੜਾਅ ਤੱਕ ਪਹੁੰਚਣ ਲਈ ਕਿਹੜੀਆਂ-ਕਿਹੜੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ, ਬਾਰੇ ਵਿਸਥਾਰ ਪੂਰਵਕ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਨੇ ਕਿਹਾ ਕਿ ਅੱਜ ਇਹ ਮਾਣ ਦੀ ਗੱਲ ਹੈ ਕਿ ਲੰਮੇ ਸੰਘਰਸ਼ ਪਿੱਛੋਂ ਮਿੰਨੀ ਕਹਾਣੀ ਯੂਨੀਵਰਸਿਟੀ ਦੇ ਸਿਲੇਬਸਾਂ ਦੀਆਂ ਕਿਤਾਬਾਂ ਵਿਚ ਸ਼ਾਮਲ ਕੀਤੀ ਜਾ ਚੁੱਕੀ ਹੈ। 

ਪੁਸਤਕ ਬਾਰੇ ਗੱਲ ਕਰਦਿਆਂ ਉਨ੍ਹਾਂ ਨੇ ਸ਼ਾਮਲ ਮਿੰਨੀ ਕਹਾਣੀਆਂ ਦੇ ਕਲਾਤਮਕ ਪੱਖ ਤੋਂ  ਸਫ਼ਲ ਹੋਣ ਦੀ ਗੱਲ ਕੀਤੀ। ਮਨਮੋਹਨ ਸਿੰਘ ਦਾਊਂ ਨੇ ਆਪਣੇ ਪ੍ਰਧਾਨਗੀ ਭਾਸ਼ਣ ਵਿੱਚ ਕਿਹਾ ਕਿ ਅੱਜ ਦਾ ਸਮਾਗਮ ਮਿੰਨੀ ਕਹਾਣੀ ਉੱਤੇ ਇਕ ਵਿਸ਼ਾਲ ਸੈਮੀਨਾਰ ਹੋ ਨਿੱਬੜਿਆ ਹੈ। ਕਿਤਾਬ ਵਿੱਚ ਸ਼ਾਮਲ ਕਹਾਣੀਆਂ ਦੀ ਉਨ੍ਹਾਂ ਨੇ ਸਮੁੱਚੇ ਰੂਪ ਵਿੱਚ ਪ੍ਰਸ਼ੰਸਾ ਕੀਤੀ ਅਤੇ ਭਵਿੱਖ ਵਿੱਚ ਸਾਂਝੀ ਪੁਸਤਕ ਵਿੱਚ ਸਾਮਿਲ ਲੇਖਕਾਂ ਦੀ ਕਰਮਬੱਧਤਾ ਨਿਰਧਾਰਤ ਕਰਨ ਲਈ ਸੁਝਾਅ ਵੀ ਦਿੱਤੇ। ਸਾਹਿਤਕ ਸੱਥ ਖਰੜ ਵਲੋਂ ਪਿਛਲੇ ਥੋੜ੍ਹੇ ਸਮੇਂ ਵਿੱਚ ਵੱਡੀਆਂ ਪ੍ਰਾਪਤੀਆਂ ‘ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਸੱਥ ਨੂੰ ਵਧਾਈ ਦਿੱਤੀ। ਅੱਜ ਦੇ ਸਮਾਗਮ ਵਿੱਚ ਵੱਡੀ ਗਿਣਤੀ ਵਿੱਚ ਲੇਖਕਾਂ ਸਾਹਿਤਕਾਰਾਂ ਨੇ ਭਾਗ ਲਿਆ।

ਇਸ ਉਪਰੰਤ ਚੱਲੇ ਕਵੀ ਦਰਬਾਰ ਵਿੱਚ ਸਮੇਂ ਨੂੰ ਵੇਖਦਿਆਂ ਥੋੜ੍ਹੇ ਸ਼ਾਇਰਾਂ ਨੂੰ ਸਮਾਂ ਦਿੱਤਾ ਜਾ ਸਕਿਆ। ਗੁਰਮੇਲ ਸਿੰਘ ਮੋਜੇਵਾਲ, ਡਾ. ਦਰਸ਼ਨ ਸਿੰਘ ਆਸ਼ਟ, ਗੁਰਦਰਸ਼ਨ ਗੁਸੀਲ, ਸੁਰਜੀਤ ਸੁਮਨ, ਦਰਸ਼ਨ ਤਿਓਣਾ, ਡਾ. ਟਿੱਕਾ ਜੇ.ਐੱਸ. ਸਿੱਧੂ, ਗੋਪਾਲ ਸ਼ਰਮਾ, ਨਵਨੀਤ ਕੁਮਾਰ, ਦਵਿੰਦਰ, ਜਗਤਾਰ ਸਿੰਘ ਜੋਗ, ਖੁਸ਼ੀ ਰਾਮ ਨਿਮਾਣਾ, ਦਲਬੀਰ ਸਿੰਘ ਸਰੋਆ, ਧਿਆਨ ਸਿੰਘ ਕਾਹਲੋਂ, ਸੁੱਚਾ ਸਿੰਘ ਮਸਤਾਨਾ, ਸੁਰਿੰਦਰ ਕੌਰ ਬਾੜਾ, ਪਿਆਰਾ ਸਿੰਘ ਰਾਹੀ ਆਦਿ ਨੇ ਆਪੋਂ ਆਪਣੀ ਕਾਵਿ ਰਚਨਾਵਾਂ ਰਾਹੀ ਹਾਜ਼ਰੀ ਲਗਵਾਈ।

 ਇਸ ਤੋਂ ਇਲਾਵਾ ਮਹਿੰਦਰ ਸਿੰਘ ਗੋਸਲ, ਗੁਰਸ਼ਰਨ ਸਿੰਘ ਕਾਕਾ, ਸੁਮਿੱਤਰ ਸਿੰਘ ਦੋਸਤ, ਭਾਗ ਸਿੰਘ ਸ਼ਾਹਪੁਰ, ਦਵਿੰਦਰ ਪਟਿਆਲਵੀ, ਰਘਵੀਰ ਸਿੰਘ ਮਹਿਮੀ, ਕੁਲਦੀਪ ਕੁਮਾਰ, ਮੰਦਰ ਗਿੱਲ ਸਾਹਿਬਚੰਦੀਆ, ਜਸਕੀਰਤ ਸਿੰਘ, ਬੰਤ ਸਿੰਘ ਦੀਪ, ਸਰਬਜੀਤ ਸਿੰਘ, ਚਰਨਜੀਤ ਸਿੰਘ ਕਤਰਾ,ਹਾਕਮ ਸਿੰਘ ਨੱਤਿਆਂ, ਕੇਸਰ ਸਿੰਘ ਇੰਸਪੈਕਟਰ, ਡਾ. ਕੁਲਦੀਪ ਸ਼ਰਮਾ, ਡਾ. ਇੰਦਰਜੀਤ ਸਿੰਘ, ਜੈ ਸਿੰਘ ਛਿੱਬਰ, ਗੁਰਮੀਤ ਸਿੰਗਲ, ਕੁਲਵਿੰਦਰ ਸਿੰਘ ਕੰਗ, ਸੁਖਵਿੰਦਰ ਪਠਾਣੀਆਂ, ਦਵਿੰਦਰ, ਅੰਮ੍ਰਿਤ ਕੌਰ, ਰਣਜੀਤ ਕੌਰ ਕਾਈਨੌਰ, ਜਗਤਾਰ ਸਿੰਘ, ਜਸਮਿੰਦਰ ਸਿੰਘ ਰਾਓ, ਸਰੂਪ ਸਿਆਲਵੀ, ਜੇ ਐਸ ਮਹਿਰਾ, ਜਸ਼ਨਦੀਪ ਸਿੱਧੂ, ਨੀਲਮ ਨਾਰੰਗ ਆਦਿ ਵੀ ਹਾਜ਼ਰ ਹੋਏ। 

ਸੱਥ ਵੱਲੋਂ ਪੁਸਤਕ ‘ਚ ਛਪਣ ਵਾਲੇ ਲੇਖਕਾਂ ਨੂੰ ਕਿਤਾਬਾਂ ਦੇ ਦੋ-ਦੋ ਸੈੱਟ ਅਤੇ ਇੱਕ-ਇੱਕ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ। ਮੁੱਖ ਮਹਿਮਾਨ, ਪ੍ਰਧਾਨਗੀ ਕਰ ਰਹੇ ਅਤੇ ਪਰਚਾ  ਲੇਖਕਾਂ ਨੂੰ ਸਨਮਾਨ ਚਿੰਨ੍ਹ ਭੇਟ ਕੀਤੇ ਗਏ। ਸੰਚਾਲਨ ਦੇ ਫ਼ਰਜ਼ ਪਿਆਰਾ ਸਿੰਘ ਰਾਹੀ ਵੱਲੋਂ ਨਿਭਾਏ ਗਏ। ਅੰਤ ਵਿੱਚ ਪ੍ਰਿੰ. ਬਹਾਦਰ ਸਿੰਘ ਗੋਸਲ ਨੇ ਆਏ ਹੋਏ ਸਾਰੇ ਸਾਹਿਤਕਾਰਾਂ ਦਾ ਧੰਨਵਾਦ ਕੀਤਾ।

Friday, 12 September 2025

ਬੁਲੰਦ ਅਵਾਜ਼ਾਂ ਦੇ ਸਿਲਸਿਲੇ ਵਿੱਚ ਇਸ ਵਾਰ ਜਨਾਬ ਸੁਰਜੀਤ ਜੱਜ

Received From Kartika Singh On Thursday11th September 2025 at 10:15 AM Regarding Song Campaign  

ਦਰਦ ਦੇ ਅਹਿਸਾਸ ਨੂੰ ਜਗਾਉਂਦੀ ਇਹ ਆਵਾਜ਼ ਹੈ ਪਰਮਜੀਤ ਕੌਰ ਹੁਰਾਂ ਦੀ 

ਮੋਹਾਲੀ/ ਚੰਡੀਗੜ੍ਹ: 11 ਸਤੰਬਰ 2025: (ਮੀਡੀਆ ਲਿੰਕ ਰਵਿੰਦਰ/ /ਸਾਹਿਤ ਸਕਰੀਨ ਡੈਸਕ) ::

ਇਹ ਹੈ ਇਸ ਜਾਨਦਾਰ ਅਤੇ ਸ਼ਾਨਦਾਰ ਗੀਤ ਦਾ ਵੀਡੀਓ ਲਿੰਕ 
ਪਾਸ਼ ਦੇ ਕਾਤਲਾਂ ਨੇ ਵੀ ਭਰਮ ਪਾਲਿਆ ਸੀ ਕਿ ਬਸ ਇਸ ਆਵਾਜ਼ ਦਾ ਵੀ ਕਤਲ ਕਰ ਦਿੱਤਾ..!

ਸੰਤ ਰਾਮ ਉਦਾਸੀ ਦੀ ਔਕੜਾਂ ਭਰੀ ਜ਼ਿੰਦਗੀ ਦੇਖ ਕੇ ਵੀ ਬਾਰ ਬਾਰ ਖਦਸ਼ਾ ਜਿਹਾ ਮਨ ਵਿੱਚ ਉੱਠਦਾ ਸੀ - --ਕਿਧਰੇ ਇਹ ਮਸ਼ਾਲ ਵੀ ਬੁਝ ਨ ਜਾਏ . ..!

ਪਰ ਉਦਾਸੀ ਨੇ ਲਿਖਿਆ:

ਐਵੇਂ ਭਰਮ ਹੈ ਸਾਡਿਆਂ ਕਾਤਲਾਂ ਨੂੰ ਅਸੀਂ ਹੋਵਾਂਗੇ ਦੋ ਜਾਂ ਚਾਰ ਲੋਕੋ ..!

ਲਾਲ ਸਿੰਘ ਦਿਲ ਨੇ ਵੀ ਜਦੋਂ ਜ਼ਿੰਦਗੀ ਦੀਆਂ ਅੱਖਾਂ ਵਿੱਚ ਅੱਖਾਂ ਪਾ ਕੇ ਇਹਨਾਂ ਚੁਣੌਤੀਆਂ ਨੂੰ ਕਬੂਲ ਕੀਤਾ ਤਾਂ . ..ਉਦੋਂ ਵੀ ਭੁਲੇਖਾ ਪਿਆ ਸੀ ਕਿ ਬਸ ਇੱਕ ਹੋਰ ਆਵਾਜ਼ ਵੀ ਕਿਤੇ ਏਨੀ ਜਲਦੀ ਖਾਮੋਸ਼ ਨ ਹੋ ਜਾਏ . ..! ਪਰ ਜਦੋਂ ਵੀ ਸਮਰਾਲੇ ਵਿੱਚੋਂ ਲੰਘੀਏ ਤਾਂ ਮਹਿਸੂਸਝੌਲ਼ਾ ਪੈਂਦਾ ਹੈ ਬਸ ਲਾਲ ਸਿੰਘ ਦਿਲ ਏਧਰੋਂ ਵੀ ਆਇਆ ਜਾਂ ਓਧਰੋਂ ਵੀ ਸਾਹਮਣੇ ਆਇਆ . ..! 

ਔਕੜਾਂ, ਹਮਲਿਆਂ ਅਤੇ ਸ਼ਹਾਦਤਾਂ ਦੇ ਬਾਵਜੂਦ ਇਹ ਅਵਾਜ਼ਾਂ ਰੂਪ ਬਦਲ ਬਦਲ ਕੇ ਸਾਹਮਣੇ ਆਉਂਦੀਆਂ ਰਹੀਆਂ । ..ਇਹਨਾਂ ਬੁਲੰਦ ਅਵਾਜ਼ਾਂ ਦਾ ਸਿਲਸਿਲਾ ਜਾਰੀ ਹੈ . ..!

ਅੱਜ ਅਸੀਂ ਤੁਹਾਡੇ ਸਾਹਮਣੇ ਲਿਆਏ ਹਾਂ ਜਨਾਬ ਸੁਰਜੀਤ ਜੱਜ ਹੁਰਾਂ ਦੀ ਸੰਗੀਤਕ ਰਚਨਾ ਆਲ੍ਹਣਾ - -! 

ਇਹ ਹੈ ਇਸ ਇਤਿਹਾਸਿਕ ਗੀਤ ਦੀ ਵੀਡੀਓ - --ਦੇਖੋ ਅਤੇ ਆਪਣੇ ਵਿਚਾਰ ਵੀ ਜ਼ਰੂਰ ਦੱਸੋ - -ਤੁਹਾਡੇ ਵਿਚਾਰਾਂ ਦੀ ਉਡੀਕ ਰਹੇਗੀ ਹੀ. ..! ਚੰਗਾ ਹੋਵੇ ਜੇਕਰ ਆਪਣਾ ਨਾਮ ,  ਪਤਾ ,  ਅਤੇ ਮੋਬਾਈਲ ਨੰਬਰ ਵੀ ਜ਼ਰੂਰ ਦੱਸੋ - --!

ਜਨਾਬ ਸੁਰਜੀਤ ਜੱਜ ਹੁਰਾਂ ਦੀ ਸੰਗੀਤਕ ਰਚਨਾ ਆਲ੍ਹਣਾ - -!

ਬੜੀ ਬੇਬਾਕੀ ਨਾਲ ਹਾਲਾਤ ਦੇ ਰੂਬਰੂ ਕਰਵਾਉਂਦੀ ਇਸ ਰਚਨਾ ਨੂੰ ਆਪਣੀ ਸੁਰੀਲਾ ਆਵਾਜ਼ ਨਾਲ ਸ਼ਿੰਗਾਰਿਆ ਹੈ ਪਰਮਜੀਤ ਕੌਰ ਨੇ . ...!

ਦੇਖੋ ਅਤੇ ਸੁਣੋ ਇਹ ਰਚਨਾ - -ਆਲ੍ਹਣਾ - -

ਇਹ ਵੀ ਦੱਸਣਾ ਕਿ ਤੁਹਾਨੂੰ ਇਹ ਸਾਰੀ ਪੇਸ਼ਕਾਰੀ ਕਿਵੇਂ ਲੱਗੀ ...!

ਤੁਸੀਂ ਵੀ ਜੇਕਰ ਲੋਕਪੱਖੀ ਸਾਹਿਤ ਰਚਦੇ ਹੋ ਜਾਂ ਗਾਉਂਦੇ ਹੋ ਤਾਂ ਆਪਣੇ ਬਾਰੇ ਜ਼ਰੂਰ ਜਾਣੂ ਕਰਵਾਓ - -ਅਸੀਂ ਤੁਹਾਡੀ ਰਚਨਾ ਨੂੰ ਵੀ ਵੱਡੀ ਪੱਧਰ ਤੇ ਪੇਸ਼ ਕਰਨ ਦੀ ਕੋਸ਼ਿਸ਼ ਕਰਾਂਗੇ ...!

ਸੰਪਰਕ: medialink32@gmail.com

             punjabscreen@gmail.com

+91 99153 22407 

ਸੰਖੇਪ ਵੇਰਵਾ, ਨਾਮ ਅਤੇ ਪਤਾ ਅਤੇ ਮੋਬਾਈਲ ਨੰਬਰ ਵਟਸਐਪ ਕਰੋ...ਫੋਨ ਅਸੀਂ ਖੁਦ ਹੀ ਕਰਾਂਗੇ

Monday, 11 August 2025

ਪੁਸਤਕ ਚਰਚਾ//ਯੁਗਾਂ ਮਗਰੋਂ ਕਿਸੇ ਬਗਾਵਤ ਦਾ ਐਲਾਨ ਹੈ "ਮੈਂ ਅਹੱਲਿਆ ਨਹੀਂ"

ਰਾਜਿੰਦਰ ਕੌਰ ਮਾਵੀ ਦੀ ਨਵੀਂ ਪੁਸਤਕ ਮਾਰਕੀਟ ਵਿੱਚ ਹੈ ਪੜ੍ਹੋ ਜ਼ਰੂਰ

ਲੁਧਿਆਣਾ: 11 ਅਗਸਤ 2025: (ਰੈਕਟਰ ਕਥੂਰੀਆ//ਪੰਜਾਬ ਸਕਰੀਨ ਡੈਸਕ):: 

ਰਾਜਿੰਦਰ ਕੌਰ ਮਾਵੀ ਦੀ ਨਵੀਂ ਪੁਸਤਕ ਮਾਰਕੀਟ ਵਿੱਚ ਆ ਗਈ ਹੈ।
ਉਸਦਾ ਰਸਮੀ ਲੋਕ ਅਰਪਣ 16 ਅਗਸਤ ਨੂੰ ਹੋਣਾ ਹੈ। ਪੁਸਤਕ ਦਾ ਨਾਮ ਹੈ "ਮੈਂ ਅਹੱਲਿਆ ਨਹੀਂ।" ਮੈਂ ਕਈ ਸਾਲ ਪਹਿਲਾਂ ਤੋਂ ਸ਼ਾਇਰਾ ਰਾਜਿੰਦਰ ਕੌਰ ਮਾਵੀ ਦੀਆਂ ਰਚਨਾਵਾਂ ਪੜ੍ਹਦਾ ਆ ਰਿਹਾ ਹੈ ਪਰ ਇਸ ਪੁਸਤਕ ਮੈਂ ਅਜੇ ਤੱਕ ਨਹੀਂ ਪੜ੍ਹੀ। ਮੈਨੂੰ ਇਸਦੇ ਨਾਮ ਨੇ ਬੇਹੱਦ ਪ੍ਰਭਾਵਿਤ ਕੀਤਾ ਹੈ। ਉਂਝ ਵੀ ਰਾਜਿੰਦਰ ਕੌਰ ਮਾਵੀ ਦੀ ਸ਼ਖ਼ਸੀਅਤ ਬਹੁਤ ਹੀ ਤਹਿਜ਼ੀਬ ਵਾਲੀ ਸ਼ਖ਼ਸੀਅਤ ਹੈ ਜਿਹੜੀ ਬਿਨਾ ਬੋਲੇ ਵੀ ਬੜੇ ਅਦਬੀ ਅੰਦਾਜ਼ ਨਾਲ ਸਰੋਤਿਆਂ ਅਤੇ ਦਰਸ਼ਕਾਂ 'ਤੇ ਆਪਣਾ ਪ੍ਰਭਾਵ ਪਾਉਂਦੀ ਹੈ। 

ਇਸ ਕਿਤਾਬ ਦਾ ਨਾਮ ਪੜ੍ਹ ਕੇ ਜਾਪਦਾ ਹੈ-ਸ਼ਾਇਦ ਇਹ ਕਿਸੇ ਬਗਾਵਤ ਦਾ ਐਲਾਨ ਹੈ। ਉਹ ਬਗਾਵਤ ਜਿਹੜੀ ਅਤੀਤ ਦੇ ਖਿਲਾਫ ਵੀ ਹੈ ਅਤੇ ਵਰਤਮਾਨ ਦੇ ਖਿਲਾਫ ਵੀ। ਪਿਤਰ ਸਤਾ ਦੇ ਖਿਲਾਫ। ਪੁਰਸ਼ ਸੱਤਾ ਦੇ ਖਿਲਾਫ ਬਗਾਵਤ। 

ਅਦੂਤੀ ਖੂਬਸੂਰਤੀ ਵਾਲੀ ਇੱਕ ਔਰਤ ਅਹੱਲਿਆ ਦੇ ਜੀਵਨ ਵੱਲ ਇੱਕ ਝਾਤੀ ਮਾਰਨੀ ਆਸਾਨ ਨਹੀਂ ਹੈ। ਕਿਸੇ ਵੀ ਸੰਵੇਦਨਸ਼ੀਲ ਵਿਅਕਤੀ ਦੇ ਮਨ ਵਿੱਚ ਅਹੱਲਿਆ ਦਾ ਜੀਵਨ ਕਈ ਸੁਆਲ ਖੜੇ ਕਰਦਾ ਹੈ। ਗੁੱਸਾ ਵੀ ਆ ਸਕਦਾ ਹੈ ਅਤੇ ਹੰਝੂ ਵੀ ਪਰ ਬਗ਼ਾਵਤ ਤਾਂ ਬੇਹੱਦ ਹਿੰਮਤ ਵਾਲੀ ਗੱਲ ਵੀ ਹੈ। ਸ਼ਾਇਦ ਏਨੀਆਂ ਸਦੀਆਂ ਬਾਅਦ ਇਹ ਬਗਾਵਤ ਅਟੱਲ ਵੀ ਬਣ ਗਈ ਸੀ। ਇਹ ਹੋਣੀ ਹੀ ਸੀ। ਪੁਰਸ਼ ਸੱਤਾ ਦੇ ਪਾਪਾਂ ਦਾ ਘੜਾ ਭਰ ਗਿਆ ਸੀ। 

ਅਸਲ ਵਿੱਚ ਹਿੰਦੂ ਧਰਮ ਦੀ ਗੱਲ ਕਰਦਿਆਂ ਬਹੁਤ ਸਾਰੀਆਂ ਇਸਤਰੀਆਂ ਅਜਿਹੀਆਂ ਹਨ ਜਿਹਨਾਂ ਨੂੰ ਮਹਾਂਮਾਨਵ ਦੇ ਦਰਜੇ ਵਾਂਗ ਸੋਚਣਾ, ਸਮਝਣਾ ਅਤੇ ਸੰਬੋਧਨ ਕਰਨਾ ਵੀ ਗਲਤ ਨਹੀਂ ਹੋਵੇਗਾ। ਇਸ ਲਈ ਇਹਨਾਂ ਇਸਤਰੀਆਂ ਨੂੰ ਮਹਾਂਮਾਨਵ ਕਹਿਣਾ ਵੀ ਅਣਉਚਿਤ ਨਹੀਂ ਹੋਵੇਗਾ। 

ਉਹ ਸੱਚਮੁੱਚ ਹੋਈਆਂ ਜਾਂ ਸਿਰਫ ਕਿਸੇ ਮਹਾਂਕਾਵਿ ਦੀਆਂ ਪਾਤਰ ਹਨ ਇਸ ਗੱਲ ਨਾਲ ਵੀ ਕੋਈ ਬਹੁਤਾ ਫਰਕ ਨਹੀਂ ਪੈਂਦਾ। ਇਹ ਇਸਤਰੀਆਂ ਆਪਣੀ ਭੂਮਿਕਾ ਨਾਲ ਹਰ ਯੁਗ ਦੇ ਹਰ ਨਾਇਕ ਨੂੰ ਵੀ ਪ੍ਰਭਾਵਿਤ ਕਰਦੀਆਂ ਹਨ ਅਤੇ ਖਲਨਾਇਕ ਨੂੰ ਵੀ। ਇਹ ਪੁੱਛਣਾ ਕਿ ਇਹ ਗੱਲ ਸੱਚ ਕਿਵੇਂ ਹੋ ਸਕਦੀ ਹੈ ਅਸਲ ਵਿੱਚ ਇਹ ਸੁਆਲ ਹੀ ਫਿਜ਼ੂਲ ਹੈ ਜੇਕਰ ਤੁਸੀਂ ਉਸ ਕਥਾ//ਕਹਾਣੀ ਜਾਂ ਦਾਸਤਾਨ ਵਿਚਲੇ ਸੁਨੇਹੇ ਨੂੰ ਨਾ ਸਮਝੋ ਤਾਂ ਫਿਰ ਤੁਸੀਂ ਖੁੰਝ ਗਏ। ਇਹਨਾਂ ਕਹਾਣੀਆਂ ਦੇ ਸੁਨੇਹੇ ਦੀ ਗੱਲ ਬਹੁਤ ਵੱਡੀ ਨਿਕਲਦੀ ਹੈ। ਭਾਵੇਂ ਸੀਤਾ ਮਾਤਾ ਦੀ ਗੱਲ ਹੋਵੇ, ਭਾਵੇਂ ਦਰੋਪਦੀ ਦੀ ਗੱਲ ਕੀਤੀ ਜਾਵੇ ਅਤੇ ਭਾਵੇਂ ਅਹੱਲਿਆ ਦੀ। ਇਹਨਾਂ ਦੇ ਤਾਂ ਅਸਲ ਵਿੱਚ ਵੱਖਰੇ ਅਤੇ ਉਚੇਚੇ ਮੰਦਰ ਬਣਨੇ ਚਾਹੀਦੇ ਹਨ। 

ਉਹ ਯੁਗ ਕਿੰਨਾ ਕੁ "ਸੁਨਹਿਰੀ ਜਾਂ ਮਹਾਨ" ਸੀ ਇਸਦਾ ਪਤਾ ਉਹਨਾਂ ਮਹਾਨ ਇਸਤਰੀਆਂ ਨਾਲ ਹੋਏ ਉਸ ਸਮੇਂ ਹੋਏ ਸਲੂਕ ਤੋਂ ਲੱਗ ਜਾਂਦਾ ਹੈ। ਬ੍ਰਹਮਾ ਜੀ ਦੀ ਮਾਨਸ ਪੁੱਤਰੀ ਸੀ ਅਹੱਲਿਆ ਅਤੇ ਖ਼ੂਬਸੂਰਤੀ ਵੀ ਲੋਹੜੇ ਦੀ ਸੀ ਉਸ ਕੋਲ। ਪਿਤਾ ਖੁਦ ਬ੍ਰਹਮਾ ਸੀ। ਇੱਕ ਤਰ੍ਹਾਂ ਨਾਲ ਭਗਵਾਨ ਹੀ ਸੀ। ਪਰ ਉਸ ਅਹੱਲਿਆ ਦਾ ਵਿਆਹ ਕਰ ਦਿੱਤਾ ਗਿਆ ਉਸ ਤੋਂ ਉਮਰ ਵਿੱਚ ਕਿਤੇ ਵੱਡੀ ਉਮਰ ਵਾਲੇ ਗੌਤਮ ਰਿਸ਼ੀ ਨਾਲ। ਕੀ ਇਹੀ ਸੀ ਉਸ ਵੇਲੇ ਵੀ ਔਰਤਾਂ ਨਾਲ ਇਨਸਾਫ ਅਤੇ ਬਰਾਬਰੀ?

ਇੱਕ ਕਹਿੰਦੇ ਕਹਾਉਂਦੇ ਸ਼ਕਤੀਸ਼ਾਲੀ ਤਪੱਸਵੀ ਰਿਸ਼ੀ ਨਾਲ ਅਹੱਲਿਆ ਦਾ ਵਿਆਹ ਕਰਕੇ ਸ਼ਾਇਦ ਇੱਕ ਪਿਤਾ ਬ੍ਰਹਮਾ ਨੂੰ ਚੈਨ  ਨਾਲ ਨੀਂਦ ਆ ਗਈ ਹੋਵੇ। ਲੱਗਦਾ ਹੈ ਉਸ ਵੇਲੇ ਵੀ ਖੂਬਸੂਰਤ ਲੜਕੀਆਂ ਜਾਂ ਮਹਿਲਾਵਾਂ ਸੁਰਖਿਅਤ ਨਹੀਂ ਸਨ। ਕੰਨਿਆ ਦਾਨ ਤੋਂ ਬਾਅਦ ਸ਼ਾਇਦ ਤਾਂ ਹੀ  ਬਹੁਤੇ ਲੋਕ ਸੁਰਖੁਰੂ ਹੋਇਆ ਮਹਿਸੂਸ ਕਰਦੇ ਹਨ। ਉਹਨਾਂ ਨੂੰ ਲੱਗਦਾ ਹੈ ਕਿ ਹੁਣ ਸਾਡੇ ਵੱਲੋਂ ਧੀ ਧਿਆਣੀ ਦੀ ਚਿੰਤਾ ਮੁੱਕ ਗਈ--ਹੁਣ ਉਹ ਬਸ "ਆਪਣੇ ਘਰ ਸੁਖੀ ਵੱਸੇ"। 

ਅਹੱਲਿਆ ਵੀ "ਆਪਣੇ ਘਰ" ਪਹੁੰਚ ਗਈ ਸੀ।  ਉਸਦੇ ਸ਼ੁਭਚਿੰਤਕਾਂ ਨੇ ਵੀ ਉਸਦੇ ਸੁਖੀ ਵੱਸਣ ਦੀ ਕਾਮਨਾ ਕੀਤੀ ਹੀ ਹੋਣੀ ਹੈ। ਪਰ ਇੰਦਰ ਨੂੰ ਚੈਨ ਕਿੱਥੇ ਸੀ। ਉਹ ਤਾਂ ਹਰ ਹੀਲੇ ਉਸਨੂੰ  ਪ੍ਰਾਪਤ ਕਰਨਾ ਚਾਹੁੰਦਾ ਸੀ। ਹੁੱਕ ਬਾਈ ਕਰੁੱਕ। ਅੱਜ ਵੀ ਅਜਿਹਾ ਕੁਝ ਬਹੁਤ ਹੁੰਦਾ ਹੈ। ਐਂਵੇਂ ਨਾ ਨਿੰਦੀ ਜਾਓ ਕਿ ਹੁਣ ਸਮਾਂ ਬੜਾ ਖਰਾਬ ਆ ਗਿਆ ਹੈ। ਇਸ ਮਾੜੇ ਸਮੇਂ ਵਾਲੇ ਰੀਤੀ ਰਿਵਾਜਾਂ ਦੀ ਸ਼ੁਰੂਆਤ ਅਹੱਲਿਆ ਵੇਲੇ ਹੀ ਹੋ ਚੁੱਕੀ ਸੀ।  ਉਦੋਂ ਵੀ ਸਮਾਂ ਘੱਟ ਮਾੜਾ ਨਹੀਂ ਸੀ। 

ਦੇਵਰਾਜ ਇੰਦਰ ਅਰਥਾਤ ਦੇਵਤਿਆਂ ਦੇ ਰਾਜੇ ਇੰਦਰ ਨੇ ਇਸ ਨਿਘਾਰ ਲਈ ਬਾਕਾਇਦਾ ਇੱਕ ਖਤਰਨਾਕ ਯੋਜਨਾ ਬਣਾਈ। ਉਸਨੇ ਗੌਤਮ ਰਿਸ਼ੀ ਦਾ ਰੂਪ ਧਾਰਨ ਕੀਤਾ ਅਤੇ ਜਾ ਪਹੁੰਚਿਆ ਅਹੱਲਿਆ ਦੀ ਕੁਟੀਆ ਵਿੱਚ। ਚੰਦਰਮਾ ਨੂੰ ਵੀ ਇਸ ਸਾਜ਼ਿਸ਼ ਵਿੱਚ ਭਾਈਵਾਲ ਬਣਾਇਆ ਕਿ ਤੂੰ ਨਿਸਚਿਤ ਸਮੇਂ ਤੋਂ ਪਹਿਲਾਂ ਚੜ੍ਹੀਂ। ਇਸਦੇ ਨਾਲ ਹੀ ਮੁਰਗੇ ਨੂੰ ਵੀ ਇਸ ਸਾਜ਼ਿਸ਼ ਵਿੱਚ ਸ਼ਾਮਿਲ ਕੀਤਾ ਕਿ ਤੂੰ ਸਮੇਂ ਤੋਂ ਪਹਿਲਾਂ ਬਾਂਗ ਦੇ ਦੇਵੀਂ। 

ਇਹ ਤਾਂ ਭਲਾ ਹੋਵੇ ਮਾਂ ਗੰਗਾ ਨਦੀ ਦਾ ਜਿਸਨੇ ਸ਼ਰਧਾ ਦੀ ਡੁਬਕੀ ਲਾਉਣ ਆਏ ਗੌਤਮ ਰਿਸ਼ੀ ਨੂੰ ਸੁਚੇਤ ਕੀਤਾ ਕਿ ਜਾਹ ਪਹਿਲਾਂ ਘਰ ਜਾ ਕੇ "ਆਪਣਾ ਘਰ ਸੰਭਾਲ'। ਜਦੋਂ ਗੌਤਮ ਰਿਸ਼ੀ ਘਰ ਪੁੱਜੇ ਤਾਂ ਭਾਣਾ ਵਾਪਰ ਚੁੱਕਿਆ ਸੀ। ਵੈਸੇ ਸੁਆਲ ਤਾਂ ਉੱਠਦਾ ਹੈ ਕਿ ਜੇਕਰ ਮਾਂ ਗੰਗਾਂ ਨਦੀ ਨੂੰ ਸਾਜ਼ਿਸ਼ੀ ਸਿਲਸਿਲੇ ਦਾ ਪਤਾ ਲੱਗ ਗਿਆ ਸੀ ਤਾਂ ਏਨੇ ਵੱਡੇ ਤਪੱਸਵੀ ਗੌਤਮ ਰਿਸ਼ੀ ਨੂੰ ਇਸਦਾ ਕਿਓਂ ਨਾ ਅਹਿਸਾਸ ਹੋਇਆ। ਵੈਸੇ ਆਮ ਇਨਸਾਨ ਦੀ ਨੀਂਦ ਵੀ ਜੇਕਰ ਸਮੇਂ ਤੋਂ ਪਹਿਲਾਂ ਖੁੱਲ੍ਹ ਜਾਵੇ ਤਾਂ ਉਸਨੂੰ ਮਹਿਸੂਸ ਹੋਣ ਲੱਗਦਾ ਹੈ ਕੁਝ ਤਾਂ ਗੜਬੜ ਹੈ। 

ਖੈਰ ਇਹ ਸਾਰੀ ਕਹਾਣੀ ਅੱਗੇ ਤੁਰਦੀ ਹੈ ਅਤੇ ਰਿਸ਼ੀ ਗੌਤਮ ਸਭ ਕੁਝ ਦੇਖਣ ਮਗਰੋਂ ਦੇਵ ਰਾਜ ਇੰਦਰ ਨੂੰ ਵੀ ਸਰਾਪ ਦੇਂਦੇ ਹਨ, ਚੰਦਰਮਾ ਨੂੰ ਵੀ, ਮੁਰਗੇ ਨੂੰ ਵੀ ਅਤੇ ਆਪਣੀ ਪਤਨੀ ਅਹੱਲਿਆ ਨੂੰ ਵੀ।  ਅਹੱਲਿਆ ਨੂੰ ਦਿੱਤਾ ਗਿਆ ਸਰਾਪ ਸ਼ਾਇਦ ਸਭ ਤੋਂ ਸਖਤ ਸੀ ਕਿ ਜਾ ਤੂੰ ਪੱਥਰ ਹੋ ਜਾ। ਅਹੱਲਿਆ ਦੀਆਂ ਅਰਜੋਈਆਂ ਸੁਣ ਕੇ ਗੌਤਮ ਰਿਸ਼ੀ ਉਸ ਸਰਾਪ ਨੂੰ ਥੋਹੜਾ ਜਿਹਾ ਨਰਮ ਕਰਦੇ ਹਨ ਕਿ ਜਦੋਂ ਭਗਵਵਨ ਵਿਸ਼ਨੂੰ ਰਾਮ ਦੇ ਅਵਤਾਰ ਵਿੱਚ ਧਰਤੀ ਤੇ ਆਉਣਗੇ ਤਾਂ ਉਹਨਾਂ ਦੇ ਚਰਨਾਂ ਦੀ ਛੋਹ ਨਾਲ ਤੇਰੀ ਇਸ ਪੱਥਰ ਜੂਨ ਵਰਗੀ ਜ਼ਿੰਦਗੀ ਤੋਂ ਮੁਕਤੀ ਹੋਏਗੀ। ਤ੍ਰੇਤਾ ਯੁਗ ਅਜੇ ਦੂਰ ਸੀ ਇਸ ਲਈ ਉਸਨੂੰ ਦੁਆਪਰ ਯੁਗ ਤੋਂ ਪਹਿਲਾਂ ਲਿਆਂਦਾ ਗਿਆ। ਸ਼ਾਇਦ ਇਹ ਅਹੱਲਿਆ ਪ੍ਰਤੀ ਇੱਕ ਖਾਸ ਨਰਮੀ ਸੀ। ਉਹ ਅਹੱਲਿਆ ਜਿਸਦੇ ਪਿਤਾ ਖੁਦ ਬ੍ਰਹਮਾ ਸਨ ਉਹ ਪੱਥਰ ਹੋ ਜਾਂਦੀ ਹੈ। 

ਵੈਸੇ ਹੁਣ ਵੀ ਬਹੁਗਿਣਤੀ ਔਰਤਾਂ ਵਿਆਹ ਤੋਂ ਬਾਅਦ ਆਪਣੇ ਸਾਰੇ ਚਾਅ, ਉਮਾਹ ਅਤੇ ਉਤਸ਼ਾਹ ਅਤੇ ਇੱਛਾਵਾਂ ਨੂੰ ਖੁਦ ਹੀ ਕਤਲ ਕਰਕੇ ਉਹੀ ਜ਼ਿੰਦਗੀ ਜਿਊਣ ਲੱਗਦੀਆਂ ਹਨ ਜਿਹੜੀ ਜ਼ਿੰਦਗੀ ਸਹੁਰਾ ਪਰਿਵਾਰ ਚਾਹੁੰਦਾ ਹੋਵੇ। ਬਹੁਤ ਸਾਰੀਆਂ ਕੁੜੀਆਂ ਇਸ ਕਰਕੇ ਵੀ ਵਿਆਹ ਨਹੀਂ ਕਰਵਾਉਂਦੀਆਂ। ਕੋਈ ਵਿਰਲੀ ਟਾਂਵੀ ਔਰਤ ਹੀ ਹੁੰਦੀ ਹੈ ਜਿਸਨੂੰ ਭਗਵਾਨ ਰਾਮ ਵਰਗਾ ਵਿਅਕਤੀ ਹਮਸਫਰ ਬਣ ਕੇ ਮਿਲ ਜਾਂਦਾ ਹੈ ਅਤੇ ਉਹਨਾਂ ਦੀਆਂ ਦੱਬੀਆਂ ਕੁਚਲੀਆਂ ਇੱਛਾਵਾਂ ਫਿਰ ਜਨਮ ਲੈਣ ਲੱਗਦੀਆਂ ਹਨ। ਵੈਸੇ ਕਿੰਨੀਆਂ ਕੁ ਕੁੜੀਆਂ ਹਨ ਜਿਹਨਾਂ ਵਿਸ਼ੇਸ਼ ਖੇਤਰ ਵਿੱਚ ਮੁਕੰਮਲ ਪੜ੍ਹਾਈ ਕਰਕੇ ਉਸਨੂੰ ਕੈਰੀਅਰ ਦੀ ਸਫਲਤਾ ਤੱਕ ਪਹੁੰਚਾਇਆ ਹੋਵੇ? ਬਹੁਤੀਆਂ ਦੀ ਸਫਲ ਪੜ੍ਹਾਈ ਅਤੇ ਕੈਰੀਅਰ ਵਿਆਹ ਮਗਰੋਂ ਵਿੱਚੇ ਹੀ ਛੁੱਟ ਜਾਂਦਾ ਹੈ। 

ਰਾਜਿੰਦਰ ਕੌਰ ਮਾਵੀ ਨਾਲ ਨਿਸਚੇ ਹੀ ਉਸਦੇ ਪੂਰਬਲੇ ਜਨਮਾਂ ਦੇ ਚੰਗੇ ਕੰਮ ਵੀ ਸਾਹਮਣੇ ਆਏ ਹਨ। ਉਸ ਦੀ ਕਲਮ ਕਵਿਤਾ ਨਾਲ ਬਹੁਤ ਚੰਗੀ ਦੋਸਤੀ ਨਿਭਾਉਂਦੀ ਹੈ। ਕਿਤਾਬ ਕੀ ਹੈ, ਇਹਨਾਂ ਨਵੀਆਂ ਕਵਿਤਾਵਾਂ ਵਿੱਚ ਕੀ ਹੈ ਇਸ ਬਾਰੇ ਗੱਲ ਪਹਿਲਾਂ ਵੀ ਕੀਤੀ ਜਾ ਸਕਦੀ ਹੈ ਪਰ ਅਸੂਲੀ ਤੌਰ 'ਤੇ ਕਰਾਂਗੇ ਇਸ ਦੇ ਰਸਮੀ ਲੋਕ ਅਰਪਣ ਤੋਂ ਬਾਅਦ। ਉਸਦੀ ਕਵਿਤਾ ਉਸਦੀ ਸ਼ਖ਼ਸੀਅਤ ਵਿੱਚ ਵੀ ਸ਼ਾਮਲ ਹੈ। ਅਦਬ ਉਸਦੇ ਲਹਿਜ਼ੇ ਅਤੇ ਬੋਲਾਂ ਤੋਂ ਅਕਸਰ ਪ੍ਰਗਟ ਹੁੰਦਾ ਹੈ।

                                                                                           --ਰੈਕਟਰ ਕਥੂਰੀਆ  

Wednesday, 6 August 2025

ਮੈਰਾਥਨ ਦੌੜਾਕ ਫੌਜਾ ਸਿੰਘ ਨੂੰ ਸਮਰਪਿਤ ਕਵੀ ਦਰਬਾਰ 12 ਅਗਸਤ ਨੂੰ

Received by WhatsApp On Tuesday 5th August 2025 at  19:28 Regarding Literary Meet at Mukerian 

ਪੰਜਾਬੀ ਸਾਹਿਤ ਸਭਾ ਮੁਕੇਰੀਆਂ ਵੱਲੋਂ "ਆਇਆ ਸਾਵਣ" ਕਵੀ ਦਰਬਾਰ ਦਾ ਵਿਸ਼ੇਸ਼ ਆਯੋਜਨ 


ਲੁਧਿਆਣਾ//
ਮੁਕੇਰੀਆਂ: 11 ਅਗਸਤ 2025: (ਮੀਡੀਆ ਲਿੰਕ ਰਵਿੰਦਰ / /ਸਾਹਿਤ ਸਕਰੀਨ ਡੈਸਕ)::

ਵਿਛੜ ਚੁੱਕੇ ਮਹਾਨ ਦੌੜਾਕ ਫੌਜਾ ਸਿੰਘ ਹੁਰਾਂ ਨੂੰ ਯਾਦ ਕਰਨ ਦਾ ਇਹ ਸ਼ਾਇਦ ਇੱਕ ਵਿਲੱਖਣ ਅੰਦਾਜ਼ ਹੋਵੇਗਾ। ਲਹੂ ਪੀਣੀਆਂ ਸੜਕਾਂ ਉਸ ਵਿਕਾਸ ਦਾ ਨਿੱਤ ਮੂੰਹ ਚਿੜ੍ਹਾਉਂਦੀਆਂ ਹਨ ਜਿਹਨਾਂ ਦੇ  ਦਾਅਵੇ ਕਰਦਿਆਂ ਸੱਤਾ ਵਾਲੇ ਅਕਸਰ ਥੱਕਿਆ ਨਹੀਂ ਕਰਦੇ। ਸਾਡੇ ਉਸ ਬਜ਼ੁਰਗ ਦੌੜਾਕ ਨੂੰ ਵੀ ਇਹਨਾਂ ਸੜਕਾਂ ਨੇ ਹੀ ਸਾਥੋਂ ਖੋਹ ਲਿਆ। ਕਲਮਕਾਰ ਇਸ ਮਹਾਨ ਸ਼ਖ਼ਸੀਅਤ ਨੂੰ ਆਪੋ ਆਪਣੇ ਅੰਦਾਜ਼ ਨਾਲ ਯਾਦ ਕਰਨਗੇ। ਸਮਾਗਮ ਵਿੱਚ ਵੱਧ ਤੋਂ ਵੱਧ ਲੋਕ ਪੁੱਜਣ ਇਸ ਗੱਲ ਦੀ ਉਮੀਦ ਰਹੇਗੀ ਹੀ।

ਪੰਜਾਬੀ ਸਾਹਿਤ ਸਭਾ (ਰਜਿ.) ਮੁਕੇਰੀਆਂ ਅਤੇ ਪੋਸਟ ਗ੍ਰੈਜੂਏਟ ਵਿਭਾਗ ਦਸ਼ਮੇਸ਼ ਗਰਲਜ਼ ਕਾਲਜ ਚੱਕ ਅਲਾ ਬਖਸ਼ ਦੇ ਸਾਂਝੇ ਉੱਦਮ ਨਾਲ ਮੈਰਾਥਨ ਦੌੜਾਕ ਫੌਜਾ ਸਿੰਘ ਨੂੰ ਸਮਰਪਿਤ "ਆਇਆ ਸਾਵਣ" ਕਵੀ ਦਰਬਾਰ 12 ਅਗਸਤ,2025 ਦਿਨ ਮੰਗਲਵਾਰ ਨੂੰ ਕਰਵਾਇਆ ਜਾ ਰਿਹਾ ਹੈ। ਇਸ ਮੌਕੇ ਪੰਜਾਬੀ ਸਾਹਿਤ ਸਭਾ ਦੇ ਪ੍ਰਧਾਨ ਡਾ. ਸਰਬਜੋਤ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਾਵਣ ਦੇ ਮਹੀਨੇ ਵਿੱਚ ਇਹ ਜੋ "ਆਇਆ ਸਾਵਣ" ਕਵੀ ਦਰਬਾਰ ਕਰਵਾਇਆ ਜਾ ਰਿਹਾ ਹੈ, ਇਸ ਵਿੱਚ ਵੱਖ-ਵੱਖ ਇਲਾਕਿਆਂ ਤੋਂ  ਪਹੁੰਚ ਰਹੇ ਕਵੀ ਆਪਣੇ ਫਨ ਦਾ ਮੁਜ਼ਾਹਰਾ ਕਰਨਗੇ। 

ਉਨਾਂ ਇਹ ਵੀ ਦੱਸਿਆ ਕਿ ਇਸ ਮੌਕੇ ਤੇ ਕਲੀਨੀਕਲ ਸਾਈਕੋਲੋਜਿਸਟ ਡਾ. ਦੀਪਕ ਠਾਕੁਰ  ਦੁਬਾਰਾ ਲਿਖੀ ਪਲੇਠੀ ਪੁਸਤਕ 'ਦਾ ਹਿਡਨ ਮੈਕਨਿਜ਼ਮ ਆਫ ਸਲੀਪ' ਦਾ ਲੋਕ ਅਰਪਣ ਕੀਤਾ ਜਾਵੇਗਾ। ਦਸ਼ਮੇਸ਼ ਗਰਲਜ਼ ਕਾਲਜ ਦੇ ਪੋਸਟ ਗ੍ਰੈਜੂਏਟ ਪੰਜਾਬੀ ਵਿਭਾਗ ਦੇ ਮੁਖੀ ਡਾ.ਸੋਨੀਆ ਦੇਵੀ ਨੇ ਦੱਸਿਆ ਕਿ ਇਸ ਕਵੀ ਦਰਬਾਰ ਵਿੱਚ ਮੁੱਖ ਮਹਿਮਾਨ ਵਜੋਂ ਡਾ. ਜਸਵੰਤ ਰਾਏ ਖੋਜ ਅਫਸਰ , ਭਾਸ਼ਾ ਵਿਭਾਗ ਹੁਸ਼ਿਆਰਪੁਰ ਤੋਂ ਸ਼ਿਰਕਤ ਕਰ ਰਹੇ ਹਨ ਅਤੇ  ਡਾ. ਕਰਮਜੀਤ ਕੌਰ ਬਰਾੜ, ਪ੍ਰਿੰਸੀਪਲ, ਦਸ਼ਮੇਸ਼ ਗਰਲਜ਼ ਕਾਲਜ ਵਿਸ਼ੇਸ਼ ਮਹਿਮਾਨ ਵਜੋਂ ਸ਼ਮੂਲੀਅਤ ਕਰਨਗੇ। 

ਪ੍ਰਧਾਨਗੀ ਮੰਡਲ ਵਿੱਚ ਨਵਤੇਜ ਗੜ੍ਹਦੀਵਾਲਾ, ਪੰਮੀ ਦਿਵੇਦੀ ਅਤੇ ਗੁਰਮੀਤ ਬਾਜਵਾ ਸ਼ਾਮਿਲ ਹੋਣਗੇ। ਸਮਾਗਮ ਵਿੱਚ ਲੈਕ. ਬਲਜੀਤ ਸੈਣੀ, ਲੈਕ. ਜਸਵੰਤ ਖਾਨਪੁਰੀ ਅਤੇ ਪ੍ਰਿੰਸੀਪਲ ਤਰਸੇਮ ਸਿੰਘ ਜੀ ਨੂੰ ਉਹਨਾਂ ਦੁਆਰਾ ਪੰਜਾਬੀ ਸ਼ਬਦ ਸੱਭਿਆਚਾਰ ਨੂੰ ਦਿੱਤੀਆਂ ਸੇਵਾਵਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਜਾਵੇਗਾ। 

ਇਸ ਮੌਕੇ ਸਭਾ ਦੇ ਸਰਪ੍ਰਸਤ ਪ੍ਰੋਫੈਸਰ ਬਲਬੀਰ ਮੁਕੇਰੀਆਂ, ਜਨਰਲ ਸਕੱਤਰ ਜਸਵੰਤ ਖਾਨਪੁਰੀ, ਸੰਪਾਦਕ ਡਾ. ਸਤਬੀਰ ਸਿੰਘ, ਪ੍ਰਚਾਰ ਸਕੱਤਰ ਵਿਨੋਦ ਵਸਲ, ਪ੍ਰੈਸ ਸਕੱਤਰ ਪ੍ਰਿੰ. ਤਰਸੇਮ ਸਿੰਘ  ਆਦਿ ਮੈਂਬਰ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।

Wednesday, 30 July 2025

ਉੱਘੀ ਕਵਿੱਤਰੀ ਭੁਪਿੰਦਰ ਕੌਰ ਵਾਲੀਆ ਦਾ ਦੇਹਾਂਤ

ਸਾਹਿਤਿਕ ਹਲਕਿਆਂ ਵਿੱਚ ਸੋਗ ਦੀ ਲਹਿਰ 

ਪਟਿਆਲਾ: 29 ਜੁਲਾਈ 2025: (ਹਰਪ੍ਰੀਤ ਕੌਰ ਸੰਧੂ//ਸਾਹਿਤ ਸਕਰੀਨ ਡੈਸਕ)::

ਇਹ ਖਬਰ ਸਾਂਝੀ ਕਰਦਿਆਂ ਅਫਸੋਸ ਹੋ ਰਿਹਾ ਹੈ ਕਿ ਪੰਜਾਬੀ ਦੀ ਉੱਘੀ ਕਵਿਤਰੀ ਭੁਪਿੰਦਰ ਕੌਰ ਵਾਲੀਆ (73) ਜੀ ਦਾ ਸਵਰਗਵਾਸ ਹੋ ਗਿਆ ਹੈ। ਉਹ ਪਟਿਆਲਾ ਵਿਖੇ ਰਹਿੰਦੇ ਸਨ। 

ਪੰਜਾਬੀ ਸਾਹਿਤ ਸਭਾ ਪਟਿਆਲਾ ਦੇ ਸੀਨੀਅਰ ਮੈਂਬਰ ਸਨ। ਪੰਜਾਬੀ ਸਾਹਿਤ ਸਭਾ ਪਟਿਆਲਾ ਦੇ ਪ੍ਰਧਾਨ ਦਰਸ਼ਨ ਆਸ਼ਟ ਜੀ ਨੇ ਉਨਾਂ ਦੇ ਅਕਾਲ ਚਲਾਣੇ ਤੇ ਗਹਿਰਾ ਦੁੱਖ ਪ੍ਰਗਟਾਇਆ ਹੈ। ਉਹਨਾਂ ਨੇ ਦੱਸਿਆ ਕਿ ਭੁਪਿੰਦਰ ਜੀ ਲੰਬਾ ਸਮਾਂ ਪੰਜਾਬੀ ਸਾਹਿਤ ਸਭਾ ਦੇ ਸਰਗਰਮ ਮੈਂਬਰ ਰਹੇ ਹਨ। ਭੁਪਿੰਦਰ ਜੀ ਕੁਝ ਲੰਬੇ ਸਮੇਂ ਤੋਂ ਬਿਮਾਰ ਸਨ। ਉਹਨਾਂ ਦੀ ਪੁਸਤਕ ਜਿੰਦਗੀ ਬਨਾਮ ਸੰਘਰਸ਼ ਨੂੰ ਭਾਸ਼ਾ ਵਿਭਾਗ ਵੱਲੋਂ ਸਰਵੋਤਮ ਪੁਸਤਕ ਪੁਰਸਕਾਰ ਮਿਲਿਆ ਸੀ।। ਉਨਾਂ ਦੀ ਲਗਨ ਅਤੇ ਪ੍ਰਤਿਭਾ ਬਾਕਮਾਲ ਸੀ। ਉਹਨਾਂ ਦੇ ਇਸ ਤਰ੍ਹਾਂ ਵਿਦਾ ਹੋਣ ਨਾਲ ਪੰਜਾਬੀ ਸਾਹਿਤ ਜਗਤ ਨੂੰ ਇੱਕ ਪ੍ਰਤਿਭਾਸ਼ਾਲੀ ਕਵਿਤਰੀ ਦੀ ਕਮੀ ਮਹਿਸੂਸ ਹੋਈ ਹੈ ਉਥੇ ਹੀ ਸਮਾਜ ਨੂੰ ਇੱਕ ਸੰਵੇਦਨਸ਼ੀਲ ਸੰਵੇਦਨਸ਼ੀਲ ਸ਼ਖਸੀਅਤ ਦੀ ਕਮੀ ਹੋਈ ਹੈ।

ਉਹਨਾਂ ਦੇ ਤੁਰ ਜਾਣ ਨਾਲ ਇੱਕ ਉਦਾਸੀ ਦੀ ਲਹਿਰ ਹੈ ਜਿਹੜੀ ਬਹੁਤ ਹੀ ਮੌਨ ਵੀ ਹੈ। ਉਹਨਾਂ  ਦੀ ਕਮੀ ਤਾਂ ਪੂਰੀ ਨਹੀਂ ਹੋਣੀ ਪਰ ਇਕ ਵਿਗੋਚਾ ਬਣਿਆ ਰਹੇਗਾ। ਫਿਲਹਾਲ ਅਦਾਰਾ ਸਾਹਿਤ ਸਕਰੀਨ ਸਮੇਤ ਅਸੀਂ ਸਾਰੇ ਇਸ ਦੁੱਖ ਵਿੱਚ ਸ਼ਾਮਲ ਹਾਂ। ਸ਼ਾਇਰ ਲੋਕ ਜਦੋਂ ਇਸ ਤਰ੍ਹਾਂ ਬੜੀ ਖਾਮੋਸ਼ੀ ਜਿਹੀ ਨਾਲ,ਅਚਾਨਕ ਤੁਰ ਜਾਂਦੇ ਹਨ ਤਾਂ ਉਦੋਂ ਅਹਿਸਾਸ ਹੁੰਦਾ ਹੈ ਕਿ ਸਾਡੇ ਨਾਲ ਵਾਰਤਾ ਕਰਨ ਲਈ ਉਹ ਬਹੁਤ ਪਹਿਲਾਂ ਹੀ ਆਪਣੀ ਸ਼ਾਇਰੀ ਸਾਡੇ ਲਈ ਛੱਡ ਗਏ ਹਨ। 

ਜਿਹਨਾਂ ਨੇ ਉਹਨਾਂ ਦੇ ਹੁੰਦਿਆਂ ਹੁੰਦਿਆਂ ਉਹਨਾਂ ਨਾਲ ਇਸ ਸ਼ਾਇਰੀ ਬਾਰੇ ਗੱਲਾਂ ਕਰ ਲਈਆਂ-ਉਹ ਸੁਭਾਗੇ ਕਹੇ ਜਾ ਸਕਦੇ ਹਨ।  ਸ਼ਾਇਰੀ ਅਤੇ ਜ਼ਿੰਦਗੀ ਨਾਲ ਸਬੰਧਤ ਇਹਨਾਂ  ਸੁਭਾਗੇ ਪਲਾਂ ਤੋਂ ਵਾਂਝਿਆਂ ਰਹਿ ਜਾਣ ਵਾਲਿਆਂ ਲਈ ਵੀ ਵਿਛੋੜੇ ਦਾ ਇਹ ਸਮਾਂ ਇੱਕ ਅਦ੍ਰਿਸ਼ ਰਹੀ ਕੇ ਮੁੜ ਮਿਲਣ ਦਾ ਹੀ ਹੁੰਦਾ ਹੈ। ਉਹਨਾਂ ਦੀ ਸ਼ਾਇਰੀ ਬਾਰੇ ਚਰਚਾ ਹੁੰਦੀ ਰਹੇ ਇਸ ਬਾਰੇ ਸਾਡੀ ਸੁਚੇਤ ਕੋਸ਼ਿਸ਼ ਵੀ ਰਹੇਗੀ ਅਤੇ ਅਚੇਤ ਵੀ। 

ਜੇ ਤੁਹਾਡੇ ਕੋਲ ਉਹਨਾਂ ਨਾਲ ਜੁੜੀਆਂ ਯਾਦਾਂ ਦਾ ਖਜ਼ਾਨਾ ਮੌਜੂਦ ਹੈ ਤਾਂ ਤੁਸੀਂ ਸਾਨੂੰ ਆਪਣੀਆਂ ਉਹ ਯਾਦਾਂ ਆਪਣੀਆਂ ਲਿਖਤਾਂ ਦੇ ਰੂਪ ਵਿੱਚ ਸਾਹਿਤ ਸਕਰੀਨ ਲਈ ਵੀ ਜ਼ਰੂਰੁ ਭੇਜੋ।  


Saturday, 19 July 2025

ਹਰਨਾਮ ਸਿੰਘ ਡੱਲਾ ਆਪਣੀ ਟੀਮ ਸਮੇਤ ਮਜ਼ਬੂਤੀ ਨਾਲ ਸੰਘਰਸ਼ੀਲ ਹਨ

19th July 2025 at 18:15 Via WhatsApp From H S Dalla Regarding Behrampur Bet

ਇਸ ਟੀਮ ਦਾ ਸੰਦੇਸ਼ ਹੈ: ਤੂੰ ਬਦਲੇ ਹੂਏ ਵਕਤ ਕੀ ਪਹਿਚਾਣ ਬਣੇਗਾ..!

ਤੂੰ ਹਿੰਦੂ ਬਣੇਗਾ ਨ ਮੁਸਲਮਾਨ ਬਣੇਗਾ 


ਖਰੜ/ /ਬਹਿਰਾਮਪੁਰ ਬੇਟ: 19 ਜੁਲਾਈ 2025: (ਮੀਡੀਆ ਲਿੰਕ ਰਵਿੰਦਰ/ /ਹਿੰਦੀ ਸਕਰੀਨ ਡੈਸਕ)::

ਉਮਰ ਵਧਣ ਦੇ ਨਾਲ ਨਾਲ ਦਿਮਾਗਾਂ ਵਿੱਚ ਜਮਾ ਹੋਇਆ ਗਿਆਨ/ਵਿਗਿਆਨ ਏਨਾ ਪੱਕਾ ਹੋ ਜਾਂਦਾ ਹੈ ਕਿ ਛੇਤੀ ਕੀਤੇ ਉਸ ਵਿੱਚ ਕੋਈ ਤਬਦੀਲੀ ਸੰਭਵ ਹੀ ਨਹੀਂ ਲੱਗਦੀ। ਇਸ ਲਈ ਵੱਡਾ ਹੋ ਕੇ ਇਨਸਾਨ ਆਪਣੇ ਪਰਿਵਾਰਿਕ ਧਰਮ ਦੇ ਅਧਾਰ 'ਤੇ ਹੀ ਸੋਚਦਾ ਹੈ। ਨਵਾਂ ਉਸਨੂੰ ਕੁਝ ਵੀ ਚੰਗਾ ਨਹੀਂ ਲੱਗਦਾ। ਉਹ ਸਿੱਖ ਬਣ ਕੇ ਸੋਚਦਾ ਹੈ, ਹਿੰਦੂ ਬਣ ਕੇ ਸੋਚਦਾ ਹੈ, ਮੁਸਲਿਮ ਜਾਂ ਕ੍ਰਿਸਚੀਅਨ ਬਣ ਕੇ ਸੋਚਦਾ ਹੈ। ਆਪਣੇ ਆਪ ਵਿੱਚ ਇਹ ਕੋਈ ਮਾੜੀ ਗੱਲ ਵੀ ਨਹੀਂ ਪਰ ਦੁੱਖ ਉਦੋਂ ਹੁੰਦਾ ਹੈ ਜਦੋਂ ਉਹ ਇਨਸਾਨ ਬਣਨਾ ਜਾਂ ਇਨਸਾਨ ਬਣ ਕੇ ਸੋਚਣਾ ਭੁੱਲ ਜਾਂਦਾ ਹੈ। ਸ਼ਾਇਦ ਅਜਿਹੀ ਹੀ ਹਾਲਤ ਸੀ ਜਦੋਂ ਪ੍ਰਸਿੱਧ ਫਿਲਮ ਧੂਲ ਕਾ ਫੂਲ ਦਾ ਗੀਤ ਲਿਖਿਆ ਗਿਆ ਸੀ: ਤੂੰ ਹਿੰਦੂ ਬਣੇਗਾ ਨ ਮੁਸਲਮਾਨ ਬਣੇਗਾ .!

1 ਜਨਵਰੀ 1959 ਨੂੰ ਪ੍ਰਸਿੱਧ ਫਿਲਮ "ਧੂਲ ਕਾ ਫੂਲ" ਰਿਲੀਜ਼ ਹੋਈ ਸੀ। ਇਸ ਫਿਲਮ ਦੀ ਕਹਾਣੀ ਉਸੇ ਸਮਾਜਿਕ ਸਮੱਸਿਆ 'ਤੇ ਅਧਾਰਤ ਸੀ ਜਿਸਨੂੰ ਅੱਜਕੱਲ੍ਹ ਗੰਭੀਰਤਾ ਨਾਲ ਨਹੀਂ ਲਿਆ ਜਾਂਦਾ। ਕੁਝ ਦਹਾਕੇ ਪਹਿਲਾਂ ਨਾਜਾਇਜ਼ ਬੱਚਾ ਇੱਕ ਵੱਡੀ ਸਮੱਸਿਆ ਹੋਇਆ ਕਰਦਾ ਸੀ। ਨਿਰਮਾਤਾ ਬੀ.ਆਰ. ਚੋਪੜਾ ਨੇ ਇਸ ਵਿਸ਼ੇ 'ਤੇ ਇੱਕ ਸ਼ਾਨਦਾਰ ਫਿਲਮ ਬਣਾਈ ਸੀ ਜਿਸਦਾ ਨਿਰਦੇਸ਼ਨ ਉਨ੍ਹਾਂ ਦੇ ਭਰਾ ਯਸ਼ ਚੋਪੜਾ ਨੇ ਕੀਤਾ ਸੀ। ਇਸਦਾ ਇੱਕ ਡੁਏਟ ਗੀਤ ਬਹੁਤ ਹਿੱਟ ਹੋਇਆ ਸੀ। .ਤੇਰੇ ਪਿਆਰ ਕਾ ਆਸਰਾ ਚਾਹਤਾ ਹੂੰ...ਵਫਾ ਕਰ ਰਿਹਾ ਹੂੰ ਵਫਾ ਚਾਹਤਾ ਹੂੰ...! ਮਸ਼ਹੂਰ ਕਲਾਕਾਰ ਰਾਜੇਂਦਰ ਕੁਮਾਰ ਅਤੇ ਮਾਲਾ ਸਿਨਹਾ 'ਤੇ ਫਿਲਮਾਏ ਗਏ ਇਸ ਗੀਤ ਦੀ ਲੋਕੇਸ਼ਨ ਇੱਕ ਕਾਲਜ ਦੇ ਸਾਲਾਨਾ ਸਮਾਗਮ ਵਜੋਂ ਦਿਖਾਈ ਗਈ ਹੈ। ਇਸ ਦੋਗਾਣੇ ਦੇ ਸਵਾਲ-ਜਵਾਬ//ਵਾਲੇ ਅੰਤਰਿ ਬਹੁਤ ਅਰਥਪੂਰਨ ਸਨ ਜਿਨ੍ਹਾਂ ਨੂੰ ਬਹੁਤ ਪਸੰਦ ਕੀਤਾ ਗਿਆ ਸੀ। ਬਾਕੀ ਗੀਤ ਵੀ ਬਹੁਤ ਪਸੰਦ ਕੀਤੇ ਗਏ ਪਰ ਇਹ ਗੀਤ ਬੇਮਿਸਾਲ ਸੀ। 

ਇਨ੍ਹਾਂ ਗੀਤਾਂ ਨੂੰ ਸੰਗੀਤ ਦੀ ਮਲਿਕਾ ਲਤਾ ਮੰਗੇਸ਼ਕਰ ਅਤੇ ਸੰਗੀਤ ਦੇ ਜਾਦੂਗਰ ਮੁਹੰਮਦ ਰਫ਼ੀ ਸਾਹਿਬ ਨੇ ਆਵਾਜ਼ ਦਿੱਤੀ ਸੀ। ਬੋਲ ਸਾਹਿਰ ਲੁਧਿਆਣਵੀ ਸਾਹਿਬ ਨੇ ਲਿਖੇ ਸਨ। ਉਨ੍ਹਾਂ ਦੁਆਰਾ ਲਿਖੇ ਗੀਤ ਸਮਾਜ ਲਈ ਇੱਕ ਖਾਸ ਸੁਨੇਹਾ ਵੀ ਛੱਡਦੇ ਹਨ। ਉਨ੍ਹਾਂ ਨੇ ਇਸ ਫਿਲਮ ਦੇ ਗੀਤਾਂ ਵਿੱਚ ਵੀ ਆਪਣਾ ਇਰਾਦਾ ਪੂਰਾ ਕੀਤਾ। ਇਸ ਫਿਲਮ ਦੇ ਗੀਤਾਂ ਵਿੱਚ ਇੱਕ ਗੀਤ ਸੀ- 

ਤੂੰ  ਹਿੰਦੂ ਬਣੇਂਗਾ, ਨਾ ਮੁਸਲਮਾਨ ਬਣੇਂਗਾ

ਤੂੰ ਨਾ ਹਿੰਦੂ ਬਣੇਂਗਾ, ਨਾ ਮੁਸਲਮਾਨ ਬਣੇਂਗਾ

......ਇਨਸਾਨ ਕੀ ਔਲਾਦ ਹੈ ਇਨਸਾਨ ਬਣੇਗਾ।

ਇਸ ਗੀਤ ਨੂੰ ਸੁਣ ਕੇ, ਇਸ ਗੀਤ ਨੂੰ ਪੜ੍ਹ ਕੇ, ਧਾਰਮਿਕ ਕੱਟੜਤਾ ਅਤੇ ਨਫਰਤੀ ਸਿਆਸਤ ਨਾਲ ਨਫ਼ਰਤ ਹੋਣ ਲੱਗ ਪੈਂਦੀ ਹੈ। ਮਨ ਵਿੱਚ ਕਈ ਸਵਾਲ ਉੱਠਦੇ ਹਨ। ਕੁਝ ਲੋਕਾਂ ਨੂੰ ਇਹ ਵੀ ਲੱਗਦਾ ਸੀ ਕਿ ਇਹ ਗੀਤ ਸਾਮਵਾਦ ਦਾ ਸੰਦੇਸ਼ ਫੈਲਾਉਂਦਾ ਹੈ ਕਿਉਂਕਿ ਸਾਹਿਰ ਲੁਧਿਆਣਵੀ ਆਪਣੇ ਵਿਚਾਰਾਂ ਵਿੱਚ ਖੱਬੇਪੱਖੀ ਵਜੋਂ ਜਾਣੇ ਜਾਂਦੇ ਸਨ। ਚਾਹੇ ਉਨ੍ਹਾਂ ਦੀਆਂ ਕਵਿਤਾਵਾਂ/ਗੀਤ ਤਾਜ ਮਹਿਲ ਬਾਰੇ ਹੋਣ ਜਾਂ ਵੋ ਸੁਬਹ ਕਭੀ ਤੋ ਆਏਗੀ-ਉਨ੍ਹਾਂ ਦਾ ਸੰਦੇਸ਼ ਹਮੇਸ਼ਾ ਇਸ ਵਿਚਾਰਧਾਰਾ ਦਾ ਸੰਦੇਸ਼ ਫੈਲਾਉਂਦਾ ਜਾਪਦਾ ਸੀ।

ਖੈਰ, ਦਹਾਕੇ ਬੀਤ ਗਏ ਹਨ ਪਰ ਅੱਜ ਵੀ ਇਨ੍ਹਾਂ ਗੀਤਾਂ ਦਾ ਜਾਦੂ ਘੱਟ ਨਹੀਂ ਹੋਇਆ ਹੈ। ਨਤੀਜਾ ਇਹ ਹੈ ਕਿ ਅੱਜ ਵੀ ਕਈ ਵਾਰ ਸਿੱਖਿਆ ਨੀਤੀ ਬਾਰੇ ਅਤੇ ਕਦੇ ਧਰਮ ਬਾਰੇ ਵਿਵਾਦ ਹੁੰਦਾ ਹੈ। ਇਨ੍ਹਾਂ ਵਿਵਾਦਾਂ ਦੇ ਬਾਵਜੂਦ, ਉਹ ਸੰਦੇਸ਼ ਫੈਲਦੇ ਰਹਿੰਦੇ ਹਨ ਜਿਨ੍ਹਾਂ ਨੂੰ ਫੈਲਾਉਣ ਵਿੱਚ ਸਾਹਿਰ ਲੁਧਿਆਣਵੀ ਸਾਹਿਬ ਨੇ ਵੀ ਅਗਵਾਈ ਕੀਤੀ ਸੀ।

ਅੱਜ ਦੇ ਲੇਖਕ ਅਤੇ ਕਵੀ ਵੀ ਹੁਣ ਵੱਡਿਆਂ ਨੂੰ ਸਮਝਾਉਣ ਦੀ ਬਜਾਏ ਛੋਟੇ ਬੱਚਿਆਂ ਨੂੰ ਸਮਝਾਉਣ ਦੀ ਮੁਹਿੰਮ ਚਲਾਉਣ ਵਿੱਚ ਲੱਗੇ ਹੋਏ ਹਨ। ਪੰਜਾਬੀ ਲੇਖਕ ਅਤੇ ਪੱਤਰਕਾਰ ਹਰਨਾਮ ਸਿੰਘ ਡੱਲਾ ਇਨ੍ਹਾਂ ਬੱਚਿਆਂ ਨੂੰ ਉਨ੍ਹਾਂ ਦੇ ਸਕੂਲਾਂ ਵਿੱਚ ਜਾ ਕੇ ਵੱਡੇ ਦਿਲ ਵਾਲੇ ਅਤੇ ਇਮਾਨਦਾਰ ਇਨਸਾਨ ਬਣਾਉਣ ਵਿੱਚ ਰੁੱਝੇ ਹੋਏ ਹਨ। ਉਨ੍ਹਾਂ ਦੀ ਟੀਮ ਵੀ ਉਨ੍ਹਾਂ ਦੇ ਨਾਲ ਹੈ ਅਤੇ ਬੱਚਿਆਂ ਨੂੰ ਨਵੀਆਂ ਕਿਤਾਬਾਂ ਸੌਂਪਦੇ ਸਮੇਂ, ਉਹ ਉਨ੍ਹਾਂ ਨੂੰ ਇਹ ਵੀ ਯਾਦ ਦਿਵਾਉਂਦੇ ਹਨ ਕਿ ਉਨ੍ਹਾਂ ਨੂੰ ਇਹ ਕਿਤਾਬਾਂ ਜ਼ਰੂਰ ਪੜ੍ਹਨੀਆਂ ਚਾਹੀਦੀਆਂ ਹਨ ਅਤੇ ਉਹ ਵੀ ਪੂਰੇ ਧਿਆਨ ਨਾਲ। ਕੁਝ ਹਫ਼ਤਿਆਂ ਬਾਅਦ, ਬੱਚਿਆਂ ਦੀ ਜਾਂਚ ਦੇ ਉਦੇਸ਼ ਨਾਲ ਕੁਝ ਸਵਾਲ ਵੀ ਪੁੱਛੇ ਜਾਂਦੇ ਹਨ।

ਹੁਣ ਜਦੋਂ ਕੁਝ ਸੰਸਥਾਵਾਂ ਅਤੇ ਸਿਆਸਤਦਾਨ ਬੱਚਿਆਂ ਦੀ ਸੋਚ ਨੂੰ ਸੰਕੁਚਿਤ ਕਰਨ ਵਿੱਚ ਰੁੱਝੇ ਹੋਏ ਹਨ, ਤਾਂ ਹਰਨਾਮ ਸਿੰਘ ਡੱਲਾ ਅਤੇ ਉਨ੍ਹਾਂ ਦੀ ਟੀਮ ਬੱਚਿਆਂ ਦੀ ਮਾਨਸਿਕਤਾ ਨੂੰ ਖੁੱਲ੍ਹੇ ਦਿਲ ਵਾਲਾ ਬਣਾਉਣ ਵਿੱਚ ਰੁੱਝੇ ਹੋਏ ਹਨ। ਜੇਕਰ ਤੁਹਾਨੂੰ ਉਨ੍ਹਾਂ ਦੇ ਯਤਨ ਪਸੰਦ ਹਨ, ਤਾਂ ਤੁਸੀਂ ਵੀ ਉਨ੍ਹਾਂ ਨਾਲ ਜੁੜ ਸਕਦੇ ਹੋ। ਉਨ੍ਹਾਂ ਦੀ ਟੀਮ ਵਿੱਚ ਸਾਹਿਤ ਸਭਾ ਰਜਿਸਟਰਡ ਬਹਿਰਾਮਪੁਰ ਬੇਟ ਦੇ ਪ੍ਰਧਾਨ ਕੁਲਵਿੰਦਰ ਸਿੰਘ ਅਤੇ ਕੁਝ ਹੋਰ ਲੋਕ ਵੀ ਸ਼ਾਮਲ ਹਨ।

ਇਸ ਟੀਮ ਦੇ ਸਰਗਰਮ ਮੈਂਬਰ ਹਰਨਾਮ ਸਿੰਘ ਡੱਲਾ ਦਾ ਮੋਬਾਈਲ ਫੋਨ ਨੰਬਰ ਹੈ: +91 94177 73283

Saturday, 5 July 2025

ਲੁਧਿਆਣਾ ਵਿੱਚ ਫਿਰ ਜ਼ੋਰ ਫੜ੍ਹ ਰਿਹਾ ਹੈ ਮੁਫ਼ਤ ਵਾਲਾ ਪੁਸਤਕ ਕਲਚਰ

Received on 5th July 2025 at 4:43 PM Regarding Book Club Culture 

ਪੁਸਤਕਾਂ ਨਾਲ ਹੀ ਠੱਲ੍ਹ ਪਏਗੀ ਹਥਿਆਰਾਂ ਵਾਲੇ ਹਿੰਸਕ ਵਰਤਾਰੇ ਨੂੰ 

ਲੁਧਿਆਣਾ ਦੇ ਬ੍ਰਿਜਭੂਸ਼ਨ ਗੋਇਲ ਹੁਰਾਂ ਵੱਲੋਂ ਆਈ ਹੈ  ਸ਼ੁਭਸ਼ਗਨ ਵਾਲੀ ਖਬਰ 


ਲੁਧਿਆਣਾ: 5 ਜੁਲਾਈ 2025: (ਮੀਡੀਆ ਲਿੰਕ ਰਵਿੰਦਰ//ਸਾਹਿਤ ਸਕਰੀਨ ਡੈਸਕ)::

ਦੇਸ਼, ਦੁਨੀਆ ਅਤੇ ਬ੍ਰਹਿਮੰਡ ਜਿੰਨੇ ਮਰਜ਼ੀ ਵਿਸ਼ਾਲ ਹੋਣ ਪਰ ਅਸਾਡੇ ਦਿਲਾਂ ਵਿੱਚ ਸਮਾਉਣ ਜੋਗੇ ਵੀ ਹਮੇਸ਼ਾਂ ਹੀ ਰਹਿੰਦੇ ਹਨ। ਉਹਨਾਂ ਨੂੰ ਆਪਣੇ ਕਲਾਵੇ ਵਿੱਚ ਮਹਿਸੂਸ ਕੀਤਾ ਜਾ ਸਕਦਾ ਹੈ।  ਅਸੀਂ ਆਪਸ ਵਿੱਚ ਜਿੰਨੇ ਮਰਜ਼ੀ ਦੂਰ ਵੀ ਹੋਈਏ ਪਰ ਏਨੇ ਦੂਰ ਤਾਂ ਕਦੇ ਵੀ ਨਹੀਂ ਕਿ ਸਾਡੇ ਅਹਿਸਾਸ ਇੱਕ ਦੂਜੇ ਤੱਕ ਨਾ ਪਹੁੰਚਣ ਅਤੇ ਇੱਕ ਦੂਜੇ 'ਤੇ ਆਪਣਾ ਅਸਰ ਨਾ ਪਾਉਣ। 

ਗਾਜ਼ਾ ਪੱਟੀ 'ਤੇ ਹੋਈਆਂ ਬੰਬਾਰੀਆਂ ਨਾਲ ਜਦੋਂ ਉਥੋਂ ਦੇ ਮਾਸੂਮ ਬੱਚੇ ਬੱਚੀਆਂ ਵੀ ਲੂਹੇ ਗਏ ਤਾਂ ਦੁਨੀਆ ਭਰ ਵਿੱਚ ਇਸ ਅਣਮਨੁੱਖੀ ਜ਼ੁਲਮ ਦੇ ਖਿਲਾਫ ਕਵਿਤਾਵਾਂ ਵੀ ਲਿਖੀਆਂ ਗਈਆਂ। ਤਸਵੀਰਾਂ ਵੀ ਕਲਿੱਕ ਕੀਤੀਆਂ ਗਈਆਂ ਅਤੇ ਸਾਹਿਤ ਵੀ ਰਚਿਆ ਗਿਆ। ਕਵੀ ਸ਼ਾਇਦ ਬੰਦੂਕ ਜਾਂ ਤੋਪ ਦਾ ਮੁਕਾਬਲਾ ਨਾ ਕਰ ਸਕੇ ਪਰ ਉਸਦੀ ਕਵਿਤਾ ਗੋਲੀਆਂ, ਬੰਦੂਕਾਂ ਅਤੇ ਮਿਜ਼ਾਈਲਾਂ ਚਲਾਉਣ ਵਾਲਿਆਂ ਦੇ ਦਿਲਾਂ ਨੂੰ ਬੇਦਿਲ ਜ਼ਰੂਰ ਕਰ ਦੇਂਦੀ ਹੈ। ਉਹਨਾਂ ਨੂੰ ਸੋਚਣ ਜ਼ਰੂਰ ਲਾ ਦੇਂਦੀ ਹੈ।  ਸੋਚ ਦਾ ਰੁੱਖ ਜ਼ਰੂਰ ਬਦਲਣ ਲੱਗ ਪੈਂਦੀ ਹੈ ਜਿਸ ਨਾਲ ਗਲਤ  ਐਕਸ਼ਨ ਛੁੱਟਣ ਲੱਗ ਪੈਂਦੇ ਹਨ। 

ਸਾਡੇ ਪੰਜਾਬ ਵਿੱਚ ਵੀ ਕੁਝ ਦਹਾਕੇ ਪਹਿਲਾਂ ਗੀਤ ਲਿਖੇ ਗਏ ਸਨ। ਆਮ ਲੋਕਾਂ ਨੂੰ ਮਿਲਦੀ ਬੇਇਨਸਾਫ਼ੀ ਦੇ ਚੱਲਦਿਆਂ ਇੱਕ ਗੀਤ ਬੜਾ ਚੱਲਿਆ ਸੀ---ਚੱਕ ਲੋ ਰਿਵਾਲਵਰ ਰਫਲਾਂ ਕਿ ਬਦਲਾ ਲੈਣਾ ਹੈ...! ਇੱਕ ਹੋਰ ਗੀਤ ਵੀ ਪ੍ਰਸਿੱਧ ਹੋਇਆ ਸੀ-ਮਿੱਤਰਾਂ ਨੂੰ ਸ਼ੌਂਕ ਹਥਿਆਰਾਂ ਦਾ.....!  

ਕਿਸੇ ਵੇਲੇ ਪ੍ਰੋਫੈਸਰ ਮੋਹਨ ਸਿੰਘ ਹੁਰਾਂ ਨੇ ਵੀ ਲਿਖਿਆ ਸੀ:

ਵਾਗਾਂ ਛੱਡ ਦੇ ਹੰਝੂਆਂ ਵਾਲੀਏ ਨੀ,
ਪੈਰ ਧਰਨ ਦੇ ਮੈਨੂੰ ਰਕਾਬ ਉੱਤੇ।
ਸਾਡੇ ਦੇਸ਼ 'ਤੇ ਬਣੀ ਹੈ ਭੀੜ ਭਾਰੀ,
ਟੁੱਟ ਪਏ ਨੇ ਵੈਰੀ ਪੰਜਾਬ ਉੱਤੇ।

ਹਾਲਾਂਕਿ ਹੁਣ ਵੀ ਗੋਲੀਆਂ ਦੀਆਂ ਅਵਾਜ਼ਾਂ ਭਾਰੂ ਹਨ। ਗੈਂਗਸਟਰ ਦਨਦਨਾਉਂਦੇ ਫਿਰਦੇ ਹਨ। ਰੋਜ਼ਾਨਾ ਫਾਇਰਿੰਗ ਅਤੇ ਕਤਲੋਗਾਰਤ ਦੀਆਂ ਖਬਰਾਂ ਆਉਂਦੀਆਂ ਹਨ। ਗਲੀਆਂ, ਬਾਜ਼ਾਰ ਸੁਰੱਖਿਅਤ ਨਹੀਂ ਰਹੇ। ਫਿਰ ਵੀ ਪੁਸਤਕ ਕਲਚਰ ਵੱਧ ਰਿਹਾ ਹੈ।

ਲੁਧਿਆਣਾ ਦੇ ਪੁਸਤਕ ਕਲਚਰ ਨੂੰ ਲਗਾਤਾਰ ਹੋਰ ਉਤਸ਼ਾਹ ਮਿਲ ਰਿਹਾ ਹੈ। ਇਹ ਬਹੁਤ ਸ਼ੁਭ ਵਰਤਾਰੇ ਦੀ ਖਬਰ ਹੈ। ਹਾਲ ਹੀ ਵਿੱਚ ਸੀਨੀਅਰ ਸਿਟੀਜ਼ਨ ਹੋਮ ਦੇ ਪ੍ਰਵੇਸ਼ ਦੁਆਰ ਤੇ ਇੱਕ ਹੋਰ ਮਿੰਨੀ ਬੁੱਕ ਬੈਂਕ ਸਥਾਪਿਤ ਕੀਤਾ ਗਿਆ ਹੈ। ਲੋਕਾਂ ਵਿੱਚ ਵੱਧ ਰਹੇ ਇਸ ਪੁਸਤਕ ਪ੍ਰੇਮ ਨੂੰ ਹੋਰ ਹੁਲਾਰਾ ਦੇਣ ਲਈ ਇਸ ਨੂੰ ਜੀ ਆਈਆਂ ਆਖਿਆ ਜਾਣਾ ਚਾਹੀਦਾ ਹੈ। 

ਲੁਧਿਆਣਾ ਬੁੱਕ ਕਲੱਬ, ਸ਼ਹਿਰ ਦੇ ਅਧਿਆਪਕਾਂ, ਵਿਗਿਆਨੀਆਂ, ਬੈਂਕਰਾਂ ਅਤੇ ਸੇਵਾਮੁਕਤ ਸੀਨੀਅਰ ਨਾਗਰਿਕਾਂ ਦਾ ਇੱਕ ਸਮੂਹ ਚਲਾ ਰਿਹਾ ਹੈ ਜਿਹੜਾ ਕਿਤਾਬ ਪੜ੍ਹਨ ਦੇ ਸੱਭਿਆਚਾਰ ਨੂੰ ਪ੍ਰਸਿੱਧ ਬਣਾਉਣ ਲਈ ਇੱਕ ਮਿਸ਼ਨ ਮੋਡ 'ਤੇ ਹੈ। ਮੈਂਬਰਾਂ ਨੇ ਹੁਣ ਰਾਜਗੁਰੂ ਨਗਰ ਸੀਨੀਅਰ ਸਿਟੀਜ਼ਨ ਹੋਮ ਦੇ ਪ੍ਰਵੇਸ਼ ਦੁਆਰ 'ਤੇ ਇੱਕ ਹੋਰ ਮਿੰਨੀ ਬੁੱਕ ਬੈਂਕ ਸਥਾਪਤ ਕੀਤਾ ਹੈ। 

ਬਹੁਤ ਸਾਰੀਆਂ ਕਿਤਾਬਾਂ ਵਾਲਾ ਇਹ ਮਿੰਨੀ ਬੁੱਕ ਬੈਂਕ ਸੇਵਾਮੁਕਤ ਪ੍ਰਿੰਸੀਪਲ ਪਰਮਜੀਤ ਸਿੰਘ ਗਰੇਵਾਲ ਦੁਆਰਾ ਦਾਨ ਕੀਤਾ ਗਿਆ ਹੈ, ਜੋ ਪਹਿਲਾਂ ਹੀ ਸ਼ਹਿਰ ਅਤੇ ਨੇੜਲੇ ਪਿੰਡਾਂ ਵਿੱਚ 5 ਹੋਰ ਅਜਿਹੇ ਕਿਤਾਬ ਬੈਂਕ ਸਥਾਪਤ ਕਰ ਚੁੱਕੇ ਹਨ। 

ਹੋਰ ਮੈਂਬਰ ਨਿਯਮਿਤ ਤੌਰ 'ਤੇ ਅਜਿਹੇ ਮਿੰਨੀ ਬੁੱਕ ਬੈਂਕਾਂ ਵਿੱਚ ਹੋਰ ਕਿਤਾਬਾਂ ਵੀ ਜੋੜਦੇ ਹਨ ਜੋ "ਕਿਤਾਬ ਪ੍ਰਾਪਤ ਕਰੋ-ਪੜ੍ਹੋ-ਵਾਪਸ ਕਰੋ" ਥੀਮ 'ਤੇ ਅਧਾਰਤ ਸਾਰਿਆਂ ਲਈ 24x7 ਖੁੱਲ੍ਹੇ ਹਨ। 

ਇਸ ਕਲੱਬ ਦੇ ਮੈਂਬਰਾਂ ਨੇ ਦੁਹਰਾਇਆ ਕਿ ਕਿਤਾਬ ਪੜ੍ਹਨਾ ਸਮਾਜ ਦੀਆਂ ਬੁਰਾਈਆਂ ਅਤੇ ਵਿਅਕਤੀਗਤ ਜੀਵਨ ਦੀਆਂ ਚੁਣੌਤੀਆਂ ਦੇ ਹੱਲ ਲੱਭਣ ਲਈ ਰਾਮਬਾਣ ਇਲਾਜ ਹੈ। ਮੈਂਬਰਾਂ ਨੇ ਦੁਬਾਰਾ ਅਪੀਲ ਕੀਤੀ ਹੈ ਕਿ ਲੁਧਿਆਣਾ ਵਿੱਚ ਪੰਜਾਬ ਯੂਨੀਵਰਸਿਟੀ ਐਕਸਟੈਂਸ਼ਨ ਲਾਇਬ੍ਰੇਰੀ ਨੂੰ 7 ਦਿਨਾਂ ਲਈ ਖੋਲ੍ਹਿਆ ਜਾਵੇ ਜਿਵੇਂ ਕਿ ਇਹ ਪਹਿਲਾਂ ਕਈ ਦਹਾਕਿਆਂ ਤੋਂ ਸੀ ਪਰ ਹੁਣ ਇਸਨੂੰ ਤਰਕਹੀਣ ਤੌਰ 'ਤੇ ਸਿਰਫ 5 ਦਿਨਾਂ ਲਈ ਖੋਲ੍ਹਿਆ ਜਾਂਦਾ ਹੈ। 

ਇਹਨਾਂ ਮੈਂਬਰਾਂ ਨੇ ਇਹ ਵੀ ਮੰਗ ਕੀਤੀ ਕਿ ਸ਼ਹਿਰ ਦੇ ਹਰ ਵਾਰਡ ਵਿੱਚ ਇੱਕ ਰੀਡਿੰਗ ਰੂਮ ਅਤੇ ਪਬਲਿਕ ਲਾਇਬ੍ਰੇਰੀ ਲਈ ਜਗ੍ਹਾ ਹੋਣੀ ਚਾਹੀਦੀ ਹੈ। ਮੈਂਬਰ ਨਿਯਮਿਤ ਤੌਰ 'ਤੇ ਜੀਵਨ ਜਿਊਣ ਦੀ ਕਲਾ ਦੇ ਵਿਸ਼ੇ 'ਤੇ ਕਿਤਾਬਾਂ ਦੀਆਂ ਸਮੀਖਿਆਵਾਂ ਅਤੇ ਭਾਸ਼ਣਾਂ ਦਾ ਆਯੋਜਨ ਵੀ ਕਰਦੇ ਹਨ। ਸੀਨੀਅਰ ਨਾਗਰਿਕਾਂ ਲਈ ਧਿਆਨ 'ਤੇ ਦਿਨ ਦੇ ਇੰਟਰਐਕਟਿਵ ਸੈਸ਼ਨ ਵਿੱਚ ਪ੍ਰੋ. ਰਜਿੰਦਰ ਸਿੰਘ ਮੁੱਖ ਬੁਲਾਰੇ ਸਨ। 

ਇਹਨਾਂ ਮੈਂਬਰਾਂ ਨੇ ਸਰਬਸੰਮਤੀ ਨਾਲ ਸਹਿਮਤੀ ਪ੍ਰਗਟਾਈ ਕਿ ਸੰਸਥਾਗਤ ਧਰਮਾਂ ਦੇ ਰਸਮਾਂ ਮਹੱਤਵਪੂਰਨ ਨਹੀਂ ਹਨ ਪਰ ਜੀਵਨ ਦੀ ਸੱਚਾਈ ਨੂੰ ਜਾਣਨ ਲਈ ਇੱਕ ਤਰਕਸ਼ੀਲ ਪਹੁੰਚ ਮਹੱਤਵਪੂਰਨ ਹੈ। ਸੈਸ਼ਨ ਵਿੱਚ ਸ਼ਾਮਲ ਹੋਣ ਵਾਲਿਆਂ ਵਿੱਚ ਪ੍ਰੋਫੈਸਰ ਡਾ. ਐਮ.ਐਸ. ਤੂਰ, ਬ੍ਰਿਜ ਭੂਸ਼ਣ ਗੋਇਲ, ਪ੍ਰੋਫੈਸਰ ਪੀ.ਐਸ. ਗਰੇਵਾਲ, ਪ੍ਰੋਫੈਸਰ ਬਹਾਦਰ ਸਿੰਘ, ਡਾ. ਗੁਰਚਰਨ ਸਿੰਘ, ਪਰਮਿੰਦਰ ਕੌਰ, ਪ੍ਰੋਫੈਸਰ ਡਾ. ਜੀ.ਐਸ. ਆਹਲੂਵਾਲੀਆ, ਡਾ. ਐਸ.ਐਸ. ਔਲਖ, ਹਰਚਰਨਜੀਤ ਸਿੰਘ (ਆਈ.ਏ.ਐਸ.) ਸੇਵਾਮੁਕਤ, ਪੀ.ਓ.ਐਫ. ਜਗਮੋਹਨ ਸਿੰਘ ਸਿੱਧੂ, ਪ੍ਰੋਫੈਸਰ ਬਲਜਿੰਦਰ ਸਿੰਘ, ਪ੍ਰੋਫੈਸਰ ਰਾਜਵਰ ਸਿੰਘ ਅਤੇ ਹਰਸਿਮਰ ਕੌਰ ਸ਼ਾਮਲ ਹਨ। 

ਬ੍ਰਿਜ ਭੂਸ਼ਣ ਗੋਇਲ, ਜਿਹੜੇ ਕਿ ਮੈਂਬਰ ਲੁਧਿਆਣਾ ਬੁੱਕ ਕਲੱਬ ਦੇ ਮੈਂਬਰ ਵੀ ਹਨ ਵੀ ਇਸ ਮਕਸਦ ਲਈ ਉਚੇਚ ਨਾਲ ਸਰਗਰਮ ਵੀ ਹਨ। ਕਿੰਨਾ ਚੰਗਾ ਹੋਵੇ ਜੇਕਰ ਤੁਸੀਂ ਵੀ ਇਸ ਕਾਫ਼ਿਲੇ ਨਾਲ ਛੇਤੀ ਆ ਰਲੋ। ਸ਼ਰਾਬਾਂ, ਸ਼ਬਾਬਾਂ ਅਤੇ ਹੋਰ ਦਿਖਾਵਿਆਂ ਲਈ ਬਹੁਤ ਕੁਝ ਹੋ ਚੁੱਕਿਆ ਆਓ ਹੁਣ ਕੁਝ ਸਮਾਂ ਕਿਤਾਬਾਂ ਲਈ ਵੀ ਦੇਈਏ। ਉਹਨਾਂ ਨਾਲ ਸੰਪਰਕ ਕੀਤਾ ਜਾ ਸਕਦਾ ਹੈ ਉਹਨਾਂ ਦੇ ਮੋਬਾਈਲ ਫੋਨ ਦਾ ਨੰਬਰ- 94176-00666

ਇੱਸੇ ਵਿਸ਼ੇ 'ਤੇ ਹਿੰਦੀ ਵਿੱਚ ਇਰਦ ਗਿਰਦ ਵੀ ਪੜ੍ਹੋ