google.com, pub-7610353441165800, DIRECT, f08c47fec0942fa0 ਸਾਹਿਤ ਸਕਰੀਨ: ਬੁੱਢਾ ਦਰਿਆ ਵੀ ਮਾਰ ਮੁਕਾਇਆ

Monday 9 September 2024

ਬੁੱਢਾ ਦਰਿਆ ਵੀ ਮਾਰ ਮੁਕਾਇਆ

Sunday 8th September 2024 at 10:17 AM

ਕੈਮੀਕਲ ਵਾਲਾ ਦੂਸ਼ਿਤ ਪਾਣੀ//ਸਤਲੁਜ ਵਿਚ ਨੇ ਪਾਉਂਦੇ 


ਨਰਿੰਦਰਜੀਤ ਸਿੰਘ ਬਰਾੜ ਦੀ ਹਲੂਣਾ ਦੇਂਦੀ ਕਾਵਿ ਰਚਨਾ
 

Narinderjit Singh Brar

 ਸਮਾਜ ਸੇਵੀ ਦਾ ਮਖੌਟਾ ਪਾ ਕੇ 

ਬਣ ਗਿਆ ਵੱਡਾ ਨੇਤਾ 

ਦਰਿਆ ਦੇ ਗੰਦੇ ਪਾਣੀ ਵਾਲਾ 

ਹੁਣ ਨਾ ਆਉਂਦਾ ਚੇਤਾ

ਹੱਥ ਵਿਚ ਕਾਲਾ ਪਾਣੀ ਲੈ ਕੇ 

ਰੌਲਾ ਸੀ ਜਿਸ ਪਾਇਆ 

ਕੁਰਸੀ ਬੈਠ ਕੇ ਮੁਖ ਘੁਮਾਇਆ 

ਕਾਲ਼ਾ ਨਜ਼ਰ ਨਾ ਆਇਆ 

ਪਹਿਲਾਂ ਨਾਲੋਂ ਫੈਕਟਰੀਆਂ ਨੇ 

ਵੱਧ ਗੰਦ ਹੈ ਪਾਇਆ 

ਧਰਤੀ ਹੇਠਲਾ ਪਾਣੀ ਅਮ੍ਰਿਤ

ਧਨਾਢਾਂ ਜ਼ਹਿਰ ਬਣਾਇਆ 

ਕੈਮੀਕਲ ਵਾਲਾ ਦੂਸ਼ਿਤ ਪਾਣੀ

ਸਤਲੁਜ ਵਿਚ ਨੇ ਪਾਉਂਦੇ 

ਕੈਂਸਰ ਪਹੁੰਚਾ ਕੇ ਲੋਕਾਂ ਤਾਈਂ

ਹਸਪਤਾਲ ਬਣਾਉਂਦੇ 

ਮਾਨਸਰੋਵਰ ਤੋਂ ਅਮ੍ਰਿਤ ਲੈ ਕੇ 

ਸਤਲੁਜ ਭੱਜਾ ਆਉਂਦਾ 

ਵਿਚ ਪੰਜਾਬ ਦੇ ਆ ਕੇ ਪਿੱਟਦਾ

ਰੋਂਦਾ ਤੇ ਕੁਰਲਾਉਂਦਾ 

ਸੰਨ ਸੰਤਾਲੀ ਸਾਨੂੰ ਵੰਡਿਆ 

ਪੰਜ ਤੋਂ ਢਾਈ ਹੋਏ

ਢਾਈ ਸਾਥੋਂ ਸਾਂਭ ਹੋਏ ਨਾ

ਅਮ੍ਰਿਤ ਵਿਚ ਜ਼ਹਿਰ ਸਮੋਏ

ਬੁੱਢਾ ਦਰਿਆ ਵੀ ਮਾਰ ਮੁਕਾਇਆ 

ਰੋਵੇ ਰਾਵੀ ਵਿਚ ਪਾਣੀ 

ਬਿਆਸ ਵੀ ਆਖ਼ਰੀ ਸਾਹਾਂ ਉੱਤੇ 

ਪੰਜ ਆਬ ਦੀ ਇਹੋ ਕਹਾਣੀ 

ਪ੍ਰਦੂਸ਼ਣ  ਨੂੰ  ਰੋਕਣ  ਦੇ  ਲਈ 

ਵੱਡਾ ਵਿਭਾਗ ਬਣਾਇਆ 

ਚਿੱਟਾ ਹਾਥੀ ਲਿਆ ਕੇ ਆਪਣੇ 

ਘਰ ਦੇ ਵਿਚ ਬਿਠਾਇਆ 

ਜੌੜੀਆਂ ਨਹਿਰਾਂ ਭੁੱਬਾਂ ਮਾਰ ਕੇ 

ਮੇਰੇ ਪਿੰਡ ਦੇ ਕੋਲੋਂ ਲੰਘਣ

ਕੈਂਸਰ ਅਸੀਂ ਹੀ ਦਿੱਤਾ ਤੁਹਾਨੂੰ 

ਲੱਖ ਮੁਆਫ਼ੀ ਮੰਗਣ 

ਬੀਕਾਨੇਰ ਨੂੰ ਰੇਲ ਜੋ ਜਾਂਦੀ

ਉਹ ਵੀ ਤਰਲੇ ਪਾਵੇ

ਬੀਕਾਨੇਰ  ਨੂੰ  ਜਾਂਦੇ  ਪਾਂਧੀ 

ਕੋਈ ਤਾਂ ਮੋੜ ਲਿਆਵੇ 

ਏਮਜ਼ ਭਾਵੇਂ ਖੁੱਲ੍ਹ ਗਿਆ ਬਠਿੰਡੇ 

ਕੋਈ ਫ਼ਰਕ ਨਾ ਪੈਣਾ 

ਜਦ ਤੱਕ ਉਦਯੋਗ ਦਾ ਗੰਦਾ ਪਾਣੀ 

ਵਿਚ ਸਤਲੁਜ ਦੇ ਰਹਿਣਾ 

ਕਾਲ਼ਾ ਪਾਣੀ ਤੇ ਕਾਲ਼ੇ ਧੰਦੇ 

ਬੰਦ ਨਾ ਹੁੰਦੇ ਦਿਸਦੇ

ਨੇਤਾ ਅਫ਼ਸਰ ਮੌਜਾਂ ਕਰਦੇ 

ਆਮ ਲੋਕ ਨੇ ਪਿਸਦੇ

ਕਾਲਾ ਪਾਣੀ ਰੋਕਣ ਦੇ ਲਈ 

ਲਾਏ ਮੋਰਚੇ ਲੋਕਾਂ 

ਲੋਕਾਂ ਦਾ ਲਹੂ ਪੀ ਨਾ ਥੱਕੀਆਂ

ਚਿੰਬੜੀਆਂ ਭੈੜੀਆਂ ਜੋਕਾਂ 

ਹਾਈ ਕੋਰਟ ਹੀ ਸਖ਼ਤੀ ਵਰਤੇ

ਪੀ.ਆਈ.ਐਲ ਕੋਈ ਪਾਵੇ

ਲੱਖਾਂ ਲੋਕਾਂ ਦੇ ਕਾਤਲ ਦੋਸ਼ੀ 

ਫੜ ਕੇ ਫਾਹੇ ਲਾਵੇ

ਸੁਧਰ ਜਾਵੋ ਨੇਤਾ ਤੇ ਅਫ਼ਸਰ 

ਰੋਕ ਦੇਵੋ ਗੰਦਾ ਪਾਣੀ 

ਜਦ ਸੌ ਮਾਰ ਲੋਕਾਂ ਇਕ ਗਿਣਨੀ 

ਇਕ ਵੀ ਝੱਲੀ ਨਾ ਜਾਣੀ

ਇਕ ਦਿਨ ਡਾਂਗਾਂ ਸੋਟੇ ਲੈ ਕੇ 

ਲੋਕਾਂ ਸੜਕ 'ਤੇ ਆਉਣਾ 

ਭੱਜਣ ਨਹੀਂ ਦੇਣਾ ਜੁੱਤੀਆਂ ਵਾਲਾ

ਹਾਰ ਹੈ ਗਲ਼ ਵਿਚ ਪਾਉਣਾ

ਫੇਰ ਤੁਸੀਂ ਕਹਿਣਾ ਲੋਕ ਨੇ ਮਾੜੇ

ਰੋਹ ਵਿਚ ਜਦ ਉਹ ਆਏ

ਕੂੜ ਕਮਾਈ ਦੇ ਮਹਿਲ ਮੁਨਾਰੇ 

ਲੋਕਾਂ ਨੇ ਜਦ ਢਾਏ 

ਨਰਿੰਦਰਜੀਤ ਸਿੰਘ ਬਰਾੜ//9815656601


No comments:

Post a Comment