google.com, pub-7610353441165800, DIRECT, f08c47fec0942fa0 ਸਾਹਿਤ ਸਕਰੀਨ: ਕੇਂਦਰੀ ਪੰਜਾਬੀ ਲੇਖਕ ਸਭਾ ਵੱਲੋਂ ਪ੍ਰੋ. ਆਨੰਦ ਤੇਲਤੁੰਬੜੇ ਦੀ ਗ੍ਰਿਫ਼ਤਾਰੀ ਦਾ ਵਿਰੋਧ

Tuesday 14 April 2020

ਕੇਂਦਰੀ ਪੰਜਾਬੀ ਲੇਖਕ ਸਭਾ ਵੱਲੋਂ ਪ੍ਰੋ. ਆਨੰਦ ਤੇਲਤੁੰਬੜੇ ਦੀ ਗ੍ਰਿਫ਼ਤਾਰੀ ਦਾ ਵਿਰੋਧ

ਸਾਜ਼ਿਸ਼ੀ ਗ੍ਰਿਫਤਾਰੀਆਂ ਵਿਰੁੱਧ ਪੰਜਾਬੀ ਲੇਖਕ ਵੀ ਪੂਰੀ ਤਰ੍ਹਾਂ ਸਰਗਰਮ 
ਚੰਡੀਗੜ੍ਹ: 14 ਅਪ੍ਰੈਲ 2020: (ਕਰਮ ਵਕੀਲ//ਸਾਹਿਤ ਸਕਰੀਨ)::
69 ਸਾਲਾਂ ਦੀ ਉਮਰ ਦੇ ਮਰਾਠੀ ਲੇਖਕ ਦੀ ਗ੍ਰਿਫਤਾਰੀ ਵਿਰੁੱਧ ਰੋਸ ਤਿੱਖਾ  
ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ.) ਮਰਾਠੀ ਮੂਲ ਦੇ ਭਾਰਤੀ ਲੇਖਕ, ਪ੍ਰਤੀਬੱਧ ਚਿੰਤਕ ਅਤੇ ਜਨਤਕ ਬੁੱਧੀਜੀਵੀ ਪ੍ਰੋਫ਼ੈਸਰ ਆਨੰਦ ਤੇਲਤੁੰਬੜੇ ਦੀ ਸਾਜ਼ਿਸ਼ੀ ਤਰੀਕੇ ਨਾਲ ਕੀਤੀ ਗਈ ਗ੍ਰਿਫ਼ਤਾਰੀ ਦੀ ਕਰੜੇ ਸ਼ਬਦਾਂ ਵਿੱਚ ਨਿੰਦਿਆ ਕਰਦੀ ਹੈ। ਸਮਾਜਿਕ ਕਾਰਕੁੰਨ ਤੇ ਅੰਬੇਡਕਰਵਾਦੀ ਚਿੰਤਕ ਤੇਲਤੁੰਬੜੇ ਨੂੰ ਬਾਬਾ ਸਾਹਿਬ ਭੀਮਰਾਉ ਅੰਬੇਡਕਰ ਦੀ ਜੈਅੰਤੀ ਵਾਲੇ ਦਿਨ ਗ੍ਰਿਫ਼ਤਾਰ ਕੀਤਾ ਗਿਆ ਹੈ। ਗੋਆ ਇੰਸਟੀਚਿਊਟ ਆਫ਼ ਮੈਨੇਜਮੈਂਟ ਦੇ ਮੌਜੂਦਾ ਪ੍ਰੋਫ਼ੈਸਰ ਤੇਲਤੁੰਬੜੇ ਨੇ ਭਾਰਤ ਪੈਟਰੋਲੀਅਮ, ਪੈਟਰੋਨਿਟ ਇੰਡੀਆ ਅਤੇ ਇੰਡੀਅਨ ਇੰਸਟੀਚਿਊਟ ਆਫ਼ ਤਕਨਾਲੋਜੀ, ਖੜਗਪੁਰ ਆਦਿ ਨਾਮੀ ਸੰਸਥਾਵਾਂ ਵਿੱਚ ਉੱਚ ਅਹੁਦਿਆਂ ਉੱਪਰ ਕੰਮ ਕੀਤਾ ਹੈ। ਭਾਰਤ ਦੀ ਜਾਤੀ ਪ੍ਰਥਾ ਅਤੇ ਅੰਬੇਡਕਰ ਦੇ ਚਿੰਤਨ ਬਾਰੇ ਉਸ ਦੀਆਂ ਚਰਚਿਤ ਪੁਸਤਕਾਂ ਹਨ: 'ਰੀਪਬਲਿਕ ਆਫ਼ ਕਾਸਟ: ਥਿੰਕਿੰਗ ਇਕੁਐਲਿਟੀ ਇਨ ਦਾ ਇਰਾ ਆਫ਼ ਨਿਊ-ਲਿਬਰਲਿਜ਼ਮ', 'ਦਲਿਤਜ਼: ਪਾਸਟ, ਪ੍ਰੈਜ਼ੈਂਟ ਐਂਡ ਫ਼ਿਊਚਰ', 'ਦਾ ਪ੍ਰਸੈਸਟਿਨਸ ਆਫ਼ ਕਾਸਟ', 'ਮਹਦ:ਦਾ ਮੇਕਿੰਗ ਆਫ਼ ਫ਼ਸਟ ਦਲਿਤ ਰੀਵੋਲਟ' ਅਤੇ 'ਖੈਰਲੰਜੀ: ਏ ਸਟਰੇਂਜਰ ਐਂਡ ਬਿਟਰ ਕਰੌਪ' ਆਦਿ। 'ਦਾ ਰੈਡੀਕਲ ਇਨ ਅੰਬੇਡਕਰ' ਅਤੇ 'ਹਿੰਦੂਤਵਾ ਐਂਡ ਦਲਿਤਜ਼:ਪ੍ਰਸਪੈਕਟਿਵ ਫ਼ਾਰ ਅੰਡਰਸਟੈਂਡਿੰਗ ਕਮਿਊਨਲ ਪ੍ਰੈਕਸਸ' ਉਸ ਦੁਆਰਾ ਸੰਪਾਦਿਤ ਅਤੇ ਚਰਚਿਤ ਪੁਸਤਕਾਂ ਹਨ।
ਪ੍ਰੋ. ਆਨੰਦ ਤੇਲਤੁੰਬੜੇ ਦੀਆਂ ਲਿਖਤਾਂ ਨੇ ਸਮਾਜਿਕ ਬਰਾਬਰੀ ਤੇ ਨਿਆਂ ਲਈ ਸੰਘਰਸ਼ ਕਰ ਰਹੇ ਦਲਿਤਾਂ, ਘੱਟ-ਗਿਣਤੀ ਫ਼ਿਰਕਿਆਂ ਅਤੇ ਸਮਾਜਿਕ ਅਮਲ ਵਿੱਚੋਂ ਪੂਰੀ ਤਰ੍ਹਾਂ ਬੇਦਖ਼ਲ ਕੀਤੇ ਗਏ ਆਦਿ-ਵਾਸੀਆਂ ਤੇ ਜਨ-ਜਾਤੀਆਂ ਦੇ ਜਜ਼ਬਾਤ ਤੇ ਰੋਸ ਨੂੰ ਜ਼ੁਬਾਨ ਦਿੱਤੀ ਹੈ। ਕਲਮ ਦੇ ਨਾਲ-ਨਾਲ ਇੱਕ ਜਨਤਕ ਬੁੱਧੀਜੀਵੀ ਤੇ ਕਰਮੱਠ ਸਮਾਜਿਕ ਕਾਰਕੁੰਨ ਵਜੋਂ ਵੀ ਉਹ ਮੌਜੂਦਾ ਸਿਆਸੀ, ਸਮਾਜਿਕ ਤੇ ਸੱਭਿਆਚਾਰਕ ਸੰਦ੍ਰਿਸ਼ ਵਿੱਚ ਪੇਸ਼-ਪੇਸ਼ ਰਿਹਾ ਹੈ। 'ਆਲ ਇੰਡੀਆ ਫ਼ੋਰਮ ਫ਼ਾਰ ਰਾਈਟ ਟੂ ਐਜੂਕੇਸ਼ਨ' ਦੇ ਚੇਅਰਮੈਨ ਵਜੋਂ ਉਸ ਦੀ ਭੂਮਿਕਾ ਕਿਸੇ ਤੋਂ ਗੁੱਝੀ ਨਹੀਂ। ਉਹ ਭਾਰਤ ਦੇ ਉਹਨਾਂ ਵਿਰਲੇ-ਟਾਵੇਂ ਬੁੱਧੀਜੀਵੀਆਂ ਵਿੱਚੋਂ ਹੈ, ਜੋ ਸਾਡੀ ਧਰਮ-ਨਿਰਪੱਖ (ਸੈਕੂਲਰ), ਲੋਕ-ਤਾਂਤਰਿਕ ਅਤੇ ਵਿਵੇਕਸ਼ੀਲ (ਤਰਕਸ਼ੀਲ) ਗਿਆਨ ਪਰੰਪਰਾ ਦੀ ਰਾਖੀ ਲਈ ਹਰ ਤਰ੍ਹਾਂ ਦਾ ਜੋਖਿਮ ਉਠਾ ਰਹੇ ਹਨ। ਜ਼ੁਬਾਨਬੰਦੀ ਦੇ ਇਸ ਦਹਿਸ਼ਤੀ ਦੌਰ ਵਿੱਚ ਵੀ ਤੇਲਤੁੰਬੜੇ ਤੇ ਉਸ ਦੇ ਸਾਥੀਆਂ ਨੇ ਮਾਨਵੀ ਅਧਿਕਾਰਾਂ, ਸੰਪ੍ਰਦਾਇਕ ਸਦਭਾਵਨਾ, ਜੀਣ-ਥੀਣ ਤੇ ਪ੍ਰਗਟਾਵੇ ਦੀ ਆਜ਼ਾਦੀ ਅਤੇ ਲੋਕਤੰਤਰ ਦੀ ਮਜ਼ਬੂਤੀ ਲਈ ਆਪਣੀ ਆਵਾਜ਼ ਬੁਲੰਦ ਕੀਤੀ ਹੈ।

ਕੇਂਦਰੀ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਦਰਸ਼ਨ ਬੁੱਟਰ ਤੇ ਜਨਰਲ ਸਕੱਤਰ ਸੁਖਦੇਵ ਸਿੰਘ ਸਿਰਸਾ ਨੇ ਪ੍ਰੋ. ਤੇਲਤੁੰਬੜੇ ਤੇ ਗੌਤਮ ਨਵਲੱਖਾ ਦੀ ਗ੍ਰਿਫ਼ਤਾਰੀ ਦੀ ਪੁਰਜ਼ੋਰ ਸ਼ਬਦਾਂ ਵਿੱਚ ਨਿੰਦਿਆ ਕਰਦਿਆਂ, ਕੇਂਦਰ ਸਰਕਾਰ ਨੂੰ ਚੇਤਾਵਨੀ ਦਿੱਤੀ ਹੈ ਕਿ ਉਹ ਇਹਨਾਂ ਬੁੱਧੀਜੀਵੀਆਂ ਨੂੰ ਤੁਰੰਤ ਰਿਹਾਅ ਕਰੇ। ਅੱਜ ਜਦੋਂ ਸਮੁੱਚਾ ਸੰਸਾਰ ਅਤੇ ਦੇਸ਼ ਕਾਰੋਨਾ ਵਰਗੀ ਮਹਾਂਮਾਰੀ ਤੋਂ ਦਹਿਸ਼ਤਜ਼ਦਾ ਤੇ ਪੀੜਤ ਹੈ, ਕੇਂਦਰ ਸਰਕਾਰ ਆਪਣੇ ਫ਼ਾਸ਼ੀਵਾਦੀ ਮਨਸੂਬਿਆਂ ਨੂੰ ਅੰਜਾਮ ਦੇਣ ਦੀ ਤਾਕ ਵਿੱਚ ਹੈ। ਕੇਂਦਰੀ ਸਭਾ ਦੇ ਸੀਨੀਅਰ ਮੀਤ ਪ੍ਰਧਾਨ ਡਾ. ਜੋਗਾ ਸਿੰਘ, ਅਹੁਦੇਦਾਰਾਂ ਅਤੇ ਸਮੁੱਚੀ ਕਾਰਜਕਾਰਨੀ ਨੇ ਆਰ.ਐਸ.ਐਸ. ਦੀਆਂ ਫ਼ਿਰਕੂ ਨੀਤੀਆਂ ਤੇ ਫ਼ਾਸ਼ੀਵਾਦੀ ਵਿਚਾਰਧਾਰਕ ਏਜੰਡੇ ਮੁਤਾਬਕ ਚੱਲਣ ਵਾਲੀ ਕੇਂਦਰ ਸਰਕਾਰ ਨੂੰ ਆਗਾਹ ਕੀਤਾ ਹੈ ਕਿ ਉਹ ਲੇਖਕਾਂ, ਬੁੱਧੀਜੀਵੀਆਂ ਤੇ ਸਮਾਜਿਕ ਕਾਰਕੁਨਾਂ ਦੇ ਪ੍ਰਗਟਾਵੇ ਦੇ ਅਧਿਕਾਰ ਨੂੰ ਖੋਹਣ ਦਾ ਯਤਨ ਨਾ ਕਰੇ। ਪ੍ਰਗਟਾਵੇ ਦੀ ਆਜ਼ਾਦੀ, ਸਮਾਜਿਕ ਬਰਾਬਰੀ, ਨਿਆਂ ਅਤੇ ਭਾਈਚਾਰਕ ਸਾਂਝ ਤੇ ਸਦਭਾਵਨਾ ਲਈ ਆਵਾਜ਼ ਉਠਾਉਣ ਵਾਲੇ ਲੇਖਕਾਂ, ਬੁੱਧੀਜੀਵੀਆਂ ਅਤੇ ਚਿੰਤਕਾਂ ਦੇ ਹੱਕਾਂ ਲਈ ਲੋੜ ਪੈਣ 'ਤੇ ਕੇਂਦਰੀ ਪੰਜਾਬੀ ਲੇਖਕ ਸਭਾ ਸੜਕਾਂ 'ਤੇ ਉਤਰਨ ਅਤੇ ਤਿੱਖੇ ਸੰਘਰਸ਼ ਲਈ ਤਿਆਰ ਹੈ।
ਮੀਡੀਆ ਲਈ ਇਸ ਬਿਆਨ ਨੂੰ ਜਾਰੀ ਕੀਤਾ ਸਭਾ ਦੇ ਜਨਰਲ ਸਕੱਤਰ ਸੁਖਦੇਵ ਸਿੰਘ ਸਿਰਸਾ ਹੁਰਾਂ ਨੇ। ਇਸ ਮੁਹਿੰਮ ਨਾਲ ਜੁੜਨ ਦੇ ਚਾਹਵਾਨ ਲੇਖਕ ਅਤੇ ਹੋਰ ਬੁਧੀਜੀਵੀ ਉਹਨਾਂ ਨਾਲ ਸੰਪਰਕ ਕਰ ਸਕਦੇ ਹਨ ਉਹਨਾਂ ਦੇ ਮੋਬਾਈਲ ਨੰਬਰ 98156-36565 'ਤੇ। 

No comments:

Post a Comment