google.com, pub-7610353441165800, DIRECT, f08c47fec0942fa0 ਸਾਹਿਤ ਸਕਰੀਨ

Monday, 13 January 2025

ਪ੍ਰਗਤੀਸ਼ੀਲ ਲਹਿਰ ਨੇ ਹੀ ਠੱਲ੍ਹ ਪਾਈ ਸੀ ਸ਼ਰਮਸਾਰ ਕਰਦੇ ਗੀਤਾਂ ਦੀ ਹਨੇਰੀ ਨੂੰ

 ਪੰਜਾਬੀ ਭਵਨ ਦੇ ਦਫਤਰ ਸਕੱਤਰ ਜਸਵੀਰ ਝੱਜ ਵੱਲੋ 12 ਜਨਵਰੀ 2025 ਨੂੰ ਸ਼ਾਮੀ 4:25  ਵਜੇ ਭੇਜੀ ਗਈ ਰਿਪੋਰਟ ਦੇ ਅਧਾਰ 'ਤੇ 

ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਵੱਲੋਂ ਪੰਜਾਬੀ ਗੀਤਕਾਰੀ ਬਾਰੇ ਵਰਕਸ਼ਾਪ ਆਯੋਜਿਤ

ਇੱਕ ਵਾਰ ਫੇਰ ਲੋੜ ਹੈ ਪ੍ਰਗਤੀਸ਼ੀਲ ਲਹਿਰ ਨੂੰ ਮਿਸ਼ਨ ਬਣਾਉਣ ਦੀ 


ਲੁਧਿਆਣਾ
: 12 ਜਨਵਰੀ 2024: (ਸੰਪਾਦਨ//ਇਨਪੁਟ:ਮੀਡੀਆ ਲਿੰਕ ਰਵਿੰਦਰ//ਸਾਹਿਤ ਸਕਰੀਨ ਡੈਸਕ)::

ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੀਆਂ ਸਰਬੱਤ ਦੇ ਭਲੇ ਵਾਲੀਆਂ ਭਾਵਨਾਵਾਂ ਅਤੇ ਲੋਕ ਪੱਖੀ ਨੀਤੀਆਂ ਦੇ ਖਿਲਾਫ ਸਾਜ਼ਿਸ਼ੀ ਚਾਲਾਂ ਬਹੁਤ ਪੁਰਾਣੀਆਂ ਹਨ। ਇਹਨਾਂ ਸਾਜ਼ਿਸ਼ੀ ਚਾਲਾਂ ਕੁਝ ਦਹਾਕੇ ਪਹਿਲਾਂ ਸ਼ਾਹਕਾਰ ਰਚਨਾਵਾਂ ਰਚਣ ਵਾਲੇ ਕੁਝ ਚੇਤੰਨ ਸ਼ਾਇਰਾਂ ਵਿੱਚੋਂ ਇੱਕ ਡੀ ਆਰ ਧਵਨ ਵੀ ਸਨ। ਉਹ ਉਂਝ ਤਾਂ ਹਿੰਦੀ ਅਖਬਾਰ ਵਿੱਚ ਕੰਮ ਕਰਦੇ ਸਨ ਪਰ ਪੰਜਾਬੀ ਨਾਲ ਉਹਨਾਂ ਨੂੰ ਇਸ਼ਕ ਸੀ। ਦੀਪਕ ਜੈਤੋਈ ਪੰਜਾਬੀ ਦੇ ਗੀਤਕਾਰ ਮੁੜਿਆ ਲਾਮਾਂ ਤੋਂ...ਅੰਮ੍ਰਿਤਾ ਪ੍ਰੀਤਮ ਕਿੱਕਰੇ ਨੀ ਕੰਡਿਆਲੀਏ ਉੱਤੋਂ ਚੜ੍ਹਿਆ ਪੋਹ

ਉਹਨਾਂ ਨੇ ਹਿੰਦੀ ਵਿੱਚ ਪੰਜਾਬੀ ਗੀਤਾਂ ਬਾਰੇ ਇੱਕ ਲੇਖ ਲਿਖਿਆ ਸੀ ਜਿਹੜਾ ਪੰਜਾਬੀ ਪਰਚਿਆਂ ਨੇ ਵੀ ਬਹੁਤ ਤਤਪਰਤਾ ਨਾਲ ਛਾਪਿਆ ਜਿਹੜਾ ਪੰਜਾਬੀ ਗੀਤਾਂ ਦੀ ਪਹੁੰਚ ਅਤੇ ਅਤੇ ਪੱਧਰ ਨੰ ਲੈ ਕੇ ਬੜੀ ਗੂਹੜੀ ਲਕੀਰ ਖਿੱਚਦਾ ਸੀ। ਇੱਕ ਪਾਸੇ ਉਹਨਾਂ ਨੇ ਕੁਝ ਅਜਿਹੇ ਗੀਤਾਂ ਦੇ ਮੁਖੜੇ ਲਿਖੇ ਜਿਹਨਾਂ ਦੇ ਬੋਲ ਸੁਣ ਕੇ ਪੈਰ ਠਿਠਕ ਜਾਂਦੇ ਸਨ। ਦੂਜੇ ਪਾਸੇ ਕੁਝ ਉਹਨਾਂ ਗੀਤਾਂ ਦੇ ਬੋਲ ਸਨ ਜਿਹਨਾਂ ਸੁਣ ਕੇ ਸਿਰ ਸ਼ਰਮ ਨਾਲ ਝੁਕ ਜਾਂਦਾ ਸੀ। ਹਿੰਦੀ ਅਖਬਾਰ ਵੀਰ ਪ੍ਰਤਾਪ ਦਾ ਉਹ ਅੰਕ ਬਹੁਤ ਹਰਮਨ ਪਿਆਰਾ ਹੋਇਆ ਸੀ ਉਸਦੀ ਚਰਚਾ ਵੀ ਬਹੁਤ ਹੋਈ ਸੀ  ਇਹ ਲਿਖਤ ਪ੍ਰਕਾਸ਼ਿਤ ਹੋਈ ਸੀ।  ਪੰਜਾਬ ਦੇ ਗੀਤ ਸੰਗੀਤ ਅਤੇ ਸੱਭਿਆਚਾਰ ਨੂੰ ਪ੍ਰਦੂਸ਼ਿਤ ਕਰਨ ਪਿਛੇ ਕਿਸਦੀ ਸਾਜ਼ਿਸ਼? 

ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਵਲੋਂ ਪੰਜਾਬੀ ਦੀ ਸਾਹਿਤਕ ਅਤੇ ਪ੍ਰਚਲਤ ਗੀਤਕਾਰੀ ਬਾਰੇ ਵਰਕਸ਼ਾਪ ਦਾ ਆਯੋਜਨ ਕਰਵਾਇਆ ਗਿਆ ਜਿਸਦੀ ਪ੍ਰਧਾਨਗੀ ਪ੍ਰਸਿਧ ਗਾਇਕ ਮੁਹੰਮਦ ਸਦੀਕ ਨੇ ਕੀਤੀ। ਪ੍ਰਧਾਨਗੀ ਮੰਡਲ ਵਿੱਚ ਡਾ. ਸੁਖਦੇਵ ਸਿੰਘ ਸਿਰਸਾ, ਮੁੱਖ ਮਹਿਮਾਨ ਵਜੋਂ ਡਾ. ਰਾਜਿੰਦਰਪਾਲ ਸਿੰਘ ਬਰਾੜ, ਮੁੱਖ ਵਕਤਾ ਡਾ. ਲਾਭ ਸਿੰਘ ਖੀਵਾ ਸ਼ਾਮਿਲ ਹੋਏ।

ਅਕਾਦਮੀ ਦੇ ਪ੍ਰਧਾਨ ਡਾ. ਸਰਬਜੀਤ ਸਿੰਘ ਨੇ ਹਾਜ਼ਰੀਨ ਨੂੰ ਜੀ ਆਇਆਂ ਕਹਿੰਦੇ ਹੋਏ ਅਕਾਡਮੀ ਵਲੋਂ ਕੀਤੇ ਜਾ ਰਹੇ ਕੰਮਾਂ ਨੂੰ ਵਿਸਤਾਰ ਵਿੱਚ ਸਾਂਝਾ ਕਰਦੇ ਕਿਹਾ ਕਿ असल ਪੰਜਾਬੀ ਵਿੱਚ ਬੜੀ ਕਿਸਮ ਦੀ ਗੀਤਕਾਰੀ ਹੈ। ਜਿਸਨੂੰ ਆਮ ਲੋਕ ਨਿੰਦਦੇ ਹਨ। ਉਹ ਪਾਪੂਲਰ ਗਾਇਕੀ ਦੀ ਮੰਡੀ ਵਾਲੀ ਗੀਤਕਾਰੀ ਹੈ। ਜਿਸ ਵਿੱਚ ਹਿੰਸਾ ਅਤੇ ਔਰਤ ਦੀ ਨੁਮਾਇਸ਼ ਭਾਰੂ ਹੈ। ਲੋਕ ਫਿਕਰਮੰਦੀ ਵਾਲੀ ਗੀਤਕਾਰੀ ਵਿਰਲੀ ਹੀ ਹੈ।

ਸਮਾਗਮ ਦੇ ਮੁੱਖ ਵਕਤਾ ਡਾ. ਲਾਭ ਸਿੰਘ ਖੀਵਾ ਨੇ ‘ਪੰਜਾਬੀ ਗੀਤਕਾਰੀ ਅਤੀਤ, ਵਰਤਮਾਨ ਅਤੇ ਭਵਿੱਖ ਬਾਰੇ ਬੋਲਦਿਆਂ ਕਿਹਾ ਕਿ ਗੀਤ ਸ਼ਾਸਤਰ ਦੇ ਸੰਦਰਭ ਵਿੱਚ ਕਾਵਿ ਪ੍ਰਥਮ ਸਥਾਨ ਹੈ। ਅੱਜ ਗੀਤ ਵਿੱਚ ਗੀਤਕਾਰ ਗਾਇਬ ਪਰ ਗਾਇਕ ਭਾਰੂ ਹੈ।

ਡਾ. ਗੁਰਦੀਪ ਸਿੰਘ ਢਿੱਲੋਂ ਨੇ ਕਿਹਾ ਕਿ ਬਹੁਤ ਘੱਟ ਗੀਤ ਸਾਂਭਣਯੋਗ ਹਨ। ਲਿਟਰੇਰੀ ਪ੍ਰੰਪਰਾ ਅਸੀ ਸਾਂਭੀ ਨਹੀਂ ਜਿਸਨੂੰ ਮੰਡੀ ਵਰਤ ਗਈ।ਗੁਰਮੁਖੀ ਭਾਸ਼ਾ ਵਿੱਚ ਹੀ ਲਿਖਿਆ ਗੀਤ ਸਗੋ ਕਿਸੇ ਵੀ ਹੋਰ ਭਾਸ਼ਾ ਵਿੱਚ ਲਿਖਿਆ ਗੀਤ ਵੀ ਪੰਜਾਬ ਦਾ ਹੈ। 

ਡਾ. ਰਾਜਿੰਰਪਾਲ ਸਿੰਘ ਬਰਾੜ ਨੇ ਕਿਹਾ ਸਾਰੇ ਸਾਹਿਤ ਰੂਪ ਮਹੱਤਵਪੂਰਨ ਹਨ, ਪਰ ਪੰਜਾਬੀ ਸਭਿੱਆਚਾਰ ਦੀ ਰੂਹ ਗੀਤ ਹੈ। ਮੱਧ ਕਾਲੀ ਪਰੰਪਰਾ ਸਾਰੀ ਦੀ ਸਾਰੀ ਗਾਉਣ ਵਾਲੀ ਹੈ। ਸਾਡੇ ਅਲੋਚਕ ਅਤੇ ਵਿਦਵਾਨਾਂ ਆਦਿ ਨੇ ਗੀਤ ਨੂੰ ਪੰਜਾਬ ਦੇ ਵਿਹੜੇ ਵਿੱਚੋਂ ਕੱਢ ਦਿੱਤਾ। ਜਿਸ ਨੂੰ ਮੰਡੀ ਨੇ ਸਾਂਭ ਲਿਆ ਅਤੇ ਵਿਗਾੜ ਦਿੱਤਾ। ਹੁਣ ਗੀਤ ਵਿੱਚ ਵਿਚਾਰ ਨਾਲੋਂ ਦੈਂਗੜ-ਦੈਂਗੜ ਭਾਰੁ ਹੈ, ਵਿਚਾਰ ਗਾਇਬ ਹੈ।  ਉਹਨਾਂ ਇਸ ਗੱਲ ਤੇ ਜ਼ੋਰ ਦਿੱਤਾ ਕਿ ਵਿਭਚਾਰ ਦੇ ਗੀਤਕਾਰ ਅਤੇ ਗਾਇਕ ਨੂੰ ਸਵਾਲ ਕੀਤੇ ਜਾਣੇ ਚਾਹੀਦੇ ਹਨ। 

ਜਨਾਬ ਮੁਹੰਮਦ ਸਦੀਕ ਨੇ ਅਪਣੇ ਪ੍ਰਧਾਨਗੀ ਭਾਸ਼ਣ ਵਿੱਚ ਕਿਹਾ ਕਿ “ਚੰਗੇ ਗੀਤ ਗਾਇਕ ਦਾ ਕੱਦ ਉੱਚਾ ਕਰ ਦਿੰਦੇ ਹਨ। ਪਹਿਲਾਂ ਸਰੋਤੇ ਹੁੰਦੇ ਸਨ ਹੁਣ ਦਰਸ਼ਕ ਹਨ। ਗੀਤ ਸ਼ਬਦ ਜੋੜ ਨਹੀਂ ਹੁੰਦਾ, ਸਗੋ ਗੀਤ ਜ਼ਿੰਦਗੀ ਨਾਲ ਜੁੜਿਆ ਹੁੰਦਾ ਹੈ। 

ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੇ ਜਨਰਲ ਸਕੱਤਰ ਡਾ. ਗੁਲਜ਼ਾਰ ਸਿੰਘ ਪੰਧੇਰ ਨੇ ਹਾਜ਼ਰੀਨ ਦਾ ਧੰਨਵਾਦ ਕਰਦੇ ਕਿਹਾ ਕਿ ਵਿਦੇਸ਼ੀ ਚਕਾਚੋਂਧ ਨੇ ਸਾਡਾ ਗੀਤ ਵਿਗਾੜ ਦਿੱਤਾ ਹੈ। ਮਿਆਰ ਅਸੀ ਸਥਾਪਿਤ ਕਰਨੇ ਹਨ। ਮਿਆਰ ਸਭਿੱਆਚਾਰ ਦਾ ਹੋਵੇ ਮੰਡੀ ਦਾ ਨਹੀਂ। 

ਇਸ ਸਮੇਂ ਜਸਵੀਰ ਝੱਜ ਦੀ ਸੰਚਾਲਨਾ ਵਿੱਚ ਕੀਤੇ ਗਏ ਗੀਤ ਦਰਬਾਰ ਵਿੱਚ ਬੀਬਾ ਨਿਮਰਤਾ, ਉੱਘੀ ਗਾਇਕਾ ਗੁਲਸ਼ਨ ਕੋਮਲ, ਬੀਬਾ ਸ਼ਾਲਨੀ ਜ਼ੰਬਾਲ, ਸੁਰਜੀਤ ਸੁਮਨ, ਸੁਖਵੀਰ ਸੰਧੇ, ਕੇ ਸਾਧੂ ਸਿੰਘ, ਹਰੀ ਸਿੰਘ ਜਾਚਕ, ਸਤਨਾਮ ਸਿੰਘ ਕੋਮਲ, ਕਿੱਕਰ ਡਾਲੇਵਾਲਾ, ਪ੍ਰਭਜੋਤ ਸੋਹੀ, ਤ੍ਰੈਲੋਚਨ ਲੋਚੀ, ਭਗਵਾਨ ਹਾਂਸ ਆਦਿ ਨੇ ਗੀਤ ਪੇਸ਼ ਕੀਤੇ। ਇਸ ਸਮੇਂ ਧਰਮ ਕਮੇਂਆਣਾ ਦੇ ਰਿਕਾਰਡ ਗੀਤਾਂ ਦਾ ਗੀਤ ਸੰਗ੍ਰਹਿ “ਹੱਥਾਂ ਨੂੰ ਮਹਿੰਦੀ ਫਿਰ ਲਾ ਲਵੀਂ, ਪ੍ਰਧਾਨਗੀ ਮੰਡਲ ਨੇ ਰਿਲਿਜ਼ ਕੀਤਾ।

ਇਸ ਸਮੇਂ ਉੱਕਤ ਦੇ ਨਾਲ-ਨਾਲ ਸੁਰਿੰਦਰ ਕੈਲੇ, ਗੁਰਚਰਨ ਕੌਰ ਕੋਚਰ, ਅਮਰਿੰਦਰ ਸੋਹਲ, ਭਗਵਾਨ ਢਿੱਲੋ, ਡਾ. ਗੁਰਇਕਬਾਲ ਸਿੰਘ, ਰਾਜਦੀਪ ਸਿੰਘ ਤੂਰ, ਅਨਿਲ ਫਤਹਿਗੜ ਜੱਟਾਂ, ਅਮਰਜੀਤ ਸ਼ੇਰਪੁਰੀ ਮਸਕੀਤ ਮਾਲੜਾ, ਕਰਮਜੀਤ ਸਿੰਘ ਗਰੇਵਾਲ, ਤ੍ਰੇਲੋਚਨ ਝਾਂਡੇ, ਗੁਰਮਖ ਸਿੰਘ ਜਾਗੀ, ਚਰਨ ਸਿੰਘ ਬੰਬੀਹਾ ਭਾਈ, ਦਰਸ਼ਨ ਸ਼ਿੰਘ ਢੋਲਣ, ਵਿਵੇਕ ਮੋਂਗਾ, ਸਤੀਸ਼ ਗੋਲਾਟੀ ਅਤੇ  ਹਾਕਮ ਸਿੰਘ ਹਾਜ਼ਰ ਸਨ।

ਫੋਟੋ- ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਵਲੋਂ ਧਰਮ ਕਮੇਂਆਣਾ ਦੇ ਰਿਕਾਰਡ ਗੀਤਾਂ ਦਾ
ਗੀਤ ਸੰਗ੍ਰਹਿ “ਹੱਥਾਂ ਨੂੰ ਮਹਿੰਦੀ ਫਿਰ ਲਾ ਲਵੀਂ, ਹਾਜ਼ਰੀਨ ਰਿਲਿਜ਼ ਕਰਦੇ ਹੋਏ।

Tuesday, 24 December 2024

ਅਨਿਲ ਆਦਮ ਦੀ ਯਾਦ ਵਿੱਚ ਕਲਾਪੀਠ ਵੱਲੋਂ ਵਿਸ਼ੇਸ਼ ਸਮਾਗਮ

From Harmeet Vidiarthy Monday: 23rd December 2024 at 09:14 Remembering Anil Adam Ferozepur 

 ਜਸਵੰਤ ਜ਼ਫ਼ਰ ਅਤੇ ਵਿਜੇ ਵਿਵੇਕ ਸਮੇਤ ਕਈ ਸ਼ਖਸੀਅਤਾਂ ਪੁੱਜੀਆਂ 


ਫ਼ਿਰੋਜ਼ਪੁਰ: 23 ਦਸੰਬਰ 2024: (ਸਾਹਿਤ ਸਕਰੀਨ ਡੈਸਕ)::

ਸਰਹੱਦੀ ਜ਼ਿਲ੍ਹਾ ਹੋਣ ਕਰਕੇ ਫਿਰੋਜ਼ਪੁਰ ਦੇ ਲੋਕ ਹਮੇਸ਼ਾਂ ਹੀ ਜੰਗ ਵਰਗੇ ਹਾਲਾਤਾਂ ਵਿੱਚ ਰਹਿੰਦੇ ਹੋਏ ਸੰਘਰਸ਼ਸ਼ੀਲ ਰਹੇ ਹਨ। ਜੰਗੀ ਜਹਾਜ਼ਾਂ ਵਿੱਚੋਂ ਜੰਗ ਦੇ ਦਿਨਾਂ ਵਿੱਚ ਅਚਾਨਕ ਡਿੱਗਦੇ ਬੰਬਾਂ ਦੇ ਬਾਵਜੂਦ ਇਹ ਲੋਕ ਜ਼ਿੰਦਗੀ ਦੇ ਗੀਤ ਗਾਉਂਦੇ ਰਹੇ। ਮੋਹਨਲਾਲ ਭਾਸਕਰ ਵਰਗੇ ਜਾਂਬਾਜ਼  ਸਿਰਫ ਭਾਰਤ ਲਈ ਪਾਕਿਸਤਾਨ ਜਾ ਕੇ ਜਾਸੂਸੀ ਕੀਤੀ ਬਲਕਿ ਜਾਸੂਸੀ ਦੇ ਦਿਨਾਂ ਵਿੱਚ ਹੰਢਾਏ ਖਤਰਿਆਂ ਅਤੇ ਤਜਰਬਿਆਂ ਨੂੰ ਲਿਖਤਾਂ ਵਿੱਚ ਵਿੱਚ ਵੀ ਉਤਾਰਿਆ। ਬੰਦੂਕਾਂ ਅਤੇ ਬੰਬਾਂ ਦੀ ਜੰਗ ਤੋਂ ਇਲਾਵਾ ਵੀ ਇਥੋਂ ਦੇ ਲੋਕ ਕਿਸੇ ਨਾ ਕਿਸੇ ਸੰਘਰਸ਼ ਦੀ ਜੰਗ ਵਿੱਚ ਵਿੱਚ ਹਮੇਸ਼ਾਂ ਸਰਗਰਮ ਰਹੇ। ਦਿੱਲੀ ਵਾਲੇ ਕਿਸਾਨੀ ਅੰਦੋਲਨ ਦੀ ਗਊ ਹੋਵੇ ਜਾਂ ਪੰਜਾਬ ਵਿੱਚ ਚੱਲਦੇ ਸੰਘਰਸ਼ਾਂ ਦੀ ਗੱਲ--ਇਥੋਂ ਦੇ ਲੋਕ ਮੂਹਰਲੀ ਕਤਾਰ ਵਿੱਚ ਰਹਿੰਦੇ ਰਹੇ। ਇਹਨਾਂ ਸੰਘਰਸ਼ਾਂ ਨੂੰ ਕਵਿਤਾ, ਕਹਾਣੀਆਂ ਅਤੇ ਲੇਖਾਂ ਵਿੱਚ ਦਰਜ ਕਰਕੇ ਲੋਕਾਂ ਤੱਕ ਲਿਜਾਣ ਵਾਲੇ ਕਾਫ਼ਿਲੇ ਵਿੱਚ ਸੰਵੇਦਨਸ਼ੀਲ ਸ਼ਾਇਰ ਅਨਿਲ ਆਦਮ ਵੀ ਇੱਕ ਸੀ।  ਬਹੁਤ ਹੀ ਮਲੂਕ ਜਿਹਾ ਅਤੇ ਮਿੱਠ ਬੋਲੜਾ ਸ਼ਾਇਰ। ਜਦੋਂ ਇਸ ਦੁਨੀਆਂ ਤੋਂ ਸਦੀਵੀ ਤੌਰ ਤੇ ਤੁਰ ਗਿਆ ਤਾਂ ਚਾਰੇ ਪਾਸੇ ਉਦਾਸੀ ਦਾ ਮਾਹੌਲ ਸੀ। ਪਾਰ ਉਹ ਅਜੇ ਵੀ ਬਹੁਤ ਸਾਰੇ ਲੋਕਾਂ ਦੇ ਦਿਲਾਂ ਵਿੱਚ। 

ਸਰਹੱਦੀ ਸ਼ਹਿਰ ਫ਼ਿਰੋਜ਼ਪੁਰ ਵਿੱਚ ਸ਼ਬਦ ਸੱਭਿਆਚਾਰ ਦੇ ਪਸਾਰ ਲਈ ਨਿਰੰਤਰ ਯਤਨਸ਼ੀਲ ਸੰਸਥਾ "ਕਲਾਪੀਠ" ਵੱਲੋਂ ਪਹਿਲਾ ਅਨਿਲ ਆਦਮ ਸਿਮਰਤੀ ਸਮਾਗਮ ਜ਼ਿਲ੍ਹਾ ਲਾਇਬ੍ਰੇਰੀ ਕਮੇਟੀ ਘਰ ਫ਼ਿਰੋਜ਼ਪੁਰ ਵਿੱਚ ਕਰਵਾਇਆ ਗਿਆ।' ਏਨੀ ਮੇਰੀ ਬਾਤ' , 'ਕਵਿਤਾ ਬਾਹਰ ਉਦਾਸ ਖੜ੍ਹੀ ਹੈ' ਅਤੇ '26 ਸਾਲ ਬਾਅਦ' ਦੇ ਲੇਖਕ ਮਰਹੂਮ ਅਨਿਲ ਆਦਮ ਦੀ ਯਾਦ ਵਿੱਚ ਕਰਵਾਏ ਜਾਣ ਵਾਲੇ ਇਸ ਸਮਾਗਮ ਦੀ ਪ੍ਰਧਾਨਗੀ ਉੱਘੇ ਸ਼ਾਇਰ ਵਿਜੇ ਵਿਵੇਕ ਨੇ ਕੀਤੀ ਸ਼ਾਇਰ ਅਤੇ ਭਾਸ਼ਾ ਵਿਭਾਗ ਪੰਜਾਬ ਦੇ ਨਿਰਦੇਸ਼ਕ ਜਸਵੰਤ ਸਿੰਘ ਜ਼ਫ਼ਰ ਇਸ ਮੌਕੇ 'ਤੇ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ।ਪ੍ਰਧਾਨਗੀ ਮੰਡਲ ਵਿੱਚ ਪ੍ਰੋ.ਜਸਪਾਲ ਘਈ, ਪ੍ਰੋ.ਗੁਰਤੇਜ ਕੋਹਾਰਵਾਲਾ,ਸਨਮਾਨਿਤ ਸ਼ਾਇਰਾ ਮਨਦੀਪ ਔਲਖ ਅਤੇ ਅਨਿਲ ਆਦਮ ਦੀ ਹਮਸਫ਼ਰ ਅੰਜੁਮ ਸ਼ਰਮਾ ਸ਼ਾਮਲ ਸਨ।

ਪ੍ਰੋ.ਕੁਲਦੀਪ ਦੀ ਪ੍ਰਭਾਵਸ਼ਾਲੀ ਮੰਚ ਸੰਚਾਲਨਾ ਨਾਲ ਸ਼ੁਰੂ ਹੋਏ ਸਮਾਗਮ ਵਿੱਚ ਪ੍ਰੋ.ਗੁਰਤੇਜ ਨੇ ਸਮੁੱਚੇ ਪੰਜਾਬ ਭਰ ਵਿੱਚੋਂ ਆਏ ਹੋਏ ਲੇਖਕਾਂ, ਬੁੱਧੀਜੀਵੀਆਂ, ਪਾਠਕਾਂ ਸਰੋਤਿਆਂ ਦਾ ਸਵਾਗਤ ਕਰਦਿਆਂ ਅਨਿਲ ਆਦਮ ਦੀ ਸਾਹਿਤਕ ਪ੍ਰਤਿਭਾ ਕਲਾਪੀਠ ਦੀਆਂ ਸਰਗਰਮੀਆਂ ਅਤੇ ਭਵਿੱਖੀ ਯੋਜਨਾਵਾਂ ਦੀ ਜਾਣਕਾਰੀ ਦਿੱਤੀ। 

ਸਮਾਗਮ ਦੇ ਪਹਿਲੇ ਪੜਾਅ ਵਿੱਚ ਪ੍ਰੋ.ਜਸਪਾਲ ਘਈ ਦਾ ਊੜਾ ਪ੍ਰਕਾਸ਼ਨ ਵੱਲੋਂ ਪ੍ਰਕਾਸ਼ਿਤ ਕਾਵਿ ਸੰਗ੍ਰਹਿ "ਤੇਰਾ ਮੇਰਾ ਖ਼ਾਬ ਸੀ ਸ਼ਾਇਦ" ਅਤੇ ਸ਼ਾਇਰਾ ਹਰਲੀਨ ਸੋਨਾ ਦਾ ਹਿੰਦੀ ਵਿੱਚ ਅਨੁਵਾਦਿਤ ਹਾਇਕੂ ਸੰਗ੍ਰਹਿ "ਆਰਸੀ" ਪ੍ਰਧਾਨਗੀ ਮੰਡਲ ਵੱਲੋਂ ਲੋਕ ਅਰਪਣ ਕੀਤਾ ਗਿਆ। ਯਾਦ ਰਹੇ "ਆਰਸੀ" ਦਾ ਹਿੰਦੀ ਅਨੁਵਾਦ ਮਰਹੂਮ ਅਨਿਲ ਆਦਮ ਨੇ ਕੀਤਾ ਸੀ। ਦੋਵਾਂ ਕਿਤਾਬਾਂ ਦੇ ਲੇਖਕਾਂ ਵੱਲੋਂ ਆਪਣੀ ਸਿਰਜਣ ਪ੍ਰਕ੍ਰਿਆ ਬਾਰੇ ਸੰਖੇਪ ਵਿੱਚ ਜਾਣਕਾਰੀ ਸਰੋਤਿਆਂ ਨਾਲ ਸਾਂਝੀ ਕੀਤੀ ਗਈ। 

ਸ਼ਾਇਰ ਸੱਤਪਾਲ ਭੀਖੀ ਨੇ ਅਨਿਲ ਆਦਮ ਦੀ ਕਵਿਤਾ ਦੇ ਵੱਖ ਵੱਖ ਪਸਾਰਾਂ ਦੀ ਚਰਚਾ ਕਰਦਿਆਂ ਉਸਦੀ ਕਵਿਤਾ ਦੇ ਮਾਨਵੀ ਪਹਿਲੂਆਂ ਦਾ ਵਿਸ਼ੇਸ਼ ਤੌਰ ਤੇ ਜ਼ਿਕਰ ਕੀਤਾ।ਹਰਮੀਤ ਵਿਦਿਆਰਥੀ ਨੇ ਅਨਿਲ ਨਾਲ ਆਪਣੀ ਬੱਤੀ ਵਰ੍ਹਿਆਂ ਦੀ ਦੋਸਤੀ ਦੇ ਸ਼ੀਸ਼ੇ ਵਿੱਚੋਂ ਉਸਦੀ ਸਖ਼ਸ਼ੀਅਤ ਦੇ ਵੱਖ ਵੱਖ ਰੂਪਾਂ ਦੀ ਨਿਸ਼ਾਨਦੇਹੀ ਕੀਤੀ।

 ਪ੍ਰੋ.ਗੁਰਤੇਜ ਨੇ ਸ਼ਾਇਰਾ ਮਨਦੀਪ ਔਲਖ ਦੇ ਸਨਮਾਨ ਵਿੱਚ ਮਾਣ-ਪੱਤਰ ਪੜ੍ਹਦਿਆਂ ਕਿਹਾ ਕਿ ਮਨਦੀਪ ਔਲਖ ਔਰਤ ਆਜ਼ਾਦ ਹੋਂਦ ਦੀ ਉਚਾਰ ਦੀ ਕਵਿਤਾਕਾਰ ਹੈ।  ਇਸ ਤੋਂ ਬਾਅਦ ਪ੍ਰਧਾਨਗੀ ਮੰਡਲ ਅਤੇ ਅਨਿਲ ਆਦਮ ਦੀ ਮਾਤਾ ਸ਼੍ਰੀ ਮਤੀ ਸ਼ੁੱਭ ਰਾਣੀ ਅਤੇ ਪਰਿਵਾਰ ਵੱਲੋਂ ਪਹਿਲਾ ਅਨਿਲ ਆਦਮ ਸਿਮਰਤੀ ਪੁਰਸਕਾਰ ਮਨਦੀਪ ਔਲਖ ਨੂੰ ਉਹਨਾਂ ਦੀ ਕਿਤਾਬ "ਗ਼ਰਲਜ਼ ਹੋਸਟਲ" ਲਈ ਪ੍ਰਦਾਨ ਕੀਤਾ ਗਿਆ। ਸਨਮਾਨ ਪ੍ਰਵਾਨ ਕਰਨ ਤੋਂ ਬਾਅਦ ਮਨਦੀਪ ਔਲਖ ਨੇ ਅਨਿਲ ਆਦਮ ਦੀ ਕਵਿਤਾ ਦੀ ਸ਼ਕਤੀ ਦੀ ਚਰਚਾ ਕੀਤੀ ਅਤੇ ਇਸ ਸਨਮਾਨ ਨੂੰ ਆਪਣੇ ਉੱਪਰ ਪਈ ਵੱਡੀ ਜ਼ਿੰਮੇਵਾਰੀ ਦੱਸਿਆ। ਨਾਲ ਹੀ ਆਪਣੀਆਂ ਕੁਝ ਕਵਿਤਾਵਾਂ ਵੀ ਸਰੋਤਿਆਂ ਨਾਲ ਸਾਂਝੀਆਂ ਕੀਤੀਆਂ। 

ਸਮਾਗਮ ਦੇ ਤੀਜੇ ਪੜਾਅ ਵਿੱਚ ਨੌਜਵਾਨ ਕਵੀਆਂ ਦਾ ਕਵੀ ਦਰਬਾਰ ਕਰਵਾਇਆ ਗਿਆ । ਜਿਸ ਵਿੱਚ ਗੁਰਜੰਟ ਰਾਜੇਆਣਾ, ਦਵੀ ਸਿੱਧੂ , ਰਿਸ਼ੀ ਹਿਰਦੇਪਾਲ , ਮਨਜੀਤ ਸੂਖ਼ਮ ਅਤੇ ਸੱਤ ਔਜ ਨੇ ਕਵਿਤਾ ਪਾਠ ਕਰਦਿਆਂ ਇਸ ਗੱਲ ਦਾ ਭਰੋਸਾ ਦਿਵਾਇਆ ਕਿ ਪੰਜਾਬੀ ਕਵਿਤਾ ਦਾ ਭਵਿੱਖ ਨਵੇਂ ਕਵੀਆਂ ਦੇ ਹੱਥਾਂ ਵਿੱਚ ਸੁਰੱਖਿਅਤ ਹੈ। ਪੰਜਾਬੀ ਦੇ ਨਾਮਵਰ ਸ਼ਾਇਰ ਵਿਜੇ ਵਿਵੇਕ ਦੀਆਂ ਗ਼ਜ਼ਲਾਂ ਨੇ ਮਾਹੌਲ ਨੂੰ ਵਿਸਮਾਦੀ ਰੰਗ ਵਿੱਚ ਰੰਗ ਦਿੱਤਾ। ਮੁੱਖ ਮਹਿਮਾਨ ਜਸਵੰਤ ਜ਼ਫ਼ਰ ਹੁਰਾਂ ਨੇ ਕਿਹਾ ਕਿ ਅਨਿਲ ਆਦਮ ਦੀ ਸਖ਼ਸ਼ੀਅਤ ਦੇ ਬਹੁਤ ਸਾਰੇ ਪਸਾਰ ਸਨ। ਅਨਿਲ ਵਿੱਚ ਵੱਡਾ ਲੇਖਕ ਅਤੇ ਖ਼ੂਬਸੂਰਤ ਮਨੁੱਖ ਬਨਣ ਦੀਆਂ ਸਾਰੀਆਂ ਸੰਭਾਵਨਾਵਾਂ ਸਨ। ਉਹਨਾਂ ਕਲਾਪੀਠ ਨੂੰ ਆਪਣੇ ਪਿਆਰੇ ਸ਼ਾਇਰ ਨੂੰ ਏਨੇ ਭਾਵਪੂਰਤ ਢੰਗ ਨਾਲ ਯਾਦ ਕਰਨ ਲਈ ਮੁਬਾਰਕਬਾਦ ਦਿੱਤੀ। 

ਕਰੀਬ ਸਾਢੇ ਤਿੰਨ ਘੰਟੇ ਚੱਲੇ ਇਸ ਸਮਾਗਮ ਵਿੱਚ ਰਾਜੀਵ ਖ਼ਿਆਲ,ਸੰਦੀਪ ਚੌਧਰੀ,ਸੁਨੀਲ ਪ੍ਰਭਾਕਰ,ਦੀਪ ਜਗਦੀਪ ਸਿੰਘ,ਮਨਜਿੰਦਰ ਕਮਲ,ਡਾ. ਜਗਵਿੰਦਰ ਜੋਧਾ , ਸਾਨਿਧਯ ਪ੍ਰਭਾਕਰ ,ਹਰਮਨਦੀਪ ਸਿੰਘ ਆਸਟ੍ਰੇਲੀਆ, ਮੁਸੱੱਵਿਰ ਫ਼ਿਰੋਜ਼ਪੁਰੀ,ਪ੍ਰਭ ਕੈਨੇਡਾ , ਡਾ.ਜਗਦੀਪ ਸੰਧੂ ਜ਼ਿਲ੍ਹਾ ਭਾਸ਼ਾ ਅਫ਼ਸਰ, ਸੁਖਦੇਵ ਭੱਟੀ,ਦੀਪਕ ਮੰਯਕ ਸ਼ਰਮਾ, ਕਮਲ ਸ਼ਰਮਾ, ਕਰਨਜੀਤ ਦਰਦ, ਜੁਗਰਾਜ ਸਿੰਘ ਆਸਟ੍ਰੇਲੀਆ, ਗੁਰਨਾਮ ਸਿੱਧੂ, ਪਰਮਿੰਦਰ ਥਿੰਦ, ਪਰਮਜੀਤ ਢਿੱਲੋਂ,ਪ੍ਰੋ.ਚਮਨ ਲਾਲ ਅਰੋੜਾ, ਪਵਨਦੀਪ ਚੌਹਾਨ, ਸੰਜੇ,ਸੁਖਵਿੰਦਰ ਸੁੱਖੀ, ਚਿੱਟਾ ਸਿੱਧੂ, ਪ੍ਰੀਤ ਜੱਗੀ, ਜਸਵਿੰਦਰ ਧਰਮਕੋਟ,ਪ੍ਰੋ. ਮਨਜੀਤ ਕੌਰ ਆਜ਼ਾਦ, ਸੰਤੋਸ਼ ਸੇਠੀ, ਪ੍ਰੋ.ਕੁਲਬੀਰ ਮਲਿਕ, ਸੁਖਵਿੰਦਰ ਸਿੰਘ,ਜਬਰ ਮਾਹਲਾ,ਆਰਟਿਸਟ ਤਰਸੇਮ ਰਾਹੀ , ਗੁਰਪਿੰਦਰ ਸਿੰਘ ਭੁੱਲਰ, ਬਲਵਿੰਦਰ ਪਨੇਸਰ, ਗੁਰਦਿਆਲ ਸਿੰਘ ਵਿਰਕ, ਦਵਿੰਦਰ ਨਾਥ ਦਿਲਪ੍ਰੀਤ ਚਾਹਲ, ਵੀਰਪਾਲ ਕੌਰ ਮੋਹਲ,ਅਰੁਣ ਗੋਇਲ , ਸੁਰਿੰਦਰ ਕੰਬੋਜ, ਸੁਰਿੰਦਰ ਢਿੱਲੋਂ,ਸੁਖਵਿੰਦਰ ਭੁੱਲਰ, ਗਿੱਲ ਗੁਲਾਮੀ ਵਾਲਾ,ਮੰਗਤ ਵਜੀਦਪੁਰੀ,ਡਾ.ਰਮੇਸ਼ਵਰ ਕਟਾਰਾ, ਸੁਧੀਰ, ਉਮੇਂਦਰ ਦੱਤ ਖੇਤੀ ਵਿਰਾਸਤ ਮਿਸ਼ਨ , ਨੀਰਜ ਯਾਦਵ, ਹਰਜੀਤ ਸਿੱਧੂ, ਵਿਨੋਦ ਗਰਗ , ਸੰਦੀਪ ਟੰਡਨ ਰਾਕੇਸ਼ ਪਵਾਰ ਸਮੇਤ ਵੱਡੀ ਗਿਣਤੀ ਵਿੱਚ ਲੇਖਕ ਪਾਠਕ ਅਤੇ ਅਨਿਲ ਆਦਮ ਦੀ ਕਵਿਤਾ ਨੂੰ ਪਿਆਰ ਕਰਨ ਵਾਲੇ ਮੌਜੂਦ ਸਨ। 

ਸਮਾਗਮ ਦੇ ਅੰਤ ਵਿੱਚ ਅੰਜੁਮ ਸ਼ਰਮਾ ਨੇ ਸਭ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ਅਤੇ ਯਕੀਨ ਦੁਆਇਆ ਕਿ ਅਨਿਲ ਆਦਮ ਦਾ ਪਰਿਵਾਰ ਕਲਾਪੀਠ ਨਾਲ ਹਰ ਤਰ੍ਹਾਂ ਸਹਿਯੋਗ ਕਰਦਾ ਰਹੇਗਾ। ਕੁਲ ਮਿਲਾ ਕੇ ਸਮਾਗਮ ਬਹੁਤ ਯਾਦਗਾਰੀ ਰਿਹਾ। 

Sunday, 22 December 2024

ਮਿੰਨੀ ਕਹਾਣੀ ਵਾਲੇ ਯੁਗ ਦੀ ਦਸਤਕ ਫਿਰ ਸੁਣਾਈ ਦਿੱਤੀ ਲੁਧਿਆਣਾ ਵਿੱਚ

From Punjabi Sahit Academy on Sunday 22nd December 2024 at 4:34 PM Edit and input by Kartika Singh  

ਪੰਜਾਬੀ ਸਾਹਿਤ ਅਕਾਡਮੀ ਵੱਲੋਂ ਪੰਜਾਬੀ ਭਵਨ ਵਿਖੇ ਹੋਇਆ ਕੌਮੀ ਸੈਮੀਨਾਰ 


ਲੁਧਿਆਣਾ: 20 ਦਸੰਬਰ 2024: (ਰੈਕਟਰ ਕਥੂਰੀਆ//ਸਾਹਿਤ ਸਕਰੀਨ ਡੈਸਕ)::
ਜਦੋਂ ਪੰਜਾਬ ਵਿੱਚ ਨਕਸਲੀ ਲਹਿਰ ਉੱਠੀ ਤਾਂ ਇਸ ਲਹਿਰ ਦੇ ਪ੍ਰਭਾਵ ਹੇਠ ਸਾਹਿਤ ਦੀ ਵੀ ਇੱਕ ਨਵੀਂ ਧਾਰਾ ਪੈਦਾ ਹੋਈ ਜਿਹੜੀ ਨਕਸਲਬਾੜੀ ਵਾਲੇ ਵਿਚਾਰਾਂ ਤੋਂ ਪ੍ਰਭਾਵਿਤ ਸੀ। ਇਸ ਧਾਰਾ ਵਾਲੇ ਕਲਮਕਾਰਾਂ ਦਾ ਜੋਸ਼ੋ ਖਰੋਸ਼ ਰਵਾਇਤੀ ਕਾਮਰੇਡਾਂ ਨਾਲੋਂ ਕੁਝ ਵੱਧ ਤਿੱਖਾ ਹੁੰਦਾ ਸੀ। ਖੱਬੇਪੱਖੀਆਂ ਵਿੱਚ ਇਸ ਨਵੇਂ ਰੁਝਾਨ ਨੂੰ ਲੈ ਕੇ ਇੱਕ ਲਕੀਰ ਜਿਹੀ ਵੀ ਉਭਰਦੀ ਮਹਿਸੂਸ ਹੋ ਰਹੀ ਸੀ। ਜਦੋਂ ਕਿਧਰੇ ਕੋਈ ਨਕਸਲੀ ਸੁਰ ਵਾਲਾ ਸ਼ਾਇਰ ਜਾਂ ਲੇਖਕ ਸਟੇਜ ਤੇ ਬੋਲਦਾ ਹੁੰਦਾ ਜਾਂ ਕਿਸੇ ਹੋਰ ਤਰ੍ਹਾਂ ਵਿਚਰਦਾ ਹੁੰਦਾ ਤਾਂ ਕਈ ਵਾਰ ਰਵਾਇਤੀ ਖੱਬੇਪੱਖੀਆਂ ਵਿੱਚੋਂ ਕੋਈ ਨ ਕੋਈ ਕਿਸੇ ਨ ਕਿਸੇ ਦੇ ਕੰਨ ਵਿੱਚ ਇਹ ਆਖਦਾ ਵੀ ਸੁਣਿਆ ਜਾਂਦਾ ਕਿ ਇਹ ਤਾਂ ਨਕਸਲੀ ਐ। 

ਇਹ ਸ਼ਬਦ ਆਖਣ ਵਾਲਿਆਂ ਦਾ ਅੰਦਾਜ਼ ਵੀ ਕੁਝ ਛੁਟਿਆਉਣ ਜਿਹੀ ਸੁਰ ਵਾਲਾ ਹੁੰਦਾ। ਸਾਹਿਤਿਕ ਨੇੜਤਾ ਦੇ ਬਾਵਜੂਦ ਇੱਕ ਦੂਰੀ ਜਿਹੀ ਦਾ ਅਹਿਸਾਸ ਕਰਾਉਂਦਾ ਸੀ ਇਹ ਅੰਦਾਜ਼। ਪਾਸ਼ ਅਤੇ ਕੁਝ ਹੋਰਾਂ ਦੀ ਸ਼ਹਾਦਤ ਤੋਂ ਬਾਅਦ ਇਹ ਲਕੀਰ ਮੱਧਮ ਵੀ ਪੈਣ ਲੱਗ ਪਈ ਸੀ। ਹੋਲੀ ਹੋਲੀ ਖੱਬੀਆਂ ਕਲਮਾਂ ਵਾਲਿਆਂ ਦੀ ਪੁਰਾਣੀ ਏਕਤਾ ਵੀ ਅਤੇ ਮੋਹ ਪਿਆਰ ਵੀ ਪਰਤਣ ਲੱਗੇ। ਹਾਲਾਤ ਵੀ ਨਾਜ਼ੁਕ ਲੈ ਮੋੜ ਲੈ ਰਹੇ ਸਨ। ਸਿੱਖ ਖਾੜਕੂਵਾਦ ਵੀ ਜ਼ੋਰ ਫੜਦਾ ਜਾ ਰਿਹਾ ਸੀ। ਬਲਦੇਵ ਸਿੰਘ ਮਾਨ, ਗਿਆਨ ਸਿੰਘ ਸੰਘਾ ਅਤੇ ਕਈ ਹੋਰ ਖੱਬੇਪੱਖੀ ਆਗੂ ਅਤੇ ਕਾਰਕੁੰਨ ਖਾਲਿਸਤਾਨੀ ਲਹਿਰ ਦੌਰਾਨ ਸ਼ਹੀਦ ਕਰ ਦਿੱਤੇ ਗਏ ਸਨ। 

ਜਿਹੜੀ ਲਕੀਰ ਪਹਿਲਾਂ ਨਕਸਲੀ ਕਲਮਕਾਰਾਂ ਅਤੇ ਰਵਾਇਤੀ ਖੱਬੇਪੱਖੀਆਂ ਦੌਰਾਨ ਉਭਰੀ ਸੀ ਉੱਸੇ ਤਰ੍ਹਾਂ ਦੀ ਲਕੀਰ ਹੁਣ ਖੱਬੇਪੱਖੀਆਂ ਅਤੇ ਸਿੱਖ ਖਾੜਕੂਆਂ ਦਰਮਿਆਨ ਸਾਹਮਣੇ ਆਉਣ ਲੱਗ ਪਈ ਸੀ। ਇਹ ਲਕੀਰ ਸੀ ਵੀ ਬਹੁਤ ਗੂਹੜੀ। ਸੰਤ ਰਾਮ ਉਦਾਸੀ ਅਤੇ ਜਸਵੰਤ ਸਿੰਘ ਕੰਵਲ ਦੇ ਸਾਹਿਤ ਨੂੰ ਵੀ ਨਕਸਲੀ ਬੁਧੀਜੀਵੀਆਂ ਅਤੇ ਸਿੱਖ ਖਾੜਕੂਆਂ  ਨਾਲ ਜੁੜੇ ਬੁਧੀਜੀਵੀਆਂ ਨੇ ਨੇ ਆਪੋ ਆਪਣੇ ਢੰਗ ਨਾਲ ਵਿਆਖਿਆ ਕਰ ਕੇ ਵੰਡ ਲਿਆ ਸੀ। ਇਹ ਗੱਲ ਵੱਖਰੀ ਹੈ ਕਿ ਇਸ ਵੰਡ ਵੰਡਈਏ ਦੇ ਬਾਵਜੂਦ ਇਹ ਸ਼ਖਸੀਅਤਾਂ ਆਪੋ ਆਪਣੇ ਜੋਸ਼ੋ ਖਰੋਸ਼ ਵਾਲੀ ਭਾਵਨਾ ਅਤੇ ਸਪਿਰਿਟ ਨਾਲ ਪੂਰੀ ਤਰ੍ਹਾਂ ਜੁੜੀਆਂ ਵੀ ਰਹੀਆਂ। ਸਮੇਂ ਨੇ ਇਹਨਾਂ ਦੀ ਆਪਸੀ ਏਕਤਾ ਨੂੰ ਵੀ ਮਜ਼ਬੂਤ ਕੀਤਾ। 

ਅਸਲ ਵਿੱਚ ਜ਼ਿੰਦਗੀ ਦੇ ਬਹੁਤੇ ਵਰਗਾਂ ਕੋਲ  ਸਮਾਂ ਘਟਦਾ ਜਾ ਰਿਹਾ ਸੀ। ਬੁਧੀਜੀਵੀਆਂ ਲਈ ਇਹ ਸਮੱਸਿਆ ਹੋਰ ਵੀ ਗੰਭੀਰ ਸੀ। ਪਰਿਵਾਰ ਪਾਲਣਾ ਵੱਡੀ ਜ਼ਿੰਮੇਦਾਰੀ ਹੁੰਦੀ ਸੀ ਪਰ ਸਾਹਿਤ ਨਾਲ ਲਗਾਓ ਦੇ ਚੱਲਦਿਆਂ ਕਿਤਾਬਾਂ ਰਸਾਲੇ ਖਰੀਦਣੇ ਉਦੋਂ ਵੀ ਕੋਈ ਕੋਈ ਸਸਤੇ ਨਹੀਂ ਸਨ ਲੱਗਦੇ। ਸਾਹਿਤਕ ਆਯੋਜਨ ਵੀ ਹੁਣ ਵਾਂਗ ਚਕਾਚੌਂਧ ਵਾਲੇ ਬਹੁਤੇ ਖਰਚੀਲੇ ਨਹੀਂ ਸਨ ਹੁੰਦੇ। ਐਮਰਜੰਸੀ ਦੇ ਨਾਲ ਵੱਖ ਵੱਖ ਸਿਆਸੀ ਲਹਿਰਾਂ ਨੂੰ ਨੇੜਿਓਂ ਦੇਖ ਚੁੱਕੀ  ਮਿੰਨੀ ਕਹਾਣੀ ਵਾਲੀ ਲਹਿਰ ਦੀ ਧਾਰ ਵੀ ਤਿੱਖੀ ਹੁੰਦੀ ਜਾ ਰਹੀ ਸੀ। ਹਿੰਦੀ ਵਾਲੀ ਲਘੂ ਕਥਾ ਲਹਿਰ ਅਤੇ ਪੰਜਾਬੀ ਵਾਲੀ ਮਿੰਨੀ ਕਹਾਣੀ ਲੇਖਕ ਇੱਕ ਦੂਜੇ ਦੇ ਨੇੜੇ ਵੀ ਆ ਰਹੇ ਸਨ। ਨਾਜ਼ੁਕ ਵੇਲਿਆਂ ਦੇ ਬਾਵਜੂਦ ਮਿੰਨੀ ਕਹਾਣੀ ਮਜ਼ਬੂਤ ਹੋ ਰਹੀ ਸੀ। 

ਇਸੇ ਦੌਰਾਨ ਹੀ ਮਿੰਨੀ ਕਹਾਣੀ ਦੀ ਚੜ੍ਹਤ ਵੀ ਦੇਖੀ ਅਤੇ ਮਹਿਸੂਸ ਕੀਤੀ ਗਈ। ਮਿੰਨੀ ਕਹਾਣੀ ਕਿਸੇ ਤੇਜ਼ ਹਨੇਰੀ ਵਾਂਗ ਆਈ ਸੀ। ਸਾਹਿਤ ਤੇ ਆਲੋਚਕਾਂ ਵਾਂਗ ਨਜ਼ਰ ਰੱਖਣ ਵਾਲੇ ਹੁਣ ਕਹਾਣੀ ਅਤੇ ਮਿੰਨੀ ਕਹਾਣੀ ਦਰਮਿਆਨ ਵੀ ਲਕੀਰ ਦੇਖਣ ਲਗ ਪਏ ਸਨ। ਇਸ ਵਿਰੋਧ ਵਰਗੀ ਸੁਰ ਦੇ ਬਾਵਜੂਦ ਮਿੰਨੀ ਕਹਾਣੀ ਨੇ ਆਪਣੀ ਥਾਂ ਬਣਾਈ। ਆਲੋਚਕ ਲੋਕ ਮਿੰਨੀ ਕਹਾਣੀ ਨੂੰ ਚੁਟਕਲੇਬਾਜ਼ੀ ਕਹਿਣ ਤੋਂ ਵੀ ਨਹੀਂ ਸਨ ਹਟੇ। 

ਇਸ ਵਿਰੋਧ ਅਤੇ ਵਰਤਾਰੇ ਦੇ ਬਾਵਜੂਦ ਰੋਜ਼ਾਨਾ ਅਜੀਤ ਨੇ ਮਿੰਨੀ ਕਹਾਣੀ ਨੂੰ ਉਚੇਚ ਨਾਲ ਥਾਂ ਦੇਣੀ ਸ਼ੁਰੂ ਕੀਤੀ। ਅਜੀਤ ਦੇ ਮੈਗਜ਼ੀਨ ਐਡੀਟਰ ਬਲਦੇਵ ਗਰੇਵਾਲ ਹੁੰਦੇ ਸਨ। ਉਹਨਾਂ ਨੇ ਨੇ ਮਿੰਨੀ ਕਹਾਣੀ ਨੂੰ ਸਪੇਸ ਫਿੱਲਰ ਵਾਂਗ ਛਾਪਣ ਦੇ ਅੰਦਾਜ਼ ਨੂੰ ਵਿਕਸਿਤ ਕਰਦਿਆਂ ਬਾਅਦ ਵਿੱਚ ਵੱਡੀ ਕਹਾਣੀ ਵਾਂਗ ਉਸ ਨਾਲ ਸਕੈਚ ਅਤੇ ਡਿਜ਼ਾਈਨ ਛਾਪਣੇ ਵੀ ਸ਼ੁਰੂ ਕੀਤੇ ਜਿਸ ਨਾਲ ਮਿੰਨੀ ਕਹਾਣੀ ਵੀ ਛਪਣ ਮਗਰੋਂ ਬੜੀ ਆਕਰਸ਼ਿਤ ਲੱਗਦੀ। 

ਇਸੇ ਤਰ੍ਹਾਂ ਜਗਬਾਣੀ ਅਖਬਾਰ ਦੇ ਮੈਗਜ਼ੀਨ ਸੈਕਸ਼ਨ ਵਿੱਚ ਉਹਨਾਂ ਵੇਲਿਆਂ ਦੇ ਸਰਗਰਮ ਪੱਤਰਕਾਰ ਇਕਬਾਲ ਬਹਾਦਰ ਸਿੰਘ ਚਾਨਾ ਨੇ ਵੀ ਮਿੰਨੀ ਕਹਾਣੀਆਂ ਅਤੇ ਛੋਟੀਆਂ ਗ਼ਜ਼ਲਾਂ ਨੂੰ ਬੜੇ ਆਕਰਸ਼ਿਤ ਢੰਗ ਨਾਪ ਛਪਣਾ ਸ਼ੁਰੂ ਕੀਤਾ। ਇਸ ਢੰਗ ਤਰੀਕੇ ਨਾਲ ਛਪੀਆਂ ਮਿੰਨੀ ਕਹਾਣੀਆਂ ਪੂਰੇ ਸਫ਼ੇ ਦੀ ਸ਼ਾਨ ਵੀ ਲੱਗਦੀਆਂ ਸਨ। 

ਉਸ ਵੇਲੇ ਦੀ ਪ੍ਰਸਿੱਧ ਅਖਬਾਰ ਰੋਜ਼ਾਨਾ ਅਕਾਲੀ ਪੱਤ੍ਰਿਕਾ ਵਿੱਚ ਗੁਰਬਖਸ਼ ਸਿੰਘ ਵਿਰਕ ਵੀ ਇਸ ਪਾਸੇ ਉਚੇਚ ਨਾਲ ਧਿਆਨ  ਦੇਂਦੇ। ਅਕਾਲੀ ਪੱਤ੍ਰਿਕਾ ਵਿੱਚ ਛਪਣਾ ਵੀ ਉਦੋਂ ਬਹੁਤ ਮਾਣ ਸਨਮਾਨ  ਵਾਲੀ ਗੱਲ ਸਮਝੀ ਜਾਂਦੀ ਸੀ। ਕਈ ਹੋਰ ਨਵੇਂ ਪਰਚੇ ਵੀ ਸਾਹਮਣੇ ਆਏ।  

ਅਕਾਲੀ ਸਰਕਾਰ ਅਤੇ ਅਕਾਲੀ ਦਲ ਦੀ ਤਰਜਮਾਨ ਵੱਜੋਂ ਸ਼ੁਰੂ ਹੋਈ ਪੰਥਕ ਅਖਬਾਰ ਰੋਜ਼ਾਨਾ ਅਕਾਲੀ ਟਾਈਮਜ਼ ਵਿੱਚ ਗਿਆਨੀ ਜੰਗ ਸਿੰਘ ਸੰਪਾਦਕੀ ਸਫ਼ਾ ਵੀ ਦੇਖਦੇ ਅਤੇ ਮੈਗਜ਼ੀਨ ਸੈਕਸ਼ਨ ਵੀ। ਅਖਬਾਰੀ ਸਟਾਫ ਵਿੱਚ ਨੌਜਵਾਨ ਗੁਰਸਿੱਖ ਬਲਵੰਤ ਸਿੰਘ ਬੱਲ ਵੀ ਕਾਫੀ ਸਹਿਯੋਗ ਦੇਂਦੇ। ਜਲਦੀ ਹੀ ਅਕਾਲੀ ਸਰਕਾਰ ਅਤੇ ਅਕਾਲੀ ਦਲ ਵਿੱਚ ਖੜਕ ਪੈ ਅਤੇ ਇਹ ਅਖਬਾਰ ਉੱਸੇ ਟਕਰਾਓ ਦੇ ਚਲਦਿਆਂ ਬੰਦ ਹੋ ਗਈ। ਅਕਾਲੀ ਟਾਈਮਜ਼ ਅਖਬਾਰ ਖੁਦ ਅਕਾਲੀ ਸਰਕਾਰ ਵੇਲੇ ਹੀ ਬੰਦ ਹੋ  ਗਈ। ਇੱਕ ਪਾਸੇ ਸੰਤ ਹਰਚੰਦ ਸਿੰਘ ਲੌਂਗੋਵਾਲ ਅਤੇ ਇੱਕ ਪਾਸੇ ਲੋਹ ਪੁਰਸ਼ ਵੱਜੋਂ ਜਾਣੇ ਜਾਂਦੇ ਸਰਦਾਰ ਜਗਦੇਵ ਸਿੰਘ ਤਲਵੰਡੀ। ਇਸ ਟਕਰਾਓ ਨੇ ਅਕਾਲੀ ਟਾਈਮਜ਼ ਅਖਬਾਰ ਨੂੰ ਨਿਗਲ ਲਿਆ। 

ਰੋਜ਼ਾਨਾ ਨਵਾਂ ਜ਼ਮਾਨਾ ਵਿੱਚ ਮੈਗਜ਼ੀਨ ਸੈਕਸ਼ਨ ਦੀ ਦੇਖਰੇਖ ਸਰਵਣ ਸਿੰਘ, ਕਾਮਰੇਡ ਗੁਰਮੀਤ (ਹੁਣ ਦੇਸ਼ ਭਗਤ ਹਾਲ ਜਲੰਧਰ),  ਲਖਵਿੰਦਰ ਜੌਹਲ ਵੀ ਸਮਾਂ ਦੇਇਆ ਕਰਦੇ ਸਨ। ਕੁਝ ਸਮਾਂ ਇਹ ਚਾਰਜ ਮੇਰੇ ਕੋਲ ਵੀ ਰਿਹਾ। ਗੁਰਮੇਲ ਸਰਾ ਵੀ ਇਸ ਸੈਕਸ਼ਨ ਨੂੰ ਦਿਲਕਸ਼ ਬਣਾਉਣ ਲਈ ਆਪਣੀਆਂ ਦਿਲਚਸਪ ਲਿਖਤਾਂ ਦੇਇਆ ਕਰਦੇ ਸਨ। 

ਮਿੰਨੀ ਕਹਾਣੀ ਦੇ ਮਾਮਲੇ ਵਿੱਚ ਹਿੰਦੀ ਵਿੱਚ ਵੀ ਪੂਰਾ ਜ਼ੋਰ ਸੀ। ਜਨਾਬ ਸਿਮਰ ਸਦੋਸ਼ ਹੁਰਾਂ ਨੇ ਇਸ ਪਾਸੇ ਬਹੁਤ ਸਮਰਪਣ ਨਾਲ ਯੋਗਦਾਨ ਪਾਇਆ। ਉਹਨਾਂ ਹਿੰਦੀ ਮਿਲਾਪ ਅਖ਼ਬਾਰ ਦੇ ਤਿੰਨ ਵਿਸ਼ੇਸ਼ ਅੰਕ ਲਘੂ ਕਥਾ ਵਿਸ਼ੇਸ਼ ਅੰਕ ਵੱਜੋਂ ਕੱਢੇ। ਇਹ ਵਿਸ਼ੇਸ਼ ਅੰਕ ਬੜੇ ਖੋਜ ਭਰਪੂਰ ਵੀ ਸਨ ਅਤੇ ਬਹੁਤ ਸਾਂਭਣ ਯੋਗ ਵੀ ਸਨ। 

ਗਾਜ਼ੀਆਬਾਦ ਤੋਂ ਪੰਜਾਬ ਆਏ ਹੋਏ ਲੇਖਕ ਜਗਦੀਸ਼ ਕਸ਼ਿਅਪ ਹਿੰਦੀ ਮਿੰਨੀ ਕਹਾਣੀ ਵਿੱਚ ਕਾਫੀ ਸਰਗਰਮ ਰਹੇ। ਹਿੰਦੀ ਲੇਖਕ  ਲਘੂ ਕਥਾ ਆਖਿਆ ਕਰਦੇ ਸਨ। ਪੰਜਾਬੀ ਦੇ ਮੰਨੇ ਪ੍ਰਮੰਨੇ ਹਸਤਾਖਰ ਜਸਵੰਤ ਸਿੰਘ ਵਿਰਦੀ ਨਾਲ ਉਹਨਾਂ ਦਾ ਖਾਸ ਪਿਆਰ ਸੀ। ਉਹ ਨਾਵਲ ਵੀ ਲਿਖਦੇ ਸਨ ਪਰ ਮਿੰਨੀ ਕਹਾਣੀ ਨੂੰ ਲਹਿਰ ਬਣਾਉਣ ਵਿੱਚ ਵੀ ਉਹਨਾਂ ਦਾ ਕਾਫੀ ਯੋਗਦਾਨ ਸੀ। ਉਹਨਾਂ ਦੀ ਸ਼ੈਲੀ ਵੀ ਕਮਾਲ ਦੀ ਸੀ ਅਤੇ ਲਿਖਾਵਟ ਵੀ। 

ਲੁਧਿਆਣਾ ਵਿੱਚ ਹਿੰਦੀ ਪਰਚੇ ਵਿਨੀਤ ਦੇ ਸੰਪਾਦਕ ਅਤੇ ਪ੍ਰਕਾਸ਼ਕ ਮੁਲਖਰਾਜ ਮਲਹੋਤਰਾ ਮਾੜੀ ਆਰਥਿਕ ਹਾਲਤ ਦੇ ਬਾਵਜੂਦ ਮਿੰਨੀ ਕਹਾਣੀ ਨੂੰ ਇੱਕ ਸੁਤੰਤਰ ਵਿਧਾ ਵੱਜੋਂ ਸਥਾਪਿਤ ਕਰਨ ਲਈ ਸਰਗਰਮ ਰਹੇ। ਉਹ ਲੁਧਿਆਣਾ ਵਿੱਚ ਮਾਧੋਪੁਰੀ ਇਲਾਕੇ ਵਿੱਚ ਕਿਰਾਏ ਦੇ ਇੱਕ ਕਮਰੇ ਵਿਚ ਰਹਿੰਦੇ ਸਨ। 

ਅੰਮ੍ਰਿਤਸਰ ਦੇ ਸਰਗਰਮ ਲੇਖਕ ਹਰਭਜਨ ਸਿੰਘ ਖੇਮਕਰਨੀ ਹੁਰਾਂ ਨੇ ਇਹ ਸਾਰਾ ਦੌਰ ਆਪਣੀ ਅੱਖੀਂ ਬੜਾ ਨੇੜਿਓਂ ਹੋ ਕੇ ਦੇਖਿਆ ਹੋਇਆ ਹੈ। ਅੰਮ੍ਰਿਤਸਰ ਵਿੱਚ ਮਾਸਿਕ ਪਰਚੇ ਕੰਵਲ ਦੀ ਸੰਪਾਦਿਕਾ ਅਨਵੰਤ ਕੌਰ, ਸ਼ਰਨ ਮੱਕੜ, ਰਣਜੀਤ ਕੋਮਲ, ਐਮ ਐਸ ਪਾਲ, ਅਮਰੀਕ ਬਮਰ੍ਹਾ ਸਮੇਤ ਬਹੁਤ ਸਾਰੇ ਸਾਹਿਤਕਾਰ ਸਰਗਰਮ ਰਹਿੰਦੇ ਸਨ। ਉਹ ਇੱਕੋ ਇੱਕ ਕਮਰਾ ਹੀ ਉਹਨਾਂ ਦੀ  ਵੀ ਰਹੀ ਅਤੇ ਕਲਮ ਦੀ ਵੀ। 

ਜਲੰਧਰ ਵਿੱਚ ਹੀ ਅੱਜ ਦੀ ਆਵਾਜ਼, ਪੰਜਾਬ ਟਾਈਮਜ਼ ਅਤੇ ਕੁਝ ਹੋਰਨਾਂ ਅਖਬਾਰਾਂ ਨੇ ਵੀ ਸਾਹਿਤਿਕ ਕਵਰੇਜ ਵੱਲ ਉਚੇਚਾ ਧਿਆਨ ਦਿੱਤਾ। ਸਵਰਗੀ ਸੁਰਜੀਤ ਜਲੰਧਰੀ ਹੁਰਾਂ ਦੀ ਅਗਵਾਈ ਹੇਠ ਚੱਲਣ ਵਾਲਾ ਸੰਡੇ ਸੰਸਾਰ ਵੀ ਅਜਿਹੇ ਪਰਚਿਆਂ ਵਿੱਚ ਇੱਕ ਸੀ। 

ਕੁਝ ਕੁ ਅਰਸੇ ਮਗਰੋਂ ਹਿੰਦੀ ਵਿੱਚ ਰੋਜ਼ਾਨਾ ਜਾਗਰਣ, ਰੋਜ਼ਾਨਾ ਅਮਰ ਉਜਾਲਾ ਅਤੇ ਕੁਝ ਹੋਰਨਾਂ ਅਖਬਾਰਾਂ ਨੇ ਆ ਦਸਤਕ ਦਿੱਤੀ। ਕੇ ਮਨਜੀਤ ਦੀ "ਮਿੰਨੀ ਪੱਤ੍ਰਿਕਾ" ਵੀ ਬਹੁਤ ਹਰਮਨ ਪਿਆਰੀ ਰਹੀ। ਇਹ ਅੰਤਰਰਾਜੀ ਚਿੱਠੀ ਤੇ ਹੀ ਛਪਿਆ ਕਰਦੀ ਸੀ। ਕੇ ਮਨਜੀਤ ਦੇ ਹੀ ਪਰਚੇ ਸ੍ਰਿਸ਼ਟੀ ਨੇ ਵੀ ਆਪਣੀ ਕਾਫੀ ਥਾਂ ਬਣਾਈ ਸੀ। ਮਿੰਨੀ ਕਹਾਣੀ ਅਤੇ ਗ਼ਜ਼ਲ ਸਮੇਤ ਇਹ ਵਿਧਾਵਾਂ ਇਹ ਤੇਜ਼ ਹੋ ਰਹੀਆਂ ਸਨ

ਇਸੇ ਦੌਰਾਨ ਮਾਨ ਸਨਮਾਨ ਦੇ ਰੁਝਾਣ ਨੇ ਵੀ ਜ਼ੋਰ ਫੜਿਆ, ਸਮਾਗਮਾਂ ਦੀਆਂ ਪ੍ਰਧਾਨਗੀਆਂ ਦਾ ਚਲਣ ਵੀ ਤੇਜ਼ ਹੋਇਆ, ਸਾਹਿਤਿਕ ਸੰਗਠਨਾਂ ਨੇ ਸਿਆਸੀ ਧਿਰਾਂ ਦੀਆਂ ਟਰੇਡ ਯੂਨੀਅਨਾਂ ਵਾਂਗ ਉਭਰਨਾ ਵੀ ਸ਼ੁਰੂ ਕੀਤਾ। ਗੁੱਟਬੰਦੀਆਂ ਵੀ ਤੇਜ਼ ਹੋਈਆਂ ਅਤੇ ਸਾਹਿਤਿਕ ਚੋਣਾਂ ਦੇ ਮੌਸਮ ਵੀ ਆਪਣਾ ਰੰਗ ਦਿਖਾਉਣ ਲੱਗੇ। ਏਨੇ ਨਵੇਂ ਰੁਝਾਨਾਂ ਦੇ ਯੁਗ ਵਿੱਚ ਕਿਤਾਬਾਂ ਦੀਆਂ ਪ੍ਰਕਾਸ਼ਨਾਂ ਦੇ ਕਾਰੋਬਾਰ ਵੀ ਤੇਜ਼ ਹੋਏ। ਕਿਤਾਬਾਂ ਨੂੰ ਛਾਪਣ ਤੋਂ ਇਲਾਵਾ ਰਿਲੀਜ਼ ਕਰਨ ਦਾ ਸਿਲਸਿਲਾ ਵੀ ਇੱਕ ਕਾਰੋਬਾਰ ਬਣ ਕੇ ਉਭਰਿਆ। ਜਿਸ ਦੇ ਨਾਲ ਪੁਸਤਕਾਂ ਦੀ ਚਰਚਾ ਅਤੇ ਰਿਵਿਊਂ ਵੀ ਹੋਣ ਲੱਗੇ। ਮਿੰਨੀ ਕਹਾਣੀ ਅਤੇ ਗ਼ਜ਼ਲ ਦੀ ਤਕਨੀਕ ਵਿੱਚ ਇਸ ਸਾਰੇ ਪਸਾਰੇ ਵਿੱਚ ਅਲੋਪ ਵਾਂਗ ਹੋ ਗਏ। 

ਹੁਣ ਜਨਾਬ ਸੁਰਿੰਦਰ ਸਿੰਘ ਕੈਲੇ ਦੀ ਅਗਵਾਈ ਵਾਲੇ ਅਣੂ ਮੰਚ ਨੇ ਇੱਕ ਵਾਰ ਫੇਰ ਅਲੋਪ ਹੋ ਰਹੀਆਂ ਇਹਨਾਂ ਵਿਧਾਵਾਂ ਵੱਲ ਉਚੇਚ ਨਾਲ ਧਿਆਨ ਦਿੱਤਾ ਹੈ। ਉਹਨਾਂ ਦੀ ਦੇਖਰੇਖ ਹੇਠ ਕਰਵਾਏ ਗਏ ਇਸ ਸੈਮੀਨਾਰ ਨੇ ਅਤੀਤ ਦਾ ਵੀ ਕਾਫੀ ਕੁਝ ਯਾਦ ਕਰਾਇਆ ਅਤੇ ਭਵਿਖ ਦੇ ਪੂਰਨਿਆਂ ਬਾਰੇ ਵੀ ਚਰਚਾ ਕੀਤੀ। 
ਲੁਧਿਆਣਾ  ਵਿੱਚ 22 ਦਸੰਬਰ 2024 ਨੂੰ ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਵਲੋਂ ਛੋਟੇ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹੀਦੀ ਨੂੰ
ਸਮਰਪਿਤ, ਮਿੰਨੀ ਕਹਾਣੀ ਰਾਸ਼ਟਰੀ ਸੈਮੀਨਾਰ ਪੰਜਾਬੀ ਭਵਨ, ਲੁਧਿਆਣਾ ਵਿਖੇ ਕਰਵਾਇਆ ਗਿਆ। ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੇ ਜਨਰਲ ਸਕੱਤਰ ਡਾ. ਗੁਲਜ਼ਾਰ ਸਿੰਘ ਪੰਧੇਰ ਨੇ ਹਾਜ਼ਰੀਨ ਨੂੰ ਜੀ ਆਇਆਂ ਨੂੰ ਕਹਿੰਦਿਆਂ ਅਕਾਡਮੀ ਦੀਆਂ ਸਰਗਰਮੀਆਂ ਦੀ ਸੰਖੇਪ ਜਾਣਕਾਰੀ ਦਿੱਤੀ।

‘ਮਿੰਨੀ ਕਹਾਣੀ ਦੀ ਬਣਤਰ ਗਲਪ ਪਰਿਵਾਰ ਵਾਲੀ ਹੈ ਜਿਸ ਦੀ ਪੇਸ਼ਕਾਰੀ ਕਾਲ ਬਣਤਰ ਅਤੇ ਨਾਟਕੀ ਅੰਸ਼ ਪ੍ਰਭਾਵਸ਼ਾਲੀ ਰੋਲ ਅਦਾ ਕਰਦੇ ਹਨ। ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਵਲੋਂ ਮਿੰਨੀ ਕਹਾਣੀ ਰਾਸ਼ਟਰੀ ਸੈਮੀਨਾਰ ਦਾ ਆਯੋਜਨ ਕਰਨਾ ਸਾਹਿਤ ਲਈ ਇਕ ਅਗਾਂਹਵਧੂ ਕਦਮ
ਹੈ।’ 

ਡਾ. ਪਦੀਪ ਕੌੜਾ ਨੇ ਆਪਣੇ ਪ੍ਰਧਾਨਗੀ ਭਾਸ਼ਨ ਵਿਚ ਕਿਹਾ ਕਿ ਡਾ. ਅਸ਼ੋਕ ਭਾਟੀਆ ਨੇ ਆਪਣੇ ਖੋਜ ਪੱਤਰ ‘ਪੰਜਾਬੀ ਮਿੰਨੀ ਕਹਾਣੀ ਦਾ ਭਾਰਤੀ ਮਿੰਨੀ
ਕਹਾਣੀ ਨਾਲ ਤੁਲਨਾਤਮਕ ਅਧਿਐਨ’ ਵਿਚ ਖਾਸ ਤੌਰ ’ਤੇ ਪੰਜਾਬੀ ਮਿੰਨੀ ਕਹਾਣੀ ਅਤੇ ਹਿੰਦੀ 
ਲਘੂ ਕਥਾ ਦੀ ਤੁਲਨਾ ਦਸ ਕਸੌਟੀਆਂ ’ਤੇ ਕੀਤੀ।  ਉਹਨਾਂ ਤਰਕ, ਅੰਧ ਵਿਸ਼ਵਾਸ, ਰਾਜਨੀਤੀ ਅਤੇ ਸੰਪਰਦਾਇਕ ਪੱਖਾਂ ਦੀ ਦੋਹਾਂ ਭਾਸ਼ਾਵਾਂ ਵਿਚ ਲੋੜ ਨੂੰ ਉਦਾਹਰਣਾ ਰਾਹੀਂ ਪੇਸ਼ ਕੀਤਾ।

‘ਮਿੰਨੀ ਕਹਾਣੀ ਦਾ ਕਥਾ ਬਿਰਤਾਂਤ ਵਿਚ ਸਥਾਨ’ ਖੋਜ ਪੱਤਰ ਪੇਸ਼ ਕਰਦਿਆਂ ਡਾ. ਨਾਇਬ ਸਿੰਘ ਮੰਡੇਰ ਕਿਹਾ ਮਿੰਨੀ ਕਹਾਣੀ ਨੂੰ ਗਲਪੀ ਬਿਰਤਾਂਤਕ ਸ਼ੈਲੀ ਵਿਚ ਪੇਸ਼ ਕਰਨਾ ਹੁੰਦਾ ਹੈ ਅਤੇ ਇਸ ਵਿਚ ਕਥਾ ਦੀ ਬਹੁਤ ਮਹੱਤਤਾ ਹੈ।  ‘ਮਿੰਨੀ ਕਹਾਣੀ ਦੀ ਰੂਪ ਬਣਤਰ-ਸਿਧਾਂਤਕ ਪ੍ਰਸ਼ਨ’ ਵਿਸ਼ੇ ’ਤੇ ਖੋਜ ਪੱਤਰ ਵਿਚ ਨਿਰੰਜਨ ਬੋਹਾ ਨੇ ਕਹਾਣੀ ਦੀ ਬਣਤਰ, ਵਿਸ਼ੇ ਅਤੇ ਭਾਸ਼ਾ ਬਾਰੇ ਵਿਸਥਾਰਪੂਰਵਕ ਚਾਨਣਾ ਪਾਇਆ। ਉਨ੍ਹਾਂ ਨੇ ਖਾਸ ਤੌਰ ’ਤੇ ਕਹਾਣੀ ਦੇ ਸਿਰਲੇਖ ਬਾਰੇ ਗੱਲ ਕਰਦਿਆਂ ਕਿਹਾ ਕਿ ਕਹਾਣੀ ਦਾ ਅੰਤਰੀਵ ਭਾਵ ਕਹਾਣੀ ਵਿਚ ਹੋਣਾ ਚਾਹੀਦਾ ਹੈ, ਇਸ ਦੇ ਨਾਂ ਤੋਂ ਕਹਾਣੀ ਦੇ ਵਿਸ਼ੇ ਦਾ ਪਤਾ ਨਹੀਂ ਲਗਣਾ ਚਾਹੀਦਾ।

ਡਾ. ਯੋਗਰਾਜ ਪ੍ਰਭਾਕਰ ਨੇ ਸੈਮੀਨਾਰ ਵਿਚ ਪੜ੍ਹੇ ਗਏ ਤਿੰਨਾਂ ਪੇਪਰਾਂ ਬਾਰੇ ਗੱਲ ਕਰਦਿਆਂ ਕਿਹਾ ਕਿ ਤਿੰਨੇ ਵਿਦਵਾਨਾਂ ਦੇ ਖੋਜ ਪੱਤਰ ਬਹੁਤ ਵਧੀਆ ਸਨ। ਲੇਖਕ ਨੂੰ ਭਾਸ਼ਾਈ ਗਿਆਨ ਦਾ ਹੋਣਾ ਜ਼ਰੂਰੀ ਹੈ ਕਿਉਕਿ ਲੇਖਕ ਦੀ ਭਾਸ਼ਾ ਅਤੇ ਪਾਠਕ ਦੀ ਭਾਸ਼ਾ ਅਲੱਗ ਅਲੱਗ ਹੁੰਦੀ ਹੈ। ਹੁਣ ਰਚਨਾਕਾਰਾਂ ਨੂੰ ਅੰਤਰਰਾਸ਼ਟਰੀ ਪੱਧਰ ਦੀਆਂ ਰਚਨਾਵਾਂ ਵੱਲ ਧਿਆਨ ਦੀ ਲੋੜ ਹੈ। 

ਸ. ਹਰਭਜਨ ਸਿੰਘ ਖੇਮਕਰਨੀ ਨੇ ਅਕਾਡਮੀ ਦੇ ਇਸ ਸੈਮੀਨਾਰ ਲਈ ਪ੍ਰਸੰਸਾ ਕਰਦਿਆਂ ਕਿਹਾ ਕਿ ਇਹੋ ਜਿਹੇ ਸੈਮੀਨਾਰ ਭਵਿੱਖ ਵਿਚ ਵੀ ਹੁੰਦੇ ਰਹਿਣੇ ਚਾਹੀਦੇ ਹਨ ਤਾਂ ਜੋ ਨਵੇਂ ਲੇਖਕਾਂ ਨੂੰ ਵਿਧਾ ਬਾਰੇ ਜਾਣਕਾਰੀ ਮਿਲ ਸਕੇ। ਡਾ. ਹਰਪ੍ਰੀਤ ਸਿੰਘ ਰਾਣਾ ਨੇ ਮਿੰਨੀ ਕਹਾਣੀ ਬਾਰੇ ਗਲ ਕਰਦਿਆਂ ਕਿਹਾ ਕਿ ਅਕਾਡਮੀ ਵਲੋਂ ਇਹੋ ਜਿਹੇ ਸੈਮੀਨਾਰ ਹੋਣੇ ਸ਼ੁਭ ਸਗਨ ਹੈ। ਮਿੰਨੀ ਕਹਾਣੀ ਦਾ ਇਤਿਹਾਸ ਅੱਧੀ ਸਦੀ ਤੋਂ ਵੱਧ ਪੁਰਾਣਾ ਹੈ ਇਸ ਵਿਚ ਨਵੇਂ ਪ੍ਰਯੋਗ ਵੀ ਹੋ ਰਹੇ ਹਨ। ਜਿਹਨਾਂ ਦੇ ਦੂਰਰਸ ਸਿੱਟੇ ਬਹੁਤ ਚੰਗੇ ਨਿਕਲਣਗੇ। 

ਸੈਮੀਨਾਰ ਮੌਕੇ ਕਈ ਨਵੀਆਂ ਪ੍ਰਕਾਸ਼ਨਾਵਾਂ ਵੀ ਰਿਲੀਜ਼ ਕੀਤੀਆਂ ਗਈਆਂ। ਇਹਨਾਂ ਵਿੱਚ ਅਣੂ, ਮਾਰਚ 2025, ਡਾ. ਗੁਰਚਰਨ ਕੌਰ ਥਿੰਦ ਦੀ ਪੁਸਤਕ ‘ਲਹਿੰਦੇ ਪੰਜਾਬ ’ਚ 14 ਦਿਨ’ ਅਤੇ ਸ. ਹਰਭਜਨ ਸਿੰਘ ਖੇਮਕਰਨੀ ਦੀ ਪੁਸਤਕ ‘ਬਸੰਤ ਕਾਵਿ ਰੰਗ’ ਲੋਕ ਅਰਪਣ ਕੀਤੀ ਗਈ। ਇਸ ਸੈਮੀਨਾਰ ਦੇ ਕਨਵੀਨਰ ਸੁਰਿੰਦਰ ਕੈਲੇ ਨੇ ਮੰਚ ਸੰਚਾਲਨ ਕਰਦਿਆਂ ਕਿਹਾ ਕਿ ਵੱਡੀ ਗਿਣਤੀ ਵਿਚ ਵਿਦਵਾਨਾਂ ਦੀ ਸ਼ਮੂਲੀਅਤ ਇਸ ਗੱਲ ਦੀ ਗਵਾਹ ਹੈ ਕਿ ਮਿੰਨੀ ਕਹਾਣੀ ਲਗਾਤਾਰ ਨੂੰ ਗੰਭੀਰਤਾ ਨਾਲ ਪੜ੍ਹਿਆ ਅਤੇ ਪੜਚੋਲਿਆ ਜਾ ਰਿਹਾ ਹੈ।

ਮਿੰਨੀ ਕਹਾਣੀ ਨਾਲ ਸਬੰਧਤ ਇਸ ਕੌਮੀ ਸੈਮੀਨਾਰ ਮੌਕੇ ਡਾ. ਜੋਗਿੰਦਰ ਸਿੰਘ ਨਿਰਾਲਾ, ਤ੍ਰੈਲੋਚਨ ਲੋਚੀ, ਜਨਮੇਜਾ ਸਿੰਘ ਜੌਹਲ,ਕਰਮਜੀਤ ਸਿੰਘ ਗਰੇਵਾਲ, ਕੇ. ਸਾਧੂ ਸਿੰਘ, ਅਮਰੀਕ ਸਿੰਘ ਤਲਵੰਡੀ, ਦਵਿੰਦਰ ਪਟਿਆਲਵੀ, ਇੰਦਰਜੀਤਪਾਲ ਕੌਰ, ਸੁਰਿੰਦਰ ਦੀਪ, ਸਤੀਸ਼ ਗੁਲਾਟੀ, ਰਵੀ ਰਵਿੰਦਰ, ਮਲਕੀਅਤ ਸਿੰਘ ਔਲਖ, ਮਨਦੀਪ ਕੌਰ ਭੰਮਰਾ, ਡਾ. ਗੁਰਵਿੰਦਰ ਸਿੰਘ ਅਮਨ, ਸੀਮਾ ਵਰਮਾ, ਮਨਜੀਤ ਕੌਰ ਧੀਮਾਨ,ਮੋਹੀ ਅਮਰਜੀਤ ਸਿੰਘ, ਬੀਬਾ ਕੁਲਵੰਤ,ਪਰਗਟ ਸਿੰਘ ਜੰਬਰ, ਡੀ.ਐਮ. ਸਿੰਘ, ਹਿੰਮਤ ਸਿੰਘ, ਜੈਪਾਲ, ਸੁਖਚਰਨ ਸਿੰਘ ਸਿੱਧੂ, ਬਲਰਾਜ ਕੁਹਾੜਾ, ਅਮਰਜੀਤ ਸ਼ੇਰਪੁਰੀ, ਸੋਮ ਨਾਥ ਕਲਸੀਆ, ਗੁਰਦੀਪ ਸਿੰਘ ਸਮੇਤ ਕਾਫ਼ੀ ਗਿਣਤੀ ਵਿਚ ਲੇਖਕ ਅਤੇ ਸਰੋਤੇ ਹਾਜ਼ਰ ਸਨ।

ਨਿਸਚੇ ਹੀ ਇਸ ਸੈਮੀਨਾਰ ਨਾਲ ਮਿੰਨੀ ਕਹਾਣੀ ਵਾਲੇ ਸਾਹਿਤ ਦੀ ਚਰਚਾ ਹੋਰ ਅੱਗੇ ਵਧੀ ਹੈ। 

Wednesday, 11 December 2024

ਕੇਂਦਰੀ ਲੇਖਕ ਵਲੋਂ ਆਲਮੀ ਪੰਜਾਬੀ ਕਾਨਫਰੰਸ 7 ਮਾਰਚ ਤੋਂ

11th December 2024 at 16:30 WhatsApp Regarding Alami Punjabi Conference From 7th March 2025

ਹਰਭਜਨ ਸਿੰਘ ਹੁੰਦਲ ਕਾਵਿ ਪੁਰਸਕਾਰ ਸ਼ੁਰੂ ਕਰਨ ਦਾ ਵੀ ਅਹਿਮ ਐਲਾਨ 

ਕੇਂਦਰੀ ਪੰਜਾਬੀ ਲੇਖਕ ਸਭਾ ਦੀ ਕਾਰਜਕਾਰਨੀ ਦੀ ਮੀਟਿੰਗ ਵਿੱਚ ਹਾਜ਼ਰ ਪ੍ਰਧਾਨ ਦਰਸ਼ਨ ਬੁੱਟਰ,ਸੁਸ਼ੀਲ ਦੁਸਾਂਝ,
ਡਾ. ਅਟਵਾਲ, ਦੀਪ ਦੇਵਿੰਦਰ ਸਿੰਘ ਅਤੇ ਹੋਰ ਅਹੁਦੇਦਾਰ
ਚੰਡੀਗੜ੍ਹ: 11 ਦਸੰਬਰ 2024: (ਸਾਹਿਤ ਸਕਰੀਨ ਡੈਸਕ)::

ਜਦੋਂ ਸਾਡੇ ਆਲੇ ਦੁਆਲੇ ਪੰਜਾਬ ਅਤੇ ਪੰਜਾਬੀ ਦੇ ਦੁਸ਼ਮਣ ਆਪਣੀਆਂ ਸਾਜ਼ਿਸ਼ੀ ਸਰਗਰਮੀਆਂ ਨੂੰ ਹਨੇਰੀ ਵਾਂਗ ਚਲਾ ਰਹੇ ਹਨ। ਪੰਜਾਬ ਅਤੇ ਪੰਜਾਬੀ ਦੇ ਹੱਕਾਂ ਤੇ ਡਾਕੇ ਮਾਰ ਰਹੇ ਹਨ। ਪੰਜਾਬ ਵਿੱਚ ਪੰਜਾਬੀਆਂ ਅਤੇ ਪ੍ਰਵਾਸੀਆਂ ਨੂੰ ਲੜਾਉਣ  ਵਿੱਚ ਲੱਗੇ ਹੋਏ ਹਨ ਉਦੋਂ ਪੰਜਾਬੀ ਭਾਸ਼ਾ ਅਤੇ ਸਾਹਿਤ ਦੇ ਮੁੱਦਈ ਇਹਨਾਂ ਸਾਜ਼ਿਸ਼ਾਂ ਨੂੰ ਨਾਕਾਮ ਬਣਾਉਣ ਲਈ ਦੁਨੀਆ ਭਰ ਨੂੰ ਲਾਮਬੰਦ ਕਰਨ ਵਿੱਚ ਲੱਗੇ ਹੋਏ ਹਨ। ਇਹਨਾਂ ਖਾਮੋਸ਼ ਪਰ ਠੋਸ ਕੋਸ਼ਿਸ਼ਾਂ ਦੇ ਮੂੰਹੋਂ ਬੋਲਦੇ ਕੁਝ ਕੁ ਮੁਢਲੇ ਨਤੀਜੇ ਤੁਹਾਡੇ ਸਾਹਮਣੇ ਆਉਣਗੇ ਨਵੇਂ ਸਾਲ ਵਿੱਚ ਮਾਰਚ ਦੇ ਮਹੀਨੇ।ਦਿਲਚਸਪ ਗੱਲ ਇਹ ਵੀ ਕਿ ਮਾਰਚ ਦੇ ਮਹੀਨੇ ਬਹੁਤ ਸਾਰੇ ਉਘੇ ਲੇਖਕਾਂ,ਲੇਖਿਕਾਵਾਂ, ਅਦਾਕਾਰਾਂ ਅਤੇ ਹੋਰ ਸ਼ਖਸੀਅਤਾਂ ਦੇ ਜਨਮਦਿਨ ਵੀ ਆਉਂਦੇ ਹਨ। 

ਇਹ ਜਾਣਕਾਰੀ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਜਨਰਲ ਸਕੱਤਰ ਅਤੇ ਉਘੇ ਸਾਹਿਤਿਕ ਪੱਤਰਕਾਰ ਸੁਸ਼ੀਲ ਦੁਸਾਂਝ ਨੇ ਇੱਕ ਗੈਰ ਰਸਮੀ ਗੱਲਬਾਤ ਦੌਰਾਨ ਦਿੱਤੀ। ਉਹਨਾਂ ਦਾ ਅੰਦਾਜ਼ ਦੱਸਦਾ ਸੀ ਕਿ ਉਹ ਅਤੇ ਉਹਨਾਂ ਦੇ ਸਾਰੇ ਸਾਥੀ ਇਸ ਪ੍ਰੋਜੈਕਟ ਅਤੇ ਪ੍ਰੋਗਰਾਮ ਨਾਲ ਕਿੰਨੀ ਸ਼ਿੱਦਤ ਨਾਲ ਅਤੇ ਕਿੰਨੇ ਜਜ਼ਬਾਤੀ ਹੋ ਕੇ ਜੁੜੇ ਹੋਏ ਹਨ। 

ਪੰਜਾਬੀ ਲੇਖਕਾਂ ਦੀ ਸਿਰਮੌਰ ਜਥੇਬੰਦੀ ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ) ਦੀ ਮੇਜ਼ਬਾਨੀ ਹੇਠ ਹੋਣ ਹੋਣ ਵਾਲੀ ਆਲਮੀ ਪੰਜਾਬੀ ਕਾਨਫਰੰਸ ਦੀਆਂ ਤਰੀਕਾਂ ਦਾ ਐਲਾਨ ਅਤੇ ਹੋਰ ਤਿਆਰੀਆਂ ਸਬੰਧੀ ਵਿਚਾਰ ਵਟਾਂਦਰਾ ਸਭਾ ਦੀ ਹੋਈ ਕਾਰਜਕਾਰਨੀ ਦੀ ਇਕੱਤਰਤਾ ਵਿੱਚ ਕੀਤਾ ਗਿਆ।  

ਕੇਂਦਰੀ ਸਭਾ ਦੇ ਪ੍ਰਧਾਨ ਦਰਸ਼ਨ ਬੁੱਟਰ ਅਤੇ ਸੀਨੀਅਰ ਮੀਤ ਪ੍ਰਧਾਨ ਡਾ. ਹਰਜਿੰਦਰ ਸਿੰਘ ਅਟਵਾਲ ਦੀ ਅਗਵਾਈ ਵਿਚ ਹੋਈ  ਇਸ ਇਕੱਤਰਤਾ ਵਿੱਚ ਜਨਰਲ ਸਕੱਤਰ ਸੁਸ਼ੀਲ ਦੁਸਾਂਝ ਅਤੇ ਦਫਤਰ ਸਕੱਤਰ ਦੀਪ ਦੇਵਿੰਦਰ ਸਿੰਘ ਵਲੋਂ ਪੇਸ਼ ਏਜੰਡਿਆਂ ਦੀ ਰੌਸ਼ਨੀ ਵਿੱਚ ਸਭਾ ਵਲੋਂ ਕਰਵਾਈ ਜਾਣ ਵਾਲੀ ਤਿੰਨ ਰੋਜ਼ਾ ਆਲਮੀ ਪੰਜਾਬੀ ਕਾਨਫਰੰਸ ਮਿਤੀ ਸੱਤ, ਅੱਠ ਅਤੇ ਨੌਂ ਮਾਰਚ ਨੂੰ ਕਰਵਾਏ ਜਾਣ ਦਾ ਫੈਸਲਾ ਕੀਤਾ ਗਿਆ। 

ਕਾਨਫਰੰਸ  ਦਾ ਆਗਾਜ਼ ਸਆਦਤ ਹਸਨ ਮੰਟੋ, ਲਾਲ ਸਿੰਘ ਦਿਲ, ਗੁਲਜ਼ਾਰ ਮੁਹੰਮਦ ਗੌਰੀਆ, ਸੁਖਜੀਤ ਅਤੇ ਮਾਸਟਰ  ਤਰਲੋਚਨ ਵਰਗੇ ਵੱਡੇ ਸਾਹਿਤਕਾਰਾਂ ਦੀ ਕਰਮ ਭੂਮੀ ਸਮਰਾਲਾ ਵਿਖੇ 7 ਮਾਰਚ ਨੂੰ ਹੋਵੇਗਾ ਅਤੇ ਅਗਲੇ ਦੋ ਦਿਨ ਇਹ ਕਾਨਫਰੰਸ ਚੰਡੀਗੜ੍ਹ ਵਿਖੇ ਹੋਵੇਗੀ ਜਿਸ ਵਿੱਚ ਪਾਕਿਸਤਾਨ ਸਮੇਤ ਵਖ ਵਖ ਮੁਲਕਾਂ ਤੋਂ ਪੰਜਾਬੀ ਅਦੀਬ ਹਿੱਸਾ ਲੈਣਗੇ। 

ਇੱਸੇ ਸਭਾ ਵਲੋਂ ਪਹਿਲਾਂ ਦਿੱਤੇ ਜਾਣ ਵਾਲੇ ਪੁਰਸਕਾਰ ਗਿਆਨੀ ਹੀਰਾ ਸਿੰਘ ਦਰਦ ਜਥੇਬੰਦਕ ਪੁਰਸਕਾਰ, ਡਾ. ਰਵੀ ਰਵਿੰਦਰ ਅਲੋਚਨਾ ਪੁਰਸਕਾਰ ਅਤੇ ਡਾ. ਐਸ. ਤਰਸੇਮ ਸਾਹਿਤ ਸਾਧਨਾ ਪੁਰਸਕਾਰ ਤੋਂ ਇਲਾਵਾ ਹਰਭਜਨ ਸਿੰਘ ਹੁੰਦਲ ਕਾਵਿ ਪੁਰਸਕਾਰ ਸ਼ੁਰੂ ਕਰਨ ਦਾ ਫੈਸਲਾ ਵੀ ਕੀਤਾ ਗਿਆ। ਇਹ ਪੁਰਸਕਾਰ ਸਭਾ ਵਲੋਂ 23 ਫਰਵਰੀ 2025 ਨੂੰ ਕਰਵਾਏ ਜਾਣ ਵਾਲੇ ਡੇੜ੍ਹ ਸਾਲਾ ਜਰਨਲ ਇਜਲਾਸ ਮੌਕੇ ਦਿੱਤੇ ਜਾਣਗੇ।

ਕੇਂਦਰੀ ਸਭਾ ਦੇ ਅਹੁਦੇਦਾਰਾਂ ਸੁਰਿੰਦਰਪ੍ਰੀਤ ਘਣੀਆਂ,ਸ਼ੈਲਿੰਦਰਜੀਤ ਰਾਜਨ, ਦਲਜੀਤ ਸਿੰਘ ਸ਼ਾਹੀ, ਬਲਵਿੰਦਰ ਸੰਧੂ, ਮੂਲ ਚੰਦ ਸ਼ਰਮਾ, ਮਖਣ ਕੁਹਾੜ, ਡਾ. ਛਿੰਦਰਪਾਲ, ਯਤਿੰਦਰ ਕੌਰ ਮਾਹਲ,  ਜਸਵੀਰ ਰਾਣਾ, ਐਸ. ਨਸੀਮ, ਦੀਪਕ ਸ਼ਰਮਾ ਚਨਾਰਥਲ, ਮਨਜਿੰਦਰ ਧਨੋਆ, ਡਾ. ਦਵਿੰਦਰ ਸੈਫੀ , ਗੁਰਮੀਤ ਬਾਜਵਾ, ਮਨਜੀਤ ਸਿੰਘ ਵਸੀ, ਡਾ. ਲੇਖ ਰਾਜ  ਅਤੇ ਹੋਰ ਕਾਰਜਕਾਰਨੀ ਮੈਂਬਰਾਂ ਵਲੋਂ ਕਾਨਫਰੰਸ ਦੀ ਕਾਮਯਾਬੀ ਲਈ ਸਹਿਯੋਗ ਦੀ ਹਾਮੀ ਭਰੀ।

Monday, 9 December 2024

ਕਿਸਾਨ ਦੀਆਂ ਅੱਖਾਂ ਵਿਚਲੇ ਹੰਝੂਆਂ ਅਤੇ ਅੱਥਰੂ ਗੈਸ ਦੇ ਗੋਲੇ ਬਾਰੇ ਰੀਤੂ ਕਲਸੀ

Reetu Kalsi Sunday 8th December 2024 at 14:40 WhatsApp Poem on farmers Struggle Sahit Screen

ਕਿਸਾਨੀ ਸੰਘਰਸ਼ ਬਾਰੇ ਦਿਲ ਨੂੰ ਝੰਜੋੜਦੀ ਰੀਤੂ ਕਲਸੀ ਦੀ ਇਹ ਨਜ਼ਮ 

......ਅੰਗਰੇਜ਼ਾਂ ਨੇ ਵੀ ਆਪਣੇ ਦੇਸ਼ ਦੇ ਵਿੱਚ ਆਉਣ ਜਾਣ ਤੋਂ ਨਾ ਰੋਕਿਆ ਸੀ!

ਕੀ ਲਗਦਾ ਏ 

ਕਿਸਾਨ ਦੀ ਅੱਖ ਦਾ ਅੱਥਰੂ

 ਸੁੱਕ ਗਿਆ ਏ! 

ਇਸ ਲਈ ਸੁਟਣੇ ਨੇ

ਅੱਥਰੂ ਗੈਸ ਦੇ ਗੋਲੇ!

ਰੋਣਾ ਹੀ ਹੁੰਦਾ ਹਰ ਵੇਲੇ! 

ਤੇ ਅੰਗਰੇਜ਼ਾਂ ਦੇ ਤਸੀਹੇ ਵੀ

ਰੋਂਦੇ ਰੋਂਦੇ ਹੀ ਸਹਿਣੇ ਸੀ!

ਨਹੀ ਸੀ ਲੋੜ ਪੈਣੀ ਅਜ਼ਾਦੀ ਦੀ!

ਸਹੀ ਜਾਣਾ ਸੀ ਸੋਚਦੇ ਹੋਏ!

ਸਾਡੇ ਹੱਕ ਦੀ ਗੱਲ ਕਰ ਰਹੀ ਸਰਕਾਰ

ਕਿਉਂਕਿ ਪੁਚਕਾਰ ਦੀ ਵੀ ਹੀ!

ਜੁੱਤੇ ਮਾਰ ਸਰਕਾਰ

ਅੱਜ ਕਲ ਦੇਸ਼ ਭਗਤ ਓਹੀ 

ਜੋ ਜੈਕਾਰ ਜੈਕਾਰ  ਕਰੇ ਸਰਕਾਰ ਦੀ!

ਬਾਕੀ ਸਭ ਦੇਸ਼ ਦ੍ਰੋਹੀ!

ਕੋਈ ਫਰਕ ਨਹੀਂ ਅੰਗਰੇਜ਼ਾਂ ਦੇ!

ਰਾਇ ਸਾਹਿਬ ਬਣਾਏ ਉਹਨਾਂ ਲੋਕਾਂ 

ਅਤੇ ਅੱਜ ਦੇ ਸਰਕਾਰ ਦੇ ਪਿੱਠੂਆਂ ਦੇ!

ਕੋਈ ਨਾ ਅਜ਼ਾਦੀ ਵੀ ਕੋਈ ਇਕ ਦਿਨ ਚ ਮਿਲੀ ਨਾ ਸੀ!

ਪਰ ਅੰਗਰੇਜ਼ਾਂ ਨੇ ਵੀ ਆਪਣੇ ਦੇਸ਼ ਦੇ ਵਿੱਚ ਆਉਣ ਜਾਣ ਤੋਂ ਨਾ ਰੋਕਿਆ ਸੀ!

ਸਰਕਾਰ ਦੀ ਕੋਈ ਸਾਜ਼ਿਸ਼ ਏ 

ਜਿਹੜੀ ਅਸੀਂ ਤੁਸੀਂ ਸਮਝ ਨਹੀਂ ਰਹੇ!

ਐਵੇਂ ਈ ਪੰਜਾਬ ਦੇ ਕਿਸਾਨ ਨੂੰ

ਖਾਲਿਸਤਾਨੀ ਕਹਿ ਬਾਰਡਰ ਬਣਾ ਰੋਕ ਨਹੀਂ ਰਹੀ ਇਹ ਤਾਨਾਸ਼ਾਹੀ ਸਰਕਾਰ!

ਹਿੰਦੂਤੱਵ ਦਾ ਝੰਡਾ ਚੁੱਕੀ ਮਨਸ਼ਾ ਸਮਝੋ!

ਮੇਰੇ ਭਰਾਵੋ ਭੈਣੋ

ਕਿਸਾਨ ਤੇ ਪੂਰੇ ਦੇਸ਼ ਦਾ ਪਰੇਸ਼ਾਨ

ਯੂ ਪੀ ਆਲਾ ਵੀ ਚਲਿਆ ਦਿੱਲ੍ਹੀ ਨੂੰ

ਓਹ ਖਾਲਿਸਤਾਨੀ ਨਹੀਂ ਕਹਿਲਾਇਆ!

ਕਿਹਾ ਬੱਸ ਨਕਲੀ ਕਿਸਾਨ!


ਅੱਜ ਦਾ ਰਾਇ ਸਾਹਿਬ ਦਾ ਵੀ ਕਹਿਣਾ ਏ 

ਕਿਸਾਨ ਨੇ ਬੇਫ਼ਾਲਤੁ ਰੋਕਿਆ ਰਾਹ!

ਜੋ ਸਰਕਾਰ ਨੇ ਰੋਕਿਆ ਓਹ ਨਹੀਂ ਵੇਖਿਆ!

ਵਪਾਰੀ ਹੱਥ ਸਭ ਨਕਲੀ ਵਸਤੂ 

ਖਰੀਦਣੀ ਸ਼ਾਨ ਨਾਲ!

ਕਿਸਾਨ ਨੂੰ ਕਹਿਣਾ ਨਾ ਕਰੇ ਕਿਸਾਨੀ ਫਿਰ!

ਚਲੋ ਮੰਨ ਲਿਆ

ਕਿਸਾਨੀ ਛੱਡ ਦਿੱਤੀ ਹਰ ਕਿਸੀ ਨੇ

ਫਿਰ ਇਹਨਾਂ ਰਾਇ ਸਾਹਿਬ ਨੇ

ਨੌਕਰ ਬਣ ਵਪਾਰੀ ਦੇ ਖੇਤ ਖੇਤੀ ਕਰਨੀ

ਰੋਟੀ ਤੇ ਸਭ ਨੂੰ ਚਾਹੀਦੀ! 

ਬਰੈਡ ਦੇ ਰੂਪ ਚ ਹੋਵੇ ਚਾਹੇ ਪਿਜ਼ਾ! 

ਲੋੜ ਤੇ ਖੇਤ ਦੀ ਪੈਣੀ!

ਕਿਸਾਨ ਦੀ ਪੈਣੀ!


ਫਿਰ ਹੰਝੂ ਆਣੇ ਜੋ ਇਹਨਾਂ ਦੀਆਂ ਅੱਖਾਂ ਚ

ਸੱਚ ਮੰਨਿਓ 

ਫਿਰ ਕਿਸੇ ਹੰਝੂ  ਗੈਸ ਦੇ ਗੋਲੇ ਦੀ ਲੋੜ ਨਹੀਂ ਪੈਣੀ!

                        -----ਰੀਤੂ ਕਲਸੀ

 

Sunday, 8 December 2024

ਪੰਜਾਬੀ ਲੇਖਕ ਸਭਾ ਚੰਡੀਗੜ ਦੀ ਚੋਣ ਬਿਨਾ ਮੁਕਾਬਲਾ ਸੰਪੰਨ

ਦੀਪਕ ਸ਼ਰਮਾ ਚਨਾਰਥਲ ਅਤੇ ਭੁਪਿੰਦਰ ਮਲਿਕ ਸਾਥੀਆਂ ਸਣੇ ਚੁਣੇ ਗਏ 

ਚੰਡੀਗੜ੍ਹ: 8 ਦਸੰਬਰ 2024: (ਕਾਰਤਿਕਾ ਕਲਿਆਣੀ ਸਿੰਘ//ਸਾਹਿਤ ਸਕਰੀਨ ਡੈਸਕ):: 


ਸਾਹਿਤ ਦੀ ਦੁਨੀਆ ਵਿੱਚ ਲਗਾਤਾਰ ਸਰਗਰਮ ਰਹਿਣ ਵਾਲੀ ਸਾਹਿਤਿਕ ਸੰਸਥਾ "ਪੰਜਾਬੀ ਲੇਖਕ ਸਭਾ" ਦੀ ਬਿਨਾ ਮੁਕਾਬਲਾ  ਚੋਣ ਅੱਜ ਪਹਿਲਾਂ ਤੋਂ ਐਲਾਨੇ ਪ੍ਰੋਗਰਾਮ ਮੁਤਾਬਕ ਹੋਈ ਜਿਸ ਵਿਚ ਸਰਗਰਮ ਕਲਮਕਾਰ ਇੱਕ ਵਾਰ ਫੇਰ ਆਪੋ ਆਪਣੀ ਜ਼ਿੰਮੇਵਾਰੀ ਨਿਭਾਉਣ ਲਈ ਅੱਗੇ ਆਏ ਹਨ। ਇਹਨਾਂ ਨੂੰ ਸਭਨਾਂ ਵੱਲੋਂ ਹਾਰਦਿਕ ਵਧਾਈਆਂ ਦੇਂਦਿਆਂ ਜੀ ਆਇਆਂ ਆਖਿਆ ਗਿਆ। ਕਲਾ ਭਵਨ ਵਿੱਚ ਅੱਜ ਸਾਹਿਤ ਨਸਲ ਸਬੰਧਤ ਵਖਰੀ ਕਿਸਮ ਦੀਆਂ ਰੌਣਕਾਂ ਰਹੀਆਂ।

ਸਾਹਿਤ ਦੇ ਨਾਲ ਨਾਲ ਪੱਤਰਕਾਰੀ ਵਿੱਚ ਨਵੀਆਂ ਪਿਰਤਾਂ ਪਾਉਣ ਵਾਲੇ ਦੀਪਕ ਸ਼ਰਮਾ ਚਨਾਰਥਲ ਪ੍ਰਧਾਨ ਚੁਣੇ ਗਏ। ਦੇਸ਼, ਪੰਜਾਬ ਅਤੇ ਦੁਨੀਆ ਵਿੱਚ ਹੁੰਦੀਆਂ ਸਰਗਰਮੀਆਂ ਨੂੰ ਤੀਸਰੀ ਅੱਖ ਨਾਲ ਦੇਖਣ ਵਾਲੇ ਦੀਪਕ ਸ਼ਰਮਾ ਚਨਾਰਥਲ ਵਿੱਚ ਬਹੁਤ ਖੂਬੀਆਂ ਹਨ ਜਿਹਨਾਂ ਦੀ ਚਰਚਾ ਵੱਖਰੀ ਪੋਸਟ ਵਿੱਚ ਕੀਤੀ ਜਾਏਗੀ ਬਹੁਤ ਹੀ ਜਲਦੀ।

ਇੱਸੇ ਸੰਗਠਨ ਨਾਲ ਜੁੜੇ ਹੋਏ ਭੁਪਿੰਦਰ ਸਿੰਘ ਮਲਿਕ ਇਸ ਵਾਰ ਵੀ ਜਨਰਲ ਸਕੱਤਰ ਚੁਣੇ ਗਏ ਹਨ। ਰੇਡੀਓ ਦੀ ਦੁਨੀਆ, ਪ੍ਰਿੰਟ ਮੀਡੀਆ ਦੀ ਦੁਨੀਆ ਅਤੇ ਕਲਮਾਂ ਵਾਲਿਆਂ ਦੇ ਸੰਸਾਰ ਦੀ ਗੱਲ ਉਹ ਅਕਸਰ ਆਪਣੀਆਂ ਉਹਨਾਂ ਪੋਸਟਾਂ ਵਿੱਚ ਕਰਦੇ ਰਹਿੰਦੇ ਹਨ ਜਿਹਨਾਂ ਨੂੰ ਮਾਈਕਰੋ ਪੋਸਟਾਂ ਵੀ ਕਿਹਾ ਜਾ ਸਕਦਾ ਹੈ। ਇਹ ਨਿੱਕੀਆਂ ਪੋਸਟਾਂ ਵਿੱਚ ਹਰ ਵਾਰ ਕੋਈ ਨੇ ਕੂ ਵੱਡੀ ਗੱਲ ਲੁਕੀ ਹੁੰਦੀ ਹੈ।

ਪੰਜਾਬੀ ਦੇ ਨਾਲ ਅਥਾਹ ਪਿਆਰ ਕਰਨ ਵਾਲੇ ਪਾਲ ਅਜਨਬੀ ਸੀਨੀਅਰ ਮੀਤ ਪ੍ਰਧਾਨ ਚੁਣੇ ਗਏ ਹਨ। ਦਿਲਚਸਪ ਗੱਲ ਹੈ ਕਿ ਜਨਾਬ ਪਾਲ ਅਜਨਬੀ ਹਿੰਦੀ ਵਿਚ ਵੀ ਬਹੁਤ ਵਧੀਆ ਲਿਖਦੇ ਹਨ। ਜਿਹੜੇ ਕਲਮਕਾਰ ਹਿੰਦੀ, ਪੰਜਾਬੀ ਅਤੇ ਹੋਰਨਾਂ ਭਾਸ਼ਾਵਾਂ ਦਰਮਿਆਨ ਇੱਕ ਪੁਲ ਵਾਂਗ ਕੰਮ ਕਰਦੇ ਹਨ ਉਹਨਾਂ ਵਿੱਚ ਪਾਲ ਅਜਨਬੀ ਬਹੁਤ ਵਿਸ਼ੇਸ਼ ਥਾਂ ਰੱਖਦੇ ਹਨ।

ਸਾਹਿਤਿਕ ਕਿਰਤਾਂ ਨੂੰ ਬਹੁਤ ਦਿਲਚਸਪੀ ਅਤੇ ਡੂੰਘਾਈ ਨਾਲ ਵਾਚਣਾ, ਫਿਰ ਉਹਨਾਂ ਬਾਰੇ ਪੂਰੀ ਦਿਆਨਤਦਾਰੀ ਨਾਲ ਲਿਖਣ ਵਾਲਿਆਂ ਵਿੱਚ ਗਿਣੇ ਜਾਣ ਵਾਲੇ ਵਿਸ਼ੇਸ਼ ਲੇਖਕ ਡਾ. ਗੁਰਮੇਲ ਸਿੰਘ ਮੀਤ  ਪ੍ਰਧਾਨ ਵੱਜੋਂ ਚੁਣੇ ਗਏ ਹਨ। ਉਹ ਲੇਖਕ ਹੋਣ ਦੇ ਨਾਲ ਬਹੁਤ ਚੰਗੇ ਪਾਠਕ, ਬਹੁਤ ਚੰਗੇ ਸਰੋਤੇ ਅਤੇ ਵਿਸ਼ਲੇਸ਼ਕ ਵੀ ਹਨ।

ਇੱਸੇ ਤਰ੍ਹਾਂ ਇਸਤਰੀ ਲੇਖਕਾਂ ਦੀ ਪ੍ਰਤੀਨਿਧਤਾ ਕਰਨ ਦੀ ਜ਼ਿੰਮੇਵਾਰੀ ਇੱਕ ਵਾਰ ਫਿਰ ਮਨਜੀਤ ਕੌਰ ਮੀਤ ਹੁਰਾਂ ਦੇ ਹਿੱਸੇ ਆਈ ਹੈ। ਉਹ ਇਸ ਵੱਕਾਰੀ ਸੰਗਠਨ ਦੇ ਮੀਤ ਪ੍ਰਧਾਨ ਚੁਣੇ ਗਏ ਹਨ। ਉਹਨਾਂ ਦੀ ਮੌਜੂਦਗੀ ਇਸਤਰੀ ਕਲਮਕਾਰਾਂ ਨੂੰ ਵੀ ਹੋਰ ਉਤਸ਼ਾਹਿਤ ਕਰੇਗੀ।

ਕਿਸੇ ਵੀ ਥਾਂ ਕੋਈ ਸਾਹਿਤਿਕ ਇਕਤੱਰਤਾ ਹੋਵੇ, ਉਥੇ ਕਿਹੜੀ ਪੁਸਤਕ ਰਿਲੀਜ਼ ਹੋਣੀ ਹੈ ਇਹਨਾਂ ਸਾਰੀਆਂ ਮੁਢਲੀਆਂ ਜਾਣਕਾਰੀਆਂ ਦੀ ਜਾਣਕਾਰੀ ਸੰਗਠਨ ਦੇ ਮੈਂਬਰਾਂ ਅਤੇ ਗੈਰ ਮੈਂਬਰ  ਪਾਠਕਾਂ ਤੱਕ ਵੀ ਸਮੇਂ ਸਿਰ ਪਹੁੰਚਾਉਣ ਵਾਲਿਆਂ ਵਿੱਚ ਸੁਖਵਿੰਦਰ ਸਿੰਘ ਸਿੱਧੂ ਬਹੁਤ ਸਰਗਰਮੀ ਨਾਲ ਇਹ ਸੇਵਾ ਨਿਭਾਉਂਦੇ ਹਨ। ਉਹ ਇਸ ਸਾਹਿਤਿਕ ਸੰਗਠਨ ਦੇ ਸਕੱਤਰ ਚੁਣੇ ਗਏ ਹਨ।

ਸਾਹਿਤ ਸਿਰਜਣਾ ਵਿੱਚ ਬੜੀਆਂ ਸੂਖਮ ਗੱਲਾਂ ਬੜੀ ਬੇਬਾਕੀ ਨਾਲ ਕਹਿਣ ਵਾਲਿਆਂ ਵਿੱਚ ਸਿਮਰਜੀਤ ਗਰੇਵਾਲ ਵੀ ਹਨ। ਉਹਨਾਂ ਦੀਆਂ ਲਿਖਤਾਂ ਪਾਠਕਾਂ ਅਤੇ ਸਰੋਤਿਆਂ ਨੂੰ ਸੋਚਣ ਲਈ ਮਜਬੂਰ ਕਰਦੀਆਂ ਹਨ। ਉਹ ਇਸ ਸੰਗਠਨ ਦੇ ਸਕੱਤਰ ਚੁਣੇ ਗਏ ਹਨ।

ਸਾਹਿਤ ਸਿਰਜਣਾ, ਸਾਹਿਤ ਦੇ ਅਧਿਐਨ, ਸਾਹਿਤ ਦੀ ਮਾਰਕੀਟਿੰਗ, ਸਾਹਿਤ ਅਤੇ ਪੱਤਰਕਾਰਿਤਾ ਵਿਚਲੇ ਸੰਬੰਧਾਂ ਬਹੁਤ ਹੀ ਨੇੜਿਉਂ ਹੋ ਕੇ ਦੇਖਣ ਵਾਲੇ ਹਰਮਿੰਦਰ ਕਾਲੜਾ ਅਸਲ ਵਿਚ ਸਾਹਿਤ ਦੀ ਸਾਧਨਾ ਕਰਨ ਵਾਲੇ ਸਾਧਕ ਵਾਂਗ ਹਨ। ਉਹ ਲੇਖਕਾਂ ਦੇ ਇਸ ਪ੍ਰਤੀਬਧ ਸੰਗਠਨ ਦੇ ਵਿੱਤ ਸਕੱਤਰ ਚੁਣੇ ਗਏ ਹਨ।

ਕੁਲ ਮਿਲਾ ਕੇ ਇੱਕ ਵਾਰ ਫੇਰ ਉਹਨਾਂ ਸਰਗਰਮ ਕਲਮਕਾਰਾਂ ਦੀ ਟੀਮ ਤੁਹਾਡੇ ਸਾਹਮਣੇ ਹੈ ਜਿਸਦੇ ਲਈ ਸਾਹਿਤਿਕ ਸਰਗਰਮੀਆਂ ਇੱਕ ਗੰਭੀਰ ਅਤੇ ਪ੍ਰਤੀਬੱਧਤਾ ਵਾਲਾ ਕਾਰਜ ਹਨ। ਅਸੀ ਸਾਹਿਤ ਸਕਰੀਨ ਵੱਲੋਂ ਇਸ ਸਾਰੀ ਟੀਮ ਨੂੰ ਮੁਬਾਰਕ ਦੇਂਦੇ ਹੋਏ ਜੀ ਆਇਆਂ ਆਖਦੇ ਹਾਂ।

ਤੁਹਾਡੇ ਵਿਚਾਰਾਂ ਅਤੇ ਟਿੱਪਣੀਆਂ ਦੀ ਉਡੀਕ ਇਸ ਵਾਰ ਵੀ ਰਹੇਗੀ ਹੀ। ਸਮਾਂ ਕੱਢ ਕੇ ਸੁਝਾਅ ਵੀ ਦੇਣਾ।

Sunday, 17 November 2024

ਗੋਵਰਧਨ ਗੱਬੀ ਰਚਿਤ ਕਹਾਣੀ-ਸੰਗ੍ਰਿਹ “ਆਪਣਾ ਘਰ “ਦੇ ਲੋਕ ਅਰਪਣ ਅਹਿਮ ਚਰਚਾ

Sent By Bhupinder Malik//16th November 2024 at 21:11// WhatsApp//Kala Bhawan Chandigarh

ਲੇਖਕ ਨੇ ਆਪਣੀਆਂ ਕਹਾਣੀਆਂ ਵਿੱਚ ਸੰਜੀਦਾ ਵਿਸ਼ੇ ਛੂਹੇ ਨੇ-ਬਲਕਾਰ ਸਿੱਧੂ 


ਚੰਡੀਗੜ੍ਹ16 ਨਵੰਬਰ 2024: (*ਭੁਪਿੰਦਰ ਮਲਿਕ//ਇਨਪੁਟ-ਸਾਹਿਤ ਸਕਰੀਨ)::

ਅੱਜ ਦਾ ਦਿਨ ਵੀ ਸਾਹਿਤ ਜਗਤ ਲਈ ਬਹੁਤ ਖਾਸ ਰਿਹਾ। ਅੱਜ ਵੀ ਕਲਾ ਭਾਵਾਂ ਵਿੱਚ ਰੌਣਕ ਰਹੀ। ਸਾਹਿਤ ਨਾਲ ਜੁੜੀਆਂ ਬਹੁਤ ਸਾਰੀਆਂ ਸ਼ਖਸੀਅਤਾਂ ਅੱਜ ਸਾਹਿਤ ਸਾਧਨਾਂ ਦੇ ਇਸ ਕੇਂਦਰੀ ਸਥਾਨ ਤੇ ਸਨ। ਅੱਜ ਗੋਵਰਧਨ ਗੱਬੀ ਦੀ ਪੁਸਤਕ ਰਿਲੀਜ਼ ਹੋਈ। ਪੁਸਤਕ ਦੀ ਚਰਚਾ ਦੇ ਨਾਲ ਨਾਲ ਸਾਹਿਤ ਦੇ  ਪਹਿਲੂ ਵੀ ਵਿਚਾਰੇ ਗਏ। ਲੇਖਕ ਦੇ ਪਰਿਵਾਰਿਕ ਮੈਂਬਰ ਵੀ ਅੱਜ ਦੇ ਇਸ ਸਾਹਿਤਿਕ ਪਰਿਵਾਰ ਵਿੱਚ ਸ਼ਾਮਲ ਹੋਏ। 

ਪੰਜਾਬੀ ਲੇਖਕ ਸਭਾ ਚੰਡੀਗੜ੍ਹ ਵੱਲੋਂ ਪੰਜਾਬ ਕਲਾ ਭਵਨ, ਚੰਡੀਗੜ੍ਹ ਵਿਖੇ ਕਹਾਣੀਕਾਰ ਗੋਵਰਧਨ ਗੱਬੀ ਦੇ ਕਹਾਣੀ-ਸੰਗ੍ਰਿਹ “ ਆਪਣਾ ਘਰ  “ ਦਾ ਲੋਕ ਅਰਪਣ ਸਮਾਗਮ ਹੋਇਆ ਅਤੇ ਇਸ 'ਤੇ ਭਰਪੂਰ ਵਿਚਾਰ ਚਰਚਾ ਕੀਤੀ ਗਈ। ਰਿਲੀਜ਼ ਸਮਾਰੋਹ ਦੀ ਪ੍ਰਧਾਨਗੀ ਪ੍ਰਸਿੱਧ ਸਾਹਿਤਕਾਰ ਕਰਨਲ ਜਸਬੀਰ ਭੁੱਲਰ ਨੇ ਕੀਤੀ ਅਤੇ ਵਿਸ਼ਵ ਪੰਜਾਬੀ ਕਾਨਫ਼ਰੰਸ ਦੇ ਕਨਵੀਨਰ ਡਾ. ਦੀਪਕ ਮਨਮੋਹਨ ਸਿੰਘ ਇਸ ਮੌਕੇ ਮੁੱਖ ਮਹਿਮਾਨ ਸਨ। 

ਕਹਾਣੀ ਖੇਤਰ ਦੀਆਂ ਸਨਮਾਨਿਤ ਸ਼ਖ਼ਸੀਅਤਾਂ ਗੁਲ ਚੌਹਾਨ, ਬਲਿਜੀਤ ਨੇ ਵਿਸ਼ੇਸ਼ ਮਹਿਮਾਨਾਂ ਵੱਜੋਂ ਸ਼ਿਰਕਤ ਕੀਤੀ ਪਰ ਦੀਪਤੀ ਬਬੂਟਾ ਹੁਰਾਂ ਦੀ ਗੈਰ ਹਾਜ਼ਰੀ ਵਿੱਚ ਉਹਨਾਂ ਦਾ ਸੁਨੇਹਾ ਪੜ੍ਹ ਕੇ ਸੁਣਾਇਆ ਗਿਆ। ਡਾ. ਗੁਰਮੇਲ ਸਿੰਘ ਨੇ ਕਿਤਾਬ 'ਤੇ ਪਰਚਾ ਪੜ੍ਹਿਆ ।ਕਿਤਾਬ ਰਿਲੀਜ਼ ਸਮਾਗਮ ਵਿੱਚ ਪ੍ਰਧਾਨਗੀ- ਮੰਡਲ ਤੋਂ ਇਲਾਵਾ ਲੇਖਕ ਗੋਵਰਧਨ ਗੱਬੀ ਦੇ ਪਰਿਵਾਰਕ ਮੈਂਬਰ ਰਾਜ ਕੁਮਾਰੀ ਅਤੇ ਸ਼੍ਰੀਮਤੀ ਬਚਨਾ ਦੇਵੀ ਸ਼ਾਮਿਲ ਹੋਏ। ਆਏ ਮਹਿਮਾਨਾਂ ਦਾ ਸਵਾਗਤ ਕਰਦਿਆਂ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਬਲਕਾਰ ਸਿੱਧੂ ਨੇ ਆਖਿਆ ਕਿ ਲੇਖਕ ਨੇ ਆਪਣੀਆਂ ਕਹਾਣੀਆਂ ਵਿੱਚ ਸੰਜੀਦਾ ਵਿਸ਼ੇ ਛੂਹੇ ਨੇ। 

ਇਸ ਮੌਕੇ ਤੇ ਜਨਰਲ ਸਕੱਤਰ ਭੁਪਿੰਦਰ ਸਿੰਘ ਮਲਿਕ ਨੇ ਕਿਹਾ ਕਿ ਸ਼ਬਦਕਾਰ, ਕਲਮਕਾਰ ਤੇ ਸਾਹਿਤਕਾਰ ਸਮਾਜ ਵਿੱਚ ਵਿਸ਼ੇਸ਼ ਸਥਾਨ ਰੱਖਦੇ ਹਨ। ਡਾ ਗੁਰਮੇਲ ਸਿੰਘ ਨੇ ਪਰਚਾ ਪੜ੍ਹਦਿਆਂ ਕਿਹਾ ਕਿ ਲੇਖਕ ਨੇ ਸਮਾਜਿਕ ਵਰਤਾਰਿਆਂ ਦੀ ਗੱਲ ਕੀਤੀ ਹੈ। ਦੀਪਤੀ ਬਬੂਟਾ ਨੇ ਲੇਖਕ ਦੀ ਨਾਟਕੀ ਸ਼ੈਲੀ ਨੂੰ ਬਾਕਮਾਲ ਦੱਸਿਆ। 

ਬਲਿਜੀਤ ਨੇ ਕਿਹਾ ਕਿ ਇਹ ਕਹਾਣੀਆਂ ਮੱਧਵਰਗੀ ਸੰਸਾਰ ਦੇ ਤਜਰਬੇ ‘ਤੇ ਆਧਾਰਿਤ ਹਨ। ਗੁੱਲ ਚੌਹਾਨ ਨੇ ਕਿਹਾ ਕਿ ਰੌਚਕਤਾ ਵਾਲ਼ੀ ਇਹ ਕਿਤਾਬ ਪਾਠਕ ਨੂੰ ਉਂਗਲ ਫੜ ਕੇ ਨਾਲ ਤੋਰਦੀ ਹੈ। 

ਗੁਰਮੀਤ ਸਿੰਗਲ ਨੇ ਕਿਹਾ ਕਿ ਲੇਖਕ ਦੀਆਂ ਕਹਾਣੀਆਂ ਦਾ ਪਾਤਰ ਚਿਤਰਣ  ਬਹੁਤ ਵਧੀਆ ਹੈ। ਹਰਬੰਸ ਸੋਢੀ ਨੇ  ਕਿਹਾ ਕਿ ਇਸ ਕਿਤਾਬ ਦੀਆਂ ਕਹਾਣੀਆਂ ਵਿੱਚ ਜ਼ਿੰਦਗੀ ਦੀ ਚਮਕ ਦੀ ਗੱਲ ਕੀਤੀ ਗਈ ਹੈ। 

“ਆਪਣਾ ਘਰ” ਦੇ ਲੇਖਕ ਗੋਵਰਧਨ ਗੱਬੀ ਨੇ ਕਿਹਾ ਕਿ ਅਦਬੀ ਸ਼ਖ਼ਸੀਅਤਾਂ ਦੇ ਨੇੜੇ ਹੋ ਕੇ ਬਹੁਤ ਕੁਝ ਸਿੱਖਣ, ਸਮਝਣ , ਪਰਖਣ, ਚਿੰਤਨ, ਪੜ੍ਹਨ ਅਤੇ ਲਿਖਣ ਦਾ ਮੌਕਾ ਮਿਲਿਆ। 

ਮੁੱਖ ਮਹਿਮਾਨ ਵੱਜੋਂ ਬੋਲਿਦਆਂ  ਡਾ. ਦੀਪਕ ਮਨਮੋਹਨ ਸਿੰਘ ਨੇ ਕਿਹਾ ਕਿ ਬੋਲਚਾਲ ਦੀ ਭਾਸ਼ਾ ਵਾਲੀਆਂ ਕਹਾਣੀਆਂ ਦਾ ਆਪਣਾ ਸੰਸਾਰ ਹੈ । ਪ੍ਰਧਾਨਗੀ ਭਾਸ਼ਨ ਰਾਹੀਂ ਕਰਨਲ ਜਸਬੀਰ ਭੁੱਲਰ ਨੇ ਕਿਹਾ ਕਿ ਲੇਖਕ ਗੱਬੀ ਹਵਾ ਵਿੱਚੋਂ ਕਹਾਣੀਆਂ ਫੜਨ ਦਾ ਹੁਨਰ ਜਾਣਦਾ ਹੈ । ਧੰਨਵਾਦੀ ਸ਼ਬਦਾਂ ਵਿੱਚ  ਸਭਾ ਦੇ ਸਕੱਤਰ ਪਾਲ ਅਜਨਬੀ ਨੇ ਕਿਹਾ ਅਜਿਹੇ ਸਾਹਿਤਕ ਉਪਰਾਲੇ ਸਮਾਜ ਲਈ ਸੇਧ ਦਾਇਕ ਹੁੰਦੇ ਹਨ ।

ਇਸ ਮੌਕੇ ਤੇ ਮੌਜੂਦ ਅਦਬੀ ਸ਼ਖ਼ਸੀਅਤਾਂ ਵਿੱਚ ਹੋਰਨਾਂ ਤੋਂ ਇਲਾਵਾ ਹਰਮਿੰਦਰ ਸਿੰਘ ਕਾਲੜਾ , ਵਰਿੰਦਰ ਚੱਠਾ , ਸੁਖਵਿੰਦਰ ਸਿੰਘ ਸਿੱਧੂ , ਡਾ ਜਸਪਾਲ ਸਿੰਘ, ਦੀਪਕ ਸ਼ਰਮਾ ਚਨਾਰਥਲ, ਜੈ ਸਿੰਘ ਧੂਰੀ, ਡਾ. ਅਵਤਾਰ ਸਿੰਘ ਪਤੰਗ, ਗੁਰਪ੍ਰੀਤ ਖੋਖਰ, ਗੁਰਜੰਟ ਸਿੰਘ, ਆਰ. ਡੀ. ਕੈਲੇ, ਪ੍ਰਤੀਕ ਕੁਮਾਰ, ਮਿਨਾਕਸ਼ੀ , ਭਾਗ ਮੱਲ , ਵਿਸ਼ਾਲ ਦੱਤ , ਖ਼ੁਸ਼ਪ੍ਰੀਤ ਕੌਰ, ਮਾਹੀ, ਨਿਤੀਕਾ, ਵਿਸ਼ਾਲ, ਜਸਲੀਨ, ਮਲਕੀਅਤ ਕੌਰ ਬਸਰਾ, ਬਲਵਿੰਦਰ ਸਿੰਘ ਉੱਤਮ, ਹਰਨੇਕ ਸਿੰਘ , ਭੂਮਿਕਾ, ਪ੍ਰੋ. ਦਿਲਬਾਗ ਸਿੰਘ , ਡਾ. ਮੇਹਰ ਮਾਣਕ,  ਨਿਰਮਲਾ, ਸੁਮੀਤ ਸਿੰਘ, ਭੂਮਿਤਾ, ਪਰਮਿੱਤਰਾ ਪਿੰਕੀ, ਅਨੀਸ਼, ਅੰਸ਼, ਸ਼ੁਭਮ, ਦੀਪਕ ਸਿੰਘ, ਸਤਨਾਮ ਚੌਹਾਨ, ਜੁਗਰਾਜ ਸਿੰਘ, ਖ਼ੁਸ਼ੀ, ਵੰਸ਼, ਸ਼੍ਰੇਆ, ਅਮ੍ਰਿਤਪਾਲ ਸਿੰਘ, ਜੈਪਾਲ, ਭਜਨਵੀਰ ਸਿੰਘ, ਏਕਤਾ, ਬਲਜੀਤ ਸਿੰਘ, ਐਡਵੋਕੇਟ ਪਰਮਿੰਦਰ ਸਿੰਘ ਗਿੱਲ, ਅਜਾਇਬ ਸਿੰਘ ਔਜਲਾ, ਜੈ ਸਿੰਘ ਛਿੱਬਰ, ਪਰਮਜੀਤ ਪਰਮ, ਬਲਦੇਵ ਸਿੰਘ ਸਿੰਧਰਾ ਸ਼ਾਮਿਲ ਸਨ।

ਕੁਲ ਮਿਲਾ ਕੇ ਕਲਾ ਭਵਨ ਚੰਡੀਗੜ੍ਹ ਵਿੱਚ ਅੱਜ ਵਾਲਾ ਇਹ ਪ੍ਰੋਗਰਾਮ ਵੀ ਬਹੁਤ ਯਾਦਗਾਰੀ ਰਿਹਾ।