google.com, pub-7610353441165800, DIRECT, f08c47fec0942fa0 ਸਾਹਿਤ ਸਕਰੀਨ: July 2025

Tuesday, 1 July 2025

ਜ਼ਿਲ੍ਹਾ ਭਾਸ਼ਾ ਦਫ਼ਤਰ ਵਲੋਂ ਵਿਚਾਰ ਚਰਚਾ ਨਾਲ ਅਨੁਵਾਦ ਕਾਰਜਾਂ ਨੂੰ ਨਵਾਂ ਹੁਲਾਰਾ

Received on Sunday 1st July 2025 at 5:05 PM by Email 

ਹਿੰਦੀ ਕਾਵਿ ਸੰਗ੍ਰਹਿ ਦੇ ਪੰਜਾਬੀ ਅਨੁਵਾਦ ਦਾ ਸਫਲ ਲੋਕ ਅਰਪਣ 


ਸਾਹਿਬਜ਼ਾਦਾ ਅਜੀਤ ਸਿੰਘ ਨਗਰ:01 ਜੁਲਾਈ 2025: (ਕਾਰਤਿਕਾ ਕਲਿਆਣੀ ਸਿੰਘ//ਸਾਹਿਤ ਸਕਰੀਨ ਡੈਸਕ)::

ਪਿਛਲੇ ਕੁਝ ਅਰਸੇ ਦੌਰਾਨ ਜਦੋਂ ਕੁਝ ਵਰਗਾਂ ਨੇ ਇੱਕ ਵਾਰ ਫੇਰ ਭਾਸ਼ਾ ਨੂੰ ਹਥਿਆਰ ਬਣਾ ਕੇ ਨਫਰਤਾਂ ਦੀ ਸਿਆਸਤ ਸ਼ੁਰੂ ਕੀਤੀ ਸੀ ਤਾਂ ਮਾਹੌਲ ਖਰਾਬ ਹੋਣ ਲੱਗ ਪਿਆ ਸੀ. ਹਿੰਦੀ ਲਿਖੇ ਬੋਰਡਾਂ ਤੇ ਕਾਲਿਖ ਪੋਤ ਕੇ ਦਿੱਤਾ ਗਿਆ ਨਫਰਤੀ ਸੁਨੇਹਾ ਕਿਸੇ ਵੀ ਤਰ੍ਹਾਂ ਸਿਹਤਮੰਦ ਨਹੀਂ ਸੀ। 

ਇਸ ਹਨੇਰੀ ਦਾ ਸਾਹਮਣਾ ਕਰਨ ਵਾਲੇ ਦਲੇਰ ਭਾਸ਼ਾ ਪ੍ਰੇਮੀ ਵੀ ਮੈਦਾਨ ਵਿੱਚ ਨਿਕਲੇ ਸਨ ਪਰ ਉਹਨਾਂ ਦੀ ਗਿਣਤੀ ਬੜੀ ਘੱਟ ਸੀ। ਸਦੀਆਂ ਪੁਰਾਣੀ ਹਕੀਕਤ ਇਹੀ ਹੈ ਕਿ ਪੰਜਾਬੀ, ਹਿੰਦੀ, ਅੰਗਰੇਜ਼ੀ, ਉਰਦੂ, ਸੰਸਕ੍ਰਿਤ ਅਤੇ ਫਾਰਸੀ ਇਹਨਾਂ ਸਭਨਾਂ ਦੀਆਂ ਬਹੁਤ ਸਾਰੀਆਂ ਖੂਬੀਆਂ ਹਨ। ਇਹਨਾਂ ਸਭਨਾਂ ਵਿੱਚ ਇੱਕ ਵੱਖਰੀ ਤਰ੍ਹਾਂ ਦੀ ਮਿਠਾਸ ਹੈ। ਭਾਸ਼ਾ ਵਿਭਾਗ ਪੰਜਾਬ ਵੱਲੋਂ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵਾਲੇ ਆਪਣੇ ਜ਼ਿਲ੍ਹਾ ਦਫਤਰ ਵਿੱਚ ਕੀਤਾ ਹੈ ਸਾਹਿਤਿਕ ਆਯੋਜਨ ਜਿੱਥੇ ਇਸ ਮਿਠਾਸ ਅਤੇ ਖੂਬੀਆਂ ਨੂੰ ਵਧਾਉਣ ਵਾਲਾ ਸੀ ਉਥੇ ਅਨੁਵਾਦ ਕਾਰਜਾਂ ਨੂੰ ਵੀ ਹੁਲਾਰਾ ਦੇਣ ਵਾਲਾ ਸੀ।  

ਇਸ ਮੌਕੇ ਅੰਮ੍ਰਿਤ ਰੰਜਨ ਦੀ ਹਿੰਦੀ ਕਾਵਿ ਪੁਸਤਕ ‘ਜਹਾਂ ਨਹੀਂ ਗਯਾ’ ਦੇ ਪੰਜਾਬੀ ਅਨੁਵਾਦ ਵਾਲੀ ਪੁਸਤਕ ਨੂੰ ਰਿਲੀਜ਼ ਕੀਤਾ ਗਿਆ ਸੀ। ਇਸਦਾ ਪੰਜਾਬੀ ਅਨੁਵਾਦ ਕੀਤਾ ਗਿਆ ਹੈ ਗੁਰਿੰਦਰ ਸਿੰਘ ਕਲਸੀ ਵੱਲੋਂ  ਜਿਸਦਾ ਟਾਈਟਲ ਹੈ-'ਜਿੱਥੇ ਨਹੀਂ ਗਿਆ' .ਇਸ ਮਕਸਦ ਲਈ ਜ਼ਿਲ੍ਹਾ ਭਾਸ਼ਾ ਦਫ਼ਤਰ ਵਲੋਂ ਇਸ ਅਨੁਵਾਦਿਤ ਕਾਵਿ-ਸੰਗ੍ਰਹਿ ਨੂੰ ਬੜੇ ਪਿਆਰ ਅਤੇ ਸਤਿਕਾਰ ਨਾਲ ਲੋਕ ਅਰਪਣ ਵੀ ਕੀਤਾ ਗਿਆ ਅਤੇ ਇਸ ਸੰਬੰਧੀ ਵਿਚਾਰ ਚਰਚਾ ਵੀ ਆਯੋਜਿਤ ਕੀਤੀ ਗਈ। 

ਦਫ਼ਤਰ ਜ਼ਿਲ੍ਹਾ ਭਾਸ਼ਾ ਅਫ਼ਸਰ, ਐੱਸ.ਏ.ਐੱਸ.ਨਗਰ ਦੇ ਵਿਹੜੇ ਸਾਹਿਤਕ ਸੱਥ ਵੱਲੋਂ ਕਲ੍ਹ ਹਿੰਦੀ ਕਵੀ ਸ਼੍ਰੀ ਅੰਮ੍ਰਿਤ ਰੰਜਨ ਦੀ ਕਾਵਿ ਪੁਸਤਕ ‘ਜਹਾਂ ਨਹੀਂ ਗਯਾ’ ਦਾ ਗੁਰਿੰਦਰ ਸਿੰਘ ਕਲਸੀ ਵੱਲੋਂ ਕੀਤਾ ਗਿਆ ਪੰਜਾਬੀ ਅਨੁਵਾਦ 'ਜਿੱਥੇ ਨਹੀਂ ਗਿਆ'  ਨੂੰ ਲੋਕ ਅਰਪਣ ਕੀਤਾ ਗਿਆ ਅਤੇ ਵਿਚਾਰ ਚਰਚਾ ਕਰਵਾਈ ਗਈ।

ਖੋਜ ਅਫ਼ਸਰ ਡਾ. ਦਰਸ਼ਨ ਕੌਰ ਵੱਲੋਂ ਆਏ ਹੋਏ ਮਹਿਮਾਨਾਂ ਅਤੇ ਸ੍ਰੋਤਿਆਂ ਨੂੰ ‘ਜੀ ਆਇਆਂ ਨੂੰ’ ਕਹਿੰਦਿਆਂ ਕਰਵਾਈ ਜਾ ਰਹੀ ਵਿਚਾਰ ਚਰਚਾ ਦੇ ਮਨੋਰਥ ਬਾਰੇ ਹਾਜ਼ਰੀਨ ਨੂੰ ਜਾਣੂ ਕਰਵਾਇਆ ਗਿਆ। ਉਨ੍ਹਾਂ ਨੇ ਕਾਵਿ-ਸੰਗ੍ਰਹਿ ਬਾਰੇ ਗੱਲ ਕਰਦਿਆਂ ਕਿਹਾ ਕਿ ਇਸ ਪੁਸਤਕ ਦਾ ਪੰਜਾਬੀ ਵਿਚ ਅਨੁਵਾਦ ਨਿਸ਼ਚਿਤ ਹੀ ਪੰਜਾਬੀ ਪਾਠਕਾਂ ਨੂੰ ਆਪਣੀਆਂ ਜੜ੍ਹਾਂ ਬਾਰੇ ਸੋਚਣ ਅਤੇ ਵਿਰਾਸਤ ਦੀ ਮਹੱਤਤਾ ਬਾਰੇ ਸਮਝਣ ਲਈ ਪ੍ਰੇਰਿਤ ਕਰੇਗਾ। ਇਸ ਉਪਰੰਤ ਸਮੁੱਚੇ ਪ੍ਰਧਾਨਗੀ ਮੰਡਲ ਵੱਲੋਂ ਅਨੁਵਾਦਿਤ ਪੁਸਤਕ ਨੂੰ ਲੋਕ ਅਰਪਣ ਕੀਤਾ ਗਿਆ।

ਇਸ ਵਿਚਾਰ ਚਰਚਾ ਦੀ ਪ੍ਰਧਾਨਗੀ ਕਰਦੇ ਹੋਏ ਸਾਹਿਤ ਅਕਾਦਮੀ ਪੁਰਸਕ੍ਰਿਤ ਲੇਖਕ ਤਰਸੇਮ ਬਰਨਾਲਾ ਨੇ ਕਿਹਾ ਕਿ ਕਵਿਤਾ ਦੀ ਸਿਰਜਣਾ ਇਕ ਔਖਾ ਕਾਰਜ ਹੈ ਅਤੇ ਕਵਿਤਾ ਦਾ ਅਨੁਵਾਦ ਕਰਨਾ ਤਾਂ ਹੋਰ ਵੀ ਕਠਿਨ ਹੁੰਦਾ ਹੈ ਤੇ ਗੁਰਿੰਦਰ ਕਲਸੀ ਨੇ ਇਹ ਕਾਰਜ ਬਾਖ਼ੂਬੀ ਸਿਰੇ ਚਾੜ੍ਹਿਆ ਹੈ।

ਮੁੱਖ ਮਹਿਮਾਨ ਉੱਘੇ ਲੇਖਕ ਅਤੇ ਸੰਪਾਦਕ ਡਾ. ਪ੍ਰਭਾਤ ਰੰਜਨ ਨੇ ਕਿਹਾ ਕਿ ਨੌਜਵਾਨ ਕਵੀ ਅੰਮ੍ਰਿਤ ਰੰਜਨ ਦੀ ਕਵਿਤਾ ਦਾ ਪੰਜਾਬੀ ਵਿਚ ਅਨੁਵਾਦ ਹੋਣਾ ਅਦਬੀ ਖੇਤਰ ਲਈ ਸ਼ੁੱਭ ਸੰਕੇਤ ਹੈ।ਉਨ੍ਹਾਂ ਨੇ ਇਸ ਪੁਸਤਕ ਵਿਚਲੀ ਨਵੀਨਤਾ ਅਤੇ ਦਾਰਸ਼ਨਿਕਤਾ ਦੀ ਵੀ ਪ੍ਰਸੰਸਾ ਕੀਤੀ।

ਇਸ ਸਮਾਗਮ ਵਿਚ ਉਚੇਚ ਨਾਲ ਪੁੱਜੇ ਵਿਸ਼ੇਸ਼ ਮਹਿਮਾਨ ਅਨੁਵਾਦਿਤ ਪੁਸਤਕ ਦੇ ਮੂਲ ਹਿੰਦੀ ਕਵੀ ਅੰਮ੍ਰਿਤ ਰੰਜਨ ਹੀ  ਸਨ। ਉਹਨਾਂ ਨੇ ਬੜੇ ਕਾਵਿਕ ਅੰਦਾਜ਼ ਵਿਚ ਆਪਣੀ ਸਿਰਜਣ ਪ੍ਰਕਿਰਿਆ ਬਾਰੇ ਗੱਲ ਕਰਦਿਆਂ ਕਿਹਾ ਕਿ ਕਵਿਤਾ ਅਤੇ ਕਲਾ ਨਾਲ ਜੁੜੇ ਰਹਿਣਾ ਉਸਨੂੰ ਚੰਗਾ ਲੱਗਦਾ ਹੈ। ਉਨ੍ਹਾਂ ਅੱਗੇ ਕਿਹਾ ਕਿ ਮੇਰੀਆਂ ਕਵਿਤਾਵਾਂ ਦਾ ਪੰਜਾਬੀ ਵਿਚ ਅਨੁਵਾਦ ਹੋਣਾ ਮੇਰੇ ਲਈ ਖੁਸ਼ੀ ਅਤੇ ਮਾਣ ਵਾਲੀ ਗੱਲ ਹੈ।

ਸ਼੍ਰੀ ਮਨਮੋਹਨ ਸਿੰਘ ਦਾਊਂ ਨੇ ਪੁਸਤਕ ਸਬੰਧੀ ਜਾਣਕਾਰੀ ਭਰਪੂਰ ਪਰਚਾ ਪੜ੍ਹਦਿਆਂ ਕਿਹਾ ਕਿ ਸ਼ਾਇਰ ਹੋਣ ਕਾਰਨ ਗੁਰਿੰਦਰ ਕਲਸੀ ਨੇ ਇਨ੍ਹਾਂ ਕਵਿਤਾਵਾਂ ਦਾ ਬੜਾ ਸੋਹਣਾ ਅਨੁਵਾਦ ਕੀਤਾ ਹੈ, ਕਿਉਂਕਿ ਕਵਿਤਾ ਦੇ ਅਨੁਵਾਦ ਲਈ ਜਿਸ ਚਿੰਤਨ, ਕਲਪਨਾ, ਸੰਵੇਦਨਾ, ਅਹਿਸਾਸਾਂ  ਅਤੇ ਭਾਸ਼ਾ ਦੀ ਜ਼ਰੂਰਤ ਹੁੰਦੀ ਹੈ, ਉਹ ਕੇਵਲ ਸ਼ਾਇਰ ਕੋਲ ਹੀ ਮੌਜੂਦ ਹੁੰਦੇ ਹਨ।

ਜਸਵਿੰਦਰ ਸਿੰਘ ਕਾਈਨੌਰ ਨੇ ਵੀ ਪਰਚਾ ਪੜ੍ਹਦਿਆਂ ਕਿਹਾ ਕਿ ਇਸ ਕਵਿਤਾ ਵਿਚਲੇ ਬਿੰਬਾਂ, ਪ੍ਰਤੀਕਾਂ ਅਤੇ ਦ੍ਰਿਸ਼ ਚਿਤਰਣ ਦਾ ਬਹੁਤ ਸਹੀ ਅਨੁਵਾਦ ਹੋਇਆ ਹੈ। ਮੂਲ ਵਾਲੀਆਂ ਕਵਿਤਾ ਦੀਆਂ ਖੂਬੀਆਂ ਅਨੁਵਾਦ ਵਿੱਚ ਵੀ ਮੌਜੂਦ ਹਨ। 

ਅਸਲ ਵਿੱਚ ਇਸ ਅਨੁਵਾਦ ਨੂੰ ਪੜ੍ਹਦਿਆਂ ਇਹੀ ਲੱਗਦਾ ਹੈ ਕਿ ਅਸੀਂ ਮੂਲ ਰੂਪ ਵਾਲੀ ਭਾਸ਼ਾ ਵਿੱਚ ਹੀ ਸ਼ਾਇਰੀ ਪੜ੍ਹ ਰਹੇ ਹਾਂ ਨਾ ਕਿ ਅਨੁਵਾਦ ਕੀਤੀ ਹੋਈ। ਇਸ ਅਨੁਵਾਦਿਤ ਸ਼ਾਇਰੀ ਨੂੰ ਪੜ੍ਹਦਿਆਂ ਕਵਿਤਾ ਸਾਹਮਣੇ ਸਾਕਾਰ ਹੋਈ ਮਹਿਸੂਸ ਹੁੰਦੀ ਹੈ। ਉਸ ਨਾਲ ਮ ਜੁਲਾਕਾਤ ਦਾ ਅਹਿਸਾਸ ਹੁੰਦਾ ਹੈ। 

ਕਵੀ ਲਿਪੀ ਦ ਮਹਾਂਦੇਵ ਨੇ ਕਿਹਾ ਕਿ ਇਸ ਕਵਿਤਾ ਵਿਚ ਦਾਰਸ਼ਨਿਕਤਾ ਦੇ ਨਾਲ-ਨਾਲ ਵਿਗਿਆਨਕ ਸੰਕਲਪ ਵੀ ਹਨ ਜਿਨ੍ਹਾਂ ਦਾ ਪੰਜਾਬੀ ਭਾਸ਼ਾ ਵਿਚ ਅਨੁਵਾਦ ਹੋਣਾ ਬੜਾ ਸਾਰਥਕ ਉੱਦਮ ਹੈ। 

ਡਾ਼ ਮੇਹਰ ਮਾਣਕ ਨੇ ਕਿਹਾ ਕਿ ਅਜੋਕੇ ਸਮੇਂ ਵਿਚ ਸੱਤਾ ਅਤੇ ਸਥਾਪਤੀ ਵਿਰੁੱਧ ਆਪਣੀ ਆਵਾਜ਼ ਬੁਲੰਦ ਕਰਦੀ ਕਵਿਤਾ ਦਾ  ਅਨੁਵਾਦ ਹੋਣਾ ਬਹੁਤ ਜ਼ਰੂਰੀ ਹੈ। 

ਸਮਾਗਮ ਵਿੱਚ ਮੌਜੂਦ ਇੱਕ ਹੋਰ ਅਨੁਵਾਦਕ ਕਲਮਕਾਰ ਗੁਰਮਾਨ ਸੈਣੀ ਨੇ ਪੁਸਤਕ ਦੇ ਹਵਾਲੇ ਨਾਲ ਅਨੁਵਾਦ ਦੇ ਅਹਿਮ ਨੁਕਤਿਆਂ ਬਾਰੇ ਗੱਲ ਕੀਤੀ।  

ਅਨੁਵਾਦਕ ਗੁਰਿੰਦਰ ਸਿੰਘ ਕਲਸੀ ਨੇ ਇਸ ਕਵਿਤਾ ਦੀ ਚੋਣ ਅਤੇ ਅਨੁਵਾਦ ਬਾਰੇ ਆਪਣੇ ਤਜਰਬੇ ਵੀ ਸਾਂਝੇ ਕੀਤੇ। ਇਸੇ ਬਹਾਨੇ ਅਨੁਵਾਦ ਦੀਆਂ ਮੁਸ਼ਕਲਾਂ ਅਤੇ ਗੁਰਾਂ ਬਾਰੇ ਵੀ ਅਹਿਮ ਗੱਲਾਂ ਹੋਈਆਂ। 

ਇਸ ਮੌਕੇ ਅੰਮ੍ਰਿਤ ਰੰਜਨ ਦੇ ਪਿਤਾ ਰਾਜੇਸ਼ ਰੰਜਨ ਵੀ ਮੌਜੂਦ ਰਹੇ। ਆਪਣੀ ਸੰਤਾਨ ਦੀਆਂ ਕਲਾਕ੍ਰਿਤੀਆਂ ਬਾਰੇ ਚਰਚਾ ਨੂੰ ਦੇਖਣਾਂ ਸੁਣਨਾ ਅਤੇ ਇਸ ਵਿੱਚ ਭਾਗ ਲੈਣਾ ਇੱਕ ਵੱਡੀ ਖੁਸ਼ਕਿਸਮਤੀ ਹੀ ਹੋਇਆ ਕਰਦੀ ਹੈ। 

ਡਾ. ਗੁਰਵਿੰਦਰ ਅਮਨ ਅਤੇ ਡਾ. ਰਾਜਿੰਦਰ ਸਿੰਘ ਕੁਰਾਲੀ ਨੇ ਵੀ ਪੁਸਤਕ ਬਾਬਤ ਆਪਣੇ ਵਿਚਾਰ ਪੇਸ਼ ਕੀਤੇ।

ਇਸ ਸਮਾਗਮ ਵਿੱਚ ਰਣਜੀਤ ਕੌਰ ਸਵੀ , ਦਵਿੰਦਰ ਢਿੱਲੋਂ, ਗੁਰਦਰਸ਼ਨ ਸਿੰਘ ਮਾਵੀ, ਕੁਲਵਿੰਦਰ ਖ਼ੈਰਾਬਾਦ, ਨਰਿੰਦਰ ਲੌਂਗੀਆ, ਪਿਆਰਾ ਸਿੰਘ ਰਾਹੀ, ਹਰਜੀਤ ਸਿੰਘ, ਧਿਆਨ ਸਿੰਘ ਕਾਹਲੋਂ ਨੇ ਕਵਿਤਾਵਾਂ ਨਾਲ ਆਪਣੀ ਹਾਜ਼ਰੀ ਲਵਾਈ। ਸਮਾਗਮ ਦੇ ਅੰਤ ਵਿਚ ਸਾਹਿਤਕ ਸੱਥ ਵੱਲੋਂ ਆਏ ਹੋਏ ਮਹਿਮਾਨਾਂ ਦਾ ਮਾਨ-ਸਨਮਾਨ ਕੀਤਾ ਗਿਆ। 

ਡਾ. ਦਵਿੰਦਰ ਸਿੰਘ ਬੋਹਾ ਨੇ ਹਾਜ਼ਰੀਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਅੰਮ੍ਰਿਤ ਰੰਜਨ ਦੀ ਦਾਰਸ਼ਨਿਕ ਅਤੇ ਗੰਭੀਰ ਕਵਿਤਾ ਦੇ ਗੁਰਿੰਦਰ ਸਿੰਘ ਕਲਸੀ ਵੱਲੋਂ ਕੀਤੇ ਢੁੱਕਵੇਂ ਅਨੁਵਾਦ ਤੋਂ ਬਹੁਤ ਪ੍ਰਭਾਵਿਤ ਹੋਏ ਹਨ। ਸਮੁੱਚੇ ਸਮਾਗਮ ਦਾ ਸੁਚੱਜਾ ਮੰਚ ਸੰਚਾਲਨ ਡਾ. ਯਤਿੰਦਰ ਕੌਰ ਮਾਹਲ ਨੇ ਕੀਤਾ।

ਇਸ ਮੌਕੇ ਜਗਤਾਰ ਸਿੰਘ, ਸੰਗੀਤਾ ਰੰਜਨ, ਰੋਹਿਨੀ, ਡਾ. ਰਾਜਿੰਦਰ ਸਿੰਘ ਕੁਰਾਲੀ, ਸਮਿੱਤਰ ਸਿੰਘ ਦੋਸਤ, ਤਰਸੇਮ ਸਿੰਘ ਕਾਲੇਵਾਲ, ਗੁਰਮੀਤ ਕੌਰ, ਹਰਸ਼ਵਰਧਨ ਸਿੰਘ, ਸਿਧੇਸ਼ ਸਿੰਘ ਵੱਲੋਂ ਵੀ ਸ਼ਿਰਕਤ ਕੀਤੀ। ਇਸ ਮੌਕੇ ਦਫ਼ਤਰ ਜ਼ਿਲ੍ਹਾ ਭਾਸ਼ਾ ਅਫ਼ਸਰ, ਐੱਸ.ਏ.ਐੱਸ.ਨਗਰ ਵੱਲੋਂ ਪੁਸਤਕ ਪ੍ਰਦਰਸ਼ਨੀ ਵੀ ਲਗਾਈ ਗਈ। ਕੁਲ ਮਿਲਾ ਕੇ ਇਹ ਇੱਕ ਯਾਦਗਾਰੀ ਸਮਾਗਮ ਸੀ।