google.com, pub-7610353441165800, DIRECT, f08c47fec0942fa0 ਸਾਹਿਤ ਸਕਰੀਨ: ਕਲਮਕਾਰ ਜਾਗਦੀ ਅੱਖ ਨਾਲ ਸਭ ਦੇਖ ਰਹੇ ਹਨ //ਬੇਅਦਬੀ//ਰੰਜੀਵਨ ਸਿੰਘ

Saturday 25 March 2023

ਕਲਮਕਾਰ ਜਾਗਦੀ ਅੱਖ ਨਾਲ ਸਭ ਦੇਖ ਰਹੇ ਹਨ //ਬੇਅਦਬੀ//ਰੰਜੀਵਨ ਸਿੰਘ

ਉਹ ਬੇਅਦਬੀਆਂ-ਜਿਹਨਾਂ ਬਾਰੇ ਅਕਸਰ ਚਰਚਾ ਵੀ ਨਹੀਂ ਹੁੰਦੀ 


ਚੰਡੀਗੜ੍ਹ: 25 ਮਾਰਚ 2023: (ਰੈਕਟਰ ਕਥੂਰੀਆ//ਸਾਹਿਤ ਸਕਰੀਨ)::

ਤਿੰਨ ਪੀੜ੍ਹੀਆਂ-ਤਿੰਨ ਲੇਖਕ ਅਤੇ ਤਿੰਨ ਪੁਸਤਕਾਂ 
ਜਦ ਜਦ ਵੀ ਸਮਾਂ ਕਰਵਟ ਲੈਂਦਾ ਰਿਹਾ ਹੈ ਤਾਂ ਕਲਮਕਾਰ ਹਰ ਗੱਲ ਦਾ ਨੋਟਿਸ ਲੈਂਦੇ ਰਹੇ ਹਨ। ਬੰਦਸ਼ਾਂ ਅਤੇ ਪਾਬੰਦੀਆਂ ਦੇ ਦੌਰ ਵਿੱਚ ਵੀ ਅਤੇ ਲਾਲਚਾਂ ਦੀ ਬਰਸਾਤ ਦੇ ਦੌਰ ਵਿੱਚ ਵੀ। ਹੁਣ ਜਦੋਂ ਕਿ ਪੰਜਾਬ ਦਾ ਮਾਹੌਲ ਫਿਰ ਨਾਜ਼ੁਕ ਮੋੜ ਕੱਟਦਾ ਜਾ ਰਿਹਾ ਹੈ ਤਾਂ ਕਲਮਕਾਰ ਇਸ 'ਤੇ ਵੀ ਪੂਰੀ ਨਜ਼ਰ ਰੱਖ ਰਹੇ ਹਨ।ਇਸ ਕਿਸਮ ਦੇ ਹਾਲਾਤਾਂ ਨੇ ਜਦੋਂ ਅਜਿਹੀ ਦਸਤਕ ਦਿੱਤੀ ਸੀ ਉਦੋਂ ਹੀ ਲੇਖਕ, ਸਾਹਿਤਕਾਰ ਅਤੇ ਸ਼ਾਇਰ ਲੋਕ ਸਮਝ ਗਏ ਸਨ ਕਿ ਕਿਸ ਤਬਾਹੀ ਦੀਆਂ ਸਾਜ਼ਿਸ਼ਾਂ ਰਚੀਆਂ ਜਾ ਰਹੀਆਂ ਹਨ। ਅੱਜ ਜਿਹੜੇ ਮੁੱਦੇ ਉੱਥੇ ਹੋਏ ਹਨ ਉਹਨਾਂ ਵਿੱਚ ਹੋਰਨਾਂ ਗੱਲਾਂ ਦੇ ਨਾਲ ਨਾਲ ਧਾਰਮਿਕ ਗ੍ਰੰਥਾਂ ਦੀ  ਬੇਅਦਬੀ ਦਾ ਮਾਮਲਾ ਵੀ ਸ਼ਾਮਲ ਹੈ। ਇਸ ਬੇਅਦਬੀ ਦੀ ਜਾਂਚ ਪੜਤਾਲ, ਨਤੀਜੇ ਅਤੇ ਖੁਦ ਹੀ ਅਦਾਲਤ ਬਣੇ ਚੌਧਰੀਆਂ ਵੱਲੋਂ ਦਿੱਤੀਆਂ ਗਈਆਂ ਇਸ ਜੁਰਮ ਦੀਆਂ ਜਨਤਕ ਸਜ਼ਾਵਾਂ ਦੇ ਨਾਂਅ 'ਤੇ ਜੋ ਕੁਝ ਹੋਇਆ ਉਸ ਬਾਰੇ ਵੀ ਜਾਗਰੂਕ ਲੇਖਕਾਂ ਨੇ ਬੜੇ ਗਹੁ ਨਾਲ ਵਾਚਿਆ। ਇਸ ਦਿਸ਼ਾ  ਵਿੱਚ ਹੁੰਦੀਆਂ ਰਹੀਆਂ ਸਿਆਸਤਾਂ ਨੂੰ ਵੀ ਸਾਹਿਤਕਾਰਾਂ ਅਤੇ ਬੁਧੀਜੀਵੀਆਂ ਨੇ ਲਗਾਤਾਰ ਦੇਖਿਆ। ਲਗਾਤਾਰ ਹੁੰਦੀਆਂ ਰਹੀਆਂ ਇਹਨਾਂ ਬੇਅਦਬੀਆਂ ਅਤੇ ਇਹਨਾਂ ਦੇ ਪ੍ਰਤੀਕਰਮ ਵੱਜੋਂ ਸਾਹਮਣੇ ਆਉਂਦੀਆਂ ਰਹੀਆਂ ਘਟਨਾਵਾਂ ਨੇ ਵੀ ਉਹਨਾਂ ਸਮੂਹ ਕਲਮਕਾਰਾਂ ਨੂੰ ਝੰਜੋੜਿਆ ਜਿਹਨਾਂ ਦੇ ਅੰਦਰ ਜ਼ਮੀਰ ਵੀ ਜਾਗਦੀ ਸੀ ਅਤੇ ਸੰਵੇਦਨਾ ਵੀ। ਮੀਡੀਆ ਵਿਚ ਇਸ ਸੰਬੰਧੀ ਬਹੁਤ ਕੁਝ ਕਿਹਾ ਸੁਣਿਆ ਗਿਆ। ਰੰਜੀਵਨ ਦੀ ਕਵਿਤਾ ਬੇਅਦਬੀ ਵੀ ਉਸ ਸੋਚ ਅਤੇ ਸੰਵੇਦਨਾ ਵਿੱਚ ਨਿਕਲੀ ਸ਼ਾਇਰੀ ਦਾ ਪਤਾ ਦੇਂਦੀ ਹੈ। ਪੜ੍ਹੋ ਅਤੇ ਧਿਆਨ ਨਾਲ ਪੜ੍ਹੋ। ਇਹ ਅਖਬਾਰੀ ਖਬਰਾਂ ਤੋਂ ਵੱਖਰੀ ਗੱਲ ਦਾ ਅਹਿਸਾਸ ਕਰੇਗੀ। ਤੁਹਾਡੇ  ਵਿਚਾਰਾਂ ਦੀ ਉਡੀਕ ਰਹੇਗੀ ਹੀ। -ਰੈਕਟਰ ਕਥੂਰੀਆ 

ਬੇਅਦਬੀ//ਰੰਜੀਵਨ ਸਿੰਘ

ਆਪਣੇ ਕਾਵਿ-ਸੰਗ੍ਰਿਹ ‘ਸੁਰਖ਼ ਹਵਾਵਾਂ’ ਵਿੱਚੋਂ ਕਵਿਤਾ ਪੜ੍ਹਦਿਆਂ ਰੰਜੀਵਨ 
ਮੇਰੇ ਗੁਰਾਂ ਦੀ ਉੱਚੀ ਬਾਣੀ ਦੀ

ਮੇਰੇ ਗੁਰਾਂ ਦੀ ਸੁੱਚੀ ਬਾਣੀ ਦੀ

ਹੁੰਦੀ ਬੇਅਦਬੀ ਉਦੋਂ ਵੀ

ਵਿੱਚ ਤਾਬਿਆ ਜਦੋਂ ਲੱਥਦੀਆਂ

ਗੁਰ ਸਾਜੀਆਂ ਦਸਤਾਰਾਂ

ਲਹਿਰਦੀਆਂ ਨੇ ਤਲਵਾਰਾਂ

ਹੁੰਦੀ ਬੇਅਦਬੀ ਉਦੋਂ ਵੀ

ਪਵਣੁ ਗੁਰੂ ਪਾਣੀ ਪਿਤਾ

ਮਾਤਾ ਧਰਤਿ

ਤੋਂ ਬੇਮੁਖ ਹੋ ਅਸੀਂ

ਜਦੋਂ ਕਰਦੇ ਹਾਂ ਪ੍ਰਦੂਸ਼ਿਤ

ਆਲਾ-ਦੁਆਲਾ, ਦਰਿਆ ਤੇ ਨਦੀਆਂ

ਹੁੰਦੀ ਬੇਅਦਬੀ ਉਦੋਂ ਵੀ

ਜਦ ਉਸਰਦੇ ਨੇ ਗੁਰਦੁਆਰੇ ਦੋ

ਇਕ ਚੜ੍ਹਦੇ ਵੱਲ, ਇਕ ਛਿਪਦੇ ਵੱਲ

ਵਿਸਾਰ ਕੇ ਮਨੋਂ

ਮਾਨਸ ਕੀ ਜਾਤ ਸਬੈ ਏਕੈ ਪਹਿਚਾਨਬੋ

ਦੀ ਬੇਅਦਬੀ ਉਦੋਂ ਵੀ

ਜਦੋਂ ਤਿਆਗ ਖ਼ਾਲਸਾਈ ਸਰੂਪ

ਕਰਦੇ ਹਾਂ ਨਿਰਖ-ਪਰਖ

ਜਾਤਾਂ ਅਤੇ ਗੋਤਾਂ ਨਾਲ

ਅੱਖੋਂ ਪਰੋਖੇ ਕਰ

ਅਵਲਿ ਅਲਹ ਨੂਰੁ ਉਪਾਇਆ

ਕੁਦਰਤਿ ਕੇ ਸਭ ਬੰਦੇ

ਹੁੰਦੀ ਬੇਅਦਬੀ ਉਦੋਂ ਵੀ

ਜਦੋਂ ਦਰਸ਼ਨ-ਦੀਦਾਰਾਂ ਲਈ

ਬੰਨ੍ਹਦੇ ਹਾਂ ਕਤਾਰਾਂ ਦੋ

ਇਕ ਆਮ ਲਈ, ਇਕ ਖ਼ਾਸ ਲਈ

ਹੁੰਦੀ ਬੇਅਦਬੀ ਉਦੋਂ ਵੀ

ਮਿਹਨਤਕਸ਼ ਦੀ ਨਿਚੋੜਦੇ ਹਾਂ ਰੱਤ

ਭਰਦੇ ਹਾਂ ਤਿਜੋਰੀਆਂ

ਉੱਕਾ ਹੀ ਭੁੱਲ ਜਾਂਦੇ ਹਾਂ

ਬਾਬਾ ਨਾਨਕ ਦਾ ਉਪਦੇਸ਼

ਕਿਰਤ ਕਰੋ, ਵੰਡ ਛਕੋ, ਨਾਮ ਜਪੋ

ਹੁੰਦੀ ਬੇਅਦਬੀ ਉਦੋਂ ਵੀ

ਮੇਰੇ ਗੁਰਾਂ ਦੀ ਉੱਚੀ ਬਾਣੀ ਦੀ

ਮੇਰੇ ਗੁਰਾਂ ਦੀ ਸੁੱਚੀ ਬਾਣੀ ਦੀ।

ਸੰਪਰਕ: 98150-68816  

* * *

ਸਮਾਜਿਕ ਚੇਤਨਾ ਅਤੇ ਜਨ ਸਰੋਕਾਰਾਂ ਨਾਲ ਜੁੜੇ  ਹੋਏ ਬਲਾਗ ਮੀਡੀਆ ਨੂੰ ਜਾਰੀ ਰੱਖਣ ਵਿੱਚ ਸਹਿਯੋਗੀ ਬਣੋ। ਜੋ ਵੀ ਰਕਮ ਤੁਸੀਂ ਹਰ ਰੋਜ਼, ਹਰ ਹਫਤੇ, ਹਰ ਮਹੀਨੇ ਜਾਂ ਕਦੇ ਕਦਾਈਂ ਇਸ ਸ਼ੁਭ ਕੰਮ ਲਈ ਕੱਢ ਸਕਦੇ ਹੋ ਉਹ ਜ਼ਰੂਰ ਕੱਢੋ। ਹੇਠਲੇ ਬਟਨ 'ਤੇ ਕਲਿੱਕ ਕਰ ਕੇ ਤੁਸੀਂ ਸਹਿਜੇ ਹੀ ਅਜਿਹਾ ਕਰ ਸਕਦੇ ਹੋ।

No comments:

Post a Comment