Fri, Apr 20, 2018 at 4:35 PM
ਪਹਿਲੀ ਵਾਰੀ ਇਹ ਦਿਵਸ ਸੰਨ 1995 ਵਿਚ ਮਨਾਇਆ ਗਿਆ ਸੀ
ਹੁਣ ਜਦੋਂ ਕਿ ਸਾਡੇ ਸਮਾਜ ਵਿੱਚ ਹੁੱਕਾ ਬਾਰਾਂ ਵਿੱਚ ਜਾਣਾ ਆਮ ਹੁੰਦਾ ਜਾ ਰਿਹਾ ਹੈ। ਸ਼ਰਾਬ ਦੇ ਠੇਕੇ ਬੜੀ ਸਜਾਵਟ ਨਾਲ ਥਾਂ ਥਾਂ ਖੋਹਲੇ ਜਾ ਰਹੇ ਹਨ। ਗੈਂਗਸਟਰਾਂ ਦੀ ਨਕਲ ਵਾਲੇ ਫੈਸ਼ਨ ਅਪਣਾਉਣਾ ਆਮ ਹੁੰਦਾ ਜਾ ਰਿਹਾ ਹੈ; ਉਸ ਵੇਲੇ ਕਿਤਾਬਾਂ ਦੀ ਗੱਲ ਕਰਨਾ ਹਨੇਰੀ ਸਾਹਮਣੇ ਚਿਰਾਗ ਜਗਾਉਣ ਵਾਲੀ ਗੱਲ ਲੱਗਦੀ ਹੈ। ਇਸ ਦੇ ਬਾਵਜੂਦ ਡਾਕਟਰ ਜਗਤਾਰ ਸਿੰਘ ਧੀਮਾਨ ਨੇ ਇਹ ਹਿੰਮਤ ਦਿਖਾਈ ਹੈ। "ਚੱਕ ਲੋ ਰਿਵਾਲਵਰ ਰਫਲਾਂ" ਵਾਲੇ ਦੌਰ ਵਿੱਚ ਡਾਕਟਰ ਧੀਮਾਨ ਨੇ ਕਿਤਾਬਾਂ ਨੂੰ ਚੁੱਕਣ ਅਤੇ ਪੜਨ ਦੀ ਗੱਲ ਕੀਤੀ ਹੈ। "ਲੱਕ ਟਵੇਂਟੀ ਏਟ ਕੁੜੀ ਦਾ-ਫੋਰਟੀ ਸੈਵਨ ਵੇਟ ਕੁੜੀ ਦਾ..." ਵਾਲੀ ਹੱਦ ਤੱਕ ਨਿੱਘਰ ਚੁੱਕੇ ਸਮਾਜ ਅਤੇ ਸੱਭਿਆਚਾਰ ਨੂੰ ਸ਼ਾਇਦ ਡਾਕਟਰ ਧੀਮਾਨ ਦੀ ਇਹ ਲਿਖਤ ਕੁਝ ਬਚਾ ਸਕੇ।-ਰੈਕਟਰ ਕਥੂਰੀਆ
ਲੁਧਿਆਣਾ: 22 ਅਪਰੈਲ 2018: (*ਡਾ.ਜਗਤਾਰ ਸਿੰਘ ਧੀਮਾਨ)::
ਲੇਖਕ ਡਾ. ਜੇ ਐਸ ਧੀਮਾਨ |
ਕਿਤਾਬਾਂ ਮਨੁੱਖ ਦਾ ਸਭ ਤੋਂ ਭਰੋਸੇਯੋਗ ਦੋਸਤ ਹੁੰਦੀਆਂ ਹਨ। ਜਿਥੇ ਕਿਤਾਬਾਂ ਪੜਨ ਨਾਲ ਪਾਠਕ ਦੀ ਸੂਝ-ਬੂਝ 'ਚ ਵਾਧਾ ਹੁੰਦਾ ਹੈ ਉਥੇ ਇਸ ਨਾਲ ਉਹ ਦੂਜਿਆਂ ਦੇ ਤਜਰਬਿਆਂ ਅਤੇ ਹੱਡ-ਬੀਤੀ ਤੋਂ ਗਿਆਨ ਪਰਾਪਤ ਕਰਕੇ ਆਪਣੇ ਜੀਵਨ ਨੂੰ ਕਾਮਯਾਬੀ ਦੇ ਰਾਹ ਤੋਰ ਸਕਦਾ ਹੈ। ਕਿਤਾਬਾਂ ਪੜਨ ਦੀ ਆਦਤ ਇੱਕ ਚੰਗੀ ਆਦਤ ਹੈ।
ਕਿਤਾਬਾਂ ਮਨੁੱਖ ਵਾਸਤੇ ਗਿਆਨ ਦਾ ਵਡਮੁੱਲਾ ਸੋਮਾ ਹੁੰਦੀਆਂ ਹਨ। ਉਹ ਲੋਕ ਗਿਆਨਵਾਨ ਬਣਦੇ ਹਨ ਜੋ ਕਿਤਾਬਾਂ ਪੜਦੇ ਹਨ।ਮਨੁੱਖ ਦੀ ਹਰ ਉਮਰ ਵਾਸਤੇ ਕਿਤਾਬਾਂ ਮਿਲ ਜਾਂਦੀਆਂ ਹਨ। ਕਿਤਾਬਾਂ ਬਚਿੱਆਂ ਦਾ ਮਨੋਰੰਜਨ ਕਰਨ ਦੇ ਨਾਲ-ਨਾਲ ਗਿਆਨ ਵਿਚ ਵਾਧਾ ਕਰਦੀਆਂ ਹਨ। ਕਿਤਾਬਾਂ ਮਨੁੱਖ ਦੀਆਂ ਅੰਦਰਲੀਆਂ ਖਾਮੋਸ਼ੀਆਂ ਨੂੰ ਅਲਾਪ ਬਖਸ਼ਦੀਆਂ ਹਨ। ਕਿਤਾਬਾਂ ਪੜਨ ਨਾਲ ਮਾਨਸਿਕਤਾ ਬਲਵਾਨ ਬਣਦੀ ਹੈ। ਇਸ ਨਾਲ ਵਿਅਕਤੀਤਵ ਵਿਚ ਨਿਖਾਰ ਆਉਦਾ ਹੈ। ਆਦਮੀ ਜਦੋਂ ਉਦਾਸ ਹੋਵੇ ਤਾਂ ਕਿਤਾਬਾਂ ਉਸਨੂੰ ਬੁਲੰਦ ਕਰਦੀਆਂ ਹਨ। ਕਿਤਾਬਾਂ ਪੜਨ ਨਾਲ ਅਸੀ ਖੂਬਸੂਰਤ ਵਾਦੀਆਂ `ਚ ਪੰਛੀਆਂ ਵਾਂਗਰ ਉਡਾਰੀਆਂ ਮਾਰਨ ਅਤੇ ਮਿਰਗਾਂ ਵਾਂਗਰ ਚੁੰਗੀਆਂ ਭਰਨ ਲੱਗ ਜਾਂਦੇ ਹਾਂ। ਕਿਤਾਬਾਂ ਤਾਂ ਇਨਸਾਨ ਦੀ ਸੋਚ ਨੂੰ ਖੰਭ ਲਾ ਦੇਣ ਵਿੱਚ ਕਾਮਯਾਬ ਹੁੰਦੀਆਂ ਹਨ।ਨਰੋਈ ਜ਼ਿੰਦਗੀ ਜਿੰਦਗੀ ਜੀਉਣ ਵਾਸਤੇ ਮਨੁੱਖ ਕਿਤਾਬਾਂ ਚੋਂ ਬਹੁਤ ਕੁਝ ਸਿੱਖ ਸਕਦਾ ਹੈ। ਵਿੱਦਿਆ ਸਬੰਧੀ ਕਿਤਾਬਾਂ ਨਾਲ ਆਮ ਤੇ ਖਾਸ ਗਿਆਨ`ਚ ਵਾਧਾ ਹੁੰਦਾ ਹੈ। ਰੋਜ਼ਾਨਾ ਜ਼ਿੰਦਗੀ 'ਚ ਵਿਚਰਣ ਦਾ ਵੱਲ ਸਿਖਾਉਂਦੀਆਂ ਹਨ ਕਿਤਾਬਾਂ। ਕਿਤਾਬਾਂ ਸਾਨੂੰ ਦੁੱਖਾਂ, ਮੁਸੀਬਤਾਂ ਦੇ ਵਿਰਲਾਪ ਤੋਂ ਮੁਕਤ ਹੋ ਕੇ ਸੁਖਾਵਾਂ ਅਤੇ ਵਧੀਆ ਜੀਵਨ ਜੀਉਣ ਦੀ ਜਾਚ ਸਿਖਾਉਂਦੀਆਂ ਹਨ। ਉਹ ਮਨੁੱਖ ਦਾ ਨਿਸੁਆਰਥ ਸਾਥੀ ਹੁੰਦੀਆਂ ਹਨ। ਇਹ ਪਾਠਕ ਨੂੰ ਕਾਇਨਾਤ ਨਾਲ ਦੋਸਤੀ ਗੰਢਣ ਦਾ ਸੱਦਾ ਦਿੰਦੀਆਂ ਹਨ। ਉਸ ਨੂੰ ਵਿਦਵਾਨ ਨਾਲ ਮਿਲਵਾਉਂਦੀਆਂ ਹਨ।
ਕਈਆਂ ਦੇ ਘਰਾਂ ਚ ਕਿਤਾਬਾਂ ਪੜਨ ਦਾ ਮਾਹੋਲ ਹੁੰਦਾ ਹੈ। ਕਿਤਾਬਾਂ ਸਾਨੂੰ ਮੌਨ ਤੋਂ ਲਾਭ ਲੈਣ, ਇਕਾਂਤ ਵਿੱਚ ਰਹਿਣ ਅਤੇ ਆਦਰਸ਼ ਨਾਲ ਲਿਵ ਜੋੜਨ ਲਈ ਤਿਆਰ ਕਰਦੀਆਂ ਹਨ। ਕਈ ਲੋਕ ਹਰ ਰੋਜ਼ ਸੌਣ ਤੋਂ ਪਹਿਲਾਂ ਕਿਤਾਬਾਂ ਦੇ ਕੁਝ ਪੰਨੇ ਜਰੂਰ ਪੜਨ ਦੀ ਆਦਤ ਰੱਖਦੇ ਹਨ। ਇਹਨਾਂ ਲੋਕਾਂ ਚ ਗਿਆਨ ਦੀ ਪਿਆਸ ਹੁੰਦੀ ਹੈ ਜਿਸਦੀ ਕਿਤਾਬਾਂ ਪੜ ਕੇ ਤਰਿੱਪਤੀ ਮਿਲਦੀ ਹੈ। ਗਿਆਨ ਹਰ ਬੰਦੇ ਦੀ ਨਿੱਜੀ ਤਾਂਘ ਹੁੰਦੀ ਹੈ। ਇਹ ਪੀੜੀ ਦਰ ਪੀੜੀ ਨਹੀ ਜਾਂਦੀ। ਮਨੁੱਖ ਜਮਾਂਦਰੂ ਹੀ ਗਿਆਨਵਾਨ ਨਹੀਂ ਹੁੰਦਾ। ਗਿਆਨ ਆਲੇ-ਦੁਆਲੇ ਤੋਂ ਅਤੇ ਦੂਜਿਆਂ ਦੇ ਤਜਰਬਿਆਂ ਤੋਂ ਪਰਾਪਤ ਕੀਤਾ ਜਾਂਦਾ ਹੈ। ਅਜਿਹਾ ਕਿਤਾਬਾਂ ਤੋਂ ਹਾਸਲ ਕੀਤਾ ਜਾ ਸਕਦਾ ਹੈ। ਜਿਹਨਾਂ ਲੋਕਾਂ ਨੇ ਆਪਣੇ ਜੀਵਨ ਵਿਚ ਕਿਸੇ ਨਾ ਕਿਸੇ ਖੇਤਰ ਵਿਚ ਮਾਅਰਕਾ ਮਾਰਿਆ ਹੁੰਦਾ ਹੈ, ਉਹਨਾਂ ਨੂੰ ਉਸ ਖੇਤਰ ਦਾ ਭਰਪੂਰ ਗਿਆਨ ਹੁੰਦਾ ਹੈ। ਇਹ ਗਿਆਨ ਉਹਨਾਂ ਨੇ ਪੜ ਕੇ ਹੀ ਪਰਾਪਤ ਕੀਤਾ ਹੁੰਦਾ ਹੈ। ਗਿਆਨ ਦੀ ਭੁੱਖ ਰੱਖਣ ਵਾਲਾ ਬੰਦਾ ਹੀ ਗਿਆਨ ਪਰਾਪਤ ਕਰਦਾ ਹੈ ਅਤੇ ਆਪਣੇ ਖੇਤਰ ਚ ਪੈਰ ਜਮਾ ਲੈਂਦਾ ਹੈ। ਚੰਗੇਰੀ ਪਰਾਪਤੀ ਕਰਨ ਵਾਲੇ ਲੋਕਾਂ ਵਿਚ ਪੁਸਤਕਾਂ ਪੜਨ ਦਾ ਸੱਭਿਆਚਾਰ ਹੁੰਦਾ ਹੈ। ਸਾਨੂੰ ਵੀ ਚਾਹੀਦਾ ਹੈ ਕਿ ਅਸੀ ਕਿਤਾਬਾਂ ਪੜੀਏ। ਘਰ ਵਿਚ ਕਿਤਾਬਾਂ ਦਾ ਆਦਾਨ-ਪਰਦਾਨ ਕਰੀਏ। ਕਿਤਾਬ-ਸੱਭਿਆਚਾਰ ਸਿਰਜੀਏ।
ਪੁਸਤਕ ਸੱਭਿਆਚਾਰ ਕਿਸੇ ਵੀ ਦੇਸ਼ ਜਾਂ ਸਮਾਜ ਦੇ ਲੋਕਾਂ ਦੀ ਉਚੱਤਾ ਦਾ ਆਧਾਰ ਤੇ ਮਿਆਰ ਹੁੰਦਾ ਹੈ। ਸਮਾਜ ਜਾਂ ਕੌਮ ਦੀ ਤਰੱਕੀ ਅਤੇ ਪਰਫੁੱਲਤਾ ਲਈ ਇਸ ਨੂੰ ਅਪਨਾਉਣਾ ਮਹੱਤਵਪੂਰਨ ਹੁੰਦਾ ਹੈ।
ਕਿੰਨਾ ਚੰਗਾ ਹੋਵੇ ਜੇਕਰ ਕਿਸੇ ਦੇ ਜਨਮ-ਦਿਨ ਮੌਕੇ ਕਿਤਾਬ ਦੇ ਤੋਹਫੇ ਦਿੱਤੇ ਜਾਣ। ਸਰਕਾਰ ਨੂੰ ਵੀ ਚਾਹੀਦਾ ਹੈ ਕਿ ਹਰ ਵਰਗ ਦੇ ਲੋਕਾਂ ਲਈ ਚੰਗੇਰੀਆਂ ਕਿਤਾਬਾਂ ਮੁਹਈਆ ਕਰਵਾਏ। ਅਸਲ ਵਿਚ ਲਾਇਬਰੇਰੀਆਂ ਪੂਜਨਯੋਗ ਅਸਥਾਨ ਹੁੰਦੇ ਹਨ ਜਿਥੋਂ ਹਰ ਕਿਸੇ ਨੂੰ ਮਨ ਦੀ ਲੋੜ ਮੁਤਾਬਕ ਸਮੱਗਰੀ ਬਿਨਾਂ ਕਿਸੇ ਭੇਦਭਾਵ ਤੋਂ ਮਿਲ ਸਕਦੀ ਹੈ। ਪਿੰਡਾਂ ਚ ਸਾਂਝੀ ਜਗਾ ਤੇ ਪੁਸਤਕਾਲੇ ਖੋਲੇ ਜਾਣ ਅਤੇ ਪੰਚਾਇਤਾਂ ਤੇ ਸਕੂਲਾਂ ਨੂੰ ਕਿਤਾਬਾਂ ਖਰੀਦਣ ਵਾਸਤੇ ਗਰਾਂਟਾਂ ਦਿੱਤੀਆਂ ਜਾਣ।
ਚੰਗੇ ਨੰਬਰ ਲੈਣ ਵਾਲੇ ਵਿਦਿਆਰਥੀਆਂ ਨੂੰ ਇਨਾਮ ਵਜੋਂ ਚੰਗੀਆਂ ਕਿਤਾਬਾਂ ਦੇਣ ਨਾਲ ਉਹਨਾਂ ਉਪਰ ਕਿਤਾਬਾਂ ਪੜਨ ਦੀ ਰੁਚੀ ਵਿਕਸਤ ਹੁੰਦੀ ਹੈ। ਵੱਡੇ ਕਿਤਾਬਾਂ ਪੜਨ ਤਾਂ ਇਹ ਆਦਤ ਬੱਚਿਆਂ 'ਚ ਵੀ ਪੈਦਾ ਹੁੰਦੀ ਹੈ। ਸਕੂਲਾਂ ਦੇ ਅਧਿਆਪਕ ਵੀ ਬੱਚਿਆਂ ਵਿਚ ਕਿਤਾਬਾਂ ਪੜਨ ਦੀ ਆਦਤ ਪਾਉਣ ਵਿਚ ਸਹਾਈ ਹੋ ਸਕਦੇ ਹਨ। ਕਲਾਕਾਰ ਕਵੀ, ਸਵਰਨਜੀਤ ਸਵੀ ਵਲੋਂ ਕਿਤਾਬਾਂ ਪੜਣ ਬਾਰੇ ਰਚਿਤ ਕਵਿਤਾ “ਕਿਤਾਬ ਜਾਗਦੀ ਹੈ” ਬੜੀ ਪਰੇਰਨਾ ਦਾਇਕ ਹੈ:
“ਖਰੀਦੋ-ਰੱਖੋ/ ਪੜੋ ਨਾ ਪੜੋ/ਘਰ ਦੇ ਰੈਕ ਚ ਰੱਖੋ/ਰੱਖੋ ਤੇ ਭੁੱਲ ਜਾਉ/ਜੇ ਤੁਸੀ ਪੜ ਨਹੀਂ ਸਕਦੇ/ਯਾਦ ਨਹੀ ਰੱਖ ਸਕਦੇ/ਸੌਣ ਦਿਉ ਕਿਤਾਬ ਨੂੰ ਮਹੀਨੇ, ਸਾਲ, ਪੀੜੀ ਦਰ ਪੀੜੀ। ਉਡੀਕ ਕਰੋ ਜਾਗੇਗੀ ਕਿਤਾਬ। ਕਿਸੇ ਦਿਨ, ਕਿਸੇ ਪਲ/ਪੜੇਗਾ ਕੋਈ। ਜਿਸਨੇ ਨਹੀਂ ਖਰੀਦਣੀ ਸੀ ਇਹ ਕਿਤਾਬ.....।”
ਕੌਮਾਂਤਰੀ ਸੰਸਥਾ ਸਯੁੰਕਤਰਾਸ਼ਟਰ ਨੇ ਜਿੱਥੇ ਵੱਖ-ਵੱਖ ਵਿਸ਼ਿਆਂ, ਜਿਵੇਂ ਕਿ ਮਾਤਾ ਦਿਵਸ, ਪਿਤਾ ਦਿਵਸ, ਵੈਲੰਟਾਈਨ ਦਿਵਸ, ਧਰਤੀ ਦਿਵਸ, ਊਰਜਾ ਦਿਵਸ, ਵਾਤਾਵਰਣ ਦਿਵਸ, ਵਿਗਿਆਨ ਅਤੇ ਤਕਨਾਲੋਜੀ ਦਿਵਸ, ਆਦਿ ਬਾਰੇ ਮਾਨਤਾ ਦਿੱਤੀ ਹੈ ਉੱਥੇ ਵਿਸ਼ਵਪੱਧਰ ਤੇ ਅੰਤਰਰਾਸ਼ਟਰੀ ਪੁਸਤਕ ਦਿਵਸ ਮਨਾਉਣ ਦਾ ਦਿਨ ਵੀ ਤੈਅ ਕੀਤਾ ਹੈ।
‘ਅੰਤਰਰਾਸ਼ਟਰੀ ਪੁਸਤਕ ਦਿਵਸ` ਮਨਾਉਣ ਦਾ ਮੰਤਵ ਪਾਠਕਾਂ ਨੂੰ ਚੰਗੀਆਂ ਕਿਤਾਬਾਂ ਪੜਨ ਵਲ ਪਰੇਰਿਤ ਕਰਨਾ ਹੈ ਅਤੇ ਪਰ੍ਕਾਸ਼ਕਾਂ ਨੂੰ ਨਰੋਈ ਸੋਚ ਵਾਲੀਆਂ ਚੰਗੀਆਂ ਪ੍ਰ੍ਕਾਸ਼ਨਾਵਾਂ ਕਰਨ ਲਈ ਉਤਸ਼ਾਹਿਤ ਕਰਨਾ ਹੈ।
ਇਸ ਦਿਵਸ ਨੂੰ ਮਨਾਉਣ ਦੇ ਇਤਿਹਾਸ ਤੇ ਝਾਤ ਮਾਰਨ ਤੇ ਪਤਾ ਲੱਗਦਾ ਹੈ ਕਿ ਪਹਿਲੀ ਵਾਰੀ ਇਹ ਦਿਵਸ ਸੰਨ 1995 ਵਿਚ 23 ਅਪਰੈਲ ਨੂੰ ਮਨਾਉਣ ਦਾ ਫੈਸਲਾ ਲਿਆ ਗਿਆ ਸੀ। ਸਪੇਨ ਦੇ ਸ਼ਹਿਰ ਕੋਟਾਲੋਨੀਆਂ ਦੇ ਕਿਤਾਬ ਵਿਕਰੇਤਾਵਾਂ ਵਲੋਂ ਵਲੈਸ਼ੀਆ ਦੇ ਲਿਖਾਰੀ ਵੀਸੈਂਟ ਨਲੇਵੈਲ ਆਂਦਰੀ ਵਲੋਂ ਦਿੱਤੀ ਸਲਾਹ ਅਨੁਸਾਰ ਅੰਤਰਰਾਸ਼ਟਰੀ ਪੁਸਤਕ ਦਿਵਸ 23 ਅਪਰੈਲ ਨੂੰ ਮਨਾਉਣ ਦੀ ਪਿਰਤ ਪਾਈ ਗਈ। ਉੱਘੇ ਲਿਖਾਰੀ ਮੀਗੁਲ-ਦੇ-ਸਰਵਾੰਤੇ ਇਸੇ ਦਿਨ ਹੀ ਸੁਰਗਵਾਸ ਹੋਏ ਸਨ। ਉਨਾਂ ਦੀ ਯਾਦ ਵਿਚੋਂ ਅੰਤਰਰਾਸ਼ਟਰੀ ਪੁਸਤਕ ਦਿਵਸ 23 ਅਪਰੈਲ ਨੂੰ ਮਨਾਇਆ ਜਾਣਾ ਵਾਜਬ ਸਮਝਿਆ ਗਿਆ।ਸੰਯੁਕਤ ਰਾਸ਼ਟਰ ਦੇ ਸਿੱਖਿਆ, ਵਿਗਿਆਨ ਅਤੇ ਸੱਭਿਆਚਾਰਕ ਅਦਾਰੇ ਯੂਨੈਸਕੋ ਵਲੋਂ ਸਾਲ 1995 ਵਿਚ ਕੌਮਾਂਤਰੀ ਪੁਸਤਕ ਦਿਵਸ 23 ਅਪਰੈਲ ਨੂੰ ਮਨਾਉਣ ਦਾ ਫੈਸਲਾ ਲਿਆ ਗਿਆ। ਦੁਨੀਆਂ ਦੇ 100 ਤੋਂ ਵੀ ਵੱਧ ਦੇਸ਼ ਇਸ ਦਿਨ ਨੂੰ ਬੜੇ ਚਾਅ ਅਤੇ ਰੀਝ ਨਾਲ ਮਨਾਉਂਦੇ ਹਨ।
ਇਹ ਦਿਨ ਉੱਘੇ ਲੇਖਕਾਂ, ਵਿਲੀਅਮ ਸ਼ੇਖਸ਼ਪੀਅਰ ਅਤੇ ਇੰਕਾਗਾਰ ਸੀ ਲਾਸੋ-ਦੀ-ਲਾ-ਵੇਗਾ, ਦੀ ਬਰਸੀ ਦਾ ਦਿਨ ਵੀ ਹੈ। ਇੰਗਲੈਂਡਵਿਖੇ ‘ਅੰਤਰ-ਰਾਸ਼ਟਰੀ ਪੁਸਤਕ ਦਿਵਸ’ ਮਾਰਚ ਮਹੀਨੇ ਦੇ ਪਹਿਲੇ ਵੀਰਵਾਰ ਨੂੰ ਮਨਾਇਆ ਜਾਂਦਾ ਹੈ। ਸਮਾਜ ਦਾ ਹਰੇਕ ਉਹ ਸਖ਼ਸ ਜਿਸ ਨੂੰ ਕਿਤਾਬਾਂ ਦੀ ਮਹਤੱਤਾ ਬਾਰੇ ਜਾਣਕਾਰੀ ਹੈ, ਇਸ ਦਿਵਸ ਨੂੰ ਬੜੇ ਚਾਅ ਨਾਲ ਮਨਾਉਂਦਾ ਹੈ।
ਇਸ ਦਿਵਸ ਨੂੰ ਮਨਾਉਣ ਦੇ ਢੰਗ-ਤਰੀਕੇ ਵੱਖ-ਵੱਖ ਹੋ ਸਕਦੇ ਹਨ। ਕੁਝ ਅਦਾਰੇ ਤਾਂ ਕਿਤਾਬਾਂ ਦੀ ਨੁਮਾਇਸ਼ ਲਾਉਦੇ ਹਨ।ਇਹਨਾਂ ਨੁਮਾਇਸ਼ਾਂ ਵਿੱਚ ਵੱਖ-ਵੱਖ ਪ੍ਰ੍ਕਾਸ਼ਕ ਭਾਗ ਲੈਂਦੇ ਹਨ। ਉਨਾਂ ਵਲੋਂ ਕਿਤਾਬਾਂ ਦੀ ਵੱਧ ਤੋਂ ਵੱਧ ਪਾਠਕਾਂ ਕੋਲ ਕਿਤਾਬਾਂ ਦਾ ਖਜ਼ਾਨਾ ਵੇਚ ਕੇ ਕਿਤਾਬਾਂ ਨੂੰ ਘਰ-ਘਰ ਪਹੁੰਚਾਉਣ ਦੇ ਯਤਨ ਕੀਤੇ ਜਾਂਦੇ ਹਨ। ਵਿਦਿਆਰਥੀਆਂਨੂੰ ਇਨਾਮ ਵਜੋਂ ਕਿਤਾਬਾਂ ਵੰਡੀਆਂ ਜਾਦੀਆਂ ਹਨ। ਪੁਸਤਕ ਸੱਭਿਆਚਾਰ ਬਾਰੇ ਭਾਸ਼ਣ ਕਰਵਾਏ ਜਾਂਦੇ ਹਨ। ਵਿਦਿਅਕ ਅਦਾਰੇ ਵੱਧ-ਚੜ੍ਹ ਕੇ ਇਹਨਾਂ ਪੁਸਤਕ ਉਤਸਵਾਂ 'ਚ ਭਾਗ ਲੈਂਦੇ ਹਨ। ਬਹੁਤ ਸਾਰੇ ਸਕੂਲਾਂ, ਕਾਲਜਾਂ ਯੂਨੀਵਰਸਿਟੀਆਂ ਦੇ ਲੋਗੋ ਵਿਚ ਪੁਸਤਕ ਨੂੰ ਦਰਸਾਇਆ ਗਿਆ ਹੁੰਦਾ ਹੈ ਅਜਿਹਾ ਦਰਸਾ ਕੇ ਗਿਆਨ ਦੇ ਪਸਾਰ ਵੱਲ ਇਸ਼ਾਰਾ ਕੀਤਾ ਗਿਆ ਹੁੰਦਾ ਹੈ। ਕਈ ਵਿਦਿਅਕ ਅਦਾਰੇ ਢੁਕਵੇਂ ਨਾਅਰਿਆਂ ਰਾਂਹੀ ਪੁਸਤਕ ਸੱਭਿਆਚਾਰ ਨੂੰ ਉਤਸ਼ਾਹਿਤ ਕਰਦੇ ਹਨ।
*ਡਾ.ਜਗਤਾਰ ਸਿੰਘ ਧੀਮਾਨ
ਰਜਿਸਟਰਾਰ, ਸੀ ਟੀ ਯੂਨੀਵਰਸਿਟੀ,
ਲੁਧਿਆਣਾ
098156-59837
ਹੋਰ ਸਬੰਧਤ ਲਿੰਕ ਵੀ ਜ਼ਰੂਰ ਕਲਿੱਕ ਕਰੋ
No comments:
Post a Comment