ਰਿਟਾਇਰਮੈਂਟ ਤੋਂ ਬਾਅਦ ਸਾਰੀ ਉਮਰ ਸਮਾਜ ਭਲਾਈ ਲਈ
ਲੁਧਿਆਣਾ: 22 ਅਪਰੈਲ 2018: (ਸਾਹਿਤ ਸਕਰੀਨ ਟੀਮ)::
ਐਮ ਐਸ ਭਾਟੀਆ ਉਸ ਸ਼ਖ਼ਸੀਅਤ ਦਾ ਨਾਮ ਹੈ ਜਿਸਨੇ ਕਦੇ ਆਪਣੀ ਵਿਚਾਰਧਾਰਾ ਨਹੀਂ ਛੱਡੀ। ਕਦੇ ਅਸੂਲ ਨਹੀਂ ਛੱਡੇ। ਜ਼ਿੰਦਗੀ ਵਿੱਚ ਅਥਾਹ ਔਕੜਾਂ ਆਈਆਂ ਤਾਂ ਵੀ ਹਿੰਮਤ ਨਹੀਂ ਹਾਰੀ। ਨਿਰਾਸ਼ਾ ਦੇ ਹਨੇਰੇ ਛਾਏ ਰਹੇ ਤਾਂ ਵੀ ਦਿਲ ਨਹੀਂ ਛੱਡਿਆ। ਜ਼ਿੰਦਗੀ ਦੇ ਰਸਤਿਆਂ ਵਿੱਚ ਗਮਾਂ ਦੇ ਸਾਗਰ ਆਏ ਤਾਂ ਵੀ ਆਪਣੀਆਂ ਬਾਹਾਂ ਨੂੰ ਸਹਾਰਾ ਬਣਾ ਕੇ ਸਮੁੰਦਰਾਂ ਵਿੱਚ ਛਾਲ ਮਾਰੀ ਅਤੇ ਉਹਨਾਂ ਨੂੰ ਖੁਦ ਤੈਰ ਕੇ ਪਾਰ ਵੀ ਕੀਤਾ। ਨਵੀਂ ਤੋਂ ਨਵੀਂ ਮੁਸੀਬਤ ਆਉਂਦੀ ਰਹੀ-ਹਰ ਵਾਰ ਮੁਸਕਰਾ ਕੇ ਇੱਕ ਸ਼ਾਇਰ ਦੇ ਸ਼ਬਦਾਂ ਵਿੱਚ ਇਹੀ ਆਖਿਆ:
ਅਸੀਂ ਦਰਦਾਂ ਦੇ ਦਰਿਆ--ਇੱਕ ਦੁੱਖ ਹੋਰ ਸਹੀ।
ਬੜੇ ਵੱਡੇ ਵੱਡੇ ਲਾਲਚ ਵੀ ਆਏ ਪਰ ਕਦੇ ਮਨ ਨੂੰ ਡੋਲਣ ਨਹੀਂ ਦਿੱਤਾ। ਵੱਡੇ ਵੱਡੇ ਦਬਾਅ ਵੀ ਪਏ ਪਰ ਕਦੇ ਈਨ ਵੀ ਨਹੀਂ ਮੰਨੀ।ਵਿਚਾਰਧਾਰਾ ਨਾਸਤਿਕ ਸੋਚ ਵਾਲਿਆਂ ਨਾਲ ਜੁੜੀ ਰਹੀ ਪਰ ਇਸਦੇ ਬਾਵਜੂਦ ਕਦੇ ਕਿਸੇ ਧਰਮ ਦਾ ਮਜ਼ਾਕ ਨਹੀਂ ਉਡਾਇਆ। ਹਰ ਧਰਮ ਦੇ ਵਿਅਕਤੀ ਅਤੇ ਉਸਦੀ ਆਸਥਾ ਦੀ ਕਦਰ ਕੀਤੀ।
ਸਾਹਿਤਿਕ ਸਿਰਜਣਾ ਦੀ ਲਗਨ ਅਤੇ ਸੱਭਿਆਚਾਰ ਨਾਲ ਪਰੇਮ:
ਬੈਂਕਾਂ ਦੇ ਵਹੀ ਖਾਤਿਆਂ ਵਾਲੇ ਮਾਹੌਲ ਵਿੱਚ ਵੀ ਅੰਦਰਲੀ ਸਾਹਿਤਿਕ ਲਗਨ ਅਤੇ ਸਿਰਜਣਾ ਨੂੰ ਸੁਰਜੀਤ ਰੱਖਿਆ। ਆਧੁਨਿਕ ਦੁਨੀਆ ਦੇ ਬਹੁਤ ਸਾਰੇ ਕੋਨੇ ਘੁੰਮ ਲੈਣ ਦੇ ਬਾਵਜੂਦ ਆਪਣੇ ਦੇਸ਼ ਦੇ ਰੇਤੀ ਰਿਵਾਜ ਨਹੀਂ ਭੁਲਾਏ। ਸਮਾਜ ਦੀ ਸੰਸਕਿਰਤੀ ਅਤੇ ਸਭਿਆਚਾਰ ਨੂੰ ਨਹੀਂ ਵਿਸਾਰਿਆ। ਹਾਲ ਹੀ ਵਿੱਚ ਕਿਸੇ ਕੰਮ ਲਈ ਜਗਰਾਓਂ ਗਏ ਤਾਂ ਐਮ ਐਸ ਭਾਟੀਆ ਉੱਥੇ ਜਾ ਕੇ ਆਪਣੇ ਕਾਲਜ ਨੂੰ ਦੇਖਣ ਦਾ ਮੋਹ ਨਹੀਂ ਛੱਡ ਸਕੇ। ਉਚੇਚੇ ਤੌਰ ਤੇ ਕਾਲਜ ਗਏ। ਉੱਥੇ ਸਾਡੀ ਟੀਮ ਨੇ ਉਹਨਾਂ ਦੀ ਤਸਵੀਰ ਖਿੱਚਣੀ ਸੀ। ਕਾਲਜ ਦੇ ਸਟਾਫ ਨੂੰ ਅਸੀਂ ਇਸਦੀ ਰਸਮੀ ਬੇਨਤੀ ਕੀਤੀ ਤਾਂ ਕਾਲਜ ਦੇ ਸਟਾਫ ਨੇ ਬੜੀ ਗਰਮਜੋਸ਼ੀ ਨਾਲ ਭਾਟੀਆ ਜੀ ਦਾ ਸਵਾਗਤ ਕੀਤਾ।
ਬਜਾਜ ਸਾਹਿਬ ਨਾਲ ਦੋਬਾਰਾ ਮੁਲਾਕਾਤ:
ਇਹ ਗੱਲ ਚਾਰ ਦਹਾਕਿਆਂ ਤੋਂ ਵੀ ਵੱਧ ਪੁਰਾਣੀ ਹੈ ਜਦੋਂ ਐਮ ਐਸ ਭਾਟੀਆ ਜਗਰਾਓਂ ਵਾਲੇ ਉਪਰੋਕਤ ਕਾਲਜ ਵਿੱਚ ਪੜਦੇ ਵੀ ਸਨ ਅਤੇ ਉਥੋਂ ਦੇ ਡਾਕਖਾਨੇ ਵਿੱਚ ਨੌਕਰੀ ਵੀ ਕਰਦੇ ਸਨ। ਉਸ ਵੇਲੇ ਲਾਲਾ ਲਾਜਪਤ ਰਾਏ ਮੈਮੋਰੀਅਲ ਕਾਲਜ ਜਗਰਾਓਂ ਦੇ ਪਰਿੰਸੀਪਲ ਹੁੰਦੇ ਸਨ ਜਨਾਬ ਪਰੇਮ ਸਿੰਘ ਬਜਾਜ। ਪੰਜਾਬੀ ਭਵਨ ਦਾ ਖਿਆਲ ਵੀ ਆ ਜਾਈ ਤਾਂ ਬਜਾਜ ਸਾਹਿਬ ਦੀ ਤਸਵੀਰ ਵੀ ਜ਼ਿਹਨ ਵਿੱਚ ਨਾਲ ਹੀ ਉਭਰ ਕੇ ਸਾਹਮਣੇ ਆਉਂਦੀ ਹੈ।
ਇਹਨਾਂ ਚਾਰ ਦਹਾਕਿਆਂ ਵਿੱਚ ਪੂੰਜੀਵਾਦ ਨੇ ਨਾ ਸਿਰਫ ਸਮਾਜਿਕ ਕਦਰਾਂ ਕੀਮਤਾਂ ਅਤੇ ਸਿੱਖਿਆ ਸਿਸਟਮ ਨੂੰ ਬਦਲ ਦਿੱਤਾ ਹੈ ਬਲਕਿ ਗੁਰੂ ਸ਼ਿਸ਼ ਵਾਲੇ ਸਬੰਧਾਂ ਨੂੰ ਵੀ ਅਤੀਤ ਦੀ ਗੱਲ ਬਣਾ ਦਿੱਤਾ ਹੈ। ਹੁਣ ਕਿਸੇ ਟੀਚਰ ਦੀ ਹਿੰਮਤ ਨਹੀਂ ਕਿ ਉਹ ਕਿ ਉਹ ਆਪਣੇ ਕਿਸੇ ਸ਼ਗਿਰਦ ਨੂੰ ਘੂਰੀ ਵੱਟ ਕੇ ਦੇਖ ਲਏ ਜਾਂ ਲੋੜ ਪੈਣ ਤੇ ਉਸਦੇ ਮਾੜੇ ਮੋਟੇ ਕੰਨ ਖਿੱਚ ਦੇਵੇ। ਅੱਜਕਲ ਬੱਚੇ ਆਪਣੀ ਅਧਿਆਪਕਾਂ ਨੂੰ ਉਹਨਾਂ ਦੇ ਰੂਮ ਵਿੱਚ ਜਾ ਕੇ ਗੋਲੀ ਮਾਰ ਆਉਂਦੇ ਹਨ। ਅੰਦਾਜ਼ਾ ਲਾਓ ਕਿ ਸਾਡਾ ਸਮਾਜ ਕਿੱਧਰ ਨੂੰ ਜਾ ਰਿਹਾ ਹੈ। ਇਸ ਨਿਰਾਸ਼ਾਜਨਕ ਦੌਰ ਵਿੱਚ ਵੀ ਐਮ ਐਸ ਭਾਟੀਆ ਜੀ ਉਚੇਚਾ ਪੰਜਾਬੀ ਭਵਨ ਪੁੱਜੇ ਅਤੇ ਪਰਿੰਸੀਪਲ ਦੇ ਗੋਡਿਆਂ ਨੂੰ ਹੱਥ ਲਾਇਆ। ਉਹਨਾਂ ਨੂੰ ਯਾਦ ਕਰਾਇਆ ਕਿ ਕਿਵੈਂ ਉਹਨਾਂ ਨੇ ਜਗਰਾਓਂ ਵਾਲੇ ਕਾਲਜ ਵਿੱਚ ਫੀਸਾਂ ਅਤੇ ਕਿਤਾਬਾਂ ਦੇ ਮਾਮਲੇ ਵਿੱਚ ਮਦਦ ਵੀ ਕੀਤੀ ਸੀ। ਇਸ ਮਦਦ ਤੋਂ ਨਾ ਸ਼ਾਇਦ ਭਾਟੀਆ ਜੀ ਲਈ ਵਿੱਦਿਆ ਪਰਾਪਤੀ ਵਿੱਚ ਮੁਸ਼ਕਿਲਾਂ ਹੋਰ ਵੱਧ ਸਕਦੀਆਂ ਹਨ।
ਭਾਵੁਕ ਹੋ ਗਏ ਬਜਾਜ ਸਾਹਿਬ:
ਏਨੇ ਲੰਮੇ ਅਰਸੇ ਮਗਰੋਂ ਜਦੋਂ ਬਜਾਜ ਸਾਹਿਬ ਦੇ ਸ਼ਿਸ਼ ਨੇ ਉਹਨਾਂ ਦੇ ਗੋਡੇ ਹੱਥ ਲਾਇਆ ਤਾਂ ਬਜਾਜ ਸਾਹਿਬ ਭਾਵੁਕ ਹੋ ਗਏ। ਉਹਨਾਂ ਦਾ ਗਲਾ ਭਰ ਆਇਆ। ਅੱਜਕਲ ਦੇ ਕਾਰੋਬਾਰੀ ਯੁਗ ਵਾਲੇ ਦੌਰ ਵਿੱਚ ਕੋਈ ਪੁਰਾਣਾ ਸ਼ਿਸ਼ ਏਨੇ ਸਤਿਕਾਰ ਨਾਲ ਆ ਕੇ ਮਿਲੇ ਤਾਂ ਸ਼ਾਇਦ ਇਹ ਕਿਸੇ ਕਰਿਸ਼ਮੇ ਤੋਂ ਘੱਟ ਨਹੀਂ। ਬਜਾਜ ਸਾਹਿਬ ਨੇ ਭਾਟੀਆ ਜੀ ਨੂੰ ਜੀਅ ਆਇਆਂ ਆਖਿਆ। ਬਹੁਤ ਪਿਆਰ ਨਾਲ ਮਿਲੇ। ਦੁੱਖ ਸੁੱਖ ਵੀ ਈ ਸਾਂਝੇ ਕੀਤੇ। ਕੁਝ ਕੁ ਗੱਲਾਂ ਅਸੀਂ ਕੈਮਰੇ ਵਿੱਚ ਰਿਕਾਰਡ ਵੀ ਕੀਤੀਆਂ।
ਭਾਟੀਆ ਜੀ ਬਾਰੇ ਸ਼ਾਰਟ ਫਿਲਮ:
ਭਾਟੀਆ ਜੀ ਦੀ ਜ਼ਿੰਦਗੀ ਬਾਰੇ ਉਹਨਾਂ ਦੇ ਕੁਝ ਮਿੱਤਰ ਇੱਕ ਵਿਸ਼ੇਸ਼ ਫਿਲਮ ਵੀ ਬਣਾ ਰਹੇ ਹਨ। ਇਹ ਫਿਲਮ ਉਹਨਾਂ ਦੀ ਜ਼ਿੰਦਗੀ ਵਿਚਲੇ ਸੰਘਰਸ਼ਾਂ ਨੂੰ ਕਲਾਤਮਕ ਢੰਗ ਨਾਲ ਦਿਖਾਵੇਗੀ।
No comments:
Post a Comment