'ਪੱਤਰਕਾਰ-ਵੇਸਵਾ' ਲਫ਼ਜ਼ ਦੀ ਇਜਾਦ ਬਾਰੇ ਦੀਪ ਜਗਦੀਪ ਵੱਲੋਂ ਵਿਸ਼ੇਸ਼ ਰਿਪੋਰਟ
ਹਾਲੇ ਕੁਝ ਘੰਟੇ ਪਹਿਲਾਂ ਹੀ ਮੈਂ ਉਹਨਾਂ ਅੰਦਰ ਲਗਾਤਾਰ ਵੱਧਦੀ ਜਾ ਰਹੀ ਕੁੜਤਣ ਦਾ ਜ਼ਿਕਰ ਕੀਤਾ ਸੀ, ਤਾਂ ਉਨ੍ਹਾਂ ਦੇ ਇਕ ਵਿਦਿਆਰਥੀ ਨੇ ਕਿਹਾ ਸੀ ਮੈਂ ਇਸ ਨਾਲ ਸਹਿਮਤ ਨਹੀਂ। ਦੋ ਦਿਨਾਂ ਤੋਂ ਸਫ਼ਰ ਵਿਚ ਹੋਣ ਕਰਕੇ ਮੈਂ ਕੁਝ ਖ਼ਬਰਾਂ ਪੜ੍ਹ ਨਹੀਂ ਸਕਿਆ। ਅੱਜ ਅਚਾਨਕ ਇਕ ਖ਼ਬਰ ਨਜ਼ਰੀਂ ਪਈ, ਜਿਸ ਵਿਚ ਸਮਾਜਵਾਦੀ ਵਿਚਾਰਧਾਰਾ ਨਾਲ ਹਮਦਰਦੀ ਰੱਖਣ ਵਾਲੇ ਪੱਤਰਕਾਰ Rector Kathuria ਨੇ ਸੋਸ਼ਲ ਮੀਡੀਆ 'ਤੇ ਪੰਜਾਬੀ ਸਾਹਿਤ ਅਕਾਡਮੀ ਦੀਆਂ ਚੋਣਾਂ ਬਾਰੇ ਭਖੀ ਹੋਈ ਬਹਿਸ ਦਰਜ ਕੀਤੀ ਸੀ। ਉਨ੍ਹਾਂ ਵੱਖ-ਵੱਖ ਲੇਖਕਾਂ ਵੱਲੋਂ ਆਪਣੀ-ਆਪਣੀ ਪਸੰਦ ਦੇ ਉਮੀਦਵਾਰਾਂ ਬਾਰੇ ਲਿਖੀਆਂ ਟਿੱਪਣੀਆਂ ਅਤੇ ਵਿਚਾਰਾਂ ਨੂੰ ਆਪਣੀ ਵਿਸ਼ਲੇਸ਼ਣੀ ਖ਼ਬਰ ਵਿਚ ਦਰਜ ਕੀਤਾ। ਉਨ੍ਹਾਂ ਨੇ ਪੂਰੀ ਖ਼ਬਰ ਵਿਚ ਹਰ ਤਰ੍ਹਾਂ ਦੇ ਵਿਚਾਰ ਨੂੰ ਥਾਂ ਦਿੱਤੀ ਅਤੇ ਖ਼ਬਰ ਦੀ ਸ਼ੁਰੂਆਤ ਵਿਚ ਹੀ ਪੱਤਰਕਾਰਾਂ ਨੂੰ ਵੇਸਵਾ ਕਹਿਣ ਵਾਲੇ ਵਿਦਵਾਨ ਉਮੀਦਵਾਰ ਸਾਹਬ ਦੇ ਪਿਛਲੇ ਕਾਰਜਾਂ ਦੀ ਪ੍ਰਸੰਸਾ ਕੀਤੀ। ਸ਼ਾਇਦ ਉਨ੍ਹਾਂ ਤੋਂ ਬੱਜਰ ਗੁਨਾਹ ੲਿਹ ਹੋ ਗਿਆ ਕਿ ਉਨ੍ਹਾਂ ਦੂਜੀ ਉਮੀਦਵਾਰ Bhupinder Kaur Preet ਬਾਰੇ ਵੀ Paul Kaur ਹੁਰਾਂ ਦੀ ਟਿੱਪਣੀ ਦਰਜ ਕਰ ਦਿੱਤੀ। ਕਥੂਰੀਆ ਨੂੰ ਤਾਂ ਲੱਗਿਆ ਕਿ ਉਹਨਾਂ ਆਪਣਾ ਫ਼ਰਜ਼ ਨਿਭਾਇਆ ਹੈ।
ਪਰ ਪੱਤਰਕਾਰਾਂ ਨੂੰ ਵੇਸਵਾ ਕਹਿਣ ਵਾਲੇ ਜਨਰਲ ਸਕੱਤਰੀ ਦੇ ਉਮੀਦਵਾਰ ਵਿਦਵਾਨ ਸਾਹਬ ਨੂੰ ਇਹ ਗੱਲ ਨਾਗਵਾਰ ਗ਼ੁਜ਼ਰੀ 'ਤੇ ਉਹਨਾਂ ਤੈਸ਼ ਵਿਚ ਆ ਕੇ ਅੱਧੀ ਰਾਤ ਹੋਣ ਤੋਂ ਐਨ 6 ਮਿੰਟ ਪਹਿਲਾਂ ਖ਼ਬਰ ਉਚੇਚੀ ਟਿੱਪਣੀ ਕਰਕੇ ਪੱਖਪਾਤ ਰਹਿਤ ਖ਼ਬਰ ਲਿਖਣ ਵਾਲੇ ਪੱਤਰਕਾਰ ਨੂੰ ਨੂੰ ਵੇਸਵਾ ਦੀ ਉਪਾਧੀ ਬਖ਼ਸ਼ ਦਿੱਤੀ। (ਅੱਧੀ ਰਾਤ ਨੂੰ ਵੇਸਵਾ ਦਾ ਚੇਤਾ ਆਉਣਾ ਸੁਭਾਵਕ ਹੁੰਦਾ ਹੋਣੈ।)
ਲੰਮੇ ਸਮੇਂ ਤੋਂ ਪੰਜਾਬੀ ਸਾਹਿਤ ਅਕਾਡਮੀ, ਜਿਸ ਦੇ ਅਹੁਦੇਦਾਰ ਵਿਦਵਾਨ ਬੋਲਣ ਦੀ ਆਜ਼ਾਦੀ ਵਿਚ ਚੀਕ-ਚੀਕ ਕੇ ਨਾਅਰੇ ਮਾਰਦੇ ਹਨ ਅਤੇ ਅਸਹਿਣਸ਼ੀਲਤਾ ਖ਼ਿਲਾਫ਼ ਸਨਮਾਨ ਮੋੜਨ ਵਾਲਿਆਂ ਦਾ ਸਮਰਥਨ ਕਰਦੇ ਹਨ, ਉਸ ਅਕਾਡਮੀ ਅੰਦਰ ਪ੍ਰੈਸ ਅਤੇ ਬੋਲਣ ਦੀ ਆਜ਼ਾਦੀ ਦੀ ਸੰਘੀ ਘੁੱਟੀ ਹੋਈ ਹੈ। ਅਕਾਡਮੀ ਦੇ ਅਹੁਦੇਦਾਰ ਸਿਰਫ਼ ਉਨ੍ਹਾਂ ਨੂੰ ਹੀ ਪੱਤਰਕਾਰ ਮੰਨਦੇ ਹਨ, ਜੋ ਉਨ੍ਹਾਂ ਦੇ ਭੇਜੇ ਪ੍ਰੈਸ ਨੋਟ ਨੂੰ ਇੰਨ-ਬਿੰਨ ਛਾਪ ਦਿੰਦੇ ਹਨ, ਲਗਾ-ਮਾਤਰਾਵਾਂ ਅਤੇ ਤੱਥਾਂ ਦੀਆਂ ਗ਼ਲਤੀਆਂ ਸਮੇਤ। ਪਰ ਜਿਹੜੇ ਪੱਤਰਕਾਰ ਅਕਾਡਮੀ ਦੇ ਪ੍ਰਬੰਧਾਂ ਅਤੇ ਪਾਰਦਰਸ਼ਤਾ ਨਾਲ ਸੰਬੰਧਤ ਸਵਾਲ ਕਰਦੇ ਹਨ, ਅਕਾਡਮੀ ਉਨ੍ਹਾਂ ਨੂੰ ਬਲੈਕ ਲਿਸਟ ਕਰ ਦਿੰਦੀ ਹੈ। ਵਿਸ਼ਵ ਭਰ ਦੀਆਂ ਅਖ਼ਬਾਰਾਂ ਵਿਚ ਰੋਜ ਛਪਣ ਵਾਲੇ ਪੰਜਾਬੀ ਫ਼ੋਟੋਕਾਰੀ ਅਤੇ ਪੱਤਰਕਾਰੀ ਦੇ ਜਾਣੇ-ਪਛਾਣੇ ਨਾਮ Janmeja Singh Johl ਵੀ ਉਸੇ ਬਲੈਕ ਲਿਸਟ ਵਿਚ ਸ਼ਾਮਲ ਹਨ। ਇਹੀ ਨਹੀਂ ਜਨਰਲ ਸਕੱਤਰ ਸਾਹਬ ਨੇ ਕੁਝ ਮਹੀਨੇ ਪਹਿਲਾਂ ਜੌਹਲ ਸਾਹਬ ਦੀ ਖਿੱਲੀ ਉਡਾਂਉਂਦੀ ਇਕ ਪੋਸਟ ਵੀ ਪਾਈ ਸੀ, ਜਿਸ 'ਤੇ ਆਏ ਕਮੈਂਟਾ ਕਰਕੇ ਉਨ੍ਹਾਂ ਨੂੰ ਨਮੋਸ਼ੀ ਹੀ ਝੱਲਣੀ ਪਈ ਸੀ।
ਇਸ ਬਲੈਕ ਲਿਸਟ ਵਿਚ ਦੂਜਾ ਨਾਮ ਇਸ ਪੋਸਟ ਦੇ ਲੇਖਕ 'ਬੜਬੋਲੇ' ਪੱਤਰਕਾਰ ਦਾ ਵੀ ਹੈ, ਜਿਸ ਨੂੰ ਡਾਕਟਰ ਸਾਹਿਬ ਦੇ ਜਨਰਲ ਸਕੱਤਰ ਬਣਨ ਤੋਂ ਬਾਅਦ ਦਾ ਬਲੈਕ ਲਿਸਟ ਕੀਤਾ ਹੋਇਆ ਹੈ। ਜਦੋਂ ਵੀ ਦਫ਼ਤਰ ਵਿਚੋਂ ਪੁੱਛਿਆ ਗਿਆ ਤਾਂ ਇਹੀ ਜਵਾਬ ਮਿਲਿਆ ਕਿ ਸਾਨੂੰ ਹੁਕਮ ਹੈ ਅਸੀਂ ਕਿਸੇ ਦਾ ਨਾਮ ਨਹੀਂ ਦੱਸ ਸਕਦੇ। ਵਿਚਾਰਾ ਸਟਾਫ਼ ਵੀ ਕੀ ਕਰੇ, ਉਸ ਨੇ ਵੀ ਨੌਕਰੀ ਕਰਨੀ ਹੈ। ਸਟਾਫ਼ ਨੂੰ ਤਾਂ ਮੂਕ ਹੁਕਮਨਾਮਾ ਜਾਰੀ ਹੋਇਆ ਹੈ ਕਿ ਅਕਾਡਮੀ ਦੀ ਕਿਸੇ ਵੀ ਮੀਟਿੰਗ ਜਾਂ ਇਜਲਾਸ ਵਿਚ ਜਦੋਂ ਕੋਈ ਵਾਦ-ਵਿਵਾਦ ਚੱਲ ਰਿਹਾ ਹੋਵੇ ਤਾਂ ਪੱਤਰਕਾਰਾਂ ਨੂੰ ਰਿਕਾਰਡਿੰਗ ਨਹੀਂ ਕਰਨ ਦੇਣੀ। ਆਖ਼ਰੀ ਜਨਰਲ ਇਜਲਾਸ ਵਿਚ ਵੀ ਰੈਕਟਰ ਕਥੂਰੀਆਂ ਨੂੰ ਸਟਾਫ਼ ਮੈਂਬਰਾਂ ਨੇ ਰਿਕਾਰਡਿੰਗ ਕਰਨ ਤੋਂ ਟੋਕ ਦਿੱਤਾ ਸੀ। ਡਾ. ਐਸ. ਐਸ. ਜੌਹਲ ਵਰਗੇ ਵਿਦਵਾਨ ਵੀ ਬਿਨਾਂ ਮੰਜ਼ੂਰੀ ਤੋਂ ਵਿਵਾਦਤ ਮਸਲਿਆਂ ਦੇ ਪ੍ਰੈਸ ਨੋਟਾਂ ਵਿਚ ਉਨ੍ਹਾਂ ਦਾ ਨਾਮ ਵਰਤਣ ਦਾ ਅਫ਼ਸੋਸ ਪ੍ਰਗਟ ਕਰ ਚੁੱਕੇ ਹਨ। ਹੁਣ ਤਾਂ ਹੱਦ ਹੀ ਮੁਕਾ ਦਿੱਤੀ ਗਈ ਹੈ, ਰੈਕਟਰ ਕਥੂਰੀਆਂ ਨੂੰ ਉਸ ਖ਼ਬਰ 'ਤੇ ਵੇਸਵਾ ਕਿਹਾ ਗਿਆ ਹੈ, ਜਿਸ ਵਿਚ ਉਨ੍ਹਾਂ ਕੋਈ ਅਲੋਚਨਾ ਕੀਤੀ ਵੀ ਨਹੀਂ।
ੲਿਹ ਦੱਸ ਦੇਵਾਂ ਕਿ ਪੱਤਰਕਾਰਾਂ ਲਈ 'ਪੱਤਰਕਾਰ-ਵੇਸਵਾ' ਲਫ਼ਜ਼ ਦੀ ਇਜਾਦ ਆਰਐਸਐਸ ਤੇ ਭਾਜਪਾ ਦੇ ਸੋਸ਼ਲ ਮੀਡੀਆ ਸੈੱਲ ਨੇ ਕੀਤੀ ਸੀ, ਜੋ ਟਵਿੱਟਰ ਉੱਤੇ ਸੈਕੂਲਰ ਅਤੇ ਫ਼ਾਸੀਵਾਦ ਵਿਰੋਧੀ ਪੱਤਰਕਾਰਾਂ ਖ਼ਿਲਾਫ਼ ਜ਼ੋਰ-ਸ਼ੋਰ ਨਾਲ ਵਰਤੀ ਜਾਂਦੀ ਸੀ। ਖੱਬੇ-ਪੱਖੀ ਧਿਰਾਂ ਇਸ ਬਾਰੇ ਕਰੜਾ ਰੋਸ ਪ੍ਰਗਟਾਉਂਦੀਆਂ ਰਹੀਆਂ ਹਨ। ਅੱਜ ਤਾਂ ਦੇਖੋ ਸਾਡੇ ਮਹਾਨ ਖੱਬੇਪੱਖੀ ਚਿੰਤਕਾਂ ਨੇ ਸੰਘ ਅਤੇ ਸੈਕੂਲਰਾਂ ਵਿਚ ਫ਼ਰਕ ਹੀ ਮਿਟਾ ਦਿੱਤਾ ਹੈ।
ਸੋ, ਅਕਾਡਮੀ ਦੇ ਪਿਆਰੇ ਮੈਂਬਰੋ, ਸੂਝਵਾਨ ਵੋਟਰੋ, ਸਾਨੂੰ ਇਹ ਫ਼ਰਕ ਮਿਟਾਉਣ ਵਾਲੀ ਸੋਚ ਨੂੰ ਪੱਕੇ ਪੈਰੀਂ ਕਰਨ ਲਈ ਪੱਤਰਕਾਰਾਂ ਨੂੰ ਵੇਸਵਾ ਕਹਿਣ ਵਾਲੇ ਵਿਦਵਾਨਾਂ ਨੂੰ ਜਨਰਲ-ਸਕੱਤਰੀ ਜਿਤਾਉਣੀ ਬੇਹੱਦ ਜ਼ਰੂਰੀ ਹੈ। ਹੁੰਮ-ਹੁਮਾਂ ਕੇ 15 ਤਰੀਕ ਨੂੰ ਇਨ੍ਹਾਂ ਨੂੰ ਵੋਟਾਂ ਪਾ ਕੇ ਕਾਮਯਾਬ ਕਰੋ।
ਦੋ ਸਾਲ ਪਹਿਲਾਂ ਵਿਦਵਾਨ ਸਾਹਬ ਦੇ ਸਰਬ-ਸੰਮਤੀ ਨਾਲ ਚੋਣ ਜਿੱਤਣ 'ਤੇ ਐਡੀ ਹੀ ਲੰਮੀ ਪ੍ਰਸ਼ੰਸਾਮਈ ਪੋਸਟ ਲਿਖੀ ਸੀ, ਸੋਚਿਆ ਨਹੀਂ ਸੀ ਇਕ ਵਾਰ ਫ਼ੇਰ ਉਨ੍ਹਾਂ ਦੀ 'ਪ੍ਰਸ਼ੰਸਾ' ਵਿਚ ਐਡੀ ਹੀ ਪੋਸਟ ਲਿਖਣੀ ਪਵੇਗੀ। ਹਾਲੇ ਵੀ ਦਿਲ ਕਹਿ ਰਿਹਾ ਹੈ ਕਿ ਇਹ ਸਭ ਝੂਠ ਹੋਵੇ। ਪਰ ਪ੍ਰਤੱਖ ਨੂੰ ਪ੍ਰਮਾਣ ਦੀ ਕੀ ਲੋੜ, ਤੁਸੀਂ ਆਪ ਦੇਖ ਲਵੋ, ਤਸਵੀਰਾਂ ਨੱਥੀ ਨੇ।
ਰੈਕਟਰ ਕਥੂਰੀਆ ਦੀ ਖ਼ਬਰ ਦਾ ਲਿੰਕ https://goo.gl/R4ZdRk
__________________________________________________
-ਦੀਪ ਜਗਦੀਪ ਸਿੰਘ
{ਅਕਾਡਮੀ ਦਾ ਇਕ ਚਿੰਤਤ ਮੈਂਬਰ, ਜਿਸ ਦੀ ਰੋਜ਼ੀ-ਰੋਟੀ ਪੱਤਰਕਾਰੀ ਹੈ}
ਦੁਨੀਆਂ ਨੂੰ ਪਤਾ ਹੈ ਕਿ ਪੱਤਰਕਾਰ ਇੱਕ ਕਿਸਮ ਦੇ ਨਹੀਂ ਹੁੰਦੇ। ਉਨ੍ਹਾਂ ਦੀਆਂ ਵੀ ਕਿਸਮਾਂ ਹੁੰਦੀਆਂ ਹਨ। ਪੱਤਰਕਾਰੀ ਵੀ ਕਈ ਕਿਸਮ ਦੀ ਹੁੰਦੀ ਹੈ। ਸੱਚਮੁੱਚ ਦੀ ਬਾਹਰਮੁਖੀ ਵਿਸ਼ਲੇਸ਼ਣ ਵਾਲੀ ਪੱਤਰਕਾਰੀ ਅਤੇ ਦੂਜੀ ਵਿਸ਼ਲੇਸ਼ਣ ਦਾ ਬਰਮ ਪਾ ਕੇ ਆਪਣੀਆਂ ਨਿੱਜੀ ਪਸੰਦਾਂ ਅਤੇ ਨਾਪਸੰਦਾਂ ਨੂੰ ਬਾਹਰਮੁਖੀ ਸੱਚ ਵਾਂਗ ਉਛਾਲਣ ਵਾਲੀ ਪੱਤਰਕਾਰੀ। ਵਿਕਾਊ ਅਤੇ ਵਿਅਕਤੀਗਤ ਹਉਮੈਂ ਨੂੰ ਪੱਠੇ ਪਾਉਣ ਵਾਲੀ ਪੱਤਰਕਾਰੀ। ਕਈ ਇਸ ਨੂੰ ਪੀਲੀ ਪੱਤਰਕਾਰੀ ਵੀ ਕਹਿੰਦੇ ਹਨ। ਸਾਰੇ ਪੱਤਰਕਾਰਾਂ ਨੂੰ ਕੋਈ ਦੋਸ਼ ਨਹੀਂ ਦੇ ਸਕਦਾ ਅਤੇ ਨਾ ਹੀ ਦਿੱਤਾ ਗਿਆ ਹੈ। ਜਿਸ ਕਿਸਮ ਦਾ ਤੱਥਰਹਿਤ, ਪੂਰਵ-ਧਾਰਣਾ ਉੱਤੇ ਆਧਾਰਿਤ ਵਿਸ਼ਲੇਸ਼ਣ ਪੇਸ਼ ਕੀਤਾ ਗਿਆ ਹੈ, ਉਸ ਨੂੰ ਕੁਝ ਅਜਿਹਾ ਹੀ ਕਿਹਾ ਜਾ ਸਕਦਾ ਹੈ। ਮੈਨੂੰ ਅਫ਼ਸੋਸ ਹੈ ਕਿ ਮੈਂ ਅਜਿਹੀ ਲਿਖਤ ਦੀ ਤੁਲਨਾ ਵੇਸਵਾ ਨਾਲ ਕਰਕੇ ਵੇਸਵਾਵਾਂ ਦਾ ਰੁਤਬਾ ਛੋਟਾ ਕੀਤਾ ਹੈ। ਇਹ ਤੁਲਨਾ ਕਰਨੀ ਗ਼ਲਤ ਸੀ। ਮੈਂ ਸਮੂਹ ਵੇਸਵਾਵਾਂ ਤੋਂ ਮੁਆਫ਼ੀ ਮੰਗਦਾ ਹੋਇਆ ਇਸ ਕਿਸਮ ਦੀ ਲਿਖਤ ਨੂੰ ਕੋਈ ਹੋਰ ਲਕਬ ਦਿਆ ਕਰਾਂਗਾ। ਨਾਲੇ ਇਹ ਟਿੱਪਣੀ ਰੈਕਟਰ ਕਥੂਰੀਆ ਜੀ ਬਾਰੇ ਨਹੀਂ ਹੈ, ਇਹ ਜਿਸ ਬਾਰੇ ਹੈ, ਉਸ ਨੂੰ ਇਲਮ ਹੋਵੇਗਾ ਕਿ ਉਹ ਪੱਤਰਕਾਰੀ ਵਰਗੇ ਕੰਮ ਅਤੇ ਸਪੇਸ ਨੂੰ ਆਪਣੇ ਛੋਟੇਪਣ ਨੂੰ ਉਛਾਲਣ ਲਈ ਕਿਵੇਂ ਕਰਦਾ ਹੈ। ਉਸ ਦੀ ਜੇ ਕਿਸੇ ਜਾਨਵਰ ਨਾਲ ਵੀ ਤੁਲਨਾ ਕਰਦਿਆਂ ਖ਼ੌਫ਼ ਆਉਂਦਾ ਹੈ ਕਿ ਉਹ ਜਾਨਵਰ ਬੁਰਾ ਨਾ ਮਨਾ ਜਾਵੇ। ਇਹ ਵੀ ਕਿਸੇ ਪੱਤਰਕਾਰ ਦੀ ਛੋਟੇਪਣ ਦੀ ਨਿੰਦਾ ਸਾਰੇ ਪੱਤਰਕਾਰਾਂ ਦੀ ਨਿੰਦਾ ਨਹੀਂ ਹੁੰਦੀ। ਮੈਨੂੰ ਤਾਂ ਹਾਲੇ ਇਹ ਵੀ ਪੱਕਾ ਨਹੀਂ ਪਤਾ ਕਿ ਪੱਤਰਕਾਰ ਦੇ ਭੇਸ ਵਿਚ ਇਹ ਕੌਣ ਤੁਰਿਆ ਫ਼ਿਰ ਰਿਹਾ ਹੈ।
ReplyDelete