ਇਹ ਕਹਾਣੀਆਂ ਧਰਤੀ ਨਾਲ ਜੁੜੀਆਂ ਹੋਈਆਂ ਨੇ: ਪਰੋਫ਼ੈਸਰ ਰਵਿੰਦਰ ਭੱਠਲ
ਲੁਧਿਆਣਾ: 21 ਅਪਰੈਲ 2018: (ਸਾਹਿਤ ਸਕਰੀਨ ਟੀਮ)::
ਸ਼ਾਂਤੀ ਵਾਰਤਾਵਾਂ ਅਤੇ ਪਰੈਸ ਬਿਆਨਾਂ ਦੇ ਬਾਵਜੂਦ ਧਰਤੀ 'ਤੇ ਹਥਿਆਰਾਂ ਦੀ ਦੌੜ ਜਾਰੀ ਹੈ। ਅੱਤਵਾਦ ਦੇ ਖਾਤਮੇ ਦਾ ਦਾਅਵਾ ਕਰਨ ਮਗਰੋਂ ਨਵੀਂ ਕਿਸਮ ਦੀ ਦਹਿਸ਼ਤ ਜਾਰੀ ਹੈ। ਗੈਂਗ ਬਣਾਉਣ, ਗੈਂਗ ਵਿੱਚ ਸ਼ਾਮਲ ਹੋਣ ਅਤੇ ਫਿਰ ਸੋਸ਼ਲ ਮੀਡੀਆ 'ਤੇ ਸ਼ਰੇਆਮ ਲਲਕਾਰੇ ਮਾਰਨ ਦਾ ਸਿਲਸਿਲਾ ਵੀ ਤੇਜ਼ੀ ਨਾਲ ਚੱਲ ਰਿਹਾ ਹੈ। ਲੱਗਦਾ ਹੈ ਬੱਬੂ ਮਾਨ ਦਾ "ਚੱਕ ਲੋ ਰਿਵਾਲਵਰ ਰਫਲਾਂ....." ਵਾਲਾ ਗੀਤ ਲੋਕਾਂ ਦੇ ਦਿਲਾਂ ਵਿੱਚ ਉਤਰ ਚੁੱਕਿਆ ਹੈ। ਬੇਇਨਸਾਫੀਆਂ ਦੇ ਨਿਰੰਤਰ ਵੱਧ ਰਹੇ ਨਿਰਾਸ਼ਾਜਨਕ ਸਿਲਸਿਲੇ ਨੇ ਇਸ ਰੁਝਾਨ ਨੂੰ ਹਵਾ ਦਿੱਤੀ ਹੈ। ਆਸਿਫ਼ਾ ਨਾਲ ਹੋਏ ਅਣਮਨੁੱਖੀ ਕਾਰੇ ਨੇ ਸਮਾਜ ਵਿੱਚ ਇੱਕ ਵੱਖਰੀ ਕਿਸਮ ਦੀ ਦਹਿਸ਼ਤ ਪੈਦਾ ਕਰ ਦਿੱਤੀ ਹੈ। ਇਸ ਸਾਰੇ ਮਾਹੌਲ ਵਿੱਚ ਲੁਧਿਆਣਾ ਦਾ ਪੰਜਾਬੀ ਭਵਨ ਅਤੇ ਸਾਹਿਤਿਕ ਸੰਸਥਾਵਾਂ ਲੋਕਾਂ ਵਿੱਚ ਸ਼ਬਦ ਚੇਤਨਾ ਨੂੰ ਵਿਕਸਿਤ ਕਰਨ ਦੇ ਉਪਰਾਲੇ ਕਰ ਰਹੀਆਂ ਹਨ।
"ਗੁੰਡਾਗਰਦੀ" ਅਤੇ ਵੱਖ ਹੱਥਾਂ ਵਿੱਚ ਫੜੀਆਂ ਬੰਦੂਕਾਂ ਦੀ ਦਹਿਸ਼ਤ ਦੇ ਮੁਕਾਬਲੇ ਲਈ ਕਲਮਾਂ ਵਾਲਿਆਂ ਦਾ ਨਵਾਂ ਕਾਫ਼ਿਲਾ ਤਿਆਰ ਹੋ ਰਿਹਾ ਹੈ। ਜਿਹਨਾਂ ਨੇ ਸਮਾਜਿਕ ਤਬਦੀਲੀ ਲਈ ਸ਼ਬਦਾਂ ਨੂੰ ਹਥਿਆਰ ਬਣਾਇਆ ਹੈ। ਡਾ. ਜਗਤਾਰ ਹੁਰਾਂ ਦੇ ਸ਼ਬਦਾਂ ਵਾਂਗ ਇਹ ਲੋਕ ਕਾਫ਼ਿਲਾ ਸਪਸ਼ਟ ਕਹਿ ਰਿਹਾ ਹੈ:
ਹਰ ਮੋੜ ਤੇ ਸਲੀਬਾਂ, ਹਰ ਪੈਰ ਤੇ ਹਨੇਰਾ
ਫਿਰ ਵੀ ਅਸੀਂ ਰੁਕੇ ਨਾ,ਸਾਡਾ ਵੀ ਦੇਖ ਜੇਰਾ
ਅੱਜ ਨਾਰੀ ਕਲਮਾਂ ਦੀਆਂ ਰਚਨਾਵਾਂ ਕੁਝ ਅਜਿਹਾ ਹੀ ਆਖ ਰਹੀਆਂ ਹਨ। ਪੰਜਾਬੀ ਭਵਨ ਵਿੱਚ ਪੁਸਤਕ ਰਿਲੀਜ਼ ਸਮਾਗਮ ਮੌਕੇ ਇਸ ਗੱਲ ਦੀ ਪੁਸ਼ਟੀ ਹੋਈ ਕਿ ਨਾ ਤਾਂ ਗੌਰੀ ਲੰਕੇਸ਼ ਦੇ ਵਹਿਸ਼ੀਆਨਾ ਕਤਲ ਨਾਲ ਨਾਰੀ ਨੂੰ ਡਰਾਇਆ ਜਾ ਸਕਿਆ ਹੈ ਅਤੇ ਨਾ ਹੀ ਆਸਿਫ਼ਾ ਨਾਲ ਦਰਿੰਦਗੀ ਦੀਆਂ ਹੱਦਾਂ ਪਾਰ ਕਰਕੇ। ਪਵਿੱਤਰ ਕੌਰ ਮਾਟੀ ਦੀਆਂ ਕਹਾਣੀਆਂ ਬਾਰੇ ਬਹੁਤ ਕੁਝ ਅਜਿਹਾ ਕਿਹਾ ਗਿਆ ਜਿਹੜਾ ਰਸਮੀ ਨਹੀਂ ਸੀ। ਇਹ ਸਭ ਕੁਝ ਦਿਲਾਂ ਵਿੱਚੋਂ ਨਿਕਲੀ ਆਵਾਜ਼ ਸੀ।
ਪਰੋਫੈਸਰ ਰਵਿੰਦਰ ਭੱਠਲ ਨੇ ਕਿਹਾ ਕਿ ਇਹ ਕਹਾਣੀਆਂ ਧਰਤੀ ਦੇ ਨਾਲ ਜੁੜੇ ਮਨੁੱਖ ਦੀਆਂ ਕਹਾਣੀਆਂ ਹਨ। ਇਹਨਾਂ ਕਹਾਣੀਆਂ ਵਿੱਚੋਂ ਜ਼ਿੰਦਗੀ ਧੜਕਦੀ ਹੈ। ਇਹ ਸ਼ਬਦ ਪੰਜਾਬੀ ਸਾਹਿਤ ਅਕਾਡਮੀ ਦੇ ਪਰਧਾਨ ਪਰੋਫੈਸਰ ਰਵਿੰਦਰ ਸਿੰਘ ਭੱਠਲ ਅੱਜ ਪੰਜਾਬੀ ਭਵਨ ਵਿਖੇ ਪੰਜਾਬੀ ਲੇਖਕ ਕਲਾਕਾਰ ਸੁਸਾਇਟੀ ਲੁਧਿਆਣਾ ਵਲੋਂ ਕਰਵਾਏ ਗਏ ਪੁਸਤਕ ‘ਸ਼ਾਹ ਰਗ ਤੋਂ ਵੀ ਨੇੜੇ’ ਦੇ ਲੋਕ ਅਰਪਣ ਸਮਾਗਮ ਦੌਰਾਨ ਕਹੇ। ਉਹਨਾਂ ਕਿਹਾ ਕਿ ਇਹ ਕਹਾਣੀਆਂ ਪਾਠਕ ਦੇ ਮੱਥੇ ਵਿਚ ਸਵਾਲ ਵੀ ਖੜੇ ਕਰਦੀਆਂ ਹਨ ਅਤੇ ਉਹਨਾਂ ਦੇ ਜਵਾਬ ਵੀ ਦਿੰਦੀਆਂ ਹਨ। ਇਸ ਮੌਕੇ ਅਕਾਡਮੀ ਦੇ ਸਾਬਕਾ ਪਰਧਾਨ ਪਰੋਫੈਸਰ ਗੁਰਭਜਨ ਸਿੰਘ ਗਿੱਲ ਨੇ ਕਿਹਾ ਕਿ ਮਾਟੀ ਦੀਆਂ ਕਹਾਣੀਆਂ ਬੇਬਾਕ ਹਨ ਅਤੇ ਤਾਜ਼ਗੀ ਦਿੰਦੀਆਂ ਹਨ। ਇਸਦੇ ਨਾਲ ਹੀ ਇਹ ਕਹਾਣੀਆਂ ਪਾਠਕਾਂ ਨੂੰ ਨਾਲ ਆਪਣੇ ਤੋਰਦੀਆਂ ਹਨ। ਇਸ ਪੁਸਤਕ 'ਤੇ ਪੇਪਰ ਪੜਦਿਆਂ ਡਾ. ਜਗਵਿੰਦਰ ਜੋਧਾ ਨੇ ਕਿਹਾ ਕਿ ਇਹਨਾਂ ਕਹਾਣੀਆਂ ਵਿਚੋਂ ਸਮਾਜਿਕ ਰਿਸ਼ਤਿਆਂ ਦੀਆਂ ਉਹ ਪਰਤਾਂ ਨਜ਼ਰ ਆਉਂਦੀਆਂ ਹਨ,ਜਿਹਨਾਂ ਨੂੰ ਅਸੀਂ ਭੁਲਦੇ ਜਾ ਰਹੇ ਹਾਂ। ਮਾਟੀ ਦੀਆਂ ਕਹਾਣੀਆਂ ਵਿਚ ਪੁਰਾਤਨ ਤੇ ਆਧੁਨਿਕ ਭਾਸ਼ਾ ਹੈ। ਬਲਦੇਵ ਸਿੰਘ ਸੜਕਨਾਮਾ ਨੇ ਕਿਹਾ ਕਿ ਔਰਤ ਮਰਦ ਦੇ ਰਿਸ਼ਤਿਆਂ ਨੂੰ ਬਾਖ਼ੂਬੀ ਬੇਬਾਕ ਵਰਨਣ ਕਰਦੀਆਂ ਮਾਟੀ ਦੀਆਂ ਕਹਾਣੀਆਂ ਸਮੁੱਚੇ ਪਾਠਕਾਂ ਨੂੰ ਇੱਕ ਨਵੀਂ ਸੇਧ ਦਿੰਦੀਆਂ ਹਨ। ਦੀਪਤੀ ਬਬੂਟਾ ਨੇ ਕਿਹਾ ਕਿ ਮਾਟੀ ਦੀਆਂ ਕਹਾਣੀਆਂ ਵਿਚ ਕੋਈ ਵਖਰੇਵਾਂ ਨਹੀਂ। ਜਤਿੰਦਰ ਹਾਂਸ ਨੇ ਕਿਹਾ ਕਿ ਮਾਟੀ ਦੀਆਂ ਕਹਾਣੀਆਂ ਵਿਚ ਚੁੱਪ ਦੀ ਆਵਾਜ਼ ਹੈ। ਪਰਗਟ ਸਿੱਧੂ ਨੇ ਕਿਹਾ ਕਿ ਬਹੁਤ ਦੇਰ ਬਾਅਦ ਇੱਕ ਔਰਤ ਕਲਮਕਾਰਾ ਦੀਆਂ ਕਹਾਣੀਆਂ ਪੜ ਕੇ ਮਨ ਨੂੰ ਸੰਤੁਸ਼ਟੀ ਤੇ ਖੁਸ਼ੀ ਹੋਈ ਕਿ ਔਰਤ ਵੀ ਆਪਣੀ ਰਚਨਾ ਰਾਹੀਂ ਇੱਕ ਨਵੀਂ ਸੇਧ ਦੇ ਸਕਦੀ ਹੈ। ਪਰਸਿੱਧ ਵਿਅੰਗਕਾਰ ਕੇ. ਐੱਲ. ਗਰਗ ਨੇ ਕਿਹਾ ਕਿ ਔਰਤ ਮਰਦ ਦੇ ਰਿਸ਼ਤਿਆਂ ਦੀ ਪੀੜ ਨੂੰ ਕਹਾਣੀਆਂ ਵਿਚ ਰੂਪਮਾਨ ਕਰਦੀ ਇਹ ਲੇਖਿਕਾ ਪੰਜਾਬੀ ਔਰਤ ਕਹਾਣੀਕਾਰਾਂ ਦੀ ਸੂਚੀ ਵਿਚ ਸ਼ਾਮਿਲ ਹੋ ਗਈ ਹੈ। ਸੁਸਾਇਟੀ ਦੀ ਪਰਧਾਨ ਡਾ. ਗੁਰਚਰਨ ਕੌਰ ਕੋਚਰ ਨੇ ਸਮਾਗਮ ਵਿਚ ਪੁੱਜੇ ਲੇਖਕਾਂ ਅਤੇ ਵਿਦਵਾਨਾਂ ਦਾ ਸਵਾਗਤ ਕਰਦਿਆਂ ਕਿਹਾ ਕਿ ਮਾਟੀ ਦੀਆਂ ਕਹਾਣੀਆਂ ਪੜ ਕੇ ਇਹ ਮਹਿਸੂਸ ਹੁੰਦਾ ਹੈ ਕਿ ਇਹ ਇੱਕ ਮਰਦ ਵਲੋਂ ਲਿਖੀਆਂ ਕਹਾਣੀਆਂ ਹਨ। ਇਸ ਮੌਕੇ ਪਵਿੱਤਰ ਮਾਟੀ ਨੇ ਸੁਸਾਇਟੀ ਅਤੇ ਲੇਖਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਸਨੇ ਤਾਂ ਜੋ ਕੁਝ ਮਹਿਸੂਸ ਕੀਤਾ, ਉਹੀ ਲਿਖਿਆ ਹੈ। ਹੁਣ ਤਾਂ ਪਾਠਕਾਂ ਨੇ ਹੀ ਇਹ ਕਹਾਣੀਆਂ ਚੰਗੀਆਂ-ਮਾੜੀਆਂ ਹੋਣ ਦਾ ਇਜ਼ਹਾਰ ਕਰਨਾ ਹੈ। ਇਸ ਮੌਕੇ ਪੰਜਾਬ ਤੋਂ ਪੁੱਜੇ ਲੇਖਕ ਅਤੇ ਕਵਿੱਤਰੀਆਂ ਵਿਚ ਇੰਦਰਜੀਤਪਾਲ ਕੌਰ ਭਿੰਡਰ, ਕੁਲਵਿੰਦਰ ਕੌਰ ਕਿਰਨ, ਹਰਕੀਰਤ ਕੌਰ ਚਾਹਲ, ਅਮਰ ਸੂਫ਼ੀ, ਕੋਮਲਦੀਪ ਕੌਰ, ਹਰਲੀਨ ਕੌਰ, ਤਰੈਲੋਚਨ ਲੋਚੀ, ਮਨਜਿੰਦਰ ਧਨੋਆ, ਸੁਰਿੰਦਰ ਕੌਰ ਸੈਣੀ, ਬੇਅੰਤ ਕੌਰ ਗਿੱਲ, ਅਮਰਜੀਤ ਕੌਰ ਅਮਰ, ਕੁਲਦੀਪ ਕੌਰ ਚੱਠਾ, ਬਹਾਦਰ ਡਾਲਵੀ, ਰਣਜੀਤ ਕੌਰ ਸਵੀ, ਪਰਮਜੀਤ ਕੌਰ ਮਹਿਕ, ਜਸਵਿੰਦਰ ਫਗਵਾੜਾ, ਬੁੱਧ ਸਿੰਘ ਨੀਲੋਂ, ਅਮਨਦੀਪ ਦਰਦੀ, ਰਾਜਵਿੰਦਰ ਕੌਰ ਜਟਾਣਾ, ਸੰਤੋਸ਼ ਸੰਧੀਰ, ਗੁਰਮੀਤ ਬਿਰਦੀ, ਅਮਰਜੀਤ ਸ਼ੇਰਪੁਰੀ, ਪਰਿੰਸੀਪਲ ਪਰੇਮ ਸਿੰਘ ਬਜਾਜ ਸਮੇਤ ਭਾਰੀ ਗਿਣਤੀ ਵਿਚ ਸਰੋਤੇ ਤੇ ਲੇਖਕ ਹਾਜ਼ਰ ਸਨ। ਇਸ ਤੋਂ ਬਾਅਦ ਹਾਜ਼ਰ ਕਵੀਆਂ ਦਾ ਕਵੀ ਦਰਬਾਰ ਹੋਇਆ। ਇਸ ਸਮਾਗਮ ਦੀ ਮੰਚ ਸੰਚਾਲਨਾ ਦਾ ਕੰਮ ਸੁਖਵਿੰਦਰ ਅਨਹਦ ਨੇ ਬਾਖ਼ੂਬੀ ਨਿਭਾਇਆ।
No comments:
Post a Comment