ਨਕਸਲੀ ਸਰਗਰਮੀਆਂ ਨੇ ਝੂਠੇ ਕਤਲ ਕੇਸ ਚ ਉਲਝਾਇਆ
ਬਹੁਤ ਲੋਕ ਫੋਨ ਕਰਕੇ ਪੁੱਛ ਰਹੇ ਹਨ ਕਿ ਦਲਬੀਰ ਹਲਵਾਰਵੀ ਕੌਣ ਹੈ?
ਦਲਬੀਰ ਹਲਵਾਰਾ ਪਿੰਡ ਦੇ ਕਾਮਰੇਡ ਰਤਨ ਸਿੰਘ ਜੀ ਦਾ ਸਪੁੱਤਰ ਹੈ ਜੋ ਅੱਧੀ ਸਦੀ ਪਹਿਲਾਂ ਇੰਗਲੈਂਡ ਚਲੇ ਗਏ ਸਨ।
ਦਲਬੀਰ ਵੀ ਪਿੱਛੇ ਪਿੱਛੇ ਚਲਾ ਗਿਆ।
ਦਲਬੀਰ ਸੁਮਨ ਦੇ ਨਾਂ ਨਾਲ ਇੰਗਲੈਂਡ ਦਾ ਨਾਮਵਰ ਬਰਾਡਕਾਸਟਰ ਬਣਿਆ।
2008 ਦੇ ਨੇੜੇ ਅਸਟਰੇਲੀਆ ਚਲਾ ਗਿਆ। ਹਲਵਾਰਾ ਉਸ ਦੇ ਨਾਲ ਨਾਲ ਤੁਰਿਆ। ਪਿੰਡ ਦਾ ਕਰਜ਼ ਮੋੜਨਾ ਚਾਹੁੰਦੈ ਪਰਿਵਾਰ ਵੱਲੋਂ। ਪਿੰਡ ਨੇ ਸੁਪਨੇ ਸੰਸਕਾਰ ਤੇ ਉਡਾਣ ਦਿੱਤੀ।
ਪਿੰਡ ਨਾਲ ਜੁੜਨ ਦਾ ਵਸੀਲਾ ਸਾਹਿੱਤ ਚੁਣਿਐਂ ਉਸ। ਸਵੇਰੇ ਸੁਰਜੀਤ ਪਾਤਰ ਦੀ ਅਗਵਾਈ ਚ ਕਵੀ ਦਰਬਾਰ। ਹਰਭਜਨ ਹਲਵਾਰਵੀ ਯਾਦਗਾਰੀ ਕਵਿਤਾ ਪੁਰਸਕਾਰ ਮੈਨੂੰ ਮਿਲ ਰਿਹੈ। ਮੇਰਾ ਰੁਬਾਈ ਸੰਗਰਹਿ ਸੰਧੂਰਦਾਨੀ ਲੋਕ ਅਰਪਨ ਹੋਵੇਗਾ।
ਸ਼ਾਮੀਂ ਸਿਰਜਣਾ ਆਰਟ ਗਰੁੱਪ ਰਾਏਕੋਟ ਵੱਲੋਂ ਹਲਵਾਰੇ ਦਾ ਦਾਮਾਦ ਮੇਰਾ ਪੁੱਤਰ ਡਾ: ਸੋਮਪਾਲ ਹੀਰਾ ਤੇ ਉਸ ਦੀ ਜੀਵਨ ਸਾਥਣ ਪਰੋਫੈਸਰ ਕੰਵਲ ਢਿੱਲੋਂ ਗੁਰੂ ਰਵੀਦਾਸ ਧਰਮਸਾਲਾ ਚ ਨਾਟਕ ਖੇਡਣਗੇ। ਡਾ: ਨਿਰਮਲ ਜੌੜਾ ਪੂਰੇ ਸਮਾਗਮ ਦਾ ਮੁੱਖ ਸੰਚਾਲਕ ਹੈ।
ਬਚਪਨ ਚ ਪਿੰਡ ਦੇ ਪੰਜਾਬੀ ਕਵੀ ਭਗਵਾਨ ਢਿੱਲੋਂ ਨੇ ਉਸ ਨੂੰ ਚੰਗੀਆਂ ਕਿਤਾਬਾਂ ਪੜ੍ਹਨ ਲਈ ਪ੍ਰੇਰਿਆ।
ਆਸਟਰੇਲੀਆ ਚ ਉਹ ਬਰਿਸਬੇਨ ਵੱਸਦੈ। ਇੰਡੋਜ਼ ਸਾਹਿੱਤ ਸਭਾ ਦਾ ਕਾਰਕੁਨ।
ਪਿੰਡ ਦੇ ਨਾਮਵਰ ਸ਼ਾਇਰ ਤੇ ਪੰਜਾਬੀ ਟ੍ਰਿਬਿਊਨ ਦੇ ਸੰਪਾਦਕ ਰਹੇ ਹਰਭਜਨ ਹਲਵਾਰਵੀ ਦਾ ਉਹ ਵੱਡਾ ਕਦਰਦਾਨ ਹੈ।
ਸ਼ਾਇਦ ਇਸੇ ਕਰਕੇ ਉਸਨੇ ਆਪਣੇ ਬਾਬਲ ਦੀ ਥਾਂ ਵੀਰ ਹਰਭਜਨ ਹਲਵਾਰਵੀ ਦੇ ਨਾਮ ਤੇ ਪੁਰਸਕਾਰ ਸਥਾਪਤ ਕੀਤਾ ਹੈ।
ਬੜੇ ਥੋੜੇ ਲੋਕ ਜਾਣਦੇ ਨੇ ਕਿ ਹਰਭਜਨ ਹਲਵਾਰਵੀ ਦੇ ਬਾਪੂ ਜੀ ਸਧਾਰ ਬਾਜ਼ਾਰ ਚ ਕਾਰੋਬਾਰ ਕਰਦੇ ਸਨ। ਪਿਛਵਾੜੇ ਘਰ ਸੀ। ਨਕਸਲਬਾੜੀ ਲਹਿਰ ਦੇ ਸਿਖਰ ਵੇਲੇ ਹਲਵਾਰਵੀ ਨੂੰ ਫੜਨ ਲਈ ਸਧਾਰ ਪੁਲਿਸ ਚੌਂਕੀ ਬਣੀ। ਹੁਣ ਪੂਰਾ ਠਾਣਾ ਹੈ। ਵੇਖ ਲਉ ਅਮਨ ਕਾਨੂੰਨ ਦੀ ਤਰੱਕੀ?
ਹਰਭਜਨ ਹਲਵਾਰਵੀ ਹੁਰੀਂ ਮੇਰੀ ਜਾਣਕਾਰੀ ਮੁਤਾਬਕ ਪੰਜ ਭਰਾ ਸਨ।
ਹਲਵਾਰਵੀ ਤੋਂ ਨਿੱਕੇ ਸੰਪੂਰਨ ਤੇ ਡਾ: ਸੰਤੋਖ ਸਿੰਘ ਸਨ। ਸੰਪੂਰਨ ਏਅਰ ਫੋਰਸ ਚ ਸੀ। ਹੁਣ ਸੁਰਗਵਾਸ ਹੋ ਚੁਕੈ।
ਤੇ ਡਾ: ਸੰਤੋਖ ਸਿੰਘ ਬੇਟ ਏਰੀਏ ਦਾ ਮਸੀਹਾ। ਰੱਜ ਕੇ ਮਿਲਾਪੜਾ। ਸੜਕ ਹਾਦਸੇ ਚ ਜਵਾਨ ਉਮਰੇ ਚਲਾ ਗਿਆ।
ਉਸ ਤੋਂ ਨਿੱਕਾ ਅਵਤਾਰ ਸੀ, ਪੀਏਯੂ 'ਚ ਡਾਕਟਰੇਟ ਕੀਤੀ ਸ਼ਾਇਦ ਜਾਂ ਐੱਮ ਐੱਸ ਸੀ, ਚੇਤਾ ਨਹੀਂ। ਉਹ ਵਲਾਇਤ ਚਲਾ ਗਿਆ। ਪਹਿਲਾਂ ਇਥੇ ਰਹਿੰਦਿਆਂ ਮੁਲਾਕਾਤਾਂ ਹੋ ਜਾਂਦੀਆਂ ਸਨ ਪਰ ਜਾਣ ਮਗਰੋਂ ਕਦੇ ਨਹੀਂ। ਸਭ ਤੋਂ ਨਿੱਕਾ ਡਾ: ਨਵਤੇਜ ਸਿੰਘ ਇਤਿਹਾਸ ਗਿਆਤਾ। ਪੰਜਾਬੀ ਯੂਨੀਵਰਸਿਟੀ ਪਟਿਆਲਾ ਚ ਇਤਿਹਾਸ ਵਿਭਾਗ ਦਾ ਪ੍ਰੋਫੈਸਰ ਤੇ ਮੁਖੀ
ਰਿਹੈ। ਪੰਦਰਾਂ ਮੁੱਲਵਾਨ ਖੋਜ ਪੁਸਤਕਾਂ ਦਾ ਸਿਰਜਕ। ਪਰ ਪੇਰੀ ਪੜ੍ਹਤ ਮੁਤਾਬਕ ਸ਼ਹੀਦ ਊਧਮ ਸਿੰਘ ਬਾਰੇ ਉਸ ਦੀ ਪੁਸਤਕ ਸਾਮਰਾਜੀ ਧੌਂਸ ਨੂੰ ਵੰਗਾਰ ਬੜੀ ਮੁੱਲਵਾਨ ਪੁਸਤਕ ਹੈ।
ਦੋ ਭੈਣਾਂ ਹਨ। ਇੱਕ ਅਮਰੀਕਾ ਦੂਜੀ ਲੁਧਿਆਣੇ। ਲੁਧਿਆਣੇ ਵਾਲੀ ਭੈਣ ਸਾਡੀ ਪੰਜਾਬ ਖੇਤੀ ਯੂਨੀਵਰਸਿਟੀ ਚ ਪ੍ਰੋਫੈਸਰ ਸੀ, ਡਾ: ਗੁਰਜੀਤ ਸਿੰਘ ਰਤਨ ਦੀ ਜੀਵਨ ਸਾਥਣ।
ਹਰਭਜਨ ਹਲਵਾਰਵੀ ਆਪ ਮੈਥੇਮੈਟਿਕਸ ਦੀ ਐੱਮ ਏ ਸਨ। ਗੌਰਮਿੰਟ ਕਾਲਿਜ ਲੁਧਿਆਣਾ 'ਚ ਸ: ਅਜਮੇਰ ਸਿੰਘ ਲੱਖੋਵਾਲ ਉਨ੍ਹਾਂ ਦਾ ਸਹਿਪਾਠੀ ਸੀ। ਜੰਗ ਬਹਾਦਰ ਗੋਇਲ,ਬਲਵੰਤ ਸਿੰਘ ਰਾਮੂਵਾਲੀਆ, ਇਕਬਾਲ ਰਾਮੂਵਾਲੀਆ ਤੇ ਮੈਂਬਰ ਪਾਰਲੀਮੈਂਟ ਹਰਿੰਦਰ ਸਿੰਘ ਖਾਲਸਾ ਵੀ।
ਪ੍ਰਿੰਸੀਪਲ ਭਾਰਦਵਾਜ ਖਿਲਾਫ਼ ਹੋਈ ਲੰਮੀ ਹੜਤਾਲ ਦੇ ਨਾਇਕ ਹਲਵਾਰਵੀ ਹੀ ਸਨ।
ਰਾਮਗੜ੍ਹੀਆ ਸਕੂਲ ਲੁਧਿਆਣਾ ਚ ਹਿਸਾਬ ਪੜਾਉਣ ਲੱਗ ਪਏ।
ਏਥੇ ਵੀ ਹੜਤਾਲ ਪਿੱਛੇ।
ਬਾਗੀ ਅਧਿਆਪਕਾਂ ਨੇ ਵਿਸ਼ਵਕਰਮਾ ਸਕੂਲ ਖੋਲ੍ਹ ਲਿਆ।
ਰੱਜਵੀਂ ਮਿਸਾਲੀ ਮਿਹਨਤ ਵਾਲੇ ਅਧਿਆਪਕ ਬਣੇ। ਨਕਸਲੀ ਸਰਗਰਮੀਆਂ ਨੇ ਝੂਠੇ ਕਤਲ ਕੇਸ ਚ ਉਲਝਾਇਆ। ਦਾਖਾ ਪੁਲਿਸ ਮੁਕਾਬਲਾ ਬਣਾ ਕੇ ਮਾਰਨ ਲੱਗੀ ਤਾਂ ਇਥੇ ਨਿਯੁਕਤ ਏ ਐੱਸ ਪੀ ਸਿਮਰਨਜੀਤ ਸਿੰਘ ਮਾਨ(ਸਾਬਕਾ ਐੱਮ ਪੀ) ਨੇ ਬਚਾ ਲਿਆ। ਇਥੇ ਕਵਿਤਾ ਢਾਲ ਬਣੀ।
ਜੇਲ ਚੋਂ ਛੁੱਟ ਕੇ ਸ ਨ ਮਾਡਲ ਸਕੂਲ ਚ ਪੜਾਉਣ ਲੱਗ ਪਏ।
ਮੈਂ ਵੀ ਉਦੋਂ ਆਪਣੇ ਵੱਡੇ ਭਾ ਜੀ ਪ੍ਰਿੰਸੀਪਲ ਜਸਵੰਤ ਸਿੰਘ ਗਿੱਲ ਨਾਲ ਕ੍ਰਿਸ਼ਨਾ ਨਗਰ ਲੁਧਿਆਣਾ ਚ ਰਹਿੰਦਾ ਸਾਂ। ਮੇਰੇ ਭਾ ਜੀ ਵੀ ਵਿਸ਼ਵਕਰਮਾ ਸਕੂਲੇ ਪੜ੍ਹਾਉਂਦੇ ਰਹੇ ਹੋਣ ਕਰਕੇ ਹਲਵਾਰਵੀ ਜੀ ਦਾ ਸਾਡੇ ਘਰ ਆਉਣ ਜਾਣ ਸੀ।
1975 ਚ ਮੈਂ ਐੱਏ ਪੰਜਾਬੀ ਦਾ ਪਹਿਲਾ ਸਾਲ ਕੀਤਾ ਸੀ। ਯੂਨੀਵਰਸਿਟੀ ਚੋਂ ਪਹਿਲਾ ਸਥਾਨ ਹੋਣ ਕਾਰਨ ਹਲਵਾਰਵੀ ਜੀ ਨੇ ਮੇਰੀਆਂ ਕੁਝ ਕਿਤਾਬਾਂ ਤੇ ਨੋਟਿਸ ਲੈ ਲਏ। ਉਨ੍ਹਾਂ ਵੀ ਅਗਲੇ ਸਾਲ ਚ ਪੰਜਾਬੀ ਦੀ ਐੱਮ ਏ ਦਾ ਪਹਿਲਾ ਸਾਲ ਮੁਕੰਮਲ ਕਰ ਲਿਆ।
ਦੂਜੇ ਸਾਲ ਉਹ ਡਾ: ਅਤਰ ਸਿੰਘ ਜੀ ਦੀ ਪ੍ਰੇਰਨਾ ਨਾਲ ਪੰਜਾਬ ਯੂਨੀਵਰਸਿਟੀ ਚ ਰੈਗੂਲਰ ਦਾਖਲ ਹੋ ਗਏ। ਐੱਮ ਏ ਕਰਦਿਆਂ ਹੀ ਡਿਕਸ਼ਨਰੀ ਵਿਭਾਗ ਚ ਕੰਮ ਕਰਨ ਲੱਗ ਪਏ।
ਪੰਜਾਬੀ ਟ੍ਰਿਬਿਊਨ ਸ਼ੁਰੂ ਹੋਇਆ ਤਾਂ ਡਾ: ਐੱਸ ਪੀ ਸਿੰਘ ਜੀ ਦੀ ਪਰੇਰਨਾ ਨਾਲ ਸਹਾਇਕ ਸੰਪਾਦਕ ਬਣ ਗਏ। ਭਾ ਜੀ ਬਰਜਿੰਦਰ ਸਿੰਘ ਵੀ ਬੇਹੱਦ ਕਦਰਦਾਨ ਸਨ ਉਨ੍ਹਾਂ ਦੇ। ਟੀਮ ਹੀ ਕਮਾਲ ਸੀ।
ਫਿਰ ਪੰਜਾਬੀ ਟ੍ਰਿਬਿਉਨ ਦੇ ਸੰਪਾਦਕ ਬਣੇ। ਕੁਝ ਸਮਾਂ ਅੱਜ ਦੀ ਆਵਾਜ਼ ਦੇ ਵੀ ਸੰਪਾਦਕ ਰਹੇ। ਉਹ ਸਮਾਂ ਉਹਨਾਂ ਲਈ ਬਹਤ ਉਦਾਸ ਸੀ। ਵਰਿਆਮ ਸਿੰਘ ਸੰਧੂ ਬਿਨ ਸਭ ਸਾਥੀ ਨਿੱਖੜਦੇ ਗਏ।
ਫਿਰ ਪੰਜਾਬੀ ਟ੍ਰਿਬਿਊਨ ਦੇ ਸੰਪਾਦਕ ਬਣ ਗਏ।
ਪੌਣ ਉਦਾਸ ਹੈ ਉਨ੍ਹਾਂ ਦਾ ਪਹਿਲਾ ਕਾਵਿ ਸੰਗ੍ਰਹਿ ਸੀ। ਫਿਰ ਪਿਘਲੇ ਹੋਏ ਪਲ, ਪੰਖ ਵਿਹੂਣਾ, ਪੁਲਾਂ ਤੋਂ ਪਾਰ ਤੇ ਪਹਿਲੇ ਪੰਨੇ।
ਪੁਲਾਂ ਤੋਂ ਪਾਰ ਨੂੰ ਭਾਰਤੀ ਸਾਹਿੱਤ ਅਕਾਡਮੀ ਪੁਰਸਕਾਰ ਮਿਲਿਆ।
ਸਫਰਨਾਮੇ ਵੀ ਲਿਖੇ। ਚੀਨ ਵਿੱਚ ਕੁਝ ਦਿਨ, ਬਾਤਾਂ ਮਿੱਤਰ ਦੇਸ਼ ਦੀਆਂ, ਮਹਾਂਰਾਸ਼ਟਰ ਤੋਂ ਪਾਰ, ਨਿੱਕੇ ਵੱਡੇ ਸਫ਼ਰ, ਵੱਖਰੀ ਧਰਤੀ ਵੱਖਰੇ ਲੋਕ, ਸੁਨਹਿਰੀ ਦਿਨਾਂ ਦਾ ਸਫ਼ਰ ਪਰਮੁੱਖ ਹਨ। ਸੱਤ ਕਿਤਾਬਾਂ ਸੰਪਾਦਕੀ ਲੇਖਾਂ ਦੀਆਂ ਹਨ ਤੇ ਚਾਰ ਸੰਪਾਦਿਤ ਕੀਤੇ ਕਾਵਿ ਸੰਗ੍ਰਹਿ।
ਸਮੁੱਚੀ ਕਵਿਤਾ ਨੂੰ ਵੀ
ਮੈਂ ਸਾਰੇ ਦਾ ਸਾਰਾ ਨਾਮ ਹੇਠ ਉਹਨਾਂ ਦੀ ਜੀਵਨ ਸਾਥਣ ਨੇ ਸੰਪਾਦਿਤ ਕੀਤਾ ਹੈ।
ਹਲਵਾਰਵੀ ਜੀ ਦੇ ਸਤਿਕਾਰ ਚ ਕੌਮਾਂਤਰੀ ਪੱਧਰ ਦਾ ਸਮਾਗਮ ਇਸ ਕਰਕੇ ਬਣ ਗਿਆ ਕਿ ਦਲਬੀਰ ਆਸਟੇਲੀਆ ਤੋਂ, ਸੁੱਖੀ ਬਾਠ ਤੇ ਹਰਕੀਰਤ ਕੌਰ ਚਾਹਲ ਕੈਨੇਡਾ ਤੋਂ ਅਤੇ ਚਰਨਜੀਤ ਸਿੰਘ ਪੰਨੂੰ ਅਮਰੀਕਾ ਤੋਂ ਪੁੱਜ ਰਹੇ ਹਨ।
ਗੁਰੂ ਰਾਮਦਾਸ ਕਾਲਿਜ ਆਫ਼ ਐਜੂਕੇਸ਼ਨ ਹਲਵਾਰਾ ਚ 5ਮਈ ਸਵੇਰੇ 11 ਵਜੇ ਸਭ ਸੱਜਣ ਪੁੱਜ ਰਹੇ ਨੇ।
ਗੁਰਭਜਨ ਗਿੱਲ
2.5.2018
No comments:
Post a Comment