Fri, May 18, 2018 at 6:24 PM
ਪੰਜਾਬੀ ਲੇਖਕ ਸਭਾ (ਜਲੰਧਰ) ਵੱਲੋਂ ਕਰਾਇਆ ਗਿਆ ਵਿਸ਼ੇਸ਼ ਆਯੋਜਨ
ਜਲੰਧਰ: 18 ਮਈ 2018: (ਕੇਸਰ//ਰਾਜਪਾਲ ਕੌਰ//ਸਾਹਿੱਤ ਸਕਰੀਨ)::
ਲੰਘੇ ਐਤਵਾਰ 13 ਮਈ ਨੂੰ ਪੰਜਾਬੀ ਲੇਖਕ ਸਭਾ (ਰਜਿ.) ਜਲੰਧਰ ਸਥਾਨਕ ਦੇਸ਼ ਭਗਤ ਯਾਦਗਾਰ ਵਿਖੇ ਉਘੇ ਕਹਾਣੀਕਾਰ ਲਾਲ ਸਿੰਘ ਦਸੂਹਾ ਦੇ ਕਹਾਣੀ ਸੰਗ੍ਰਹਿ ‘ਸੰਸਾਰ’ ਤੇ ਪਿਆਰਾ ਸਿੰਘ ਭੋਗਲ ਦੀ ਪ੍ਰਧਾਨਗੀ ਹੇਠ ਵਿਚਾਰ ਗੋਸ਼ਟੀ ਕਰਵਾਈ ਗਈ। ਪ੍ਰਧਾਨਗੀ ਮੰਡਲ ਵਿਚ ਸਭਾ ਦੇ ਪ੍ਰਧਾਨ ਪ੍ਰੋ. ਹਰਜਿੰਦਰ ਸਿੰਘ ਅਟਵਾਲ, ਜਨਰਲ ਸਕੱਤਰ ਗੁਰਮੀਤ, ਕਹਾਣੀਕਾਰ ਲਾਲ ਸਿੰਘ ਦਸੂਹਾ ਅਤੇ ਪਰਚਾਕਾਰ ਡਾ. ਜੇ.ਬੀ.ਸੇਖੋਂ ਸ਼ਸ਼ੋਭਿਤ ਸਨ।
ਵਿਚਾਰ ਗੋਸ਼ਟੀ ਵਿਚ ਪੇਪਰ ਪੇਸ਼ ਕਰਦਿਆਂ ਡਾ. ਜੇ.ਬੀ. ਸੇਖੋਂ ਨੇ ਮੁੱਖ ਰੂਪ ਵਿਚ ਕਿਹਾ ਕਿ, ਲਾਲ ਸਿੰਘ ਸਮਕਾਲੀ ਪੰਜਾਬੀ ਕਹਾਣੀ ਦਾ ਵਿਸ਼ੇਸ਼ ਨਾਮ ਹੈ। ਉਹ ਚੌਥੇ ਪੜਾਅ ਦੀ ਪੰਜਾਬੀ ਕਹਾਣੀ ਦੇ ਵੱਖਰੇ ਰੁਝਾਨਾਂ ਵਿਚ ਪ੍ਰਤੀਨਿਧੀ ਭੂਮਿਕਾ ਨਿਭਾ ਰਿਹਾ ਹੈ। ਲਾਲ ਸਿੰਘ ਪ੍ਰੋੜ ਉਮਰ ਦਾ ਕਥਾਕਾਰ ਹੈ ਪਰ ਉਸਦੀ ਕਥਾ ਚੇਤਨਾ ਵਿਚ ਉਹ ਸਭ ਕੁਝ ਹੈ ਜੋ ਕਿ ਚੌਥੇ ਪੜਾਅ ਦੇ ਨੌਜਵਾਨ ਕਹਾਣੀਕਾਰਾਂ ਦੀਆਂ ਰਚਨਾਵਾਂ ਵਿਚ ਮੌਜੂਦ ਹੈ। ਚੌਥੇ ਪੜਾਅ ਦੀ ਕਹਾਣੀ ਜਿਸ ਕਿਸਮ ਦੇ ਟਾਕਰਵੇਂ ਵਿਚਾਰਾਂ,ਪਾਤਰਾਂ ਦੇ ਵਿਸਫੋਟਕ ਉਚਾਰ ਅਤੇ ਲੁਕੇ ਸਮਾਜਿਕ ਯਥਾਰਥ ਨੂੰ ਆਪਣੇ ਨਿਵੇਕਲੇ ਸ਼ਿਲਪ ਵਿਧਾਨ ਵਿਚ ਪੇਸ਼ ਕਰ ਰਹੀ ਹੈ ਲਾਲ ਸਿੰਘ ਦੀ ਕਹਾਣੀ ਇਸਦਾ ਪ੍ਰਮਾਣ ਹੈ। ਉਸਦੀ ਦਿ੍ਰਸ਼ਟੀ ਮਾਰਕਸੀ ਵਿਚਾਰਧਾਰਾ ਵਾਲੀ ਹੈ। ਉਹ ਮਾਰਕਸੀ ਪ੍ਰਗਤੀਵਾਦੀ ਸਿਧਾਂਤ ਦੀ ਮੌਖਿਕ ਅਤੇ ਕੱਟੜਤਾ ਵਾਲੀ ਗਲਪੀ ਦਿ੍ਰਸ਼ਟੀ ਦਾ ਪੂਜਕ ਨਹੀਂ ਸਗੋਂ ਕਾਰਪੋਰੇਟ ਸੈਕਟਰ ਦੀ ਸੱਤਾ ਨਾਲ ਸਾਂਝ ਭਿਆਲੀ ਦੇ ਯੁੱਗ ਵਿਚ ਲੋਕ ਹਿਤੂ ਸਿਧਾਂਤਾਂ ਦੀ ਪ੍ਰਸੰਗਿਕਤਾ ਨੂੰ ਸੰਵਾਦ ਦੇ ਨਜ਼ਰੀਏ ਤੋਂ ਪੇਸ਼ ਕਰਨ ਵਾਲਾ ਲੇਖਕ ਹੈ।
ਉਨ੍ਹਾਂ ਕਿਹਾ ਕਿ ਲਾਲ ਸਿੰਘ ਪੂੰਜੀਵਾਦੀ ਵਿਸ਼ਵੀਕਰਣ ਦੀਆਂ ਤਿੱਖੀਆਂ ਅਲਾਮਤਾਂ ਦਾ ਜਾਣਕਾਰ ਹੀ ਨਹੀਂ ਸਗੋਂ ਭੇਤੀ ਵੀ ਹੈ। ਪੂੰਜੀਵਾਦੀ ਵਿਸ਼ਵੀਕਰਣ ਜਿਸ ਕਿਸਮ ਦੇ ਸੰਕਟ ਲੈ ਕੇ ਪੰਜਾਬੀ ਸਭਿਆਚਾਰ ਵਿਚ ਦਾਖ਼ਿਲ ਹੁੰਦਾ ਹੈ ਇਸ ਵਰਤਾਰੇ ਨੂੰ ਸਮਕਾਲੀ ਦੀ ਕਹਾਣੀ ਵਿਚ ਲਾਲ ਸਿੰਘ ਵਰਗੇ ਕਥਾਕਾਰ ਚਿੰਤਨ ਦੀ ਪੱਧਰ ‘ਤੇ ਜਾ ਕੇ ਪੇਸ਼ ਕਰਦੇ ਹਨ। ਵਰਤਮਾਨ ਦੀ ਕਹਾਣੀ ਪੰਜਾਬ ਦੇ ਇਸੇ ਸਮਾਜੀ ਯਥਾਰਥ ਦੇ ਰੂ ਬ ਰੂ ਹੈ ਜਿਸ ਵਿਚ ਕਾਰੋਪਰੇਟ ਸੈਕਟਰ ਦੇ ਖਪਤਵਾਦੀ ਰੁਝਾਨਾਂ ਨੇ ਪੰਜਾਬੀ ਲੋਕਾਂ ਨੂੰ ਸਭਿਆਚਾਰ ਦੇ ਉਸਾਰੂ ਜੀਵਨ ਮੁੱਲਾਂ ਤੋਂ ਵਿਛੁੰਨ ਕੇ ਪਦਾਰਥਵਾਦੀ , ਉਪਭੋਗੀ ਅਤੇ ਵਿਅਕਤੀਵਾਦੀ ਅਲਾਮਤਾਂ ਨਾਲ ਜੋੜ ਦਿੱਤਾ ਹੈ।
ਵਿਚਾਰ ਗੋਸ਼ਟੀ ਦੌਰਾਨ ਡਾ. ਭੁਪਿੰਦਰ ਕੌਰ, ਪਿ੍ਰੰਸੀਪਲ ਜਨਮੀਤ, ਡਾ. ਕਰਮਜੀਤ ਸਿੰਘ, ਡਾ. ਸੁਖਵਿੰਦਰ ਸਿੰਘ ਰੰਧਾਵਾ, ਮਦਨ ਵੀਰਾ ਅਤੇ ਬਲਦੇਵ ਬੱਲੀ ਹੋਰਾਂ ਬਹਿਸ ਵਿਚ ਹਿੱਸਾ ਲਿਆ। ਸਮਾਗਮ ਦੀ ਪ੍ਰਧਾਨਗੀ ਕਰ ਰਹੇ ਪ੍ਰੋ. ਪਿਆਰਾ ਸਿੰਘ ਭੋਗਲ ਨੇ ਕਿਹਾ ਕਿ ਅਜਿਹੀਆਂ ਚਰਚਾਵਾਂ ਹੀ ਪੰਜਾਬੀ ਕਹਾਣੀ ਨੂੰ ਸਹੀ ਦਿਸ਼ਾ ਪ੍ਰਦਾਨ ਕਰ ਸਕਦੀਆਂ ਹਨ।
ਉਪਰੰਤ ਡਾ. ਕੀਰਤੀ ਕੇਸਰ ਦੀ ‘ਪਾਸ਼ ਕਾ ਸਾਹਿਤ’, ਕੰਵਲ ਭੱਲਾ ਦੀ ‘ਸਾਹਿਤ ਅਧਿਐਨ ਤੇ ਆਲੋਚਨਾ’ ਅਤੇ ਪਰਗਟ ਸਿੰਘ ਰੰਧਾਵਾ ਦੀ ‘ਸਧਰਾਂ ਦਾ ਗੁਲਦਸਤਾ’ ਪੁਸਤਕਾਂ ਵੀ ਰਿਲੀਜ਼ ਕੀਤੀਆਂ ਗਈਆਂ। ਇਨ੍ਹਾਂ ਪੁਸਤਕਾਂ ਦੀ ਜਾਣ ਪਛਾਣ ਕਰਮਵਾਰ ਡਾ. ਲਖਵਿੰਦਰ ਜੌਹਲ, ਡਾ. ਸੁਖਵਿੰਦਰ ਸੰਘਾ ਅਤੇ ਪ੍ਰੋ. ਗੋਪਾਲ ਬੁੱਟਰ ਨੇ ਹੋਰਾਂ ਕਰਵਾਈ। ਸਟੇਜ ਸੰਚਾਲਕ ਦੀ ਭੂਮਿਕਾ ਡਾ. ਓਮਿੰਦਰ ਜੌਹਲ ਹੋਰਾਂ ਸੁਚਾਰੂ ਢੰਗ ਨਾਲ ਨਿਭਾਈ।
No comments:
Post a Comment