google.com, pub-7610353441165800, DIRECT, f08c47fec0942fa0 ਸਾਹਿਤ ਸਕਰੀਨ: Protest
Showing posts with label Protest. Show all posts
Showing posts with label Protest. Show all posts

Friday, 17 July 2020

ਸ਼ਾਇਰ ਵਰਵਰਾ ਰਾਓ ਨੂੰ ਜੇਲ੍ਹ ਚੋਂ ਰਿਹਾਅ ਕਰਨ ਦੀ ਮੰਗ

17th July 2020 at 7:34 PM
ਪੰਜਾਬੀ ਲਿਖਾਰੀ ਸਭਾ ਰਾਮਪੁਰ ਵੱਲੋਂ ਵੀ ਸ਼ਾਇਰ ਦੇ ਹੱਕ ਵਿੱਚ ਡਟਵਾਂ ਸਟੈਂਡ 
ਦੋਰਾਹਾ: 17 ਜੁਲਾਈ 2020: (ਸਾਹਿਤ ਸਕਰੀਨ ਬਿਊਰੋ)::
ਪੰਜਾਬੀ ਲਿਖਾਰੀ ਸਭਾ ਰਾਮਪੁਰ ਵਲੋਂ ਤੇਲਗੂ ਕਵੀ, ਸਮਾਜਿਕ ਕਾਰਕੁਨ ਵਰਵਰਾ ਰਾਓ ਨੂੰ ਜੇਲ੍ਹ ਭੇਜਣ ਤੇ ਉਨ੍ਹਾਂ ਨਾਲ ਅਣਮਨੁੱਖੀ ਵਰਤਾਓ ਕਰਨ ਦੀ ਕਾਰਵਾਈ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕੀਤੀ ਹੈ। ਸਭਾ ਦੇ ਪ੍ਰਧਾਨ ਤੇ ਸਕੱਤਰ ਪ੍ਰਗਤੀਸ਼ੀਲ ਲੇਖਕ ਮੰਚ ਪੰਜਾਬ ਜਸਵੀਰ ਝੱਜ, ਮੀਤ ਪ੍ਰਧਾਨ ਲਾਭ ਸਿੰਘ ਬੇਗੋਵਾਲ ਤੇ ਜਨਰਲ ਸਕੱਤਰ ਬਲਵੰਤ ਮਾਂਗਟ ਤੇ ਸਕੱਤਰ ਸ਼ਾਇਰਾ ਨੀਤੂ ਰਾਮਪੁਰ ਨੇ ਕਿਹਾ ਕਿ ਆਂਧਰਾ ਪ੍ਰਦੇਸ਼ ਦੇ ਕ੍ਰਾਂਤੀਕਾਰੀ ਸ਼ਾਇਰ ਵਰਵਰਾ ਰਾਓ ਲਗਪਗ 80 ਸਾਲ ਦੇ ਹਨ ਤੇ ਕਈ ਬਿਮਾਰੀਆਂ ਤੋਂ ਪੀੜਤ ਹਨ। ਸਰਕਾਰ ਉਨ੍ਹਾਂ ਨੂੰ ਜੇਲ੍ਹ ਵਿਚ ਸੁੱਟ ਕੇ ਉਨ੍ਹਾਂ ਦੀ ਸਿਹਤ ਤੇ ਜਿਓਣ ਦੇ ਅਧਿਕਾਰ ਨਾਲ ਖਿਲਵਾੜ ਕਰ ਰਹੀ ਹੈ। ਉਨ੍ਹਾਂ ਦੀ ਰਿਹਾਈ ਲਈ ਸਾਹਿਤ ਸਭਾਵਾਂ, ਲੇਖਕ ਜਥੇਬੰਦੀਆਂ ਤੇ ਸੰਘਰਸ਼ੀਲ ਧਿਰਾਂ ਸਘੰਰਸ਼ ਕਰ ਰਹੀਆਂ ਹਨ। ਚੇਤੇ ਰਹੇ ਕਿ ਇੱਕ ਪਾਸੇ ਸਰਕਾਰ ਸਮਾਜ ਲਈ ਖਤਰਨਾਕ ਅਪਰਾਧੀਆਂ ਨੂੰ ਤਾਂ ਕੋਰੋਨਾ ਮਹਾਂਮਾਰੀ ਕਾਰਨ ਪੈਰੋਲ ਤੇ ਰਿਹਾ ਕਰ ਰਹੀ ਹੈ, ਪਰ ਦੂਜੇ ਪਾਸੇ ਕਰੋੜਾਂ ਲੋਕਾਂ ਦੀ ਆਵਾਜ ਸ਼੍ਰੀ ਵਰਵਰਾ ਰਾਓ, ਗੌਤਮ ਨਵਲੱਖਾ, ਪ੍ਰੋ. ਸਾਈ ਬਾਬਾ, ਮੈਡਮ ਸੁਧਾ ਭਾਰਵਦਵਾਜ ਤੇ ਅਨਿੱਲ ਤੂੰਬੜੇ ਵਰਗੇ ਸਮਾਜਿਕ ਕਾਰਕੁੰਨ, ਬੁੱਧੀਜੀਵੀ, ਸਾਹਿਤਕਾਰ, ਰੰਗਕਰਮੀਆਂ ਨੂੰ ਬੇਬੁਨਿਆਦ ਝੂਠੇ ਕੇਸ ਬਣਾ ਕੇ ਜੇਲ੍ਹਾਂ ਵਿਚ ਬੰਦ ਕਰ ਰਹੀ ਹੈ। ਸਾਹਿਤਕਾਰਾਂ, ਰੰਗਕਰਮੀਆਂ, ਲੋਕ ਜਥੇਬੰਦੀਆਂ ਦੇ ਆਗੂਆਂ ਵਲੋਂ ਵਲੋਂ ਸ੍ਰੀ ਵਰਵਰਾ ਰਾਓ ਵਾਂਗ ਗਿ੍ਰਫ਼ਤਾਰ ਹੋਰ ਲੇਖਕਾਂ, ਸਮਾਜਿਕ ਕਾਰਕੁੰਨਾ, ਬੁੱਧੀਜੀਵੀਆਂ ਨੂੰ ਵੀ ਰਿਹਾ ਕਰਨ ਲਈ ਸਰਕਾਰ ਤੋਂ ਪੁਰਜ਼ੋਰ ਮੰਗ ਕੀਤੀ ਗਈ ਹੈ। 
ਅੰਤ ਵਿੱਚ ਪ੍ਰੋਫੈਸਰ ਮੋਹਨ ਸਿੰਘ ਦੀ ਬਹੁਤ ਹੀ ਪੁਰਾਣੀ ਪਰ ਬਹੁਤ ਹੀ ਹਰਮਨ ਪਿਆਰੀ ਕਾਵਿ ਰਚਨਾ ਦੇ ਕੁਝ ਅੰਸ਼:
ਜਿੱਥੇ ਲੱਖ ਮਣਿਆਂ ਦਾ ਲੋਹਿਆ,
ਜ਼ੰਜੀਰਾਂ ਹੱਥਕੜੀਆਂ ਹੋਇਆ,
ਜਿੱਥੇ ਕੈਦ-ਖਾਨਿਆਂ ਜੇਹਲਾਂ
ਮੀਲਾਂ ਤੀਕ ਵਲਗਣਾਂ ਵਲੀਆਂ,
ਜਿੱਥੇ ਮਜ਼ਹਬ ਦੇ ਨਾਂ ਥੱਲੇ,
ਦਰਿਆ ਕਈ ਖ਼ੂਨ ਦੇ ਚੱਲੇ,
ਜਿੱਥੇ ਵਤਨ-ਪਰਸਤੀ ਤਾਈਂ,
ਜੁਰਮ ਸਮਝਦੀ ਧੱਕੇ ਸ਼ਾਹੀ,
ਜਿੱਥੇ ਸ਼ਾਇਰ ਬੋਲ ਨਾ ਸਕਣ,
ਦਿਲ ਦੀਆਂ ਘੁੰਡੀਆਂ ਖੋਲ੍ਹ ਨਾ ਸਕਣ,
ਮੈਂ ਨਹੀਂ ਰਹਿਣਾ ਐਸੀ ਥਾਂ-
ਪ੍ਰੋਫੈਸਰ ਮੋਹਨ ਸਿੰਘ ਹੁਰਾਂ ਦੀ ਇਸ ਕਾਵਿ ਰਚਨਾ ਦੇ ਅੰਸ਼ਾਂ ਤੋਂ ਅੱਜ ਵੀ ਜ਼ਾਹਿਰ ਹੈ ਕਿ ਹਾਲਾਤ ਬਦ ਤੋਂ ਬਦਤਰ ਹੁੰਦੇ ਚਲੇ ਗਏ ਹਨ। ਸ਼ਾਇਰਾਂ ਨੂੰ ਇਸ ਵੇਲੇ ਸਿਰ ਜੋੜ ਕੇ ਸੋਚਣ ਦੀ ਲੋੜ ਵੀ ਹੈ ਅਤੇ ਸਾਂਝੇ ਐਕਸ਼ਨ ਕਰਨ ਦੀ ਵੀ। ਚੰਗਾ ਹੋਵੇ ਜੇ ਕਰ ਕਲਮਕਾਰਾਂ ਦੇ ਸੰਗਠਨ ਅਹੁਦਿਆਂ ਦੇ ਲਾਲਚ ਛੱਡ ਕੇ ਭਾਈ ਭਤੀਜਾਵਾਦ ਤੋਂ ਉੱਪਰ ਉੱਠ ਕੇ ਅੱਜ ਦੇ ਇਹਨਾਂ ਅਸਲ ਮਸਲਿਆਂ ਬਾਰੇ ਕੁਝ ਠੋਸ ਕਦਮ ਚੁੱਕਣ। 

Sunday, 21 June 2020

ਪੰਜਾਬੀ ਮਾਤਭਾਸ਼ਾ ਸੰਬੰਧੀ ਸਰਕਾਰ ਦੀ ਜ਼ਿੰਮੇਵਾਰੀ ਤੇ ਡੂੰਘੇ ਦੁੱਖ ਦਾ ਪ੍ਰਗਟਾਵਾ

 ਕੇਂਦਰੀ ਪੰਜਾਬੀ ਲੇਖਕ ਸਭਾ ਨੇ ਪੰਜਾਬੀ ਨੂੰ ਲੈ ਕੇ ਦਿੱਤੀ ਸੰਘਰਸ਼ ਦੀ ਚੇਤਾਵਨੀ 
ਚੰਡੀਗੜ੍ਹ: 21 ਜੂਨ 2020: (ਪੁਸ਼ਪਿੰਦਰ ਕੌਰ//ਸਾਹਿਤ ਸਕਰੀਨ)::
ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ.) ਪੰਜਾਬ ਸਰਕਾਰ ਵੱਲੋਂ ਆਏ ਦਿਨ ਪੰਜਾਬ ਦੀ ਰਾਜ-ਭਾਸ਼ਾ 'ਪੰਜਾਬੀ' ਨੂੰ ਨਜ਼ਰਅੰਦਾਜ਼ ਕਰਨ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਿਆ ਕਰਦੀ ਹੈ। ਪੰਜਾਬ ਰਾਜ ਭਾਸ਼ਾ ਐਕਟ ਮੁਤਾਬਕ ਪੰਜਾਬ ਵਿੱਚ ਸਾਰਾ ਪ੍ਰਸ਼ਾਸਕੀ ਕੰਮ ਪੰਜਾਬੀ ਭਾਸ਼ਾ ਵਿੱਚ ਹੋਣਾ ਲਾਜ਼ਮੀ ਹੈ। ਪੰਜਾਬ ਦੇ ਸਿੱਖਿਆ ਵਿਭਾਗ ਵਿੱਚ ਬੀ.ਏ. ਤੱਕ ਪੰਜਾਬੀ ਵਿਸ਼ਾ ਪੜ੍ਹਨਾ/ਪੜ੍ਹਾਉਣਾ ਲਾਜ਼ਮੀ ਹੈ। ਲੋਕਤਾਂਤ੍ਰਿਕ ਪ੍ਰਬੰਧ ਵਿੱਚ ਕਿਸੇ ਰਾਜ ਜਾਂ ਖਿੱਤੇ ਵਿੱਚ ਪ੍ਰਸ਼ਾਸਨ ਦਾ ਸਾਰਾ ਕੰਮ ਉਸ ਖਿੱਤੇ ਦੇ ਲੋਕਾਂ ਦੀ ਭਾਸ਼ਾ 'ਚ ਕਰਨਾ ਸਰਕਾਰ ਦੀ ਸੰਵਿਧਾਨਕ ਜ਼ਿੰਮੇਵਾਰੀ ਹੁੰਦੀ ਹੈ। ਦੁੱਖ ਦੀ ਗੱਲ ਹੈ ਕਿ ਪੰਜਾਬ ਸਰਕਾਰ ਅਤੇ ਉਸ ਦੇ ਅਹਿਲਕਾਰ (ਅਫ਼ਸਰ) ਰਾਜ-ਭਾਸ਼ਾ ਅਤੇ ਮਾਤ-ਭਾਸ਼ਾ ਦੇ ਮਹੱਤਵ ਪ੍ਰਤੀ ਸੰਵੇਦਨਸ਼ੀਲ ਨਹੀਂ। ਹਾਲ ਹੀ ਵਿੱਚ ਵਕਫ਼ ਬੋਰਡ ਪੰਜਾਬ ਵੱਲੋਂ ਨਿਯੁਕਤੀਆਂ ਲਈ ਦਿੱਤੇ ਗਏ ਇਸ਼ਤਿਹਾਰ ਵਿੱਚ ਦਸਵੀਂ ਜਮਾਤ ਤੱਕ ਪੰਜਾਬੀ ਪੜ੍ਹੀ ਹੋਣ ਦੀ ਸ਼ਰਤ ਨੂੰ ਸਾਜ਼ਿਸ਼ੀ ਨੀਤੀ ਤਹਿਤ ਹਟਾ ਦਿੱਤਾ ਗਿਆ ਹੈ। ਇਸ ਨਾਲ ਬਾਹਰਲੇ ਸੂਬਿਆਂ ਦੇ ਉਮੀਦਵਾਰਾਂ ਲਈ ਰਾਹ ਖੋਲ੍ਹ ਕੇ ਪੰਜਾਬੀ ਨੌਜਵਾਨਾਂ ਲਈ ਨੌਕਰੀ ਦੀ ਸੰਭਾਵਨਾ ਨੂੰ ਘਟਾ ਦਿੱਤਾ ਗਿਆ ਹੈ। ਪੰਜਾਬੀ ਮਾਤਭਾਸ਼ਾ ਸੰਬੰਧੀ ਸਰਕਾਰ ਦੀ ਜ਼ਿੰਮੇਵਾਰੀ ਤੇ ਡੂੰਘੇ ਦੁੱਖ ਦਾ ਪ੍ਰਗਟਾਵਾ 
ਪੰਜਾਬ ਸਰਕਾਰ ਨੇ ਪਹਿਲੀ ਜਮਾਤ ਤੋਂ ਸਿੱਖਿਆ ਦਾ ਮਾਧਿਅਮ ਅੰਗਰੇਜ਼ੀ ਕਰਨ ਲਈ ਵੀ ਨੋਟੀਫ਼ਿਕੇਸ਼ਨ ਜਾਰੀ ਕੀਤਾ ਹੈ। ਅੰਗਰੇਜ਼ੀ ਮਾਧਿਅਮ ਅਪਣਾਉਣ ਲਈ ਬੱਚਿਆਂ ਨੂੰ ਪ੍ਰੇਰਿਤ ਕਰਨ ਵਾਲੇ ਪ੍ਰਾਇਮਰੀ ਸਕੂਲਾਂ ਦੇ ਅਧਿਆਪਕਾਂ ਨੂੰ ਕਈ ਤਰ੍ਹਾਂ ਦੇ ਪ੍ਰਲੋਭਣ ਦੇਣ ਦੇ ਵਾਅਦੇ ਕੀਤੇ ਗਏ ਹਨ। ਪੰਜਾਬ ਦੇ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਦਾ ਇਹ ਤੁਗਲਕੀ ਫ਼ੁਰਮਾਨ ਪੰਜਾਬ ਰਾਜ-ਭਾਸ਼ਾ ਐਕਟ ਦਾ ਉਲੰਘਣ ਤਾਂ ਹੈ ਹੀ, ਇਹ ਸੰਸਾਰ ਭਰ ਦੇ ਸਿੱਖਿਆ ਸ਼ਾਸਤਰੀਆਂ ਅਤੇ ਭਾਸ਼ਾ ਮਾਹਿਰਾਂ ਦੀ ਉਸ ਵਿਗਿਆਨਕ ਧਾਰਨਾ ਦੇ ਵੀ ਖ਼ਿਲਾਫ਼ ਹੈ, ਜੋ ਬੱਚੇ ਦੀ ਪ੍ਰਾਇਮਰੀ ਪੱਧਰ 'ਤੇ ਸਿੱਖਿਆ ਦਾ ਮਾਧਿਅਮ ਉਸ ਦੀ ਮਾਂ-ਬੋਲੀ ਹੋਣ ਦੀ ਸਿਫ਼ਾਰਸ਼ ਕਰਦੀ ਹੈ। ਪੰਜਾਬ ਸਰਕਾਰ ਵੱਲੋਂ ਇਸ ਸਾਲ ਤੋਂ ਪ੍ਰਾਇਮਰੀ ਪੱਧਰ 'ਤੇ 10% ਬੱਚਿਆਂ ਨੂੰ ਹਿਸਾਬ (ਗਣਿਤ) ਦਾ ਵਿਸ਼ਾ ਅੰਗਰੇਜ਼ੀ ਮਾਧਿਅਮ ਵਿੱਚ ਪੜ੍ਹਾਉਣ ਲਈ ਪ੍ਰੇਰਨ ਵਾਸਤੇ ਗਸ਼ਤੀ-ਪੱਤਰ ਜਾਰੀ ਹੋ ਚੁੱਕਾ ਹੈ।
ਕੇਂਦਰੀ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਦਰਸ਼ਨ ਬੁੱਟਰ ਅਤੇ ਜਨਰਲ ਸਕੱਤਰ ਸੁਖਦੇਵ ਸਿੰਘ ਸਿਰਸਾ ਨੇ ਪੰਜਾਬ ਸਰਕਾਰ ਨੂੰ ਇਹ ਦੋਵੇਂ ਫ਼ੈਸਲੇ ਤੁਰੰਤ ਵਾਪਸ ਲੈਣ ਲਈ ਚਿਤਾਵਨੀ ਦਿੱਤੀ ਹੈ। ਉਨ੍ਹਾਂ ਨੇ ਕਿਹਾ ਕਿ ਜੇਕਰ ਪੰਜਾਬ ਸਰਕਾਰ ਖ਼ੁਦ ਹੀ ਪੰਜਾਬ ਰਾਜ ਭਾਸ਼ਾ ਐਕਟ ਦੀ ਉਲੰਘਣਾ ਕਰਨ ਤੋਂ ਅਫ਼ਸਰਸ਼ਾਹੀ ਨੂੰ ਨਹੀਂ ਰੋਕਦੀ ਤਾਂ ਪੰਜਾਬੀ ਲੇਖਕਾਂ ਅਤੇ ਬੁੱਧੀਜੀਵੀਆਂ ਨੂੰ ਪੰਜਾਬ ਸਰਕਾਰ ਖ਼ਿਲਾਫ਼ ਤਿੱਖਾ ਸੰਘਰਸ਼ ਛੇੜਨ ਲਈ ਮਜਬੂਰ ਹੋਣਾ ਪਵੇਗਾ। 
ਇਸ ਪ੍ਰਸਤਾਵਿਤ ਸੰਘਰਸ਼ ਨਾਲ ਜੁੜਣ ਲਈ ਤੁਸੀਂ ਸਰਗਰਮ ਸੰਸਥਾ "ਕੇਂਦਰੀ ਪੰਜਾਬੀ ਲੇਖਕ ਸਭਾ" ਦੇ ਜਨਰਲ ਸਕੱਤਰ ਡਾ. ਸੁਖਦੇਵ ਸਿੰਘ ਸਿਰਸਾ ਨਾਲ ਉਹਨਾਂ ਦੇ ਮੋਬਾਈਲ ਨੰਬਰ  98156-36565 'ਤੇ ਸੰਪਰਕ ਕਰ ਸਕਦੇ ਹੋ। 

Tuesday, 14 April 2020

ਕੇਂਦਰੀ ਪੰਜਾਬੀ ਲੇਖਕ ਸਭਾ ਵੱਲੋਂ ਪ੍ਰੋ. ਆਨੰਦ ਤੇਲਤੁੰਬੜੇ ਦੀ ਗ੍ਰਿਫ਼ਤਾਰੀ ਦਾ ਵਿਰੋਧ

ਸਾਜ਼ਿਸ਼ੀ ਗ੍ਰਿਫਤਾਰੀਆਂ ਵਿਰੁੱਧ ਪੰਜਾਬੀ ਲੇਖਕ ਵੀ ਪੂਰੀ ਤਰ੍ਹਾਂ ਸਰਗਰਮ 
ਚੰਡੀਗੜ੍ਹ: 14 ਅਪ੍ਰੈਲ 2020: (ਕਰਮ ਵਕੀਲ//ਸਾਹਿਤ ਸਕਰੀਨ)::
69 ਸਾਲਾਂ ਦੀ ਉਮਰ ਦੇ ਮਰਾਠੀ ਲੇਖਕ ਦੀ ਗ੍ਰਿਫਤਾਰੀ ਵਿਰੁੱਧ ਰੋਸ ਤਿੱਖਾ  
ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ.) ਮਰਾਠੀ ਮੂਲ ਦੇ ਭਾਰਤੀ ਲੇਖਕ, ਪ੍ਰਤੀਬੱਧ ਚਿੰਤਕ ਅਤੇ ਜਨਤਕ ਬੁੱਧੀਜੀਵੀ ਪ੍ਰੋਫ਼ੈਸਰ ਆਨੰਦ ਤੇਲਤੁੰਬੜੇ ਦੀ ਸਾਜ਼ਿਸ਼ੀ ਤਰੀਕੇ ਨਾਲ ਕੀਤੀ ਗਈ ਗ੍ਰਿਫ਼ਤਾਰੀ ਦੀ ਕਰੜੇ ਸ਼ਬਦਾਂ ਵਿੱਚ ਨਿੰਦਿਆ ਕਰਦੀ ਹੈ। ਸਮਾਜਿਕ ਕਾਰਕੁੰਨ ਤੇ ਅੰਬੇਡਕਰਵਾਦੀ ਚਿੰਤਕ ਤੇਲਤੁੰਬੜੇ ਨੂੰ ਬਾਬਾ ਸਾਹਿਬ ਭੀਮਰਾਉ ਅੰਬੇਡਕਰ ਦੀ ਜੈਅੰਤੀ ਵਾਲੇ ਦਿਨ ਗ੍ਰਿਫ਼ਤਾਰ ਕੀਤਾ ਗਿਆ ਹੈ। ਗੋਆ ਇੰਸਟੀਚਿਊਟ ਆਫ਼ ਮੈਨੇਜਮੈਂਟ ਦੇ ਮੌਜੂਦਾ ਪ੍ਰੋਫ਼ੈਸਰ ਤੇਲਤੁੰਬੜੇ ਨੇ ਭਾਰਤ ਪੈਟਰੋਲੀਅਮ, ਪੈਟਰੋਨਿਟ ਇੰਡੀਆ ਅਤੇ ਇੰਡੀਅਨ ਇੰਸਟੀਚਿਊਟ ਆਫ਼ ਤਕਨਾਲੋਜੀ, ਖੜਗਪੁਰ ਆਦਿ ਨਾਮੀ ਸੰਸਥਾਵਾਂ ਵਿੱਚ ਉੱਚ ਅਹੁਦਿਆਂ ਉੱਪਰ ਕੰਮ ਕੀਤਾ ਹੈ। ਭਾਰਤ ਦੀ ਜਾਤੀ ਪ੍ਰਥਾ ਅਤੇ ਅੰਬੇਡਕਰ ਦੇ ਚਿੰਤਨ ਬਾਰੇ ਉਸ ਦੀਆਂ ਚਰਚਿਤ ਪੁਸਤਕਾਂ ਹਨ: 'ਰੀਪਬਲਿਕ ਆਫ਼ ਕਾਸਟ: ਥਿੰਕਿੰਗ ਇਕੁਐਲਿਟੀ ਇਨ ਦਾ ਇਰਾ ਆਫ਼ ਨਿਊ-ਲਿਬਰਲਿਜ਼ਮ', 'ਦਲਿਤਜ਼: ਪਾਸਟ, ਪ੍ਰੈਜ਼ੈਂਟ ਐਂਡ ਫ਼ਿਊਚਰ', 'ਦਾ ਪ੍ਰਸੈਸਟਿਨਸ ਆਫ਼ ਕਾਸਟ', 'ਮਹਦ:ਦਾ ਮੇਕਿੰਗ ਆਫ਼ ਫ਼ਸਟ ਦਲਿਤ ਰੀਵੋਲਟ' ਅਤੇ 'ਖੈਰਲੰਜੀ: ਏ ਸਟਰੇਂਜਰ ਐਂਡ ਬਿਟਰ ਕਰੌਪ' ਆਦਿ। 'ਦਾ ਰੈਡੀਕਲ ਇਨ ਅੰਬੇਡਕਰ' ਅਤੇ 'ਹਿੰਦੂਤਵਾ ਐਂਡ ਦਲਿਤਜ਼:ਪ੍ਰਸਪੈਕਟਿਵ ਫ਼ਾਰ ਅੰਡਰਸਟੈਂਡਿੰਗ ਕਮਿਊਨਲ ਪ੍ਰੈਕਸਸ' ਉਸ ਦੁਆਰਾ ਸੰਪਾਦਿਤ ਅਤੇ ਚਰਚਿਤ ਪੁਸਤਕਾਂ ਹਨ।
ਪ੍ਰੋ. ਆਨੰਦ ਤੇਲਤੁੰਬੜੇ ਦੀਆਂ ਲਿਖਤਾਂ ਨੇ ਸਮਾਜਿਕ ਬਰਾਬਰੀ ਤੇ ਨਿਆਂ ਲਈ ਸੰਘਰਸ਼ ਕਰ ਰਹੇ ਦਲਿਤਾਂ, ਘੱਟ-ਗਿਣਤੀ ਫ਼ਿਰਕਿਆਂ ਅਤੇ ਸਮਾਜਿਕ ਅਮਲ ਵਿੱਚੋਂ ਪੂਰੀ ਤਰ੍ਹਾਂ ਬੇਦਖ਼ਲ ਕੀਤੇ ਗਏ ਆਦਿ-ਵਾਸੀਆਂ ਤੇ ਜਨ-ਜਾਤੀਆਂ ਦੇ ਜਜ਼ਬਾਤ ਤੇ ਰੋਸ ਨੂੰ ਜ਼ੁਬਾਨ ਦਿੱਤੀ ਹੈ। ਕਲਮ ਦੇ ਨਾਲ-ਨਾਲ ਇੱਕ ਜਨਤਕ ਬੁੱਧੀਜੀਵੀ ਤੇ ਕਰਮੱਠ ਸਮਾਜਿਕ ਕਾਰਕੁੰਨ ਵਜੋਂ ਵੀ ਉਹ ਮੌਜੂਦਾ ਸਿਆਸੀ, ਸਮਾਜਿਕ ਤੇ ਸੱਭਿਆਚਾਰਕ ਸੰਦ੍ਰਿਸ਼ ਵਿੱਚ ਪੇਸ਼-ਪੇਸ਼ ਰਿਹਾ ਹੈ। 'ਆਲ ਇੰਡੀਆ ਫ਼ੋਰਮ ਫ਼ਾਰ ਰਾਈਟ ਟੂ ਐਜੂਕੇਸ਼ਨ' ਦੇ ਚੇਅਰਮੈਨ ਵਜੋਂ ਉਸ ਦੀ ਭੂਮਿਕਾ ਕਿਸੇ ਤੋਂ ਗੁੱਝੀ ਨਹੀਂ। ਉਹ ਭਾਰਤ ਦੇ ਉਹਨਾਂ ਵਿਰਲੇ-ਟਾਵੇਂ ਬੁੱਧੀਜੀਵੀਆਂ ਵਿੱਚੋਂ ਹੈ, ਜੋ ਸਾਡੀ ਧਰਮ-ਨਿਰਪੱਖ (ਸੈਕੂਲਰ), ਲੋਕ-ਤਾਂਤਰਿਕ ਅਤੇ ਵਿਵੇਕਸ਼ੀਲ (ਤਰਕਸ਼ੀਲ) ਗਿਆਨ ਪਰੰਪਰਾ ਦੀ ਰਾਖੀ ਲਈ ਹਰ ਤਰ੍ਹਾਂ ਦਾ ਜੋਖਿਮ ਉਠਾ ਰਹੇ ਹਨ। ਜ਼ੁਬਾਨਬੰਦੀ ਦੇ ਇਸ ਦਹਿਸ਼ਤੀ ਦੌਰ ਵਿੱਚ ਵੀ ਤੇਲਤੁੰਬੜੇ ਤੇ ਉਸ ਦੇ ਸਾਥੀਆਂ ਨੇ ਮਾਨਵੀ ਅਧਿਕਾਰਾਂ, ਸੰਪ੍ਰਦਾਇਕ ਸਦਭਾਵਨਾ, ਜੀਣ-ਥੀਣ ਤੇ ਪ੍ਰਗਟਾਵੇ ਦੀ ਆਜ਼ਾਦੀ ਅਤੇ ਲੋਕਤੰਤਰ ਦੀ ਮਜ਼ਬੂਤੀ ਲਈ ਆਪਣੀ ਆਵਾਜ਼ ਬੁਲੰਦ ਕੀਤੀ ਹੈ।

ਕੇਂਦਰੀ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਦਰਸ਼ਨ ਬੁੱਟਰ ਤੇ ਜਨਰਲ ਸਕੱਤਰ ਸੁਖਦੇਵ ਸਿੰਘ ਸਿਰਸਾ ਨੇ ਪ੍ਰੋ. ਤੇਲਤੁੰਬੜੇ ਤੇ ਗੌਤਮ ਨਵਲੱਖਾ ਦੀ ਗ੍ਰਿਫ਼ਤਾਰੀ ਦੀ ਪੁਰਜ਼ੋਰ ਸ਼ਬਦਾਂ ਵਿੱਚ ਨਿੰਦਿਆ ਕਰਦਿਆਂ, ਕੇਂਦਰ ਸਰਕਾਰ ਨੂੰ ਚੇਤਾਵਨੀ ਦਿੱਤੀ ਹੈ ਕਿ ਉਹ ਇਹਨਾਂ ਬੁੱਧੀਜੀਵੀਆਂ ਨੂੰ ਤੁਰੰਤ ਰਿਹਾਅ ਕਰੇ। ਅੱਜ ਜਦੋਂ ਸਮੁੱਚਾ ਸੰਸਾਰ ਅਤੇ ਦੇਸ਼ ਕਾਰੋਨਾ ਵਰਗੀ ਮਹਾਂਮਾਰੀ ਤੋਂ ਦਹਿਸ਼ਤਜ਼ਦਾ ਤੇ ਪੀੜਤ ਹੈ, ਕੇਂਦਰ ਸਰਕਾਰ ਆਪਣੇ ਫ਼ਾਸ਼ੀਵਾਦੀ ਮਨਸੂਬਿਆਂ ਨੂੰ ਅੰਜਾਮ ਦੇਣ ਦੀ ਤਾਕ ਵਿੱਚ ਹੈ। ਕੇਂਦਰੀ ਸਭਾ ਦੇ ਸੀਨੀਅਰ ਮੀਤ ਪ੍ਰਧਾਨ ਡਾ. ਜੋਗਾ ਸਿੰਘ, ਅਹੁਦੇਦਾਰਾਂ ਅਤੇ ਸਮੁੱਚੀ ਕਾਰਜਕਾਰਨੀ ਨੇ ਆਰ.ਐਸ.ਐਸ. ਦੀਆਂ ਫ਼ਿਰਕੂ ਨੀਤੀਆਂ ਤੇ ਫ਼ਾਸ਼ੀਵਾਦੀ ਵਿਚਾਰਧਾਰਕ ਏਜੰਡੇ ਮੁਤਾਬਕ ਚੱਲਣ ਵਾਲੀ ਕੇਂਦਰ ਸਰਕਾਰ ਨੂੰ ਆਗਾਹ ਕੀਤਾ ਹੈ ਕਿ ਉਹ ਲੇਖਕਾਂ, ਬੁੱਧੀਜੀਵੀਆਂ ਤੇ ਸਮਾਜਿਕ ਕਾਰਕੁਨਾਂ ਦੇ ਪ੍ਰਗਟਾਵੇ ਦੇ ਅਧਿਕਾਰ ਨੂੰ ਖੋਹਣ ਦਾ ਯਤਨ ਨਾ ਕਰੇ। ਪ੍ਰਗਟਾਵੇ ਦੀ ਆਜ਼ਾਦੀ, ਸਮਾਜਿਕ ਬਰਾਬਰੀ, ਨਿਆਂ ਅਤੇ ਭਾਈਚਾਰਕ ਸਾਂਝ ਤੇ ਸਦਭਾਵਨਾ ਲਈ ਆਵਾਜ਼ ਉਠਾਉਣ ਵਾਲੇ ਲੇਖਕਾਂ, ਬੁੱਧੀਜੀਵੀਆਂ ਅਤੇ ਚਿੰਤਕਾਂ ਦੇ ਹੱਕਾਂ ਲਈ ਲੋੜ ਪੈਣ 'ਤੇ ਕੇਂਦਰੀ ਪੰਜਾਬੀ ਲੇਖਕ ਸਭਾ ਸੜਕਾਂ 'ਤੇ ਉਤਰਨ ਅਤੇ ਤਿੱਖੇ ਸੰਘਰਸ਼ ਲਈ ਤਿਆਰ ਹੈ।
ਮੀਡੀਆ ਲਈ ਇਸ ਬਿਆਨ ਨੂੰ ਜਾਰੀ ਕੀਤਾ ਸਭਾ ਦੇ ਜਨਰਲ ਸਕੱਤਰ ਸੁਖਦੇਵ ਸਿੰਘ ਸਿਰਸਾ ਹੁਰਾਂ ਨੇ। ਇਸ ਮੁਹਿੰਮ ਨਾਲ ਜੁੜਨ ਦੇ ਚਾਹਵਾਨ ਲੇਖਕ ਅਤੇ ਹੋਰ ਬੁਧੀਜੀਵੀ ਉਹਨਾਂ ਨਾਲ ਸੰਪਰਕ ਕਰ ਸਕਦੇ ਹਨ ਉਹਨਾਂ ਦੇ ਮੋਬਾਈਲ ਨੰਬਰ 98156-36565 'ਤੇ। 

Monday, 13 January 2020

ਵਿਸ਼ਵ ਪੰਜਾਬੀ ਸਾਹਿਤ ਵਿਚਾਰ ਮੰਚ ਨੇ ਵੀ ਬੁਲੰਦ ਕੀਤੀ ਵਿਰੋਧ ਦੀ ਆਵਾਜ਼

13th January 2020 at 10:14 AM
ਗ੍ਰਿਫ਼ਤਾਰੀਆਂ ਦੇ ਸੱਦੇ ਦੀ ਪੁਰਜ਼ੋਰ ਹਮਾਇਤ ਦਾ ਐਲਾਨ 
ਲੁਧਿਆਣਾ: 13 ਜਨਵਰੀ 2020:(ਸਾਹਿਤ ਸਕਰੀਨ ਬਿਊਰੋ)::
ਲੇਖਕ ਇੱਕ ਵਾਰ ਫੇਰ ਮੈਦਾਨ ਵਿੱਚ ਹਨ। ਆਰਥਿਕ ਮਸਲਿਆਂ ਤੋਂ ਧਿਆਨ ਹਟਾਉਣ ਦੀ ਸਾਜ਼ਿਸ਼ ਦਾ ਪਰਦਾਫਾਸ਼ ਕਰਦਿਆਂ ਲੇਖਕਾਂ ਨੇ ਕਿਹਾ ਹੈ ਕਿ ਉਹ ਫਿਰਕੂ ਅਨਸਰਾਂ ਦੀਆਂ ਚਾਲਾਂ ਨੂੰ ਨਾਕਮਾ ਕਰਨ ਦੇ ਮਕਸਦ ਨਾਲ ਚੇਤਨਾ ਪੈਦਾ ਕਰਨ ਦੀ ਮੁਹਿੰਮ ਤੇਜ਼ ਕਰਨਗੇ। ਜੇ ਇਸ ਨੇਕ ਮਕਸਦ ਵਾਸਤੇ ਉਹਨਾਂ ਨੂੰ ਗ੍ਰਿਫਤਾਰੀਆਂ ਅਤੇ ਹੋਰ ਕੁਰਬਾਨੀਆਂ ਕਰਨ ਦੀ ਲੋੜ ਵੀ ਪਈ ਤਾਂ ਉਹ ਇਸ ਤੋਂ ਪਿਛੇ ਨਹੀਂ ਹਟਣਗੇ। ਵਿਸ਼ਵ ਪੰਜਾਬੀ ਸਾਹਿਤ ਵਿਚਾਰ ਮੰਚ ਨੇ ਕੇਂਦਰੀ ਪੰਜਾਬੀ ਲੇਖਕ ਸਭ ਵੱਲੋਂ 12 ਜਨਵਰੀ ਵਾਲੀ ਐਗਜ਼ੈਕੁਟਿਵ ਮੀਟਿੰਗ ਵਿੱਚ ਦਿੱਤੇ ਸੱਦੇ ਦਾ ਪੁਰਜ਼ੋਰ ਸਮਰਥਨ ਕੀਤਾ ਹੈ। ਕੇਂਦਰੀ ਪੰਜਾਬੀ ਲੇਖਕ ਸਭ ਨੇ ਇਸ ਮਕਸਦ ਲਈ 25 ਜਨਵਰੀ ਵਾਲੇ ਧਰਨ/ਮੁਜ਼ਾਹਰਾ ਅਤੇ ਗ੍ਰਿਫਤਾਰੀਆਂ ਦੇ ਕੇ ਬੁੱਧੀਜੀਵੀ ਫਰੰਟ ਉੱਤੇ ਅੰਦੋਲਨ ਵਿੱਢਣਾ ਹੈ। ਵਿਸ਼ਵ ਪੰਜਾਬੀ ਸਾਹਿਤ ਵਿਚਾਰ ਮੰਚ ਇਸ ਮਕਸਦ ਲਈ ਸਰਗਰਮ ਹੋ ਗਿਆ ਹੈ ਕਿ ਇਸ ਅੰਦੋਲਨ ਵਿੱਚ ਲੁਧਿਆਣਾ ਤੋਂ ਵੱਧ ਚੜ੍ਹ ਕੇ ਸ਼ਮੂਲੀਅਤ ਹੋਵੇ। 
ਇਸ ਸੰਗਠਨ ਵੱਲੋਂ *ਦਲਵੀਰ ਸਿੰਘ ਲੁਧਿਆਣਵੀ ਨੇ ਇੱਕ ਵਿਸ਼ੇਸ਼ ਪ੍ਰੈਸ ਨੋਟ ਵੀ ਮੀਡੀਆ ਲਈ ਜਾਰੀ ਕੀਤਾ ਹੈ। ਇਸ ਪ੍ਰੈਸ ਨੋਟ ਮੁਤਾਬਿਕ 12 ਜਨਵਰੀ ਐਤਵਾਰ ਨੂੰ ਪੰਜਾਬੀ ਭਵਨ ਲੁਧਿਆਣਾ ਵਿਖੇ ਵਿਸ਼ਵ ਪੰਜਾਬੀ ਸਾਹਿਤ ਵਿਚਾਰ ਮੰਚ ਦੀ ਇਕੱਤਰਤਾ ਹੋਈ। ਪ੍ਰਧਾਨਗੀ ਮੰਡਲ ਵਿਚ ਮੰਚ ਦੇ ਪ੍ਰਧਾਨ ਡਾ ਗੁਲਜ਼ਾਰ ਸਿੰਘ ਪੰਧੇਰ, ਜਨਰਲ ਸਕੱਤਰ ਦਲਵੀਰ ਸਿੰਘ ਲੁਧਿਆਣਵੀ ਦੇ ਨਾਲ ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ) ਦੇ ਜਨਰਲ ਸਕੱਤਰ ਅਤੇ ਪ੍ਰਗਤੀਸ਼ੀਲ ਲੇਖਕ ਸੰਘ ਦੇ ਕੌਮੀ ਜਨਰਲ ਸਕੱਤਰ ਡਾ ਸੁਖਦੇਵ ਸਿੰਘ ਸਿਰਸਾ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ। ਇਕੱਤਰਤਾ ਵਿਚ ਸਰਵਸੰਬਤੀ ਨਾਲ ਫ਼ੈਸਲਾ ਹੋਇਆ ਕਿ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਸੱਦੇ ਦੀ ਹਮਾਇਤ ਵਿਚ 25 ਜਨਵਰੀ ਨੂੰ ਨਾਗਰਿਕਤਾ ਸੋਧ ਕਾਨੂੰਨ ਦੇ ਵਿਰੁੱਧ ਅਤੇ ਜੇਐਨਯੂ ਦੇ ਵਿਦਿਆਰਥੀਆਂ ਦੇ ਹੱਕ ਵਿਚ ਵੱਧ ਤੋਂ ਵੱਧ ਲੇਖਕ ਗ੍ਰਿਫ਼ਤਾਰੀਆਂ ਲਈ ਪਹੁੰਚਣਗੇ।  

ਇਸ ਮੌਕੇ ਡਾ ਸਿਰਸਾ ਨੇ ਕਿਹਾ ਕਿ ਸਾਡੀਆਂ ਸਰਕਾਰਾਂ ਲੋਕਾਂ ਦੇ ਮਹਿੰਗਾਈ, ਬੇਰੁਜ਼ਗਾਰੀ ਆਦਿ ਦੀਆਂ ਸਮੱਸਿਆਵਾਂ ਨੂੰ ਦਬਾਉਣ ਲਈ ਨਾਗਰਿਕਤਾ ਸੋਧ ਕਾਨੂੰਨ ਵਰਗੇ ਸਮਾਜ ਨੂੰ ਵੰਡਣ ਵਾਲੇ ਕਾਨੂੰਨ ਲੈ ਕੇ ਆ ਰਹੀਆਂ ਹਨ। ਸੰਸਦ ਵਿਚ ਬਹੁਗਿਣਤੀ ਭੀੜ ਦੀ ਮਾਨਸਿਕਤਾ ਇੱਕ ਵਾਰ ਫੇਰ ਗੁਆਂਢੀ ਮੁਲਖ ਨਾਲ ਜੰਗ ਦਾ ਮਾਹੌਲ ਭਖਾ ਰਹੀ ਹੈ। ਲੇਖਕਾਂ ਦਾ ਲੋਕਾਂ ਨੂੰ ਜਾਗਰੂਕ ਕਰਨਾ ਪਵਿੱਤਰ ਫਰਜ਼ ਹੈ।

ਇਸ ਇਕੱਤਰਤਾ ਵਿਚ ਪੰਜਾਬੀ ਭਾਸ਼ਾ, ਪਸਾਰ ਭਾਈਚਾਰੇ ਤੋਂ ਮਹਿੰਦਰ ਸਿੰਘ ਸੇਖੋਂ ਅਤੇ ਹਰਬਖਸ਼ ਸਿੰਘ ਗਰੇਵਾਲ ਪਹੁੰਚੇ ਹੋਏ ਸਨ।  ਇਸੇ ਤਰਾਂ ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ.) ਦੇ  ਮੀਤ ਪ੍ਰਧਾਨ ਕਰਮ ਸਿੰਘ ਵਕੀਲ ਅਤੇ ਪੰਜਾਬੀ ਸਾਹਿਤ ਅਕਾਡਮੀ ਦੇ ਸੀਨੀਅਰ ਮੀਤ ਪ੍ਰਧਾਨ ਸੁਰਿੰਦਰ ਕੈਲੇ ਨੇ ਵਿਸ਼ੇਸ਼ ਤੌਰ ਤੇ ਹਾਜ਼ਰੀ ਲਗਵਾਈ।  
ਅੱਜ ਲੋਹੜੀ ਦੇ ਸਬੰਧ ਵਿਚ ਸਾਹਿਤਕ ਰਚਨਾਵਾਂ ਸਮੇਤ ਸਮੁੱਚੇ ਮੈਂਬਰਾਂ ਨੇ ਆਪੋ-ਆਪਣੀਆਂ ਰਚਨਾਵਾਂ ਸਾਂਝੀਆਂ ਕੀਤੀਆਂ।  ਨੀਲੂ ਬੱਗਾ ਲੁਧਿਆਣਵੀ ਅਤੇ ਏਕਤਾ ਪੂਜਾ ਸ਼ਰਮਾ ਨੇ ਕਵਿਤਾ, ਮਨਿੰਦਰ ਭਾਟੀਆ ਨੇ ਮਿੰਨੀ ਕਹਾਣੀ ਮੈਨੀਫੈਸਟੋ, ਸੁਰਜੀਤ ਸਿੰਘ ਜੀਤ ਨੇ ਗੀਤ 'ਮਾਂ ਬੋਲੀ ਨਾ ਭੁਲਿਓ ਆਪਣੀ ਦਿਲੋਂ ਪਿਆਰ ਕਰੋ', ਭਗਵਾਨ ਢਿੱਲੋਂ ਨੇ ਮੀਸਣਾ ਮਿਰਜ਼ਾ, ਬਲਵਿੰਦਰ ਔਲੱਖ ਗਲੈਕਸੀ ਨੇ "ਆਓ ਜਸ਼ਨ ਮਨਾਏ ਸਭ ਮਿਲ ਕੇ, ਚਾਂਦ ਪੈ ਚੜ੍ਹ ਗਿਆ ਮੋਦੀ", ਇੰਜ: ਸੁਰਜਨ ਸਿੰਘ ਨੇ ਜੀਵਨ ਦੇ ਰੰਗ, ਮਲਕੀਤ ਸਿੰਘ  ਮਾਲੜਾ ਨੇ ਅਨੰਦਪੁਰੀਏ, ਅਨੰਦਪੁਰੀਏ, ਅੱਜ ਤੈਨੂੰ ਛੱਡ ਜਾਣਾ, ਰਘਬੀਰ ਸਿੰਘ ਸੰਧੂ ਨੇ ਲਵਾਰਿਸ ਬੱਚੀ, ਸਰਬਜੀਤ ਸਿੰਘ ਵਿਰਦੀ ਨੇ ਬੀਬੀ ਦੇਹ ਲੋਹੜੀ ਜੀਵੇ ਤੇਰੀ ਜੋੜੀ, ਤਰਨਜੀਤ ਸਿੰਘ ਮਾਨ ਨੇ ਜੇ ਪੰਜਾਬ 'ਚ ਰਹਿਣਾ ਪੰਜਾਬੀ ਬੋਲਣੀ ਪੈਣੀ', ਦਲੀਪ ਅਵਧ ਨੇ ਹਿੰਦੀ ਵਿਚ ਕਵਿਤਾ, ਸੁਖਚੈਨ ਸੱਤਾ ਨੇ ਨਸ਼ਿਆਂ ਦੇ ਪੱਟੇ ਬਈ, ਆਜ਼ਾਦ ਕੀ ਕਰਾਉਣਗੇ',  ਡਾ ਗੁਲਜ਼ਾਰ ਸਿੰਘ ਪੰਧੇਰ ਨੇ ਦੁੱਲੇ ਭੱਟੀ ਦੀ ਲੋਹੜੀ, ਦਲਵੀਰ ਸਿੰਘ ਲੁਧਿਆਣਵੀ ਨੇ ਛੋਟੀ ਕਹਾਣੀ 'ਖੁਸ਼ਬੂਹੀਨ' ਦੇ ਇਲਾਵਾ ਕਮਿੱਕਰ ਸਿੰਘ, ਬਲਕੌਰ ਸਿੰਘ ਗਿੱਲ, ਤਰਲੋਚਨ ਝਾਂਡੇ ਨੇ ਰਚਨਾਵਾਂ 'ਤੇ ਹੋਈ ਵਿਚਾਰ ਚਰਚਾ 'ਚ ਭਾਗ ਲਿਆ।
ਹੁਣ ਦੇਖਣਾ ਹੈ ਕਿ ਵਿਸ਼ਵ ਪੰਜਾਬੀ ਸਾਹਿਤ ਵਿਚਾਰ ਮੰਚ ਨੂੰ 25 ਜਨਵਰੀ ਵਾਲੇ ਅੰਦੋਲਨ ਲਈ ਲੁਧਿਆਣਾ ਅਤੇ ਆਲੇ ਦੁਆਲੇ ਦੇ ਹਲਕਿਆਂ ਤੋਂ ਕਿੰਨਾ ਕੁ ਹੁੰਗਾਰਾ ਮਿਲਦਾ ਹੈ।  
*ਦਲਵੀਰ ਸਿੰਘ ਲੁਧਿਆਣਵੀ ਵਿਸ਼ਵ ਪੰਜਾਬੀ ਸਾਹਿਤ ਵਿਚਾਰ ਮੰਚ ਦੇ ਜਨਰਲ ਸਕੱਤਰ ਹਨ ਅਤੇ ਸਾਹਿਤਿਕ ਸਰਗਰਮਾਂ ਵਿੱਚ ਵੱਧ ਚੜ੍ਹ ਕੇ ਭਾਗ ਲੈਂਦੇ ਹਨ। ਉਹਨਾਂ ਨਾਲ ਸੰਪਰਕ ਲਈ ਉਹਨਾਂ ਦਾ ਮੋਬਾਈਲ ਨੰਬਰ ਹੈ:+9194170 01983