17th July 2020 at 7:34 PM
ਪੰਜਾਬੀ ਲਿਖਾਰੀ ਸਭਾ ਰਾਮਪੁਰ ਵੱਲੋਂ ਵੀ ਸ਼ਾਇਰ ਦੇ ਹੱਕ ਵਿੱਚ ਡਟਵਾਂ ਸਟੈਂਡ
ਦੋਰਾਹਾ: 17 ਜੁਲਾਈ 2020: (ਸਾਹਿਤ ਸਕਰੀਨ ਬਿਊਰੋ)::
ਪੰਜਾਬੀ ਲਿਖਾਰੀ ਸਭਾ ਰਾਮਪੁਰ ਵਲੋਂ ਤੇਲਗੂ ਕਵੀ, ਸਮਾਜਿਕ ਕਾਰਕੁਨ ਵਰਵਰਾ ਰਾਓ ਨੂੰ ਜੇਲ੍ਹ ਭੇਜਣ ਤੇ ਉਨ੍ਹਾਂ ਨਾਲ ਅਣਮਨੁੱਖੀ ਵਰਤਾਓ ਕਰਨ ਦੀ ਕਾਰਵਾਈ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕੀਤੀ ਹੈ। ਸਭਾ ਦੇ ਪ੍ਰਧਾਨ ਤੇ ਸਕੱਤਰ ਪ੍ਰਗਤੀਸ਼ੀਲ ਲੇਖਕ ਮੰਚ ਪੰਜਾਬ ਜਸਵੀਰ ਝੱਜ, ਮੀਤ ਪ੍ਰਧਾਨ ਲਾਭ ਸਿੰਘ ਬੇਗੋਵਾਲ ਤੇ ਜਨਰਲ ਸਕੱਤਰ ਬਲਵੰਤ ਮਾਂਗਟ ਤੇ ਸਕੱਤਰ ਸ਼ਾਇਰਾ ਨੀਤੂ ਰਾਮਪੁਰ ਨੇ ਕਿਹਾ ਕਿ ਆਂਧਰਾ ਪ੍ਰਦੇਸ਼ ਦੇ ਕ੍ਰਾਂਤੀਕਾਰੀ ਸ਼ਾਇਰ ਵਰਵਰਾ ਰਾਓ ਲਗਪਗ 80 ਸਾਲ ਦੇ ਹਨ ਤੇ ਕਈ ਬਿਮਾਰੀਆਂ ਤੋਂ ਪੀੜਤ ਹਨ। ਸਰਕਾਰ ਉਨ੍ਹਾਂ ਨੂੰ ਜੇਲ੍ਹ ਵਿਚ ਸੁੱਟ ਕੇ ਉਨ੍ਹਾਂ ਦੀ ਸਿਹਤ ਤੇ ਜਿਓਣ ਦੇ ਅਧਿਕਾਰ ਨਾਲ ਖਿਲਵਾੜ ਕਰ ਰਹੀ ਹੈ। ਉਨ੍ਹਾਂ ਦੀ ਰਿਹਾਈ ਲਈ ਸਾਹਿਤ ਸਭਾਵਾਂ, ਲੇਖਕ ਜਥੇਬੰਦੀਆਂ ਤੇ ਸੰਘਰਸ਼ੀਲ ਧਿਰਾਂ ਸਘੰਰਸ਼ ਕਰ ਰਹੀਆਂ ਹਨ। ਚੇਤੇ ਰਹੇ ਕਿ ਇੱਕ ਪਾਸੇ ਸਰਕਾਰ ਸਮਾਜ ਲਈ ਖਤਰਨਾਕ ਅਪਰਾਧੀਆਂ ਨੂੰ ਤਾਂ ਕੋਰੋਨਾ ਮਹਾਂਮਾਰੀ ਕਾਰਨ ਪੈਰੋਲ ਤੇ ਰਿਹਾ ਕਰ ਰਹੀ ਹੈ, ਪਰ ਦੂਜੇ ਪਾਸੇ ਕਰੋੜਾਂ ਲੋਕਾਂ ਦੀ ਆਵਾਜ ਸ਼੍ਰੀ ਵਰਵਰਾ ਰਾਓ, ਗੌਤਮ ਨਵਲੱਖਾ, ਪ੍ਰੋ. ਸਾਈ ਬਾਬਾ, ਮੈਡਮ ਸੁਧਾ ਭਾਰਵਦਵਾਜ ਤੇ ਅਨਿੱਲ ਤੂੰਬੜੇ ਵਰਗੇ ਸਮਾਜਿਕ ਕਾਰਕੁੰਨ, ਬੁੱਧੀਜੀਵੀ, ਸਾਹਿਤਕਾਰ, ਰੰਗਕਰਮੀਆਂ ਨੂੰ ਬੇਬੁਨਿਆਦ ਝੂਠੇ ਕੇਸ ਬਣਾ ਕੇ ਜੇਲ੍ਹਾਂ ਵਿਚ ਬੰਦ ਕਰ ਰਹੀ ਹੈ। ਸਾਹਿਤਕਾਰਾਂ, ਰੰਗਕਰਮੀਆਂ, ਲੋਕ ਜਥੇਬੰਦੀਆਂ ਦੇ ਆਗੂਆਂ ਵਲੋਂ ਵਲੋਂ ਸ੍ਰੀ ਵਰਵਰਾ ਰਾਓ ਵਾਂਗ ਗਿ੍ਰਫ਼ਤਾਰ ਹੋਰ ਲੇਖਕਾਂ, ਸਮਾਜਿਕ ਕਾਰਕੁੰਨਾ, ਬੁੱਧੀਜੀਵੀਆਂ ਨੂੰ ਵੀ ਰਿਹਾ ਕਰਨ ਲਈ ਸਰਕਾਰ ਤੋਂ ਪੁਰਜ਼ੋਰ ਮੰਗ ਕੀਤੀ ਗਈ ਹੈ।
ਅੰਤ ਵਿੱਚ ਪ੍ਰੋਫੈਸਰ ਮੋਹਨ ਸਿੰਘ ਦੀ ਬਹੁਤ ਹੀ ਪੁਰਾਣੀ ਪਰ ਬਹੁਤ ਹੀ ਹਰਮਨ ਪਿਆਰੀ ਕਾਵਿ ਰਚਨਾ ਦੇ ਕੁਝ ਅੰਸ਼:
ਜਿੱਥੇ ਲੱਖ ਮਣਿਆਂ ਦਾ ਲੋਹਿਆ,
ਜ਼ੰਜੀਰਾਂ ਹੱਥਕੜੀਆਂ ਹੋਇਆ,
ਜਿੱਥੇ ਕੈਦ-ਖਾਨਿਆਂ ਜੇਹਲਾਂ
ਮੀਲਾਂ ਤੀਕ ਵਲਗਣਾਂ ਵਲੀਆਂ,
ਜਿੱਥੇ ਮਜ਼ਹਬ ਦੇ ਨਾਂ ਥੱਲੇ,
ਦਰਿਆ ਕਈ ਖ਼ੂਨ ਦੇ ਚੱਲੇ,
ਜਿੱਥੇ ਵਤਨ-ਪਰਸਤੀ ਤਾਈਂ,
ਜੁਰਮ ਸਮਝਦੀ ਧੱਕੇ ਸ਼ਾਹੀ,
ਜਿੱਥੇ ਸ਼ਾਇਰ ਬੋਲ ਨਾ ਸਕਣ,
ਦਿਲ ਦੀਆਂ ਘੁੰਡੀਆਂ ਖੋਲ੍ਹ ਨਾ ਸਕਣ,
ਮੈਂ ਨਹੀਂ ਰਹਿਣਾ ਐਸੀ ਥਾਂ-
ਪ੍ਰੋਫੈਸਰ ਮੋਹਨ ਸਿੰਘ ਹੁਰਾਂ ਦੀ ਇਸ ਕਾਵਿ ਰਚਨਾ ਦੇ ਅੰਸ਼ਾਂ ਤੋਂ ਅੱਜ ਵੀ ਜ਼ਾਹਿਰ ਹੈ ਕਿ ਹਾਲਾਤ ਬਦ ਤੋਂ ਬਦਤਰ ਹੁੰਦੇ ਚਲੇ ਗਏ ਹਨ। ਸ਼ਾਇਰਾਂ ਨੂੰ ਇਸ ਵੇਲੇ ਸਿਰ ਜੋੜ ਕੇ ਸੋਚਣ ਦੀ ਲੋੜ ਵੀ ਹੈ ਅਤੇ ਸਾਂਝੇ ਐਕਸ਼ਨ ਕਰਨ ਦੀ ਵੀ। ਚੰਗਾ ਹੋਵੇ ਜੇ ਕਰ ਕਲਮਕਾਰਾਂ ਦੇ ਸੰਗਠਨ ਅਹੁਦਿਆਂ ਦੇ ਲਾਲਚ ਛੱਡ ਕੇ ਭਾਈ ਭਤੀਜਾਵਾਦ ਤੋਂ ਉੱਪਰ ਉੱਠ ਕੇ ਅੱਜ ਦੇ ਇਹਨਾਂ ਅਸਲ ਮਸਲਿਆਂ ਬਾਰੇ ਕੁਝ ਠੋਸ ਕਦਮ ਚੁੱਕਣ।
No comments:
Post a Comment