13th January 2020 at 10:14 AM
ਗ੍ਰਿਫ਼ਤਾਰੀਆਂ ਦੇ ਸੱਦੇ ਦੀ ਪੁਰਜ਼ੋਰ ਹਮਾਇਤ ਦਾ ਐਲਾਨ
ਲੁਧਿਆਣਾ: 13 ਜਨਵਰੀ 2020:(ਸਾਹਿਤ ਸਕਰੀਨ ਬਿਊਰੋ)::

ਇਸ ਸੰਗਠਨ ਵੱਲੋਂ *ਦਲਵੀਰ ਸਿੰਘ ਲੁਧਿਆਣਵੀ ਨੇ ਇੱਕ ਵਿਸ਼ੇਸ਼ ਪ੍ਰੈਸ ਨੋਟ ਵੀ ਮੀਡੀਆ ਲਈ ਜਾਰੀ ਕੀਤਾ ਹੈ। ਇਸ ਪ੍ਰੈਸ ਨੋਟ ਮੁਤਾਬਿਕ 12 ਜਨਵਰੀ ਐਤਵਾਰ ਨੂੰ ਪੰਜਾਬੀ ਭਵਨ ਲੁਧਿਆਣਾ ਵਿਖੇ ਵਿਸ਼ਵ ਪੰਜਾਬੀ ਸਾਹਿਤ ਵਿਚਾਰ ਮੰਚ ਦੀ ਇਕੱਤਰਤਾ ਹੋਈ। ਪ੍ਰਧਾਨਗੀ ਮੰਡਲ ਵਿਚ ਮੰਚ ਦੇ ਪ੍ਰਧਾਨ ਡਾ ਗੁਲਜ਼ਾਰ ਸਿੰਘ ਪੰਧੇਰ, ਜਨਰਲ ਸਕੱਤਰ ਦਲਵੀਰ ਸਿੰਘ ਲੁਧਿਆਣਵੀ ਦੇ ਨਾਲ ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ) ਦੇ ਜਨਰਲ ਸਕੱਤਰ ਅਤੇ ਪ੍ਰਗਤੀਸ਼ੀਲ ਲੇਖਕ ਸੰਘ ਦੇ ਕੌਮੀ ਜਨਰਲ ਸਕੱਤਰ ਡਾ ਸੁਖਦੇਵ ਸਿੰਘ ਸਿਰਸਾ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ। ਇਕੱਤਰਤਾ ਵਿਚ ਸਰਵਸੰਬਤੀ ਨਾਲ ਫ਼ੈਸਲਾ ਹੋਇਆ ਕਿ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਸੱਦੇ ਦੀ ਹਮਾਇਤ ਵਿਚ 25 ਜਨਵਰੀ ਨੂੰ ਨਾਗਰਿਕਤਾ ਸੋਧ ਕਾਨੂੰਨ ਦੇ ਵਿਰੁੱਧ ਅਤੇ ਜੇਐਨਯੂ ਦੇ ਵਿਦਿਆਰਥੀਆਂ ਦੇ ਹੱਕ ਵਿਚ ਵੱਧ ਤੋਂ ਵੱਧ ਲੇਖਕ ਗ੍ਰਿਫ਼ਤਾਰੀਆਂ ਲਈ ਪਹੁੰਚਣਗੇ।
ਇਸ ਮੌਕੇ ਡਾ ਸਿਰਸਾ ਨੇ ਕਿਹਾ ਕਿ ਸਾਡੀਆਂ ਸਰਕਾਰਾਂ ਲੋਕਾਂ ਦੇ ਮਹਿੰਗਾਈ, ਬੇਰੁਜ਼ਗਾਰੀ ਆਦਿ ਦੀਆਂ ਸਮੱਸਿਆਵਾਂ ਨੂੰ ਦਬਾਉਣ ਲਈ ਨਾਗਰਿਕਤਾ ਸੋਧ ਕਾਨੂੰਨ ਵਰਗੇ ਸਮਾਜ ਨੂੰ ਵੰਡਣ ਵਾਲੇ ਕਾਨੂੰਨ ਲੈ ਕੇ ਆ ਰਹੀਆਂ ਹਨ। ਸੰਸਦ ਵਿਚ ਬਹੁਗਿਣਤੀ ਭੀੜ ਦੀ ਮਾਨਸਿਕਤਾ ਇੱਕ ਵਾਰ ਫੇਰ ਗੁਆਂਢੀ ਮੁਲਖ ਨਾਲ ਜੰਗ ਦਾ ਮਾਹੌਲ ਭਖਾ ਰਹੀ ਹੈ। ਲੇਖਕਾਂ ਦਾ ਲੋਕਾਂ ਨੂੰ ਜਾਗਰੂਕ ਕਰਨਾ ਪਵਿੱਤਰ ਫਰਜ਼ ਹੈ।
ਇਸ ਇਕੱਤਰਤਾ ਵਿਚ ਪੰਜਾਬੀ ਭਾਸ਼ਾ, ਪਸਾਰ ਭਾਈਚਾਰੇ ਤੋਂ ਮਹਿੰਦਰ ਸਿੰਘ ਸੇਖੋਂ ਅਤੇ ਹਰਬਖਸ਼ ਸਿੰਘ ਗਰੇਵਾਲ ਪਹੁੰਚੇ ਹੋਏ ਸਨ। ਇਸੇ ਤਰਾਂ ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ.) ਦੇ ਮੀਤ ਪ੍ਰਧਾਨ ਕਰਮ ਸਿੰਘ ਵਕੀਲ ਅਤੇ ਪੰਜਾਬੀ ਸਾਹਿਤ ਅਕਾਡਮੀ ਦੇ ਸੀਨੀਅਰ ਮੀਤ ਪ੍ਰਧਾਨ ਸੁਰਿੰਦਰ ਕੈਲੇ ਨੇ ਵਿਸ਼ੇਸ਼ ਤੌਰ ਤੇ ਹਾਜ਼ਰੀ ਲਗਵਾਈ।
ਅੱਜ ਲੋਹੜੀ ਦੇ ਸਬੰਧ ਵਿਚ ਸਾਹਿਤਕ ਰਚਨਾਵਾਂ ਸਮੇਤ ਸਮੁੱਚੇ ਮੈਂਬਰਾਂ ਨੇ ਆਪੋ-ਆਪਣੀਆਂ ਰਚਨਾਵਾਂ ਸਾਂਝੀਆਂ ਕੀਤੀਆਂ। ਨੀਲੂ ਬੱਗਾ ਲੁਧਿਆਣਵੀ ਅਤੇ ਏਕਤਾ ਪੂਜਾ ਸ਼ਰਮਾ ਨੇ ਕਵਿਤਾ, ਮਨਿੰਦਰ ਭਾਟੀਆ ਨੇ ਮਿੰਨੀ ਕਹਾਣੀ ਮੈਨੀਫੈਸਟੋ, ਸੁਰਜੀਤ ਸਿੰਘ ਜੀਤ ਨੇ ਗੀਤ 'ਮਾਂ ਬੋਲੀ ਨਾ ਭੁਲਿਓ ਆਪਣੀ ਦਿਲੋਂ ਪਿਆਰ ਕਰੋ', ਭਗਵਾਨ ਢਿੱਲੋਂ ਨੇ ਮੀਸਣਾ ਮਿਰਜ਼ਾ, ਬਲਵਿੰਦਰ ਔਲੱਖ ਗਲੈਕਸੀ ਨੇ "ਆਓ ਜਸ਼ਨ ਮਨਾਏ ਸਭ ਮਿਲ ਕੇ, ਚਾਂਦ ਪੈ ਚੜ੍ਹ ਗਿਆ ਮੋਦੀ", ਇੰਜ: ਸੁਰਜਨ ਸਿੰਘ ਨੇ ਜੀਵਨ ਦੇ ਰੰਗ, ਮਲਕੀਤ ਸਿੰਘ ਮਾਲੜਾ ਨੇ ਅਨੰਦਪੁਰੀਏ, ਅਨੰਦਪੁਰੀਏ, ਅੱਜ ਤੈਨੂੰ ਛੱਡ ਜਾਣਾ, ਰਘਬੀਰ ਸਿੰਘ ਸੰਧੂ ਨੇ ਲਵਾਰਿਸ ਬੱਚੀ, ਸਰਬਜੀਤ ਸਿੰਘ ਵਿਰਦੀ ਨੇ ਬੀਬੀ ਦੇਹ ਲੋਹੜੀ ਜੀਵੇ ਤੇਰੀ ਜੋੜੀ, ਤਰਨਜੀਤ ਸਿੰਘ ਮਾਨ ਨੇ ਜੇ ਪੰਜਾਬ 'ਚ ਰਹਿਣਾ ਪੰਜਾਬੀ ਬੋਲਣੀ ਪੈਣੀ', ਦਲੀਪ ਅਵਧ ਨੇ ਹਿੰਦੀ ਵਿਚ ਕਵਿਤਾ, ਸੁਖਚੈਨ ਸੱਤਾ ਨੇ ਨਸ਼ਿਆਂ ਦੇ ਪੱਟੇ ਬਈ, ਆਜ਼ਾਦ ਕੀ ਕਰਾਉਣਗੇ', ਡਾ ਗੁਲਜ਼ਾਰ ਸਿੰਘ ਪੰਧੇਰ ਨੇ ਦੁੱਲੇ ਭੱਟੀ ਦੀ ਲੋਹੜੀ, ਦਲਵੀਰ ਸਿੰਘ ਲੁਧਿਆਣਵੀ ਨੇ ਛੋਟੀ ਕਹਾਣੀ 'ਖੁਸ਼ਬੂਹੀਨ' ਦੇ ਇਲਾਵਾ ਕਮਿੱਕਰ ਸਿੰਘ, ਬਲਕੌਰ ਸਿੰਘ ਗਿੱਲ, ਤਰਲੋਚਨ ਝਾਂਡੇ ਨੇ ਰਚਨਾਵਾਂ 'ਤੇ ਹੋਈ ਵਿਚਾਰ ਚਰਚਾ 'ਚ ਭਾਗ ਲਿਆ।
ਹੁਣ ਦੇਖਣਾ ਹੈ ਕਿ ਵਿਸ਼ਵ ਪੰਜਾਬੀ ਸਾਹਿਤ ਵਿਚਾਰ ਮੰਚ ਨੂੰ 25 ਜਨਵਰੀ ਵਾਲੇ ਅੰਦੋਲਨ ਲਈ ਲੁਧਿਆਣਾ ਅਤੇ ਆਲੇ ਦੁਆਲੇ ਦੇ ਹਲਕਿਆਂ ਤੋਂ ਕਿੰਨਾ ਕੁ ਹੁੰਗਾਰਾ ਮਿਲਦਾ ਹੈ।
*ਦਲਵੀਰ ਸਿੰਘ ਲੁਧਿਆਣਵੀ ਵਿਸ਼ਵ ਪੰਜਾਬੀ ਸਾਹਿਤ ਵਿਚਾਰ ਮੰਚ ਦੇ ਜਨਰਲ ਸਕੱਤਰ ਹਨ ਅਤੇ ਸਾਹਿਤਿਕ ਸਰਗਰਮਾਂ ਵਿੱਚ ਵੱਧ ਚੜ੍ਹ ਕੇ ਭਾਗ ਲੈਂਦੇ ਹਨ। ਉਹਨਾਂ ਨਾਲ ਸੰਪਰਕ ਲਈ ਉਹਨਾਂ ਦਾ ਮੋਬਾਈਲ ਨੰਬਰ ਹੈ:+9194170 01983
No comments:
Post a Comment