google.com, pub-7610353441165800, DIRECT, f08c47fec0942fa0 ਸਾਹਿਤ ਸਕਰੀਨ: ਬਰਤਾਨੀਆਂ ਵਸਦੇ ਪੰਜਾਬੀ ਸ਼ਾਇਰ ਰਜਿੰਦਰਜੀਤ ਨਾਲ ਰੂਬਰੂ

Friday, 10 January 2020

ਬਰਤਾਨੀਆਂ ਵਸਦੇ ਪੰਜਾਬੀ ਸ਼ਾਇਰ ਰਜਿੰਦਰਜੀਤ ਨਾਲ ਰੂਬਰੂ

Friday:10th Jan 2020 at 5:57 PM
ਰਜਿੰਦਰਜੀਤ ਲਗਪਗ ਪੰਦਰਾਂ ਸਾਲ ਤਰਕਸ਼ੀਲ ਸੋਸਾਇਟੀ ਨਾਲ ਵੀ ਰਹੇ
ਲੁਧਿਆਣਾ10 ਜਨਵਰੀ 2020: (*ਡਾ. ਗੁਰਇਕਬਾਲ ਸਿੰਘ//ਸਾਹਿਤ ਸਕਰੀਨ ਡੈਸਕ)::
ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਵਲੋਂ ਇੰਗਲੈਂਡ ਵੱਸਦੇ ਸ਼ਾਇਰ ਸ੍ਰੀ ਰਜਿੰਦਰਜੀਤ ਨਾਲ ਕਰਵਾਏ ਰੂਬਰੂ ਮੌਕੇ ਜਾਣ-ਪਛਾਣ ਕਰਵਾਉਂਦਿਆਂ ਅਕਾਡਮੀ ਦੇ ਸਕੱਤਰ ਡਾ. ਗੁਰਇਕਬਾਲ ਸਿੰਘ ਨੇ ਦਸਿਆ ਕਿ ਕੋਟਕਪੁਰੇ ਪਿਛੋਕੜ ਵਾਲੇ ਸ੍ਰੀ ਰਜਿੰਦਰ ਜੀਤ 2006 ਤੋਂ ਇੰਗਲੈਂਡ ਵਿਚ ਵਾਲਸਾਲ ਵਿਖੇ ਰਹਿ ਰਹੇ ਹਨ। ਉਹਨਾਂ ਨੇ 21ਵੀਂ ਸਦੀ ਵਿਚ ਲਿਖਣਾ ਸ਼ੁਰੂ ਕੀਤਾ ਤੇ
ਇਹ ਗੁੜਤੀ ਉਹਨਾਂ  ਨੂੰ ਘਰੋਂ ਪ੍ਰਾਪਤ ਹੋਈ ਕਿਉਂਕਿ ਉਹਨਾਂ ਦੇ ਪਿਤਾ ਜੀ ਘਰ ਵਿਚ ਪੰਜਾਬੀ ਦੇ ਅਖ਼ਬਾਰ ਅਤੇ ਰਸਾਲੇ ਮੰਗਵਾਉਂਦੇ ਸਨ। ਜਿਥੋਂ ਰਜਿੰਦਰਜੀਤ ਨੂੰ ਪੜ੍ਹਨ ਦਾ ਸ਼ੌਕ ਪਿਆ। ਸਾਹਿਤ ਸਭਾ ਕੋਟਕਪੁਰਾ ਦੇ ਸੰਪਰਕ ਵਿਚ ਆਉਣ ਨਾਲ ਉਹਨਾਂ ਦਾ ਇਹ ਸ਼ੌਕ ਸਿਰਜਨਾ ਵੱਲ ਤੁਰ ਪੈਂਦਾ ਹੈ। ਰਜਿੰਦਰਜੀਤ ਲਗਪਗ ਪੰਦਰਾਂ ਸਾਲ ਤਰਕਸ਼ੀਲ ਸੋਸਾਇਟੀ ਨਾਲ
ਵੀ ਸੰਬੰਧਿਤ ਰਹੇ ਹਨ। ਉਹ ਗ੍ਰੈਜੂਏਟ ਹਨ ਤੇ ਸਿਹਤ ਵਿਭਾਗ ਵਿਚ ਨੌਕਰੀ ਕਰਦੇ ਹੋਏ ਪਰਵਾਸ ਧਾਰਨ ਕਰ ਗਏ। ਸੰਨ 2008 ਵਿਚ ਉਹਨਾਂ  ਦਾ ਗ਼ਜ਼ਲ ਸੰਗ੍ਰਹਿ 'ਸਾਵੇ ਅਕਸ' ਪਾਠਕਾਂ ਦੇ ਸਨਮੁੱਖ ਆਇਆ ਤੇ ਉਹ ਨਿਰੰਤਰ ਇਹ ਸਾਧਨਾ ਕਰ ਰਹੇ ਹਨ।
ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੇ ਪ੍ਰਧਾਨ ਪ੍ਰੋ. ਰਵਿੰਦਰ ਸਿੰਘ ਭੱਠਲ ਨੇ ਰਜਿੰਦਰਜੀਤ ਨੂੰ ਜੀ ਆਇਆਂ ਨੂੰ ਕਹਿੰਦਿਆਂ ਇਸ ਸਮਾਗਮ ਵਿੱਚ ਪਹੁੰਚੇ ਲੇਖਕਾਂ ਅਤੇ ਸਰੋਤਿਆਂ ਦਾ ਧੰਨਵਾਦ ਵੀ ਕੀਤਾ।
ਰਜਿੰਦਰਜੀਤ ਨੇ ਆਪਣੇ ਸਾਹਿਤਕ ਸਫ਼ਰ ਬਾਰੇ ਚਰਚਾ ਕਰਦੇ ਹੋਏ ਕਿਹਾ ਕਿ ਪਰਵਾਸ ਮਨੁੱਖ ਨੂੰ ਬਹੁਤ ਸਾਰੀਆਂ ਸੰਵੇਦਨਸ਼ੀਲ ਸਮੱਸਿਆਵਾਂ ਨੂੰ ਸਾਹਮਣੇ ਲਿਆਉਂਦਾ ਹੈ ਅਤੇ ਆਪਣੀ ਮਾਤ ਭੂਮੀ ਲਈ ਸੋਚਣ ਲਈ ਮਜਬੂਰ ਕਰ ਦਿੰਦਾ ਹੈ। ਜਿਸ ਵਿਚੋਂ ਜਦੋਂ ਆਤਮਾ ਤਨਾਓ ਵਿਚ ਵਿਚਰਦੀ ਹੈ ਤਾਂ ਉਹ ਸਿਰਜਨਾ ਦਾ ਕੋਈ ਨਾ ਕੋਈ ਰੂਪ ਲੈ ਲੈਂਦੀ ਹੈ। ਇਸ ਦੇ ਨਾਲ ਨਾਲ ਹੀ ਉਹਨਾਂ ਨੇ ਆਪਣੀਆਂ ਕੁਝ ਰਚਨਾਵਾਂ ਸਰੋਤਿਆਂ ਨਾਲ ਸਾਂਝੀਆਂ ਕੀਤੀਆਂ।
ਰਜਿੰਦਰ ਜੀਤ ਨੇ ਜੋ ਰਚਨਾਵਾਂ ਸੁਣਾਈਆਂ ਉਹਨਾਂ ਵਿਛਕਾਂ ਕੁਝ ਕੁ ਸ਼ੇਅਰ ਤੁਸੀਂ ਵੀ ਜ਼ਰੂਰ ਦੇਖੋ:
ਤੇਰੇ ਤੋਂ ਕੁਝ ਪਲ ਉਧਾਰੇ ਮੰਗ ਕੇ, ਵੇਖਣਾ ਹੈ ਤੇਰੇ ਰੰਗ ਵਿਚ ਰੰਗ ਕੇ,   
ਜ਼ਹਿਰ ਤਾਂ ਤੈਨੂੰ ਵੀ ਚੜਦੀ ਹੋਵੇਗੀ, ਮੇਰੀਆਂ ਸ਼ਾਮਾਂ ਨੂੰ ਏਦਾਂ ਡੰਗ ਕੇ। 
ਰਾਤ ਸਾਰੀ ਤਾਰਿਆਂ ਵੱਲ ਰਹਿੰਦੇ ਝਾਕਦੇ, 
ਰੌਸ਼ਨੀ ਦੀ ਭਾਲ ਅੰਦਰ ਹੋ ਗਏ ਝੱਲੇ ਅਸੀਂ। 
ਤਾਂ ਹੀ ਸ਼ਾਇਦ ਹੈ ਸਲੀਕਾ, ਸੁਰ ਵੀ ਹੈ ਤੇ ਮਿਠਾਸ ਵੀ, 
ਬੰਸਰੀ ਵਾਂਗਰ ਗਏ ਕਿੰਨੇ ਵਾਰ ਸੱਲੇ ਅਸੀਂ। 
ਅਤੇ 
ਕਿਹੜੇ ਸੱਚ ਦੀ ਗੱਲ ਕਰਦੇ ਹੋ, 
ਕਿਹੜਾ ਝੂਠ ਨਿਤਾਰਣ ਆਏ ਹੋ।  
ਕਿਹੜੇ ਪਾਣੀ ਦੀਆਂ ਬੁੱਕਾਂ ਭਰ ਦੇ ਹੋ, 
ਕਿਹੜੇ ਚੁੱਲੇ ਤੋਂ ਤਾਰਨ ਆਏ ਹੋ। 
ਸ਼ਾਇਰ ਦੀਆਂ ਕਈ ਗ਼ਜ਼ਲਾਂ ਨੇ ਵਾਹ ਵਾਹ ਖੱਟੀ। ਸਰੋਤਿਆਂ ਨੇ ਇਸਦੀ ਦਾਦ ਵੀ ਦਿੱਤੀ। ਇੱਕ ਤਰਾਂ ਨਾਲ ਇਹ ਸਾਰੀ ਸ਼ਾਇਰੀ ਹ ਯਾਦਗਾਰੀ ਹੋ ਨਿੱਬੜੀ। 
ਇਸ ਮੌਕੇ ਸੰਗੀਤਾ ਭੰਡਾਰੀ, ਸੁਰਿੰਦਰ ਕੈਲੇ, ਡਾ. ਗੁਲਜ਼ਾਰ ਸਿੰਘ ਪੰਧੇਰ, ਡਾ. ਜਗਵਿੰਦਰ ਜੋਧਾ, ਮਨਜਿੰਦਰ ਸਿੰਘ ਧਨੋਆ, ਤ੍ਰੈਲੋਚਨ ਲੋਚੀ, ਜਨਮੇਜਾ ਸਿੰਘ ਜੌਹਲ, ਸਤੀਸ਼ ਗੁਲਾਟੀ, ਇੰਦਰਜੀਤ ਪਾਲ ਕੌਰ, ਸੁਰਿੰਦਰ ਦੀਪ, ਕਮਲਪ੍ਰੀਤ ਕੌਰ, ਸਰਬਜੀਤ ਸਿੰਘ ਵਿਰਦੀ, ਸੁਨੀਲ ਚੰਦਿਆਣਵੀ, ਸੰਗੀਤਾ ਭੰਡਾਰੀ, ਸੁਰਿੰਦਰ ਕੌਰ, ਬਲਕੌਰ ਸਿੰਘ, ਤੇਜਪਾਲ ਜਾਨੀ, ਸੱਤਪਾਲ ਰਿਸ਼ੀ, ਜਸ਼ਨਪਾਲ   ਸਿੰਘ ਸਮੇਤ ਸਥਾਨਕ ਲੇਖਕ ਹਾਜ਼ਰ ਸਨ।
ਵਿਚਾਰ ਚਰਚਾ ਵਿਚ ਭਾਗ ਲੈਂਦਿਆਂ ਡਾ. ਜਗਵਿੰਦਰ ਜੋਧਾ ਨੇ ਕਿਹਾ ਰਜਿੰਦਰਜੀਤ ਧਰਤੀ ਨਾਲ ਜੁੜਿਆ ਸ਼ਾਇਰ ਹੈ। ਇਸ ਮੌਕੇ ਮਨਜਿੰਦਰ ਧਨੋਆ, ਡਾ. ਜਗਵਿੰਦਰ ਜੋਧਾ, ਤ੍ਰੈਲੋਚਨ ਲੋਚੀ, ਸਤੀਸ਼ ਗੁਲਾਟੀ ਅਤੇ ਸੁਨੀਲ ਚੰਦਿਆਣਵੀ ਨੇ ਆਪਣੀਆਂ ਗ਼ਜ਼ਲਾਂ ਪੇਸ਼ ਕੀਤੀਆਂ।
*ਡਾ. ਗੁਰਇਕਬਾਲ ਸਿੰਘ ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੇ ਪ੍ਰੈੱਸ ਸਕੱਤਰ ਹਨ ਅਤੇ ਸਾਹਿਤਿਕ ਕਵਰੇਜ ਲਈ ਮੀਡੀਆ ਨੂੰ ਅਕਸਰ ਸਰਗਰਮ ਸਹਿਯੋਗ ਵੀ ਦੇਂਦੇ ਹਨ। ਉਹਨਾਂ ਦਾ ਸੰਪਰਕ ਨੰਬਰ ਹੈ: 98158-26301

No comments:

Post a Comment