"ਆਣ ਪਹੁੰਚਾ" ਵਿੱਚ ਹੈ ਇੱਕ ਵੰਗਾਰ-ਇੱਕ ਚੁਣੌਤੀ
ਨਿੱਤ ਦਿਹਾੜੇ ਤੇਜ਼ੀ ਨਾਲ ਬਦਲ ਰਹੇ ਘਟਨਾਕ੍ਰਮ ਨਾਲ ਇੱਕ ਦਹਿਸ਼ਤ ਵਾਲਾ ਮਾਹੌਲ ਪੈਦਾ ਹੋ ਦਹਿਸ਼ਤ ਵਿੱਚ ਵਾਧਾ ਜਾਰੀ ਹੈ। ਭਵਿੱਖ ਪ੍ਰਤੀ ਅਨਿਸਚਿਤਤਾ ਵੀ ਵੱਧ ਰਹੀ ਹੈ। ਹਾਲਾਤ ਬੜੇ ਸ਼ੱਕੀ ਅਤੇ ਸ਼ਸ਼ੋਪੰਜ ਵਾਲੇ ਹਨ। ਬਾਰ ਬਾਰ ਸਾਹਮਣੇ ਆ ਰਹੇ ਸਪ੍ਸ਼ਟੀਕਰਨਾਂ ਦੇ ਬਾਵਜੂਦ ਹੁਣ ਕਿਸੇ ਨੂੰ ਕਿਸੇ ਤੇਬ ਇਤਬਾਰ ਨਹੀਂ ਆਉਂਦਾ। ਸ਼ਾਇਦ ਅੱਜ ਦੇ ਹਿਟਲਰ ਨੂੰ ਇਹੀ ਸਭ ਰਾਸ ਆਉਂਦਾ ਹੈ। ਅਜਿਹੇ ਹਾਲਾਤ ਵਿੱਚ ਅੱਜ ਦੇ ਸਮਿਆਂ ਦੀ ਗੱਲ ਕਰਦੀ ਇੱਕ ਹੋਰ ਕਾਵਿ ਰਚਨਾ ਲਿਖੀ ਹੈ ਜਨਾਬ ਜਗਵਿੰਦਰ ਜੋਧਾ ਹੁਰਾਂ ਨੇ। ਇਹ ਕਾਵਿ ਰਚਨਾ ਅੱਜ ਦੇ ਹਾਲਾਤ ਦੀ ਇੱਕ ਰਿਪੋਰਟ ਵੀ ਹੈ ਅਤੇ ਚੁਣੌਤੀ ਨੂੰ ਸਵੀਕਾਰ ਕਰਨ ਦਾ ਹਲੂਣਾ ਵੀ। --ਰੈਕਟਰ ਕਥੂਰੀਆ
ਨਿਰੰਤਰ ਖੌਫ਼ ਦਾ ਬੇਰਹਿਮ ਲਸ਼ਕਰ ਆਣ ਪਹੁੰਚਾ ਹੈ।
ਤੂੰ ਹੁਣ ਤਾਂ ਜਾਗ, ਹੁਣ ਤਾਂ ਬੂਹੇ ਤੀਕਰ ਆਣ ਪਹੁੰਚਾ ਹੈ।
ਝੁਕੇ ਹੋਏ ਸਿਰਾਂ ਦੀ ਥਾਂ 'ਤੇ ਤਣਿਆ ਸੀਸ ਚਾਹੀਦਾ;
ਬਦਲ ਕੇ ਭੇਸ ਫਿਰ ਇਕ ਵਾਰ ਹਿਟਲਰ ਆਣ ਪਹੁੰਚਾ ਹੈ
ਜੇ ਇਹ ਤੱਕ ਕੇ ਲਹੂ ਨਾ ਖੌਲਿਆ ਮੁੱਠੀ ਨਾ ਕੱਸ ਹੋਈ
ਤਾਂ ਇਸਦਾ ਅਰਥ ਮਨ ਕਬਰਾਂ ਬਰਾਬਰ ਆਣ ਪਹੁੰਚਾ ਹੈ।
ਦਿਨੋਂ-ਦਿਨ ਹੋਰ ਭਾਰੀ ਹੋ ਰਹੇ ਨੇ ਚੁੱਪ ਦੇ ਜਿੰਦੇ;
ਤੇ ਸਾਰੇ ਸ਼ਹਿਰ ਦਾ ਰੌਲਾ ਮੇਰੇ ਘਰ ਆਣ ਪਹੁੰਚਾ ਹੈ।
ਇਨੂੰ ਹੂੰਝਣ ਲਈ ਨਲਕੇ ਨਹੀਂ ਹੜ੍ਹ ਦੀ ਜ਼ਰੂਰਤ ਹੈ;
ਬੜਾ ਕਚਰਾ ਮੇਰੀ ਬਸਤੀ ਦੇ ਅੰਦਰ ਆਣ ਪਹੁੰਚਾ ਹੈ।
ਕਿਤਾਬਾਂ ਪੜ੍ਹ ਰਹੇ ਬੱਚਿਆਂ ਦੀ ਪਿੱਠ 'ਤੇ ਜਾਗਣਾ ਪੈਣਾ;
ਉਨ੍ਹਾਂ ਦੇ ਸਬਕ ਵਿਚ ਤਰਸ਼ੂਲ ਖੰਜਰ ਆਣ ਪਹੁੰਚਾ ਹੈ।
----- ਜਗਵਿੰਦਰ ਜੋਧਾ
6 ਜਨਵਰੀ 2020
No comments:
Post a Comment