ਅਤੀਤ ਦੀ ਦੁਨੀਆ: 2 ਜਨਵਰੀ 2020: (ਸਾਹਿਤ ਸਕਰੀਨ ਡੈਸਕ)::
"ਬਾਬਰਾਂ ਦੀ ਦੁਨੀਆ" ਡਾਇਰੀਆਂ ਬੜੀ ਕੰਮ ਦੀ ਚੀਜ਼ ਹੁੰਦੀਆਂ ਹਨ ਪਰ ਰੋਜ਼ੀ ਰੋਟੀ ਦੇ ਝਮੇਲਿਆਂ ਵਿੱਚ ਰੁਝੇ ਸਾਡੇ ਵਰਗਿਆਂ ਕੋਲੋਂ ਅਕਸਰ ਹੀ ਗੁਆਚ ਜਾਂਦੀਆਂ ਹਨ। ਜਦੋਂ ਕੁਝ ਸਾਲ ਪਹਿਲਾਂ ਸਾਡੇ ਨਾਨਕਸ਼ਾਹੀ ਇੱਟ ਵਾਲੇ ਕਮਰੇ ਦੀ ਛੱਤ ਡਿੱਗੀ ਤਾਂ ਕ੍ਰਿਸ਼ਮਾ ਸੀ ਕਿ ਅਸੀਂ ਪਰਿਵਾਰ ਦੇ ਸਾਰੇ ਮੈਂਬਰ ਬਚ ਗਏ। ਬਾਰਿਸ਼ ਦੇ ਕਹਿਰ ਦਾ ਅੰਦਾਜ਼ਾ ਲਾਉਣ ਲਈ ਅਸੀਂ ਬੱਦਲਾਂ ਦਾ ਹਿਸਾਬ ਕਿਤਾਬ ਲਾਉਣ ਬਾਹਰ ਵਿਹੜੇ ਵਿੱਚ ਨਿਕਲ ਆਏ ਸਾਂ। ਮੀਂਹ ਕੁਝ ਪਲ ਪਹਿਲਾਂ ਹੀ ਰੁਕਿਆ ਸੀ। ਇਸਤਰਾਂ ਸਾਡਾ ਸਾਰਿਆਂ ਦਾ ਬਚਾਅ ਹੋ ਗਿਆ। ਫਿਰ ਵੀ ਦੁੱਖ ਇਸ ਗੱਲ ਦਾ ਕਿ ਬਹੁਤ ਕੁਝ ਉਸ ਛੱਤ ਹੇਠਾਂ ਆ ਗਿਆ। ਇਹਨਾਂ ਵਿੱਚੋਂ ਇੱਕ ਡਾਇਰੀ ਅਜਿਹੀ ਵੀ ਸੀ ਜਿਸ ਵਿੱਚ ਗੁਰਮੇਲ ਸਿੰਘ ਸਰਾ ਨਾਲ ਕੀਤੀਆਂ ਗੱਲਾਂ ਸਾਂਝੀਆਂ ਕੀਤੀਆਂ ਹੋਈਆਂ ਸਨ। ਹਥਲੀ ਕਵਿਤਾ ਉਸਨੇ ਕਦੋਂ ਲਿਖੀ ਅਤੇ ਕਿਸ ਪ੍ਰੇਰਨਾ ਨਾਲ ਉਸ ਡਾਇਰੀ ਵਿੱਚ ਇਸਦਾ ਵੀ ਜ਼ਿਕਰ ਸੀ। ਹੁਣ ਤਾਂ ਪੁੱਛ ਵੀ ਨਹੀਂ ਸਕਦੇ। ਹੁਣ ਇਹ ਸਾਡਾ ਮਿੱਤਰ ਪਿਆਰਾ ਇਸ ਦੁਨੀਆ ਵਿੱਚ ਨਹੀਂ। ਇਥੇ ਦੇ ਰਹੇ ਹਾਂ ਉਹੀ ਕਾਵਿ ਰਚਨਾ ਜਿਹੜੀ ਅੱਜ ਫੇਰ ਬਹੁਤ ਹੀ ਪ੍ਰਸੰਗਿਕ ਬਣ ਗਈ ਹੈ। --ਰੈਕਟਰ ਕਥੂਰੀਆ
ਬਾਬਰਾਂ ਦੀ ਦੁਨੀਆ
ਤੂੰ ਵੀ ਬਾਬਰ ਹੈਂ ਮੈਂ ਵੀ ਬਾਬਰ ਹਾਂ
ਤੂੰ ਵੀ ਕਾਬਲੋਂ ਧਾਇਐਂ
ਮੈਂ ਵੀ ਕਾਬਲੋਂ ਧਾਇਆਂ
ਤੇਰੀ ਤੇ ਮੇਰੀ ਜੰਝ ਉਹੀ ਹੈ।
ਤੂੰ ਬਾਲ ਮਨਾਂ ਵਿੱਚ ਮੇਖਾਂ ਗੱਡਦਾ ਹੈਂ
ਮੈਂ ਤੜਾਗੀਆਂ ਦੇ ਮਣਕੇ ਭੁੰਨਦਾ ਹਾਂ
ਤੂੰ ਮਸੀਤਾਂ ਭੰਨਦਾ ਤੇ ਮੈਂ ਮੰਦਰ ਭੰਨਦਾ ਹਾਂ
ਤੇਰੀ ਭਾਸ਼ਾ 'ਚ ਜ਼ਹਿਰ ਹੈ
ਮੇਰੀ ਬੋਲੀ 'ਚ ਜ਼ਹਿਰ ਹੈ
ਤੂੰ ਤਿੰਨ ਸੌ ਸੱਤਰ ਸਾੜੇਂਗਾ
ਮੈਂ ਸਾਰੀ ਪੋਥੀ ਹੀ ਸਾੜਾਂਗਾ।
ਤੂੰ ਤੇ ਮੈਂ ਰਲ ਕੇ ਏਤੀ ਮਾਰ ਮਾਰਾਂਗੇ
ਦੇਖਾਂਗੇ ਕਿਸ ਨੂੰ ਦਰਦ ਆਊ
ਦੇਖਾਂਗੇ ਕੌਣ ਕੁਰਲਾਊ
ਅਸੀਂ ਭੈਣ ਦੇ ਯਾਰ ਪੱਕੇ ਹਾਂ।
("ਇਹ ਕਵਿਤਾ ਨਹੀਂ" ਨਾਮਕ ਕਾਵਿ ਸੰਗ੍ਰਹਿ ਵਿੱਚੋਂ)ਸਫ਼ਾ-47
-ਗੁਰਮੇਲ ਸਿੰਘ ਸਰਾ
ਅੰਤ ਵਿੱਚ ਇਸੇ ਸੰਗ੍ਰਹਿ ਵਿੱਚੋਂ ਇੱਕ ਨਿੱਕੀ ਕਵਿਤਾ ਹੋਰ
ਕਿਹੜਾ ਯਾਰ?
ਮੈਂ ਚਰਨਾਂ ਦੀ ਧੂੜ
ਮੇਰੇ ਯਾਰ ਦੀ।
"ਕੌਣ ਹੈ ਮੇਰਾ ਯਾਰ ?"
ਰੂਹ ਪੁਕਾਰਦੀ।
("ਇਹ ਕਵਿਤਾ ਨਹੀਂ" ਨਾਮਕ ਕਾਵਿ ਸੰਗ੍ਰਹਿ ਵਿੱਚੋਂ)ਸਫ਼ਾ-25
-ਗੁਰਮੇਲ ਸਿੰਘ ਸਰਾ
ਅੰਤ ਵਿੱਚ ਇਸੇ ਸੰਗ੍ਰਹਿ ਵਿੱਚੋਂ ਇੱਕ ਨਿੱਕੀ ਕਵਿਤਾ ਹੋਰ
ਕਿਹੜਾ ਯਾਰ?
ਮੈਂ ਚਰਨਾਂ ਦੀ ਧੂੜ
ਮੇਰੇ ਯਾਰ ਦੀ।
"ਕੌਣ ਹੈ ਮੇਰਾ ਯਾਰ ?"
ਰੂਹ ਪੁਕਾਰਦੀ।
("ਇਹ ਕਵਿਤਾ ਨਹੀਂ" ਨਾਮਕ ਕਾਵਿ ਸੰਗ੍ਰਹਿ ਵਿੱਚੋਂ)ਸਫ਼ਾ-25
-ਗੁਰਮੇਲ ਸਿੰਘ ਸਰਾ
No comments:
Post a Comment