ਪ੍ਰੋਫੈਸਰ ਗੁਰਭਜਨ ਗਿੱਲ ਦਾ ਛੋਟੇ ਸਾਹਿਬਜ਼ਾਦਿਆਂ ਨੂੰ ਸਮਰਪਿਤ ਗੀਤ
ਪ੍ਰੋਫੈਸਰ ਗੁਰਭਜਨ ਗਿੱਲ ਇੱਕ ਅਜਿਹੀ ਸ਼ਖ਼ਸੀਅਤ ਹੈ ਜਿਸ ਨੇ ਸਮੇਂ ਦੀ ਨਬਜ਼ 'ਤੇ ਹੱਥ ਰੱਖ ਕੇ ਉਸ ਦੀ ਚਾਲ ਨੂੰ ਮਹਿਸੂਸ ਕੀਤਾ ਹੈ। ਉਸ ਦੀਆਂ ਅੱਖਾਂ ਵਿੱਚ ਅੱਖਾਂ ਪਾ ਕੇ ਉਸਦੀਂ ਚੁਣੌਤੀਆਂ ਦਾ ਸਾਹਮਣਾ ਕੀਤਾ ਹੈ। ਬਿਨਾ ਕਿਸੇ ਸਿਆਸਤ ਦਾ ਲੇਬਲ ਆਪਣੀ ਕਲਮ ਤੇ ਲਗਵਾਏ ਗੁਰਭਜਨ ਗਿੱਲ ਨੇ ਪੰਜਾਬ ਦੀ ਗੱਲ ਵੀ ਕੀਤੀ, ਦੇਸ਼ ਦੀ ਵੀ ਅਤੇ ਵਿਸ਼ਵ ਦੀ ਵੀ। ਜਾਬਰਾਂ, ਹਮਲਾਵਰਾਂ ਅਤੇ ਮਨੁੱਖਤਾ ਦੇ ਵੈਰੀਆਂ ਦੀ ਗੱਲ ਕਰਦਿਆਂ ਉਸਦੀ ਕਲਮ ਨੇ ਕਦੇ ਲਿਹਾਜ਼ ਨਹੀਂ ਕੀਤਾ। ਏਸੇ ਤਰਾਂ ਸ਼ਹੀਦਾਂ ਨੂੰ ਆਪਣੀ ਸ਼ਰਧਾ ਦੇ ਫੁਲ ਅਰਪਿਤ ਕਰਦਿਆਂ ਕਦੇ ਸਿਆਸੀ ਜਾਂ ਮਜ਼ਹਬੀ ਵਿਚਾਰਾਂ ਨੂੰ ਦੀਵਾਰ ਵੀ ਨਹੀਂ ਬਣਨ ਦਿੱਤਾ। ਸਰਹਿੰਦ ਦੀਆਂ ਕੰਧਾਂ ਸਾਡਾ ਉਹ ਇਤਿਹਾਸ ਹੈ ਜਿਸ ਨਾਲ ਬਹੁਤੇ ਅਗਾਂਹਵਧੂ ਕਲਮਕਾਰਾਂ ਨੇ ਇਨਸਾਫ ਨਹੀਂ ਕੀਤਾ। ਉਹ ਆਗਰੇ, ਕਾਨਪੁਰ, ਮੇਰਠ ਦੇ ਨਾਲ ਮਾਸਕੋ ਅਤੇ ਬੀਜਿੰਗ ਦੀਆਂ ਗੱਲਾਂ ਤਾਂ ਕਰਦੇ ਰਹੇ ਪਰ ਸਰਹਿੰਦ ਨੂੰ ਅਕਸਰ ਭੁੱਲ ਜਾਂਦੇ ਰਹੇ। ਸਾਡੇ ਸਮਿਆਂ ਦੇ ਸਰਗਰਮ ਸ਼ਾਇਰ ਪ੍ਰੋਫੈਸਰ ਗੁਰਭਜਨ ਗਿੱਲ ਹੁਰਾਂ ਦਾ ਲਿਖਿਆ ਇੱਕ ਗੀਤ ਸਾਹਮਣੇ ਆਇਆ ਹੈ ਜਿਹੜਾ ਉਹਨਾਂ ਕੁਝ ਸਾਲ ਪਹਿਲਾਂ ਲਿਖਿਆ ਸੀ ਪਰ ਹੁਣ ਇੱਕ ਵਾਰ ਫੇਰ ਚਰਚਾ ਵਿੱਚ ਹੈ;ਦਸੰਬਰ ਦੇ ਮਹੀਨੇ ਦੌਰਾਨ ਜਦੋਂ ਅਸੀਂ ਅਕਸਰ ਹੀ ਸਰਹਿੰਦ ਨੂੰ ਭੁੱਲ ਜਾਂਦੇ ਹਾਂ। ਜਿਹੜੇ ਲੋਕ ਉੱਥੇ ਸਜਦਾ ਕਰਨ ਪਹੁੰਚ ਵੀ ਜਾਂਦੇ ਹਨ ਉਹ ਵੀ ਜੋੜ ਮੇਲੇ ਵਿੱਚ ਘੱਟ ਅਤੇ ਆਪੋ ਆਪਣੀਆਂ ਸਿਆਸੀ ਕਾਨਫਰੰਸਾਂ ਵਿੱਚ ਵਧੇਰੇ ਸ਼ਰਧਾ ਨਾਲ ਸ਼ਾਮਲ ਹੁੰਦੇ ਹਨ। ਉੱਥੇ ਬਹੁਤਿਆਂ ਲਈ ਗੁਰੂ ਨਾਲੋਂ ਲੀਡਰ ਪਹਿਲਾਂ ਹੁੰਦਾ ਹੈ। ਅਜਿਹੇ ਮਾਹੌਲ ਵਿੱਚ ਜਦੋਂ ਸਿੱਖ ਇਤਿਹਾਸ ਦੇ ਸ਼ਹੀਦਾਂ ਨੂੰ ਭੁਲਾਇਆ ਜਾ ਰਿਹਾ ਹੈ। ਸਿੱਖ ਇਤਿਹਾਸ ਦਾਨ ਨਿਸ਼ਾਨੀਆਂ ਨੂੰ ਕਾਰਸੇਵਾ ਅਤੇ ਹੋਰਨਾਂ ਬਹਾਨਿਆਂ ਨਾਲ ਖਤਮ ਕੀਤਾ ਜਾ ਰਿਹਾ ਹੈ ਉਦੋਂ ਸ਼ਬਦ ਗੁਰੂ ਦਾ ਆਸਰਾ ਲੈ ਕੇ ਦਿਲ ਟੁੰਬਵੀਂ ਰਚਨਾ ਦਾ ਸਾਹਮਣੇ ਆਉਣਾ ਸਾਡੇ ਸਾਰਿਆਂ ਲਈ ਫਖਰ ਦੀ ਗੱਲ ਹੈ।
ਪੰਜਾਬੀ ਸਾਹਿੱਤ ਅਕਾਡਮੀ ਦੇ ਸਾਬਕਾ ਪ੍ਰਧਾਨ ਤੇ ਪੰਜਾਬੀ ਕਵੀ ਪ੍ਰੋ: ਗੁਰਭਜਨ ਗਿੱਲ ਵੱਲੋਂ ਲਿਖੇ ਗੀਤ ਕੰਧੇ ਸਰਹੰਦ ਦੀਏ, ਅੱਥਰੂ ਨਾ ਕੇਰ ਨੀ। ਦੱਸ ਕਿਹੜੀ ਰਾਤ ਜੀਹਦੀ ਹੁੰਦੀ ਨਾ ਸਵੇਰ ਨੀ...। ਇਸ ਗੀਤ ਨੂੰ ਉੱਘੇ ਲੋਕ ਗਾਇਕ ਅਸ਼ਵਨੀ ਵਰਮਾ ਲੁਧਿਆਣਵੀ ਨੇ ਸੁਰੀਲੀ ਤੇ ਦਰਦੀਲੀ ਆਵਾਜ਼ ਚ ਰੀਕਾਰਡ ਕਰਕੇ ਪ੍ਰਸਿੱਧ ਕੰਪਨੀ ਅਮਰ ਆਡਿਉ ਵੱਲੋਂ ਰਿਲੀਜ਼ ਕੀਤਾ ਹੈ।
ਪਿੰਕੀ ਧਾਲੀਵਾਲ ਤੇ ਪੰਜਾਬੀ ਲੋਕ ਵਿਰਾਸਤ ਅਕਾਡਮੀ ਦੀ ਇਸ ਪੇਸ਼ਕਸ਼ ਨੂੰ ਯੂ ਟਿਊਬ ਤੇ ਹੋਰ ਸੰਚਾਰ ਮਾਧਿਅਮਾਂ ਰਾਹੀਂ ਅੱਜ ਸ਼ਾਮੀਂ ਲੋਕ ਅਰਪਨ ਕਰ ਦਿੱਤਾ ਗਿਆ ਹੈ।
ਇਸ ਦਾ ਸੰਗੀਤ ਨੌਜਵਾਨ ਸੰਗੀਤਕਾਰ ਕਰਣ ਪ੍ਰਿੰਸ ਨੇ ਦਿੱਤਾ ਹੈ। ਛੋਟੇ ਸਾਹਿਬਜ਼ਾਦਿਆਂ ਦੀ ਕੁਰਬਾਨੀ ਨੂੰ ਸਮਰਪਿਤ ਇਹ ਗੀਤ ਗੁਰਭਜਨ ਗਿੱਲ ਨੇ 2004 ਚ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੀ ਤੀਸਰੀ ਸ਼ਤਾਬਦੀ ਵੇਲੇ ਲਿਖਿਆ ਸੀ।
ਇਹ ਗੀਤ ਸਿੱਖ ਸ਼ਹੀਦਾਂ ਦੀਆਂ ਪੇਂਟਿੰਗ ਤੇ ਆਧਾਰਿਤ ਤਸਵੀਰਾਂ ਨਾਲ ਸ਼ੁਰੂ ਹੁੰਦਾ ਹੈ ਅਤੇ ਹਰ ਸਤਰ ਦਿਲ ਨੂੰ ਹਲੂਣਾ ਦੇਂਦੀ ਹੈ। ਦਿਮਾਗ ਨੂੰ ਵੀ ਝੰਜੋੜਦੀ ਹੈ। ਨਵੇਂ ਸਾਲ ਅਤੇ ਕ੍ਰਿਸਮਿਸ ਦੀਆਂ ਵਧਾਈਆਂ ਵਿੱਚ ਗੁਆਚਿਆਂ ਨੂੰ ਉਹਨਾਂ ਸ਼ਹੀਦਾਂ ਦੀ ਯਾਦ ਕਰਾਉਂਦੀ ਹੈ ਜਿਹਨਾਂ ਨੂੰ ਭੁਲਾਉਣ ਦੀਆਂ ਸਾਜ਼ਿਸ਼ਾਂ ਲੰਮੇ ਸਮੇਂ ਤੋਂ ਜਾਰੀ ਹਨ। ਇਸ ਗੀਤ ਨੂੰ ਤੁਸੀਂ ਇਥੇ ਕਲਿੱਕ ਕਰਕੇ ਵੀ ਦੇਖ ਸੁਣ ਸਕਦੇ ਹੋ। ਕਿਹੋ ਜਿਹਾ ਲੱਗਿਆ ਇਹ ਗੀਤ ਦੱਸਣਾ ਜ਼ਰੂਰ। --ਰੈਕਟਰ ਕਥੂਰੀਆ (+919915322407)
No comments:
Post a Comment