ਪੀਪਲਜ਼ ਮੀਡੀਆ ਲਿੰਕ ਵੱਲੋਂ ਵੀ ਡੂੰਘੇ ਦੁੱਖ ਦਾ ਪ੍ਰਗਟਾਵਾ
ਚੰਡੀਗੜ੍ਹ: 11 ਦਸੰਬਰ 2019: (ਸਾਹਿਤ ਸਕਰੀਨ ਬਿਊਰੋ)::
ਸੀਨੀਅਰ ਪੱਤਰਕਾਰ ਸ਼ਿੰਗਾਰਾ ਸਿੰਘ ਭੁੱਲਰ ਨਹੀਂ ਰਹੇ। ਉਹ ਪਿਛਲੇ ਕੁਝ ਦਿਨਾਂ ਤੋਂ ਬਿਮਾਰ ਚੱਲ ਰਹੇ ਸਨ। ਉਹਨਾਂ ਦੇ ਇਸ ਬੇਵਕਤੀ ਵਿਛੋੜੇ ਤੇ ਪੀਪਲਜ਼ ਮੀਡੀਆ ਲਿੰਕ ਨੇ ਵੀ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਉਹਨਾਂ ਦੀ ਯਾਦ ਵਿੱਚ ਆਯੋਜਿਤ ਸੋਗ ਸਭਾ ਵਿੱਚ ਉਹਨਾਂ ਦੇ ਨੇੜੇ ਰਹੇ ਪੱਤਰਕਾਰ ਰੈਕਟਰ ਕਥੂਰੀਆ ਨੇ ਦੱਸਿਆ ਕਿ ਸਰਦਾਰ ਸ਼ਿੰਗਾਰਾ ਸਿੰਘ ਭੁੱਲਰ ਰੋਜ਼ਾਨਾ ਨਵਾਂ ਜ਼ਮਾਨਾ ਤੋਂ ਆਪਣਾ ਕਲਮੀ ਸਫ਼ਰ ਸ਼ੁਰੂ ਕਰਕੇ ਪੱਤਰਕਾਰਿਤਾ ਵਿੱਚ ਕਈ ਉੱਚੇ ਮੁਕਾਮਾਂ 'ਤੇ ਪਹੁੰਚੇ। ਕਈ ਦਹਾਕੇ ਪਹਿਲਾਂ ਉਹ ਰੋਜ਼ਾਨਾ "ਨਵਾਂ ਜ਼ਮਾਨਾ" ਦੇ ਡੈਸਕ ਤੇ ਕੰਮ ਕਰਦੇ ਰਹੇ। ਫਿਰ ਆਰਥਿਕ ਤੰਗੀਆਂ ਅਤੇ ਜ਼ਿੰਦਗੀ ਦੀ ਦੌੜ ਉਹਨਾਂ ਨੂੰ ਦਿੱਲੀ ਲੈ ਗਈ ਜਿੱਥੇ ਉਹਨਾਂ ਦਿੱਲੀ ਸਰਕਾਰ ਦੇ ਤ੍ਰੈ ਮਾਸਿਕ ਪੰਜਾਬੀ ਪਰਚੇ ਦਿੱਲੀ ਵਿੱਚ ਸੰਪਾਦਕ ਵੱਜੋਂ ਕੰਮ ਕੀਤਾ। ਉੱਥੇ ਹੀ ਬਾਅਦ ਵਿੱਚ ਕਈ ਹੋਰ ਅਖਬਾਰੀ ਅਦਾਰਿਆਂ ਵਿੱਚ ਲਗਾਤਾਰ ਕੰਮ ਕਰਨ ਦੇ ਬਾਵਜੂਦ ਪੰਜਾਬ ਦੀ ਖਿੱਚ ਉਹਨਾਂ ਦੇ ਦਿਲ ਦਿਮਾਗ ਵਿੱਚ ਬਣੀ ਰਹੀ। ਉਹ ਦਿੱਲੀ ਦੇ ਗਲੈਮਰ ਤੋਂ ਪੱਕੇ ਤੌਰ ਤੇ ਪ੍ਰਭਾਵਿਤ ਨਾ ਹੋ ਸਕੇ। ਜਦੋਂ ਉਹਨਾਂ ਟ੍ਰਿਬਿਊਨ ਟ੍ਰਸਟ ਦੇ ਰੋਜ਼ਾਨਾ ਅਖਬਾਰ ਪੰਜਾਬੀ ਟ੍ਰਿਬਿਊਨ ਵਿੱਚ ਕੰਮ ਸੰਭਾਲਿਆ ਤਾਂ ਨਵੇਂ ਲੇਖਕਾਂ ਅਤੇ ਕਲਮਕਾਰਾਂ ਲਈ ਇਹ ਇੱਕ ਸੁਨਹਿਰੀ ਯੁਗ ਸੀ। ਉਹਨਾਂ ਨੇ ਬਹੁਤ ਸਾਰੇ ਲੇਖਕਾਂ ਅਤੇ ਨਵੇਂ ਪੱਤਰਕਾਰਾਂ ਨੂੰ ਛਪਣ ਦਾ ਮੌਕਾ ਦੇ ਕੇ ਉਤਸ਼ਾਹਿਤ ਕੀਤਾ। "ਪੰਜਾਬੀ ਟ੍ਰਿਬਿਊਨ" ਤੋਂ ਰਿਟਾਇਰ ਹੋਣ ਵੇਲੇ ਬਹੁਤ ਸਾਰੇ ਨਵੇਂ ਲੇਖਕਾਂ ਨੂੰ ਉਦਾਸੀ ਵੀ ਹੋਈ। ਇਸਤੋਂ ਬਾਅਦ ਛੇਤੀ ਹੀ ਉਹ ਹਿੰਦੀ ਦੇ ਪ੍ਰਸਿੱਧ ਮੀਡੀਆ ਸੰਸਥਾਨ ਜਾਗਰਣ ਸਮੂਹ ਦੇ ਅਖਬਾਰ "ਪੰਜਾਬੀ ਜਾਗਰਣ" ਦੇ ਸੰਪਾਦਕ ਬਣ ਗਏ। ਇਥੇ ਵੀ ਉਹਨਾਂ ਨੇ ਹਿੰਦੀ ਅਤੇ ਪੰਜਾਬੀ ਦੇ ਕਲਮਕਾਰਾਂ ਨੂੰ ਇੱਕ ਦੂਜੇ ਦੇ ਨੇੜੇ ਲਿਆਉਣ ਵਿੱਚ ਅਹਿਮ ਰੋਲ ਅਦਾ ਕੀਤਾ। ਕੁਝ ਦੇਰ ਬਾਅਦ ਨਿਯਮਾਂ ਅਨੁਸਾਰ ਇਥੋਂ ਵੀ ਰਿਟਾਇਰ ਹੋਣਾ ਹੀ ਸੀ। ਅੱਜ ਕੱਲ੍ਹ ਉਹ ਰੋਜ਼ਾਨਾ ਸਪੋਕਸਮੈਨ ਦੇ ਐਡੀਟਰ ਵੱਜੋਂ ਵੀ ਸੇਵਾ ਨਿਭਾ ਰਹੇ ਸਨ ਅਤੇ ਰੋਜ਼ਾਨਾ ਨਵਾਂ ਜ਼ਮਾਨਾ ਵਿੱਚ ਅਕਸਰ ਕਾਲਮ ਵੀ ਲਿਖਦੇ ਸਨ। ਇਸ ਵੇਲੇ ਉਹਨਾਂ ਦੀ ਉਮਰ ਭਾਵੇਂ 75 ਸਾਂ ਦੀ ਸੀ ਪਰ ਉਹਨਾਂ ਦੇ ਵਿਚਾਰਾਂ ਤੋਂ ਜਾਣੂ ਹੋ ਕੇ ਉਹ ਬਾਕੀਆਂ ਨੂੰ ਵੀ ਜਵਾਨੀ ਵਾਲੇ ਇਨਕਲਾਬੀ ਜੋਸ਼ ਨਾਲ ਭਰ ਦੇਂਦੇ ਸਨ। ਯਾਰਾਂ ਦੋਸਤਾਂ ਦੇ ਨਾਲ ਨਾਲ ਲੋੜਵੰਦਾਂ ਦੇ ਕੰਮ ਆਉਣ ਵਾਲੇ ਉੱਘੇ ਪੱਤਰਕਾਰ ਸਰਦਾਰ ਸ਼ਿੰਗਾਰਾ ਸਿੰਘ ਭੁੱਲਰ ਹੁਣ ਸਾਡੇ ਦਰਮਿਆਨ ਨਹੀਂ ਰਹੇ। ਅੱਜ ਸ਼ਾਮ ਪੰਜ ਵਜੇ ਉਹ ਅਕਾਲ ਚਲਾਣਾ ਕਰ ਗਏ। ਉਹ ਪਿਛਲੇ ਕੁਝ ਦਿਨਾਂ ਤੋਂ ਬਿਮਾਰ ਵੀ ਚੱਲ ਰਹੇ ਸਨ। ਉਹਨਾਂ ਦੇ ਤੁਰ ਜਾਣ ਨਾਲ ਕਲਮੀ ਹਲਕਿਆਂ ਵਿੱਚ ਇੱਕ ਡੂੰਘੀ ਉਦਾਸੀ ਛਾ ਗਈ ਹੈ। ਉਨ੍ਹਾਂ ਦਾ ਅੰਤਿਮ ਸੰਸਕਾਰ ਮਿਤੀ 12 ਦਸੰਬਰ ਨੂੰ ਦੁਪਹਿਰੇ ਤਿੰਨ ਵਜੇ ਮੁਹਾਲੀ ਸ਼ਮਸ਼ਾਨਘਾਟ ਵਿਖੇ ਕੀਤਾ ਗਿਆ ਜਿੱਥੇ ਉਹਨਾਂ ਦੇ ਸੱਜਣਾਂ ਮਿੱਤਰਾਂ ਅਤੇ ਰਿਸ਼ਤੇਦਾਰਾਂ ਨੇ ਵੱਡੀ ਗਿਣਤੀ ਵਿੱਚ ਭਾਗ ਲਿਆ। ਉਹਨਾਂ ਦੇ ਨੇੜੇ ਰਹੇ ਪੱਤਰਕਾਰ ਰੈਕਟਰ ਕਥੂਰੀਆ ਨੇ ਦੱਸਿਆ ਕਿ ਹੱਥ ਮੁੜ ਮੁੜ ਮੋਬਾਈਲ ਫੋਨ ਵੱਲ ਜਾਂਦਾ ਹੈ ਪਰ ਫਿਰ ਰੁਕ ਜਾਂਦਾ ਹੈ। ਪੁੱਛਦਾ ਹੈ ਹੁਣ ਕਿਸ ਨੂੰ ਕਰਨਾ ਹੈ ਫੋਨ? ਉੱਥੇ ਜਾ ਕੇ ਕੌਣ ਪਰਤਦਾ ਹੈ? ਕਿਓਂ ਨਹੀਂ ਸਮਾਂ ਕੱਢਿਆ ਇੱਕ ਵਾਰ ਹੋਰ ਮਿਲਣ ਦਾ? ਦਿਲ ਬਹੁਤ ਉਦਾਸ ਹੈ। ਜ਼ਿੰਦਗੀ ਦੇ ਝਮੇਲੇ ਸਾਨੂੰ ਕਿੰਨਾ ਬੇਬਸ ਕਰ ਦੇਂਦੇ ਹਨ। ਕਾਸ਼ ਉਸ ਦੁਨੀਆ ਵਿੱਚ ਵੀ ਕੋਈ ਮੋਬਾਈਲ ਸੰਪਰਕ ਹੁੰਦਾ! ਕਾਸ਼ੀ ਅਸੀਂ ਅਚਾਨਕ ਵਿਛੜ ਗਏ ਸੱਜਣਾਂ ਨਾਲ ਕੋਈ ਵੀਡੀਓ ਕਾਲ ਹੀ ਕਰ ਸਕਦੇ! ਉਨ੍ਹਾ ਦੀ ਰਿਹਾਇਸ਼ ਦਾ ਪਤਾ ਹੈ -ਕੋਠੀ ਨੰਬਰ 3602 ਸੈਕਟਰ -69 , ਮੁਹਾਲੀ। ਪੀਪਲਜ਼ ਮੀਡੀਆ ਲਿੰਕ ਦੀ ਇਸ ਸੋਗ ਸਭਾ ਵਿੱਚ ਐਮ ਐਸ ਭਾਟੀਆ, ਪ੍ਰਦੀਪ ਸ਼ਰਮਾ ਇਪਟਾ, ਕਾਰਤਿਕਾ ਸਿੰਘ , ਰੈਕਟਰ ਕਥੂਰੀਆ ਅਤੇ ਹੋਰਨਾਂ ਨੇ ਵੀ ਭਾਗ ਲਿਆ।
No comments:
Post a Comment