google.com, pub-7610353441165800, DIRECT, f08c47fec0942fa0 ਸਾਹਿਤ ਸਕਰੀਨ: Jaswant Singh Zafar
Showing posts with label Jaswant Singh Zafar. Show all posts
Showing posts with label Jaswant Singh Zafar. Show all posts

Wednesday, 13 November 2024

ਭਾਸ਼ਾ ਵਿਭਾਗ ਵੱਲੋਂ ਲੁਧਿਆਣਾ 'ਚ ਕਰਵਾਏ ਗਏ ਰਾਜ ਪੱਧਰੀ ਮੁਕਾਬਲੇ

 DPRO Ludhiana Language Department News Email Wednesday 13th November 2024 at 2:18 PM

 ਹਰ ਪ੍ਰਤੀਯੋਗੀ ਆਪਣੀ ਕਲਾ ਵਿੱਚ ਪਰਿਪੱਕ ਨਜ਼ਰ ਆਇਆ-ਜ਼ਫ਼ਰ 


ਲੁਧਿਆਣਾ: 13 ਨਵੰਬਰ 2024: (ਕਾਰਤਿਕਾ ਕਲਿਆਣੀ ਸਿੰਘ//ਸਾਹਿਤ ਸਕਰੀਨ ਡੈਸਕ)::

ਭਾਸ਼ਾ ਅਤੇ ਸਾਹਿਤ ਦੇ ਖੇਤਰਾਂ ਵਿੱਚ ਭਾਸ਼ਾ ਵਿਭਾਗ ਇੱਕ ਵਾਰ ਫੇਰ ਸਰਗਰਮ ਹੈ। ਇਸ ਵਾਰ ਦੀਆਂ ਸਰਗਰਮੀਆਂ ਨਿਵੇਕਲੀਆਂ ਵੀ ਹਨ ਅਤੇ ਜ਼ਿਆਦਾ ਨਿਖਰੀਆਂ ਹੋਈਆਂ ਵੀ। ਇਹਨਾਂ ਸਰਗਰਮੀਆਂ ਨੂੰ ਆਧੁਨਿਕ ਰੰਗ ਰੂਪ ਵਿੱਚ ਵੀ ਰੰਗਿਆ ਜਾ ਰਿਹਾ ਹੈ। ਲੁਧਿਆਣਾ ਵਿੱਚ ਲੜਕੀਆਂ ਦੇ ਸਰਕਾਰੀ ਕਾਲਜ ਵਿਖੇ ਹੋਏ ਇੱਕ ਯਾਦਗਾਰੀ ਸਮਾਗਮ ਵਿੱਚ ਵੀ ਇਸ ਗੱਲ ਦਾ ਅਹਿਸਾਸ  ਹੋਇਆ।  ਨਿਰਦੇਸ਼ਕ ਭਾਸ਼ਾ ਵਿਭਾਗ, ਪੰਜਾਬ ਦੀ ਦੇਖ-ਰੇਖ ਵਿੱਚ ਵਿਦਿਆਰਥੀਆਂ ਦੇ ਰਾਜ ਪੱਧਰੀ  ਪੰਜਾਬੀ  ਸਾਹਿਤ  ਸਿਰਜਣ  ਅਤੇ  ਕਵਿਤਾ  ਗਾਇਨ  ਮੁਕਾਬਲੇ  ਵੀ ਕਰਵਾਏ ਗਏ। ਇਹਨਾਂ ਮੁਕਾਬਲਿਆਂ ਨੇ ਸਾਹਿਤਿਕ ਭਵਿੱਖ ਦੇ ਕਈ ਨਵੇਂ ਚਿਹਰੇ ਵੀ ਅੱਗੇ ਲਿਆਂਦੇ ਜਿਹਨਾਂ ਦਾ ਲਾਹਾ ਪੂਰੇ ਸਾਹਿਤਿਕ ਜਗਤ ਨੂੰ ਹੋਵੇਗਾ। 

ਜ਼ਿਲ੍ਹਾ ਭਾਸ਼ਾ ਅਫ਼ਸਰ ਡਾ. ਸੰਦੀਪ ਸ਼ਰਮਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਾਣਯੋਗ ਮੁੱਖ ਮੰਤਰੀ  ਪੰਜਾਬ ਸ. ਭਗਵੰਤ ਸਿੰਘ ਮਾਨ ਦੀ ਰਹਿਨੁਮਾਈ, ਸਿੱਖਿਆ  ਅਤੇ ਭਾਸ਼ਾ ਮੰਤਰੀ ਸ. ਹਰਜੋਤ ਬੈਂਸ ਦੀ ਅਗਵਾਈ ਅਤੇ ਡਾਇਰੈਕਟਰ  ਭਾਸ਼ਾ ਵਿਭਾਗ ਪੰਜਾਬ ਸ. ਜਸਵੰਤ ਸਿੰਘ ਜ਼ਫ਼ਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਭਾਸ਼ਾ ਵਿਭਾਗ ਦੁਆਰਾ ਨਵੰਬਰ ਮਹੀਨੇ ਨੂੰ ਪੰਜਾਬੀ ਮਾਹ ਵਜੋਂ ਮਨਾਇਆ ਜਾ ਰਿਹਾ ਹੈ ਜਿਸ ਅਧੀਨ ਪੰਜਾਬ ਭਰ ਵਿੱਚ ਪੰਜਾਬੀ ਭਾਸ਼ਾ, ਸਾਹਿਤ ਅਤੇ ਸੱਭਿਆਚਾਰ   ਸੰਬੰਧਤ ਅਨੇਕ ਸਮਾਗਮ ਉਲੀਕੇ ਗਏ ਹਨ।

ਇਸੇ ਕੜੀ ਤਹਿਤ ਲੁਧਿਆਣਾ ਦੇ ਸਰਕਾਰੀ ਕਾਲਜ ਲੜਕੀਆਂ ਵਿਖੇ ਨਿਰਦੇਸ਼ਕ ਭਾਸ਼ਾ ਵਿਭਾਗ, ਪੰਜਾਬ ਦੀ ਦੇਖ-ਰੇਖ ਵਿੱਚ ਵਿਦਿਆਰਥੀਆਂ ਦੇ ਰਾਜ ਪੱਧਰੀ ਪੰਜਾਬੀ ਸਾਹਿਤ ਸਿਰਜਣ ਅਤੇ ਕਵਿਤਾ ਗਾਇਨ ਮੁਕਾਬਲੇ ਕਰਵਾਏ ਗਏ। ਕਾਲਜ ਪ੍ਰਿੰਸੀਪਲ ਸ਼੍ਰੀਮਤੀ ਸੁਮਨ ਲਤਾ ਨੇ ਬਤੌਰ ਵਿਸ਼ੇਸ਼ ਮਹਿਮਾਨ ਸ਼ਿਰਕਤ ਕੀਤੀ।

ਜ਼ਿਲ੍ਹਾ ਭਾਸ਼ਾ ਅਫ਼ਸਰ ਡਾ. ਸ਼ਰਮਾ  ਨੇ ਅੱਗੇ ਦੱਸਿਆ ਕਿ ਇਨ੍ਹਾਂ ਮੁਕਾਬਲਿਆਂ ਦੀਆਂ ਚਾਰ ਵੰਨਗੀਆਂ ਵਿੱਚ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚੋਂ ਆਏ  ਵਿਦਿਆਰਥੀਆਂ ਨੇ ਭਾਗ ਲਿਆ। ਇਹ ਉਹ ਵਿਦਿਆਰਥੀ ਸਨ ਜਿਨ੍ਹਾਂ ਨੇ ਪਹਿਲਾਂ ਜ਼ਿਲ੍ਹਾ ਪੱਧਰ ਉੱਤੇ ਹੋਏ ਮੁਕਾਬਲਿਆਂ  ਵਿੱਚ  ਆਪੋ-ਆਪਣੀ ਵੰਨਗੀ ਵਿੱਚ ਪਹਿਲਾ  ਸਥਾਨ ਪ੍ਰਾਪਤ  ਕੀਤਾ ਸੀ।

ਸਾਹਿਤ ਅਤੇ ਕਲਾ ਦੇ ਖੇਤਰ ਦੀਆਂ ਪ੍ਰਸਿੱਧ ਸਖ਼ਸ਼ੀਅਤਾਂ  ਜਤਿੰਦਰ  ਹਾਂਸ,  ਤ੍ਰੈਲੋਚਨ ਲੋਚੀ,  ਪ੍ਰੋ.ਸੁਰਿੰਦਰ  ਖੰਨਾ, ਡਾ.ਚਰਨਜੀਤ ਸਿੰਘ, ਹਰਲੀਨ  ਸੋਨਾ, ਡਾ. ਜਸਲੀਨ ਕੌਰ, ਪ੍ਰੋ. ਰਮਨ ਖੰਨਾ, ਇੰਦਰਪਾਲ ਸਿੰਘ, ਡਾ. ਸੀਮਾ ਰਾਣੀ ਅਤੇ ਅੰਕੁ਼ਸ਼ ਕੁਮਾਰ ਨੇ ਜੱਜਮੈਂਟ ਲਈ ਸੇਵਾਵਾਂ ਦਿੱਤੀਆਂ।

ਮੁਕਾਬਲਿਆਂ ਵਿੱਚ ਕਵਿਤਾ ਗਾਇਨ ਦੀ ਵੰਨਗੀ ਵਿੱਚ ਸੁਲਤਾਨਾ ਖ਼ਾਤੂਨ, ਨਾਮਿਆ ਅਰੋੜਾ ਅਤੇ ਨਿਹਾਰਿਕਾ ਨੇ, ਲੇਖ ਸਿਰਜਣਾ ਵਿੱਚ ਸਵੈਨ ਸਹੋਤਾ, ਦਿਲਪ੍ਰੀਤ ਕੌਰ ਅਤੇ ਗੁਰਸਿਮਰਨ  ਕੌਰ ਨੇ, ਕਵਿਤਾ ਸਿਰਜਣਾ ਵਿੱਚ ਅੰਜਨਵੀਰ ਸਿੰਘ, ਤਫ਼ਾਕ ਅਤੇ ਨੰਦਨੀ ਸ਼ਰਮਾ ਨੇ, ਕਹਾਣੀ ਸਿਰਜਣਾ ਵਿੱਚ ਹਰਦੀਪ ਕੌਰ, ਸੁਨੈਨਾ ਅਤੇ ਹਰਮਨਜੀਤ ਕੌਰ ਨੇ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਹਾਸਲ ਕੀਤਾ। ਜੇਤੂ ਵਿਦਿਆਰਥੀਆਂ ਨੂੰ ਭਾਸ਼ਾ ਵਿਭਾਗ ਵੱਲੋਂ ਨਕਦ ਇਨਾਮੀ ਰਾਸ਼ੀ ਅਤੇ ਸਰਟੀਫਿਕੇਟ ਪ੍ਰਦਾਨ ਕੀਤੇ ਗਏ।

ਮੰਚ ਸੰਚਾਲਨ ਦੀ ਭੂਮਿਕਾ ਰਵਨੀਤ ਕੌਰ ਨੇ ਬਾਖ਼ੂਬੀ ਨਿਭਾਈ। 

ਜਸਵੰਤ ਸਿੰਘ ਜ਼ਫ਼ਰ ਨੇ ਮੰਚ ਤੋਂ ਸੰਬੋਧਨ ਹੁੰਦਿਆਂ ਕਿਹਾ ਕਿ ਮੁਕਾਬਲੇ ਵਿੱਚ ਭਾਗ ਲੈਣ ਵਾਲਾ ਹਰ ਵਿਦਿਆਰਥੀਆਂ ਹੀ ਆਪਣੀ ਕਲਾ ਵਿੱਚ ਪਰਿਪੱਕ ਨਜ਼ਰ ਆਇਆ ਅਤੇ ਉਹ ਆਸ ਕਰਦੇ ਹਨ ਕਿ ਇਹ ਵਿਦਿਆਰਥੀ ਭਵਿੱਖ ਵਿੱਚ ਆਪੋ-ਆਪਣੇ ਖੇਤਰ ਵਿੱਚ ਵੱਡਾ ਮੁਕਾਮ ਹਾਸਿਲ ਕਰਨਗੇ। ਉਹਨਾਂ ਕਿਹਾ ਕਿ ਕਿਸੇ ਵੀ ਕਾਮਯਾਬੀ ਵਿੱਚ ਮਾਪਿਆਂ ਅਤੇ ਅਧਿਆਪਕ ਦੇ ਯੋਗਦਾਨ ਨੂੰ ਅਣਗੌਲਿਆ ਨਹੀਂ ਕੀਤਾ ਜਾ ਸਕਦਾ। 

ਇਸ ਮੌਕੇ ਕਾਲਜ ਦੇ ਪੰਜਾਬੀ ਵਿਭਾਗ ਤੋਂ ਡਾ. ਸੁਮੀਤ ਬਰਾੜ, ਪ੍ਰੋ ਗੁਰਵਿੰਦਰ ਕੌਰ ਅਤੇ ਕਾਲਜ ਦੇ ਵਿਦਿਆਰਥੀ ਵੀ ਹਾਜ਼ਰ ਰਹੇ।

Sunday, 16 May 2021

ਸ਼ਰਮ ਆਤੀ ਹੈ-----!

ਕੋਰੋਨਾ ਯੁਗ ਵਿੱਚ ਮੁੱਕ ਰਹੀ ਸੰਵੇਦਨਾ ਤੇ ਵੱਧ ਰਹੀ ਮੁਨਾਫਾਖੋਰੀ


ਜਿੰਨਾ ਧਰਮਕਰਮ ਏਸ ਦੇਸ਼ ਵਿੱਚ ਹੈ ਓਨਾ ਹੋਰ ਕਿਸੇ ਦੇਸ਼ ਵਿੱਚ ਨਹੀਂ। ਪੂਜਾ ਪਾਠ ਦੇ ਜਿੰਨੇ ਅਡੰਬਰ ਏਸ ਦੇਸ਼ ਅਤੇ ਸਮਾਜ ਵਿੱਚ ਹਨ ਓਨੇ ਹੋਰ ਕਿਸੇ ਦੇਸ਼ ਵਿੱਚ ਨਹੀਂ। ਜਦੋਂ ਜਦੋਂ ਕੋਈ ਸੰਕਟ ਆਉਂਦਾ ਹੈ ਉਦੋਂ ਉਦੋਂ ਕਾਲੇ ਬਜ਼ਾਰੀਆਂ, ਜ਼ਖ਼ੀਰਾਬਾਜ਼ਾਂ ਅਤੇ ਹੋਰ ਢੰਗਾਂ ਨਾਲ ਕੁਰੱਪਸ਼ਨ ਕਰਨ ਵਾਲਿਆਂ ਦੀ ਚਾਂਦੀ ਹੋਣ ਲੱਗਦੀ ਹੈ। ਇਹੀ ਕੁਝ ਹੁਣ ਕੋਰੋਨਾ ਦੇ ਇਸ ਗੰਭੀਰ ਸੰਕਟ ਸਮੇਂ ਵੀ ਦੇਖਣ ਵਿੱਚ ਆ ਰਿਹਾ ਹੈ। ਸੰਵੇਦਨਾ ਜਗਾਉਣ ਲਈ ਅਕਸਰ ਸਰਗਰਮ ਰਹਿਣ ਵਾਲੇ ਜਸਵੰਤ ਜ਼ਫ਼ਰ ਸਾਹਿਬ ਆਕਾਸ਼ਵਾਣੀ ਜਲੰਧਰ ਵਾਲੇ ਵਾਲੇ ਐਸ ਐਸ ਮੀਸ਼ਾ ਸਾਹਿਬ ਦੀ ਇੱਕ ਕਾਵਿ ਰਚਨਾ ਦੇ ਹਵਾਲੇ ਨਾਲ ਇਸ ਪਾਸੇ  ਕੀਤਾ ਹੈ ਉਸ ਵਿੱਚ ਡਾਕਟਰ ਰਵੇਲ ਸਿੰਘ ਹੁਰਾਂ ਦੀ ਕਾਵਿ ਰਚਨਾ ਵੀ ਹੈ। ਉਹ  ਅਤੀਤ ਦਾ ਜ਼ਿਕਰ ਕਰਦਿਆਂ ਲਿਖਦੇ ਹਨ ਕਿ ਹੁਣ ਹਾਲਾਤ ਕੀ ਹਨ!

ਕਾਲਜ ਪੜ੍ਹਦਿਆਂ ਸ. ਸ. ਮੀਸ਼ਾ ਸਾਹਿਬ ਦੀ ਕਿਤਾਬ ‘ਕੱਚ ਦੇ ਵਸਤਰ’ ਵਿਚ ਕਵਿਤਾ ਪੜ੍ਹੀ ਸੀ: ਮੋਮਜਾਮਾ। ਇਸ ਵਿਚ ਇਕ ਹਸਪਤਾਲ ਵਿਚ ਮਰੀਜ਼ ਦੀ ਮੌਤ ਹੋ ਜਾਣ ‘ਤੇ ਨਰਸ ਨੂੰ ਉਸ ਹੇਠ ਵਿਛਾਏ ਮੋਮਜਾਮੇ ਦਾ ਫਿਕਰ ਹੈ ਕਿ ਇਹ ਮੋਮਜਾਮਾ ਕਿਤੇ ਲਾਸ਼ ਲਿਜਾਣ ਵਾਲੇ ਨਾਲ ਹੀ ਨਾ ਲੈ ਜਾਣ। ਇਹ ਕਵਿਤਾ ਬਹੁਤ ਪਰੇਸ਼ਾਨ ਕਰਨ ਵਾਲੀ ਸੀ ਕਿ ਅਸੀਂ ਆਪੋ ਆਪਣੇ ਹਿੱਤਾਂ ਲਈ ਫਿਕਰਮੰਦ ਦੂਸਰਿਆਂ ਦੇ ਦੁੱਖ ਤੋਂ ਕਿੰਨਾ ਅਣਭਿੱਜ ਰਹਿੰਦੇ ਹਾਂ। ਘਟਦੀ ਜਾਂਦੀ ਮਾਨਵੀ ਸੰਵੇਦਨਾ ਦਾ ਵਰਨਣ ਹੈ। ਪਰ ਪਿਛਲੇ ਸਾਲਾਂ ਦੀ ਤਰੱਕੀ ਦੌਰਾਨ ਅਸੀਂ ਕਿੰਨੇ ਕਮੀਨੇ ਹੋ ਗਏ ਹਾਂ, ਅਸੰਵੇਦਨ ਹੋਣ ਦੇ ਕਿੰਨੇ ਪੈਂਡੇ ਤਹਿ ਕਰ ਲਏ ਹਨ, ਇਸ ਗੱਲ ਦਾ ਪਤਾ ਮਿੱਤਰ ਡਾ.Rawail Singh ਦੀ ਤਾਜ਼ਾ ਨਜ਼ਮ ਪੜ੍ਹ ਕੇ ਲੱਗਦਾ ਹੈ। ਇਸ ਨੂੰ ਪੜ੍ਹ ਕੇ ਕਿਸੇ ਬੰਦੇ, ਵਰਗ ਜਾਂ ਸਿਸਟਮ ਨੂੰ ਲਾਹਣਤਾਂ ਪਾਉਣ ਦੀ ਲੋੜ ਨਹੀਂ। ਇਹ ਮੇਰੇ, ਤੁਹਾਡੇ ਅਤੇ ਸਾਡੇ ਸਾਰਿਆਂ ਬਾਰੇ ਹੈ। ਪੜ੍ਹਨਾ ਜ਼ਰਾ: 


ਕਵਿਤਾ /..ਤੇ ਮੇਰੀ ਮੌਤ ਹੋ ਗਈ / ਡਾ: ਰਵੇਲ ਸਿੰਘ  

ਮੈਂ ਹਾਲੇ ਉਦੋਂ ਜ਼ਿੰਦਾ ਸਾਂ 

ਜਦੋਂ ਮੇਰੇ ਬੇਟੇ ਨੇ ਮੇਰੇ ਨੱਕ ਤੋਂ ਆਕਸੀਜਨ ਦੀ ਨਾਲੀ ਉਤਾਰ

ਕਾਹਲੀ ਨਾਲ ਜਦੋਂ ਆਪਣੀ ਮਾਂ ਦੇ ਮੂੰਹ ਉਤੇ ਲਗਾਈ ਸੀ...... 

ਮੇਰੇ ਵਾਰਡ ਵਿਚ ਹਰ ਤਰਫ਼ ਹਫੜਾ ਦਫੜੀ ਸੀ 

ਹੱਥ ਪੈਰ ਮਾਰ ਰਹੇ ਵਾਰਡ ਬੁਆਏ, ਨਰਸਾਂ, ਮਰੀਜ਼ਾਂ ਦੇ ਘਰ ਦੇ ਜੀਅ.........

ਲਗਾ ਰਹੇ ਸਨ 

ਸਾਹੋਂ ਸਹਿਕਦੇ ਮਰੀਜ਼ਾਂ ਨੂੰ ਆਕਸੀਜਨ

ਲਾਸ਼ਾਂ ਦੇ ਮੂੰਹਾਂ ਤੋਂ ਲਾਹ ਇਸ ਉਮੀਦ ਨਾਲ 

ਕਿ ਸ਼ਾਇਦ ਕੋਈ ਬਚ ਹੀ ਜਾਏ ਮਾਂ ਦਾ ਜਾਇਆ

ਮੌਤ ਤੇ ਜੀਵਨ ਦੀ ਇਸ ਜੰਗ ਵਿਚ ਮੈਂ ਥੋੜਾ ਬਹੁਤ ਬਚਿਆ ਸਾਂ

ਪਤਨੀ ਦੇ ਉੱਖੜੇ ਸਾਹ ਟਿਕ ਰਹੇ ਸਨ

ਪਰ ਨਾਲ ਦੇ ਬਿਸਤਰਿਆਂ ਤੇ ਪਏ ਹੋਰ ਮਰੀਜ਼


ਏਨੇ ਖੁਸ਼ਕਿਸਮਤ ਨਹੀਂ ਸਨ.... 

ਮੇਰੇ ਦੇਖਦਿਆਂ ਹੀ 

‘ਅੱਛਾ ਤੋ ਹਮ ਚਲਤੇ ਹੈਂ’ ਕਹਿੰਦੇ ਆਪਣੀਆਂ ਦੇਹਾਂ ਤੋਂ ਉਪਰ ਉੱਠ ਰਹੇ ਸਨ

ਮੈਂ ਹਾਲੇ ਮਰਿਆ ਨਹੀਂ ਸਾਂ

ਪਤਾ ਨਹੀਂ ਮੇਰੀ ਬੇਟੀ ਕਿਉਂ

ਮੇਰੇ ਨਾਲ ਲਿਪਟ ਕੇ ਰੋਣ ਲੱਗ ਪਈ ਸੀ। 

ਪੀ ਪੀ ਕਿੱਟ ਵਿਚ ਮੇਰੀ ਧੀ.... 

ਤੇ ਚਿੱਟੇ ਮਰੀਜ਼ਾਂ ਵਾਲੇ ਲਿਬਾਸ ਵਿਚ ਮੈਂ 

ਦੋਵੇਂ ਕੱਫਣ ਦਾ ਸਮਾਨ ਲੱਗ ਰਹੇ ਸਾਂ.... 

ਉਹਦੇ ਗਲ ਦਾ ਹਾਰ

ਆਕਸੀਜ਼ਨ ਸਿਲੰਡਰ ਦਾ ਇੰਤਜ਼ਾਮ ਕਰਦਿਆ ਚਲਾ ਗਿਆ ਸੀ

ਉਹ ਮੇਰੇ ਨਾਲ ਲਿਪਟ ਕੇ ਹੋਰ ਰੋਣਾ ਚਾਹੁੰਦੀ ਸੀ

 ਪਿਛੋਂ ਵਾਰਡ ਬੁਆਏ ਕੜਕਿਆ-

“ਇਹਨੂੰ ਸ਼ਮਸ਼ਾਨ ਲੈ ਜਾਓ ਮੈਡਮ 

ਪਿਛੇ ਹੋਰ ਵੀ ਕਤਾਰ"

ਉਹ ਸਟ੍ਰੈਚਰ ਧੱਕਦੀ ਬਾਹਰ ਆਈ


ਐਮਬੂਲੈਂਸ ਵਾਲੇ ਨੇ ਕਿਰਾਇਆ ਬਾਰਾਂ ਹਜ਼ਾਰ ਮੰਗਿਆ

ਸਾਨੂੰ ਆਪਣੇ ਕੰਨਾਂ ਤੇ ਯਕੀਨ ਨਹੀਂ ਸੀ ਹੋ ਰਿਹਾ

ਭਲਾ ਆਹ ਚਾਰ ਕਿਲੋਮੀਟਰ ਤੱਕ ਜਾਣ ਦੇ ਐਨੇ ਪੈਸੇ?

“ਚਲਣਾ ਹੈ ਤਾਂ ਦੱਸ.... 

ਨਹੀਂ ਤਾਂ ਆਪਣੇ ਮੋਢੇ ਤੇ ਲੈ ਜਾ ਆਪਣੇ ਪਿਓ ਨੂੰ

ਜੀਅ ਤਾਂ ਕਰਦਾ ਸੀ 

ਸਟਰੈਚਰ ਤੋਂ ਉੱਠ ਫੜਾਂ ਗਲਮੇ ਤੋਂ ਇਹ ਬਦਤਮੀਜ਼

ਪਰ ਇਹ ਮੇਰੀ ਪਹੁੰਚ ਤੋਂ ਦੂਰ ਸੀ...

ਮੇਰੀ ਧੀ ਨੇ ਆਪਣੇ ਕੰਗਣ ਉਤਾਰ ਦਿੱਤੇ ਸਨ 

ਮੈਨੂੰ ਆਖ਼ਰੀ ਮੰਜ਼ਿਲ ਤੇ ਜੁ ਪਹੁੰਚਾਉਣਾ ਸੀ

ਸਮਸ਼ਾਨ ਦੀ ਚਿਮਨੀ ਦਾ ਧੂੰਆਂ ਬਹੁਤ ਗਾੜ੍ਹਾ ਸੀ

ਬੇਟੀ ਨੂੰ ਇਕ ਟੋਕਨ ਫੜਾ ਮੈਨੂੰ ਹੋਰ ਲਾਸ਼ਾਂ ਵਿਚ ਧੱਕ ਦਿੱਤਾ ਗਿਆ

 ਮੈਂ ਤਦ ਤੱਕ ਜ਼ਿੰਦਾ ਸੀ....

ਸ਼ਮਸ਼ਾਨ ਵਾਲਿਆ ਨੇ ਲੱਕੜੀ ਦਾ ਸੱਤ ਹਜ਼ਾਰ ਮੰਗਿਆ

ਜਿਵੇਂ ਲਾਸ਼ ਉਤਸਵ ਮਨਾ ਰਹੇ।

ਬੇਟੀ ਨੇ ਆਪਣਾ ਆਖਰੀ ਗਹਿਣਾ ਮੁੰਦਰੀ ਵੀ ਉਤਾਰ ਦਿੱਤੀ

ਜਦ ਮੇਰੇ ‘ਤੇ ਲੱਕੜਾਂ ਚਿਣ ਰਹੇ ਸਨ... 

ਤੇ ਜਦੋਂ ਲਾਂਬੂ ਲਾਇਆ ਗਿਆ ਉਦੋਂ ਵੀ

.... ਮੈਂ ਜ਼ਿੰਦਾ ਹੀ ਸਾਂ

ਲਪਟਾਂ ਚੋਂ ਝਾਕ ਦੇਖਦਾ ਹਾਂ ਪੰਡਿਤ ਬੇਟੀ ਨੂੰ ਉਪਦੇਸ਼ ਦੇ ਰਿਹਾ ਸੀ-

“ਇਹਦੀ ਮੁਕਤੀ ਲਈ ਪੂਜਾ ਜ਼ਰੂਰੀ ਹੈ... 

ਦੋ ਹਜ਼ਾਰ ਦਕਸ਼ਣਾ ਦੇਣੀ ਪਏਗੀ

ਮੈਂ ਬੇਟੀ ਵੱਲ ਤੱਕਿਆ... 

ਉਸ ਕੋਲ ਉਤਾਰਨ ਲਈ ਤਨ ਦੇ ਕੱਪੜੇ ਹੀ ਬਚੇ ਸਨ

.... ਤੇ ਹੁਣ ਮੇਰੀ ਮੌਤ ਹੋ ਗਈ ਸੀ।