google.com, pub-7610353441165800, DIRECT, f08c47fec0942fa0 ਸਾਹਿਤ ਸਕਰੀਨ: Dr. Arvinder Kaur Kakra
Showing posts with label Dr. Arvinder Kaur Kakra. Show all posts
Showing posts with label Dr. Arvinder Kaur Kakra. Show all posts

Wednesday, 25 September 2024

ਕਿਸ ਮਿੱਟੀ ਦੀਆਂ ਬਣੀਆਂ ਸਨ ਇਹ ਵੀਰਾਂਗਣਾਂਵਾਂ' ਪੁਸਤਕ ਬਾਰੇ ਚਰਚਾ 29 ਨੂੰ

Wednesday: 25th September 2024 at 20:20 by WhatsApp 

ਇਸ ਪੁਸਤਕ 'ਤੇ ਹੀ ਅਧਾਰਤ ਹੋਵੇਗਾ ਔਰਤ ਦੀ ਦਸ਼ਾ ਤੇ ਦਿਸ਼ਾ-ਇੱਕ ਸੰਵਾਦ

ਖਰੜ: 25 ਸਤੰਬਰ 2024: (ਕਾਰਤਿਕਾ ਕਲਿਆਣੀ ਸਿੰਘ//ਸਾਹਿਤ ਸਕਰੀਨ ਡੈਸਕ)::

ਆਜ਼ਾਦੀ ਦੇ ਦੁਸ਼ਮਣ ਅੱਜ ਵੀ ਸਰਗਰਮ ਹਨ। ਲੋਕ ਏਕਤਾ ਦੇ ਦੁਸ਼ਮਣ ਅੱਜ ਵੀ ਸਾਜ਼ਿਸ਼ਾਂ ਰਚ ਰਹੇ ਹਨ। ਇਸਦੇ ਬਾਵਜੂਦ ਆਮ ਤੌਰ ਤੇ ਬਹੁਤੀ ਜਨਤਾ ਨੂੰ ਦੇਸ਼ ਭਗਤੀ ਵਾਲੀਆਂ ਗੱਲਾਂ 15 ਅਗਸਤ, 26 ਜਨਵਰੀ ਅਤੇ ਸ਼ਹੀਦਾਂ ਦੇ ਦਿਨ ਦਿਹਾੜਿਆਂ ਮੌਕੇ ਹੀ ਯਾਦ ਆਉਂਦੀਆਂ। ਹਨ। ਉਂਝ ਕੋਈ ਅਸ਼ਲੀਤਾ ਫੈਲਾ ਰਿਹਾ ਹੋਵੇ, ਫਿਰਕਾਪ੍ਰਸਤੀ ਦੇ ਨਾਅਰੇ ਬੁਲੰਦ ਕਰ ਰਿਹਾ ਹੋਵੇ ਤਾਂ ਉਸ ਦਾ ਮੁਕਾਬਲਾ ਕਰਨ ਲਈ ਅਜੇ ਤੱਕ ਕੁਝ ਵੀ ਠੋਸ ਨਹੀਂ ਕੀਤਾ ਜਾ ਸਕਿਆ। ਸਰਕਾਰੀ ਕਾਨੂੰਨ ਸਿਰਫ ਸਿਆਸੀ ਵਿਰੋਧੀਆਂ ਜੋਗੇ ਹੀ  ਰਹਿ ਗਏ ਹਨ।  ਇਹਨਾਂ ਨਾਜ਼ੁਕ ਹਾਲਾਤਾਂ ਦਾ ਜੁਆਬ ਦੇ ਰਹੇ ਹਨ ਕੁਝ ਗਿਣਤੀ ਦੇ ਬੁੱਧੀਜੀਵੀ ਜਿਹੜੇ ਜਾਣਦੇ ਹਨ ਕਿ ਅੱਜ ਦੇ ਹਾਲਾਤ ਵਿੱਚ ਅਜਿਹਾ ਕਰਨਾ ਬਹੁਤ ਜ਼ਰੂਰੀ ਹੈ।  

ਗ਼ਦਰੀ ਬਾਬੇ ਵਿਚਾਰਧਾਰਕ ਮੰਚ (ਪੰਜਾਬ) ਖਰੜ (ਮੋਹਾਲੀ) ਵੀ ਅਜਿਹੇ ਲੋਕਾਂ ਦੇ ਸੰਗਠਨਾਂ ਵਿੱਚੋਂ ਇੱਕ ਹੈ। ਇਸ ਮੰਚ ਵਲੋਂ ਮਿਤੀ 29 ਸਤੰਬਰ 2024 ਦਿਨ ਐਤਵਾਰ ਨੂੰ ਸਵੇਰੇ 10.30 ਵਜੇ ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ਨੂੰ ਸਮਰਪਿਤ ਸਮਾਗਮਬੜੇ ਅਦਬ ਅਤੇ ਗੰਭੀਰਤਾ ਨਾਲ ਕਰਾਇਆ ਜਾ ਰਿਹਾ ਹੈ। ਪੱਤਰਕਾਰ ਹਰਨਾਮ ਸਿੰਘ ਡੱਲਾ ਅਤੇ ਲੰਮੀ ਸਾਧਨਾ ਕਰਨ ਵਾਲੇ ਸੰਤਵੀਰ ਇਸ ਕਾਫ਼ਿਲੇ ਨੂੰ ਬੜੀ ਲਗਨ ਨਾਲ ਲਗਾਤਾਰ ਅੱਗੇ ਵਧ ਰਹੇ ਹਨ। ਇਸ ਮੰਚ ਵੱਲੋਂ ਅਕਸਰ ਕੋਈ ਨ ਕੋਈ ਸਮਾਗਮ ਹੁੰਦਾ ਹੀ ਰਹਿੰਦਾ ਹੈ। ਇਹਨਾਂ ਸਮਾਗਮਾਂ ਦੇ ਵਿਸ਼ੇ ਅਤੇ ਏਜੰਡੇ ਵੀ ਹਰ ਵਾਰ ਖਾਸ ਹੁੰਦੇ ਹਨ। ਲੋਕਾਂ ਦੇ ਹਿੱਤਾਂ ਜੁੜੇ ਹੋਏ ਅਤੇ ਲੋਕ ਹਿੱਤਾਂ ਨੂੰ ਲੁੱਟਣ ਵਿੱਚ ਲੱਗੇ ਹੋਏ ਲੁਟੇਰਿਆਂ ਦੇ ਖਿਲਾਫ। ਇਹਨਾਂ ਸਮਾਗਮਾਂ ਵਿੱਚ ਧਾਰਮਿਕ ਸਮਾਗਮ ਵੀ ਹੁੰਦੇ ਹਨ, ਸਾਹਿਤਿਕ ਵੀ, ਸਮਾਜਿਕ ਵੀ ਅਤੇ ਸਿਆਸੀ ਵੀ।   

ਇਸ ਮੌਕੇ ਇੱਕ ਖਾਸ ਪੁਸਤਕ ਬਾਰੇ ਵੀ ਚਰਚਾ ਹੋਣੀ ਹੈ। ਇਹ ਪੁਸਤਕ ਹੈ: 'ਕਿਸ ਮਿੱਟੀ ਦੀਆਂ ਬਣੀਆਂ ਸਨ ਇਹ ਵੀਰਾਂਗਣਾਂਵਾਂ' ਇਸ ਪੁਸਤਕ ਦੀ ਚਰਚਾ ਕਰਦਿਆਂ ਇਸ ਪੁਸਤਕ ਵਿਚਾਰਾਂ ਉੱਤੇ ਅਧਾਰਤ ਔਰਤ ਦੀ ਦਸ਼ਾ ਤੇ ਦਿਸ਼ਾ'ਬਾਰੇ ਇੱਕ ਸੰਵਾਦ ਵੀ ਰਚਾਇਆ ਜਾਣਾ ਹੈ। 

ਮਿਤੀ: 29 ਸਤੰਬਰ 2024 ਦਿਨ ਐਤਵਾਰ ਨੂੰ ਸਵੇਰੇ 10.30 ਵਜੇ ਹੋਣ ਵਾਲੇ ਇਸ ਸੰਵਾਦ ਮੌਕੇ ਪ੍ਰਧਾਨਗੀ ਲਈ ਪੁੱਜਣਗੇ ਮੈਡਮ ਬਿੰਦੂ ਸਿੰਘ ਜੋ ਕਿ ਇੱਕ ਸੀਨੀਅਰ ਪੱਤਰਕਾਰ ਹਨ। ਉਹਨਾਂ ਦੇ ਨਾਲ ਹੀ ਵਿਸ਼ੇਸ਼ ਖਿੱਚ ਹੋਣਗੇ ਖੋਜੀ ਪੱਤਰਕਾਰਿਤਾ ਨੂੰ ਸਾਹਿਤਿਕ ਰੰਗਾਂ ਵਿੱਚ ਲੋਕਾਂ ਸਾਹਮਣੇ ਲਿਆਉਣ ਵਾਲੇ ਸ੍ਰੀ ਦੀਪਕ ਸ਼ਰਮਾ ਚਨਾਰਥਲ। ਜਿਹੜੇ ਕਲਮ ਦੇ ਨਾਲ ਨਾਲ ਬੜੇ ਚੰਗੇ ਵੀਡੀਓ ਪੱਤਰਕਾਰ ਵੀ ਹਨ। 

ਸਮਾਗਮ ਦੇ ਵਿਸ਼ੇਸ਼ ਮਹਿਮਾਨ ਹੋਣਗੇ ਸ.ਹਰਬੰਸ ਸਿੰਘ ਕੰਧੋਲਾ ਜੋ ਕਿ ਪ੍ਰਬੰਧਕ ਖਾਲਸਾ ਸਕੂਲ ਸੰਸਥਾਨ ਦੇ ਪ੍ਰਬੰਧਕ ਵੀ ਹਨ ਅਤੇ ਐੱਸ.ਜੀ.ਪੀ.ਸੀ. ਸਾਬਕਾ ਮੈਂਬਰ ਵੀ ਹਨ। 

ਇਸ ਮੌਕੇ ਸਮਾਜਿਕ ਤਬਦੀਲੀਆਂ ਅਤੇ ਸਿਆਸੀ ਸਾਜ਼ਿਸ਼ਾਂ ਨੂੰ ਬੇਨਕਾਬ ਕਰਨ ਲਈ ਸਰਗਰਮ ਰਹਿਣ ਵਾਲੀ ਅਹਿਮ ਸ਼ਖ਼ਸੀਅਤ ਡਾਕਟਰ ਅਰਵਿੰਦਰ ਕੌਰ ਕਾਕੜਾ ਵੀ ਉਚੇਚੇ ਤੌਰ ਤੇ ਪੁੱਜਣਗੇ। ਚੇਤੇ ਰਹੇ ਕਿ ਸ਼੍ਰੀਮਤੀ ਕਾਕੜਾ ਬਹੁਤ ਹੀ ਚੇਤੰਨ ਲੇਖਕਾ ਤੇ ਚਿੰਤਕ ਵੀ ਹਨ। ਉਹਨਾਂ ਦੀਆਂ ਲਿਖਤਾਂ ਅਤੇ ਭਾਸ਼ਣ ਅਕਸਰ ਮਸ਼ਾਲ ਵਾਂਗ ਕੰਮ ਕਰਦੇ ਹਨ। 

ਇਸ ਸਮਾਗਮ ਲਈ ਸਥਾਨ ਨਿਸਚਿਤ ਕੀਤਾ ਗਿਆ ਹੈ ਖਾਲਸਾ ਸੀਨੀਅਰ ਸੈਕੰਡਰੀ ਸਕੂਲ,ਲਾਂਡਰਾਂ ਰੋਡ ਖਰੜ (ਮੋਹਾਲੀ) ਜਿਹੜਾ ਅੱਜਕਲ ਸਾਹਿਤਿਕ ਸਮਾਗਮਾਂ ਦਾ ਕੇਂਦਰੀ ਬਿੰਦੂ ਬਣਿਆ ਹੋਇਆ ਹੈ।

ਸਮਾਗਮ ਵਿੱਚ ਆਉਣ ਵਾਲੇ ਦਰਸ਼ਕਾਂ ਅਤੇ ਸਰੋਤਿਆਂ ਦੇ ਉਡੀਕਵਾਨ ਰਹਿਣ ਵਾਲਿਆਂ ਵਿੱਚ ਸ਼ਾਮਲ ਹੋਣਗੇ। ਹਰਨਾਮ ਸਿੰਘ ਡੱਲਾ (ਪ੍ਰਧਾਨ) ਸੰਤਵੀਰ (ਜਨ:ਸਕੱਤਰ) ਸੁਖਵਿੰਦਰ ਦੁਮਣਾ (ਸਕੱਤਰ) ਯੋਗਰਾਜ (ਵਿੱਤ ਸਕੱਤਰ) ਪ੍ਰਕਾਸ਼ ਸਿੰਘ ਰੰਗੀ,ਦਿਨੇਸ਼ ਪ੍ਰਸਾਦ,ਗੁਰਦੀਪ ਸਿੰਘ ਮੋਹਾਲੀ,ਭੁਪਿੰਦਰ ਮਦਨਹੇੜੀ,ਬਿਰਜੇਸ਼ ਪੰਡਿਤ ਅਤੇ ਸਮੂਹ ਮੈਂਬਰਾਨ। 

ਸਥਾਨ ਲਭਣ ਜਾਂ ਪਹੁੰਚਣ ਵਿੱਚ ਕਿਸੇ ਨੂੰ ਕੋਈ ਦਿੱਕਤ ਆਉਂਦੀ ਹੋਵੇ ਤਾਂ ਲੋੜ ਪੈਣ 'ਤੇ ਇਹਨਾਂ ਮੋਬਾਈਲ ਨੰਬਰਾਂ 'ਤੇ ਸੰਪਰਕ ਕੀਤਾ ਜਾ ਸਕਦਾ ਹੈ। 94177-73283,98149-52967,96461-33412

Friday, 16 February 2024

ਵਿਚਾਰਧਾਰਕ ਸਿਧਾਂਤਾਂ ਨੂੰ ਸਮਰਪਿਤ ਡਾ. ਸਰਬਜੀਤ ਦੀ ਟੀਮ ਵੀ ਮੈਦਾਨ ਵਿੱਚ

Thursday 15th February 2024 at 20:27

ਕਲਾ ਅਤੇ ਲੋਕਾਂ ਨੂੰ ਸਮਰਪਿਤ ਇਸ ਗਰੁੱਪ ਦਾ ਸਾਹਮਣਾ ਵੀ ਆਸਾਨ ਨਹੀਂ

ਚੰਡੀਗੜ੍ਹ//ਲੁਧਿਆਣਾ: 15 ਫਰਵਰੀ 2024:(ਮੀਡੀਆ ਲਿੰਕ//ਸਾਹਿਤ ਸਕਰੀਨ ਡੈਸਕ)::

ਕਿਸੇ ਬਹੁਤ ਹੀ ਸੰਵੇਦਨਸ਼ੀਲ ਅਤੇ ਦੂਰਦਰਸ਼ੀ ਸ਼ਾਇਰ ਦਾ ਇਹ ਇੱਕ ਸ਼ੇਅਰ ਅਕਸਰ ਸੁਣਿਆ ਜਾਂਦਾ ਹੈ ਕਿ 

ਜ਼ਿੰਦਗੀ ਮੈਂ ਯੇਹ ਹੁਨਰ ਭੀ ਆਜ਼ਮਾਨਾ ਚਾਹੀਏ;

ਜੰਗ ਅਪਨੋਂ ਸੇ ਹੋ ਤੋ ਫਿਰ ਹਾਰ ਜਾਣਾ ਚਾਹੀਏ!

ਪਰ ਕੌਣ ਮੰਨਦਾ ਹੈ ਆਪਣੀ ਹਾਰ? ਕੌਣ ਦੇਂਦਾ ਹੈ ਤਿਆਗ ਦਾ ਸਬੂਤ? ਕੌਣ ਛੱਡਦਾ ਹੈ ਕੁਰਸੀ?  ਅਜਿਹੀਆਂ ਗੱਲਾਂ ਸਿਰਫ ਮਹਿਫ਼ਿਲਾਂ ਵਿੱਚ ਕਹਿਣ ਸੁਣਨ ਦੇ ਕੰਮ ਹੀ ਆਉਂਦੀਆਂ ਹਨ। ਜਦੋਂ ਭਗਵਾਨ ਕ੍ਰਿਸ਼ਨ ਖੁਦ ਮੌਜੂਦ ਸਨ ਤਾਂ ਉਦੋਂ ਵੀ ਉਸ ਦੌਰ ਦੀ ਸਭ ਤੋਂ ਵੱਡੀ ਅਤੇ ਭਿਆਨਕ ਜੰਗ ਹੋ ਕੇ ਰਹੀ। ਸਭ ਉਪਦੇਸ਼ ਅਤੇ ਸ਼ਾਂਤੀ ਕੋਸ਼ਿਸ਼ਾਂ ਧਰੀਆਂ ਧਰਾਈਆਂ ਰਹੀ ਗਈਆਂ।

ਪਾਂਡਵਾਂ ਅਤੇ ਕੌਰਵਾਂ ਦਾ ਯੁੱਧ ਹੁਣ ਵੀ ਜਾਰੀ ਹੈ। ਬਸ ਚਿਹਰੇ ਬਦਲ ਗਏ ਹਨ। ਕੌਣ ਕੌਰਵ ਹਨ ਅਤੇ ਕੌਣ ਪਾਂਡਵ ਇਸਦਾ ਫੈਸਲਾ ਹੁਣ ਤੁਸੀਂ ਹੀ ਕਰਨਾ ਹੈ। ਅੱਜ ਸਾਡੇ ਕੋਲ ਕ੍ਰਿਸ਼ਨ ਭਗਵਾਨ ਵੀ ਨਹੀਂ ਹਨ। ਨਾ ਕਿਸੇ ਨੂੰ ਰੋਕਣ ਵਾਲੇ ਅਤੇ ਨਾ ਹੀ ਕਿਸੇ ਨੂੰ ਸਮਝਾਉਣ ਵਾਲੇ। ਹੁਣ ਕੀ ਕਰਨਾ ਹੈ ਅਤੇ ਕਿਸਦਾ ਸਾਥ ਦੇਣਾ ਹੈ ਇਹ ਫੈਸਲਾ ਵੀ ਤੁਹਾਡੇ ਹੀ ਹੱਥ ਹੈ। ਤੁਹਾਡੀ ਅੰਤਰ ਆਤਮਾ ਹੀ ਤੁਹਾਨੂੰ ਰਾਹ ਵੀ ਦਿਖਾਏਗੀ ਅਤੇ ਤੁਹਾਡਾ ਸੱਚਾ ਸਾਰਥੀ ਬਣੇਗੀ। ਜਿਹੜੀ ਚੋਣ ਜੰਗ ਅੱਜ ਪੰਜਾਬੀ ਸਾਹਿਤ ਅਕਾਦਮੀ ਦੀਆਂ ਚੋਣਾਂ ਦੇ ਮਾਮਲੇ ਵਿਚ ਨਜ਼ਰ ਆ ਰਹੀ ਹੈ ਅਸਲ ਵਿਚ ਇਸਦਾ ਮੁੱਢ ਬਹੁਤ ਪਹਿਲਾਂ ਹੀ ਬੱਝ ਚੁੱਕਿਆ ਸੀ।   

ਜੇਕਰ ਕਹਿ ਲਿਆ ਜਾਵੇ ਕਿ ਕੇਂਦਰੀ ਪੰਜਾਬੀ ਲੇਖਕ ਸਭਾ ਦੀਆਂ ਚੋਣਾਂ ਤੋਂ ਵੀ ਬਹੁਤ ਪਹਿਲਾਂ ਤਾਂ ਵੀ ਕੋਈ ਗਲਤ ਗੱਲ ਨਹੀਂ ਹੋਵੇਗੀ। ਉਦੋਂ ਵੀ ਇੱਕ ਗਰੁੱਪ ਬੜੇ ਹੈਰਾਨਕੁਨ ਘਟਨਾਕ੍ਰਮ ਵਿੱਚ ਜਿੱਤ ਗਿਆ ਸੀ। ਇਸ ਨੂੰ ਬਿਨਾ ਮੁਕਾਬਲਾ ਚੋਣਾਂ ਵੀ ਕਿਹਾ ਗਿਆ ਸੀ।  ਇਹਨਾਂ ਬਿਨਾ ਮੁਕਾਬਲਾ ਵਾਲੀਆਂ ਗੱਲਾਂ ਅਤੇ ਸਰਬਸੰਮਤੀ ਵਾਲੇ ਦਾਅਵਿਆਂ ਪਿੱਛੇ ਕੀ ਕਹਾਣੀ ਸੀ ਉਦੋਂ ਵੀ ਨੇੜਲੇ ਲੇਖਕਾਂ ਨੂੰ ਸਭ ਪਤਾ ਸੀ। 

ਈਵੀਐਮ ਦੇ ਚੋਣ ਨਤੀਜਿਆਂ ਵਾਂਗ ਉਦੋਂ ਵੀ ਅਚਾਨਕ ਉਹ ਗਰੁੱਪ ਹਾਰਨ ਵਾਲੀ ਸਥਿਤੀ ਵਿਚ ਪਹੁੰਚ ਗਿਆ ਸੀ ਜਿਸਦੇ ਹਾਰਨ ਦੀ ਕੋਈ ਉਮੀਦ ਹੀ ਨਹੀਂ ਸੀ। ਅਸਲ ਵਿੱਚ ਇਸ ਵੱਡੇ ਗਰੁੱਪ ਨੇ ਵਡੇਰੇ ਹਿਤਾਂ ਨੂੰ ਦੇਖਦਿਆਂ ਖੁਦ ਹੀ ਸਭ ਕੁਝ ਛੱਡ ਕੇ ਤਿਆਗ ਦਾ ਸਬੂਤ ਦੇ ਦਿੱਤਾ ਸੀ। ਆਖਦੇ ਨੇ ਕਿਸੇ ਨੂੰ ਅਧੂਰਾ ਪਾਉਣ ਨਾਲੋਂ ਬੇਹਤਰ ਹੈ ਉਸਨੂੰ ਪੂਰਾ ਹੀ ਗੁਆ ਲਓ। ਸ਼ਾਇਦ ਇਹ ਭਾਵਨਾ ਵੀ ਕੰਮ ਕਰ ਰਹੀ ਸੀ। ਇਸ਼ਕ ਵਿੱਚ ਕਈ ਵਾਰ ਹਾਰ ਦੀ ਅੱਗ ਵਿੱਚ ਜਲਣਾ ਵੀ ਪਰਵਾਨਿਆਂ ਦੀ ਕਿਸਮਤ ਬਣ ਜਾਂਦੀ ਹੈ। ਪਾਰ ਹਰ ਵਾਰ ਤਾਂ ਅਜਿਹਾ ਨਹੀਂ ਹੁੰਦਾ। ਇਸ ਵਾਰ ਇਸ਼ਕ ਇੰਤਕਾਮ ਦੀ ਭਾਵਨਾ ਵਿਚ ਵੀ ਹੈ। ਹਰ ਜੰਗ ਵਿਚ ਹਰ ਵਾਰ ਮੈਦਾਨ ਛੱਡਿਆ ਵੀ ਨਹੀਂ ਜਾ ਸਕਦਾ। ਐਤਕੀਂ ਜਿਹੜਾ ਗਰੁੱਪ ਸਾਹਿਤ ਅਕਾਦਮੀ ਦੀ ਸੱਤਾ ਵਿੱਚ ਬੈਠੇ ਗਰੁੱਪ ਦੇ ਮੁਕਾਬਲੇ ਆਇਆ ਹੈ ਇਸਦੇ ਕੋਲ ਵੀ ਮਹਾਂਰਥੀ ਮੌਜੂਦ ਹਨ। ਇਸ ਲਈ ਇਸ ਗਰੁੱਪ ਦਾ ਸਾਹਮਣਾ ਕਰਨਾ ਵੀ ਕੋਈ ਸੁੱਖਾ ਕੰਮ ਨਹੀਂ ਹੋਣਾ। ਇਸ ਗਰੁੱਪ ਦੇ ਮਹਾਂਰਥੀਆਂ ਦਾ ਵੀ ਇੱਕ ਵਿਸ਼ੇਸ਼ ਥਾਂ ਹੈ। 

ਜਦੋਂ ਪੰਜਾਬ ਮਾੜੇ ਦੌਰ ਵਿੱਚੋਂ ਲੰਘ ਰਿਹਾ ਸੀ ਉਦੋਂ ਕੁਝ ਲੋਕ ਬੜੀ ਬੇਫਿਕਰੀ ਨਾਲ ਚੰਗੇ ਰੋਜ਼ਗਾਰ ਵਾਲੇ ਅਹੁਦਿਆਂ 'ਤੇ ਬਿਰਾਜਮਾਨ ਰਹੇ ਜਦਕਿ ਦੂਜੇ ਪਾਸੇ ਖੁਦ ਨੂੰ ਖਤਰਿਆਂ ਵਿੱਚ ਪਾ ਕੇ ਕੁਝ ਲੋਕ ਫਿਰਕੂ ਅਨਸਰਾਂ ਦਾ ਵੀ ਮੁਕਬਲਾ ਕਰ ਰਹੇ ਸਨ, ਵਿਚਾਰਧਾਰਕ ਹਮਲਾਵਰਾਂ ਦਾ ਵੀ ਅਤੇ ਸਰਕਾਰ ਦੀਆਂ ਕਰੋਪੀਆਂ ਦਾ ਖਤਰਾ ਵੀ ਸਹੇੜ ਰਹੇ ਸਨ। ਉਦੋਂ ਵੀ ਰੋਜ਼ਗਾਰਵਾਦੀ ਲੋਕ ਆਪਣੀ ਰਣਨੀਤੀ ਮੁਤਾਬਿਕ ਚੱਲ ਰਹੇ ਸਨ ਅਤੇ ਲੋਕਾਂ ਲਈ ਜਿਊਣ ਮਰਨ ਵਾਲੇ ਆਪਣੇ ਢੰਗ ਨਾਲ ਮੈਦਾਨ ਵਿਚ ਨਿੱਤਰੇ ਹੋਏ ਸਨ। ਕਲਮ ਨਾਲ ਲਿਖਣਾ ਅਤੇ ਫਿਰ ਜ਼ਿੰਦਗੀ ਨੂੰ ਉਹਨਾਂ ਸਿਧਾਂਤਾਂ ਅਤੇ ਆਦਰਸ਼ਾਂ ਮੁਤਾਬਿਕ ਜਿਊਣਾ ਕੋਈ ਸੌਖਾ ਕੰਮ ਤਾਂ ਨਹੀਂ ਹੁੰਦਾ। ਇਹਨਾਂ ਨੇ ਨਿਜੀ ਜ਼ਿੰਦਗੀ ਵਿੱਚ ਵੀ ਮਿਸਾਲਾਂ ਕਾਇਮ ਕੀਤੀਆਂ ਅਤੇ ਸਾਹਿਤ ਸਿਰਜਣਾ ਵਿੱਚ ਵੀ। 

ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਦੀਆਂ ਇਸ ਵਾਰ 2024 ਦੀਆਂ ਚੋਣਾਂ ਲਈ ਲੋਕਾਂ ਦੇ ਭਲੇ ਨਾਲ ਪ੍ਰਣਾਇਆ ਇੱਕ ਗਰੁੱਪ ਇਹ ਵੀ ਹੈ ਜਿਸ ਨੇ ਬਦਲਾਓ ਦਾ ਨਾਅਰਾ ਦਿੱਤਾ ਹੈ। ਇਸ ਗਰੁੱਪ ਦੀ ਅਪੀਲ ਵੀ ਜ਼ਰੂਰ ਪੜ੍ਹ ਲਓ-

ਸਤਿਕਾਰਯੋਗ ਅਦੀਬ ਦੋਸਤੋ 

ਫਤਹਿ ਪ੍ਰਵਾਨ ਹੋਵੇ

ਤੁਸੀਂ ਜਾਣਦੇ ਹੋ ਕਿ ਪੰਜਾਬੀ ਸਾਹਿਤ ਅਕਾਡਮੀ ਦੀ ਚੋਣ ਤਿੰਨ ਮਾਰਚ 2024 ਨੂੰ ਪੰਜਾਬੀ ਭਵਨ ਲੁਧਿਆਣਾ ਵਿਖੇ ਹੋ ਰਹੀ ਹੈ।

 ਪੰਜਾਬੀ ਅਕਾਡਮੀ ਨੂੰ ਅੱਜ ਅਜਿਹੀ ਟੀਮ ਦੀ ਜ਼ਰੂਰਤ ਹੈ ਜੋ ਪੰਜਾਬੀ ਭਾਸ਼ਾ, ਸਾਹਿਤ ਅਤੇ ਸੱਭਿਆਚਾਰ ਪ੍ਰਤੀ ਸੁਹਿਰਦ, ਸੰਵੇਦਨਸ਼ੀਲ ਅਤੇ ਪ੍ਰਤੀਬੱਧ ਹੋਵੇ।  ਪੰਜਾਬੀ ਅਕਾਡਮੀ ਨੂੰ ਨਿੱਜੀ ਅਤੇ ਸੌੜੇ ਹਿੱਤਾਂ ਤੋਂ ਉੱਪਰ ਉੱਠ ਕੇ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਲਈ ਕੰਮ ਕਰਨ ਵਾਲੀ ਟੀਮ ਨੂੰ ਦੇਖਦੇ ਹੋਏ ਅਸੀਂ ਨਿਮਨ ਲਿਖਤ ਟੀਮ ਲਈ ਪੰਜਾਬੀ ਲੇਖਕਾਂ ਤੋਂ ਵੋਟ ਅਤੇ ਸਮਰਥਨ ਦੀ ਅਪੀਲ ਕਰਦੇ ਹਾਂ :

ਪ੍ਰਧਾਨ : ਡਾ. ਸਰਬਜੀਤ ਸਿੰਘ                                

ਸੀਨੀਅਰ ਮੀਤ ਪ੍ਰਧਾਨ : ਡਾ. ਪਾਲ ਕੌਰ            

ਜਨਰਲ ਸਕੱਤਰ : ਡਾ. ਗੁਲਜ਼ਾਰ ਪੰਧੇਰ

ਮੀਤ ਪ੍ਰਧਾਨ: ਜਸਪਾਲ ਮਾਨਖੇੜਾ,  ਡਾ. ਹਰਜਿੰਦਰ ਸਿੰਘ ਸੂਰੇਵਾਲੀਆ ਅਤੇ ਭੁਪਿੰਦਰ ਸਿੰਘ ਸੰਧੂ

ਪੰਜਾਬੋ ਬਾਹਰਲਾ ਮੀਤ ਪ੍ਰਧਾਨ:  ਡਾ. ਹਰਵਿੰਦਰ ਸਿੰਘ (ਸਿਰਸਾ)

ਇਸਤਰੀ ਮੀਤ ਪ੍ਰਧਾਨ ਡਾ. ਅਰਵਿੰਦਰ ਕੌਰ ਕਾਕੜਾ 

ਅਪੀਲ ਕਰਨ ਵਾਲਿਆਂ ਵਿੱਚੋਂ ਕੁਝ ਨਾਮ ਹਨ: 

ਗੁਰਮੀਤ ਕੜਿਆਲਵੀ, ਜਸਵੀਰ ਰਾਣਾ, ਜਤਿੰਦਰ ਹਾਂਸ, ਜਗਵਿੰਦਰ ਯੋਧਾ, ਤਰਸੇਮ, ਜਗਦੀਪ ਸਿੱਧੂ,  ਡਾ. ਮੋਹਨ ਤਿਆਗੀ, ਜਸਵੀਰ ਸਮਰ , ਡਾ. ਦਵਿੰਦਰ ਬੋਹਾ, ਭਗਵੰਤ ਰਸੂਲਪੁਰੀ, ਰੰਜੀਵਨ ਸਿੰਘ,    ਡਾ. ਸੋਮਪਾਲ ਹੀਰਾ, ਪ੍ਰੋ. ਗੁਰਦੀਪ ਢਿੱਲੋਂ, ਜੇ. ਬੀ. ਸੇਖੋਂ, ਜੈਪਾਲ, ਭਜਨਬੀਰ, ਸੁਖਵਿੰਦਰ ਪੱਪੀ, ਮਨਜੀਤ ਪੁਰੀ, ਨਿੰਦਰ ਘੁਗਿਆਣਵੀ, ਡਾ. ਦੀਪਕ ਧਲੇਵਾਂ, ਸਤਪਾਲ ਭੀਖੀ, ਪਰਗਟ ਸਤੌਜ, ਸੁਮੀਤ ਸ਼ੰਮੀ, ਨਵਤੇਜ ਗੜਦੀਵਾਲਾ, ਵਾਹਿਦ, ਬਲਵਿੰਦਰ ਚਹਿਲ, ਰਾਜਵਿੰਦਰ ਮੀਰ, ਪ੍ਰੋ. ਲਖਵੀਰ ਮੁਕਤਸਰ, ਡਾ. ਦਵਿੰਦਰ ਸੈਫ਼ੀ, ਯਤਿੰਦਰ ਮਾਹਲ, ਪ੍ਰਭਜੋਤ ਸੋਹੀ, ਰਵੀ ਰਵਿੰਦਰ, ਡਾ. ਸੁਖਰਾਜ ਧਾਲੀਵਾਲ, ਡਾ. ਹਰਜਿੰਦਰ ਸਿੰਘ ਜੰਮੂ, ਮਲਕੀਤ ਜੌੜਾ, ਸਿਮਰਨ ਧਾਲੀਵਾਲ, ਡਾ. ਇੰਦਰਪ੍ਰੀਤ ਧਾਮੀ, ਅਜ਼ੀਜ਼ ਸਰੋਏ, ਕੀਰਤੀ ਕਿਰਪਾਲ, ਰਾਜਵਿੰਦਰ ਜਟਾਣਾ, ਡਾ. ਗੁਰਦੀਪ ਸਿੰਘ ਜਲਾਲਾਬਾਦ, ਕੁਲਵਿੰਦਰ ਬੱਛੋਆਣਾ, ਡਾ. ਸੰਦੀਪ ਸਿੰਘ, ਸੁਆਮੀ ਸਰਬਜੀਤ, ਤਰਸੇਮ ਅਮਰ, ਡਾ. ਤਰਸਪਾਲ ਕੌਰ, ਡਾ. ਚਰਨਦੀਪ ਸਿੰਘ, ਡਾ. ਮਨਦੀਪ ਸ਼ਰਮਾ, ਡਾ. ਹਰਦੀਪ ਸਿੰਘ, ਡਾ. ਕਮਲਪ੍ਰੀਤ ਸਿੱਧੂ, ਸੁਨੀਲ ਚੰਦਿਆਣਵੀ, ਚਿੱਟਾ ਸਿੱਧੂ, ਮੀਨਾਕਸ਼ੀ ਰਾਠੌਰ, ਡਾ. ਪਰਮਜੀਤ ਕੌਰ ਸਿੱਧੂ, ਡਾ. ਹਰਵਿੰਦਰ ਕੌਰ , ਡਾ . ਗੁਰਪ੍ਰੀਤ ਕੌਰ ਗਿੱਲ, ਡਾ . ਗੁਰਪ੍ਰੀਤ ਕੌਰ, ਪਰਮਾਨੰਦ ਸ਼ਾਸਤਰੀ, ਡਾ. ਬੀਰਬਲ ਸਿੰਘ ਰਤੀਆ , ਡਾ. ਸ਼ੇਰ ਚੰਦ, ਸੁਰਜੀਤ ਸਿਰੜੀ ਅਤੇ ਅਰਵੇਲ ਸਿੰਘ ਵਿਰਕ

ਇਸ ਗਰੁੱਪ ਦੀ ਚੋਣ ਸੰਚਾਲਨ ਕਮੇਟੀ ਵਿਚ ਸ਼ਾਮਲ ਹਨ:

ਡਾ. ਸੁਖਦੇਵ ਸਿੰਘ ਸਿਰਸਾ,  ਡਾ. ਅਨੂਪ ਸਿੰਘ,  ਪ੍ਰੋ. ਸੁਰਜੀਤ ਜੱਜ,  ਡਾ.  ਕੁਲਦੀਪ ਸਿੰਘ ਦੀਪ ਅਤੇ ਰਮੇਸ਼ ਯਾਦਵ

Tuesday, 2 October 2018

ਸਮਾਜਿਕ ਸਰੋਕਾਰਾਂ ਨਾਲ ਲਬਰੇਜ਼ ਕਵਿਤਾ ਲਿਖਦਾ ਹੈ ਕੁਲਵਿੰਦਰ ਵਿਰਕ

19:34, 10/1/2018] Dr Arvinder K Kaakra: Whats App 
ਉਹ ਨਿਵੇਕਲੀ ਕਾਵਿ ਸ਼ੈਲੀ ਲੈ ਕੇ ਆ ਰਿਹਾ ਹੈ-ਡਾ.ਅਰਵਿੰਦਰ ਕੌਰ ਕਾਕੜਾ
ਲਿਖਿਆ ਤਾਂ ਬਹੁਤ ਕੁਝ ਜਾ ਰਿਹਾ ਹੈ ਪਰ ਬਹੁਤ ਘੱਟ ਸਾਹਿਤ ਅਜਿਹਾ ਹੈ ਜਿਹੜਾ ਲੋਕੰਦੀ ਗੱਲ ਕਰੇ-ਸਮਾਜ ਦੀ ਗੱਲ ਕਰੇ। ਅਜਿਹੇ ਇੱਕ ਸ਼ਾਇਰ ਬਾਰੇ ਜਾਣ ਪਛਾਣ ਕਰਵਾ ਰਹੇ ਡਾਕਟਰ ਅਰਵਿੰਦਰ ਕੌਰ ਕਾਕੜਾ। ਇਸ ਵਾਰ ਗੱਲ ਕਰ ਰਹੇ ਹਾਂ ਕੁਲਵਿੰਦਰ ਵਿਰਕ ਦੀ। ਡਾਕਟਰ ਕਾਕੜਾ ਦਾ ਕਹਿਣਾ ਹੈ: ਕੁਲਵਿੰਦਰ ਵਿਰਕ ਪੰਜਾਬੀ ਵਿੱਚ ਕਾਵਿ ਸਿਰਜਣਾ 'ਚ ਨਿਰੰਤਰ ਕਾਰਜਸ਼ੀਲ ਹੈ ਸਮਾਜਿਕ ਵਿਸੰਗਤੀਅਾਂ ਨੂੰ ਪੇਸ਼ਕਾਰੀ  ਵਿੱਚ ੳੁਸ ਦੇ ਛੋਟੇ ਛੋਟੇ ਖਿਅਾਲ ਵੱਡੇ ਮਸਲੇ ਨੂੰ ਵੀ ਕਲਾਵੇ ਲੈਂਦੇ ਹਨ। ੳੁਹ ਸੰਵਦੇਨਾਮੁਖੀ ਸੁਰ ੳੁਭਾਰਦਾ ਹੋੲਿਅਾ ਅਾਪਣੇ ਵਿਲੱਖਣ ਖਿਅਾਲਾਂ ਨਾਲ ਕਾਵਿ ੳੁਡਾਰੀ ਭਰਦਾ ਹੈ। ਅਜਿਹੇ ਵਲਵਲਿਅਾਂ ਦੀ ਤਸਵੀਰ ਪੇਸ਼ ਹੈ ਕੁਲਵਿੰਦਰ ਵਿਰਕ ਦੀਆਂ ਕਾਵਿ ਰਚਨਾਵਾਂ ਵਿੱਚ। ਕੁਲਵਿੰਦਰ ਕਾਵਿ ਦੀਆਂ ਨਵੀਆਂ ਪੈੜਾਂ ਤਰਾਸ਼ਦਾ ਹੋਇਆ ਆਪਣੇ ਕਾਵਿ ਸਫ਼ਰ ਵਿੱਚ ਨਿਵੇਕਲੀ ਕਾਵਿ ਸ਼ੈਲੀ ਲੈ ਕੇ ਆ ਰਿਹਾ ਹੈ ਉਸ ਨੇ ਅਜੇ ਕਾਵਿ ਸਫ਼ਰ ਸ਼ੁਰੂ ਕੀਤਾ ਹੈ ਉਹ ਇੱਕ ਸੰਭਾਵਨਾ ਪੂਰਕ ਵੀ ਹੈ ਜਿੱਥੇ ਉਹ ਸਮਾਜਿਕ ਸਰੋਕਾਰਾਂ ਨਾਲ ਲਬਰੇਜ਼ ਕਵਿਤਾ ਲਿਖਦਾ ਹੈ।                                                                                              --ਡਾ. ਅਰਵਿੰਦਰ ਕੌਰ ਕਾਕੜਾ
1.          ਮੈਂ
'ਮੈਂ'-
 ਜੇ ਸਮਰੱਥਾ,
ਸੰਭਾਵਨਾਵਾਂ ਭਰਪੂਰ,
 ਸਾਕਾਰਾਤਮਕ ਸੋਚ,
ਕਲਾ ਦਾ ਪ੍ਗਟਾਅ,
ਸਮਾਜਿਕ ਅਤੇ
ਸੱਭਿਅਤਾ ਦਾ ਪ੍ਤੀਕ ਹੋਵੇ....
ਤਾਂ 'ਮੈ'
 ਐਨੀ ਬੁਰੀ ਵੀ ਨਹੀਂ ਹੁੰਦੀ... ...!!

            2.         ਸੋਚ
ਵਫ਼ਾ -
ਮਜਬੂਰੀਆਂ ਹੇਠ ਦੱਬ ਵੀ ਸਕਦੀ ਹੈ...
ਵਾਅਦਿਆਂ 'ਤੇ
ਜੋ ਵਫ਼ਾ ਨਹੀਂ ਹੁੰਦੇ -
  ਇਲਜ਼ਾਮ ਦੀ ਮੋਹਰ ਨਾ ਲਾਈਏ...
 ਸਮੇਂ ਨੂੰ
ਸ਼ਿਕਵਿਆਂ ਤੋਂ ਸੁਰਖ਼ੁਰੂ ਕਰ ਦੇਈਏ...!
ਆਓ!
   ਆਪਣੀ ਸੋਚ ਨੂੰ ਬਦਲੀਏ
ਤੇ ਮਨਾਂ ਦੇ ਭਾਰ 
     ਨਜ਼ਮਾਂ ਹਵਾਲੇ ਕਰ ਦੇਈਏ.... !!
       
         3.     ਪਰਿਭਾਸ਼ਾ
ਇੱਕ -ਦੋ ਸਤਰਾਂ ਨਾਕਾਫੀ ਹਨ
ਮਾਂ ਅਤੇ ਘਰ ਨੂੰ
     ਪਰਿਭਾਸ਼ਿਤ ਕਰਨ ਲਈ...
ਮਾਂ ,
 ਅਤੇ ਘਰ ਦੇ
  ਬੜੇ ਗਹਿਰੇ ,ਬੜੇ ਵਿਸ਼ਾਲ ਅਰਬ
 ਖੰਡ ਤੋਂ ਅਖੰਡ ਤੀਕ
     ਬਿੰਦੂ ਤੋਂ ਬ੍ਰਹਿਮੰਡ ਤੀਕ ...!!
       
         4.      ਉਦਾਸ ਬਿਰਖ
ਉਦਾਸ ਬਿਰਖਾਂ ਦੇ
ਖਾਮੋਸ਼ ਪੱਤੇ,
 ਧੁਖਦੀਆਂ ਛਾਵਾਂ,
ਘੁਟਣ ਮਹਿਸੂਸ ਕਰਦੀਆਂ ਜੜ੍ਹਾਂ,
ਧੁਆਂਖੇ ਫੁੱਲ ....
 ਅੈ ਹਵਾਓ !
ਅੈਸੇ ਉਦਾਸ ਬਿਰਖਾਂ ਦੇ ਨਾਂ
     ਮੈਂ ਕਿਹੜੇ ਸ਼ਬਦ ਕਰਾਂ..... ??
                                        ----ਕੁਲਵਿੰਦਰ ਵਿਰਕ

Friday, 28 September 2018

“ਭਗਤ ਸਿੰਘ ਦਾ ਸੁਨੇਹਾ"///ਅਰਵਿੰਦਰ ਕੌਰ ਕਾਕੜਾ

Sep 25, 2018, 9:39 AM
ਉਹ ਲਟ ਲਟ...................... ਬਲਦਾ ਦੀਪ  
ਚੇਤਿਆਂ `ਚ ਜਾਗਦਾ
ਇੱਕ ਗਹਿਰਾ ਅਹਿਸਾਸ
ਅਕ੍ਰਿਤੀ ਨੇ ਨਕਸ਼
ਬਣਾ ਰਿਹੈ............
ਜੇਕਰ ਜਿਉਂਦੀ ਦੇਹ ਅੰਦਰ
ਜ਼ਿੰਦਗੀ ਧੜਕ ਪਵੇ
ਤਾਂ ਕਾਲੀਆਂ ਰਾਤਾਂ `ਚ
ਸੂਰਜ ਉੱਗ ਆਉਦੈ।
ਪਾਟੀਆਂ ਤਲੀਆਂ ਅੰਦਰ
ਰੱਤ ਦੀ ਹਰਕਤ.........
ਜਦ ਅਪਨਾ ਹਿੱਸਾ ਮੰਗੇ
ਤਾਂ ਤਖ਼ਤਾ ਉਲਟ ਜਾਦੈ।
ਪੈਰਾਂ ਦਾ ਸਫ਼ਰ..........
ਚੇਤਨਾ ਦੀ ਪਗਡੰਡੀ `ਤੇ ਤੁਰੇ  ਤਾਂ
ਸਮਝੋ....... ਮਾਰੂਥਲ ਵੀ
ਨਖ਼ਲਿਸਤਾਨ ਬਣ ਜਾਦੈ।
ਜਦ ਸੂਹੀ ਪ੍ਰਭਾਤ ਦਾ ਡੋਲਾ
ਕਿਸੇ ਢਾਰੇ `ਚੋਂ ਨਿਕਲੇ ਤਾਂ ................
ਇਤਿਹਾਸ ਬਦਲ ਜਾਦੈ।
ਧੁਆਖੇ ਮੌਸਮਾਂ `ਚ  ਧਰਤੀ ਦੀ ਕੁੱਖ ਅੰਦਰ
ਕੋਈ ਹਲਚਲ ਹੋਵੇ
ਤਾਂ ਭਾਣਾ ਵਰਤ ਜਾਦੈ।
ਤਰਜ਼ਾਂ ਤੇ ਤਰੰਗਾਂ ਦੀ  ਵਾਛੜ `ਚ.........
ਕਾਣੀ ਵੰਡ ਦੀ ਮੌਜੂਦਗੀ  ਖੋਰ ਦੇਵੇ....... ਜਦ
ਦਾਬੇ ਦੇ ਮੁਨਾਰੇ
ਤਾਂ..........
ਇਕ ਚਿਣਗ ਭੱਖਦੀ ਹੈ
ਇਸ ਜ਼ਜਬ ਹੋਈ
ਸੰਵੇਦਨਾ ਅੰਦਰ......
ਖੇਤਾਂ ਵਿੱਚ ਜਦ
ਬਗਾਵਤ ਸੁਲਘਦੀ ਹੈ
ਤਾਂ ਦਾਣਿਆਂ ਦਾ ਮੁੱਲ ਪੈਂਦਾ।
ਜਦ ਕੰਜਕ ਕੁਆਰੀ
ਚੰਡੀ ਬਣ...... ਜਿਸਮ ਨੋਚਦੇ
ਦਰਿੰਦਿਆਂ ਨੂੰ ਕਹੇ.......
ਪੂਜ ਲਵੋਂ ਮੁਲਕ ਅੰਦਰ
ਏਸ ਦੇਵੀ ਨੂੰ...........
ਤਾਂ ਫੈਸਲਾ ਹੋਣ ਲਗਦੈ।
ਨਸ਼ਿਆਂ `ਚ ਰੁੜਦੀ  ਜਵਾਨੀ ਦਾ ਵਹਾਅ........
ਮੁੜ ਕਿਨਾਰੇ ਵੱਲ ਘੱਤ ਕਰੇ
ਉਦੋਂ.........................
ਚੇਤਨਾ ਦੀ ਪੌਦ ਪੁੰਗਰੀ ਜਾਪਦੀ ਹੈ
ਜਦ ਫਿਰਕੂ ਜਨੁੂੰਨ `ਚ
ਭਸਮ ਹੋਇਆ ਮਮਤਾ ਦਾ ਅੰਸ਼
ਸਿਆਸੀ ਪੈੜਾਂ ਦੀ
ਨਿਸ਼ਾਨਦੇਹੀ ਕਰੇ..........
ਨਕਸ਼ ਬਣ ਉਕਰੇ
ਤਾਂ ਲਗਦਾ............
ਕੁਝ ਹਿਲਜੁਲ ਹੈ
ਧਰਤੀ ਬਲਦ ਦੇ ਸਿੰਗਾਂ ਤੇ ਨਹੀ
ਕਿਰਤ ਦੇ ਥੰਮਾਂ `ਤੇ ਖੜ੍ਹੀ ਹੈ।
ਕੀ ਕੁਝ ਤੁਆਰਫ਼ ਕਰਾਉਂਦਾ
ਸੋਹਣੇ ਸਮਾਜ ਦਾ ..........
ਕੈਨਵਸ ਚਿਤਰਦਾ
ਪਰਵਾਜ਼ ਅੰਦਰ ਤਪਸ਼ .............ਭਰ ਰਿਹੈ।
ਉਹ ਲਟ ਲਟ..........
............ ਬਲਦਾ ਦੀਪ
ਕਾਫ਼ਲਾ ਬਣ ਗਿਐ। ਜੇਲ੍ਹ ਨੁਮਾ ਜ਼ਿੰਦਗੀ ਤੋਂ
ਮੁਕਤ ਹੋਣ ਦਾ.........
ਬਣਾ ਗਿਆ ਰਾਹ ਸਾਡਾ।       
--ਮੋ:- 94636-15536
  

Wednesday, 29 August 2018

ਚਿੰਤਾ, ਚਿੰਤਨ ਤੇ ਚੇਤਨਾ ਦੀ ਸੰਵੇਦਨਸ਼ੀਲ ਪੇਸ਼ਕਾਰੀ//ਅਰਵਿੰਦਰ ਕੌਰ ਕਾਕੜਾ (ਡਾ਼)

Aug 26, 2018, 9:31 AM
ਗੁਰਪਰੀਤ ਸਿੰਘ ਤੂਰ ਦੀ ਕਲਮ ਖੋਹਲਦੀ ਹੈ ਮਸਲਿਆਂ ਦੀਆਂ ਕਈ ਪਰਤਾਂ
ਲੇਖਕ ਇੱਕ ਸੰਵੇਦਨਸ਼ੀਲ ਵਰਗ ਹੈ। ਸਮਾਜ ਵਿੱਚ ਵਾਪਰਦਾ ਹਰ ਵਰਤਾਰਾ ਉਸਨੂੰ ਪ੍ਰਭਾਵਿਤ ਕਰਦਾ ਹੈ। ਹਰ ਲੇਖਕ ਦੀ ਵਰਤਾਰੇ ਪ੍ਰਤੀ ਆਪਣੀ ਆਪਣੀ ਪਹੁੰਚ ਹੁੰਦੀ ਹੈ ਜੋ ਕਿ ਉਸ ਦੀ ਦ੍ਰਿਸ਼ਟੀ ਨੂੰ ਉਭਾਰਦੀ ਹੈ। ਪੰਜਾਬੀ ਸਾਹਿਤ ਬਾਰੇ ਅਕਸਰ ਕਿਹਾ ਜਾਂਦਾ ਹੈ ਕਿ ਇਹ ਹਮੇਸ਼ਾ ਹੀ ਲੋਕ-ਹਿੱਤਾਂ ਦੀ ਗੱਲ ਕਰਦਾ ਰਿਹਾ ਹੈ। ਅੱਜ ਜਦੋਂ ਸਮਾਜ ਵਿਚਲੀ ਸਥਿਤੀ ਨੂੰ ਦੇਖੀਏ ਤਾਂ ਬਹੁਤ ਸਾਰੇ ਸੁਆਲ ਲੇਖਕ ਵਰਗ ਸਾਹਮਣੇ ਚੁਣੌਤੀ ਬਣ ਖੜ੍ਹੇ ਹਨ। ਵੇਖਣਾ ਇੱਥੇ ਇਹ ਹੈ ਕਿ ਲੇਖਕ ਦੀ ਲੇਖਣੀ ਸਮਾਜ ਵਿਚਲੀ ਕਰੂਰ ਹਕੀਕਤ ਨੂੰ ਬਿਆਨ ਕਰਨ ਤੇ ਸਮੱਸਿਆ ਦੀ ਜੜ੍ਹ ਤੱਕ ਕਿਸ ਪੱਧਰ ਤੱਕ ਪਹੁੰਚਦੀ ਹੈ। 
ਇਹ ਕਿਹਾ ਜਾਂਦਾ ਹੈ ਕਿ ਨੌਜਵਾਨ ਵਰਗ ਕਿਸੇ ਸਮਾਜ/ਮੁਲਕ ਦੀ ਰੀੜ੍ਹ ਦੀ ਹੱਡੀ ਹੁੰਦੇ ਹਨ। ਉਨ੍ਹਾਂ ਉਪਰ ਹੀ ਸਮਾਜ ਮਾਣ ਕਰਦਾ ਹੈ ਪਰ ਜੇਕਰ ਨੌਜਵਾਨ ਪੀੜ੍ਹੀ ਦਿਸ਼ਾਹੀਣ ਹੋ ਕੇ ਗਲਤ ਰਾਹਾਂ ਤੇ ਅਸਵਾਰ ਹੋਵੇ ਤਾਂ ਉਸ ਸਮਾਜ ਦੀ ਦਸ਼ਾ ਦੀ ਹੋਵੇਗੀ। ਇਹ ਸੱਚ ਹੈ ਕਿ ਜੇਕਰ ਕਿਸੇ ਮੁਲਕ ਦੇ ਸਮਾਜਕ ਵਿਕਾਸ ਨੂੰ ਵੇਖਣਾ ਹੋਵੇ ਤਾਂ ਉਸ ਸਮਾਜ ਵਿੱਚ ਔਰਤ ਦੀ ਸਥਿਤੀ ਨੂੰ ਵੇਖਿਆ ਜਾਵੇ ਤੇ ਜੇਕਰ ਸਮਾਜ ਦਾ ਭਵਿੱਖ ਵੇਖਣਾ ਹੋਵੇ ਤਾਂ ਨੌਜਵਾਨ ਵਰਗ ਦੀ ਪ੍ਰਵਿਰਤੀ ਨੂੰ ਵੇਖਿਆ ਜਾਵੇ।ਪਰ ਜੇਕਰ ਦੌਹਾਂ ਦੀ ਸਥਿਤੀ ਨਾਜੁਕ ਹੈ ਤਾਂ ਇਹ ਫਿ਼ਕਰਮੰਦੀ ਹਰ ਸੰਵੇਦਨਸ਼ੀਲ ਮਨੁੱਖ ਨੂੰ ਝੰਜੋੜਣ ਵਾਲੀ ਹੋਣੀ ਚਾਹੀਦੀ ਹੈ।  
ਗੁਰਪਰੀਤ ਸਿੰਘ ਤੂਰ ਇੱਕ ਉੱਚ ਪੁਲਿਸ ਅਧਿਕਾਰੀ ਅਤੇ ਕਿਰਿਆਸ਼ੀਲ ਲੇਖਕ ਹੈ। ਉਹ ਪੰਜਾਬ ਦੀ ਨਸ਼ਿਆਂ ਦੇ ਦਰਿਆ ਵਿੱਚ ਰੁੜ੍ਹਦੀ ਜਾ ਰਹੀ ਜਵਾਨੀ ਨੂੰ ਮੁੜ੍ਹ ਠੀਕ ਰਸਤੇ ਤੇ ਲਿਆਉਣ ਲਈ ਯਤਨਸ਼ੀਲ ਹੈ। ਉਸ ਦੇ ਅੰਦਰੋਂ ਬਾਬੇ ਨਾਨਕ, ਪੀਰਾਂ-ਫਕੀਰਾਂ, ਸੂਫੀਆਂ ਦੀ ਧਰਤੀ ਪ੍ਰਤੀ ਮੁਹੱਬਤ ਫੁੱਟ-ਫੁੱਟ ਨਿਕਲਦੀ ਹੈ। ਏਹੀ ਕਾਰਨ ਹੈ ਕਿ ਉਹ ਜਦੋਂ ਵੀ ਕੋਈ ਲੇਖ ਲਿਖਦਾ ਹੈ ਤਾਂ ਉਸ ਵਿਚਲੀ ਭਾਵਨਾ ਮਾਨਵਤਾ ਕੇਂਦਰਿਤ ਹੁੰਦੀ ਹੈ।‘ਸੰਭਲੇ ਪੰਜਾਬ` ‘ਜੀਵੇ ਜਵਾਨੀ` ‘ਆਲ੍ਹਣਿਓ ਡਿੱਗੇ ਬੋਟ` ਤੇ ‘ਕਰਮੀ` ਪੁਸਤਕ ਵਿਚਲੀ ਸੁਰ ਵੀ ਦੇਸ਼ ਨੂੰ ਕੁਰਾਹੇ ਤੋਂ ਮੋੜਨ ਲਈ ਹਰ ਹੀਲਾ ਜੁਟਾਉਂਦੀ ਨਜ਼ਰ ਆਉਂਦੀ ਹੈ। ਇਹ ਨਵੀਂ ਪੁਸਤਕ ‘ਅੱਲੜ੍ਹ ਉਮਰਾਂ ਤਲਖ਼ ਸੁਨੇਹੇ` ਵੀ ਦਲਦਲ ਵਿੱਚ ਧਸ ਰਹੀ ਜਵਾਨੀ ਨੂੰ ਬਚਾਉਣ ਦੀ ਹਰ ਸੰਭਵ ਕੋਸ਼ਿਸ਼ ਕਰਨ ਵਾਸਤੇ ਤੱਤਪਰ ਹੈ। ਲੇਖਕ ਸਿਰਫ਼ ਬਾਹਰਮੁੱਖੀ ਪ੍ਰਸਥਿਤੀਆਂ ਬਾਰੇ ਹੀ ਚਾਨਣਾ ਨਹੀ ਪਾਉਂਦਾ ਬਲਕਿ ਮਨੁੱਖ ਅੰਦਰ ਹੋ ਰਹੀ ਕਸ਼ਮਕਸ਼ ਨੂੰ ਵੀ ਵਾਚਦਾ ਹੈ। ਲੇਖਕ ਨੌਜ਼ਵਾਨਾਂ ਦੇ ਮਨਾਂ ਵਿੱਚ ਸੁਪਨਿਆਂ ਦੀ ਹਕੀਕਤ ‘ਚ ਅਧੂਰੇਪਣ ਦੀ ਦਾਸਤਾ ਨੂੰ ਬਾਖੂਬੀ ਨਾਲ ਪੇਸ਼ ਕਰਦਾ ਹੈ। ਉਹ ਕਲਪਨਾ ਤੇ ਹਕੀਕਤ ਦੇ ਟਕਰਾਉ ਵਿੱਚੋਂ ਪੈਦਾ ਹੋਈ ਤ੍ਰਾਸਦੀ ਦੀਆਂ ਵਿਭਿੰਨ ਪਰਤਾਂ ਆਪਣੀ ਇਸ ਨਵੀਂ ਪੁਸਤਕ ਰਾਹੀਂ ਅਭਿਵਿਅਕਤ ਕਰਦਾ ਹੈ। ਲੇਖਕ ਇੱਛਿਤ ਯਥਾਰਥ ਬਾਰੇ ਸੋਚਦਾ ਹੈ ਪਰ ਅਣਇੱਛਿਤ ਯਥਾਰਥ ਉਸ ਦੀ ਫਿਕਰਮੰਦੀ ਨੂੰ ਹੋਰ ਤਿਖੇਰਾ ਕਰਦਾ ਹੈ। ਦੇਸ਼ ਦੇ ਆਰਥਿਕ ਸਮਾਜਿਕ ਪ੍ਰਬੰਧ ਵਿਚਲੀਆਂ ਅਨੇਕਾਂ ਵਿਸੰਗਤੀਆਂ ਬਾਰੇ ਲੇਖਕ ਸੁਚੇਤ ਹੈ ਪਰ ਉਹ ਨੌਜਵਾਨਾਂ ਦੇ ਨੈਣਾਂ ਵਿੱਚ ਮਰ ਰਹੇ ਸੁਪਨਿਆਂ ਪ੍ਰਤੀ ਆਪਣੀ ਗੰਭੀਰ ਚਿੰਤਾ ਪ੍ਰਗਟਾਉਂਦਾ ਹੈ। ਇਸ ਪੁਸਤਕ ਵਿੱਚ ਅਜਿਹੇ ਹੀ ਬਹੁ-ਪਾਸਾਰ ਸਾਹਮਣੇ ਆਉਂਦੇ ਹਨ - ਜੋ ਹਰ ਗੰਭੀਰ ਪਾਠਕ ਨੂੰ ਹਲੂਣਦੇ ਹਨ ਤੇ ਚਿੰਤਿਤ ਕਰਦੇ ਹਨ।ਇਸ ਪੁਸਤਕ ਦੇ ਤਿੰਨ ਭਾਗ ਹਨ। ਪਹਿਲੇ ਭਾਗ ਵਿੱਚ 14 ਲੇਖ ਸ਼ਾਮਲ ਹਨ। ਜਿਨ੍ਹਾਂ ਦਾ ਪਾਸਾਰ ਯਥਾਰਥਵਾਦੀ ਧੁਨੀ ਨੂੰ ਉਭਾਰਦਾ ਹੋਇਆ ਸਮੇਂ ਵਿਚਲੀਆਂ ਘਟਨਾਵਾਂ ਨੂੰ ਵਿਵਹਾਰਕਤਾ ਦਾ ਜਾਮਾ ਪਹਿਨਾਉਂਦਾ ਹੈ। ਨੌਜਵਾਨ ਪੀੜ੍ਹੀ ਕਿਵੇਂ ਬੇਰੁਜਗਾਰੀ, ਕੰਗਾਲੀ, ਖੁਦਕਸ਼ੀ ਵੱਲ ਵੱਧ ਰਹੀ ਹੈ। ਸਮਾਜ ਵਿਚਲੀ ਕਿਰਤ ਸ਼ਕਤੀ ਖੜੌਤ ਵਿੱਚ ਹੋਣ ਕਰਕੇ ਨੈਤਿਕ ਕਦਰਾਂ-ਕੀਮਤਾਂ ਵਿੱਚ ਵੀ ਨਿਘਾਰ ਆ ਰਿਹਾ ਹੈ। ਨਿਰਾਸ਼ਾਮਈ ਵਰਤਾਰਾ ਹੋਣ ਕਰਕੇ ਨੌਜਵਾਨ ਇਸ ਦਾ ਹੱਲ ਸੂਝ ਸਮਝ ਤੋਂ ਲੈਣ ਦੀ ਬਜਾਏ ਮਾਨਸਿਕ ਦੁਬਿਧਾ ਵਿੱਚੋ ਨਿਕਲਣ ਲਈ ਨਸ਼ਿਆਂ ਦਾ ਸਹਾਰਾ ਲੈਣ ਲੱਗ ਜਾਂਦਾ ਹੈ। ਲੇਖਕ ਨੌਜਵਾਨ ਪੀੜ੍ਹੀ ਦੇ ਨਸ਼ਿਆਂ ਵਿੱਚ ਗਲਤਾਨ ਹੋਣ ਦੇ ਮਾਨਸਿਕ ਕਾਰਨਾਂ ਦੀ ਤਲਾਸ਼ ਕਰਦਾ ਹੈ। ਇਸ ਪੁਸਤਕ ਵਿੱਚੋਂ ਨਸ਼ਿਆਂ ਦੇ ਦੋ ਮੁੱਖ ਕਾਰਨ ਉਭਰ ਕੇ ਸਾਹਮਣੇ ਆਏ ਉਹ ਹਨ-ਫੈਸ਼ਨਪ੍ਰਸਤੀ ਤੇ ਮਜਬੂਰੀ ਇਸ ਪਿਛਲੇ ਕਈ ਕਾਰਨ ਆਪੋ ਵਿੱਚ ਜੁੜੇ ਹੋਏ ਹਨ ਜਿਵੇ ਵਿਦਿਅਕ ਸੰਸਥਾਵਾਂ ਵਿੱਚ ਦੇਖਾ ਦੇਖੀ ਨਸ਼ਿਆਂ ਦੀ ਆਦਤ ਸਹੇੜਨਾ, ਆਪਣੇ ਵਧ ਰਹੇ ਖਰਚੇ ਦੀ ਪੂਰਤੀ ਲਈ ਨਸ਼ੇ ਵੇਚਣਾ, ਮੰਡੀ ਦੇ ਸਭਿਆਚਾਰ ਨੂੰ ਕਬੂਲਦਿਆਂ ਫੁਕਰਾਪਣ, ਆਪਹੁਦਰਾਪਣ, ਹੀਰੋਇਯਮ ਦੀ ਪ੍ਰਵਿਰਤੀ ਦਾ ਪੈਦਾ ਹੋਣਾ। ਅਜਿਹੀ ਸਥਿਤੀ ‘ਚ ਵਿਦਿਆਰਥੀ ਆਪਣੇ ਸੁਪਨਿਆਂ ਦਾ ਤਾਂ ਕਤਲ ਕਰਦੇ ਹਨ ਪਰ ਨਾਲੋ-ਨਾਲ ਮਾਪਿਆਂ ਨੂੰ ਵੀ ਧੋਖਾ ਦਿੰਦੇ ਤੇ ਉਨ੍ਹਾਂ ਦੇ ਅਰਮਾਨਾਂ ਉੱਤੇ ਵੀ ਪਾਣੀ ਫੇਰ ਦਿੰਦੇ ਹਨ। 
ਲੇਖਕ ਇਹ ਵੀ ਦੱਸਦਾ ਹੈ ਕਿ ਭਾਰਤ ਵਿਚਲੀ ਕਿਰਤ ਸ਼ਕਤੀ ਦੀ ਅਹਿਮੀਅਤ ਨਾ ਹੋਣ ਕਰਕੇ ਨੌਜਵਾਨਾਂ ਦਾ ਵਿਦੇਸ਼ ਵੱਲ ਧੱਕੇ ਜਾਣਾ-ਇਥੇ ਕੰਮ ਨਾ ਮਿਲਨ ਕਰਕੇ ਜੋ ਨਹੀ ਜਾ ਸਕਦੇ ਉਹ ਆਪਣੀਆਂ ਲੋੜਾਂ ਨੂੰ ਪੂਰਾ ਕਰਨ ਲਈ ਨਸ਼ਿਆਂ ਦੀ ਵਿਕਰੀ ਕਰਨ ਵੱਲ ਤੁਰ ਪੈਣਾ। ਗੈਂਗਵਾਦ, ਗੁੰਡਾਗਰਦੀ, ਲੁੱਟ-ਖੋਹ, ਹਿੰਸਕ ਘਟਨਾਵਾਂ ਅਜਿਹੇ ਬਹੁਤ ਸਾਰੇ ਕੇਸ ਅਸਲੀਅਤ ‘ਚ ਲੇਖਕ ਦੇ ਸਾਹਮਣੇ ਆਏ ਹਨ। ਨਸ਼ੇੜੀ ਵਿਅਕਤੀ ਦੇ ਪਰਿਵਾਰ, ਘਰ ਦੀ ਜੋ ਦੁਰਦਸ਼ਾ ਹੁੰਦੀ ਹੈ। ਉਸ ਦਾ ਬਿਆਨ ਵੀ ਸੂਖਮਤਾ ਨਾਲ ਕੀਤਾ ਗਿਆ ਹੈ।ਲੇਖਕ ਇਸ ਪੱਖੋਂ ਹੈਰਾਨ ਹੁੰਦਾ ਹੈ ਕਿ ਨਸ਼ਿਆਂ ਵਿਰੁੱਧ ਜੋ ਲਹਿਰ ਪਿੰਡ-ਪਿੰਡ ਪੰਚਾਇਤ ਪੱਧਰ ਤੋਂ ਉਪਰ ਵੱਲ ਉੱਠਣੀ ਚਾਹੀਦੀ -ਇੱਥੇ ਅਜਿਹਾ ਨਹੀ ਹੋ ਰਿਹਾ ਕਿਉਂਕਿ ਵੋਟਤੰਤਰ ਵਿੱਚ ਵੋਟਾਂ ਖਰੀਦਣ ਲਈ ਨਸ਼ੇ ਵਰਤਾਉਣਾ ਸਸਤਾ ਸਾਧਨ ਹੈ ਜੋ ਬਾਅਦ ‘ਚ ਲੋਕਾਂ ਲਈ ਘਾਤਕ ਸਾਬਤ ਹੁੰਦਾ ਹੈ। ਸ਼ਰਾਬ ਦੇ ਨਸ਼ੇ ਤੋਂ ਉਪਰ ਸਮੈਕ ਦੇ ਨਸ਼ੇ ਦੇ ਸੇਵਨ ਨਾਲ ਪੰਜਾਬ ਦੇ ਘਰਾਂ ਦੇ ਚਿਰਾਗ਼ ਬੁਝਾ ਦਿੱਤੇ ਹਨ। ਲੇਖਕ ਨੇ ਇਹ ਸਚਾਈ ਤੱਥਾਂ ਦੇ ਅਧਾਰਿਤ ਬਿਆਨ ਕੀਤੀ ਹੈ। ਨਸ਼ਿਆਂ ਦੇ ਮਾਰੂ ਪ੍ਰਭਾਵ, ਨਸ਼ਿਆਂ ਦਾ ਸੰਤਾਪ ਹੰਢਾਉਂਦੀਆਂ ਔਰਤਾਂ, ਇੱਕੋ ਦਿਨ ਵਾਪਰੀਆਂ ਘਟਨਾਵਾਂ, ਵੇਖ ਧੀਆਂ ਦੇ ਲੇਖ, ਹਾਰੀ ਹੋਈ ਜ਼ਿੰਦਗੀ ਨਾਲ ਜੀਵਿਆਂ ਨਹੀ ਜਾਂਦਾ ਆਦਿ ਲੇਖਾਂ ਦੇ ਜਰੀਏ ਲੇਖਕ ਨੇ ਨਸ਼ਿਆਂ ਦੇ ਆਏ ਹੜ੍ਹ ਵਿੱਚ ਰੁੜ ਰਹੀਆਂ ਜ਼ਿੰਦਗੀਆਂ ਪ੍ਰਤੀ ਜਿੱਥੇ ਰੋਹ ਪ੍ਰਗਟਾਇਆ ਉਥੇ ਉਨਾਂ ਦੇ ਪਰਿਵਾਰਾਂ ਸੰਗ ਤਰਸ਼ ਤੇ ਹਮਦਰਦੀ ਦੀ ਭਾਵਨਾ ਨੂੰ ਵੀ ਸਾਹਮਣੇ ਲਿਆਂਦਾ ਹੈ। ਉਥੇ ਗੁਰਪ੍ਰੀਤ ਸਿੰਘ ਤੂਰ ਪੰਜਾਬ ਵਿੱਚ ਅਣਖ, ਗੈਰਤ, ਸੂਰਬੀਰਤਾ, ਤਿਆਗ, ਸੇਵਾ, ਕੁਰਬਾਨੀ ਵਰਗੀਆਂ ਭਾਵਨਾਵਾਂ ਨੂੰ ਬਰਕਰਾਰ ਦੇਖਣਾ ਚਾਹੁੰਦਾ ਹੈ। ਜਿਸ ਦਾ ਸਿੱਟਾ ਇਹ ਕੱਢਦਾ ਹੈ ਕਿ ਜਿਨ੍ਹਾਂ ਚਿਰ ਅਸੀਂ ਕਿਰਤ ਤੇ ਕੁਦਰਤ ਤੋਂ ਵਿਛੁੰਨੇ ਰਹਾਂਗੇ ਉਨ੍ਹਾਂ ਚਿਰ ਵਕਾਰਾਂ ਦੇ ਰਾਹਾਂ ਤੇ ਤੁਰਦੇ ਦਿਸ਼ਾਹੀਣ ਮੁਸਾਫਿ਼ਰ ਬਣੇ ਰਹਾਂਗੇ। ਲੇਖਕ ਸਿਰਫ਼ ਸਮਾਜ ਵਿੱਚੋਂ ਨਾ-ਪੱਖੀ ਤੱਤਾਂ ਨੂੰ ਦ੍ਰਿਸ਼ਟਮਾਨ ਨਹੀ ਕਰਦਾ ਉਹ ਚੰਗੀਆਂ ਸਾਹਿਤਕ ਰਚਨਾਵਾਂ, ਸੰਸਕਾਰ, ਵਿਚਾਰ, ਫਿਲਮਾਂ ਜੋ ਲੋਕ ਤੱਤਾਂ ਨਾਲ ਪਰਨਾਈਆਂ ਹਨ ਉਨ੍ਹਾਂ ਦਾ ਜ਼ਿਕਰ ਵੀ ਨਾਲੋਂ ਨਾਲ ਕਰਦਾ ਹੈ ਜੋ ਸਮਾਜ ਨੂੰ ਸੇਧ ਦਿੰਦੀਆਂ ਹਨ। 
ਇਨਾਂ ਲੇਖਾਂ ਦਾ ਇੱਕ ਪਾਸਾਰ ਉਪਦੇਸ਼ਮਈ ਸੁਰ ਅਲਾਪਦਾ ਹੋਇਆ ਸੁਧਾਰਵਾਦੀ ਪੈਂਤੜਾ ਲੈਂਦਾ ਹੈ। ਭਾਗ ਦੂਜੇ ਦੇ 21 ਲੇਖ ਏਸੇ ਵਿਚਾਰਾਂ ਦੀ ਪੈਰਵੀ ਹੋਈ ਹੈ ਜਿਵੇਂ ਵਿਕਾਸ ਵਿੱਚ ਕਿਰਤ ਦੀ ਦੇਣ, ਮਨੁੱਖ ਦੀ ਸਖਸੀਅਤ ਨੂੰ ਨਿਖਾਰ ਵਿੱਚ ਕਿਰਤ ਦਾ ਯੋਗਦਾਨ, ਸਾਦਗੀ ਤੇ ਸਲੀਕਾ, ਗੌਰਵਤਾ, ਸਹਿਜਤਾ, ਮੇਲ-ਮਿਲਾਪ, ਮਾਨਵੀ ਮੁਹੱਬਤ ਆਦਿ ਅਨੇਕਾਂ ਪੱਖਾਂ ਬਾਰੇ ਬਹੁਤ ਸਾਰੇ ਅੰਸ਼ ਉਭਰ ਕੇ ਸਾਹਮਣੇ ਆਏ ਹਨ। ਲੇਖਕ ਆਪਣੇ ਲੋਕ ਵਿਰਸੇ ਨਾਲ ਜੁੜਨ ਲਈ ਨਸੀਹਤ ਦਿੰਦਾ ਹੈ। ਏਨਾਂ ਲੇਖਾਂ ਦੇ ਮੁਹਾਂਦਰੇ ‘ਚ ਅਤੀਤ ਵਰਤਮਾਨ ਤੇ ਭਵਿੱਖ ਦੇ ਨਕਸ਼ਾਂ ਦੀ ਨਿਸ਼ਾਨਦੇਹੀ ਸਫ਼ਲ ਪੂਰਵਕ ਹੋਈ ਹੈ। ਲੇਖਕ ਗ਼ਲਤੀਆਂ ਤੋਂ ਸਬਕ ਸਿੱਖਣ, ਜਿੰਦਗੀ ਦੇ ਰੁਝੇਵੇ ਦੀ ਸਾਕਾਰਤਮਕ ਦੇਣ, ਕਿਰਤ ਦੀਆਂ ਖੁਸਬੋਆਂ ਦਾ ਫੈਲਾਅ, ਗੈਰ ਰਸਮੀ ਸਿੱਖਿਆ ਤੇ ਘੁੰਮਣ-ਫਿਰਨ ਦਾ ਸ਼ੋਕ, ਚੰਗੀਆਂ ਪੁਸਤਕਾਂ ਪੜ੍ਹਣ ਦੀ ਰੁਚੀ, ਖੇਡ ਸਭਿਆਚਾਰ ਨੂੰ ਪ੍ਰਫੁਲਤ ਕਰਨ ਲਈ ਯਤਨਸ਼ੀਲ ਹੈ ਤੇ ਉਹ ਸਿਰਜਣਾਤਮਕ ਲੀਹਾਂ ਦੀ ਅਜਿਹੀ ਉਸਾਰੀ ਕਰਨ ਦਾ ਸੁਪਨਾ ਲੈਂਦਾ ਹੈ ਜਿਸ ਵਿੱਚੋਂ ਸਿਰਫ ਜਾਣਕਾਰੀ ਹੀ ਨਾ ਬਲਕਿ ਗਿਆਨ ਤੇ ਸਿਆਣਪ ਦੀਆਂ ਬਹੁ-ਪਰਤਾਂ ਦਾ ਸੁਮੇਲ ਵੀ ਹੋਵੇ। 
ਇਸ ਪੁਸਤਕ ਦਾ ਆਖਰੀ ਹਿੱਸਾ ਬੇਰੁਜਗਾਰੀ ਦੇ ਸੱਚ ਨੂੰ ਬਿਆਨ ਕਰਦਾ ਹੋਇਆ ਨੌਜ਼ਵਾਨਾਂ ਦੇ ਭਵਿੱਖ ਪ੍ਰਤੀ ਚਿੰਤਿਤ ਦਿਖਾਈ ਦਿੰਦਾ ਹੈ। ਛੇ ਹਜਾਰ ਅਸਾਮੀਆਂ ਲਈ ਪੰਜ ਲੱਖ ਤੋਂ ਵੱਧ ਅਰਜੀਆਂ ਪ੍ਰਾਪਤ ਹੋਈਆਂ। ਨੌਜਵਾਨ ਨੂੰ ਆਪਣੀ ਆਖਰੀ ਮੰਜ਼ਲ ਤੱਕ ਪਹੁੰਚਣ ਲਈ ਕਿੰਨੇ ਰਾਹੀਂ ਗੁਜਰਨਾ ਪੈਂਦਾ ਹੈ। ਜਦੋਂ ਨੌਜ਼ਵਾਨ ਆਪਣੇ ਫਿਜ਼ੀਕਲ ਟੈਸਟ ਲਈ ਹਾਜ਼ਰ ਹੁੰਦਾ ਤਾਂ ਉਸ ਸਾਹਵੇ ਰੁਜ਼ਗਾਰ ਪ੍ਰਾਪਤ ਕਰਨ ਦੀ ਇੱਛਾ ਉਹਦੇ ਚਿਹਰੇ ਤੇ ਖੁਸ਼ੀ ਦੀਆਂ ਤਰੰਗਾਂ ਬਿਖੇਰਦੀ ਹੈ ਪਰਿਵਾਰ ਵਾਲੇ ਵੀ ਬੱਚੇ ਨੂੰ ਚਾਵਾਂ ਨਾਲ ਭੇਜਦੇ ਉਨ੍ਹਾਂ ਦੇ ਨੈਣਾਂ ਵਿੱਚ ਵੀ ਖੁਸ਼ੀ ਦਾ ਉਭਾਰ ਆਉਂਦਾ ਹੈ ਕਿੰਨੇ ਹੀ ਜੀਵਨ ਦੇ ਸੁੱਪਨੇ ਉਸ ਨੇ ਭਰਤੀ ਸਮੇਂ ਦਿੱਤੇ ਟੈਸਟ ਵਿੱਚ ਪਰੋਏ ਹੁੰਦੇ ਹਨ। ਲੇਖਕ ਖੁਦ ਪੁਲਿਸ ਅਧਿਕਾਰੀ ਹੋਣ ਕਰਕੇ ਭਰਤੀ ਵੇਲੇ ਸਾਮਲ ਹੁੰਦਾ ਹੈ ਤੇ ਨੌਜਵਾਨਾਂ ਦੇ ਮੈਦਾਨ ਵਿੱਚ ਆਉਣ ਵੇਲੇ ਤੇ ਜਾਣ ਵੇਲੇ ਦੇ ਚਿਹਰੇ ਦੇ ਭਾਵਾਂ ਨੂੰ ਪਕੜਦਾ ਹੈ। ਫਿਜ਼ੀਕਲ ਟੈਸਟ ਵਿੱਚੋਂ ਪਾਸ ਨਾ ਹੋਣ ਦੀ ਸੂਰਤ ਵਿੱਚ ਉਸ ਦੀ ਮਾਨਸਿਕ ਦਸ਼ਾ ਨੂੰ ਸਮੇਂ ਦੀ ਸਥਿਤੀ, ਰਾਜਸੀ ਸਿਸਟਮ, ਸਮਾਜਕ ਵਰਤਾਰਾ ਤੇ ਨੌਜਵਾਨ ਦੇ ਕਿਰਦਾਰ ਵਿਚਲੀਆਂ ਵਿਭਿੰਨ ਗੁੰਝਲਾਂ ਬਾਰੇ ਲੇਖਕ ਜਾਣਨ ਲਈ ਤੱਤਪਰ ਰਹਿੰਦਾ ਹੈ। ਉਹ ਅਜਿਹੇ ਨੌਜਵਾਨਾਂ ਨਾਲ ਮੁਲਾਕਾਤਾਂ ਕਰਕੇ ਉਹਨਾਂ ਦੀ ਜੀਵਨ ਸ਼ੈਲੀ ਨੂੰ ਸਮਝਦਾ ਹੈ। ਅਜਿਹੇ ਪੜਾਅ ਦੇ ਨੌਜਵਾਨ ਦੇ ਖੁਰ ਗਏ ਅਰਮਾਨਾਂ ਪਿਛਲੀ ਜੜ੍ਹ ਨੂੰ ਪਹਿਚਾਨਣ ਲਈ ਲੇਖਕ ਆਪਣੀ ਪਹੁੰਚ ਤੋਂ ਨਤੀਜ਼ਾ ਕੱਢਦਾ ਹੈ। ਇਨਾਂ ਲੇਖਾਂ ਵਿੱਚੋਂ ਸਾਹਮਣੇ ਆਈ ਚਿੰਤਨਮੁੱਖੀ ਸੁਰ ਜਵਾਨੀ ਨੂੰ ਸੰਭਾਲਣ ਲਈ ਸਮਾਜ ਨੂੰ ਹਲੂਣਦੀ ਹੈ। ਤੂਰ ਨੇ ਘਟਨਾਵਾਂ, ਤੱਥਾਂ, ਦ੍ਰਿਸ਼ਾਂ ਰਾਹੀਂ ਵਾਰਤਕ ਸਿਰਜਦਿਆਂ ਸਮਾਜ ਨੂੰ ਸੰਦੇਸ਼ ਦੇਣ ਦੀ ਕੋਸ਼ਿਸ਼ ਕੀਤੀ ਹੈ। ਇਸ ਵਿਚਲੀ ਵਾਰਤਕ ਸ਼ੈਲੀ ਬਹੁਤ ਹੀ ਦਿਲਸਚਪ ਹੈ। ਇਸ ਵਿੱਚ ਸਮੇਂ ਦੀ ਕੌੜੀ ਸਚਾਈ ਵੀ ਸਹਿਜਤਾ ਨਾਲ ਸਾਹਮਣੇ ਆਉਂਦੀ ਹੈ। ਪੰਜਾਬ ਵਿੱਚੋਂ ਨਸ਼ਿਆਂ ਦੇ ਪਾਸਾਰ ਅਤੇ ਇਸ ਨੂੰ ਰੋਕਣ ਵਾਸਤੇ ਠੋਸ ਕਦਮ ਲੋਕਾਂ ਦੁਆਰਾ ਚੁੱਕਣ ਦੀ ਗੱਲ ਕੀਤੀ ਗਈ ਹੈ। 
ਲੇਖਕ ਤਲਖ਼ ਹਕੀਕਤਾਂ ਨੂੰ ਬਿਆਨਦਾ ਹੋਇਆ ਨਸ਼ਿਆਂ ਦਾ ਖ਼ਾਤਮਾ ਚਾਹੁੰਦਾ ਹੈ। ਇਹ ਪੁਸਤਕ ਵਿਚਲੀਆਂ ਸਭ ਘਟਨਾਵਾਂ ਹਕੀਕੀ ਹਨ। ਲੇਖਕ ਪੁਲਿਸ ਦਾ ਉੱਚ ਅਧਿਕਾਰੀ ਹੋਣ ਕਰਕੇ ਇੱਕ ਦਾਇਰੇ ‘ਚ ਰਹਿ ਕੇ ਸਮੱਸਿਆ ਦਾ ਖਾਤਮਾ ਚਾਹੁੰਦਾ ਹੋਇਆ ਮਨੁੱਖੀ ਜੀਵਨ ‘ਚ ਨਵਾਂ ਹੁਲਾਸ ਪੈਦਾ ਕਰਨ ਦਾ ਚਾਹਵਾਨ ਹੈ। ਯਥਾਰਥ ਦੀ ਤਸਵੀਰ ਨੂੰ ਸਾਹਮਣੇ ਲਿਆਉਂਦੀਆਂ ਅਜਿਹੀਆਂ ਪੁਸਤਕਾਂ ਪਾਠਕਾਂ ਲਈ ਮੁਲਵਾਨ ਹੁੰਦੀਆਂ ਹਨ। 
*ਅਰਵਿੰਦਰ ਕੌਰ ਕਾਕੜਾ (ਡਾ਼)  
ਅਸਿਸਟੈਂਟ ਪ੍ਰੋਫੈਸਰ 
ਪਬਲਿਕ ਕਾਲਜ ਸਮਾਣਾ। 
ਮੋ: 9463615536
  

Sunday, 29 July 2018

ਮਾਨਵੀ ਸੰਵੇਦਨਾ ਦਾ ਚਿਤਰਮਾਨ ਕਰਦੀ ਸ਼ਾਇਰੀ---ਇਉਂ ਵੀ ਦੇਖਣਾ ਹੈ

Jul 25, 2018, 6:14 PM
ਸੰਨ 84 ਤੇ ਗੁਜਰਾਤ ਸਮੇਤ ਹੁਣ ਤੱਕ ਦਾ ਕਾਵਿਕ ਦਸਤਾਵੇਜ਼ ਵੀ ਹੈ ਇਹ
(ਕਾਵਿ ਪੁਸਤਕ)                                                       
ਜਗਦੀਪ ਸਿੱਧੂ
ਪੰਨੇ: 80 ਕੀਮਤ: 130 ਰੁਪਏ
ਕੈਲੀਬਰ ਪਬਲੀਕੇਸ਼ਨ, ਪਟਿਆਲਾ  
ਜਗਦੀਪ ਸਿੱਧੂ ਪੰਜਾਬੀ ਕਵਿਤਾ ਦਾ ਉਹ ਹਸਤਾਖ਼ਰ ਹੈ ਜੋ ਜੀਵਨ ਵਿਚਲੇ ਹਰ ਵਰਤਾਰੇ ਨੂੰ ਸੂਖ਼ਮਤਾ ਨਾਲ ਵਾਚਦਾ ਹੈ ਤੇ ਸੁਹਜਮਈ ਢੰਗ ਨਾਲ ਚਿਤਰਮਾਨ ਕਰਦਾ ਹੈ। ਉਸਦੀ ਕਵਿਤਾ ਦਾ ਪਾਸਾਰ ਨਿੱਜੀ ਅਨੁਭਵ ਤੋਂ ਬ੍ਰਹਿਮੰਡੀ ਵਿਸ਼ਾਲਤਾ ਤੱਕ ਸਫ਼ਰ ਕਰਦਾ ਹੈ। ਉਹ ਆਪਣੇ ਪਹਿਲੇ ਕਾਵਿ ਸੰਗ੍ਰਹਿ ਜਾਣ ਤੇ ਮੈਂਨੂੰ ਨਾਲ ਕਾਵਿ ਜਗਤ ਅੰਦਰ ਪ੍ਰਵੇਸ਼ ਹੁੰਦਾ ਹੈ। ਜਗਦੀਪ ਸਿਰਜਨਾ ਦੇ ਨਾਲ ਨਾਲ ਅਨੁਵਾਦ ਕਰਨ ਵਿੱਚ ਵੀ ਨਿਪੁੰਨ ਹੈ। ਉਹ ਕਵੀ ਦੀਆਂ ਭਾਵਨਾਵਾਂ ਪ੍ਰਤੀ ਤੀਬਰ ਅਹਿਸਾਸ ਰੱਖਦਾ ਹੋਇਆ ਰਚਨਾ ਦਾ ਅਨੁਵਾਦ ਇਸ ਢੰਗ ਨਾਲ ਕਰਦਾ ਹੈ ਕਿ ਵੇਖਣ ਵਾਲੇ ਨੂੰ ਉਹ ਅਨੁਵਾਦਿਤ ਰਚਨਾ ਨਹੀ ਬਲਕਿ ਜਗਦੀਪ ਦੀ ਨਿੱਜੀ ਲਿਖਤ ਲਗਦੀ ਹੈ। ਉਹ ਕਵਿਤਾ ਵਿੱਚਲੇ ਥੀਮ ਤੇ ਕੇਂਦਰਿਤ ਕਾਵਿਕ ਧੁੱਨੀ ਨੂੰ ਮਾਪਣ ਵਿੱਚ ਸਫ਼ਲ ਹੁੰਦਾ ਹੈ ਜਿਸ ਦਾ ਪ੍ਰਗਟਾਵਾ ਉਸ ਦੁਆਰਾ ਅਨੁਵਾਦਿਤ ਪੁਸਤਕ ਸਮੁੰਦਰ ਤੇ ਹੋ ਰਹੀ ਬਾਰਿਸ਼ ਵਿੱਚੋਂ ਸਾਹਮਣੇ ਆਉਂਦਾ ਹੈ। ਉਹ ਮਹਿਜ਼ ਵਿਸਿ਼ਆਂ ਦੀ ਰਿਪੋੋਰਟਿੰਗ ਤੱਕ ਹੀ ਸੀਮਤ ਨਹੀ ਬਲਕਿ ਵਰਤਾਰੇ ਅੰਦਰ ਸਮਾਏ ਬਹੁ-ਪੱਖੀ ਅੰਸ਼ਾਂ ਦਾ ਗੰਭੀਰਤਾ ਨਾਲ ਨੋਟਿਸ ਵੀ ਲੈਂਦਾ ਹੈ ਸ਼ਬਦਾਂ ਦੀ ਕਲਾਮਈ ਘਾਤੜ ਘੜਣਾ ਉਸ ਦੀ ਖ਼ੂਬੀ ਹੈ ਜਿਸ ਦੀ ਪ੍ਰਤਖਣਤਾ ਉਸ ਦੀ ਨਵੀਂ ਪੁਸਤਕ ਇਉਂ ਵੀ ਦੇਖਣਾ ਹੈੋ ਵਿੱਚੋ ਭਲੀ ਭਾਂਤ ਉਘੜਦੀ ਹੈ। ਇਸ ਕਵਿਤਾ ਦੇ ਪਾਠ ਚੋਂ ਗੁਜਰਦਿਆਂ ਮਹਿਸੂਸ ਹੁੰਦਾ ਹੈ ਕਿ ਜਗਦੀਪ ਦੀ ਵਿਸ਼ਾਲ ਦ੍ਰਿਸ਼ਟੀ ਹਰ ਪ੍ਰਸਥਿਤੀ ਨੂੰ ਕਈ ਕੋਣਾਂ ਤੋਂ ਵਾਚਦੀ ਹੋਈ ਸਮੁੱਚਤਾ ਵਿੱਚ ਕਵਿਤਾ ਨੂੰ ਬੰਨਦੀ ਹੈ। ਇਸ ਪੁਸਤਕ ਦਾ ਸਾਰਾਂਸ਼ ਵੀ ਇਹ ਹੈ ਕਿ ਹਰ ਘਟਨਾ ਦਾ ਬਹੁ-ਪੱਖੀ ਮੁਲਾਂਕਣ ਕਰਕੇ ਸਮਾਜ ਅੰਦਰਲੀਆਂ ਵਿਰੋਧਾਈਆਂ ਦਾ ਨਿਰੋਲ ਨਿਰਣਾ ਸਥਾਪਿਤ ਕਰਨਾ ਜਿਵੇਂ ਕਵਿਤਾ ਇਉਂ ਵੀ ਦੇਖਣਾ ਹੈ ਵਿਚੋਂ ਇਸ ਦੀ ਝਲਕ ਉਭਰਦੀ ਨਜ਼ਰ ਆਉਂਦੀ ਹੈ।
ਇਉਂ ਵੀ ਦੇਖਣਾ ਹੈ
ਕਿ ਸਿਰਫ਼
ਇੱਕ ਦੀਵਾਰ ਨਾ ਦਿਖੇ
ਇੱਕ ਛੱਤ ਨਾ ਦਿਖੇ
ਦਿਖੇ
ਕਿੰਨਾ ਸੀਮਿੰਟ
ਕਿੰਨੀ ਰੇਤ
ਕਿੰਨਾ ਪਾਣੀ
ਕਿੰਨੀ ਮਿਹਨਤ
ਕਿਰਤੀਆਂ ਦੀ
ਕਵੀ ਆਪਣੇ ਤੋਂ ਆਪਣੇ ਤੱਕ ਦਾ ਸਫ਼ਰ ਕਰਦਿਆਂ ਜ਼ਿੰਦਗੀ ਦੇ ਰਾਹਾਂ ਵਿਚਲੀਆਂ ਕਈ ਵਿੱਥਾਂ 'ਚ ਉੱਗੇ ਅਹਿਸਾਸਾਂ ਨੂੰ ਜ਼ੁਬਾਨ ਦਿੰਦਾ ਹੈ ਜਿਸ ਵਿੱਚ ਔਖੇ ਬਿਖੜੇ ਪੈਡਿਆਂ ਤੇ ਅਸਵਾਰ ਮਨੁੱਖ ਨੂੰ ਕੌੜੇ ਯਥਾਰਥ ਨਾਲ ਸਨਮੁੱਖ ਹੁੰਦਿਆਂ ਆਪਣੀ ਮੰਜ਼ਲ ਦਾ ਰਸਤਾ ਖੁ਼ਦ ਤਰਾਸ਼ਣਾ ਪੈਂਦਾ ਹੈ। ਆਪਣੇ ਬਾਰੇ ਕਵਿਤਾ ਅਜਿਹੇ ਭਾਵਾਂ ਨਾਲ ਲਬਰੇਜ਼ ਹੈ। ਜਿ਼ੰਦਗੀ ਜਿਉਣ ਤੇ ਮਾਨਣ ਵਿਚਲੇ ਅੰਤਰ ਨੂੰ ਸਮਝਦਿਆਂ ਜਗਦੀਪ ਨਿਮਰਤਾ ਤੇ ਸਹਿਜਤਾ ਨਾਲ ਫੈਲਾਅ ਚ ਭਟਕਦੀ ਰੂਹ ਨੂੰ ਸਕੂਨ ਪ੍ਰਾਪਤ ਕਰਨ ਦੀ ਤਮੰਨਾ ਚ ਜੀਵਨ ਦੀ ਸਕਾਰਾਤਮਕਤਾ ਚਾਹੁੰਦਾ ਕਵਿਤਾ ਫੈਲਾਅ ਵਿੱਚ ਬਿਆਨਦਾ ਹੈ। ਇਸ ਕਵਿਤਾ ਵਿਚਲੇ ਕਈ ਰੰਗ ਆਪਣੀ ਆਪਣੀ ਸਪੇਸ ਗ੍ਰਹਿਣ ਕਰਦੇ ਨਜ਼ਰ ਆਉਂਦੇ ਹਨ। ਰਿਸ਼ਤਿਆਂ ਦੀ ਵਿਆਕਰਣ ਰਾਹੀਂ ਮੋਹ ਮੁਹੱਬਤ ਤੇ ਫ਼ਰਜਾਂ ਨੂੰ ਤੱਕੜੀ ਚ ਤੋਲਦਿਆਂ ਜਗਦੀਪ ਜੀਵਨ ਦੀ ਪੂਰਨਤਾ ਤੱਕ ਪਹੁੰਚਣਾ ਚਾਹੁੰਦਾ ਹੈ ਉਸ ਖਾਮੌਸ਼ ਪਲਾਂ ਚ ਵੀ ਹਿਲਚੁੱਲ ਦਾ ਅਹਿਸਾਸ ਕਰਦਾ ਹੋਇਆ ਚੁੱਪ ਦੇ ਕੈਨਵਸ ਚ ਆਪਣਾ ਪ੍ਰਤੀਕਰਮ ਦਿੰਦਾ ਹੈ। ਮੇਰਾ ਬੱਚਾ ਇਸੇ ਸੰਦਰਭ ਵਿੱਚ ਵਾਚੀ ਜਾ ਸਕਦੀ ਮੱਹਤਵਪੂਰਨ ਕਵਿਤਾ ਹੈ। ਹਾਸੇ ਦੀ ਕੀਮਤ, ਰਾਣੀ ਬੇਟੀੋ, ਕੋਲ ਕੋਲੋ, ਨਵਾਂ ਜਨਮ, ਭਵਿੱਖ ਆਦਿ ਕਵਿਤਾਵਾਂ ਵਿੱਚੋਂ ਕਵੀ ਆਪਣੀ ਬੱਚੀ ਦੇ ਵਿਕਾਸ ਰਾਹੀਂ ਜ਼ਿੰਦਗੀ ਨੂੰ ਨਿਰੰਤਰਤਾ ਦੇ ਚੌਖਟੇ ਤੇ ਰੱਖ ਕੇ ਵਾਚਦਾ ਹੋਇਆ ਖਲਾਅ ਦੇ ਪਲਾਂ ਚ ਤਾਜ਼ਗੀ ਤੇ ਨਵੀਂ ਆਸ ਦੀ ਪੂਰਤੀ ਕਰਨ ਵਿੱਚ ਨਿਵੇਕਲਾ ਪ੍ਰਯੋਗ ਕਰਦਾ ਹੈ। ਜੋ ਇਸ ਕਵਿਤਾ ਦੀ ਵਿਸ਼ੇਸ਼ਤਾ ਦੇ ਤੌਰ ਤੇ ਉੱਘੜਕੇ ਸਾਹਮਣੇ ਆਉਂਦੇ ਹੈ। ਤੂੰ ਵੀ ਬੱਸ, ਧੁੱਪ ਧੁੰਦ ਦੇ ਗਲੋਟੇ,  ਦੀਵਾਲੀ, ਸੱਚਾਈ, ਘਰ, ਉਤਸਵ ਆਦਿ ਕਵਿਤਾਵਾਂ ਵਿਚਲੀ ਸੁਰ ਨਿਰਸੁਆਰਥੀ ਰਿਸ਼ਤਿਆਂ ਵਿਚਲੇ ਨਿੱਘ ਨੂੰ ਮਾਣਦੀ ਹੋਈ ਵਰਤਮਾਨ ਤੇ ਅਤੀਤ ਵਿਚਲੇ ਫ਼ਾਸਲੇ ਨੂੰ ਸਮਝਦੀ ਹੈ ਜਿਸ ਤਹਿਤ ਮਨਫ਼ੀ ਹੋ ਰਹੀਆਂ ਸਾਝਾਂ ਦਾ ਸੁਆਲ ਵੀ ਸਾਹਮਣੇ ਆ ਖੜਦਾ ਹੈ। ਜਗਦੀਪ ਪਿਆਰ ਭਰੀ ਜ਼ਿੰਦਗੀ ਪ੍ਰਤੀ ਫ਼ਰਜਾਂ ਨੂੰ ਪਹਿਚਾਣਨ ਦੀ ਤਵੱਕੋ ਕਰਦਾ ਹੈ। ਉਹ ਮੁੱਹਬਤ ਵਰਗੇ ਹਰਫਾਂ ਦੀ ਤੌਹੀਨ ਨਹੀ ਕਰਦਾ ਬਲਕਿ ਯਾਦਾਂ, ਮਿਲਣ ਤੇ ਵਿਛੜਣ ਦੇ ਅਹਿਸਾਸਾਂ ਵਿਚੋਂ ਵੀ ਨਿਵੇਕਲਾਪਣ ਮਹਿਸੂਸਤਾ ਹੋਇਆ ਆਪਣੇ ਕਾਵਿ ਪ੍ਰਸੰਗਾਂ ਰਾਹੀਂ ਪਿਆਰ ਦਾ ਇਜ਼ਹਾਰ ਬਾਖੂਬੀ ਕਰਦਾ ਹੈ। ਇਸੇ ਤਰਾਂ ਦੀ ਮੁਹਬੱਤੀ ਧੁੱਨੀ ਦਾ ਪ੍ਰਗਟਾ ਸ਼ੀਸ਼ਾ, ਬਦਲ, ਜਾਦੂ, ਦੋ ਘਰ, ਭੁੱਲ ਹੀ ਜਾਈਏ ਤਾਂ ਚੰਗਾ ਹੈ, ਕੌਣ ਭੁਲੱਣ ਦਿੰਦਾ ਹੈ ਆਦਿ ਕਵਿਤਾਵਾਂ ਰਾਹੀਂ ਸਾਹਮਣੇ ਆਉਂਦਾ ਹੈ। ਹੜ੍ਹਾਂ ਵਿੱਚ ਫ਼ਸੇ ਲੋਕ ਇਕ ਪ੍ਰਤੀਕਾਤਮਕ ਕਵਿਤਾ ਹੈ ਜਿਸ ਵਿੱਚ ਉਲਝਣਮਈ ਜ਼ਿੰਦਗੀ ਤੋਂ ਛੁਟਕਾਰਾ ਪਾਉਣ ਲਈ ਇੱਕ ਬਿੰਦੂ ਤੋਂ ਦੂਜੇ ਬਿੰਦੂ ਤੱਕ ਦਾ ਸਫ਼ਰ ਹੈ। ਪਿੰਡ ਉਦਾਸ ਹੈ  ਕਵਿਤਾ ਰਾਹੀ ਕਵੀ ਨੇ ਪੇਡੂ ਭਾਈਚਾਰਕ ਸਾਂਝ ਦਾ ਅਧਾਰ ਖੇਤੀਬਾੜੀ ਅਰਥਚਾਰੇ ਉੱਪਰ ਕੇਂਦਰਿਤ ਕਰਕੇ ਫ਼ਸਲ ਦੇ ਉਜਾੜੇ ਤੋਂ ਪ੍ਰਭਾਵਿਕਤਾ ਦਾ ਚਿਤਰਨ ਬਾਖੂਬੀ ਨਾਲ ਕੀਤਾ ਹੈ। ਬਚਪਨ ਦੀ ਤ੍ਰਾਸਦੀ ਦਾ ਉਲੇਖ ਦ੍ਰਿਸ਼ਟਾਂਤ ਮਈ ਰੂਪ ਵਿੱਚ ਪੈਰਾਂ ਤੇ ਖਲੋਣਾ ਤੇ ਲਾਲ ਬੱਤੀ ਵਿੱਚੋਂ ਮਿਲਦਾ ਹੈ ਜਿਸ ਵਿੱਚ ਸਮਾਜ ਸਾਹਮਣੇ ਸੁਆਲ ਵੀ ਖੜਾ ਹੈ। ਜੋ ਮਨੁੱਖ ਨੂੰ ਚਿਤੰਨਤਾ ਵੱਲ ਪ੍ਰੇਰਦਾ ਹੈ
ਮੈਂ
ਬਾਜ਼ੀਗਰ ਬੱਚੇ ਨੂੰ ਪੁੱਛਿਆ
ਤੂੰ ਪੈਸੇ ਕਦ ਕਮਾਉਣੇ?
ਆਪਣੇ ਪੈਰਾਂ ਤੇ ਕਦ ਖੜੇ ਹੋਣਾ?
ਬਾਜੀਗਰ ਬੱਚੇ ਨੇ ਕਿਹਾ
ਜਦ ਮੈਂ
ਆਪਣੇ ਹੱਥਾਂ ਤੇ ਖਲੋਣਾ
ਮਕਾਨ ਕਵਿਤਾ ਰਾਹੀ ਕਵੀ ਨੇ ਜੀਵਨ ਦੇ ਵਿਭਿੰਨ ਰੰਗਾਂ ਨੂੰ ਮਾਣਦੇ ਹੋਏ ਜ਼ਿੰਦਗੀ ਦੇ ਸਫ਼ਰ ਦੀਆਂ ਵਿਭਿੰਨ ਪਰਤਾਂ ਵਿੱਚ ਗੁੰਦੇ ਰੰਗਾਂ ਦੇ ਅਰਥ ਚੋ ਅਰਥ ਨੂੰ ਕੱਢਣ ਦੀ ਸਫ਼ਲ ਕੋਸਿ਼ਸ਼ ਕੀਤੀ ਹੈ ਇਸੇ ਤਰਾਂ ਚੰਡੀਗੜੋਂ ਕਵਿਤਾ ਰਾਹੀਂ ਕਵੀ ਸ਼ਹਿਰ ਦੀਆਂ ਬਹੁ ਦਿਸ਼ਾਵਾਂ ਦਾ ਚਿਤਰਨ ਕਰਦਾ ਹੈ ਸਿਆਲ ਕਵਿਤਾ ਰਾਹੀ ਮੌਸਮ ਦੇ ਬਦਲ ਦਾ ਮਾਨਵੀ ਸੰਵੇਦਨਾ ਨਾਲ ਸਬੰਧ ਨਿਰਧਾਰਿਤ ਕਰਦਾ ਕਵੀ ਹਾਂ ਪੱਖੀ ਦ੍ਰਿਸ਼ਟੀ ਰਾਹੀਂ ਇਸ ਧੁੰਦੂਕਾਰੇ ਤੋਂ ਮੁਕਤ ਹੋਣ ਦੀ ਲਾਲਸਾ ਕਰਦਾ ਹੈ। ਸਮਾਜ ਦੀ ਪਿਛਾਕੜੀ ਸੋਚ ਨੂੰ ਪੁੱਠਾ ਗੇੜ ਦਿੰਦਿਆਂ ਮਾਨਵੀ ਹਿੱਤਾਂ ਦੀ ਪੂਰਤੀ ਲਈ ਆਪਣੇ ਆਪ ਨੂੰ ਨਿਛਾਵਰ ਕਰਨ ਦੀ ਪ੍ਰਵਿਰਤੀ ਰਾਹੀਂ ਜਗਦੀਪ ਅੰਗਦਾਨ ਦੀ ਵਸੀਅਤ ਕਵਿਤਾ ਰਾਹੀਂ ਦੋ ਵਿਰੋਧੀ ਸਥਿਤੀਆਂ ਵਿਚੋਂ ਮਾਨਵ ਹਿਤੈਸ਼ੀ ਪੈਤੜਾ ਅਖਤਿਆਰ ਕਰਦਾ ਹੈ। ਇਸ ਕਵਿਤਾ ਵਿੱਚ ਸਮਾਜ ਲਈ ਇੱਕ ਸੁਨੇਹਾ ਵੀ ਛੁਪਿਆ ਹੋਇਆ ਹੈ ਕਵੀ ਜੀਵਨ ਵਿਚਲੀ ਸੰਤੁਲਨਤਾ ਦਾ ਹਾਮੀ ਹੈ। ਉਡਾਰੀ ਕਵਿਤਾ ਏਸੇ ਗੱਲ ਦੀ ਪੈਰਵੀ ਕਰਦੀ ਹੈ। ਇਸ ਕਵਿਤਾ ਦੀ ਇਹ ਵਿਸ਼ੇਸ਼ਤਾ ਵੀ ਸਾਹਮਣੇ ਆਉਂਦੀ ਹੈ ਕਿ ਕਵੀ ਨੇ ਆਧੁਨਿਕ ਯੁੱਗ  ਦੀ ਸੰਵੇਦਨਾ ਤੇ ਗੰਭੀਰ ਅਹਿਸਾਸਾਂ ਦਾ ਕਾਵਿਕ ਰੂਪਾਂਤਰਨ ਇਸ ਤਰਾਂ ਕੀਤਾ ਹੈ ਉਹ ਅਣਕਿਆਸੇ ਅਤੇ ਅਣਇਛਤ ਵਰਤਾਰਿਆ ਦੇ ਘੁਟਨਮਈ ਦਬਾਉ ਵਿੱਚ ਉਲਝਣ ਦੀ ਥਾਂ ਉਸ ਦੇ ਕਾਰਨ ਢੂੰਡਦਾ ਹੈ ਜਿਵੇਂ ਜ਼ਮੀਨ ਐਕਵਾਇਰ ਕਰਨ ਦਾ ਮਸਲਾ, ਬਾਜਾਰੀਕਰਨ ਦਾ ਮਨੁੱਖ ਉੱਪਰ ਪ੍ਰਭਾਵ ਉਸ ਦੀ ਕਵਿਤਾ ਢੱਕਣਾ ਤੇ ਬਿਰਖ ਵਿੱਚੋਂ ਵੇਖਿਆ ਜਾ ਸਕਦਾ ਹੈ। ਜਗਦੀਪ ਦਾ ਕਵਿਤਾ ਅੰਤਰ ਵਿਰੋਧੀ ਜੁਗਤ ਰਾਹੀ ਇਕੋਂ ਹੀ ਸਮੇਂ, ਇਕ ਹੀ ਸਥਿਤੀ ਤਹਿਤ ਦਵੰਦ ਸਿਰਜਦੀ ਹੋਈ ਕਾਵਿਕ ਅਰਥਾਂ ਨੂੰ ਗੰਭੀਰਤਾ ਪ੍ਰਦਾਨ ਕਰਦੀ ਹੈ। ਜਿਵੇਂ ਈਦੂ ਸ਼ਰੀਫ, ਨਵਾਂ ਸਾਲ, ਤਰੱਕੀ ਆਦਿ ਕਵਿਤਾਵਾਂ ਵਿੱਚ ਇਹ ਸੁਰ ਸਾਹਮਣੇ ਆਉਂਦੀ ਹੈ ਇਸ ਕਵਿਤਾ ਵਿਚੋਂ ਆਧੁਨਿਕ ਮਨੁੱਖ ਦੀ ਹੋਂਦ, ਜੀਵਨ ਸੈ਼ਲੀ ਬੜੀ ਸ਼ਿੱਦਤ ਨਾਲ ਬਿਆਨ ਕੀਤੀ ਗਈ ਹੈ। ਪੰਜਾਬ ਦੇ ਕਾਲੇ ਦਿਨਾਂ ਵਿੱਚ ਹੋਇਆ ਮਨੁਖਤਾ ਦਾ ਘਾਣ ਜੋ ਸਿਰਫ਼ ਪੰਜਾਬ ਤੱਕ ਸੀਮਤ ਨਾ ਰਹਿ ਕੇ ਦਿੱਲੀ ਤੱਕ ਫੈਲ ਗਿਆ ਇਸੇ ਤਰਾਂ ਦੇਸ਼ ਵਿੱਚ ਫਿਰਕੂ ਫਸਾਦਾਂ ਦੀ ਅੱਗ ਵਿੱਚ ਝੁਲਸਦਿਆਂ ਮਾਨਵੀ ਜਿ਼ੰਮੇਵਾਰੀ ਕਿਸ ਤਰਾਂ ਮਨਫ਼ੀ ਹੁੰਦੀ ਰਹੀ ਇਸ ਦਰਦਨਾਕ ਤੇ ਵਲੂੰਦਰੀ ਦਸ਼ਾ ਉੱਤੇ ਪ੍ਰਤੀਕਰਮ ਕਰਦੀ ਸੰਨ 84 ਤੇ ਗੁਜਰਾਤ ਕਵਿਤਾ ਦੇਖੀ ਜਾ ਸਕਦੀ ਹੈ। ਇਸ ਕਵਿਤਾ ਦੀ ਇਹ ਖੂਬੀ ਵੀ ਸਾਹਮਣੇ ਆਉਂਦੀ ਹੈ ਕਿ ਕਵੀ ਮਨੁਖੀ ਫਿ਼ਤਰਤ ਅਤੇ ਸਮਾਜਕ ਉਲਝਣਾਂ ਦਾ ਬੇਹੱਦ ਸੂਖਮਤਾ ਤੇ ਵਿਅੰਗਮਈ ਬਿਆਨ ਕਰਨ ਵਿੱਚ ਵੀ ਮਾਹਰ ਹੈ ਉਹ ਚਾਹੇ ਮੱਧਵਰਗੀ ਜੀਵਨ ਸ਼ੈਲੀ ੋਤੇ ਕਰ ਰਿਹਾ ਹੋਵੇ ਚਾਹੇ ਕਠਮੁਲਾਵਾਦੀ ਜਮਹੂਰੀਅਤ ਉੱਤੇ ਇਸ ਸੰਦਰਭ ਵਿੱਚ ਸ਼ਾਪਿੰਗ ਮਾਲ, ਸਵੱਛ ਭਾਰਤ ਤੇ ਸੰਸਦ ਕਵਿਤਾਵਾਂ ਵੇਖੀਆਂ ਜਾ ਸਕਦੀ ਹੈ।
ਇਸ ਸਮੁੱਚੀ ਕਵਿਤਾ ਵਿੱਚਲੀ ਧੁੱਨੀ ਕਰੂਰ ਯਥਾਰਥ ਨੂੰ ਦ੍ਰਿਸ਼ਟਮਾਨ ਕਰਦੀ ਹੋਈ ਸਹਿਜਮਈ ਜੀਵਨ ਦੀ ਤਲਾਸ਼ ਵੱਲ ਵੱਧਦੀ ਸੁਣਾਈ ਦਿੰਦੀ ਹੈ ਜਿਸ ਵਿੱਚ ਆਸ਼ਾਵਾਦੀ ਅੰਸ਼ ਆਪ ਮੁਹਾਰੇ ਸਾਹਮਣੇ ਆਉਂਦੇ ਹਨ। ਕੱਟ ਵੱਢ, ਨਹੀਂ ਮਰਦਾ ਚਾਨਣ ਇਹ ਨਵੀ ਉਮੀਦ ਪੈਦਾ ਕਰਦੀਆਂ ਖੂਬਸੂਰਤ ਕਵਿਤਾਵਾਂ ਹਨ। ਜਗਦੀਪ ਕੋਲ ਵਿਚਾਰਾਂ ਦਾ ਨਿਭਾਉ ਕਰਨ ਲਈ ਸੁਹਜਮਈ ਕਲਾ ਹੈ ਜਿਸ ਵਿੱਚ ਉਹ ਚੁਣਵੇ ਤੇ ਢੁਕੱਵੇਂ ਸ਼ਬਦਾਂ ਰਾਹੀਂ ਕਾਵਿਕ ਪ੍ਰਵਾਹ ਚ ਨਵੀਂ ਰੰਗਤ ਬੀਜਣ ਵਿੱਚ ਸਫ਼ਲ ਹੁੰਦਾ ਹੈ। ਉਸ ਕੋਲ ਜੀਵਨ ਨੂੰ ਨਿਹਾਰਨ ਵਾਲਾ ਸਹਿਜ ਪ੍ਰਗਟਾਵਾ ਹੈ ਜੋ ਇਸ ਕਵਿਤਾ ਦੀ ਜਿੰਦ ਜਾਨ ਬਣਦਾ ਹੈ। ਮਨੁੱਖ ਦੇ ਅਸਤਿਤਵੀ ਸੰਕਟ ਤੋਂ ਉਪਜੀ ਪੀੜ ਦੇ ਸਮਾਨਅੰਤਰ ਆਪਣੀ ਹੋਂਦ ਬਰਕਰਾਰ ਰੱਖਣ ਲਈ ਜਗਦੀਪ ਦੀ ਹਾਂ ਪੱਖੀ ਸੋਚ ਕਵਿਤਾ ਵਿੱਚੋਂ ਦਿਖਾਈ ਦਿੰਦੀ ਹੈ। ਇਹ ਹੀ ਇਸ ਕਵਿਤਾ ਦਾ ਹਾਸਲ ਹੈ। ਇਹ ਕਵਿਤਾ ਪੰਜਾਬੀ ਕਾਵਿ ਜਗਤ ਦੇ ਵਿੱਚ ਆਪਣੀ ਵਿਲਖਣਤਾ ਹਾਸਲ ਕਰਨ ਵਿੱਚ ਪੂਰੀ ਤਰਾਂ ਕਾਮਯਾਬ ਹੋਵੇਗੀ। ਜਗਦੀਪ ਤੋਂ ਭਵਿੱਖ ਲਈ ਬਹੁਤ ਸੰਭਾਵਨਾਵਾਂ ਉਘੜਦੀਆਂ ਨਜ਼ਰ ਆਉਂਦੀਆਂ ਹਨ ਕਵੀ ਵਧਾਈ ਦਾ ਪਾਤਰ ਹੈ।
-- ਡਾ. ਅਰਵਿੰਦਰ ਕੌਰ ਕਾਕੜਾ
ਮਾਨਵੀ ਸੰਵੇਦਨਾ ਦਾ ਚਿਤਰਮਾਨ ਕਰਦੀ ਸ਼ਾਇਰੀ---ਇਉਂ ਵੀ ਦੇਖਣਾ ਹੈ