google.com, pub-7610353441165800, DIRECT, f08c47fec0942fa0 ਸਾਹਿਤ ਸਕਰੀਨ: February 2026

Wednesday, 25 February 2026

ਤ੍ਰੈ-ਭਾਸ਼ੀ ਕਵੀਆਂ ਦੀ ਅਦਬੀ ਮਹਿਫ਼ਲ 27 ਫਰਵਰੀ ਨੂੰ

On Wednesday 25th February 2026 at 14:06 Regarding Poetry Literary Meeting 

ਗਰੇਵਾਲ ਆਈ ਇੰਸਟੀਚਿਊਟ ਵਿੱਚ 27 ਨੂੰ ‘ਨਜ਼ਰ-ਏ-ਮੁਸ਼ਾਇਰਾ’

ਨਾਮੀ ਸ਼ਾਇਰਾਂ ਅਤੇ ਲੋਕ ਗਾਇਕੀ ਦੀ ਹੋਵੇਗੀ ਵਿਸ਼ੇਸ਼ ਪੇਸ਼ਕਾਰੀ

ਚੰਡੀਗੜ੍ਹ: 25 ਫਰਵਰੀ 2026: (ਮੀਡੀਆ ਲਿੰਕ ਰਵਿੰਦਰ//ਸਾਹਿਤ ਸਕਰੀਨ ਡੈਸਕ)::

ਚੰਡੀਗੜ੍ਹ ਨੂੰ ਸੰਵੇਦਨਾ ਅਤੇ ਜਜ਼ਬਾਤਾਂ ਤੋਂ ਵਾਂਝਾ ਸ਼ਹਿਰ ਪ੍ਰਚਾਰਨ ਦੇ ਇਰਾਦੇ ਨਾਲ ਕਈ ਵਾਰ ਪੱਥਰਾਂ ਦਾ ਸ਼ਹਿਰ ਵੀ ਆਖਿਆ ਜਾਂਦਾ ਹੈ। ਅਜਿਹਾ ਆਖਣ ਵਾਲਿਆਂ ਨੂੰ ਸ਼ਾਇਦ ਕੁਝ ਕੌੜੇ ਤਜਰਬੇ ਵੀ ਹੋਏ ਹੋਣਗੇ ਪਾਰ ਅਜਿਹੀ ਸੰਵੇਦਨਹੀਣਤਾ ਹੋਲੀ ਹੋਲੀ ਸਾਰੀ ਦੁਨੀਆ ਵਿੱਚ ਫੇਲ ਰਹੀ ਹੈ। ਭਰਾ ਨੂੰ ਭਰਾ ਦੀ ਖਬਰ ਨਹੀਂ ਰਹੀ ਅਤੇ ਗੁਆਂਢੀ ਨੂੰ ਗੁਆਂਢੀ ਦਾ ਕੁਝ ਪਤਾ ਨਹੀਂ ਹੁੰਦਾ। ਨਾਲ ਦੇ ਘਰ ਕੀ ਕੁਝ ਵਾਪਰਿਆ ਬਹੁਤੀ ਵਾਰ ਇਸਦਾ ਪਤਾ ਨਹੀਂ ਲੱਗਦਾ। ਉਹ ਭਾਵਨਾ ਜ਼ੋਰ ਫੜਦੀ ਜਾ ਰਹੀ ਹੈ ਕਿ ਤੁਝ ਕੋ ਪਰਾਈ ਕਿਆ ਪੜੀ ਆਪਣੀ ਨਬੇੜ ਤੂੰ! ਕਈ ਵਾਰ ਕੁਝ "ਸਿਆਣੇ ਕਿਸਮ" ਦੇ ਲੋਕ ਇਹ ਵੀ ਸਮਝਾਇਆ ਕਰਦੇ ਹਨ - -ਬਾਪ ਬੜਾ ਨ  ਭਈਆ ਸਬ ਸੇ ਬੜਾ ਰੁਪਈਆ! 

ਇਹੋ ਜਿਹੇ ਸਵਾਰਥੀ ਲੋਕਾਂ ਅਤੇ ਅਜਿਹੇ ਹੀ ਰੀਤੀ ਰਿਵਾਜਾਂ ਦੇ ਬਾਵਜੂਦ ਅਜੇ ਵੀ ਬਹੁਤ ਸਾਰੇ ਸੰਵੇਦਨਸ਼ੀਲ ਲੋਕ ਅਜੇ ਮੌਜੂਦ ਹਨ। ਇਹਨਾਂ ਲੋਕਾਂ ਕਰਕੇ ਹੀ ਨੇ ਤੱਕ ਮਨੁੱਖਤਾ ਵਾਲੀ ਅਤੇ ਕਲਾ ਵਾਲੀ ਸੋਚ ਜਿਊਂਦੀ ਜਾਗਦੀ ਹੈ। ਅਜਿਹੀ ਸੋਚ ਵਾਲੀ ਪੱਤਰਕਾਰ ਜੋੜੀ ਕੁਝ ਨ ਕੁਝ ਸਾਹਿਤਿਕ ਉੱਦਮ ਉਪਰਾਲੇ ਵੀ ਕਰਦੀ ਰਹਿੰਦੀ ਹੈ। ਮੇਰੀ ਮੁਰਾਦ ਸੁਸ਼ੀਲ ਦੋਸਾਂਝ ਅਤੇ ਕਮਲ ਦੋਸਾਂਝ ਤੋਂ ਹੈ। 

ਗਰੇਵਾਲ ਆਈ ਇੰਸਟੀਚਿਊਟ, ਚੰਡੀਗੜ੍ਹ ਵੱਲੋਂ ਪੰਜਾਬੀ ਸਾਹਿਤ ਸਭਾ ਮੁਹਾਲੀ ਦੇ ਸਹਿਯੋਗ ਨਾਲ਼ 27 ਫਰਵਰੀ ਨੂੰ ਤ੍ਰੈ-ਭਾਸ਼ੀ ਕਵੀਆਂ ’ਤੇ ਅਧਾਰਤ ‘ਨਜ਼ਰ-ਏ-ਮੁਸ਼ਾਇਰਾ’ ਕਰਵਾਇਆ ਜਾ ਰਿਹਾ ਹੈ। ਇਹ ਅਦਬੀ ਸਮਾਗਮ ਸ਼ੁੱਕਰਵਾਰ ਸ਼ਾਮ 3.30 ਤੋਂ 6.00 ਵਜੇ ਤੱਕ ਆਡੀਟੋਰੀਅਮ, ਗਰੇਵਾਲ ਆਈ ਇੰਸਟੀਚਿਊਟ, ਐੱਚ-6, ਮੈਡੀਸਿਟੀ, ਨਿਊ ਚੰਡੀਗੜ੍ਹ ਵਿਖੇ ਹੋਵੇਗਾ।

ਸਮਾਗਮ ਦੇ ਮੁੱਖ ਮਹਿਮਾਨ ਡਾ. ਦੀਪਕ ਮਨਮੋਹਨ ਸਿੰਘ ਹੋਣਗੇ, ਜਦਕਿ ਪ੍ਰਸਿੱਧ ਕਵਿਤਰੀ ਸੁਖਵਿੰਦਰ ਅੰਮ੍ਰਿਤ ਅਤੇ ਡਾ. ਐੱਸ.ਪੀ.ਐੱਸ. ਗਰੇਵਾਲ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕਰਨਗੇ। ਸਮਾਗਮ ਵਿੱਚ ਤ੍ਰੈ-ਭਾਸ਼ੀ  ਕਵਿਤਾ ਅਤੇ ਗ਼ਜ਼ਲ ਦੀ ਰੂਹਾਨੀ ਮਹਿਕ ਫ਼ੈਲੇਗੀ।

ਮੁਸ਼ਾਇਰੇ ਵਿੱਚ ਦਰਸ਼ਨ ਬੁੱਟਰ, ਗੁਰਦੀਪ ਗੁੱਲ, ਸੁਸ਼ੀਲ ਦੁਸਾਂਝ, ਤ੍ਰੈਲੋਚਨ ਲੋਚੀ, ਮਹੇਂਦਰ ਕੁਮਾਰ ਸਾਨੀ, ਅਮਰਦੀਪ ਸਿੰਘ, ਸਰਬਜੀਤ ਕੌਰ ਜੱਸ, ਸੰਦੀਪ ਜਸਵਾਲ ਅਤੇ ਨੰਦ ਕਿਸ਼ੋਰ ਵਰਗੇ ਪ੍ਰਸਿੱਧ ਸ਼ਾਇਰ ਆਪਣਾ ਕਲਾਮ ਪੇਸ਼ ਕਰਨਗੇ। ਇਸ ਤੋਂ ਇਲਾਵਾ ਲੋਕ ਗਾਇਕਾ ਹਰਪ੍ਰੀਤ ਕੌਰ ਸੰਧੂ ਦੀ ਵਿਸ਼ੇਸ਼ ਪੇਸ਼ਕਾਰੀ ਸਮਾਗਮ ਨੂੰ ਰੰਗੀਨ ਬਣਾਏਗੀ।

ਸਮਾਗਮ ਦੇ ਕੁਆਰਡੀਨੇਟਰ ਕਮਲ ਦੁਸਾਂਝ ਨੇ ਸਾਹਿਤ ਪ੍ਰੇਮੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਸਮੇਂ ਸਿਰ ਪਹੁੰਚ ਕੇ ਇਸ ਅਦਬੀ ਸ਼ਾਮ ਦਾ ਹਿੱਸਾ ਬਣਨ। ਗਰੇਵਾਲ ਆਈ ਇੰਸਟੀਚਿਊਟ ਮੈਨੇਜਮੈਂਟ ਅਤੇ ਪੰਜਾਬੀ ਸਾਹਿਤ ਸਭਾ ਮੁਹਾਲੀ (ਰਜਿ) ਦੀ ਕਾਰਜਕਾਰਨੀ ਵੱਲੋਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ।

ਆਯੋਜਕਾਂ ਮੁਤਾਬਕ ‘ਨਜ਼ਰ-ਏ-ਮੁਸ਼ਾਇਰਾ’ ਦਾ ਮਕਸਦ ਸ਼ਾਇਰੀ ਨੂੰ ਨਵੀਂ ਪੀੜ੍ਹੀ ਨਾਲ ਜੋੜਨਾ ਅਤੇ ਸਾਹਿਤਕ ਗਤੀਵਿਧੀਆਂ ਨੂੰ ਹੋਰ ਮਜ਼ਬੂਤ ਕਰਨਾ ਹੈ, ਤਾਂ ਜੋ ਅਦਬ ਦੀ ਇਹ ਰਵਾਇਤ ਲਗਾਤਾਰ ਅੱਗੇ ਵਧਦੀ ਰਹੇ।

Monday, 23 February 2026

ਅੰਗਰੇਜ਼ੀ ਕਵੀ ਪ੍ਰੋ. ਅਸ਼ੋਕ ਕਪੂਰ ਦੀ ਕਿਤਾਬ ਲੁਧਿਆਣਾ ਵਿੱਚ ਰਿਲੀਜ਼

BB Goel on 23rd February 2026 at 05:28 PM Regarding Book Release SCD College

 ਇਹ ਕਿਤਾਬ ਐਸਸੀਡੀ ਸਰਕਾਰੀ ਕਾਲਜ ਵਿੱਚ ਰਿਲੀਜ਼ ਕੀਤੀ ਗਈ 


ਲੁਧਿਆਣਾ: 23 ਫਰਵਰੀ 2026: (ਬ੍ਰਿਜ ਭੂਸ਼ਨ ਗੋਇਲ//ਪੰਜਾਬ ਸਕਰੀਨ ਡੈਸਕ)::

ਕਵਿਤਾ ਜੀਵ ਦੀ ਆਵਾਜ਼ ਹੈ। ਇਸੇ ਤਰ੍ਹਾਂ ਦੇ ਸਾਹਿਤਕ ਕੰਮਾਂ ਨੂੰ ਉਤਸ਼ਾਹਿਤ ਕਰਦੇ ਹੋਏਐਸਸੀਡੀ ਸਰਕਾਰੀ ਕਾਲਜ ਲੁਧਿਆਣਾ ਨੇ ਪ੍ਰੋਫੈਸਰ ਅਸ਼ੋਕ ਕਪੂਰ ਦੁਆਰਾ ਲਿਖੀ ਗਈ ਕਵਿਤਾਵਾਂ ਦਾ ਇੱਕ ਬਹੁਤ ਹੀ ਡੂੰਘਾ ਸੰਗ੍ਰਹਿ 'ਸੈਲੀਜ਼ ਆਫ਼ ਸਰਰੀਅਲ ਸ਼ੇਡਜ਼ਰਿਲੀਜ਼ ਕੀਤਾ I  ਪ੍ਰੋਫੈਸਰ ਕਪੂਰ ਜੋ 1960 ਦੇ ਦਹਾਕੇ ਦੇ ਸ਼ੁਰੂ ਵਿੱਚ ਇੱਕ ਸਾਬਕਾ ਵਿਦਿਆਰਥੀ ਸੀ ਹੁਣ ਆਪਣੇ ਅੱਸੀ ਦੇ ਦਹਾਕੇ ਵਿੱਚ ਹੈ। ਪ੍ਰੋਫੈਸਰ ਕਪੂਰ ਨੇ ਆਪਣੇ ਤਤਕਾਲੀ ਸਹਿਪਾਠੀਆਂ ਦੇ ਨਾਲ-ਨਾਲ ਕਾਲਜ ਦੇ ਆਪਣੇ  ਵਿਦਿਆਰਥੀਆਂ ਨੂੰ ਵੀ ਸੱਦਾ ਦਿੱਤਾ ਜਿੱਥੇ ਉਹ 30 ਸਾਲਾਂ ਤੱਕ ਪੜ੍ਹਾਉਂਦੇ ਰਹੇ। ਪ੍ਰਿੰਸੀਪਲ ਗੁਰਸ਼ਰਨਜੀਤ ਸਿੰਘ ਸੰਧੂ ਨੇ ਕਿਤਾਬ ਜਾਰੀ ਕਰਦੇ ਹੋਏ ਕਿਹਾ ਕਿ ਕਾਲਜ ਨੂੰ ਹਮੇਸ਼ਾਂ ਪ੍ਰੋਫੈਸਰ ਕਪੂਰ ਵਰਗੇ ਸਾਬਕਾ ਵਿਦਿਆਰਥੀ ਅਧਿਆਪਕਾਂ ਤੋਂ ਪ੍ਰੇਰਨਾ ਦੀ ਲੋੜ ਹੁੰਦੀ ਹੈ। ਇਸ ਮੌਕੇ ਸਾਬਕਾ ਵਿਦਿਆਰਥੀ ਪ੍ਰੋ. ਸਾਗਰ ਚੰਦ ਜੈਨਹਰੀਸ਼ ਕੌੜਾਮੰਜੁਲਾ ਜੈਨਪ੍ਰੋਫੈਸਰ ਰਾਜਿੰਦਰ ਜੈਨਨਵਦੀਪ ਸਿੰਘਓ.ਪੀ. ਵਰਮਾਮਨਪ੍ਰੀਤ ਸਿੰਘਪ੍ਰੋਫੈਸਰ ਵਿਜੇ ਅਸਧੀਰ ਅਤੇ ਸਾਬਕਾ ਵਿਦਿਆਰਥੀ ਐਸੋਸੀਏਸ਼ਨ ਦੇ ਸੰਗਠਨ ਸਕੱਤਰ ਬ੍ਰਿਜ ਭੂਸ਼ਣ ਗੋਇਲ ਮੌਜੂਦ ਸਨ। ਪੀਜੀ ਅੰਗਰੇਜ਼ੀ ਵਿਭਾਗ ਦੇ ਮੁਖੀ ਪ੍ਰੋ. ਸ਼੍ਰੀਮਤੀ ਅਮਿਤਾ ਥੰਮਨ ਅਤੇ ਹੋਰ ਅਧਿਆਪਕ ਜਿਵੇਂ ਕਿ ਪ੍ਰੋਫੈਸਰ ਹਰਮੀਤ ਕੌਰਪ੍ਰੋਫੈਸਰ ਪ੍ਰੀਤੀ ਖੰਨਾਪ੍ਰੋਫੈਸਰ ਗੁਰਜੀਤਪ੍ਰੋਫੈਸਰ ਅਤਿੰਦਰ ਪਾਂਡੇਪ੍ਰੋਫੈਸਰ ਸੂਰਜ ਕੁਮਾਰਪ੍ਰੋਫੈਸਰ ਸਾਰਿਕਾ ਅਤੇ ਪ੍ਰੋਫੈਸਰ ਗੀਤਾਂਜਲੀ ਪਬਰੇਜਾ ਵੀ ਸੰਖੇਪ ਸਮਾਰੋਹ ਵਿੱਚ ਸ਼ਾਮਲ ਹੋਏ।

ਡਾ. ਸਤੀਸ਼ ਕੇ ਕਪੂਰ ,ਬ੍ਰਿਟਿਸ਼ ਕੌਂਸਲ ਦੇ ਸਾਬਕਾ ਸਕਾਲਰਜਿਨ੍ਹਾਂ ਨੇ ਕਿਤਾਬ ਦਾ ਪ੍ਰਸ਼ੰਸਾ ਪੰਨਾ ਲਿਖਿਆ ਹੈਨੇ ਕਿਹਾ, "ਪ੍ਰੋਫੈਸਰ ਕਪੂਰ ਦੀ ਕਵਿਤਾ ਊਰਜਾ ਨਾਲ ਭਰਪੂਰ ਹੈਉਨ੍ਹਾਂ ਦੇ ਸ਼ਬਦ ਨੱਚਦੇ ਹਨ, ਉੱਚਾਈਆਂ 'ਤੇ ਉੱਡਦੇ ਹਨ ਅਤੇ ਅੰਦਰੂਨੀ ਜਾਗਰਣ ਦੇ ਸੱਦੇ ਨਾਲ ਸਾਨੂੰ ਕੁਦਰਤ ਨਾਲ ਨਾਲ ਜੋੜਦੇ ਹਨ I”  ਇਸ ਮੌਕੇ 'ਤੇ ਪ੍ਰੋਫੈਸਰ ਕਪੂਰ ਨੇ ਆਪਣੀ ਕਵਿਤਾ 'ਮੈਮੋਰੀਜ਼ ਆਫ਼ ਕਾਲਜ ਡੇਜ਼ਪੜ੍ਹੀ। ਉਨ੍ਹਾਂ ਨੇ ਕਾਲਜ ਦੇ ਵਿਦਿਆਰਥੀਆਂ ਲਈ ਕੰਪੀਟੀਸ਼ਨ ਦੀਆਂ ਕਿਤਾਬਾਂ ਖਰੀਦਣ ਲਈ ਵੀਹ ਹਜ਼ਾਰ ਦੀ ਰਕਮ ਵੀ ਦਾਨ ਕੀਤੀ। ਗੋਇਲ ਨੇ ਕਿਹਾ ਕਿ ਵਿਦਿਆਰਥੀਆਂ ਦੁਆਰਾ ਪ੍ਰੋਫੈਸਰ ਕਪੂਰ ਦੀ ਰਚਨਾਤਮਕ ਕਵਿਤਾ ਤੋਂ ਸਿੱਖਣ ਲਈ ਬਹੁਤ ਕੁਝ ਹੈ। ਪ੍ਰੋਫੈਸਰ ਪੀ ਕੇ ਸ਼ਰਮਾ ਨੇ ਇਹ ਵੀ ਕਿਹਾ ਹੈ ਕਿ ਨਵੀਂ ਪੀੜ੍ਹੀ ਅਤੇ ਪੁਰਾਣੀ ਪੀੜ੍ਹੀ ਨੂੰ ਰਚਨਾਤਮਕ ਕੰਮਾਂ ਦੇ ਅਜਿਹੇ ਜਸ਼ਨਾਂ ਵਿੱਚ ਰਲਣਾ ਚਾਹੀਦਾ ਹੈ। ਓਪੀ ਵਰਮਾ ਨੇ ਸਾਬਕਾ ਵਿਦਿਆਰਥੀਆਂ ਨੂੰ ਸਨਮਾਨਿਤ ਕਰਨ ਲਈ ਕਾਲਜ ਪ੍ਰਬੰਧਨ ਦਾ ਧੰਨਵਾਦ ਕੀਤਾ।  

ਬ੍ਰਿਜ ਭੂਸ਼ਣ ਗੋਇਲਸੰਸਥਾ ਸਕੱਤਰ ਐਲੂਮਨੀ ਐਸੋਸੀਏਸ਼ਨਐਸਸੀਡੀ ਸਰਕਾਰੀ ਕਾਲਜਲੁਧਿਆਣਾ

Sunday, 22 February 2026

ਮੈਨੂੰ ਇਉਂ ਨਾ ਮਨੋਂ ਵਿਸਾਰ

GSG on 22nd February 2026  at 5:54 PM Regarding Mother Language Punjabi and UNESCO 

ਵਿਸ਼ਵ ਮਾਂ ਬੋਲੀ ਦਿਹਾੜੇ ਤੇ//*ਗੁਰਭਜਨ ਸਿੰਘ ਗਿੱਲ (ਪ੍ਰੋ.)

ਲੁਧਿਆਣਾ22 ਫਰਵਰੀ 2026: (ਸਾਹਿਤ ਸਕਰੀਨ ਡੈਸਕ):: 

ਕਈ ਸਾਲ ਪਹਿਲਾਂ ਯੂਨੈਸਕੋ ਦੀ ਰਿਪੋਰਟ ਦੇ ਹਵਾਲੇ ਨਾਲ
ਸਮੁੱਚੇ ਵਿਸ਼ਵ ਵਿੱਚ ਇਹ ਚਰਚਾ ਆਮ ਹੋ ਗਈ ਸੀ ਕਿ ਆਉਦੇ 50 ਸਾਲਾਂ ਵਿੱਚ ਪੰਜਾਬੀ ਭਾਸ਼ਾ ਦਾ ਵਜੂਦ ਖਤਮ ਹੋਣ ਦੀਆਂ ਸੰਭਾਵਨਾਵਾਂ ਹਨ। ਇਸ ਗੱਲ ਨੂੰ ਵੀਹ ਸਾਲ ਹੋ ਗਏ ਹਨ। ਸ੍ਵ: ਕੁਲਦੀਪ ਨਈਅਰ ਨੇ ਜਦੋਂ ਇਹ ਟਿੱਪਣੀ ਕੁਝ ਸਾਲ ਪਹਿਲਾਂ ਇਸ ਰਿਪੋਰਟ ਦੇ ਹਵਾਲੇ ਨਾਲ ਕੀਤੀ ਸੀ ਤਾਂ ਸਾਡੇ ਬਹੁਤੇ ਵਿਦਵਾਨਾਂ ਨੇ ਇਸ ਨੂੰ ਸੱਚ ਕਰ ਜਾਣਿਆ ਅਤੇ ਰਾਤੋ ਰਾਤ ਫਿਕਰਮੰਦੀ ਦੇ ਮਤੇ ਪਾਸ ਕਰਨ ਲੱਗ ਪਏ। ਘਰ ਘਰ ਫੂਹੜੀਆਂ ਵਿਛਾ ਕੇ ਬੈਠ ਗਏ। ਅੰਤਿਮ ਸੰਸਕਾਰ ਵਾਲੀ ਮਾਨਸਿਕਤਾ ਨਾਲ ਅਸੀਂ ਆਪਣੀ ਜ਼ੁਬਾਨ ਨਾਲ ਕੋਝਾ ਵਿਹਾਰ ਕਰਨ ਲੱਗੇ। ਕੁਝ ਸਿਆਣਿਆਂ ਨੇ ਰਿਪੋਰਟਾਂ ਫੋਲੀਆਂ ਤਾਂ ਗੱਲ ਵਿਚੋਂ ਇਹ ਨਿਕਲੀ ਕਿ ਜਿਹੜੀਆਂ ਭਾਸ਼ਾਵਾਂ ਖਤਰੇ ਅਧੀਨ ਹਨ ਉਨ੍ਹਾਂ ਵਿੱਚ ਪੰਜਾਬੀ ਦਾ ਵੀ ਨਾਂ ਬੋਲਦਾ ਹੈ। ਇਸ ਗੱਲ ਲਈ ਸਾਨੂੰ ਕਿਸੇ ਬਾਹਰਲੀ ਏਜੰਸੀ ਪਾਸੋਂ ਤਸਦੀਕ ਕਰਵਾਉਣ ਦੀ ਲੋੜ ਨਹੀਂ ਹੈ ਸਗੋਂ ਹਕੀਕਤ ਇਹ ਹੈ ਕਿ ਅਸੀਂ ਆਪਣੇ ਘਰਾਂ, ਪਰਿਵਾਰਾਂ, ਵਪਾਰਾਂ ਅਤੇ ਪਿਆਰਾਂ ਵਿੱਚੋਂ ਪੰਜਾਬੀ ਨੂੰ ਨਿਕਾਲਾ ਦੇ ਦਿੱਤਾ ਹੈ। ਤੁਸੀਂ ਦਿਨ ਚੜ੍ਹਨ ਤੋਂ ਸੂਰਜ ਅਸਤਣ ਤੀਕ ਆਪਣੀ ਜ਼ਿੰਦਗੀ ਨੂੰ ਖੁਦ ਵੇਖੋ। ਆਪਣੇ ਘਰ ਤੋਂ ਰੁਜ਼ਗਾਰ ਤੀਕ ਦੇ ਸਫਰ ਦੌਰਾਨ ਤੁਰਦੇ ਫਿਰਦੇ ਨਜ਼ਰ ਮਾਰੋ ਕਿ ਪੰਜਾਬੀ ਕਿਥੇ ਹੈ?

ਤੁਹਾਡੇ ਹੱਥ ਵਿੱਚ ਫੜਿਆ ਤੁਹਾਡਾ ਹੀ ਪਛਾਣ ਪੱਤਰ ਜਿਸ ਨੂੰ ਵਿਜ਼ਟਿੰਗ ਕਾਰਡ ਕਹਿੰਦੇ ਹੋ ਉਹ ਕਿਹੜੀ ਭਾਸ਼ਾ ਵਿੱਚ ਹੈ? ਤੁਹਾਡੇ ਘਰ ਦੀ ਨੰਬਰ ਪਲੇਟ ਅਤੇ ਨਾਮ ਕਿਸ ਭਾਸ਼ਾ ਵਿੱਚ ਹੈ? ਤੁਹਾਡੇ ਬੱਚਿਆਂ ਦੇ ਸਕੂਲ ਵਿੱਚ ਕਿਹੜੀ ਭਾਸ਼ਾ ਦੀ ਸਰਦਾਰੀ ਹੈ? ਤੁਹਾਡਾ ਬੱਚਾ ਟੀ. ਵੀ. ਚੈਨਲ ਤੇ ਕਿਸ ਭਾਸ਼ਾ ਦੇ ਪ੍ਰੋਗਰਾਮ ਦੇਖਦਾ ਹੈ। ਜੇਕਰ ਉਸ ਦਾ ਵੱਸ ਚੱਲੇ ਤਾਂ ਉਹ ਕਿਹੜੇ ਗੀਤਾਂ ਨੂੰ ਟੀ. ਵੀ. ਜਾਂ ਇੰਟਰੈਨੈੱਟ ਤੋਂ ਸੁਣਦਾ ਹੈ?  ਤੁਸੀਂ ਆਪਣੇ ਤੋਂ ਲੈ ਕੇ ਬੱਚਿਆਂ ਤੀਕ ਦੇ ਪਹਿਰਾਵੇ, ਲੀੜੇ ਕੱਪੜਿਆਂ ਦੇ ਨਾਂ ਸੋਚੋ, ਬਹੁਤੇ ਪੰਜਾਬੀ ਵਿੱਚ ਨਹੀਂ ਹਨ। ਅੰਗਰੇਜ਼ੀ ਜਾਂ ਕਿਸੇ ਹੋਰ ਜ਼ੁਬਾਨ ਤੋਂ ਆਏ ਹਨ। ਬੱਚਿਆਂ ਦੇ ਆਪਸੀ ਵਾਰਤਾਲਾਪ ਨੂੰ ਕਦੀ ਸੁਣਿਓ, ਓਹਲੇ ਬੈਠ ਕੇ। ਉਹ ਤੁਹਾਡੀ ਮਾਂ ਬੋਲੀ ਨੂੰ ਟਿੱਚ ਜਾਣਦੇ ਹਨ। ਉਨ੍ਹਾਂ ਕੋਲ ਆਪਣਾ ਅਨੁਭਵ ਹੈ ਅਤੇ ਉਸ ਅਨੁਭਵ ਦੀ ਭਾਸ਼ਾ ਹਿੰਦੀ ਜਾਂ ਅੰਗਰੇਜ਼ੀ ਬਣਾ ਦਿੱਤੀ ਗਈ ਹੈ। ਪੁੱਤਰ ਧੀਆਂ ਨੂੰ ਵਧੇਰੇ ਕਮਾਊ ਬਣਾਉਣ ਦੀ ਪ੍ਰਵਿਰਤੀ ਨੇ ਉਨ੍ਹਾਂ ਕੁਲੀਨ ਵਰਗ ਦੇ ਵਿਦਿਅਕ ਅਦਾਰਿਆਂ ਵਿੱਚ ਪੜ੍ਹਨ ਦੀ ਹੋੜ ਲਾ ਦਿੱਤੀ ਹੈ ਜਿਥੇ ਮਾਂ ਬੋਲੀ ਦਾ ਰੁਤਬਾ ਕਿਸੇ ਨੌਕਰਾਣੀ ਜਾਂ ਗੋਲੀ ਤੋਂ ਵੱਧ ਨਹੀਂ। ਹਕੀਕਤ ਇਹ ਹੈ ਕਿ ਬੱਚਾ ਜੰਮਣ ਸਾਰ ਮਾਪਿਆਂ ਦੀ ਇੱਛਾ ਵਿੱਚ ਇਹ ਗੱਲ ਬੁਰੀ ਤਰ੍ਹਾਂ ਘਰ ਕਰ ਜਾਂਦੀ ਹੈ ਕਿ ਬੱਚੇ ਨੂੰ ਕੀ ਬਣਾਉਣਾ ਹੈ। ਅੱਜਕਲ ਹਰ ਮਾਂ ਡਾਕਟਰ, ਇੰਜੀਨੀਅਰ ਜਾਂ ਬਹੁ ਕੌਮੀ ਕੰਪਨੀ ਦਾ ਮੈਨੇਜਰ ਜੰਮਦੀ ਹੈ ਜਿਸ ਦੀ ਤਨਖਾਹ ਪਹਿਲੀ ਨਿਯੁਕਤੀ ਤੇ ਹੀ ਘੱਟੋ ਘੱਟ ਲੱਖਾਂ ਰੁਪਏ ਹੋਵੇ। ਮਾਂਵਾਂ ਪੁੱਤਰ ਧੀਆਂ ਨਹੀਂ ਜੰਮਦੀਆਂ ਕਮਾਊ ਸੰਦ ਜੰਮਦੀਆਂ ਹਨ ਜਿਹੜੇ ਉਨ੍ਹਾਂ ਦੇ ਬੁਢਾਪੇ ਵੇਲੇ ਵੱਧ ਧਨ ਪ੍ਰਾਪਤੀ ਨਾਲ ਪਰਿਵਾਰਕ ਖੁਸ਼ਹਾਲੀ ਨੂੰ ਯਕੀਨੀ ਬਣਾ ਸਕਣ। ਇਥੋਂ ਹੀ ਭਾਸ਼ਾ ਦਾ ਘਾਣ ਸ਼ੁਰੂ ਹੁੰਦਾ ਹੈ।

ਵਿਰਸੇ ਦੀ ਮਮਤਾ ਪਾਲਣ ਵਾਲੇ ਲੋਕ ਇਹ ਗੱਲ ਜਾਣਦੇ ਹਨ ਕਿ ਪੰਘੂੜੇ ਤੋਂ ਲੈ ਕੇ ਮਾਂ ਬੋਲੀ ਹਰ ਪੈਰ ਤੇ ਤੁਹਾਡੇ ਅੰਗ ਸੰਗ ਰਹਿੰਦੀ ਹੈ ਪਰ ਇਹ ਰਿਸ਼ਤਾ ਤਾਂ ਹੀ ਨਿਭਦਾ ਹੈ ਜੇਕਰ ਮਾਪਿਆਂ ਨੇ ਆਪਣੇ ਜੀਵਨ ਵਿਹਾਰ ਵਿੱਚ ਆਪਣੀ ਮਾਂ ਬੋਲੀ ਲਈ ਸਤਿਕਾਰ ਯੋਗ ਥਾਂ ਰੱਖੀ ਹੋਈ ਹੈ। ਜੇਕਰ ਮਾਂ ਬੋਲੀ ਬੋਲਦੇ ਬੱਚੇ ਨੂੰ ਸਮਾਜਿਕ ਨਿਜ਼ਾਮ ਨੇ ਉਜੱਡ ਹੀ ਸਮਝਣਾ ਹੈ ਜਾਂ ਬੱਚੇ ਨੂੰ ਕੁਲੀਨ ਵਰਗ ਦੀ ਭਾਸ਼ਾ ਸਿਖਾਉਣ ਲਈ ਤੁਸੀਂ ਆਪਣੀ ਮਾਂ ਬੋਲੀ ਦੀ ਬਲੀ ਦੇਣੀ ਹੈ ਤਾਂ ਬਾਲ ਮਨ ਦੇ ਵਿਕਾਸ ਦੇ ਸਾਰੇ ਮੌਕੇ ਹੀ ਉਸ ਤੋਂ ਖੁੱਸ ਜਾਣੇ ਹਨ। ਮੁੱਢਲੀ ਗੱਲ ਇਹੀ ਹੈ ਕਿ ਜਦ ਤਕ ਬੱਚਾ ਅੱਖ਼ਰ ਗਿਆਨ ਦੇ ਲੜ ਨਹੀਂ ਲੱਗਦਾ ਓਨਾ ਚਿਰ ਉਸ ਦੀ ਕੋਰੀ ਤਖਤੀ ਤੇ ਹੋਰ ਭਾਸ਼ਾਵਾਂ ਦੇ ਘੁੱਗੂ ਘੋੜੇ ਨਾ ਵਾਹੋ। ਕੋਰੀ ਤਖਤੀ ਤੇ ਮਨਚਾਹੇ ਅੱਖ਼ਰ ਲਿਖਿਆਂ ਝਰੀਟਾਂ ਪੈਂਦੀਆਂ ਹਨ। ਪਰਿਵਾਰਕ ਮਾਹੌਲ ਵਿੱਚ ਹੀ ਮਾਂ ਬੋਲੀ ਦਾ ਸਤਿਕਾਰ ਬਣਾਈ ਰੱਖੋ। ਅੱਖਰਾਂ ਵੇਲੇ ਉਸ ਨੂੰ ਮਾਂ ਬੋਲੀ ਪੰਜਾਬੀ ਲਈ ਸਮਰੱਥ ਲਿੱਪੀ ਗੁਰਮੁਖੀ ਨਾਲ ਸ਼ਬਦ ਸਾਂਝ ਪੁਆਓ। ਪਿਆਰ ਦੀ ਭਾਸ਼ਾ ਮਾਂ ਬੋਲੀ ਹੀ ਹੁੰਦੀ ਹੈ ਜੇਕਰ ਤੁਸੀਂ ਪਿਆਰ ਦੀ ਭਾਸ਼ਾ ਸਿੱਖ ਜਾਓਗੇ ਤਾਂ ਰੁਜ਼ਗਾਰ ਦੀ ਕੋਈ ਵੀ ਭਾਸ਼ਾ ਸਿੱਖਣੀ ਤੁਹਾਡੇ ਲਈ ਹੋਰ ਵੀ ਆਸਾਨ ਹੋ ਜਾਵੇਗੀ। ਪਿਆਰ ਦੀ ਭਾਸ਼ਾ ਸਿੱਖਣ ਲਈ ਪੰਜਾਬ ਸਰਕਾਰ ਦੇ ਕਿਸੇ ਵੀ ਵਿਸੇਸ਼ ਨੋਟੀਫਿਕੇਸ਼ਨ ਦੀ ਲੋੜ ਨਹੀਂ ਨਾ ਹੀ ਜ਼ਿਲ੍ਹਾ ਪੱਧਰ ਦੀਆਂ ਕਮੇਟੀਆਂ ਬਣਾਉਣ ਦੀ ਲੋੜ ਹੈ? ਤੁਸੀਂ ਆਪ ਦੱਸੋ ਕਿ ਆਪਣੇ ਹੀ ਪੰਜਾਬ ਦੇ ਧੀਆਂ ਪੁੱਤਰਾਂ ਨੂੰ ਇਹ ਕਹਿਣਾ ਪਵੇ ਕਿ ਆਪਣੀ ਮਾਂ ਬੋਲੀ ਵਿੱਚ ਕੰਮ-ਕਾਰ ਕਰਿਆ ਕਰੋ ਤਾਂ ਇਸ ਤੋਂ ਵੱਡੀ ਸਿਤਮ ਵਾਲੀ ਗੱਲ ਕਿਹੜੀ ਹੋਵੇਗੀ। ਅੱਗੋਂ ਪੁੱਤਰ ਧੀਆਂ ਇਹ ਆਖਣ ਕਿ ਪਹਿਲਾਂ ਸਾਡੇ ਲਈ ਸਖਤ ਕਾਨੂੰਨ ਬਣਾਓ, ਭਾਸ਼ਾ ਟ੍ਰਿਬਿਊਨਲ ਬਣਾਓ ਫਿਰ ਅਸੀਂ ਮਾਂ ਬੋਲੀ ਵਿੱਚ ਕੰਮ ਕਾਜ ਕਰਾਂਗੇ ਤਾਂ ਇਸ ਤੋਂ ਵੱਡੀ ਹਾਰ ਕੀ ਹੋਵੇਗੀ।
ਮੇਰੀ ਧਰਤੀ ਦੇ ਲੋਕਾਂ ਨੂੰ ਇਹ ਗੱਲ ਗੁਰੂ ਨਾਨਕ ਦੇਵ ਜੀ ਨੇ ਆਖੀ ਸੀ ਕਿ ਰਾਜ ਕਰਨ ਵਾਲੇ ਲੋਕਾਂ ਅਤੇ ਪ੍ਰਮਾਰਥ ਵੇਚਣ ਵਾਲੇ ਲੋਕਾਂ ਨੇ ਹਮੇਸ਼ਾਂ ਭਾਸ਼ਾ ਦਾ ਓਹਲਾ ਰੱਖ ਕੇ ਹੀ ਸਧਾਰਣ ਬੰਦਿਆਂ ਨੂੰ ਲੁੱਟਿਆ ਹੈ। ਇਸੇ ਕਰਕੇ ਉਨ੍ਹਾਂ ਨੇ ਪ੍ਰਮਾਰਥ ਦੀ ਭਾਸ਼ਾ ਵੀ ਪੰਜਾਬੀ ਲੋਕ ਭਾਸ਼ਾ ਬਣਾ ਵਿਖਾਈ। ਗੁਰਬਾਣੀ ਵਿੱਚ ਪਵਿੱਤਰ ਸ਼ਬਦ ਆਮ ਸਧਾਰਣ ਆਦਮੀ ਲਈ ਕਲਿਆਣਕਾਰੀ ਵੀ ਇਸੇ ਕਰਕੇ ਹਨ ਕਿ ਇਨ੍ਹਾਂ ਵਿੱਚ ਕੋਈ ਓਹਲਾ ਨਹੀਂ। ਜੇਕਰ ਅਸੀਂ ਅੱਜ ਵੀ ਓਹਲੇ ਦੀ ਓਪਰੀ ਭਾਸ਼ਾ ਤਿਆਗ ਕੇ ਹਸਪਤਾਲਾਂ, ਕਚਿਹਰੀਆਂ, ਮਾਲ ਮਹਿਕਮੇ ਦੇ ਦਸਤਾਵੇਜਾਂ, ਆਮ ਕਾਰੋਬਾਰੀ ਅਦਾਰਿਆਂ ਅਤੇ ਵਰਤੋਂ ਵਿਹਾਰ ਵਿੱਚ ਪੰਜਾਬੀ ਦੀ ਖੁੱਲੀ ਡੁੱਲੀ ਵਰਤੋਂ ਕਰਨੀ ਸ਼ੁਰੂ ਕਰ ਦੇਈਏ ਤਾਂ ਯੂਨੈਸਕੋ ਦੀ ਰਿਪੋਰਟ ਨੂੰ ਝੁਠਲਾ ਸਕਦੇ  ਹਾਂ। ਤੁਸੀਂ ਆਪ ਸੋਚੋ ਕਿ ਤੁਹਾਡੇ ਪੁੱਤਰਾਂ ਧੀਆਂ ਦੇ ਵਿਆਹਾਂ ਸ਼ਾਦੀਆਂ ਦੇ ਕਾਰਡ ਗਲਤ ਅੰਗਰੇਜ਼ੀ ਵਿੱਚ ਛਾਪਣੇ ਸਹੀ ਹਨ ਜਾਂ ਸਹੀ ਪੰਜਾਬੀ ਵਿੱਚ। ਪੰਜਾਬੀਆਂ ਦੀਆਂ ਰਿਸ਼ਤੇਦਾਰੀਆਂ ਦਾ ਤਾਣਾ ਬਾਣਾ ਪੰਜਾਬ ਵਿੱਚ ਹੀ ਤਾਂ ਹੈ। ਕਾਰਡ ਦਾ ਮਕਸਦ ਵੀ ਸਹੀ ਸੂਚਨਾ ਦੇਣਾ ਹੁੰਦਾ ਹੈ। ਜੇਕਰ ਅਸੀਂ ਆਪਣੇ ਨਾਨਕਿਆਂ ਦਾਦਕਿਆਂ ਭੂਆ ਮਾਸੀਆਂ ਅਤੇ ਹੋਰ ਰਿਸ਼ਤੇਦਾਰਾਂ ਨੂੰ ਆਪਣੀ ਜ਼ੁਬਾਨ ਵਿੱਚ ਹੀ ਸੁਨੇਹਾ ਨਹੀਂ ਦੇਵਾਂਗੇ ਤਾਂ ਹੋਰ ਕੌਣ ਦੇਵੇਗਾ? ਭਾਸ਼ਾ ਦਾ ਸਵੈ-ਮਾਣ ਹੀ ਤੁਹਾਨੂੰ ਸਹੀ ਪੰਜਾਬੀ ਪੁੱਤਰ ਬਣਾ ਸਕੇਗਾ। ਪੰਜਾਬੀ ਹੀ ਨਹੀਂ ਕਿਸੇ ਵੀ ਖਿੱਤੇ ਦੀ ਮਾਂ ਬੋਲੀ ਵਿੱਚ ਇਹ ਸਮੱਰਥਾ ਹਮੇਸ਼ਾਂ ਹੀ ਰਹਿੰਦੀ ਹੈ ਕਿ ਉਹ ਤੁਹਾਡੇ ਸਰਬਪੱਖੀ ਵਿਕਾਸ ਲਈ ਨਾਲੋ ਨਾਲ ਤੁਰੇ। ਤੁਹਾਡੇ ਹਓਕਿਆਂ ਦੀ ਜ਼ੁਬਾਨ ਬਣੇ। ਤੁਹਾਡੇ ਫਿਕਰਾਂ ਨੂੰ ਖੁਸ਼ੀਆਂ ਨੂੰ ਮਨ ਦੇ ਚਾਵਾਂ ਅਤੇ ਹੁਲਾਰਿਆਂ ਨੂੰ ਮਾਂ ਬੋਲੀ ਹੀ ਖੰਭ ਲਾ ਸਕਦੀ ਹੈ। ਵਿਸ਼ਵ ਵਿੱਚ ਮਾਂ ਬੋਲੀ ਪੰਜਾਬੀ ਬੋਲਣ ਵਾਲਿਆਂ ਦੀ ਗਿਣਤੀ ਲਗਪਗ 13 ਕਰੋੜ ਗਿਣੀ ਜਾਂਦੀ ਹੈ ਜਿਨ੍ਹਾਂ ਵਿਚੋਂ ਭਾਵੇਂ ਗੁਰਮੁਖੀ ਅੱਖ਼ਰ ਜਾਨਣ ਵਾਲੇ ਵੀ ਤਿੰਨ ਕਰੋੜ ਦੇ ਨੇੜੇ ਤੇੜੇ ਹਨ ਪਰ ਪੰਜਾਬੀ ਭਾਸ਼ਾ ਵਿੱਚ ਕਿਸੇ ਵੀ ਕਿਤਾਬ ਦੀ ਛਪਣ ਸੰਖਿਆਂ 1100 ਤੋਂ ਵੱਧ ਨਹੀਂ। ਪੁਸਤਕ ਸਭਿਆਚਾਰ ਨਾਲ ਹੀ ਅਸੀਂ ਸ਼ਬਦ ਦੀ ਸਲਾਮਤੀ ਕਾਇਮ ਕਰ ਸਕਦੇ ਹਾਂ। ਭਾਸ਼ਾ ਉਦੋਂ ਮਰਦੀ ਹੈ ਜਦੋਂ ਉਸ ਦੇ ਪੁੱਤਰਾਂ ਧੀਆਂ ਦੀ ਸ਼ਬਦ ਨਾਲੋਂ ਸਾਂਝ ਟੁੱਟ ਜਾਵੇ। ਨਾਮਧਾਰੀ ਸਮਾਜ ਦੇ ਬਾਨੀ ਸਤਿਗੁਰ ਰਾਮ ਸਿੰਘ ਜੀ ਨੇ ਗੁਰਮੁਖੀ ਅੱਖਰ ਪੜ੍ਹਨੇ ਤੇ ਪੜ੍ਹਾਵਣੇ  ਦਾ ਹੁਕਮਨਾਮਾ ਜਾਰੀ ਕੀਤਾ ਸੀ ਪਰ ਅੱਜ ਇਸ ਸਮਾਜ ਵਿੱਚ ਵੀ ਪੰਜਾਬੀ ਅਤੇ ਗੁਰਮੁਖੀ ਲਈ ਮੁਹੱਬਤ ਨੂੰ ਖੋਰਾ ਲੱਗ ਰਿਹਾ ਹੈ। ਭਾਸ਼ਾ ਕਿਸੇ ਧਰਮ ਜਾਤ ਜਾਂ ਗੋਤ ਦੀ ਮਲਕੀਅਤ ਨਹੀਂ ਹੁੰਦੀ ਸਗੋਂ ਖਿੱਤਾ ਵਿਸੇਸ਼ ਦੇ ਲੋਕਾਂ ਦੀ ਸਾਂਝੀ ਪੂੰਜੀ ਹੁੰਦੀ ਹੈ। ਪੰਜਾਬੀ ਨੂੰ ਸਿਰਫ ਸਿੱਖਾਂ ਦੀ ਭਾਸ਼ਾ ਕਹਿ ਕੇ ਤਿਆਗਣ ਵਾਲਿਆਂ ਨੂੰ ਇਹ ਗੱਲ ਕਦੇ ਵੀ ਨਹੀਂ ਵਿਸਾਰਨੀ ਚਾਹੀਦੀ ਕਿ ਪੰਜਾਬੀ ਭਾਸ਼ਾ ਦੇ ਮੁੱਢਲੇ ਲੇਖਕਾਂ ਵਿੱਚ ਈਸ਼ਵਰ ਚੰਦਰ ਨੰਦਾ, ਲਾਲਾ ਕਿਰਪਾ ਸਾਗਰ, ਬਿਹਾਰੀ ਲਾਲ ਪੁਰੀ, ਸ਼ਰਧਾ ਰਾਮ ਫਿਲੌਰੀ, ਧਨੀ ਰਾਮ ਚਾਤ੍ਰਿਕ, ਪ੍ਰੋ: ਬ੍ਰਿਜ ਲਾਲ ਸਾਸ਼ਤਰੀ, ਡਾ: ਵਿਦਿਆ ਭਾਸਕਰ ਅਰੁਣ, ਬਲਵੰਤ ਗਾਰਗੀ, ਦੇਵਿੰਦਰ ਸਤਿਆਰਥੀ ਵਰਗੇ ਮਹਾਨ ਵਿਅਕਤੀ ਕਿਸ ਪਿਛੋਕੜ ਵਿੱਚੋਂ ਆਏ ਸਨ। ਸ਼ਿਵ ਕੁਮਾਰ ਬਟਾਲਵੀ, ਮੋਹਨ ਭੰਡਾਰੀ, ਰਾਮ ਸਰੂਪ ਅਣਖੀ, ਓਮ ਪ੍ਰਕਾਸ਼ ਗਾਸੋ, ਕੇਵਲ ਸੂਦ, ਭੂਸ਼ਨ ਧਿਆਨਪੁਰੀ, ਕੇ ਐਲ ਗਰਗ, ਡਾ: ਲੋਕ ਨਾਥ ਆਦਿ ਵਰਗੇ ਸਿਰਜਣਹਾਰਿਆਂ ਨੇ ਆਪਣੀ ਧਰਤੀ ਦੀ ਜ਼ੁਬਾਨ ਨੂੰ ਕਿਵੇਂ ਸਿਖ਼ਰਾਂ ਤੇ ਪਹੁੰਚਾਇਆ ਹੈ। ਵੰਡੀਆਂ ਨਾਲ ਸ਼ਕਤੀ ਕਮਜ਼ੋਰ ਪੈਂਦੀ ਹੈ ਅਤੇ ਏਕੇ ਨਾਲ ਸਵਾਈ ਹੁੰਦੀ ਹੈ। ਆਓ ਆਪਣੀ ਮਾਂ ਬੋਲੀ ਪੰਜਾਬੀ ਦੇ ਵਿਕਾਸ ਲਈ ਸ਼ਬਦ ਸਭਿਆਚਾਰ ਦੀ ਉਸਾਰੀ ਹਿਤ ਪਿੰਡਾਂ ਵਿੱਚ ਲਾਇਬ੍ਰੇਰੀਆਂ ਦਾ ਢਾਂਚਾ ਉਸਾਰੀਏ। ਸਾਡੇ ਕੋਲ ਧਰਮਸਾਲ ਦਾ ਮਾਡਲ ਪਹਿਲਾਂ ਹੀ ਹਾਜ਼ਰ ਹੈ। ਧਰਮਸਾਲ ਓਨਾ ਚਿਰ ਸੰਪੂਰਨ ਨਹੀਂ ਜਿੰਨਾਂ ਚਿਰ ਉਸ ਵਿੱਚ ਪਾਠਸਾਲ, ਚਕਿਤਸਾਲ ਅਤੇ ਪੁਸਤਕਸਾਲ ਨਹੀਂ ਹੈ। ਧਰਮਸਾਲ ਅੱਜ ਦਾ ਗੁਰਦੁਆਰਾ, ਮੰਦਰ, ਗਿਰਜਾਘਰ ਜਾਂ ਮਸੀਤ ਹੈ। ਪਾਠਸਾਲ ਸਕੂਲ ਹੈ, ਚਕਿਤਸਾਲ ਹਸਪਤਾਲ ਹੈ ਅਤੇ ਪੁਸਤਕਸਾਲ ਲਾਇਬ੍ਰੇਰੀ ਹੈ। ਇਨ੍ਹਾਂ ਚਾਰ ਪਾਵਿਆਂ ਤੇ ਹੀ ਸਾਡਾ ਵਿਕਾਸ ਮਾਡਲ ਖੜ੍ਹਾ ਹੈ। ਇਨ੍ਹਾਂ ਵਿੱਚ ਸੁਮੇਲ ਕਰਨਾ ਪਵੇਗਾ ਫਿਰ ਕਿਸੇ ਅੰਤਰ ਰਾਸ਼ਟਰੀ ਏਜੰਸੀ ਨੂੰ ਇਹ ਕਹਿਣ ਦਾ ਮੌਕਾ ਨਹੀਂ ਮਿਲੇਗਾ ਕਿ ਪੰਜਾਬੀ ਭਾਸ਼ਾ ਮਰ ਰਹੀ ਹੈ। ਪੰਜਾਬੀ ਦੇ ਸ਼ਬਦ ਭੰਡਾਰ ਵਿੱਚ ਵਾਧੇ ਅਤੇ ਵਿਕਾਸ ਲਈ ਭਾਸ਼ਾ ਦੀ ਵਰਤੋਂ ਯੋਗਤਾ ਵਧਾਉਣੀ ਪਵੇਗੀ। ਨਿਰੰਤਰ ਮੋਹ ਅਤੇ ਮੁਹੱਬਤ ਦਾ ਰਿਸ਼ਤਾ ਸੁਰਜੀਤ ਕਰਕੇ ਹੀ ਅਸੀਂ ਆਪਣੀ ਮਾਂ ਬੋਲੀ ਸਮਰੱਥਾਵਾਨ ਸੁਆਣੀ ਬਣਾ ਸਕਾਂਗੇ। ਭਾਸ਼ਾ ਕੋਈ ਉਦਯੋਗਿਕ ਇਕਾਈ ਅੰਦਰ ਵਿਗਸਣ ਵਾਲੀ ਵਸਤੂ ਨਹੀਂ ਹੈ, ਇਸ ਦਾ ਉਤਪਾਦਨ ਨਹੀਂ ਹੁੰਦਾ। ਸ਼ਬਦਕੋਸ਼ ਜਿਉਂਦੀਆਂ ਭਾਸ਼ਾਵਾਂ ਦਾ ਖਜ਼ਾਨਾ ਤਾਂ ਹੁੰਦੇ ਹਨ ਪਰ ਇਨ੍ਹਾਂ ਨੂੰ ਕਬਰਾਂ ਨਾ ਬਣਾਈਏ। ਇਹ ਪੂੰਜੀ ਲਗਾਤਾਰ ਵਰਤਣ ਵਾਸਤੇ ਹੈ, ਸਿਰਫ ਸੰਭਾਲਣ ਵਾਸਤੇ ਨਹੀਂ। ਕਤਰੇ ਕਤਰੇ ਨਾਲ ਹੀ ਸਮੁੰਦਰ ਭਰਦਾ ਹੈ। ਆਓ ਪ੍ਰਣ ਕਰੀਏ ਕਿ ਮਾਂ ਬੋਲੀ ਪੰਜਾਬੀ ਦੇ ਵਿਕਾਸ ਲਈ ਕਿਸੇ ਹੋਰ ਧਿਰ ਦਾ ਸਾਥ ਲੱਭਣ ਦੀ ਥਾਂ ਖੁਦ ਹਿੰਮਤ ਕਰੀਏ। ਪੰਜਾਬੀ ਦੇ ਨਾਮਵਰ ਕਹਾਣੀਕਾਰ ਵਰਿਆਮ ਸਿੰਘ ਸੰਧੂ ਨੇ ਮੁੱਢਲੇ ਸਫਰ ਦੌਰਾਨ ਕੁਝ ਕਵਿਤਾਵਾਂ ਵੀ ਲਿਖੀਆਂ ਸਨ। ਉਨ੍ਹਾਂ ਦੀ ਇਸ ਕਵਿਤਾ ਦੇ ਬੋਲਾਂ ਨਾਲ ਮੈਂ ਆਪਣੀ ਗੱਲ ਅੱਗੇ ਤੋਰਦਾ ਹਾਂ:

ਕਿਸ ਨੂੰ ਉਡੀਕਦੇ ਹੋ,
ਗੋਬਿੰਦ ਨੇ ਹੁਣ ਪਟਨ ਚੋਂ ਨਹੀਂ ਆਉਣਾ।
ਮਸਤਕ ਤੋਂ ਹੱਥ ਤਕ ਸਿੱਧਾ ਰਸਤਾ
ਕੇਸਗੜ੍ਹ ਦੇ ਮੈਦਾਨ ਨੂੰ ਜਾਂਦਾ ਹੈ।

*ਗੁਰਭਜਨ ਸਿੰਘ ਗਿੱਲ (ਪ੍ਰੋ.)
ਚੇਅਰਮੈਨ
ਪੰਜਾਬੀ ਲੋਕ ਵਿਰਾਸਤ ਅਕਾਡਮੀ
ਲੁਧਿਆਣਾ

Thursday, 19 February 2026

ਲੁਧਿਆਣਾ ਵਿੱਚ ਪੰਜਾਬੀ ਮਾਤ-ਭਾਸ਼ਾ ਮੇਲਾ 21 ਫ਼ਰਵਰੀ ਨੂੰ

Panjabi Bhawan on Feb 19, 2026, 10:37 AM Regarding International Mother Language Day

ਪੰਜਾਬੀ ਸਾਹਿਤ ਅਕਾਡਮੀ ਵੱਲੋਂ ਅੰਤਰ-ਰਾਸ਼ਟਰੀ ਮਾਤ ਭਾਸ਼ਾ ਦਿਵਸ ਮੌਕੇ ਵਿਸ਼ੇਸ਼  

ਇਹ ਤਸਵੀਰ ਏ ਆਈ (AI) ਨੇ ਬਣਾਈ ਹੈ 
ਲੁਧਿਆਣਾ
: 19 ਫ਼ਰਵਰੀ 2026: (ਮੀਡੀਆ ਲਿੰਕ ਰਵਿੰਦਰ//ਸਾਹਿਤ ਸਕਰੀਨ ਡੈਸਕ)::

ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਵਲੋਂ ਅੰਤਰ-ਰਾਸ਼ਟਰੀ ਮਾਤਾ ਭਾਸ਼ਾ ਦਿਵਸ ਮੌਕੇ ਪੰਜਾਬੀ ਮਾਤ-ਭਾਸ਼ਾ ਮੇਲਾ 21 ਫ਼ਰਵਰੀ ਨੂੰ ਪੰਜਾਬੀ ਭਵਨ, ਲੁਧਿਆਣਾ ਵਿਖੇ ਮਨਾਇਆ ਜਾ ਰਿਹਾ ਹੈ। ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੇ ਜਨਰਲ ਸਕੱਤਰ ਡਾ. ਗੁਲਜ਼ਾਰ ਸਿੰਘ ਪੰਧੇਰ ਨੇ ਦੱਸਿਆ ਕਿ ਮਾਤ-ਭਾਸ਼ਾ ਦਿਵਸ ਮੌਕੇ ਪੰਜਾਬ ਦੇ ਵੱਖ-ਵੱਖ ਕਾਲਜਾਂ ਦੀਆਂ ਟੀਮਾਂ ਪੰਜਾਬੀ ਕਹਾਣੀ ਸਿਰਜਣ, ਕਾਵਿ-ਸਿਰਜਣ, ਪੰਜਾਬੀ ਲੋਕਗੀਤ, ਸਭਿਆਚਾਰਕ ਪ੍ਰਸ਼ਨੋਤਰੀ, ਪੰਜਾਬੀ ਕਵਿਤਾ ਪੋਸਟਰ ਮੁਕਾਬਲਾ, ਪੰਜਾਬੀ ਕਾਵਿ-ਉਚਾਰਣ,ਅਖਾਣ ਅਤੇ ਮੁਹਾਾਵਰੇ ਭਰਪੂਰ ਵਾਰਤਾਲਾਪ ਅਤੇ ਕੈਲੀਗ੍ਰਾਫੀ (ਅੱਖ਼ਰਕਾਰੀ) ਮੁਕਾਬਲਿਆਂ ਵਿਚ ਹਿੱਸਾ ਲੈਂਦੀਆਂ ਹਨ।

ਉਨ੍ਹਾਂ ਦੱਸਿਆ ਕਿ ਪੰਜਾਬੀ ਮਾਤ-ਭਾਸ਼ਾ ਮੇਲੇ ਦੇ ਪਿਛਲੇ ਸਾਲ ਪੰਜਾਬ ਦੇ ਲਗਪਗ ਦੋ ਦਰਜਨ ਦੇ ਕਰੀਬ ਕਾਲਜਾਂ ਦੀਆਂ ਟੀਮਾਂ ਨੇ ਭਾਗ ਲਿਆ ਸੀ ਤੇ ਇਸ ਵਾਰ ਹੋਰ ਵੀ ਜ਼ਿਆਦਾ ਕਾਲਜਾਂ ਦੀਆਂ ਟੀਮਾਂ ਵਲੋਂ ਭਾਗ ਲੈਣ ਦੀ ਸੰਭਾਵਨਾ ਹੈ। ਉਨ੍ਹਾਂ ਦੱਸਿਆ ਕਿ ਅਕਾਡਮੀ ਵੱਲੋਂ ਵੱਖ-ਵੱਖ ਮੁਕਾਬਲਿਆਂ ਵਿਚੋਂ ਜੇਤੂ ਵਿਦਿਆਰਥੀਆਂ ਨੂੰ ਪੁਸਤਕਾਂ ਦੇ ਰੂਪ ਵਿਚ ਪਹਿਲਾ, ਦੂਜਾ ਤੇ ਤੀਜਾ ਇਨਾਮ ਦਿੱਤੇ ਜਾਣਗੇ ਅਤੇ ਜਿਸ ਕਾਲਜ ਦੀ ਟੀਮ ਨੇ ਸਮੁੱਚੇ ਰੂਪ ਵਿਚ ਜ਼ਿਆਦਾ ਅੰਕ ਪ੍ਰਾਪਤ ਕੀਤੇ ਉਸ ਨੂੰ ਮਾਤ-ਭਾਸ਼ਾ ਟਰਾਫ਼ੀ ਪ੍ਰਦਾਨ ਕੀਤੀ ਜਾਵੇਗੀ।

ਪੰਜਾਬੀ ਮਾਤ-ਭਾਸ਼ਾ ਮੇਲੇ ਦੇ ਕਨਵੀਨਰ ਡਾ. ਗੁਰਚਰਨ ਕੌਰ ਕੋਚਰ ਅਤੇ ਸ੍ਰੀ ਤ੍ਰੈਲੋਚਨ ਲੋਚੀ ਨੇ ਦੱਸਿਆ ਮੇਲੇ ਸੰਬੰਧੀ ਕਾਲਜਾਂ ਨੂੰ ਸੱਦਾ ਪੱਤਰ ਭੇਜੇ ਗਏ ਹੈ। ਜੇ ਕਿਸੇ ਕਾਲਜ ਨੂੰ ਸੱਦਾ ਪੱਤਰ ਸਮੇਂ ਸਿਰ ਨਹੀਂ ਪਹੁੰਚਦਾ ਉਹ ਵੀ 21 ਫ਼ਰਵਰੀ ਨੂੰ ਪੰਜਾਬੀ ਭਵਨ ਪਹੁੰਚ ਕੇ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ। ਭਾਗ ਲੈਣ ਵਾਲੇ ਕਾਲਜਾਂ ਦੇ ਵਿਦਿਆਰਥੀ ਆਪਣੀ ਸੰਸਥਾ ਦੇ ਮੁਖੀ ਤੋਂ ਅਧਿਕਾਰ ਪੱਤਰ ਨਾਲ ਲੈ ਕੇ ਆਉਣਗੇ ਅਤੇ ਉਨ੍ਹਾਂ ਦੀ ਰਜਿਸਟ੍ਰੇਸ਼ਨ ਸਵੇਰੇ 9 ਵਜੇ ਤੋਂ ਲੈ ਕੇ 10 ਵਜੇ ਤੱਕ ਪੰਜਾਬੀ ਭਵਨ, ਲੁਧਿਆਣਾ ਵਿਖੇ ਹੋਵੇਗੀ।ਉਪਰੰਤ ਸਾਹਿਤਕ ਮੁਕਾਬਲੇ ਸ਼ੁਰੂ ਹੋ ਜਾਣਗੇ।

Monday, 16 February 2026

ਕਹਾਣੀਕਾਰ ਲਾਲ ਸਿੰਘ ਦੇ ਦੇਹਾਂਤ ’ਤੇ ਕੇਂਦਰੀ ਪੰਜਾਬੀ ਲੇਖਕ ਸਭਾ ਵੱਲੋਂ ਗਹਿਰੇ ਦੁੱਖ ਦਾ ਇਜ਼ਹਾਰ

Sushil Dosanjh Sent on Monday 16th February 2026 at 16:03 Regarding Lal Singh Writer

ਕਹਾਣੀਕਾਰ ਲਾਲ ਸਿੰਘ ਦਾ ਅੰਤਿਮ ਸੰਸਕਾਰ ਹੋਵੇਗਾ 19 ਫਰਵਰੀ ਨੂੰ 

ਚੰਡੀਗੜ੍ਹ: 16 ਫਰਵਰੀ 2026: (ਮੀਡੀਆ ਲਿੰਕ ਰਵਿੰਦਰ//ਸਾਹਿਤ ਸਕਰੀਨ ਡੈਸਕ)::

ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ) ਨੇ ਪ੍ਰਸਿੱਧ ਪੰਜਾਬੀ ਕਹਾਣੀਕਾਰ ਸ੍ਰੀ ਲਾਲ ਸਿੰਘ ਦੇ ਦੇਹਾਂਤ ’ਤੇ ਗਹਿਰੇ ਦੁੱਖ ਅਤੇ ਅਫ਼ਸੋਸ ਦਾ ਪ੍ਰਗਟਾਵਾ ਕੀਤਾ ਹੈ। ਸਭਾ ਦੇ ਪ੍ਰਧਾਨ ਦਰਸ਼ਨ ਬੁੱਟਰ, ਜਨਰਲ ਸਕੱਤਰ ਸੁਸ਼ੀਲ ਦੁਸਾਂਝ, ਸੀਨੀਅਰ ਮੀਤ ਪ੍ਰਧਾਨ ਮੱਖਣ ਸਿੰਘ ਕੁਹਾੜ ਅਤੇ ਦਫ਼ਤਰ ਸਕੱਤਰ ਦੀਪ ਦੇਵਿੰਦਰ ਸਿੰਘ ਨੇ ਇੱਥੋਂ ਜਾਰੀ ਪ੍ਰੈੱਸ ਬਿਆਨ ਵਿੱਚ ਕਿਹਾ ਕਿ ਲਾਲ ਸਿੰਘ ਦਾ ਵਿਛੋੜਾ ਪੰਜਾਬੀ ਸਾਹਿਤ ਲਈ ਨਾ ਪੂਰਿਆ ਜਾਣ ਵਾਲਾ ਘਾਟਾ ਹੈ।

20 ਅਪ੍ਰੈਲ 1940 ਨੂੰ ਦਸੂਹਾ (ਜ਼ਿਲ੍ਹਾ ਹੁਸ਼ਿਆਰਪੁਰ) ਵਿਖੇ ਜਨਮੇ ਲਾਲ ਸਿੰਘ ਨੇ ਆਪਣੀ ਸਾਹਿਤ ਰਚਨਾ ਅਤੇ ਕਹਾਣੀਆਂ ਰਾਹੀਂ ਪੰਜਾਬੀ ਸਾਹਿਤ ਨੂੰ ਸਮਰੱਥ ਬਣਾਇਆ ਅਤੇ ਸਮਾਜਕ ਸਚਾਈਆਂ ਨੂੰ ਬੜੀ ਸੰਵੇਦਨਸ਼ੀਲਤਾ ਨਾਲ ਪੇਸ਼ ਕੀਤਾ।। ਉਨ੍ਹਾਂ ਨੇ ਸਮਾਜਕ ਹਕੀਕਤਾਂ, ਆਮ ਮਨੁੱਖ ਦੇ ਦੁੱਖ-ਦਰਦ ਅਤੇ ਜੀਵਨ ਸੰਘਰਸ਼ ਨੂੰ ਸੰਵੇਦਨਸ਼ੀਲ ਅਤੇ ਪ੍ਰਭਾਵਸ਼ਾਲੀ ਅੰਦਾਜ਼ ਵਿੱਚ ਪੇਸ਼ ਕੀਤਾ।

ਉਨ੍ਹਾਂ ਦੇ ਕਹਾਣੀ ਸੰਗ੍ਰਹਿ ਮਾਰਖੋਰੋ (1984), ਬਲੌਰ (1986), ਧੁੱਪ-ਛਾਂ (1990), ਕਾਲੀ ਮਿੱਟੀ (1996), ਚੋਣਵੀਂ ਪੰਜਾਬੀ ਕਹਾਣੀ (1996), ਅੱਧੇ ਅਧੂਰੇ (2003), ਸਰਦੇ ਪੁੱਜਦੇ, ਗੜ੍ਹੀ ਬ਼ਖ਼ਸ਼ਾ ਸਿੰਘ (2010) ਅਤੇ ਸੰਸਾਰ (2017) ਪੰਜਾਬੀ ਕਹਾਣੀ ਸਾਹਿਤ ਦੀ ਮਹੱਤਵਪੂਰਨ ਵਿਰਾਸਤ ਹਨ।

ਉਹ ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ) ਨਾਲ ਲੰਬੇ ਸਮੇਂ ਤੱਕ ਸਰਗਰਮ ਤੌਰ ’ਤੇ ਜੁੜੇ ਰਹੇ ਅਤੇ ਮੀਤ ਪ੍ਰਧਾਨ ਸਮੇਤ ਕਈ ਅਹੁਦਿਆਂ ’ਤੇ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਂਦੇ ਰਹੇ। ਸਭਾ ਦੇ ਅਹੁਦੇਦਾਰਾਂ ਨੇ ਕਿਹਾ ਕਿ ਉਨ੍ਹਾਂ ਦੀ ਸਾਹਿਤਕ ਤੇ ਸਮਾਜਕ ਘਾਲਣਾ ਹਮੇਸ਼ਾਂ ਯਾਦ ਰੱਖੀ ਜਾਵੇਗੀ।

ਲਾਲ ਸਿੰਘ ਦਾ ਅੰਤਿਮ ਸੰਸਕਾਰ 19 ਫਰਵਰੀ ਨੂੰ ਬਾਅਦ ਦੁਪਹਿਰ ਇਕ ਵਜੇ ਸ਼ਮਸ਼ਾਨਘਾਟ ਪਿੰਡ ਕਹਿਰਵਾਲੀ, ਨੇੜੇ ਡਰਾਈਵਿੰਗ ਸਕੂਲ (ਦਸੂਹਾ) ਵਿਖੇ ਕੀਤਾ ਜਾਵੇਗਾ। ਉਨ੍ਹਾਂ ਨਮਿਤ ਭੋਗ 23 ਫਰਵਰੀ ਨੂੰ ਪਾਇਆ ਜਾਵੇਗਾ।

ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ) ਦੀ ਸਮੁੱਚੀ ਕਾਰਜਕਾਰਨੀ ਨੇ ਵਿਛੜੇ ਸਾਹਿਤਕਾਰ ਨੂੰ ਸ਼ਰਧਾਂਜਲੀ ਅਰਪਿਤ ਕਰਦਿਆਂ ਉਨ੍ਹਾਂ ਦੇ ਪਰਿਵਾਰ ਨਾਲ ਡੂੰਘੀ ਸੰਵੇਦਨਾ ਪ੍ਰਗਟ ਕੀਤੀ ਹੈ।

ਜਾਰੀ ਕਰਤਾ:ਸੁਸ਼ੀਲ ਦੁਸਾਂਝ:ਜਨਰਲ ਸਕੱਤਰ, ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ)//ਸੰਪਰਕ-98887-99870

ਪ੍ਰਗਤੀਸ਼ੀਲ ਲੇਖਕ ਸੰਤੋਖ ਸਿੰਘ ਧੀਰ ਦੇ ਜਨਮ ਦਿਨ ਨੂੰ ਸਮਰਪਿਤ

H S Dalla Sent on Monday 16th February 2026 at 08:29 AM Regarding Literary Meeting 

ਸਰਗਰਮ ਸਾਹਿਤ ਸਭਾ (ਰਜਿ) ਬਹਿਰਾਮਪੁਰ ਨੇ ਕੀਤਾ ਵਿਸ਼ੇਸ਼ ਉਪਰਾਲਾ


ਬਹਿਰਾਮਪੁਰ ਬੇਟ
: 15 ਫਰਵਰੀ 2026: (ਹਰਨਾਮ ਸਿੰਘ ਡੱਲਾ//ਸਾਹਿਤ ਸਕਰੀਨ ਡੈਸਕ):: 

ਲੰਮੇ ਸਮੇਂ ਤੋਂ ਸਰਗਰਮ ਸਾਹਿਤ ਸਭਾ (ਰਜਿ) ਬਹਿਰਾਮਪੁਰ ਬੇਟ ਵਲੋਂ ਇੱਕ ਹੋਰ ਯਾਦਗਾਰੀ ਆਯੋਜਿਤ ਕੀਤਾ ਗਿਆ ਜਿਹੜਾ ਪ੍ਰਗਤੀਸ਼ੀਲ ਲੇਖਕ ਸੰਤੋਖ ਸਿੰਘ ਧੀਰ ਦੇ ਜਨਮ ਦਿਨ ਨੂੰ ਸਮਰਪਿਤ ਸੀ। ਇਸ ਸਮਾਗਮ ਦੌਰਾਨ ਇਕੱਤਰ ਸਾਹਿਤਕਾਰਾਂ ਨੇ ਆਪਣੀਆਂ ਰਚਨਾਵਾਂ ਵੀ ਸੁਣਾਈਆਂ ਅਤੇ ਬਾਕੀਆਂ ਦੀਆਂ ਰਚਨਾਵਾਂ ਵੀ ਸੁਣੀਆਂ। ਇਸ ਮੌਕੇ ਸ਼ਾਮਿਲ ਹੋਏ ਲੇਖਕਾਂ ਦੀ ਇੱਕ ਗਰੁੱਪ ਫੋਟੋ ਵੀ ਖਿੱਚੀ ਗਈ। 

ਪੰਜਾਬੀ ਭਾਸ਼ਾ ਪਸਾਰ ਭਾਈਚਾਰਾ ਵੀ ਸਰਗਰਮ

Punjabi Bhasha Pasaar Bhaichara on 14th February 2026 at 07:12 Regarding International Mother Language Day 

ਸੱਤ ਵਿਦਿਅਕ ਅਦਾਰਿਆਂ ਵਿੱਚ ਹੋਣੇ ਹਨ ਵਿਸ਼ੇਸ਼ ਸਮਾਗਮ 


ਲੁਧਿਆਣਾ
14 ਫਰਵਰੀ 2026: (ਮੀਡੀਆ ਲਿੰਕ ਰਵਿੰਦਰ//ਸਾਹਿਤ ਸਕਰੀਨ ਡੈਸਕ)::

ਅੰਤਰਰਾਸ਼ਟਰੀ ਮਾਤ ਭਾਸ਼ਾ ਪੰਜਾਬੀ ਪੰਦਰਵਾੜੇ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ਲਈ ਪੰਜਾਬੀ ਭਾਸ਼ਾ ਪਸਾਰ ਭਾਈਚਾਰਾ ਵੀ ਸਰਗਰਮ ਹੈ। ਉੱਘੇ ਲੇਖਕ ਮਿੱਤਰਸੈਨ ਅਤੇ ਉਹਨਾਂ ਦੇ ਸਾਥੀਆਂ ਸਹਿਯੋਗੀਆਂ ਦੀ ਅਗਵਾਈ ਹੇਠ ਚੱਲ ਰਹੀ ਇਸ ਸੰਸਥਾ ਨੇ ਪੰਜਾਬੀ ਭਾਸ਼ਾ ਦੇ ਪਸਾਰ ਲਈ ਪਹਿਲਾਂ ਵੀ ਕਾਫੀ ਉੱਦਮ ਉਪਰਾਲੇ ਕੀਤੇ ਹਨ ਅਤੇ ਹੁਣ ਵੀ ਕਈ ਪ੍ਰੋਗਰਾਮਾਂ ਦਾ ਐਲਾਨ ਕੀਤਾ ਹੋਇਆ ਹੈ। 

ਇਸ ਪੰਦਰਵਾੜੇ ਦੌਰਾਨ ਕਰਵਾਏ ਜਾਣ ਵਾਲੇ ਸਮਾਗਮਾਂ ਬਾਰੇ ਜਾਣਕਾਰੀ ਦੇਂਦਿਆਂ ਪੰਜਾਬੀ ਭਾਸ਼ਾ ਪਸਾਰ ਭਾਈਚਾਰਾ ਨੇ ਦੱਸਿਆ ਕਿ ਉਹਨਾਂ ਵੱਲੋਂ ਕਾਲਜਾਂ ਅਤੇ ਯੂਨੀਵਰਸਿਟੀਆਂ ਦੇ ਵਿਦਿਆਰਥੀਆਂ ਨੂੰ ਪੰਜਾਬੀ ਭਾਸ਼ਾ ਦੀ ਅਮੀਰੀ ਬਾਰੇ ਜਾਣੂ ਕਰਵਾਉਣ ਲਈ ਸ਼ੁਰੂ ਕੀਤੇ ਗਏ ਸਮਾਗਮਾਂ ਦੀ ਲੜੀ ਦੀ ਰੂਪ ਰੇਖਾ ਹੇਠ ਲਿਖੇ ਅਨੁਸਾਰ ਹੋਵੇਗੀ: 

ਮਿਤੀ ਅਤੇ ਸੰਸਥਾ ਦਾ ਨਾਂ

17.02.2026.   ਸਰਕਾਰੀ ਕਾਲਜ ਮਾਛੀਵਾੜਾ

18.02.2026   ਲਵਲੀ ਯੂਨੀਵਰਸਿਟੀ ਜਲੰਧਰ 

19.02.2026   ਮਾਸਟਰ ਤਾਰਾ ਸਿੰਘ ਮੈਮੋਰੀਅਲ ਕਾਲਜ ਲੁਧਿਆਣਾ

20.02.2026.  ਗੁਰੂ ਨਾਨਕ ਖਾਲਸਾ ਕਾਲਜ ਫ਼ਾਰ ਵੂਮੈਨ ਗੁੱਜਰਖਾਨ ਕੈਂਪਸ ਲੁਧਿਆਣਾ 

21.02.2026   ਸਾਹਿਤਕ ਸਮਾਗਮ ਡੱਲਾ 

25.02.2026   ਗੁਰੂ ਤੇਗ ਬਹਾਦਰ ਨੈਸ਼ਨਲ ਕਾਲਜ ਦਾਖਾ

27.02.2026   ਸਰਕਾਰੀ ਕਾਲਜ ਰਾੜਾ ਸਾਹਿਬ

ਵਿਸ਼ੇ 

ਸਮਾਗਮਾਂ ਦੌਰਾਨ ਹੇਠ ਲਿਖੇ ਵਿਸ਼ਿਆਂ ਤੇ ਗੱਲਬਾਤ ਕੀਤੀ ਜਾਵੇਗੀ:

1.  ਪੰਜਾਬੀ ਭਾਸ਼ਾ ਨੂੰ ਦਰਪੇਸ਼ ਸਮੱਸਿਆਵਾਂ ਨੂੰ ਹੱਲ ਕਰਵਾਉਣ ਲਈ ਜ਼ਮੀਨੀ ਪੱਧਰ ਤੇ ਕੀ ਸਰਗਰਮੀਆਂ ਕੀਤੀਆਂ ਜਾਣ?

2.  ਵਿਦਿਆਰਥੀਆਂ ਵਿੱਚ ਪੰਜਾਬੀ ਪੜ੍ਹਨ ਦੀ ਰੁਚੀ ਕਿਵੇਂ ਪੈਦਾ ਕੀਤੀ ਜਾਵੇ?

ਸਨਮਾਨ 

ਹਰ ਸੰਸਥਾ ਦੇ ਪੰਜਾਬੀ ਭਾਸ਼ਾ ਦੇ ਵਿਕਾਸ ਅਤੇ ਪਸਾਰ ਵਿੱਚ ਯੋਗਦਾਨ ਪਾਉਣ ਵਾਲੇ

 6/6 ਵਿਦਿਆਰਥੀਆਂ ਨੂੰ ਪ੍ਰਮਾਣ ਪੱਤਰਾਂ, ਮੈਡਲਾਂ, ਸਕੂਲ ਬੈਗਾਂ ਅਤੇ ਉੱਤਮ ਪੁਸਤਕਾਂ ਨਾਲ 

ਅਤੇ

2/2 ਪੰਜਾਬੀ ਅਧਿਆਪਕਾਂ ਨੂੰ ਸ੍ਰ ਮਿਲਖਾ ਸਿੰਘ ਗਰਚਾ ਯਾਦਗਾਰੀ ਸਨਮਾਨ ਨਾਲ  

 ਸਨਮਾਨਿਤ ਕੀਤਾ ਜਾਵੇਗਾ।

ਇਸ ਪਾਸੇ ਕੋਈ ਕਮੀ ਨਾ ਰਹਿ ਜਾਵੇ ਇਸ ਮਕਸਦ ਲਈ ਭਾਈਚਾਰੇ ਨੇ ਇੱਕ ਵਿਸ਼ੇਸ਼ ਟੀਮ ਉਚੇਚ ਨਾਲ ਬਣਾਈ ਹੈ। ਇਸ ਵਿਸ਼ੇਸ਼ ਟੀਮ ਨਾਲ ਇਸ ਮਕਸਦ ਲਈ ਕੋਈ ਵੀ ਚਾਹਵਾਨ ਮੀਤ ਸਾਹਿਬ ਨਾਲ ਇਸ ਨੰਬਰ 'ਤੇ 98556-31777 ਅਤੇ ਪ੍ਰੋ ਇੰਦਰਪਾਲ ਸਿੰਘ ਹੁਰਾਂ ਨਾਲ ਇਸ ਨੰਬਰ 'ਤੇ 82838 11912 ਸੰਪਰਕ ਕੀਤਾ ਜਾ ਸਕਦਾ ਹੈ। 

Saturday, 14 February 2026

ਆਪਣਾ ਪ੍ਰੇਮੀ..

From Atam Yaad on Saturday 14th February 2026 at 18:29 A Poem Regarding Love 

ਇਸ ਹਿੰਦੀ ਰਚਨਾ ਦਾ ਮੂਲ ਲੇਖਕ ਸਾਡੇ ਲਈ ਅਜੇ ਤੱਕ ਅਗਿਆਤ ਹੈ। ਇਸਨੂੰ ਪੰਜਾਬੀ ਵਿੱਚ ਅਨੁਵਾਦ ਕੀਤਾ ਹੈ  ਕਲਮ ਦੇ ਸਾਧਕ ਯਸ਼ ਪਾਲ ਵਰਗ ਚੇਤਨਾ  ਹੁਰਾਂ ਨੇ। ਸਾਨੂੰ ਇਹ ਰਚਨਾ ਭੇਜੀ ਹੈ ਆਤਮਯਾਦ ਹੁਰਾਂ ਨੇ। 

ਇੱਕ ਦਿਨ

ਇਜਾਜ਼ਤ ਮਿਲੀ

ਸਭ ਨੂੰ

ਆਪਣਾ ਪ੍ਰੇਮੀ ਚੁਣਨ ਦੀ


ਸੂਰਜ ਨੇ

ਲੈ ਲਈ

ਰੌਸ਼ਨੀ


ਚੰਨ

ਤੁਰ ਚੱਲਿਆ

ਤਾਰਿਆਂ ਨਾਲ


ਨਦੀਆਂ

ਜਾ ਮਿਲੀਆਂ

ਸਾਗਰ ਨਾਲ


ਹਵਾ

ਭੱਜਣ ਲੱਗੀ

ਖ਼ੁਸ਼ਬੂ ਮਗ਼ਰ


ਬਰਖਾ ਨੇ

ਗਲੇ ਲਾਇਆ

ਬੱਦਲ ਨੂੰ


ਤੇ ਪ੍ਰੇਮ ਨੇ

ਫੜ ਲਿਆ ਹੱਥ

ਉਡੀਕ ਦਾ

         ਮੂਲ:ਅਗਿਆਤ

   ਹਿੰਦੀ ਤੋਂ ਪੰਜਾਬੀ ਅਨੁ:

ਯਸ਼ ਪਾਲ ਵਰਗ ਚੇਤਨਾ

    (98145 35005)

Thursday, 12 February 2026

ਚਿੰਤਨਸ਼ੀਲ ਸਾਹਿਤਧਾਰਾ ਅਤੇ ਡਾ. ਆਤਮ ਹਮਰਾਹੀ ਯਾਦਗਾਰੀ ਮੰਚ ਵਲੋਂ ਵਿਸ਼ੇਸ਼ ਆਯੋਜਨ

Emailed on Thursday 12th February 2026 at 5:29 PM Regarding Special Event

ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੇ ਸਹਿਯੋਗ ਨਾਲ ਵਿਸ਼ੇਸ਼ ਉੱਦਮ ਉਪਰਾਲਾ  

ਛੇ ਲੇਖਕਾਂ ਨੂੰ ਡਾ. ਆਤਮ ਹਮਰਾਹੀ ਯਾਦਗਾਰੀ ਸਨਮਾਨ ਨਾਲ ਸਨਮਾਨਤ
ਲੁਧਿਆਣਾ
: 12 ਫ਼ਰਵਰੀ 2026(ਮੀਡੀਆ ਲਿੰਕ ਰਵਿੰਦਰ//ਸਾਹਿਤ ਸਕਰੀਨ ਡੈਸਕ)::

ਚਿੰਤਨਸ਼ੀਲ ਸਾਹਿਤਧਾਰਾ ਅਤੇ ਡਾ. ਆਤਮ ਹਮਰਾਹੀ ਯਾਦਗਾਰੀ ਮੰਚ ਵਲੋਂ ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੇ ਸਹਿਯੋਗ ਨਾਲ ਡਾ. ਆਤਮ ਹਮਰਾਹੀ ਦੇ 91ਵੇਂ ਜਨਮ ਦਿਨ ਨੂੰ ਬੜੇ ਮੋਹ ਅਤੇ ਸਤਿਕਾਰ ਨਾਲ ਮਨਾਇਆ ਗਿਆ। ਇਸ  ਸਮਾਗਮ ਦੀ ਪ੍ਰਧਾਨਗੀ ਡਾ. ਸੁਖਦੇਵ ਸਿੰਘ ਸਿਰਸਾ ਨੇ ਕੀਤੀ। ਪੰਜਵੇਂ ਸਨਮਾਨ ਸਮਾਗਮ ਮੌਕੇ ਛੇ ਲੇਖਕਾਂ ਨੂੰ ਸਨਮਾਨਤ ਵੀ ਕੀਤਾ ਗਿਆ। ਸ੍ਰੀ ਬੀਬਾ ਬਲਵੰਤ, ਸ. ਰਣਜੋਧ ਸਿੰਘ, ਡਾ. ਚਰਨ ਕਮਲ ਸਿੰਘ, ਡਾ. ਨਵਰਾਜ ਸਿੰਘ ਮੋਗਾ, ਸ੍ਰੀਮਤੀ ਇੰਦਰਜੀਤ ਪਾਲ ਕੌਰ ਅਤੇ ਸ੍ਰੀਮਤੀ ਅਮਰਪ੍ਰੀਤ ਕੌਰ ਸੰਘਾ ਨੂੰ ਪੰਜਵੇਂ ਡਾ. ਆਤਮ ਹਮਰਾਹੀ ਯਾਦਗਾਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਸਨਮਾਨਿਤ ਸ਼ਖ਼ਸੀਅਤਾਂ ਨੂੰ ਸ਼ੋਭਾ ਪੱਤਰ, ਪੁਸਤਕਾਂ, ਦੋਸ਼ਾਲੇ ਅਤੇ ਸਨਮਾਨ ਚਿੰਨ੍ਹ ਭੇਟਾ ਕਰਕੇ ਸਨਮਾਨਿਤ ਕੀਤਾ ਗਿਆ।

ਉਪਰੋਕਤ ਜਾਣਕਾਰੀ ਦਿੰਦਿਆਂ ਚਿੰਤਨਸ਼ੀਲ ਸਾਹਿਤਧਾਰਾ ਅਤੇ ਡਾ. ਆਤਮ ਹਮਰਾਹੀ ਯਾਦਗਾਰੀ ਮੰਚ ਦੀ ਡਾਇਰੈਕਟਰ ਸ੍ਰੀਮਤੀ ਮਨਦੀਪ ਕੌਰ ਭੰਮਰਾ ਨੇ ਸਮਾਗਮ ਵਿਚ ਪਹੁੰਚੀਆਂ ਸਨਮਾਨਿਤ ਸ਼ਖ਼ਸੀਅਤਾਂ ਅਤੇ ਸਮੂਹ ਹਾਜ਼ਰੀ ਦਾ ਸਵਾਗਤ ਕਰਦਿਆਂ ਚਿੰਤਨਸ਼ੀਲ ਸਾਹਿਤਧਾਰਾ ਅਤੇ ਡਾ. ਆਤਮ ਹਮਰਾਹੀ ਜੀ ਬਾਰੇ ਸੰਖੇਪ ਜਾਣਕਾਰੀ ਸਾਂਝੀ ਕੀਤੀ ਅਤੇ ਸੰਸਥਾ ਰਾਹੀਂ ਕੀਤੇ ਜਾਣ ਵਾਲੇ ਆਪਣੇ ਆਸ਼ਿਆਂ ਬਾਰੇ ਜਾਣਕਾਰੀ ਦਿੱਤੀ। 

ਚਿੰਤਨਸ਼ੀਲ ਸਾਹਿਤਧਾਰਾ ਅਤੇ ਡਾ. ਆਤਮ ਹਮਰਾਹੀ ਯਾਦਗਾਰੀ ਮੰਚ ਦੇ ਮੁੱਖ ਸਲਾਹਕਾਰ ਡਾ. ਸੁਖਦੇਵ ਸਿੰਘ ਸਿਰਸਾ ਦਾ ਸਮਾਗਮ ’ਚ ਸ਼ਿਰਕਤ ਕਰਨ ਲਈ ਧੰਨਵਾਦ ਕੀਤਾ। ਉਨ੍ਹਾਂ ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੇ ਸਹਿਯੋਗ ਲਈ ਅਕਾਡਮੀ ਦੇ ਪ੍ਰਧਾਨ ਡਾ. ਸਰਬਜੀਤ ਸਿੰਘ ਅਤੇ ਜਨਰਲ ਸਕੱਤਰ ਡਾ. ਗੁਲਜ਼ਾਰ ਸਿੰਘ ਪੰਧੇਰ ਦਾ ਅਤੇੇ ਸਮਾਗਮ ਵਿਚ ਪਹੁੰਚੇ ਮੈਂਬਰਾਂ ਦਾ ਵਿਸ਼ੇਸ਼ ਤੌਰ ’ਤੇ ਧੰਨਵਾਦ ਕੀਤਾ।

ਸਮਾਗਮ ਦਾ ਪ੍ਰਧਾਨਗੀ ਭਾਸ਼ਣ ਦਿੰਦਿਆਂ ਉੱਘੇ ਚਿੰਤਕ ਅਤੇ ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੇ ਸਾਬਕਾ ਪ੍ਰਧਾਨ ਡਾ. ਸੁਖਦੇਵ ਸਿੰਘ ਸਿਰਸਾ ਨੇ ਕਿਹਾ ਕਿ ਡਾ. ਆਤਮ ਹਮਰਾਹੀ ਅੱਖਰ ਗਿਆਨ ਦੇ ਉਹ ਸਮੁੰਦਰ ਸਨ ਜਿਨ੍ਹਾਂ ਨੂੰ ਬਹੁਪੱਖੀ ਰੂਪ ਵਿਚ ਸਾਹਿਤ ਦੀਆਂ ਵੱਖ ਵੱਖ ਵਿਧਾਵਾਂ ਵਿਚ ਦੇਖਿਆ ਜਾ ਸਕਦਾ ਹੈ।

ਉੱਘੇ ਪੱਤਰਕਾਰ ਅਤੇ ਸਮਾਗਮ ਦੇ ਵਿਸ਼ੇਸ਼ ਅਤੇ ਸੰਸਥਾ ਮੁੱਖ ਸਲਾਹਕਾਰਾਂ ਵਿਚੋਂ ਇਕ ਮਹਿਮਾਨ ਸ. ਸਤਿਬੀਰ ਸਿੰਘ ਨੇ ਡਾ. ਆਤਮ ਹਮਰਾਹੀ ਜੀ ਦੀ ਸਿਮਰਤੀ ਨੂੰ ਯਾਦ ਕਰਦਿਆਂ ਸਨਮਾਨਿਤ ਸ਼ਖ਼ਸੀਅਤਾਂ ਨੂੰ ਵਧਾਈ ਦਿੱਤੀ। ਉਨ੍ਹਾਂ ਡਾ. ਹਮਰਾਹੀ ਜੀ ਨਾਲ ਆਪਣੀਆਂ ਯਾਦਾਂ ਸਾਂਝੀਆਂ ਕੀਤੀਆਂ।

ਚਿੰਤਨਸ਼ੀਲ ਸਾਹਿਤਧਾਰਾ ਅਤੇ ਡਾ. ਆਤਮ ਹਮਰਾਹੀ ਯਾਦਗਾਰੀ ਮੰਚ ਦੀ ਜਨਰਲ ਸਕੱਤਰ ਅਤੇ ਪੰਜਾਬੀ ਸਾਹਿਤ ਅਕਾਡਮੀ ਦੀ ਦਫ਼ਤਰ ਇੰਚਾਰਜ ਸੁਰਿੰਦਰ ਦੀਪ ਕੌਰ ਨੇ ਬੜੇ ਸਲੀਕੇ ਨਾਲ ਬੋਲਦਿਆਂ ਡਾ. ਆਤਮ ਹਮਰਾਹੀ ਸਾਹਿਬ ਦੀ ਪੰਜਾਬੀ ਭਵਨ ਦੀ ਆਮਦ ਤੇ ਆਹਟ ਨੂੰ ਖੂਬਸੂਰਤ ਤਰੀਕੇ ਨਾਲ ਯਾਦ ਕੀਤਾ। ਉਨ੍ਹਾਂ ਹਮਰਾਹੀ ਜੀ ਦੇ ਸ਼ੇਅਰ ਵੀ ਸਰੋਤਿਆਂ ਨਾਲ ਸਾਂਝੇ ਕੀਤੇ। ਉਨ੍ਹਾਂ ਸਨਮਾਨਿਤ ਸ਼ਖ਼ਸੀਅਤਾਂ ਨੂੰ ਵਧਾਈ ਦਿੰਦਿਆਂ ਸ਼ੋਭਾ ਪੱਤਰ ਪੇਸ਼ ਕਰਨ ਵਾਲੇ ਵਿਦਵਾਨਾਂ ਦਾ ਅਤੇ ਮੈਡਮ ਮਨਦੀਪ ਕੌਰ ਭੰਮਰਾ ਦਾ ਧੰਨਵਾਦ ਵੀ ਕੀਤਾ।

ਸਨਮਾਨਿਤ ਸ਼ਖ਼ਸੀਅਤਾਂ ਸ੍ਰੀ ਬੀਬਾ ਬਲਵੰਤ ਬਾਰੇ ਡਾ. ਗੁਰਇਕਬਾਲ ਸਿੰਘ ਨੇ, ਡਾ. ਨਵਰਾਜ ਸਿੰਘ ਮੋਗਾ ਬਾਰੇ ਡਾ. ਗੁਰਚਰਨ ਕੌਰ ਕੋਚਰ, ਸ. ਰਣਜੋਧ ਸਿੰਘ ਬਾਰੇ ਸ੍ਰੀ ਤ੍ਰੈਲੋਚਨ ਲੋਚੀ, ਡਾ. ਚਰਨ ਕਮਲ ਬਾਰੇ ਡਾ. ਹਰੀ ਸਿੰਘ ਜਾਚਕ, ਸ੍ਰੀਮਤੀ ਇੰਦਰਜੀਤ ਪਾਲ ਕੌਰ ਬਾਰੇ ਸ੍ਰੀਮਤੀ ਸੁਰਿੰਦਰ ਗਿੱਲ ਜੈਪਾਲ, ਸ੍ਰੀਮਤੀ ਅਮਰਪ੍ਰੀਤ ਕੌਰ ਸੰਘਾ ਬਾਰੇ ਡਾ. ਪਰਮਜੀਤ ਕੌਰ ਪਾਸੀ ਨੇ ਸ਼ੋਭਾ ਪੱਤਰ ਪੜ੍ਹੇ।

ਵਿਸ਼ੇਸ਼ ਤੌਰ ’ਤੇ ਸਮਾਗਮ ਵਿਚ ਸ਼ਾਮਲ ਹੋਏ ਸ੍ਰੀਮਤੀ ਭੁਪਿੰਦਰ ਕੌਰ ਪਾਤਰ ਨੇ ਬਹੁਤ ਸੁਰੀਲੀ ਆਵਾਜ਼ ’ਚ ਡਾ. ਸੁਰਜੀਤ ਪਾਤਰ ਦੀ ਗ਼ਜ਼ਲ ਸਰੋਤਿਆਂ ਨਾਲ ਸਾਂਝੀ ਕੀਤੀ। ਉੱਘੇ ਗ਼ਜ਼ਲਗੋ ਸ੍ਰੀ ਤ੍ਰੈਲੋਚਨ ਲੋਚੀ ਨੇ ਡਾ. ਆਤਮ ਹਮਰਾਹੀ ਦੀ ਗ਼ਜ਼ਲ ਤਰੁੰਨਮ ’ਚ ਗਾ ਕੇ ਸਰੋਤਿਆਂ ਨੂੰ ਮੰਤਰ ਮੁਗਧ ਕਰ ਦਿੱਤਾ। ਪ੍ਰਸਿੱਧ ਗਾਇਕ ਅਮਰਜੀਤ ਸ਼ੇਰਪੁਰੀ ਨੇ ਮੈਡਮ ਮਨਦੀਪ ਭੰਮਰਾ ਵਲੋਂ ਆਪਣੇ ਪਿਤਾ ਦੀ ਯਾਦ ਵਿਚ ਕੀਤੇ ਜਾ ਰਹੇ ਉੱਦਮ ਦੀ ਉਸਤਤ ਵਿਚ ਗੀਤ ਸੁਣਾਇਆ।

ਸ਼ੂਗਰ ਦੇ ਮਾਹਿਰ ਡਾ. ਪਰਮਿੰਦਰ ਸਿੰਘ ਨੇ ਡਾ. ਆਤਮ ਹਮਰਾਹੀ ਦੇ ਜੀਵਨ ਅਤੇ ਸ਼ਖ਼ਸੀਅਤ ਬਾਰੇ ਬਹੁਤ ਮੁੱਲਵਾਨ ਅਤੇ ਵਿਸਥਾਰਪੂਰਵਕ ਗੱਲਾਂ ਕੀਤੀਆਂ। ਉਨ੍ਹਾਂ ਕਿਹਾ ਕਿ ਡਾ. ਆਤਮ ਹਮਰਾਹੀ ਵਰਗੇ ਮਿਹਨਤੀ ਤੇ ਨੇਕ ਦਿਲ ਬੰਦੇ ਸਮਾਜ ਦੀ ਉਸਾਰੀ ਦੇ ਵਿਚ ਬਹੁਤ ਵੱਡਾ ਕਾਰਜ ਕਰ ਜਾਂਦੇ ਹਨ ਜੋ ਉਨ੍ਹਾਂ ਦੇ ਜਾਣ ਤੋਂ ਬਾਅਦ ਉਨ੍ਹਾਂ ਦੀ ਕੀਰਤੀ ਨੂੰ ਸਥਾਪਿਤ ਕਰਦਾ ਹੈ। ਉਨ੍ਹਾਂ ਦੱਸਿਆ ਕਿ ਉਹ ਰਿਸ਼ਤੇ ਵਿਚ ਆਪਣੇ ਵੱਡੇ ਵੀਰ ਡਾ. ਆਤਮ ਹਮਰਾਹੀ ਨੂੰ ਬਹੁਤ ਨੇੜਿੳ ਮਿਹਨਤ ਕਰਦੇ ਦੇਖਿਆ ਹੈ। ਹੁਣ ਉਨ੍ਹਾਂ ਦੇ ਕਾਰਜ ਨੂੰ ਮਨਦੀਪ ਕੌਰ ਭੰਮਰਾ ਅੱਗੇ ਤੋਰ ਰਹੀ ਹੈ।

ਫ਼ਿਕੋ ਦੇ ਪ੍ਰਧਾਨ ਗੁਰਮੀਤ ਸਿੰਘ ਕੁਲਾਰ ਨੇ ਚਿੰਤਨਸ਼ੀਲ ਸਾਹਿਤਧਾਰਾ ਅਤੇ ਡਾ. ਆਤਮ ਹਮਰਾਹੀ ਯਾਦਗਾਰੀ ਮੰਚ ਨੂੰ ਪੁਰਸਕਾਰ ਸਮਾਗਮ ਦੀ ਵਧਾਈ ਦਿੰਦਿਆਂ ਕਿਹਾ ਕਿ ਭੈਣ ਮਨਦੀਪ ਕੌਰ ਭੰਮਰਾ ਵਲੋਂ ਆਪਣੇ ਵਿਦਵਾਨ ਤੇ ਚਿੰਤਕ ਪਿਤਾ ਲਈ ਕੀਤਾ ਗੰਭੀਰ ਯਤਨ ਹੈ। ਉਹ ਖ਼ੁਦ ਆਪਣੇ ਪਿਤਾ ਜੀ ਦੇ ਦਿਖਾਏ ਰਸਤੇ ’ਤੇ ਚੱਲ ਰਹੀ ਹੈ। ਉੱਘੇ ਸਮਾਜ ਸੇਵੀ ਸ. ਅਮਰਜੀਤ ਸਿੰਘ ਟਿੱਕਾ ਨੇ ਪੰਜਾਬੀ ਭਵਨ ਵਿਚ ਹੁੰਦੇ ਅਜਿਹੇ ਸਮਾਗਮਾਂ ਵਿਚ ਆਪਣੀ ਸ਼ਮੂਲੀਅਤ ’ਤੇ ਮਾਣ ਮਹਿਸੂਸ ਕੀਤਾ।

ਇਸ ਮੌਕੇ ਚਿੰਤਨਸ਼ੀਲ ਸਾਹਿਤਧਾਰਾ ਅਤੇ ਡਾ. ਆਤਮ ਹਮਰਾਹੀ ਮੰਚ ਵੱਲੋਂ ਮੰਚ ਦੇ ਸਾਬਕਾ ਜਨਰਲ ਸਕੱਤਰ ਅਤੇ ਸੀਨੀਅਰ ਮੀਤ ਪ੍ਰਧਾਨਾਂ ਦਾ ਸਨਮਾਨ ਕਰਕੇ ਮਨਦੀਪ ਕੌਰ ਭੰਮਰਾ ਨੇ ਨਵੀਂ ਪਿਰਤ ਪਾਈ। ਇਸ ਮੌਕੇ ਸੁਰਿੰਦਰ ਕੌਰ ਬਾੜਾ ਨੂੰ ਵੀ ਸਨਮਾਨਿਤ ਕੀਤਾ ਗਿਆ।

ਚਿੰਤਨਸ਼ੀਲ ਸਾਹਿਤਧਾਰਾ ਅਤੇ ਡਾ. ਆਤਮ ਹਮਰਾਹੀ ਮੰਚ ਵੱਲੋਂ ਮੰਚ ਦੀ ਜਨਰਲ ਸਕੱਤਰ ਸੁਰਿੰਦਰ ਦੀਪ ਨੂੰ ਫੁਲਕਾਰੀ ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ ਹਰਜੀਤ ਸਿੰਘ ਉੱਪਲ ਅਤੇ ਜਤਿੰਦਰ ਕੌਰ ਬੁਆਲ ਦੀਆਂ ਪੁਸਤਕਾਂ ਲੋਕ ਅਰਪਣ ਕੀਤੀਆਂ ਗਈਆਂ।

ਇਸ ਮੌਕੇ ਚਿੰਤਨਸ਼ੀਲ ਸਾਹਿਤਧਾਰਾ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਅਕਾਡਮੀ ਦੇ ਜਨਰਲ ਸਕੱਤਰ ਡਾ. ਗੁਲਜ਼ਾਰ ਸਿੰਘ ਪੰਧੇਰ, ਡਾ. ਜੋਗਿੰਦਰ ਸਿੰਘ ਨਿਰਾਲਾ, ਹਰਮੀਤ ਵਿਦਿਆਰਥੀ, ਸੁਰਿੰਦਰ ਕੈਲੇ, ਜਨਮੇਜਾ ਸਿੰਘ ਜੌਹਲ, ਨਿਰਮਲ ਅਰਪਨ, ਬਲਵਿੰਦਰ ਸਿੰਘ ਗਲੈਕਸੀ,ਜਸਪ੍ਰੀਤ ਅਮਲਤਾਸ, ਕੁਲਵਿੰਦਰ ਕਿਰਨ, ਅਮਰਜੀਤ ਸ਼ੇਰਪੁਰੀ, ਚਰਨਦੀਪ ਸਿੰਘ, ਨੇਤਰ ਸਿੰਘ ਨੇਤਰ, ਹਰਪ੍ਰੀਤ ਕੌਰ, ਇੰਦਰਜੀਤ ਕੌਰ ਲੋਟੇ, ਜੈਪਾਲ, ਪ੍ਰੋ. ਪ੍ਰਭਜੋਤ ਕੌਰ, ਡਾ.ਸਰਬਜੋਤ ਕੌਰ, ਪਰਮਜੀਤ ਸਿੰਘ, ਮਨਮੋਹਨ ਸਿੰਘ ਭੰਮਰਾ, ਰਵਿੰਦਰ ਰਵੀ, ਸਤਿਨਾਮ ਸਿੰਘ ਕੋਮਲ, ਚਰਨਜੀਤ ਸਿੰਘ, ਜਗਪਾਲ ਸਿੰਘ ਜਮਾਲਪੁਰੀ, ਮਾਸਟਰ ਰਣਜੀਤ ਸਿੰਘ ਸਮੇਤ ਕਾਫ਼ੀ ਗਿਣਤੀ ਵਿਚ ਲੇਖਕ, ਸਰੋਤੇ ਹਾਜ਼ਰ ਸਨ।

Tuesday, 10 February 2026

ਲੇਖਕ ਭਾਈਚਾਰਾ 12 ਫਰਵਰੀ ਦੀ ਦੇਸ਼ ਵਿਆਪੀ ਹੜਤਾਲ ਵਿਚ ਸ਼ਾਮਲ ਹੋਵੇਗਾ

Sushil Dosanjh Sent on Tuesday 10th February 2026 at 16:13 Regarding Nation Wide Strike 

ਕੇਂਦਰੀ ਪੰਜਾਬੀ ਲੇਖਕ ਸਭਾ ਵੱਲੋਂ ਹੜਤਾਲ ਨੂੰ ਸਫ਼ਲ ਬਣਾਉਣ ਦਾ ਸੱਦਾ 


ਚੰਡੀਗੜ੍ਹ
: 10 ਫ਼ਰਵਰੀ 2026: (ਮੀਡੀਆ ਲਿੰਕ ਰਵਿੰਦਰ//ਸਾਹਿਤ ਸਕਰੀਨ ਡੈਸਕ)::

ਕੇਂਦਰੀ ਪੰਜਾਬੀ ਲੇਖਕ ਸਭਾ ਵੱਲੋਂ 12 ਫਰਵਰੀ ਦੀ ਹੜਤਾਲ ਵਿੱਚ ਸ਼ਾਮਿਲ ਹੋਣ ਦੇ ਫੈਸਲੇ ਨੇ ਆਮ ਜਨਤਾ ਵਿੱਚ ਲੇਖਕਾਂ ਦੀ ਸ਼ਖ਼ਸੀਅਤ ਨੂੰ ਹੋਰ ਉਭਾਰਿਆ ਹੈ। ਇਸ ਫੈਸਲੇ ਨੇ ਸਾਬਿਤ ਕੀਤਾ ਹੈ ਕਿ ਲੇਖਕ ਸਿਰਫ ਕਲਮ ਦੇ ਸਿਪਾਹੀ ਹੀ ਨਹੀਂ ਹੁੰਦੇ ਉਹ ਜੰਗ ਦੇ ਮੈਦਾਨ ਵਿੱਚ ਆ ਕੇ ਵੀ ਜੂਝਣਾ ਜਾਣਦੇ ਹਨ। ਇੱਸੇ ਸੰਬੰਧ ਵਿੱਚ ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ) ਵੱਲੋਂ ਸਮੂਹ ਲੇਖਕਾਂ, ਵਿਦਵਾਨਾਂ ਅਤੇ ਚਿੰਤਕਾਂ ਨੂੰ 12 ਫਰਵਰੀ ਦੀ ਦੇਸ਼ ਵਿਆਪੀ ਹੜਤਾਲ ਨੂੰ ਸਫ਼ਲ ਬਣਾਉਣ ਦਾ ਸੱਦਾ ਦਿੱਤਾ ਗਿਆ ਹੈ।

ਸਭਾ ਦੇ ਪ੍ਰਧਾਨ ਦਰਸ਼ਨ ਬੁੱਟਰ, ਜਨਰਲ ਸਕੱਤਰ ਸੁਸ਼ੀਲ ਦੁਸਾਂਝ, ਸੀਨੀਅਰ ਮੀਤ ਪ੍ਰਧਾਨ ਮੱਖਣ ਸਿੰਘ ਕੁਹਾੜ ਅਤੇ ਦਫ਼ਤਰ ਸਕੱਤਰ ਦੀਪ ਦੇਵਿੰਦਰ ਸਿੰਘ ਨੇ ਇੱਥੋਂ ਜਾਰੀ ਸਾਂਝੇ ਪ੍ਰੈੱਸ ਬਿਆਨ ਵਿੱਚ ਕਿਹਾ ਕਿ ਇਹ ਹੜਤਾਲ ਕੇਂਦਰ ਸਰਕਾਰ ਦੀਆਂ ਉਹਨਾਂ ਨੀਤੀਆਂ ਖ਼ਿਲਾਫ਼ ਹੈ ਜੋ ਦੇਸ਼ ਦੀ ਅਰਥਵਿਵਸਥਾ, ਕਿਸਾਨੀ, ਮਜ਼ਦੂਰ ਵਰਗ ਅਤੇ ਲੋਕ-ਹਿਤੈਸ਼ੀ ਸਕੀਮਾਂ ਨੂੰ ਗੰਭੀਰ ਨੁਕਸਾਨ ਪਹੁੰਚਾ ਰਹੀਆਂ ਹਨ।

ਉਹਨਾਂ ਕਿਹਾ ਕਿ ਇਸ ਹੜਤਾਲ ਦਾ ਮੁੱਖ ਮਕਸਦ ਕੇਂਦਰ ਸਰਕਾਰ ਦੀਆਂ ਨਿੱਜੀਕਰਨ ਸਬੰਧੀ ਮਾਰੂ ਨੀਤੀਆਂ ਦਾ ਕਰੜਾ ਵਿਰੋਧ, ਬਿਜਲੀ ਬਿੱਲ 2025, ਬੀਜ ਬਿੱਲ 2025 ਅਤੇ ਨਰੇਗਾ ਸਕੀਮ ਦੇ ਸਰੂਪ ਵਿੱਚ ਕੀਤੇ ਜਾ ਰਹੇ ਨੁਕਸਾਨਦਾਇਕ ਬਦਲਾਅ ਦੇ ਖ਼ਿਲਾਫ਼ ਸਖ਼ਤ ਆਵਾਜ਼ ਉਠਾਉਣਾ ਹੈ। ਇਸ ਦੇ ਨਾਲ ਹੀ ਚਾਰ ਲੇਬਰ ਕੋਡ ਰੱਦ ਕਰਕੇ ਉਹਨਾਂ ਦੀ ਥਾਂ ਮਜ਼ਦੂਰ-ਪੱਖੀ ਕਾਨੂੰਨ ਬਣਾਏ ਜਾਣ ਦੀ ਮੰਗ ਵੀ ਹੜਤਾਲ ਦੇ ਕੇਂਦਰੀ ਮਸਲਿਆਂ ਵਿੱਚ ਸ਼ਾਮਲ ਹੈ।

ਪ੍ਰੈੱਸ ਬਿਆਨ ਵਿੱਚ ਆਗੂਆਂ ਨੇ ਭਾਰਤ ਅਤੇ ਅਮਰੀਕਾ ਦਰਮਿਆਨ ਹੋ ਰਹੇ ਅਸਾਵੇਂ ਵਪਾਰ ਸਮਝੌਤੇ ’ਤੇ ਵੀ ਗੰਭੀਰ ਚਿੰਤਾ ਪ੍ਰਗਟ ਕੀਤੀ। ਉਹਨਾਂ ਕਿਹਾ ਕਿ ਇਹ ਸਮਝੌਤਾ ਦੇਸ਼ ਦੀ ਆਰਥਿਕਤਾ ਲਈ ਘਾਤਕ ਸਾਬਤ ਹੋ ਸਕਦਾ ਹੈ ਅਤੇ ਖ਼ਾਸ ਤੌਰ ’ਤੇ ਨਿਮਨ ਕਿਸਾਨੀ, ਛੋਟੇ ਉਤਪਾਦਕਾਂ ਅਤੇ ਦੇਸੀ ਉਦਯੋਗਾਂ ਨੂੰ ਤਬਾਹੀ ਵੱਲ ਧੱਕੇਗਾ। ਇਸ ਲਈ ਇਸ ਸਮਝੌਤੇ ਨੂੰ ਤੁਰੰਤ ਰੱਦ ਕਰਨ ਦੀ ਮੰਗ ਕੀਤੀ ਗਈ।

ਸਭਾ ਦੇ ਆਗੂਆਂ ਨੇ ਕਿਹਾ ਕਿ ਉਪਰੋਕਤ ਸਾਰੇ ਮੁੱਦਿਆਂ ਵੱਲ ਸਰਕਾਰ ਦਾ ਧਿਆਨ ਦਿਵਾਉਣ ਲਈ ਜਨਤਕ ਜਥੇਬੰਦੀਆਂ, ਕਿਸਾਨਾਂ, ਮਜ਼ਦੂਰਾਂ, ਮੁਲਾਜ਼ਮਾਂ ਅਤੇ ਕਲਮਕਾਰਾਂ ਵੱਲੋਂ 12 ਫਰਵਰੀ ਨੂੰ ਇੱਕ ਰੋਜ਼ਾ ਦੇਸ਼ ਵਿਆਪੀ ਹੜਤਾਲ ਕੀਤੀ ਜਾ ਰਹੀ ਹੈ। ਇਸ ਹੜਤਾਲ ਨੂੰ ਸਫ਼ਲ ਬਣਾਉਣਾ ਸਮਾਜਿਕ ਜ਼ਿੰਮੇਵਾਰੀ ਹੈ।

ਅੰਤ ਵਿੱਚ ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ) ਨੇ ਸਮੂਹ ਲੇਖਕਾਂ, ਵਿਦਵਾਨਾਂ ਅਤੇ ਚਿੰਤਕਾਂ ਨੂੰ ਪੁਰਜ਼ੋਰ ਅਪੀਲ ਕੀਤੀ ਕਿ ਉਹ ਇਸ ਹੜਤਾਲ ਵਿੱਚ ਸਰਗਰਮ ਸ਼ਮੂਲੀਅਤ ਕਰ ਕੇ ਲੋਕਤੰਤਰ, ਸਮਾਜਿਕ ਨਿਆਂ ਅਤੇ ਲੋਕ-ਹਿਤੀ ਨੀਤੀਆਂ ਦੇ ਹੱਕ ਵਿੱਚ ਆਪਣੀ ਆਵਾਜ਼ ਬੁਲੰਦ ਕਰਨ।

ਜ਼ਾਹਿਰ ਹੈ ਕਿ ਹੁਣ ਜੁਝਾਰੂ ਲੇਖਕਾਂ ਦਾ ਨਵਾਂ ਚਿਹਰਾ ਮੋਹਰਾ ਸਾਹਮਣੇ ਆਏਗਾ। ਜਿਹੜਾ ਕਲਮ ਦੇ ਨਾਲ ਨਾਲ ਜੰਗ ਦੇ ਮੈਦਾਨ ਵਿੱਚ ਵੀ ਖੁੱਲ੍ਹ ਕੇ ਭਾਗ ਲਿਆ ਕਰੇਗਾ। ਇਸ ਨਾਲ ਇੱਕ ਫਾਇਦਾ ਜ਼ਰੂਰ ਹੋਵੇਗਾ ਕਿ ਲੋਕ ਪੱਖੀ ਲੇਖਕਾਂ ਅਤੇ ਦਰਬਾਰੀ ਲੇਖਕਾਂ ਦਰਮਿਆਨ ਲਕੀਰ ਹੋਰ ਗੂਹੜੀ ਹੋ ਜਾਵੇਗੀ। 

ਜਾਰੀ ਕਰਤਾ:ਸੁਸ਼ੀਲ ਦੁਸਾਂਝ:ਜਨਰਲ ਸਕੱਤਰ, ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ)//ਸੰਪਰਕ-98887-99870

Monday, 2 February 2026

*ਇਹ ਕੇਹਾ ਦਸਤੂਰ....!*

From Yashpal on Sunday 1st February 2026 at 08:29 A Hindi Poem By Krishn Bhatt 

ਕ੍ਰਿਸ਼ਨ ਭੱਟ ਵੱਲੋਂ ਬੜੀ ਸਾਦਗੀ ਨਾਲ ਲਿਖੀ ਗਈ ਇੱਕ ਬਹੁਤ ਹੀ ਅਰਥਪੂਰਨ ਰਚਨਾ

*ਸ਼ੰਕਰਾਚਾਰੀਆ*

*ਸਾਬਤ ਕਰੇ*

*ਕਿ ਉਹ ਸ਼ੰਕਰਾਚਾਰੀਆ ਹੈ!*


*ਨਾਗਰਿਕ*

*ਸਾਬਤ ਕਰੇ*

*ਕਿ ਉਹ ਨਾਗਰਿਕ ਹੈ!*


*ਵੋਟਰ*

*ਸਾਬਤ ਕਰੇ*

*ਕਿ ਉਹ ਵੋਟਰ ਹੈ!*


*ਕਿਸਾਨ*

*ਸਾਬਤ ਕਰੇ*

*ਕਿ ਉਹ ਕਿਸਾਨ ਹੈ!*


*ਨਿਰਦੋਸ਼*

*ਸਾਬਤ ਕਰੇ*

*ਕਿ ਉਹ ਨਿਰਦੋਸ਼ ਹੈ!*


*ਦੇਸ਼ਭਗਤ*

*ਸਾਬਤ ਕਰੇ*

*ਕਿ ਉਹ ਦੇਸ਼ਭਗਤ ਹੈ!*


*ਅਕਲਮੰਦ*

*ਸਾਬਤ ਕਰੇ*

*ਕਿ ਉਹ ਅਕਲਮੰਦ ਹੈ!*


*ਪਹਾੜ*

*ਸਾਬਤ ਕਰੇ*

*ਕਿ ਉਹ ਪਹਾੜ ਹੈ!*


*ਨਦੀ*

*ਸਾਬਤ ਕਰੇ*

*ਕਿ ਉਹ ਨਦੀ ਹੈ!*


*ਜੰਗਲ* 

*ਸਾਬਤ ਕਰੇ*

*ਕਿ ਉਹ ਜੰਗਲ ਹੈ!*


*ਇਤਿਹਾਸ*

*ਸਾਬਤ ਕਰੇ*

*ਕਿ ਉਹ ਇਤਿਹਾਸ ਹੈ!*


*ਇਨਸਾਨ*

*ਸਾਬਤ ਕਰੇ*

*ਕਿ ਉਹ ਇਨਸਾਨ ਹੈ!*

                     ਮੂਲ:

         *#ਕ੍ਰਿਸ਼ਨ ਭੱਟ*

    ਹਿੰਦੀ ਤੋਂ ਪੰਜਾਬੀ ਅਨੁ:

*ਯਸ਼ ਪਾਲ ਵਰਗ ਚੇਤਨਾ*

    (98145 35005)