Sushil Dosanjh Sent on Tuesday 10th February 2026 at 16:13 Regarding Nation Wide Strike
ਕੇਂਦਰੀ ਪੰਜਾਬੀ ਲੇਖਕ ਸਭਾ ਵੱਲੋਂ ਹੜਤਾਲ ਨੂੰ ਸਫ਼ਲ ਬਣਾਉਣ ਦਾ ਸੱਦਾ
ਚੰਡੀਗੜ੍ਹ: 10 ਫ਼ਰਵਰੀ 2026: (ਮੀਡੀਆ ਲਿੰਕ ਰਵਿੰਦਰ//ਸਾਹਿਤ ਸਕਰੀਨ ਡੈਸਕ)::
ਕੇਂਦਰੀ ਪੰਜਾਬੀ ਲੇਖਕ ਸਭਾ ਵੱਲੋਂ 12 ਫਰਵਰੀ ਦੀ ਹੜਤਾਲ ਵਿੱਚ ਸ਼ਾਮਿਲ ਹੋਣ ਦੇ ਫੈਸਲੇ ਨੇ ਆਮ ਜਨਤਾ ਵਿੱਚ ਲੇਖਕਾਂ ਦੀ ਸ਼ਖ਼ਸੀਅਤ ਨੂੰ ਹੋਰ ਉਭਾਰਿਆ ਹੈ। ਇਸ ਫੈਸਲੇ ਨੇ ਸਾਬਿਤ ਕੀਤਾ ਹੈ ਕਿ ਲੇਖਕ ਸਿਰਫ ਕਲਮ ਦੇ ਸਿਪਾਹੀ ਹੀ ਨਹੀਂ ਹੁੰਦੇ ਉਹ ਜੰਗ ਦੇ ਮੈਦਾਨ ਵਿੱਚ ਆ ਕੇ ਵੀ ਜੂਝਣਾ ਜਾਣਦੇ ਹਨ। ਇੱਸੇ ਸੰਬੰਧ ਵਿੱਚ ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ) ਵੱਲੋਂ ਸਮੂਹ ਲੇਖਕਾਂ, ਵਿਦਵਾਨਾਂ ਅਤੇ ਚਿੰਤਕਾਂ ਨੂੰ 12 ਫਰਵਰੀ ਦੀ ਦੇਸ਼ ਵਿਆਪੀ ਹੜਤਾਲ ਨੂੰ ਸਫ਼ਲ ਬਣਾਉਣ ਦਾ ਸੱਦਾ ਦਿੱਤਾ ਗਿਆ ਹੈ।
ਸਭਾ ਦੇ ਪ੍ਰਧਾਨ ਦਰਸ਼ਨ ਬੁੱਟਰ, ਜਨਰਲ ਸਕੱਤਰ ਸੁਸ਼ੀਲ ਦੁਸਾਂਝ, ਸੀਨੀਅਰ ਮੀਤ ਪ੍ਰਧਾਨ ਮੱਖਣ ਸਿੰਘ ਕੁਹਾੜ ਅਤੇ ਦਫ਼ਤਰ ਸਕੱਤਰ ਦੀਪ ਦੇਵਿੰਦਰ ਸਿੰਘ ਨੇ ਇੱਥੋਂ ਜਾਰੀ ਸਾਂਝੇ ਪ੍ਰੈੱਸ ਬਿਆਨ ਵਿੱਚ ਕਿਹਾ ਕਿ ਇਹ ਹੜਤਾਲ ਕੇਂਦਰ ਸਰਕਾਰ ਦੀਆਂ ਉਹਨਾਂ ਨੀਤੀਆਂ ਖ਼ਿਲਾਫ਼ ਹੈ ਜੋ ਦੇਸ਼ ਦੀ ਅਰਥਵਿਵਸਥਾ, ਕਿਸਾਨੀ, ਮਜ਼ਦੂਰ ਵਰਗ ਅਤੇ ਲੋਕ-ਹਿਤੈਸ਼ੀ ਸਕੀਮਾਂ ਨੂੰ ਗੰਭੀਰ ਨੁਕਸਾਨ ਪਹੁੰਚਾ ਰਹੀਆਂ ਹਨ।
ਉਹਨਾਂ ਕਿਹਾ ਕਿ ਇਸ ਹੜਤਾਲ ਦਾ ਮੁੱਖ ਮਕਸਦ ਕੇਂਦਰ ਸਰਕਾਰ ਦੀਆਂ ਨਿੱਜੀਕਰਨ ਸਬੰਧੀ ਮਾਰੂ ਨੀਤੀਆਂ ਦਾ ਕਰੜਾ ਵਿਰੋਧ, ਬਿਜਲੀ ਬਿੱਲ 2025, ਬੀਜ ਬਿੱਲ 2025 ਅਤੇ ਨਰੇਗਾ ਸਕੀਮ ਦੇ ਸਰੂਪ ਵਿੱਚ ਕੀਤੇ ਜਾ ਰਹੇ ਨੁਕਸਾਨਦਾਇਕ ਬਦਲਾਅ ਦੇ ਖ਼ਿਲਾਫ਼ ਸਖ਼ਤ ਆਵਾਜ਼ ਉਠਾਉਣਾ ਹੈ। ਇਸ ਦੇ ਨਾਲ ਹੀ ਚਾਰ ਲੇਬਰ ਕੋਡ ਰੱਦ ਕਰਕੇ ਉਹਨਾਂ ਦੀ ਥਾਂ ਮਜ਼ਦੂਰ-ਪੱਖੀ ਕਾਨੂੰਨ ਬਣਾਏ ਜਾਣ ਦੀ ਮੰਗ ਵੀ ਹੜਤਾਲ ਦੇ ਕੇਂਦਰੀ ਮਸਲਿਆਂ ਵਿੱਚ ਸ਼ਾਮਲ ਹੈ।
ਪ੍ਰੈੱਸ ਬਿਆਨ ਵਿੱਚ ਆਗੂਆਂ ਨੇ ਭਾਰਤ ਅਤੇ ਅਮਰੀਕਾ ਦਰਮਿਆਨ ਹੋ ਰਹੇ ਅਸਾਵੇਂ ਵਪਾਰ ਸਮਝੌਤੇ ’ਤੇ ਵੀ ਗੰਭੀਰ ਚਿੰਤਾ ਪ੍ਰਗਟ ਕੀਤੀ। ਉਹਨਾਂ ਕਿਹਾ ਕਿ ਇਹ ਸਮਝੌਤਾ ਦੇਸ਼ ਦੀ ਆਰਥਿਕਤਾ ਲਈ ਘਾਤਕ ਸਾਬਤ ਹੋ ਸਕਦਾ ਹੈ ਅਤੇ ਖ਼ਾਸ ਤੌਰ ’ਤੇ ਨਿਮਨ ਕਿਸਾਨੀ, ਛੋਟੇ ਉਤਪਾਦਕਾਂ ਅਤੇ ਦੇਸੀ ਉਦਯੋਗਾਂ ਨੂੰ ਤਬਾਹੀ ਵੱਲ ਧੱਕੇਗਾ। ਇਸ ਲਈ ਇਸ ਸਮਝੌਤੇ ਨੂੰ ਤੁਰੰਤ ਰੱਦ ਕਰਨ ਦੀ ਮੰਗ ਕੀਤੀ ਗਈ।
ਸਭਾ ਦੇ ਆਗੂਆਂ ਨੇ ਕਿਹਾ ਕਿ ਉਪਰੋਕਤ ਸਾਰੇ ਮੁੱਦਿਆਂ ਵੱਲ ਸਰਕਾਰ ਦਾ ਧਿਆਨ ਦਿਵਾਉਣ ਲਈ ਜਨਤਕ ਜਥੇਬੰਦੀਆਂ, ਕਿਸਾਨਾਂ, ਮਜ਼ਦੂਰਾਂ, ਮੁਲਾਜ਼ਮਾਂ ਅਤੇ ਕਲਮਕਾਰਾਂ ਵੱਲੋਂ 12 ਫਰਵਰੀ ਨੂੰ ਇੱਕ ਰੋਜ਼ਾ ਦੇਸ਼ ਵਿਆਪੀ ਹੜਤਾਲ ਕੀਤੀ ਜਾ ਰਹੀ ਹੈ। ਇਸ ਹੜਤਾਲ ਨੂੰ ਸਫ਼ਲ ਬਣਾਉਣਾ ਸਮਾਜਿਕ ਜ਼ਿੰਮੇਵਾਰੀ ਹੈ।
ਅੰਤ ਵਿੱਚ ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ) ਨੇ ਸਮੂਹ ਲੇਖਕਾਂ, ਵਿਦਵਾਨਾਂ ਅਤੇ ਚਿੰਤਕਾਂ ਨੂੰ ਪੁਰਜ਼ੋਰ ਅਪੀਲ ਕੀਤੀ ਕਿ ਉਹ ਇਸ ਹੜਤਾਲ ਵਿੱਚ ਸਰਗਰਮ ਸ਼ਮੂਲੀਅਤ ਕਰ ਕੇ ਲੋਕਤੰਤਰ, ਸਮਾਜਿਕ ਨਿਆਂ ਅਤੇ ਲੋਕ-ਹਿਤੀ ਨੀਤੀਆਂ ਦੇ ਹੱਕ ਵਿੱਚ ਆਪਣੀ ਆਵਾਜ਼ ਬੁਲੰਦ ਕਰਨ।
ਜ਼ਾਹਿਰ ਹੈ ਕਿ ਹੁਣ ਜੁਝਾਰੂ ਲੇਖਕਾਂ ਦਾ ਨਵਾਂ ਚਿਹਰਾ ਮੋਹਰਾ ਸਾਹਮਣੇ ਆਏਗਾ। ਜਿਹੜਾ ਕਲਮ ਦੇ ਨਾਲ ਨਾਲ ਜੰਗ ਦੇ ਮੈਦਾਨ ਵਿੱਚ ਵੀ ਖੁੱਲ੍ਹ ਕੇ ਭਾਗ ਲਿਆ ਕਰੇਗਾ। ਇਸ ਨਾਲ ਇੱਕ ਫਾਇਦਾ ਜ਼ਰੂਰ ਹੋਵੇਗਾ ਕਿ ਲੋਕ ਪੱਖੀ ਲੇਖਕਾਂ ਅਤੇ ਦਰਬਾਰੀ ਲੇਖਕਾਂ ਦਰਮਿਆਨ ਲਕੀਰ ਹੋਰ ਗੂਹੜੀ ਹੋ ਜਾਵੇਗੀ।
ਜਾਰੀ ਕਰਤਾ:ਸੁਸ਼ੀਲ ਦੁਸਾਂਝ:ਜਨਰਲ ਸਕੱਤਰ, ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ)//ਸੰਪਰਕ-98887-99870

No comments:
Post a Comment