Received on Thursday 09th October 2025 at 18:32 Regarding Dr. Fakir Chand Shukla
ਵੱਖ ਵੱਖ ਸੰਸਥਾਵਾਂ ਨੇ ਫੁੱਲ ਮਾਲਾਵਾਂ ਤੇ ਦੋਸ਼ਾਲੇ ਪਹਿਨਾ ਕੇ ਅਲਵਿਦਾ ਕਿਹਾ
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਭੋਜਨ ਤਕਨਾਲੋਜੀ ਵਿਭਾਗ ਦੇ ਸੀਨੀਅਰ ਪ੍ਹੋਫੈਸਰ ਤੇ ਉੱਘੇ ਪੰਜਾਬੀ ਲੇਖਕ ਡਾ. ਫ਼ਕੀਰ ਚੰਦ ਸ਼ੁਕਲਾ ਦਾ ਦੇਹਾਂਤ ਉਦਾਸ ਕਰ ਗਿਆ ਹੈ। ਉਹ ਪੰਜਾਬ ਖੇਤੀ ਯੂਨੀਵਰਸਿਟੀ ਦੇ ਵਿਦਿਆਰਥੀ ਹੁੰਦਿਆਂ ਯੰਗ ਰਾਈਟਰਜ਼ ਅਸੋਸੀਏਸ਼ਨ ਦੇ ਮੋਢੀਆਂ ਵਿੱਚੋਂ ਇੱਕ ਸਨ। ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਜੀਵਨ ਮੈਂਬਰ ਹੋਣ ਕਰਕੇ ਉਹ ਪੰਜਾਬੀ ਭਵਨ ਲੁਧਿਆਣਾ ਦੀਆਂ ਸਰਗਰਮੀਆਂ ਵਿੱਚ ਵੱਧ ਚੜ੍ਹ ਕੇ ਭਾਗ ਲੈਂਦੇ ਸਨ। ਪਿਛਲੇ ਮਹੀਨੇ ਹੀ ਉਨ੍ਹਾਂ ਨੂੰ ਕੌਮੀ ਪੱਧਰ ਤੇ ਸਨਮਾਨ ਮਿਲਿਆ ਸੀ। ਵਿਗਿਆਨਕ ਸਾਹਿਤ ਸਿਰਜਣ ਵਿੱਚ ਵੀ ਉਹ ਸਿਰਮੌਰ ਸਨ। ਇਹ ਵਿਚਾਰ ਪੰਜਾਬੀ ਲੋਕ ਵਿਰਾਸਤ ਅਕਾਡਮੀ ਦੇ ਚੇਅਰਮੈਨ ਤੇ ਡਾ. ਸ਼ੁਕਲਾ ਦੇ ਲਗਪਗ 21 ਸਾਲ ਪੀ ਏ ਯੂ ਵਿੱਚ ਸਹਿਕਰਮੀ ਰਹੇ ਪ੍ਹੋ. ਗੁਰਭਜਨ ਸਿੰਘ ਗਿੱਲ ਨੇ ਅੰਤਿਮ ਸੰਸਕਾਰ ਉਪਰੰਤ ਕਹੇ।
ਡਾ. ਸ਼ੁਕਲਾ ਦੀ ਦੇਹ ਨੂੰ ਅਗਨੀ ਉਨ੍ਹਾਂ ਦੇ ਸਪੁੱਤਰ ਅਮਿਤੇਸ਼ ਸ਼ੁਕਲਾ ਨੇ ਵਿਖਾਈ। ਪੰਜਾਬੀ ਸਾਹਿਤ ਅਕਾਡਮੀ ਵੱਲੋਂ ਡਾ. ਫ਼ਕੀਰ ਚੰਦ ਸ਼ੁਕਲਾ ਦੀ ਦੇਹ ਤੇ ਦੋਸ਼ਾਲਾ ਜਨਰਲ ਸਕੱਤਰ ਡਾ. ਗੁਲਜ਼ਾਰ ਸਿੰਘ ਪੰਧੇਰ ਦੀ ਅਗਵਾਈ ਵਿੱਚ ਡਾ. ਗੁਰਚਰਨ ਕੌਰ ਕੋਚਰ, ਕੇ. ਸਾਧੂ ਸਿੰਘ, ਅਮਰਜੀਤ ਸ਼ੇਰਪੁਰੀ , ਸ. ਮਲਕੀਅਤ ਸਿੰਘ ਔਲਖ ਅਤੇ ਸ਼੍ਰੋਮਣੀ ਲਿਖਾਰੀ ਬੋਰਡ ਰਜਿ ਦੇ ਪ੍ਰਧਾਨ ਪ੍ਰਭ ਕਿਰਨ ਸਿੰਘ ਤੇ ਸਮੂਹ ਮੈਂਬਰਾਂ ਵੱਲੋਂ ਭੇਂਟ ਕੀਤਾ ਗਿਆ।
ਸ਼੍ਰੋਮਣੀ ਲਿਖਾਰੀ ਬੋਰਡ ਰਜਿ. ਵਲੋਂ ਪ੍ਰਧਾਨ ਪ੍ਰਭ ਕਿਰਨ ਸਿੰਘ ਅਤੇ ਪੰਜਾਬੀ ਲੋਕ ਵਿਰਾਸਤ ਅਕਾਡਮੀ ਲੁਧਿਆਣਾ ਵੱਲੋਂ ਦੋਸ਼ਾਲਾ ਪ੍ਹੋ. ਗੁਰਭਜਨ ਸਿੰਘ ਗਿੱਲ, ਡਾ. ਗੁਰਇਕਬਾਲ ਸਿੰਘ, ਪ੍ਹੋ. ਰਵਿੰਦਰ ਸਿੰਘ ਭੱਠਲ ਤੇ ਡਾ. ਸੁਰਜੀਤ ਸਿੰਘ ਗਿੱਲ ਨੇ ਭੇਂਟ ਕੀਤਾ।
ਡਾ. ਫ਼ਕੀਰ ਚੰਦ ਸ਼ੁਕਲਾ ਨੂੰ ਕੇਂਦਰੀ ਪੰਜਾਬੀ ਲੇਖਕ ਸਭਾ(ਰਜਿ.)ਕੇਂਦਰੀ ਪੰਜਾਬੀ ਲੇਖਕ ਸਭਾ (ਸੇਖੋਂ) , ਪ੍ਰਗਤੀਸ਼ੀਲ ਲੇਖਕ ਸੰਘ, ਸਿਰਜਣਧਾਰਾ, ਬਿਜਲੀ ਬੋਰਡ ਲੇਖਕ ਸਭਾ, ਜਨਵਾਦੀ ਕਵਿਤਾ ਮੰਚ, ਸ਼੍ਰੋਮਣੀ ਪੰਜਾਬੀ ਲਿਖਾਰੀ ਬੋਰਡ(ਰਜਿ.) ਪੰਜਾਬੀ ਲੇਖਕ ਕਲਾਕਾਰ ਸੋਸਾਇਟੀ, ਵਿਸ਼ਵ ਪੰਜਾਬੀ ਸਭਾ ਟੋਰੰਟੋ, ਵਿਸ਼ਵ ਪੰਜਾਬੀ ਕਾਂਗਰਸ (ਰਜਿ.) ਪੀ ਏ ਯੂ ਰੀਟਾਇਰਡ ਟੀਚਰਜ਼ ਅਸੋਸੀਏਸ਼ਨ ਦੇ ਪ੍ਹਤੀਨਿਧਾਂ ਨੇ ਆਪੋ ਆਪਣੀਆਂ ਸੰਸਥਾਵਾਂ ਵੱਲੋਂ ਅਕੀਦਤ ਦੇ ਫੁੱਲ ਭੇਂਟ ਕੀਤੇ।
ਡਾ. ਫ਼ਕੀਰ ਚੰਦ ਸ਼ੁਕਲਾ ਬਾਰੇ ਜਾਣਕਾਰੀ ਦੇਂਦਿਆਂ ਡਾ. ਗੁਰਚਰਨ ਕੌਰ ਕੋਚਰ ਨੇ ਦੱਸਿਆ ਕਿ ਪਿਛਲੇ ਮਹੀਨੇ ਹੀ ਉਨ੍ਹਾਂ ਨੇ ਆਪਣਾ 81ਵਾਂ ਜਨਮ ਦਿਨ ਮਨਾਇਆ ਸੀ। ਡਾ. ਸ਼ੁਕਲਾ ਪੰਜਾਬੀ, ਅੰਗਰੇਜ਼ੀ ਅਤੇ ਹਿੰਦੀ ਚ ਲਿਖਣ ਵਾਲੇ ਵਿਗਿਆਨ ਲੇਖਕ ਸਨ ਅਤੇ ਆਪਣੀਆਂ ਬਾਲ ਸਾਹਿਤ ਦੀਆਂ ਲਿਖਤਾਂ ਲਈ ਵੀ ਪ੍ਰਸਿੱਧ ਸਨ।
ਉਹ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਦੇ ਭੋਜਨ ਤਕਨਾਲੋਜੀ ਦੇ ਸੇਵਾਮੁਕਤ ਪ੍ਰੋਫ਼ੈਸਰ ਹੋਣ ਕਾਰਨ ਉਹਨਾਂ ਨੇ ਭੋਜਨ ਅਤੇ ਪੋਸ਼ਣ ਬਾਰੇ ਨਿਕੀਆਂ ਕਹਾਣੀਆਂ, ਨਾਟਕ ਅਤੇ ਬਾਲ ਸਾਹਿਤ ਦੀਆਂ 30 ਕਿਤਾਬਾਂ ਲਿਖੀਆਂ। ਇਸ ਦੇ ਇਲਾਵਾ ਉਹਨਾਂ ਅੰਗਰੇਜ਼ੀ, ਹਿੰਦੀ ਅਤੇ ਪੰਜਾਬੀ ਵਿੱਚ ਭੋਜਨ ਅਤੇ ਪੋਸ਼ਣ ਬਾਰੇ 400 ਤੋਂ ਵੱਧ ਲੇਖ ਲਿਖੇ।
ਡਾ. ਸ਼ੁਕਲਾ ਇਕ ਨੇਕ ਦਿਲ ਇਨਸਾਨ ਅਤੇ ਖ਼ੁਸ਼ ਗਵਾਰ ਤਬੀਅਤ ਦੇ ਮਾਲਕ ਸਨ। ਡਾ. ਸ਼ੁਕਲਾ ਦੀਆਂ ਪੁਸਤਕਾਂ ਪੰਜਾਬੀ ਵਿਚ ਹੀ ਨਹੀਂ ਸਗੋਂ ਉਨ੍ਹਾਂ ਦੀਆਂ ਰਚਨਾਵਾਂ ਹਿੰਦੀ, ਕੰਨੜ, ਮਰਾਠੀ, ਤੇਲਗੂ, ਬੰਗਾਲਿ, ਰਾਜਸਥਾਨੀ, ਉਰਦੂ, ਅੰਗਰੇਜ਼ੀ, ਮਲਿਆਲਮ ਸਮੇਤ ਕਈ ਭਾਸ਼ਾਵਾਂ ਵਿਚ ਤਰਜਮੇ ਹੋ ਕੇ ਪ੍ਰਕਾਸ਼ਿਤ ਹੋਈਆਂ ਜਿਸ ਬਾਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਦੇ ਨਿਕਟਵਰਤੀ ਸਨੇਹੀ ਪ੍ਰਭ ਕਿਰਨ ਸਿੰਘ ਤੂਫ਼ਾਨ ਨੇ ਦੱਸਿਆ ਕਿ ਡਾ. ਫ਼ਕੀਰ ਚੰਦ ਸ਼ੁਕਲਾ ਜੀ ਨੇ ਪੰਖ ਕਟੀ ਗੌਰਈਆ (ਨਾਵਲ), ਅਲੱਗ ਅਲੱਗ ਸੰਦਰਭ (ਨਾਵਲ), ਕੈਸੇ ਲੱਗੇ ਮਨ (ਨਾਵਲ), ਬੰਦ ਖਿੜਕੀਓਂ ਵਾਲਾ ਮਨ (ਨਿਕੀਆਂ ਕਹਾਣੀਆਂ), ਵਿਸ਼ਪਾਨ (ਨਿਕੀਆਂ ਕਹਾਣੀਆਂ) ਜੋਤ ਸੇ ਜੋਤ ਜਲੇ (ਨਾਟਕ) ਅੰਧੇਰੀ ਸੁਰੰਗ (ਨਾਟਕ) ਪੇੜੋਂ ਕੇ ਬੀਜ (ਨਾਟਕ) ਨਈ ਸੁਬਹ (ਕਹਾਣੀਆਂ) ਤੋਂ ਇਲਾਵਾ ਕੁਝ ਨਾਟਕ ਵੀ ਲਿਖੇ ਜਿੰਨ੍ਹਾਂ ਵਿੱਚੋਂ ਡਾਕਟਰ ਬੀਜੀ ਅਤੇ ਹੋਰ ਵਿਗਿਆਨਕ ਬਾਲ ਨਾਟਕ, ਗਰਮਾ ਗਰਮ ਪਕੌੜੇ, ਹੈਪੀ ਬ੍ਰਥ ਡੇ ਅਤੇ ਜਦੋਂ ਰੋਸ਼ਨੀ ਹੋਈ ਮਸ਼ਹੂਰ ਹਨ। ਰੇਡੀਓ ਤੇ ਟੀ ਵੀ ਨੇ ਉਨ੍ਹਾਂ ਦੇ ਕਈ ਨਾਟਕਾਂ ਨੂੰ ਲੜੀਵਾਰ ਪੇਸ਼ ਕੀਤਾ।
ਡਾ. ਫ਼ਕੀਰ ਚੰਦ ਸ਼ੁਕਲਾ ਦੇ ਅੰਤਿਮ ਸੰਸਕਾਰ ਮੌਕੇ ਤ੍ਰੈਲੋਚਨ ਲੋਚੀ, ਮਨਜਿੰਦਰ ਧਨੋਆ, ਸਹਿਜਪ੍ਰੀਤ ਸਿੰਘ ਮਾਂਗਟ, ਡਾ. ਜ਼ੋਰਾ ਸਿੰਘ ਬਰਾੜ, ਡਾ. ਹਰਦੀਪ ਸਿੰਘ ਸੁਰ, ਡਾ. ਵੀ ਕੇ ਦਿਲਾਵਰੀ, ਡਾ. ਰਮੇਸ਼ ਸਦਾਵਰਤੀ, ਡਾ. ਨਾਨਕ ਸਿੰਘ, ਹਰਿੰਦਰ ਸਿੰਘ ਭੁੱਲਰ, ਡਿਪਟੀ ਡਾਇਰੈਕਟਰ ਸਪੋਰਟਸ, ਅਨਿਲ ਦੱਤ, ਡਾ. ਬਲਬੀਰ ਸਿੰਘ ਸਿੱਧੂ, ਸਾਬਕਾ ਡਾਇਰੈਕਟਰ ਐਗਰੀਕਲਚਰ , ਚਰਨ ਸਿੰਘ ਪੀ ਏ ਯੂ, ਬਲਦੇਵ ਸਿੰਘ ਪੰਜਾਬ ਐਂਡ ਸਿੰਧ ਬੈਂਕ ਸਮੇਤ ਹਜ਼ਾਰਾਂ ਸ਼ੁਭ ਚਿੰਤਕਾਂ ਨੇ ਡਾ. ਸ਼ੁਕਲਾ ਪਰਿਵਾਰ ਨਾਲ ਦੁਖ ਦਾ ਪ੍ਰਗਟਾਵਾ ਕੀਤਾ।