Posted on Sunday 26th October 2025 at 12:55 PM Regarding Comment on Social Media
ਅਤੀਤ ਦੇ ਦਰਸ਼ਨ ਕਦੇ ਆਪਣੀ ਮਰਜ਼ੀ ਜਾਂ ਜ਼ਿਦ ਨਾਲ ਨਹੀਂ ਹੁੰਦੇ
ਖਰੜ: ਸੋਸ਼ਲ ਮੀਡੀਆ ਦੀ ਦੁਨੀਆ ਵਿੱਚੋਂ: 26 ਅਕਤੂਬਰ 2025: (ਰੈਕਟਰ ਕਥੂਰੀਆ//ਸਾਹਿਤ ਸਕਰੀਨ ਡੈਸਕ) ::
ਹਰਪ੍ਰੀਤ ਸੰਧੂ ਹੁਰਾਂ ਦੀ ਕਵਿਤਾ ਨੂੰ ਪੜ੍ਹਦਿਆਂ ਬਹੁਤ ਸਾਰੇ ਉਤਰਾਅ ਚੜ੍ਹਾਅ ਮਹਿਸੂਸ ਹੁੰਦੇ ਹਨ। ਮੈਂ ਸ਼ਾਇਦ ਕੁਮੈਂਟ ਵੀ ਕੀਤਾ ਕਿ ਤੁਹਾਡੀ ਇਹ ਕਾਵਿ ਰਚਨਾ ਵੀ ਬੜੀਆਂ ਡੂੰਘੀਆਂ ਗੱਲਾਂ ਕਰਦੀ ਹੈ। ਉਂਝ ਰਮਜ਼ਾਂ ਭਰੇ ਇਸ਼ਾਰੇ ਹੋਣੇ ਵੀ ਚਾਹੀਦੇ ਹਨ। ਠਾਹ ਸੋਟੇ ਵਾਲੀ ਗੱਲ ਵੀ ਚੱਲਦੀ ਹੈ ਪਰ ਉਸ ਨਾਲ ਕਵਿਤਾ ਵਿੱਚ ਕਵਿਤਾ ਵਰਗੀ ਗੱਲ ਨਹੀਂ ਰਹਿੰਦੀ। ਤੁਸੀਂ ਇਸ ਕਵਿਤਾ ਵਿੱਚ ਹਿੰਮਤ ਵਾਲੀ ਗੱਲ ਕੀਤੀ ਹੈ। ਇਸ ਬੇਬਾਕੀ ਅਤੇ ਹਿੰਮਤ ਨੂੰ ਸਲਾਮ - ---ਪਰ ਅਤੀਤ ਛੱਡਿਆ ਕਿਥੇ ਜਾਂਦਾ ਹੈ? ਕਿਸੇ ਨ ਕਿਸੇ ਵਿੱਚ ਨਜ਼ਰ ਆ ਜਾਣਾ ਵੀ ਉਸ ਬੀਤ ਚੁੱਕੇ ਕਾਲਖੰਡ ਦੀ ਸ਼ਕਤੀ , ਸਮਰਥਾ ਅਤੇ ਆਕਰਸ਼ਣ ਦਾ ਸਬੂਤ ਹੀ ਤਾਂ ਹੁੰਦਾ ਹੈ। ਅਤੀਤ ਦੀਆਂ ਇਮਾਰਤਾਂ ਵਾਲੀਆਂ ਦੀਵਾਰਾਂ ਵੀ , ਕਿਤਾਬਾਂ ਵਿਚ ਰੱਖੀਆਂ ਮੋਰ ਖੰਭਾਂ ਅਤੇ ਗੁਲਾਬ ਫੁੱਲਾਂ ਵਰਗੀਆਂ ਨਿਸ਼ਾਨੀਆਂ ਵੀ----ਅਲਮਾਰੀਆਂ ਵਿੱਚ ਪਏ ਰੁਮਾਲ ਵੀ , ਕੈਮਰੇ ਵਿੱਚ ਖਿੱਚੀਆਂ ਤਸਵੀਰਾਂ ਵੀ------ਇਹ ਸਭ ਸਾਨੂੰ ਖਿੱਚ ਲਿਜਾਂਦੇ ਹਨ ਅਤੀਤ ਦੇ ਉਸ ਦੌਰ ਵੱਲ---ਜਿਵੇਂ ਇਸ਼ਕ ਬਾਰੇ ਆਖਿਆ ਜਾਂਦਾ ਹੈ---ਸੱਚ ਕਹਿਤੀ ਹੈ ਦੁਨੀਆ--ਇਸ਼ਕ ਪਰ ਜ਼ੋਰ ਨਹੀਂ----ਸ਼ਾਇਦ ਇਸ਼ਕ ਦੀ ਥਾਂਵੇਂ ਅਤੀਤ ਵੀ ਪੜ੍ਹਿਆ ਜਾ ਸਕਦਾ ਹੈ। ਇਸ ਅਤੀਤ 'ਤੇ ਵੀ ਜ਼ੋਰ ਨਹੀਂ ਹੁੰਦਾ। ਸ਼ਾਇਦ ਅਸੀਂ ਤਾਂ ਹੀ ਘਰਾਂ ਤੋਂ ਦੂਰ ਉਹਨਾਂ ਇਮਾਰਤਾਂ ਨੂੰ ਦੇਖਣ ਨਿਕਲ ਜਾਂਦੇ ਹਾਂ ---ਜਿਹਨਾਂ ਨਾਲ ਅਦਿੱਖ ਰਿਸ਼ਤਾ ਬਣਿਆਂ ਵੀ ਦੇਰ ਹੋ ਚੁੱਕੀ ਹੁੰਦੀ ਹੈ। ਕਈ ਵਾਰ ਇਹੋ ਜਿਹੇ ਰਿਸ਼ਤਿਆਂ ਦੇ ਕਾਰਨ ਵੀ ਚੇਤੇ ਨਹੀਂ ਆਉਂਦੇ ਜਾਂ ਫਿਰ ਸਮਝ ਵੀ ਨਹੀਂ ਪੈਂਦੇ।
ਉਂਝ ਫੇਸਬੁੱਕ ਵਰਗੇ ਮੰਚ ਅਤੇ ਇੰਟਰਨੈਟ ਵੀ ਤਾਂ ਹੀ ਸਾਨੂੰ ਆਪਣੇ ਵੱਲ ਸ਼ਾਇਦ ਤਾਂ ਹੀ ਖਿੱਚਦੇ ਹਨ ਕਿਓਂਕਿ ਇਹਨਾਂ ਵਿੱਚ ਟਾਈਮ ਮਸ਼ੀਨ ਦੀ ਯਾਤਰਾ ਵਾਲਾ ਜਾਦੂ ਵੀ ਮਹਿਸੂਸ ਹੁੰਦਾ ਹੈ। ਬਾਕੀ ਕਵਿਤਾ ਬਹੁਤ ਖੂਬਸੂਰਤ ਹੈ - --ਇਸ ਨੂੰ ਪੜ੍ਹ ਕੇ ਮੈਨੂੰ ਵੀ ਬਹੁਤ ਕੁਝ ਚੇਤੇ ਆਇਆ... ਉਹ ਲੋਕ ਵੀ ਜਿਹੜੇ ਹੁਣ ਇਸ ਦੁਨੀਆ ਵਿੱਚ ਵੀ ਨਹੀਂ ਰਹੇ। ਉਹਨਾਂ ਨੂੰ ਦੇਖਿਆਂ ਵੀ ਦਹਾਕੇ ਲੰਘ ਗਏ। ਜਿਹੜੇ ਮੌਜੂਦ ਹਨ ਉਹਨਾਂ ਦੇ ਫੋਨ ਨੰਬਰ ਵੀ ਗੁਆਚੇ ਤਾਂ ਫਿਰ ਕਦੇ ਨਾ ਮਿਲੇ। ਇਸਦੇ ਬਾਵਜੂਦ ਉਨ੍ਹਾਂ ਨੂੰ ਕਦੇ ਨ ਕਦੇ ਮਿਲਣ ਦੀ ਉਡੀਕ ਰਹਿੰਦੀ ਹੈ. .ਉਹ ਉਡੀਕ ਵੀ ਪੱਕੇ ਵਿਸ਼ਵਾਸ ਵਰਗੀ ਉਡੀਕ।
ਅਜਿਹੇ ਲੋਕ ਸਿਰਫ ਪ੍ਰੇਮੀ ਪ੍ਰੇਮਿਕਾ ਵਾਲੇ ਹੀ ਨਹੀਂ ਹੋਰ ਵੀ ਸਨ ਅਤੇ ਹੁਣ ਵੀ ਹਨ। ਟ੍ਰੇਨਾਂ ਵਿੱਚ ਦੋ ਚਾਰ ਘੰਟਿਆਂ ਲਈ ਮਿਲੇ ਲੋਕ ਵੀ . .ਬਸ ਦੇ ਸਫਰ ਅਤੇ ਬਸ ਅੱਡਿਆਂ 'ਤੇ ਬੈਠੇ ਮਿਲੇ ਲੋਕ ਵੀ। ਰੇਲ ਗੱਡੀਆਂ ਵਾਲੇ ਸਫ਼ਰਾਂ ਦੌਰਾਨ ਮਿਲੇ ਬਹੁਤ ਹੀ ਅਨਮੋਲ ਲੋਕ ਵੀ---ਬਹੁਤ ਕੁਝ ਚੇਤੇ ਆਉਣ ਲੱਗਿਆ ਹੈ। ਇੱਕ ਵਾਰ ਫੇਰ ਰੇਡੀਓ ਤੋਂ ਦਹਾਕਿਆਂ ਪਹਿਲਾਂ ਸੁਣਿਆ ਨਾਟਕ-ਰਿਸ਼ਤਿਆਂ ਦਾ ਕੀ ਰੱਖੀਏ ਨਾਂਅ--? ਉਹ ਨਾਟਕ ਸਾਡੇ ਬਹੁਤ ਹੀ ਮਾਣਯੋਗ ਨਾਟਕਕਾਰ ਆਤਮਜੀਤ ਹੁਰਾਂ ਦਾ ਲਿਖਿਆ ਹੋਇਆ ਸੀ। ਮੈਂ ਸੱਤਰਵਿਆਂ ਦੌਰਾਨ ਇਹ ਨਾਟਕ ਸੁਣ ਲਿਆ ਸੀ ਅਤੇ ਬਹੁਤ ਹੀ ਪ੍ਰਭਾਵਸ਼ਾਲੀ ਸੀ। ਉਦੋਂ ਅਸੀਲ ਲੁਧਿਆਣਾ ਦੇ ਨਵਾਂ ਮੁਹੱਲਾ ਵਾਲੇ ਮਕਾਨ ਵਿੱਚ ਰਹਿੰਦੇ ਸਾਂ। ਨਾਨਕਸ਼ਾਹੀ ਇੱਟ ਵਾਲਾ ਇਹ ਮਕਾਨ ਅੱਜ ਵੀ ਬਹੁਤ ਚੇਤੇ ਆਉਂਦਾ ਹੈ। ਮੈਂ ਕਈ ਵਾਰ ਨਵੀਆਂ ਥਾਂਵਾਂ ਤੋਂ ਲੰਘਦਿਆਂ ਟੱਪਦਿਆਂ ਨਵਾਂ ਮੁਹੱਲਾ ਵਾਲੇ ਉਸ ਮਕਾਨ ਨੂੰ ਦੇਖਣ ਦੀ ਕੋਸ਼ਿਸ਼ ਕਰਦਾ ਹਾਂ। ਕਈ ਵਾਰ ਖੜੋ ਕੇ ਅਤੇ ਇਜ਼ਾਜ਼ਤ ਲਾਇ ਕੇ ਫੋਟੋ ਵਿੱਚ ਖਿੱਚ ਲੈਂਦਾ ਹਾਂ। ਅਜਿਹੇ ਮਕਾਨਾਂ ਵਿਚ ਰਹਿਣ ਵਾਲੇ ਕਈ ਵਾਰ ਬਹੁਤ ਪ੍ਰੇਮ ਨਾਲ ਮਿਲਦੇ ਹਨ ਅਤੇ ਚਾਹ ਪਾਣੀ ਬਿਨਾ ਨਹੀਂ ਆਉਣ ਦੇਂਦੇ। ਇੱਕ ਅਦਿੱਖ ਜਿਹਾ ਰਾਬਤਾ ਇਹਨਾਂ ਲੋਕਾਂ ਅਤੇ ਇਮਾਰਤਾਂ ਨਾਲ ਵੀ ਬਣਿਆ ਰਹਿੰਦਾ ਹੈ।
ਹਰਪ੍ਰੀਤ ਕੌਰ ਸੰਧੂ ਹੁਰਾਂ ਦੀ ਕਵਿਤਾ ਭਾਵੇਂ ਇੱਕ ਬੜਾ ਹੀ ਸਪਸ਼ਟ ਸੁਨੇਹਾ ਦੇਂਦੀ ਹੈ - --ਪਰ ਫਿਰ ਵੀ ਇਸ ਕਾਵਿਤਾ ਨੂੰ ਪੜ੍ਹਦਿਆਂ ਅਤੇ ਸੋਚਦਿਆਂ ਮੈਂ ਮਹਿਸੂਸ ਕਰ ਨ ਲੱਗਿਆ ਕਿ ਸ਼ਾਇਦ ਮੈਂ ਕਿਸੇ ਟਾਈਮ ਮਸ਼ੀਨ ਰਾਹੀਂ ਅਤੀਤ ਵੱਲ ਜਾ ਰਿਹਾ ਹਾਂ। ਮੈਂ ਇਸ ਸਫਲ ਕਵਿਤਾ ਰਾਹੀਂ ਉਹਨਾਂ ਨੂੰ ਵਧਾਈ ਵੀ ਦੇਂਦਾ ਹਾਂ। ਇਸ ਕਵਿਤਾ ਨੂੰ ਪੜ੍ਹ ਕੇ ਜੋ ਕੁਝ ਲਿਖਾਈ ਗਿਆ ਉਹ ਸਾਹਿਤ ਸਕਰੀਨ ਦੇ ਪਾਠਕਾਂ ਲਈ ਵੀ ਹਾਜ਼ਰ ਹੈ। ---ਰੈਕਟਰ ਕਥੂਰੀਆ

No comments:
Post a Comment