Emailed On Saturday 18th October 2025 at 6::13 PM From punjabampm Regarding Prof, Mohan Singh Mela
ਡਾ. ਜਗਤਾਰ ਧੀਮਾਨ ਕਰ ਰਹੇ ਹਨ ਪ੍ਰੋ. ਮੋਹਨ ਸਿੰਘ ਸਾਹਿਤ ਦਾ ਅਨੁਵਾਦ
ਲੁਧਿਆਣਾ: 18 ਅਕਤੂਬਰ 2025: (ਮੀਡੀਆ ਲਿੰਕ ਰਵਿੰਦਰ//ਸਾਹਿਤ ਸਕਰੀਨ)::
ਸਾਹਿਤ ਦੇ ਉਪਾਸ਼ਕਾਂ ਅਤੇ ਪ੍ਰੋਫੈਸਰ ਮੋਹਨ ਸਿੰਘ ਹੁਰਾਂ ਦੇ ਸਨੇਹੀਆਂ ਨੇ ਅੱਜ ਦੇਸ਼ ਵਿਦੇਸ਼ ਵਿੱਚ ਉਹਨਾਂ ਨੂੰ ਕਿਸੇ ਨ ਕਿਸੇ ਬਹਾਨੇ ਯਾਦ ਕੀਤਾ। ਪੰਜਾਬੀ ਭਵਨ ਦੇ ਅੰਦਰ ਸਰਗਰਮ ਰਹੇ ਸਾਹਿਤ ਪ੍ਰੇਮੀਆਂ ਨੇ ਇੱਕ ਸੈਮੀਨਾਰ ਦਾ ਆਯੋਜਨ ਕਰਕੇ ਯੁਗ ਕਵੀ ਪ੍ਰੋਫੈਸਰ ਮੋਹਨ ਸਿੰਘ ਹੁਰਾਂ ਨੂੰ ਆਪਣੇ ਅੰਦਾਜ਼ ਨਾਲ ਯਾਦ ਕੀਤਾ। ਉਸ ਖਬਰ ਨੂੰ ਤੁਸੀਂ ਇਥੇ ਕਲਿੱਕ ਕਰ ਕੇ ਵੀ ਪੜ੍ਹ ਸਕਦੇ ਹੋ।
ਇਸੇ ਮੌਕੇ ਪ੍ਰੋਫੈਸਰ ਮੋਹਨ ਸਿੰਘ ਹੁਰਾਂ ਦੇ ਸਾਹਿਤ ਅਤੇ ਨੀਤੀ ਨਾਲ ਸਨੇਹ ਰੱਖਣ ਵਾਲਿਆਂ ਨੇ ਪੰਜਾਬੀ ਭਵਨ ਤੋਂ ਬਾਹਰ ਲੱਗੇ ਬੁੱਤ ਦੇ ਗਲ ਹਰ ਪਾ ਕੇ ਇਹ 47ਵਾਂ ਮੇਲਾ ਮਨਾਇਆ। ਇਸ ਤਰ੍ਹਾਂ ਪ੍ਰੋ. ਮੋਹਨ ਸਿੰਘ ਦੇ ਬੁੱਤ ਨੂੰ ਪੁਸ਼ਪਮਾਲਾ ਅਰਪਿਤ ਕਰਕੇ ਬੜੀ ਹੀ ਸਾਦਗੀ ਨਾਲ 47ਵਾਂ ਪ੍ਰੋ.ਮੋਹਨ ਸਿੰਘ ਯਾਦਗਾਰੀ ਅੰਤਰਰਾਸ਼ਟਰੀ ਸੱਭਿਆਚਾਰਕ ਮੇਲਾ ਸੰਪੂਰਨ ਹੋਣ ਦਾ ਦਾਅਵਾ ਵੀ ਕੀਤਾ। ਇਸਦੇ ਨਾਲ ਹੀ ਉਹਨਾਂ ਇਹ ਵੀ ਸਪਸ਼ਟ ਕੀਤਾ ਕਿ ਸੂਬੇ ਵਿਚ ਹੜ੍ਹਾਂ ਦੇ ਮੱਦੇਨਜਰ ਬਾਕੀ ਸਾਰੇ ਪ੍ਰੋਗਰਾਮ ਪਹਿਲਾਂ ਹੀ ਰੱਦ ਕਰ ਦਿੱਤੇ ਗਏ ਸਨ।
ਉਂਝ ਵੀ ਇਹ ਮੇਲਾ ਬਹੁਤ ਸਾਲ ਪਹਿਲਾਂ ਹੀ ਜਿੰਨਾ ਹਰਮਨ ਪਿਆਰਾ ਅਤੇ ਵਿਸ਼ਾਲ ਹੋ ਗਿਆ ਸੀ ਉਹ ਸਭ ਸਰਦਾਰ ਜਗਦੇਵ ਸਿੰਘ ਜੱਸੋਵਾਲ ਹੁਰਾਂ ਦੀ ਸ਼ਖ਼ਸੀਅਤ ਦਾ ਹੀ ਸਿੱਟਾ ਸੀ। ਹਰ ਕਿਸੇ ਦੇ ਵੱਸ ਦਾ ਰੋਗ ਨਹੀਂ ਹੁੰਦਾ ਏਨੇ ਵੱਡੇ ਮੇਲੇ ਲਗਾਉਣਾ। ਬਹੁਤ ਔਖਾ ਕੰਮ ਸੀ ਇਹ ਪਰ ਜੱਸੋਵਾਲ ਨੇ ਕਰ ਦਿਖਾਇਆ। ਅਣਗਿਣਤ ਪੈਸੇ ਆਉਣ ਦੇ ਵੀ ਰਹਿੰਦੇ ਹਨ ਅਤੇ ਅਣਗਿਣਤ ਪੈਸੇ ਖਰਚ ਵੀ ਹੁੰਦੇ ਰਹਿੰਦੇ ਹਨ ਅਜਿਹੇ ਉੱਦਮ ਉਪਰਾਲਿਆਂ ਵਿੱਚ। ਸਰਦਾਰ ਜੱਸੋਵਾਲ ਸਥਿਤੀਆਂ ਨੂੰ ਸੰਭਾਲਣ ਵਿੱਚ ਮਾਹਰ ਹੋ ਚੁੱਕੇ ਸਨ। ਕਦੇ ਕਦੇ ਉਹਨਾਂ ਨੂੰ ਗੁੱਸਾ ਵੀ ਆਉਂਦਾ ਪਰ ਆਮ ਤੌਰ 'ਤੇ ਮੁਸਕਰਾਹਟ ਦੇ ਨਾਲ ਹੀ ਸਾਰੇ ਮਸਲੇ ਨਜਿੱਠ ਲੈਂਦੇ। ਜਾਦੂ ਜਿਹਾ ਸੀ ਉਸ ਮੁਸਕਰਾਹਟ ਵਿੱਚ ਵੀ।
ਸਰਦਾਰ ਜੱਸੋਵਾਲ ਹੁਰਾਂ ਦੀ ਉਹ ਮੁਸਕਰਾਹਟ ਪ੍ਰੋ. ਮੋਹਨ ਸਿੰਘ ਦੇ ਪੰਜਾਬੀ ਭਵਨ ਨੇੜੇ ਲੱਗੇ ਬੁੱਤ ਨੂੰ ਦੇਖਦਿਆਂ ਹਰ ਵਾਰ ਚੇਤੇ ਆ ਜਾਂਦੀ ਹੈ। ਜਦੋਂ ਵੀ ਲੰਘਦੇ ਟੱਪਦੇ ਉਸ ਬੁੱਤ ਵੱਲ ਨਜ਼ਰ ਜਾਣੀ ਤਾਂ ਸਰਦਾਰ ਜਗਦੇਵ ਸਿੰਘ ਜੱਸੋਵਾਲ ਦਾ ਉਹ ਮੁਸਕਰਾਉਂਦਾ ਚਿਹਰਾ ਅੱਖਾਂ ਸਾਹਮਣੇ ਆ ਜਾਣਾ। ਬਹੁਯ ਸਾਰੀਆਂ ਨੂੰ ਉਹ ਚੇਹਰਾ ਯਾਦ ਹੈ। ਅੱਜ ਪ੍ਰੋਫੈਸਰ ਮੋਹਨ ਸਿੰਘ ਹੁਰਾਂ ਦੇਬੁੱਤ 'ਤੇ ਪੁਸ਼ਪਮਾਲਾ ਅਰਪਿਤ ਕਰਨ ਵਾਲੇ ਐਂਵੇਂ ਨਹੀਂ ਸਨ ਉਥੇ ਪਹੁੰਚੇ। ਇਸ ਤਰ੍ਹਾਂ ਇਹਨਾਂ ਸਾਹਿਤ ਸਨੇਹੀਆਂ ਨੇ ਬੜੀ ਹੀ ਸਾਦਗੀ ਨਾਲ 47ਵਾਂ ਪ੍ਰੋ. ਮੋਹਨ ਸਿੰਘ ਯਾਦਗਾਰੀ ਅੰਤਰਰਾਸ਼ਟਰੀ ਸਭਿਆਚਾਰਕ ਮੇਲਾ ਸੰਪੰਨ ਕਰ ਲਿਆ। ਹੜ੍ਹਾਂ ਵਰਗੀ ਕੁਦਰਤੀ ਆਫ਼ਤ ਦੇ ਬਾਵਜੂਦ ਇਹਨਾਂ ਸਾਹਿਤ ਸਨੇਹੀਆਂ ਨੇ ਪ੍ਰੋਫੈਸਰ ਮੋਹਨ ਸਿੰਘ ਹੁਰਾਂ ਦੇ ਜਨਮਦਿਨ ਮੌਕੇ ਲੱਗਣ ਵਾਲਾ ਮੇਲਾ ਇਸ ਵਾਰ ਖੁੰਝਣ ਨਹੀਂ ਸੀ ਦਿੱਤਾ। ਇਸ ਮੇਲੇ ਦੀ ਸ਼ੁਰੂਆਤ ਸਵ. ਸ. ਜਗਦੇਵ ਸਿੰਘ ਜੱਸੋਵਾਲ ਨੇ ਆਪਣੇ ਜਿਗਰੀ ਦੋਸਤ ਪ੍ਰੋ. ਮੋਹਨ ਸਿੰਘ ਦੀ ਯਾਦ ਵਿੱਚ ਕੀਤੀ ਸੀ।
ਇਥੇ ਜ਼ਿਕਰਯੋਗ ਹੈ ਕਿ ਮੇਲੇ ਨਾਲ ਜੁੜੇ ਬਾਕੀ ਪ੍ਰੋਗਰਾਮਾਂ ਨੂੰ ਸੂਬੇ ਅੰਦਰ ਆਈਆਂ ਹੜ੍ਹਾਂ ਵਾਲੀਆਂ ਮੁਸੀਬਤਾਂ ਦੇ ਮੱਦੇਨਜਰ ਪਹਿਲਾਂ ਹੀ ਰੱਦ ਕਰ ਦਿੱਤਾ ਗਿਆ ਸੀ। ਇਸ ਮੌਕੇ ਮੁੱਖ ਮਹਿਮਾਨ ਵਜੋਂ ਲੁਧਿਆਣਾ ਵਿਧਾਨ ਸਭਾ ਹਲਕਾ ਕੇਂਦਰੀ ਤੋਂ ਐੱਮ.ਐਲ.ਏ ਅਸ਼ੋਕ ਪਰਾਸ਼ਰ ਪੱਪੀ ਪਹੁੰਚੇ ਸਨ। ਜਿਨ੍ਹਾਂ ਨੇ ਫਾਉਂਡੇਸ਼ਨ ਦੇ ਮੈਂਬਰਾਂ ਤੇ ਹੋਰ ਪਤਵੰਤੇ ਸੱਜਣਾ ਦੀ ਮੌਜੂਦਗੀ ਵਿੱਚ ਪ੍ਰੋ. ਮੋਹਨ ਸਿੰਘ ਦੇ ਬੁੱਤ ਨੂੰ ਫ਼ੁੱਲਾਂ ਦੇ ਹਾਰ ਭੇਂਟ ਕੀਤੇ।
ਇਸ ਤੋਂ ਇਲਾਵਾ, ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿਣ ਵਾਲੇ ਕਲਾਕਾਰਾਂ ਨੂੰ ਸ਼ਰਧਾਂਜਲੀ ਵੀ ਦਿੱਤੀ ਗਈ। ਜਿਨ੍ਹਾਂ ਵਿਚ ਵਿਸ਼ੇਸ਼ ਤੌਰ ਤੇ ਚਰਨਜੀਤ ਆਹੂਜਾ, ਜਸਵਿੰਦਰ ਭੱਲਾ ਤੇ ਸਾਡੇ ਨੌਜਵਾਨ ਗਾਇਕ ਰਾਜਵੀਰ ਜਵੰਦਾ ਨੂੰ ਯਾਦ ਕਰਦਿਆਂ ਸ਼ਰਧਾ ਦੇ ਫੁੱਲ ਭੇਂਟ ਕੀਤੇ ਗਏ।
ਇਸ ਮੌਕੇ ਮੁੱਖ ਮਹਿਮਾਨ ਅਸ਼ੋਕ ਪਰਾਸ਼ਰ ਪੱਪੀ, ਤੋਂ ਇਲਾਵਾ, ਫਾਊਂਡੇਸ਼ਨ ਦੇ ਸਰਪ੍ਰਸਤ ਪਰਗਟ ਸਿੰਘ ਗਰੇਵਾਲ ਤੇ ਕ੍ਰਿਸ਼ਨ ਕੁਮਾਰ ਬਾਵਾ, ਪ੍ਰਧਾਨ ਰਾਜੀਵ ਕੁਮਾਰ, ਚੇਅਰਮੈਨ ਗੁਰਨਾਮ ਸਿੰਘ ਧਾਲੀਵਾਲ, ਡਾ. ਜਗਤਾਰ ਸਿੰਘ ਧੀਮਾਨ, ਡਾਇਰੇਕਟਰ ਯੂਥ ਵੈਲਫੇਅਰ ਪੰਜਾਬ ਸਰਕਾਰ ਡਾ. ਨਿਰਮਲ ਜੌੜਾ, ਅਮਰਿੰਦਰ ਸਿੰਘ ਜੱਸੋਵਾਲ, ਮਾਸਟਰ ਕਰਮਜੀਤ ਲਲਤੋਂ, ਮੋਹੀ ਅਮਰਜੀਤ, ਅਮਰਜੀਤ ਸ਼ੇਰਪੁਰੀ, ਡਾ. ਏਵੀਐਮ ਪਬਲਿਕ ਸੀਨੀਅਰ ਸੈਕੈਂਡਰੀ ਸਕੂਲ ਦੇ ਪ੍ਰਿੰਸੀਪਲ ਮਨੀਸ਼ਾ ਗਾਬਾ, ਮੈਡਮ ਜਸਵੰਤ ਕੌਰ, ਵੰਦਨਾ ਸੂਦ, ਕੁਲਦੀਪ ਕੌਰ, ਤਰਨਜੀਤ ਕੌਰ, ਸ਼ਰਨਪ੍ਰੀਤ ਕੌਰ, ਰੀਟਾ ਮੋਂਗਾ, ਪੂਨਮ ਗਿੱਲ, ਜਸਵੰਤ ਕੌਰ, ਮਨਦੀਪ ਕੌਰ ਭੰਵਰਾ, ਅਤੇ ਡਾ. ਕੋਚਰ ਆਦਿ ਵੀ ਵਿਸ਼ੇਸ਼ ਤੌਰ ਤੇ ਮੌਜੂਦ ਰਹੇ।
ਪ੍ਰਧਾਨ ਰਾਜੀਵ ਕੁਮਾਰ ਲਵਲੀ ਤੇ ਚੈਅਰਮੈਨ ਗੁਰਨਾਮ ਸਿੰਘ ਧਾਲੀਵਾਲ ਨੇ ਸੰਬੋਧਨ ਕਰਦਿਆਂ, ਕਿਹਾ ਕਿ ਫਾਊਂਡੇਸ਼ਨ ਵੱਲੋਂ ਆਯੋਜਿਤ ਕੀਤਾ ਜਾਣ ਵਾਲਾ 47ਵਾਂ ਪ੍ਰੋਫੈਸਰ ਮੋਹਨ ਸਿੰਘ ਯਾਦਗਾਰੀ ਅੰਤਰਰਾਸ਼ਟਰੀ ਸਭਿਆਚਾਰਕ ਮੇਲਾ ਸੂਬੇ ਅੰਦਰ ਆਈਆਂ ਹੜ੍ਹਾਂ ਦੇ ਮੱਦੇਨਜਰ ਇਸ ਵਾਰ ਬਹੁਤ ਹੀ ਸਾਦੇ ਢੰਗ ਨਾਲ ਪ੍ਰੋ. ਮੋਹਨ ਸਿੰਘ ਦੇ ਬੁੱਤ ਨੂੰ ਪੁਸ਼ਪਮਾਲਾ ਭੇਂਟ ਕਰਕੇ ਮਨਾਇਆ ਗਿਆ। ਇਸ ਤੋਂ ਇਲਾਵਾ, ਫਾਊਂਡੇਸ਼ਨ ਨੇ ਪ੍ਰੋ. ਮੋਹਨ ਸਿੰਘ ਦੇ ਬੁੱਤ ਨੂੰ ਮੁੜ ਤੋਂ ਲੁਧਿਆਣਾ-ਫਿਰੋਜਪੁਰ ਰੋਡ ਸਥਿਤ ਆਰਤੀ ਚੌਂਕ ਵਿੱਚ ਲਗਾਉਣ ਦੀ ਮੰਗ ਕੀਤੀ, ਜਿਸਨੂੰ ਪੂਰਾ ਕਰਨ ਲਈ ਐਮਐਲਏ ਅਸ਼ੋਕ ਪਰਾਸ਼ਰ ਪੱਪੀ ਵੱਲੋਂ ਪੂਰਾ ਸਮਰਥਨ ਪ੍ਰਗਟਾਇਆ ਗਿਆ ਹੈ।
ਵਿਧਾਇਕ ਅਸ਼ੋਕ ਪਰਾਸ਼ਰ ਪੱਪੀ ਨੇ ਕਿਹਾ ਕਿ ਪ੍ਰੋ. ਮੋਹਨ ਸਿੰਘ ਦੀ ਪੰਜਾਬੀ ਸੱਭਿਆਚਾਰ ਨੂੰ ਦੇਣ ਭੁਲਾਈ ਨਹੀਂ ਜਾ ਸਕਦੀ। ਉਹਨਾਂ ਨੇ ਪ੍ਰੋਫੈਸਰ ਮੋਹਨ ਸਿੰਘ ਦੇ ਬੁੱਤ ਨੂੰ ਆਰਤੀ ਚੌਂਕ ਵਿਖੇ ਲਗਾਉਣ ਲਈ ਪੂਰਾ ਸਮਰਥਨ ਦੇਣ ਦਾ ਐਲਾਨ ਕੀਤਾ। ਉਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪੰਜਾਬੀ ਸੱਭਿਆਚਾਰ ਨੂੰ ਉਤਸਾਹਿਤ ਕਰਨ ਵਾਸਤੇ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ।
ਡਾ. ਨਿਰਮਲ ਜੋੜਾ ਤੇ ਕ੍ਰਿਸ਼ਨ ਕੁਮਾਰ ਬਾਵਾ ਨੇ ਕਿਹਾ ਕਿ ਇਹ ਮੇਲਾ ਉਹਨਾਂ ਦਿਨਾਂ ਦੌਰਾਨ ਵੀ ਲੱਗਦਾ ਰਿਹਾ ਹੈ, ਜਦੋਂ ਸੂਬੇ ਅੰਦਰ ਅੱਤਵਾਦ ਦਾ ਜ਼ੋਰ ਸੀ। ਉਹਨਾਂ ਨੇ ਕਿਹਾ ਕਿ ਸਵ. ਸ. ਜਗਦੇਵ ਸਿੰਘ ਜੱਸੋਵਾਲ ਵੱਲੋਂ ਆਪਣੇ ਜਿਗਰੀ ਯਾਰ ਪ੍ਰੋ. ਮੋਹਨ ਸਿੰਘ ਦੀ ਯਾਦ ਵਿੱਚ ਇਸ ਮੇਲੇ ਦੀ ਸ਼ੁਰੂਆਤ ਕੀਤੀ ਗਈ ਸੀ। ਅਗਲੇ ਸਾਲ ਮੁੜ ਤੋਂ ਇਹ ਮੇਲਾ, ਆਪਣੀ ਪੁਰਾਣੀ ਰੰਗਤ ਨਾਲ ਸੱਭਿਆਚਾਰਕ ਪ੍ਰੋਗਰਾਮਾਂ ਦੇ ਆਯੋਜਨ ਕਰਕੇ ਮਨਾਇਆ ਜਾਵੇਗਾ।
ਇਸੇ ਤਰ੍ਹਾਂ, ਡਾ. ਜਗਤਾਰ ਸਿੰਘ ਧੀਮਾਨ ਵੱਲੋਂ ਪ੍ਰੋ. ਮੋਹਨ ਸਿੰਘ ਦੇ ਜੀਵਨ ਉੱਪਰ ਲੇਖਣੀਆਂ ਰਾਹੀ ਵੀ ਚਾਨਣਾ ਪਾਇਆ ਗਿਆ। ਪ੍ਰੋ. ਮੋਹਨ ਸਿੰਘ ਨਾਲ ਜੁੜੇ ਸਾਹਿਤ ਦਾ ਅਨੁਵਾਦ ਵੀ ਕੀਤਾ ਜਾ ਰਿਹਾ ਹੈ।
ਇਸ ਮੌਕੇ ਡਾ. ਏਵੀਐਮ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦੇ ਸਟਾਫ ਵੱਲੋਂ ਵੀ ਕਵਿਤਾਵਾਂ ਰਾਹੀ ਪ੍ਰੋ. ਮੋਹਨ ਸਿੰਘ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ।
ਪ੍ਰੋਫੈਸਰ ਮੋਹਨ ਸਿੰਘ ਹੁਰਾਂ ਦੇ ਬੁੱਤ ਨੂੰ ਪੰਜਾਬੀ ਭਵਨ ਦੇ ਸੈਮੀਨਾਰ ਹਾਲ ਵਿੱਚ ਹੋਏ ਸਮਾਗਮ ਦੌਰਾਨ ਸ਼ਾਮਿਲ ਹੋਈ ਮੇਅਰ ਮੈਡਮ ਪ੍ਰਿੰਸੀਪਲ ਇੰਦਰਜੀਤ ਕੌਰ ਹੁਰਾਂ ਨੇ ਇਸ ਗੱਲ ਦੀ ਸਹਿਮਤੀ ਦੇ ਦਿੱਤੀ ਹੈ ਅਤੇ ਬਾਹਰ ਪ੍ਰੋਫੈਸਰ ਸਾਹਿਬ ਦੇ ਬੁੱਤ ਕੋਲ ਹੋਏ ਸਮਾਗਮ ਦੌਰਾਨ ਮੌਜੂਦ ਐਮ ਐਲ ਏ ਅਸ਼ੋਕ ਪ੍ਰੈਸ਼ਰ ਪੱਪੀ ਨੇ ਇਸ ਸਬੰਧੀ ਹਾਮੀ ਭਰ ਦਿੱਤੀ ਹੈ। ਬਹੁਤ ਚੰਗਾ ਹੋਵੇ ਜੇਕਰ ਹੁਣ ਇਸ ਬੁੱਤ ਨੂੰ ਆਰਤੀ ਚੌਂਕ ਵਿੱਚ ਮੁੜ ਸਥਾਪਿਤ ਕਰਨ ਦੇ ਨਾਲ ਨਾਲ ਆਰਤੀ ਚੌਂਕ ਦਾ ਨਾਮ ਹੀ ਬਦਲ ਕੇ ਪ੍ਰੋਫੈਸਰ ਮੋਹਨ ਸਿੰਘ ਚੌਂਕ ਰੱਖ ਦਿੱਤਾ ਜਾਵੇ।
ਇਸਦੇ ਨਾਲ ਹੀ ਪੀ ਏ ਯੂ ਦੇ ਗੇਟ ਨੰਬਰ ਤਿੰਨ ਸਾਹਮਣੇ ਸਥਿਤ ਉਸ ਇਮਾਰਤ ਨੂੰ ਪ੍ਰੋਫੈਸਰ ਸਾਹਿਬ ਦੀ ਯਾਦਗਾਰ ਵੱਜੋਂ ਵਿਕਸਿਤ ਕੀਤਾ ਜਾਵੇ ਜਿੱਥੇ ਪ੍ਰੋਫੈਸਰ ਮੋਹਨ ਸਿੰਘ ਲੰਮੇ ਅਰਸੇ ਤੱਕ ਰਹਿੰਦੇ ਰਹੇ।
No comments:
Post a Comment