google.com, pub-7610353441165800, DIRECT, f08c47fec0942fa0 ਸਾਹਿਤ ਸਕਰੀਨ: August 2021

Saturday, 21 August 2021

ਹੁਣ ਤਾਂ ਕਹਾਣੀ ਤੁਰ ਪਈ ਹੈ-ਆਖ ਰਹੇ ਨੇ ਡਾ.ਚਰਨਜੀਤ ਕੌਰ ਹਰਿਆਣਾ

 ਘਰ ਘਰ ਪੁੱਤ ਜੰਮਦੇ, ਮਿੱਤਰ ਸੈਨ ਮੀਤ ਨੀ ਕਿਸੇ ਨੇ ਬਣ ਜਾਣਾ! 

Pexels-Photo//George Milton
ਐਵਾਰਡਾਂ ਤੋਂ ਨਿਰਲੇਪ ਰਹਿਣ ਵਾਲੇ ਸਾਹਿਤ ਸਾਧਨਾ ਵਿੱਚ ਡੁੱਬੇ ਰਹਿੰਦੇ ਹਨ 

ਲੁਧਿਆਣਾ//ਮੋਹਾਲੀ21 ਅਗਸਤ 2021: (ਸਾਹਿਤ ਸਕਰੀਨ ਬਿਊਰੋ)::

ਮੋਹਾਲੀ 'ਚ ਰਹਿੰਦੇ ਡਾ. ਚਰਨਜੀਤ ਕੌਰ ਹਰਿਆਣਾ
ਜੋ ਖੁੱਲ ਕੇ ਮਿੱਤਰ ਸੈਨ ਮੀਤ ਹੁਰਾਂ ਦੀ ਹਮਾਇਤ ਤੇ ਆਏ 

ਜਦੋਂ ਭਾਸ਼ਾ ਵਿਭਾਗ ਦੇ ਬਹੁ ਚਰਚਿਤ ਸ਼੍ਰੋਮਣੀ ਐਵਾਰਡਾਂ ਤੇ ਅਦਾਲਤੀ ਸਟੇਅ ਦੀ ਖਬਰ ਆਈ ਤਾਂ ਮਾਹੌਲ ਕੁਝ ਇਸ ਤਰ੍ਹਾਂ ਦਾ ਬਣ ਗਿਆ ਜਿਵੇਂ ਕਿਸੇ ਨੇ ਖਾਮੋਸ਼ੀ ਵਾਲਾ ਬੰਬ ਸੁੱਟ ਦਿੱਤਾ ਹੋਵੇ। ਸਾਰੇ ਪਾਸੇ ਚੁੱਪ ਚਾਂ ਜਿਹੀ ਛਾ ਗਈ। ਬੜੀ ਹੈਰਾਨੀ ਵਾਲੀ ਗੱਲ ਸੀ ਕਿ ਮਾਮਲਾ ਤਾਂ ਕੁਰਲਾਟ ਵਾਲਾ ਸੀ ਪਰ ਸਭਨਾਂ ਨੇ ਬੁੱਲ ਸੀ ਲਏ। ਜਿਹਨਾਂ ਨੇ ਉਹਨਾਂ ਪਹਿਲੇ ਦੋ ਕੁ ਦਿਨਾਂ ਵਿੱਚ ਇਸ ਸਟੇਅ ਨੂੰ ਖੁਸ਼ਆਮਦੀਦ ਆਖਦਿਆਂ ਇਸਨੂੰ ਇੱਕ ਸ਼ੁਭ ਸ਼ਗਨ ਦੱਸਿਆ ਉਹਨਾਂ ਵਿੱਚ ਮੋਹਾਲੀ ਰਹਿੰਦੀ ਸ਼ਖ਼ਸੀਅਤ ਡਾ. ਚਰਨਜੀਤ ਕੌਰ ਹਰਿਆਣਾ ਵੀ ਸੀ। ਉਹਨਾਂ ਵਟਸਅੱਪ ਤੇ ਕੁਝ ਸਤਰਾਂ ਭੇਜੀਆਂ ਜਿਸ ਵਿੱਚ ਮਿੱਤਰ ਸੈਨ ਮੀਤ ਹੁਰਾਂ ਨਾਲ ਸਹਿਮਤੀ ਜਤਾਈ ਗਈ ਸੀ। ਕੋਲ ਬੈਠੀਆਂ ਕਈ ਸਾਹਿਤਿਕ ਪੱਤ੍ਰਕਾਰਾਣਾ ਨੇ ਇਹ ਸਤਰਾਂ ਮੱਲੋਮੱਲੀ ਦੇਖ ਲਈਆਂ। ਮਗਰੋਂ ਸਾਹਿਤ ਸਕਰੀਨ ਦੀ ਟੀਮ ਨੇ ਡਾ. ਚਰਨਜੀਤ ਕੌਰ ਹਰਿਆਣਾ ਹੁਰਾਂ ਨੂੰ ਕੁਝ ਹੋਰ ਵਿਸਥਾਰ ਦੇਣ ਲਈ ਵੀ ਬੇਨਤੀ ਕੀਤੀ ਗਈ। 
ਡਾ. ਸਾਹਿਬਾ ਨੇ ਆਪਣੇ ਵਿਚਾਰ ਭੇਜੇ ਪਰ ਫੋਨ ਤੇ ਹੋਈ ਗੱਲਬਾਤ ਦੌਰਾਨ ਖਦਸ਼ਾ ਵੀ ਪ੍ਰਗਟਾਇਆ ਕਿ ਬਿਨਾ ਕਿਸੇ ਕਾਬਲੀਅਤ ਦੇ ਇਨਾਮਾਂ, ਸ਼ਨਾਮਾਂ ਅਤੇ ਐਵਾਰਡਾਂ ਮਗਰ ਭੱਜਣ ਵਾਲੇ ਇਹ ਲੋਕ ਕੋਈ ਚੰਗੇ ਬੰਦੇ ਤਾਂ ਹੁੰਦੇ ਨਹੀਂ ਕਿਧਰੇ ਮੀਤ ਸਾਹਿਬ ਨੂੰ ਕੋਈ ਨੁਕਸਾਨ ਨਾ ਪਹੁੰਚਾਉਣ ਸੋ ਉਹਨਾਂ ਨੰ ਸੰਭਲ ਕੇ ਰਹਿਣਾ ਚਾਹੀਦਾ ਹੈ। ਸਾਹਿਤ ਸਕਰੀਨ ਨੇ ਇਹ ਖਦਸ਼ਾ/ਇਹ ਖਤਰਾ ਮੀਤ ਸਾਹਿਬ ਤੱਕ ਵੀ ਪਹੁੰਚਾਇਆ ਤਾਂ ਮੀਤ ਸਾਹਿਬ ਬੋਲੇ ਜੀ ਮੈਂ ਨੀ ਚਿੰਤਾ ਕਰਦਾ ਹੁਣ। ਮੈਂ ਸਭ ਕੁਝ ਸੋਚ ਕੇ ਹੀ ਤੁਰਿਆਂ। ਲੰਮੇ ਸਮੇਂ ਤੱਕ ਮਿਹਨਤ ਕੀਤੀ ਹੈ। ਖੁਦ ਸਾਰੀ ਉਮਰ ਵਕੀਲ ਰਿਹਾਂ ਇਸ ਲਈ ਪਹਿਲਾਂ ਸਾਰੇ ਸਬੂਤ ਇਕੱਠੇ ਕੀਤੇ। ਬਾਕੀ ਦੇਖਦੇ ਹਾਂ ਕਾਨੂੰਨ ਹੁਣ ਕੀ ਰੁੱਖ ਅਖਤਿਆਰ ਕਰਦਾ ਹੈ। ਅਸੀਂ ਕਿਸੇ ਨੂੰ ਮਾੜਾ ਚੰਗਾ ਨਹੀਂ ਕਿਹਾ। ਅਸੀਂ ਤਾਂ ਸਾਰੇ ਨਿਯਮ ਅਤੇ ਸਾਰੇ ਤੱਥ ਅਦਾਲਤ ਦੇ ਸਾਹਮਣੇ ਰੱਖੇ ਹਨ ਫੈਸਲਾ ਅਦਾਲਤ ਨੇ ਹੀ ਕਰਨਾ ਹੈ। ਇਸ ਕੇਸ ਦੀ ਤਾਰੀਖ ਸੋਮਵਾਰ 23 ਅਗਸਤ 2021  ਨੂੰ ਪਈ ਹੈ। ਦੇਖੋ ਅਦਾਲਤ ਕੀ ਕਹਿੰਦੀ ਹੈ। ਆਪਾਂ ਵੀ ਅਦਾਲਤ ਦੇ ਫੈਸਲਿਆਂ ਦੀ ਉਡੀਕ ਕਰਦੇ ਹਾਂ ਉਦੋਂ ਤੱਕ ਇਸ ਉਡੀਕ ਦੇ ਨਾਲ ਨਾਲ ਤੁਸੀਂ ਪੜ੍ਹ ਸਕਦੇ ਹੋ ਡਾ. ਚਰਨਜੀਤ ਕੌਰ  ਹਰਿਆਣਾ ਦੇ ਕੁਝ ਹੋਰ ਵਿਚਾਰ। ਉਹ ਕਹਿੰਦੇ ਹਨ: 

ਦਾਦ ਦੇਣੀ ਬਣਦੀ ਹੈ ਭਾਅ। ਕੇਰਾਂ ਤਾਂ ਬੜੇ ਬੜਿਆਂ ਦੀਆਂ ਭਾਜੜਾਂ ਪੁਆ ਤੀਆਂ। ਜਿਨ੍ਹਾਂ ਦੇ ਮੂੰਹੋਂ ਜੁਗਾੜ ਨਾਲ ਹਥਿਆਇਆ ਕਬਾਬ ਖੋਹਿਆ ਗਿਆ ਉਹ ਤਾਂ ਹਾਰੇ 'ਚ ਧਰੀ ਖਿਚੜੀ ਮੰਗਣਾ ਰਿਝ ਰਹੇ ਨੇ। ਇੱਕ ਵਸ ਨੀ ਚਲਦਾ ਨਮਾਣਿਆਂ ਦਾ, ਨਹੀਂ ਤਾਂ ਉਹ ਗੋਲੀ ਕਿਹੜਾ ਨਾ ਦਾਗ ਦੇਣ......ਨਾ ਸੱਚ ਗ਼ਲਤ ਕਹਿ ਹੋ ਗਿਆ ਭਾਅ, ਗੋਲੀਆਂ ਤਾਂ ਉਨ੍ਹਾਂ ਨੂੰ ਚਲਾਉਣੀਆਂ ਈ ਨੀ ਆਉਂਦੀਆਂ। ਸਿਰਫ਼ ਖੇਡ੍ਹਣੀਆਂ ਈ ਆਉਂਦੀਆਂ ਨੇ। ਯਾਦ ਐ ਨਾ ਬਚਪਨ ਵਿਚ ਗੋਲੀਆਂ ਕੰਚੇ ਖੇਡ੍ਹਦੇ ਹੁੰਦੇ ਸੀਗੇ.....ਉਹੀਓ ਖੇਡ੍ਹਦੇ ਨੇ। ਭਾਅ, ਇੱਕ ਹੋਰ ਭੇਤ ਆਲੀ ਗੱਲ ਦੱਸਾਂ??? ਕਈਆਂ ਨੇ ਤਾਂ ਕਚੀਚੀਆਂ ਵੱਟ ਵੱਟ ਕੇ ਆਵਦੇ ਦੰਦ ਆਵਦੇ ਈ ਬੁੱਲ੍ਹਾਂ ਚ ਖੋਭ ਲਏ ਨੇ। ਬਚਾਰਿਆਂ ਦੇ ਬੁੱਲ੍ਹਾਂ ਚੋਂ ਕਾਲਾ ਸ਼ਾਹ ਲਹੂ ਵਗ ਰਿਹਾ ਹੈ। ਕਈਆਂ ਨੇ ਤਾਂ ਪੈਸੇ ਇਨਵੈਸਟ ਕਰਨ ਦੀਆਂ ਸਕੀਮਾਂ ਵੀ ਘੜ ਲਈਆਂ ਸਨ ਪਰ ਨ੍ਹਾਤੀ ਧੋਤੀ ਰਹਿ ਗਈ ਮੂੰਹ ਤੇ ਮੱਖੀ ਬਹਿ ਗਈ। ਬਚਾਰਿਆਂ ਦੇ ਢਿੱਡ ਤੇ ਐਸੀ ਲਾਠੀ ਮਾਰੀ ਐਸੀ ਲਾਠੀ ਮਾਰੀ ਬਈ ਭੁਆਟਣੀਆਂ ਲਿਆ ਤੀਆਂ ਕੇਰਾਂ। ਜਿਉਂਦੇ ਵਸਦੇ ਰਹੋ! 

ਉਹਨਾਂ ਅੱਗੇ ਕਿਹਾ: ਭਾਅ, ਮੈਂ ਤੁਹਾਡੀ ਪੋਸਟ ਧਿਆਨ ਨਾਲ ਪੜ੍ਹਦੀ ਹਾਂ ਅਤੇ ਫਾਰਵਰਡ ਵੀ ਕਰਦੀ ਹਾਂ। ਤੁਹਾਡੀ ਪੋਸਟ ਦੀ ਮੈਨੂੰ ਸ਼ਿੱਦਤ ਨਾਲ ਇੰਤਜ਼ਾਰ ਰਹਿੰਦੀ ਹੈ। 

ਭਾਅ ਜੀ, ਪਰਮਾਤਮਾ ਥੋਨੂੰ ਤੰਦਰੁਸਤੀ ਭਰੀ ਲੰਬੀ ਉਮਰ ਬਕਸ਼ੇ। ਥੋਡੇ ਵਰਗੀ ਹਿੰਮਤ ਕੋਈ ਕੋਈ ਸੂਰਮਾ ਹੀ ਕਰ ਸਕਦਾ ਹੈ। ਮੈਨੂੰ ਇਸ ਸੂਰਮੇ ਦੀ ਭੈਣ ਹੋਣ ਦਾ ਮਾਣ ਹੈ।

ਇਹ ਕੰਮ ਮੇਰਾ ਬਾਈ ਹੀ ਕਰ ਸਕਦਾ ਹੈ। ਆਪਾਂ ਤੁਹਾਡੇ ਨਾਲ ਹਾਂ। ਹੁਕਮ ਕਰੋ!

ਚੰਗਾ ਕੰਮ ਕਰ ਰਹੇ ਹੋ ਭਾਅ ਜੀ। ਕੋਈ ਤਾਂ ਸੂਰਮਾ ਹੈ ਜੋ ਵਿਸੰਗਤੀਆਂ ਦੇ ਖਿਲਾਫ ਆਵਾਜ਼ ਬੁਲੰਦ ਕਰਨ ਦੀ ਹਿੰਮਤ ਰੱਖਦਾ ਹੈ!

ਇਨ੍ਹਾਂ ਨੂੰ ਤੁਸੀਂ ਹੀ ਦਬੱਲੀਆਂ ਪੁਆ ਸਕਦੇ ਹੋ ਭਾਅ ਜੀ। ਇਹ ਅਖਾਉਤੀ ਪੜ੍ਹੀ ਲਿਖੀ ਕਤੀੜ ਦਾਹ ਹਾਲ ਹੈ। ਇਹ ਆਮ ਲੋਕਾਂ ਨੂੰ ਮਸੀਹੇ ਬਣ ਕੇ ਸੇਧ ਦੇਣ ਦਾ ਨਾਟਕ ਕਰਦੇ ਹਨ। ਥੋਨੂੰ ਇਨ੍ਹਾਂ ਦੀਆਂ ਕਰਤੂਤਾਂ ਨਸ਼ਰ ਕਰਨ ਲਈ ਪਰਮਾਤਮਾ ਲੰਬੀ ਅਤੇ ਤੰਦਰੁਸਤ ਉਮਰ ਬਖਸ਼ੇ!

ਮੈਂ ਤਾਂ ਸਰਕਾਰ ਅਤੇ ਭਾਸ਼ਾ ਵਿਭਾਗ ਤੋਂ ਇਹ ਵੀ ਪੁੱਛਦੀ ਹਾਂ ਕਿ ਕੁੱਝ ਅਖੌਤੀ ਚੌਧਰੀਆਂ ਨੂੰ ਪਾਤਰ ਲੇਖਕਾਂ ਦੇ ਨਾਂ ਸੁਝਾਉਣ ਦਾ ਠੇਕਾ ਕਿਸ ਨੇ ਦਿੱਤਾ ਹੈ। ਇਹ ਤਾਂ ਮਾਨਵੀ ਪ੍ਰਵਿਰਤੀ ਹੈ ਕਿ ਹਰ ਚੌਧਰੀ ਆਪਣੇ ਦੋਸਤਾਂ ਮਿੱਤਰਾਂ ਦਾ ਨਾਂ ਹੀ ਸੁਝਾਵੇਗਾ। ਇਨ੍ਹਾਂ ਸੁਝਾਏ ਗਏ ਨਾਵਾਂ ਨੂੰ ਪੜ੍ਹ ਕੇ ਕੰਧ ਨਾਲ ਟੱਕਰ ਮਾਰ ਕੇ ਫੱਟੜ ਹੋਣ ਨੂੰ ਜੀਅ ਕਰਦਾ ਹੈ। ਜੇ ਸਮਾਜ ਨੂੰ ਸੇਧ ਦੇਣ ਵਾਲੇ ਲੇਖਕਾਂ ਦੇ ਸੰਸਾਰ ਵਿੱਚ ਇਹ ਵਰਤਾਰਾ ਵਰਤ ਰਿਹਾ ਹੈ ਤਾਂ ਬਾਕੀ ਬਚੇ ਸੰਸਾਰ ਦਾ ਕੀ ਹਾਲ ਹੋਵੇਗਾ। ਅਖੇ ਤੂੰ ਮੈਨੂੰ ਮੁੱਲਾਂ ਕਹਿ ਮੈਂ ਤੈਨੂੰ ਕਾਜ਼ੀ ਆਖੂੰ। ਤੁਸੀਂ ਲੱਗੇ ਰਹੋ ਭਾਅ ਜੀ,। ਅਸੀਂ ਥੋਡੇ ਨਾਲ ਹਾਂ

ਜੇ ਕਾਰਵਾਂ ਐਕਣੇ ਵਧਦਾ ਗਿਆ ਤਾਂ ਉਹ ਦਿਨ ਦੂਰ ਨਹੀਂ ਜਦੋਂ ਸਾਡੇ ਇਨਾਮਾਂ ਸਨਮਾਨਾਂ ਦੀ ਵੰਡ ਤੋਂ ਪਹਿਲਾਂ ਦਸ ਬਾਰ ਸੋਚਣਗੇ। ਨਾਲੇ  ਸਾਹਿਤ ਦੇ ਅਖੌਤੀ ਚੌਧਰੀਆਂ ਦੇ ਖਿਲਾਫ ਲੋਕਾਂ ਵਿੱਚ ਰੋਹ ਜਾਗੇਗਾ। ਇਸ ਮੁਬਾਰਕ ਕਦਮ ਦਾ ਸੇਹਰਾ ਤੁਹਾਡੇ ਸਿਰ ਸਜੇਗਾ।

ਉਹਨਾਂ ਆਪਣੇ ਨਾਮ ਬਾਰੇ ਸਪਸ਼ਟ ਕਰਦਿਆਂ ਕਿਹਾ ਕਿ ਭਾਅ ਜੀ, ਡਾ, ਚਰਨਜੀਤ ਕੌਰ ਮੁਹਾਲੀ ਕੋਈ ਹੋਰ ਹੈ। ਮੈਨੂੰ ਲੋਕ ਡਾ ਚਰਨਜੀਤ ਕੌਰ ਹਰਿਆਣਾ ਦੇ ਨਾਂ ਨਾਲ ਜਾਣਦੇ ਹਨ । ਇਹ ਸੁਧਾਰ ਕਰ ਲਵੋ ਉਹ ਲੇਡੀ ਨਾਰਾਜ਼ ਨਾ ਹੋ ਜਾਵੇ

ਮੀਤ ਭਾਅ ਜੀ, ਇਹ ਹਿੰਮਤ ਕਰਨ ਦਾ ਜਿਗਰਾ ਕਰ ਕੇ ਤੁਸੀਂ ਸਾਰੇ ਪੰਜਾਬੀ ਮਾਂ-ਬੋਲੀ ਦੇ ਹਮਾਇਤੀਆਂ ਨੂੰ ਹੱਲਾਸ਼ੇਰੀ ਦੇ ਰਹੇ ਹੋ। ਇੱਕ ਵਿਡੰਬਨਾ ਇਹ ਵੀ ਹੈ ਕਿ ਸਾਰੀਆਂ ਪੰਜਾਬੀ ਭਾਸ਼ਾ ਦੇ ਪ੍ਰਚਾਰ ਪਸਾਰ ਲਈ ਬਣੀਆਂ ਸਰਕਾਰੀ ਸੰਸਥਾਵਾਂ ਦੇ  "ਮਾਲਕ " ਮੁੜ ਘਿੜ ਉਹੀ ਪੰਜ ਸੱਤ ਜੁਗਾੜੂ ਲੇਖਕ ਹੀ ਬਣਦੇ ਆ ਰਹੇ ਹਨ।ਆਹ ਪਿਛਲੇ ਦਿਨੀਂ ਫੇਰ ਕੁੱਝ ਸਰਕਾਰੀ ਵਿਭਾਗਾਂ ਦੀ ਮਾਲਕੀ ਇਨ੍ਹਾਂ ਜੁਗਾੜੂ ਲੇਖਕਾਂ ਨੂੰ ਦੇ ਦਿੱਤੀ ਗਈ ਹੈ। 

ਸੁਣਨ ਵਿੱਚ ਆਇਆ ਹੈ ਕਿ ਕੋਈ ਬੀਬੀ ਆਪਣੇ ਪਤੀ ਦੇ ਅਹੁਦੇ ਸਦਕਾ ਹੀ ਚੌਧਰਣ ਬਣੀ ਹੋਈ ਹੈ। ਇਨ੍ਹਾਂ ਲੋਕਾਂ ਦੀ ਸਾਹਿਤ ਨੂੰ ਐਨੀ ਕਿੰਨੀ ਕੁ ਵੱਡੀ ਦੇਣ ਹੈ। ਉਂਜ ਸਭ ਜਾਣਦੇ ਹਨ ਕਿ ਕਿੱਥੇ ਕਿੱਥੇ ਧਾਂਦਲੀਆਂ ਹੋ ਰਹੀਆਂ ਹਨ ਪਰ ਇੱਕ ਕਹਾਵਤ ਹੈ ਕਿ ਸਹੁਰਾ ਜੀ ਥੋਡਾ ਨਾਓਂ ਤਾਂ ਜਾਣਦੀ ਹਾਂ ਪਰ ਨੱਕ ਨਮੂਜ ਰੱਖਣ ਸਦਕਾ ਲੈਣਾ ਨੀ। ਕਈ ਜੁਗਾੜੂ ਲੇਖਕਾਂ ਨੇ ਤਾਂ ਇਨ੍ਹਾਂ ਚੌਧਰਾਂ ਅਤੇ ਮਾਲਕੀਆਂ ਦੀ ਰਜਿਸਟਰੀਆਂ ਹੀ ਆਪਣੇ ਨਾਂ ਕਰਵਾਅ ਲਈਆਂ ਹੋਈਆਂ ਹਨ। ਆਓ ਰਲ ਕੇ ਇਨ੍ਹਾਂ ਵਿਸੰਗਤੀਆਂ ਦਾ ਵਿਰੋਧ ਕਰੀਏ  ਇਨ੍ਹਾਂ ਕੋਲੋਂ ਮਾਲਕੀਆਂ ਖੋਹ ਕੇ  ਚੋਣ ਦੇ ਕੋਈ ਕਾਇਦੇ ਕਾਨੂੰਨ ਬਣਾਈਏ। ਸੰਘਰਸ਼ ਕਰਨ ਦੀ ਜਾਚ ਕਿਸਾਨਾਂ ਕੋਲੋਂ ਸਿੱਖੀਏ।ਜੇ ਆਵਾਜ਼ ਬੁਲੰਦ ਨਹੀਂ ਕਰਾਂਗੇ ਤਾਂ ਭਾਈ ਉਹ ਜਿਵੇਂ ਕਹਿੰਦੇ ਹੁੰਦੇ ਨੇ ਅਖੇ ਬਿਨਾਂ ਰੋਇਆਂ ਤਾਂ ਮਾਂ ਵੀ ਦੁੱਧ ਨੀ ਪਿਲਾਉਂਦੀ ਆਵਦੇ। ਜੁਆਕ ਨੂੰ।ਆਓ ਮਿਤਰ ਸੈਨ ਮੀਤ ਭਾਅ ਜੀ ਦਾ ਸਾਥ ਦੇਈਏ।

ਭਾਅ ਜੀ, ਜੇਕਰ ਥੋਡੇ ਵੱਲੋਂ ਕੀਤੇ ਗਏ ਐਨੇ ਯਤਨਾਂ,ਘਾਲੀ ਗਈ ਘਾਲਣਾ,ਖਰਚ ਕੀਤੀ ਗਈ ਸਿਹਤ ਅਤੇ ਬੇਸ਼ਕੀਮਤੀ ਟਾਈਮ ਦੇ ਬਾਵਜੂਦ ਵੀ ਜੇਕਰ ਇਹ ਇਨਾਮ ਵੰਡ ਦਿੱਤੇ ਜਾਂਦੇ ਹਨ ਤਾਂ ਸਿਸਟਮ ਦੇ ਦੁਰ ਫਿੱਟੇ ਮੂੰਹ। ਮੈਂ ਤੁਹਾਡੇ ਸਿਰੜ, ਮਿਹਨਤ, ਲਗਨ ਅਤੇ ਦ੍ਰਿੜ੍ਹਤਾ ਦੇ ਵਾਰੇ ਵਾਰੇ ਜਾਂਦੀ ਹਾਂ। ਤੁਹਾਡੇ ਵਰਗੇ ਬੰਦੇ ਵਿਰਲੇ ਟਾਂਵੇਂ ਹੀ ਮਿਲ ਸਕਦੇ ਹਨ। ਸਲਾਮ ਹੈ ਤੁਹਾਡੇ ਹੌਂਸਲੇ ਨੂੰ। 

ਭਾਅ ਜੀ, ਜੋ ਮੈਂ ਕਹਿਣਾ ਚਾਹੁੰਦੀ ਸੀ ਉਹ ਸਾਰਾ ਤੁਸੀਂ ਕਹਿ ਦਿੱਤਾ। ਮਿੱਤਰ ਸੈਨ ਮੀਤ ਵਰਗੀ ਦਲੇਰੀ ਘੱਟ ਲੋਕਾਂ ਕੋਲ ਹੈ। ਇਹ ਮੀਤ ਭਾਅ ਜੀ ਦੀ ਹੀ ਸੰਮਾਂ ਵਾਲੀ ਡਾਂਗ ਤੋਂ ਡਰਦੇ ਨੇ ਪਰ ਕਈ ਅਖੌਤੀ ਚੌਧਰੀਆਂ ਨੂੰ ਰੱਬ ਨੇ ਚਮੜੀ ਹੀ ਗੈਂਡੇ ਵਰਗੀ ਦਿੱਤੀ ਹੋਈ ਹੈ। ਉਨ੍ਹਾਂ ਉੱਤੇ ਕੋਈ ਅਸਰ ਹੀ ਨਹੀਂ ਹੁੰਦਾ। ਕਿਸੇ ਬੰਦੇ ਦੀ ਪਿੱਠ ਤੇ ਕੰਡਿਆਲੀ ਕਿੱਕਰ ਉੱਗ ਗਈ। ਕਿਸੇ ਸਿਆਣੇ ਬੰਦੇ ਨੇ ਕਿਹਾ ਭਾਈ ਹਾਅ ਤਾਂ ਤੇਰੇ ਨਾਲ ਬਹੁਤ ਮਾੜੀ ਹੋਈ। ਕੋਐ ਪ੍ਰੇਸਨ ਪਰੂਸਨ ਕਰਾਅ ਕੇ ਇਹਨੂੰ ਕਢਾਅ ਦੇ। ਅੱਗਿਓਂ ਆਪਣੇ ਕਈ ਢੀਠ ਵਿਦਵਾਨਾਂ ਵਰਗਾ ਉਹ ਬੰਦਾ ਆਖਣ ਲੱਗਿਆ ਬਈ ਭਾਈ ਸੈਹਬ ਕੀ ਪੁੱਠੀ ਰਾਇ ਦੇਣ ਲੱਗੇ ਓਂ । ਰਤਾ ਅਕਲ ਨੂੰ ਹੱਥ ਮਾਰੋ। ਇਸ ਕਿੱਕਰ ਦੇ ਮੈਨੂੰ ਦੋ ਫਾਇਦੇ ਨੇ।ਪਹਿਲਾ ਤਾਂ ਦੇਖ ਮੇਰੇ ਪਿੰਡੇ ਤੇ ਛਤਰੀ ਬਣੀ ਹੋਈ ਹੈ। ਧੁੱਪ ਛਾਂ ਗਰਮੀ ਸਰਦੀ ਤੋਂ ਬਚਾਅ ਕੇ ਰੱਖਦੀ ਹੈ। ਦੂਆ ਕੋਈ ਦੋਖੀ ਦੁਸ਼ਮਣ ਨੇੜੇ ਨੀ ਢੁੱਕ ਸਕਦਾ। ਕੰਡਿਆਂ ਤੋਂ ਡਰਦਾ ਮਾਰਿਆ ਵਲ ਪਾ ਹੈ ਨੰਘ ਜਾਂਦਾ ਹੈ। ਇੱਜ਼ਤ ਬੇਜ਼ਤੀ ਤਾਂ ਮਸੂਸ ਕਰਨ ਦੀ ਐਂ। ਸੋ ਭਾੳ ਜੀ, ਆਵਾ ਈ ਊਤਿਆ ਪਿਆ ਹੈ

ਭਾਅ ਜੀ, ਤੁਹਾਡੀ ਮਿਹਨਤ  ਲਗਨ ਅਤੇ ਦ੍ਰਿੜ੍ਹਤਾ ਦੀ ਮੈਂ ਕਾਇਲ ਹਾਂ। ਸੱਚ ਮੰਨਿਓਂ ਭਾਅ ਜੀ, ਤੁਹਾਡੇ ਵਿਚਾਰਾਂ ਨੂੰ ਪੜ੍ਹਨ ਤੋਂ ਪਹਿਲਾਂ ਮੈਂ ਸੋਚਦੀ ਸਾਂ ਕਿ ਭਰਿੰਡਾਂ ਦੇ ਛੱਤੇ 'ਚ ਡਲੇ ਮਾਰਨ ਦਾ ਸਿਰਫ਼ ਮੈਨੂੰ ਹੀ ਭੁਸ ਪਿਆ ਹੋਇਆ ਹੈ ਪਰ ਹੁਣ ਲਗਦਾ ਹੈ ਕਿ ਮੀਤ ਭਾਅ ਜੀ ਤਾਂ  ਸਿੱਧਾ ਜਾ ਕੇ ਭਰਿੰਡਾਂ ਦੇ ਖੱਖਰ ਵਿੱਚ ਸਿਰ ਮਾਰਦੇ ਨੇ। ਉੱਤੇ ਕਮਾਲ ਦੀ ਗੱਲ ਇਹ ਹੈ ਕਿ ਭਰਿੰਡਾਂ ਦੇ ਖੱਖਰ ਵਿੱਚ ਸਿਰ ਮਾਰਨ ਦੇ ਬਾਵਜੂਦ ਕੋਈ ਵੀ ਭਰਿੰਡ ਉਨ੍ਹਾਂ ਨੂੰ ਨਾ ਕੱਟਦੀ ਹੈ ਨਾ ਲੜਦੀ ਹੈ ਅਤੇ ਨਾ ਹੀ "ਬੱਢਦੀ" ਹੈ ਸਗੋਂ ਜਾ ਕੇ ਸਿੱਧਧਧਧਧਧਾ ਉਨ੍ਹਾਂ  ਜੁਗਾੜੂ ਲੇਖਕਾਂ ਨੂੰ ਲੜਦੀ ਹੈ ਜਿਹੜੇ ਸੱਚ ਮੁੱਚ ਪੁੱਠੇ ਸਿੱਧੇ ਜੁਗਾੜ ਲੜਾਅ ਕੇ ਗਲਤ ਸਲਤ ਇਨਾਮ ਪ੍ਰਾਪਤ ਕਰ ਲੈਂਦੇ ਹਨ। ਆਪਾਂ ਹੁਣ ਕੱਠੇ ਹੋ ਕੇ ਮੁਹਿੰਮ ਵਿਢਣੀ ਹੈ। ਤੁਹਾਡੇ ਵਰਗੇ ਸੰਵੇਦਨਸ਼ੀਲ ਅਤੇ ਸੱਚੇ-ਸੁੱਚੇ ਕਰਮਯੋਗੀ ਦੀ ਮਿਹਨਤ ਸਦਕਾ ਲੋਕ , ਪਾਠਕ ਵਰਗ ਜਾਗ ਪਿਆ ਹੈ ਅਤੇ ਇਨ੍ਹਾਂ ਜੁਗਾੜੂ ਲੇਖਕਾਂ ਦੀਆਂ ਕਰਤੂਤਾਂ ਤੋਂ ਦੁਖੀ ਹੋਇਆ ਪਿਆ ਹੈ। ਲੋਕਾਂ ਨੂੰ ਜਾਗਰੂਕ ਕਰਨ ਲਈ ਧੰਨਵਾਦ।

ਭਾਅ ਜੀ, ਮੇਰੇ ਘਰੋਗੀ ਹਾਲਤਾਂ ਸਦਕਾ ਮੈਂ ਬੇਸ਼ੱਕ ਤੁਹਾਡੇ ਨਾਲ ਨਹੀਂ ਤੁਰ ਸਕਦੀ ਪਰ ਮੈਂ ਤੁਹਾਡੀ ਸਫ਼ਲਤਾ ਲਈ ਸਵੇਰੇ ਦੀ ਪਹਿਲੀ ਅਰਦਾਸ ਪਰਮਾਤਮਾ ਨੂੰ ਬਿਨਾਂ ਨਾਗਾ ਕਰਦੀ ਹਾਂ। ਘਰ ਘਰ ਪੁੱਤ ਜੰਮਦੇ, ਮਿੱਤਰ ਸੈਨ ਮੀਤ ਨੀ ਕਿਸੇ ਨੇ ਬਣ ਜਾਣਾ। ਬੇਲਗਾਮ  ਢੱਠਿਆਂ ਨੂੰ ਕਾਬੂ ਕਰਨ ਲਈ ਕੋਈ ਮਾਈ ਦਾ ਲਾਲ ਹੋਣਾ ਹੀ ਚਾਹੀਦਾ ਹੈ। ਇਹ ਗੱਲ ਨਹੀਂ ਕਿ ਇਹਨਾਂ ਜੁਗਾੜੂ ਲੇਖਕਾਂ ਤੋਂ ਜਨਤਾ ਦੁਖੀ ਨਹੀਂ ਹੈ ਪਰ ਹਰ ਕੋਈ ਆਪਣੀ ਖੱਲ ਬਚਾਉਣੀ ਚਾਹੁੰਦਾ ਹੈ। ਬਈ ਟੰਬਿਆਂ ਨੂੰ ਬਾਬਾ ਪੰਜੀਰੀ ਨੂੰ ਮੈਂ। ਪਰ ਭਾਅ, ਤੁਸੀਂ ਜੋ ਕਰ ਰਹੇ ਹੋ, ਉਹ ਇਤਿਹਾਸ ਦੇ ਪੰਨਿਆਂ ਤੇ ਗੂੜ੍ਹੇ ਰੰਗਾਂ ਨਾਲ ਲਿਖਿਆ ਜਾਵੇਗਾ। ਪਰਮਾਤਮਾ ਥੋਨੂੰ ਤੰਦਰੁਸਤੀ ਅਤੇ ਹਿੰਮਤ ਦੇਵੇ। 

ਹੁਣ ਤਾਂ ਕਹਾਣੀ ਤੁਰ ਪਈ ਹੈ। ਭਾਅ ਜੀ, ਤੁਹਾਡੇ ਹੋਕੇ ਨੇ ਲੋਕਾਂ ਨੂੰ ਜਾਗਰੂਕ ਕਰ ਹੀ ਦਿੱਤਾ ਹੈ।

(ਇਸ ਸਬੰਧੀ ਮਿਲੀਆਂ ਹੋਰ ਵਿਚਾਰਾਂ ਨੂੰ ਵੀ ਥਾਂ ਦਿੱਤਾ ਜਾਵੇਗਾ। ਤੁਹਾਡੇ ਸਭਨਾਂ ਦੇ ਵਿਚਾਰਾਂ ਦੀ ਉਡੀਕ ਹੈ। ਈਮੇਲ ਦਾ ਪਤਾ ਹੈ: medialink32@gmail.com ਅਤੇ WhatsApp ਦਾ ਨੰਬਰ ਹੈ:+919915322407)

Friday, 20 August 2021

ਸ਼੍ਰੋਮਣੀ ਐਵਾਰਡਾਂ ਤੇ ਅਦਾਲਤੀ ਸਟੇਅ ਮਗਰੋਂ ਪੈਦਾ ਹੋਈ ਖਾਮੋਸ਼ੀ ਟੁੱਟਣ ਲੱਗੀ

ਕਈ ਲੇਖਕ ਹੁਣ ਮਿੱਤਰ ਸੈਨ ਮੀਤ ਦੇ ਹੱਕ ਵਿਚ ਸਾਹਮਣੇ ਆਉਣ ਲੱਗੇ 


ਲੁਧਿਆਣਾ: 20 ਅਪ੍ਰੈਲ 2021: (ਪੰਜਾਬ ਸਕਰੀਨ ਬਿਊਰੋ):: 

ਭਾਸ਼ਾ ਵਿਭਾਗ ਵੱਲੋਂ ਦਿੱਤੇ ਜਾਂਦੇ ਸ਼੍ਰੋਮਣੀ ਐਵਾਰਡਾਂ ਦੇ ਮਾਮਲੇ ਤੇ ਅਦਾਲਤੀ ਸਟੇਅ ਜਾਰੀ ਹੋਣ ਮਗਰੋਂ ਛਾਈ ਹੋਈ ਖਾਮੋਸ਼ੀ ਹੁਣ ਟੁੱਟਣ ਲੱਗ ਪਈ ਹੈ। ਲੋਕ ਇਸ ਮਸਲੇ ਬਾਰੇ ਪ੍ਰਤੀਕਰਮ ਪ੍ਰਗਟ ਕਰਦਿਆਂ ਇੱਕ ਦੁੱਕਾ ਕਰਕੇ ਬਾਹਰ ਆਉਣ ਲੱਗ ਪਏ ਹਨ। ਡਾਕਟਰ ਚਰਨਜੀਤ ਕੌਰ ਹਰਿਆਣਾ ਨੇ ਮਿੱਤਰਸੈਨ ਮੀਤ ਹੁਰਾਂ ਦੀ ਹਮਾਇਤ ਅਤੇ ਪ੍ਰਸੰਸਾ ਕਰਦਿਆਂ ਕਿਹਾ ਹੈ ਕਿ ਉਹਨਾਂ ਬਹੁਤ ਹਿੰਮਦ ਦਿਖਾਈ ਹੈ। ਡਾਕਟਰ ਸਾਹਿਬ ਨੇ ਕਿਹਾ ਕਿ ਦਾਦ ਦੇਣੀ ਬਣਦੀ ਹੈ ਭਾਅ। ਕੇਰਾਂ ਤਾਂ ਬੜੇ ਬੜਿਆਂ ਦੀਆਂ ਭਾਜੜਾਂ ਪੁਆ ਤੀਆਂ। ਜਿਨ੍ਹਾਂ ਦੇ ਮੂੰਹੋਂ ਜੁਗਾੜ ਨਾਲ ਹਥਿਆਇਆ ਕਬਾਬ ਖੋਹਿਆ ਗਿਆ ਉਹ ਤਾਂ ਹਾਰੇ 'ਚ ਧਰੀ ਖਿਚੜੀ ਮੰਗਣਾ ਰਿਝ ਰਹੇ ਨੇ। ਇੱਕ ਵਸ ਨੀ ਚਲਦਾ ਨਮਾਣਿਆਂ ਦਾ, ਨਹੀਂ ਤਾਂ ਉਹ ਗੋਲੀ ਕਿਹੜਾ ਨਾ ਦਾਗ ਦੇਣ......ਨਾ ਸੱਚ ਗ਼ਲਤ ਕਹਿ ਹੋ ਗਿਆ ਭਾਅ, ਗੋਲੀਆਂ ਤਾਂ ਉਨ੍ਹਾਂ ਨੂੰ ਚਲਾਉਣੀਆਂ ਈ ਨੀ ਆਉਂਦੀਆਂ। ਸਿਰਫ਼ ਖੇਡ੍ਹਣੀਆਂ ਈ ਆਉਂਦੀਆਂ ਨੇ। ਯਾਦ ਐ ਨਾ ਬਚਪਨ ਵਿਚ ਗੋਲੀਆਂ ਕੰਚੇ ਖੇਡ੍ਹਦੇ ਹੁੰਦੇ ਸੀਗੇ.....ਉਹੀਓ ਖੇਡ੍ਹਦੇ ਨੇ। ਭਾਅ, ਇੱਕ ਹੋਰ ਭੇਤ ਆਲੀ ਗੱਲ ਦੱਸਾਂ??? ਕਈਆਂ ਨੇ ਤਾਂ ਕਚੀਚੀਆਂ ਵੱਟ ਵੱਟ ਕੇ ਆਵਦੇ ਦੰਦ ਆਵਦੇ ਈ ਬੁੱਲ੍ਹਾਂ ਚ ਖੋਭ ਲਏ ਨੇ। ਬਚਾਰਿਆਂ ਦੇ ਬੁੱਲ੍ਹਾਂ ਚੋਂ ਕਾਲਾ ਸ਼ਾਹ ਲਹੂ ਵਗ ਰਿਹਾ ਹੈ। ਕਈਆਂ ਨੇ ਤਾਂ ਪੈਸੇ ਇਨਵੈਸਟ ਕਰਨ ਦੀਆਂ ਸਕੀਮਾਂ ਵੀ ਘੜ ਲਈਆਂ ਸਨ ਪਰ ਨ੍ਹਾਤੀ ਧੋਤੀ ਰਹਿ ਗਈ ਮੂੰਹ ਤੇ ਮੱਖੀ ਬਹਿ ਗਈ। ਬਚਾਰਿਆਂ ਦੇ ਢਿੱਡ ਤੇ ਐਸੀ ਲਾਠੀ ਮਾਰੀ ਐਸੀ ਲਾਠੀ ਮਾਰੀ ਬਈ ਭੁਆਟਣੀਆਂ ਲਿਆ ਤੀਆਂ ਕੇਰਾਂ। ਡਾਕਟਰ ਚਰਨਜੀਤ ਕੌਰ ਹੁਰਾਂ ਦੀ ਲਿਖਤ ਕਿਸੇ ਵੱਖਰੀ ਪੋਸਟ ਵਿੱਚ ਵੀ ਹੈ। 

ਸਰਬਉੱਚ ਪੱਧਰ ਤੇ ਗਿਣੇ ਜਾਂਦੇ ਐਸ ਐਸ ਜੋਹਲ ਸਾਹਿਬ ਨੇ ਵੀ ਇਸ ਮੁੱਦੇ ਤੇ ਮੀਤ ਸਾਹਿਬ ਦੀ ਹਮਾਇਤ ਕਰਦਿਆਂ ਇਸ ਮਕਸਦ ਦੀ ਹਮਾਇਤ ਕੀਤੀ ਹੈ ਅਤੇ ਸਾਥ ਦੇਣ ਦਾ ਵਾਅਦਾ ਕੀਤਾ ਹੈ। 

ਇਸੇ ਤਰ੍ਹਾਂ ਸ਼ਾਮ ਸਿੰਘ ਅੰਗ ਸੰਗ ਵਾਲਿਆਂ ਨੇ ਕਿਹਾ ਹੈ ਕਿ ਮਿਤਰ ਸੈਨ ਮੀਤ ਨੇ ਬੇਹੱਦ ਹੌਸਲਾ ਕਰਦਿਆਂ ਇਨਾਮਾਂ ਦੀ ਸਿਆਸਤ ਬੇਪਰਦ ਕਰ ਦਿਤੀ। ਜੁਅਰਤ ਕਰ ਕੇ ਨਾਮ ਤਕ ਨਸ਼ਰ ਕਰ ਦਿਤੇ।ਲੋਕ ਖਿਦੋ ਦੀ ਚਰਚਾ ਕਰੀ ਜਾ ਰਹੇ ਹਨ ਜੋਂ ਓਹਲਿਆ ਦੇ ਹਨੇਰੇ ਵਿਚ ਤੁਰ ਨਹੀਂ ਰੁੜ ਰਹੀ ਹੈ।  ਮੀਤ ਦੀਆਂ ਪੋਸਟਾਂ ਨੇ ਤਾਂ ਇਮਾਨਦਾਰੀ ਦੇ ਬੁਰਕਿਆਂ ਵਿਚ ਲੁਕੇ ਵੱਡੇ ਕਹਾਉਂਦੇ ਦਭੀਆ ਦੀ ਅਸਲੀਅਤ ਜ਼ਾਹਰ ਕਰ ਕੇ ਦਿਨੇ ਹੀ ਛਮਾਦਾਨ ਦਾ ਚਾਨਣਾ ਕਰ ਮਾਰਿਆ । ਪੰਜਾਬੀ ਆ ਨੂੰ ਜਾਗਦੇ ਰਹਿਣਾ ਚਾਹੀਦਾ ਤਾਂ ਕਿ ਗਲਤ ਹੁੰਦੇ ਵਿਰੁੱਧ ਆਵਾਜ਼ ਉਠਦੀ ਰਹੇ। 

ਹੁਣ  ਊਠ ਆਏ ਪਹਾੜ ਹੇਠਾਂ-ਇਸ ਸਿਰਲਖੇ ਹੇਠ ਬੁੱਧ ਸਿੰਘ ਨੀਲੋਂ ਨੇ ਆਪਣੀ ਟਿੱਪਣੀ ਭੇਜੀ ਹੈ। ਸ਼੍ਰੀ ਨੀਲੋਂ ਨੇ ਕਿਹਾ ਹੈ ਕਿ ਲੁਧਿਆਣਾ ਦੀ ਮਾਣਯੋਗ ਅਦਾਲਤ  ਦੇ ਵਿੱਚ ਪੁਜਿਆ ਸ਼੍ਰੋਮਣੀ ਸਾਹਿਤ ਪੁਰਸਕਾਰ  ਵਾਲਾ  ਮਾਮਲਾ  ਹੁਣ  ਹੋਰ ਵੀ ਗੰਭੀਰ ਹੋ ਗਿਆ। ਜਿੱਥੇ  ਪੁਰਸਕਾਰ ਹਥਿਆਉਣ ਵਾਲੇ ਆਪਣੇ  ਨਵੇਂ  ਸੂਟ ਤੇ ਬੂਟ  ਲੈ ਰਹੇ ਸੀ  ਹੁਣ ਮੂੰਹ ਲਕਾਉਦੇ ਫਿਰ ਰਹੇ ਹਨ। ਪੰਜਾਬੀ ਦੇ ਨਾਵਲਕਾਰ  ਤੇ ਸਾਬਕਾ  ਜਿਲ੍ਹਾ ਅਟਾਰਨੀ ਸ਼੍ਰੀ ਮਿੱਤਰ ਸੈਨ ਮੀਤ ਨੇ ਪੰਜਾਬੀ ਭਾਸ਼ਾ ਪਸਾਰ ਭਾਈਚਾਰਾ ਵੱਲੋਂ  ਲੁਧਿਆਣਾ  ਦੀ ਮਾਣਯੋਗ  ਅਦਾਲਤ  ਵਿੱਚ  ਇਹ ਪੁਰਸਕਾਰ ਦੇਣ ਵਾਲੀ ਸਲਾਹਕਾਰ ਕਮੇਟੀ  ਤੇ ਭਾਸ਼ਾ ਵਿਭਾਗ ਪੰਜਾਬ ਨੂੰ  ਪਾਰਟੀ ਬਣਾ ਕੇ ਚੁਣੌਤੀ  ਦਿੱਤੀ  ਹੈ।

ਭਰੋਸੇਯੋਗ ਸੂਤਰਾਂ  ਨੇ ਦੱਸਿਆ  ਹੈ ਕਿ ਪੰਜਾਬੀ ਭਾਸ਼ਾ  ਪਸਾਰ ਭਾਈਚਾਰਾ  ਦੀ ਲੁਧਿਆਣਾ  ਦੇ ਅਹੁਦੇਦਾਰ ਸ.ਹਰਬਖਸ਼ ਸਿੰਘ  ਗਰੇਵਾਲ..ਸ.ਮਹਿੰਦਰ  ਸਿੰਘ  ਸੇਖੋਂ ..ਕਰਨਲ ਦਵਿੰਦਰ ਸਿੰਘ ਗਰੇਵਾਲ ਤੇ ਮਿੱਤਰ  ਸੈਨ ਮੀਤ ਨੇ ਆਰ ਟੀ ਆਈ ਸਾਰੀ  ਜਾਣਕਾਰੀ ਹਾਸਲ ਕਰਕੇ  ਤੇ ਫੇਰ ਕੇਸ ਕੀਤਾ  ਹੈ।  ਸ੍ਰੀ ਮਿੱਤਰ ਸੈਨ ਮੀਤ ਵੱਲੋਂ  " ਸਾਹਿਤਕ  ਗਦਰ ਲਹਿਰ " ਦੇ ਨਾਮ ਹੇਠਾਂ  ਸ਼ੋਸ਼ਲ ਮੀਡੀਆ ਤੇ ਕਾਫੀ ਚਿਰ ਤੋਂ  ਮੁਹਿੰਮ  ਚਲਾਈ ਹੋਈ ਸੀ।  ਉਹਨਾਂ ਨੇ  " ਸਾਹਿਤਿਕ ਗਦਰ ਲਹਿਰ ਪੁਸਤਕ  ਲੜੀ-1 ਵੀ ਮਾਰਕੀਟ ਵਿਚ ਭੇਜੀ ਹੈ। ਇਸ ਦੇ ਨਾਲ ਹੀ ਸਾਹਿਤਿਕ ਪੁਰਸਕਾਰ  ਅਤੇ ਸਾਹਿਤਕ  ਸਿਆਸਤ ਨਾਮ ਦੀ ਪੁਸਤਕ  ਵੀ ਲਿਖੀ ਹੈ ਜਿਸ ਦੇ ਵਿੱਚ  ਵਿਸਥਾਰ  ਨਾਲ ਸਾਰਾ  ਸੱਚ ਪੇਸ਼  ਕੀਤਾ  ਗਿਆ  ਹੈ।  ਇਹ  ਕਿਤਾਬ  ਪੰਜਾਬੀ ਭਵਨ ਲੁਧਿਆਣਾ  ਦੀਆਂ  ਸਾਹਿਤਕ ਕਿਤਾਬਾਂ ਦੀ ਦੁਕਾਨ  ਤੋਂ  ਮਿਲ ਸਕਦੀ ਹੈ।  

ਸ਼੍ਰੀ ਨੀਲੋਂ ਆਖਦੇ ਹਨ ਸੂਤਰਾਂ  ਅਨੁਸਾਰ ਕੁੱਝ  ਕਮੇਟੀ ਮੈਂਬਰ ਤੇ ਪੁਰਸਕਾਰ ਵਿਜੇਤਾ ਹਸਪਤਾਲਾਂ ਵਿੱਚ  ਬੈਂਡ  ਰਾਖਵਾਂ  ਕਰਵਾ ਰਹੇ ਹਨ। ਹਸਪਤਾਲ ਵਾਲੇ ਕੋਵਿਡ ਟੈਸਟ  ਦਾ ਸਰਟੀਫਿਕੇਟ ਡਾਕਟਰ ਮੋਤੀ ਸ਼ਾਹ ਤੋਂ  ਕਰਵਾ ਕੇ ਲਿਆਉਣ ਲਈ ਆਖ ਰਹੇ ਹਨ।  ਕਸੂਤੀ ਹਾਲਤ ਵਿੱਚ  ਫਸੇ ਮਾਂ ਬੋਲੀ  ਪੰਜਾਬੀ ਦੇ ਹੋਣਹਾਰ ਪੁੱਤ ਹੁਣ ਉਪਰ ਥੱਲੇ  ਝਾਕ ਰਹੇ ਹਨ। ਮਾਮਲਾ  ਜਦੋਂ  ਤੱਕ ਨਿੱਬੜਦਾ ਨਹੀਂ  ਉਦੋਂ  ਤੱਕ ਇਹਨਾਂ ਮਹਾਰਥੀਆਂ ਦੀ ਰਾਤਾਂ  ਦੀ ਨੀਂਦ  ਤੇ ਚੈਨ ਗੁਆਚਿਆ ਰਹੇਗਾ। ਜਦੋਂ  ਤੱਕ ਇਹ ਮਾਮਲਾ  ਕਿਸੇ ਤਣ ਪੱਤਣ ਨਹੀਂ  ਲੱਗਦਾ...ਸਾਹਿਤਕ ਸੰਸਥਾਵਾਂ  ਤੇ ਲੇਖਕਾਂ ਦੇ ਵਿੱਚ  ਚਰਚਾ ਦਾ ਵਿਸ਼ਾ ਬਣਿਆ  ਰਹੇਗਾ। ਮਾਂ ਬੋਲੀ ਦੇ ਸੇਵਾਦਾਰ ਅਗਲੀ ਰਣਨੀਤੀ ਕੀ  ਬਣਾਉਦੇ ਹਨ  ਅਜੇ ਪਤਾ ਨਹੀਂ  ਲੱਗਾ..ਪਰ ਭਾਸ਼ਾ ਵਿਭਾਗ ਨੇ ਕਾਨੂੰਨੀ ਸਲਾਹਕਾਰਾਂ ਨਾਲ ਗੱਲਬਾਤ  ਸ਼ੁਰੂ ਕਰ ਲਈ ਹੈ। ਸਲਾਹਕਾਰ  ਕਮੇਟੀ ਮੈਂਬਰ  ਕਿਵੇਂ  ਸਫਾਈ  ਪੇਸ਼  ਕਰਦੇ ਹਨ ਇਹ ਅਜੇ ਕਹਿਣਾ  ਮੁਸ਼ਕਿਲ ਹੈ।  

ਪੰਜਾਬੀ ਸਾਹਿਤ ਦੇ ਕੁੱਝ  ਗਿਣਵੇਂ ਸਾਹਿਤਕ ਥਾਣੇਦਾਰਾਂ ਵੱਲੋਂ  ਪਿਛਲੇ  ਚਾਲੀ ਸਾਲ  ਤੋਂ  ਮਚਾਇਆ ਸਾਹਿਤਕ ਗਦਰ ਹੁਣ  ਰੁਕ ਜਾਵੇਗਾ ?  ਇਹ ਕਹਿਣਾ  ਔਖਾ ਹੈ...ਪਰ ਇਸ ਕੇਸ ਨੇ ਪੰਜਾਬੀ ਦੇ ਲੇਖਕਾਂ / ਵਿਦਵਾਨਾਂ  ਤੇ ਸਿੱਖਿਆ ਸਾਸ਼ਤਰੀਆਂ ਦੀ ਕਾਰਗੁਜ਼ਾਰੀ ਤੇ ਪ੍ਰਸ਼ਨਚਿੰਨ ਲਗਾ ਦਿੱਤਾ  ਹੈ।  ਪਾਠਕ ਵਰਗ ਹਤਾਸ਼ ਹੋਇਆ  ਸੋਚ ਰਿਹਾ ਹੈ ਕਿ ਉਸਦੇ ਨਾਲ ਇਹ ਸਾਹਿਤਕ ਠੱਗੀ ਹੋਈ ਹੈ ।  ਇਹਨਾਂ  ਸਾਹਿਤਕ ਠੱਗਾਂ ਨੂੰ  ਆਪਣੇ  ਗਿਰੇਵਾਨ ਵਿੱਚ ਝਾਤੀ ਮਾਰਨ ਦੀ ਬਹੁਤ  ਜਰੂਰਤ  ਹੈ।  


ਮੌਤ, ਮੁਸੀਬਤਾਂ ਤੇ ਹਰ ਪਲ ਹਿੰਮਤੀ ਐਮ ਐਸ ਭਾਟੀਆ

 ਗ਼ਜ਼ਲ ਬਹਾਨਾ ਕਰੂੰ ਔਰ ਗੁਣਗੁਣਾਊਂ ਉਸੇ  --ਰੈਕਟਰ ਕਥੂਰੀਆ

ਫਾਸ਼ੀਵਾਦ ਵਿਰੋਧੀ ਗਰੁੱਪ ਦੀ ਮੀਟਿੰਗ ਵਿੱਚ ਐਮ ਐਸ ਭਾਟੀਆ 

ਐਮ ਐਸ ਭਾਟੀਆ ਮੁੱਢ ਤੋਂ ਹੀ ਵਿਗਿਆਨਕ ਸੋਚ ਨੂੰ ਪ੍ਰਣਾਏ ਹੋਏ ਹਨ। ਬਚਪਨ ਵਿੱਚ ਹੀ ਹੱਸਦਿਆਂ ਹੱਸਦਿਆਂ ਟੂਣੇ ਵਾਲਾ ਲੱਡੂ ਖਾ ਜਾਣਾ ਅਸਲ ਵਿੱਚ ਤਰਕਸ਼ੀਲਤਾ ਵੱਲ ਵੱਧ ਰਹੀ ਸੋਚ ਦਾ ਪ੍ਰਤੀਕ ਸੀ। ਬਚਪਨ ਵਿੱਚ ਅਜਿਹਾ ਬਹੁਤ ਕੁਝ ਵਾਪਰਿਆ ਜਿਸਨੇ ਸੁਆਲ ਖੜੇ ਕੀਤੇ ,ਜਦੋਂ ਜੁਆਬ ਨਹੀਂ ਸਨ ਮਿਲਦੇ ਉਦੋਂ ਨਾਬਰੀ ਦੀ ਭਾਵਨਾ ਪੈਦਾ ਹੁੰਦੀ ਸੀ। ਇਹੀ ਭਾਵਨਾ ਵੱਡੇ ਹੋ ਕੇ ਲਾਲ ਝੰਡੇ ਨਾਲ ਜੁੜ ਗਈ ਅਤੇ ਹੁਣ ਤੱਕ ਜੁੜੀ ਹੋਈ ਹੈ। ਅੱਜ ਵੀ ਖੱਬੇ ਵਿਚਾਰਾਂ ਨਾਲ ਪ੍ਰਤੀਬੱਧਤਾ ਹੈ ਐਮ ਐਸ ਭਾਟੀਆ ਦੀ। ਬਥੇਰੀਆਂ ਚੁਣੌਤੀਆਂ ਆਈਆਂ ਪਰ ਇਹ ਸੋਚ ਕਦੇ ਕਮਜ਼ੋਰ ਨਾ ਹੋਈ।

ਐਮ ਐਸ ਭਾਟੀਆ-ਮੌਜੂਦਾ ਜਲਵਾ 
ਡਾਕਖਾਨੇ ਤੋਂ ਬਾਅਦ ਬੈਂਕ ਵਾਲੀ ਸਰਕਾਰੀ ਨੌਕਰੀ ਨੇ ਘਰ ਦੇ ਹਾਲਾਤ ਕੁਝ ਸੁਖਾਵੇਂ ਕੀਤੇ ਪਰ ਆਖਦੇ ਨੇ ਨਾਂ ਕਾਬਲ ਦੇ ਜੰਮਿਆਂ ਨੂੰ ਨਿੱਤ ਮੁਹਿੰਮਾਂ। ਇਹੀ ਕਹਾਵਤ ਬਾਅਦ ਵਿੱਚ ਬਦਲ ਕੇ ਇੰਝ ਬਣ ਗਈ:  ਪੰਜਾਬ ਦੇ ਜੰਮਿਆਂ ਨੂੰ ਨਿੱਤ ਮੁਹਿੰਮਾਂ--ਸੋ ਇਥੇ ਵੀ ਮੁਸੀਬਤਾਂ ਅਤੇ ਚੁਣੌਤੀਆਂ ਕਿਸੇ ਨ ਕਿਸੇ ਪਾਸਿਓਂ ਆ ਕੇ ਭਾਟੀਆ ਜੀ ਦੇ ਘਰ ਦਾ ਪਤਾ ਪੁੱਛ ਹੀ ਲੈਂਦੀਆਂ। ਇਹਨਾਂ ਔਕੜਾਂ ਨਾਲ ਦੋ ਦੋ ਹੱਥ ਹੁੰਦੇ ਰਹੇ। ਜਦੋਂ ਪੰਜਾਬ ਦੇ ਹਾਲਾਤ ਖਰਾਬ ਹੋਏ ਤਾਂ ਇਸਦਾ ਅਸਰ ਪਿੰਡ ਪਿੰਡ ਗਲੀ ਮੁਹੱਲੇ ਤਕ ਦੇਖਿਆ ਗਿਆ। ਹੋਰਨਾਂ ਦੇ ਨਾਲ ਨਾਲ ਗੋਲੀ ਬੰਬ ਵਾਲਾ ਖਤਰਾ ਭਾਟੀਆ ਜੀ ਦੇ ਪਰਿਵਾਰ ਤੇ ਵੀ ਮੰਡਰਾਉਣ ਲੱਗ ਪਿਆ। ਪੁਲਿਸ ਅਤੇ ਇੰਟੈਲੀਜੈਂਸ ਵੀ ਚਿੰਤਤ ਸੀ। ਹਮਲਾ ਕਰਨ ਵਾਲੇ ਨਿਸ਼ਾਨਾ ਬਣਾਉਣ ਲਈ ਨਿਕਲ ਚੁੱਕੇ ਹੋਏ ਸਨ। ਨਿਸ਼ਾਨੇ ਮਿੱਥੇ ਗਏ ਸਨ। ਸ਼ਹੀਦ ਕਾਮਰੇਡ ਗੁਰਮੇਲ ਹੂੰਝਣ ਨੇ ਵੀ ਇਸ ਚੇਤਾਵਨੀ ਨੂੰ ਜ਼ਿਆਦਾ ਗੰਭੀਰਤਾ ਨਾਲ ਨਹੀਂ ਸੀ ਲਿਆ ਅਤੇ ਹਮਲਾਵਰਾਂ ਦੀਆਂ ਗੋਲੀਆਂ ਦਾ ਨਿਸ਼ਾਨਾ ਬਣ ਗਿਆ।

ਇਸੇ ਤਰ੍ਹਾਂ ਇੱਕ ਵਾਰ ਕਾਮਰੇਡ ਰਮੇਸ਼ ਰਤਨ ਇੱਕ ਪਿੰਡ ਵਿਚ ਫਸ ਗਏ। ਕੋਲ ਕੋਈ ਹਥਿਆਰ ਵੀ ਨਹੀਂ ਸੀ। ਕਿਸੇ ਸਾਥੀ ਦਾ ਪਤਾ ਦਸਣਾ ਉਸਦੇ ਪੂਰੇ ਪਰਿਵਾਰ ਲਈ ਖਤਰਾ ਬਣਨਾ ਸੀ। ਸੋ ਕਿਸੇ ਦਾ ਦਰਵਾਜ਼ਾ ਵੀ ਨਹੀਂ ਸੀ ਖੜਕਾਉਣਾ। ਕਾਮਰੇਡ ਰਮੇਸ਼ ਰਤਨ ਨੇ ਅਚਾਨਕ ਗਲੀ ਵਿਚ ਨਜ਼ਰ ਆਏ ਕਿਸੇ ਦੋਸਤ ਕੋਲੋਂ ਧੋਤੀ ਕੁਰਤਾ ਲਿਆ, ਹੱਥ ਵਿੱਚ ਇੱਜੜ ਹੱਕਣ ਵਾਲੀ ਸੋਟੀ ਜਿਹੀ ਫੜੀ ਨਾਲ ਹੀ ਇੱਕ ਮੱਝ ਤੋਰ ਲਈ।

ਇੱਕ ਦੋਸਤ ਕੋਲੋਂ ਰਹਿ ਨਾ ਹੋਇਆ ਅਤੇ ਉਹ ਨਾਲ ਤੁਰ ਪਿਆ ਕਿ ਮੈਂ ਤਾਂ ਨੀ ਕੱਲੇ ਨੂੰ ਜਾਣ ਦਿੰਦਾ। ਉਸ ਕੋਲੋਂ ਵੀ ਕਾਮਰੇਡ ਰਮੇਸ਼ ਰਤਨ ਨੇ ਪਿੰਡ ਦੀ ਜੂਹ ਤੋਂ ਵਾਪਿਸ ਪਰਤਣ ਦਾ ਵਾਅਦਾ ਲੈ ਲਿਆ। ਥੋਹੜਾ ਜਿਹਾ ਅੱਗੇ ਗਏ ਤਾਂ ਹਮਲਾਵਰ ਹੱਥਾਂ ਵਿੱਚ ਅਸਾਲਟਾਂ ਫੜੀ ਰਮੇਸ਼ ਰਤਨ ਦੀ ਹੀ ਉਡੀਕ ਕਰ ਰਹੇ ਸਨ। ਰਮੇਸ਼ ਧੋਤੀ ਕੁਰਤੇ ਵਿੱਚ ਸੀ। ਇਸ ਲਈ ਪੈਂਟ ਕਪੋਤ ਵਾਲੇ ਤਰਮੇਸ਼ ਰਤਨ ਦੀ ਪਛਾਣ ਕਿੱਥੋਂ ਆਉਣੀ ਸੀ? ਹਾਲਾਤ ਨੂੰ ਆਮ ਵਾਂਗ ਬਣਾਉਂਦਿਆਂ ਕਾਮਰੇਡ ਸਾਹਿਬ ਉਹਨਾਂ ਹਮਲਾਵਰਾਂ ਨੂੰ ਹੀ ਪੁੱਛਣ ਲੱਗੇ ਕੌਣ ਓ ਭਾਈ ਤੁਸੀਂ ਸਾਡੇ ਪਿੰਡ ਦੇ ਤਾਂ ਲੱਗਦੇ ਨਹੀਂ। ਉਹ ਅੱਗੋਂ ਹਿਰਖ ਕੇ ਬੋਲੇ ਤੂੰ ਕੀ ਲੈਣਾ ਦੇਣਾ? ਤੂੰ ਦੱਸ ਕਿੱਧਰ ਚੱਲਿਆਂ।

ਜੁਆਨੀ ਵੇਲੇ ਐਮ ਐਸ ਭਾਟੀਆ 
ਕਾਮਰੇਡ ਰਮੇਸ਼ ਨੇ ਘੜਿਆ ਘੜਾਇਆ ਜੁਆਬ ਦਿੱਤਾ ਆਹ ਲਾਗਲੇ ਪਿੰਡ ਡੰਗਰਾਂ ਵਾਲਾ ਡਾਕਟਰ ਐ ਉਸਨੂੰ ਆਹ ਮੱਝ ਦਿਖਾਉਣੀ ਐ ਜ਼ਰਾ। ਤੁਹਾਨੂੰ ਇਤਰਾਜ਼ ਐ ਤਾਂ ਭਾਵੇਂ ਤੁਸੀਂ ਡਾਕਟਰ ਤੱਕ ਮੱਝ ਨੂੰ ਛੱਡ ਦਿਓ। ਉਹ ਹੋਰ ਚਿੜ੍ਹ ਗਏ ਤੇ ਬੋਲੇ ਜਾਹ ਜਾਹ ਛੇਤੀ ਨਿਕਲ। ਤੇ ਕਾਮਰੇਡ ਰਮੇਸ਼ ਰਤਨ ਛੇਤੀ ਨਾਲ ਨਿਕਲ ਆਏ। ਕਿਸੇ ਲਾਗਲੇ ਪਿੰਡ ਆ ਕੇ ਸਵਾਰੀ ਲਈ ਕੱਪੜੇ ਬਦਲੇ ਅਤੇ ਘਰ ਪੁੱਜ ਗਏ। ਪੂਰੇ ਘੇਰੇ ਵਿੱਚੋਂ ਨਿਕਲਣਾ ਸੰਭਵ ਹੀ ਨਹੀਂ ਸੀ ਲੱਗਦਾ। ਪੂਰੀ ਕਹਾਣੀ ਕਾਫੀ ਲੰਮੀ ਹੈ ਸੋ ਬਾਕੀ ਫਿਰ ਕਦੇ ਵਿਸਥਾਰ ਨਾਲ ਸਹੀ। ਰਮੇਸ਼ ਰਤਨ ਜੀ ਉਸ ਘੇਰੇ ਵਿੱਚੋਂ ਮੌਤ ਨੂੰ ਝਕਾਨੀ ਦੇ ਕੇ ਨਿਕਲ ਆਏ ਇਹੀ ਵੱਡੀ ਗੱਲ।

ਪਰ ਐਮ ਐਸ ਭਾਟੀਆ ਉਸ ਸਮੇਂ ਤੱਕ ਏਨੇ ਸ਼ਾਤਰ ਅਤੇ ਅਨੁਭਵੀ ਵੀ ਨਹੀਂ ਸਨ। ਦੂਜੇ ਪਾਸੇ ਸ਼ਹਿਰੀ ਮੁਹੱਲਿਆਂ ਦਾ ਮਾਹੌਲ ਵੀ ਪਿੰਡਾਂ ਤੋਂ ਘੱਟ ਨਹੀਂ ਹੁੰਦਾ। ਹਰ ਘਰ ਤੇ ਹਰ ਘਰ ਦੀ ਅੱਖ ਹੁੰਦੀ ਹੈ। ਸਮਝੋ ਕਿ ਅਣਦਿੱਸਦੇ ਸੀਸੀਟੀਵੀ ਕੈਮਰੇ ਉਦੋਂ ਵੀ ਏਦਾਂ ਕੰਮ ਕਰਦੇ ਸਨ। ਪਾਰਟੀ ਦੀਆਂ ਸੁਰੱਖਿਆ ਕਮੇਟੀਆਂ ਦੀ ਹਦਾਇਤ ਮੰਨਦਿਆਂ ਭਾਟੀਆ ਜੀ ਨੇ ਕੁਝ ਦਿਨਾਂ ਲਈ ਰਿਹਾਇਸ਼ ਦਾ ਟਿਕਾਣਾ ਬਦਲ ਲਿਆ। ਫਿਰ ਇੱਕ ਹੋਰ ਅਤੇ ਫਿਰ ਇੱਕ ਹੋਰ। ਇਹ ਸਿਲਸਿਲਾ ਕਾਫੀ ਦੇਰ ਚੱਲਿਆ। ਲੋਕ ਸਾਥ ਦੇਂਦੇ ਸਨ। ਇਹੀ ਕਾਰਨ ਹੈ ਕਿ ਲੋਕਾਂ ਨੂੰ ਹੀ ਕਾਮਰੇਡ ਆਪਣਾ ਜੰਗਲ ਆਖਦੇ ਹਨ ਜਿਹੜੇ ਮੁਸੀਬਤਾਂ ਵੇਲੇ ਲੁਕੋ ਲੈਂਦੇ ਹਨ। ਫਿਰ ਵੀ ਘਰ ਤਾਂ ਘਰ ਹੀ ਹੁੰਦਾ ਹੈ। ਉਦੋਂ ਅਹਿਸਾਸ ਹੋਣ ਲੱਗਿਆ

ਰਹਿਨੇ ਕੋ ਘਰ ਨਹੀਂ ਹੈ ਸਾਰਾ ਜਹਾਂ ਹਮਾਰਾ;                                                                                                      ਸਾਰੇ ਜਹਾਂ ਸੇ ਅੱਛਾ ਹਿੰਦੋਸਤਾਂ ਹਮਾਰਾ!

ਫਿਰ ਭਾਟੀਆ ਜੀ ਝੁੱਗੀਆਂ ਝੌਂਪੜੀਆਂ ਵਾਲਿਆਂ ਵੱਲ ਹੋਰ ਪ੍ਰਤੀਬੱਧ ਹੋ ਗਏ ਜਿਹਨਾਂ ਦੇ ਸਿਰਾਂ ਤੇ ਕਦੇ ਵੀ ਚੱਜ ਦੀ ਛੱਤ ਵੀ ਨਹੀਂ ਹੁੰਦੀ। ਧੁੱਪਾਂ ਵੀ ਸਹਿੰਦੇ ਹਨ ਅਤੇ ਬਾਰਸ਼ਾਂ ਵੀ। ਇਹਨਾਂ ਲੋਕਾਂ ਵੱਲ ਫੇਰੀ ਪਾਉਣਾ ਅਤੇ ਇਹਨਾਂ ਦਾ ਧਿਆਨ ਰੱਖਣਾ ਵੀ ਇਹਨਾਂ ਦੇ ਰੂਟੀਨ ਵਿਚ ਸ਼ਾਮਲ ਰਿਹਾ। ਇਹਨਾਂ ਦੇ ਬੱਚਿਆਂ ਨੂੰ ਪੜ੍ਹਾਉਣਾ ਵੀ ਮੁੱਖ ਕੰਮ ਸੀ। ਗੁਰਬਤ ਅਤੇ ਬੇਇਨਸਾਫ਼ੀ ਦੀਆਂ ਮੁਸੀਬਤਾਂ ਦੇ ਮਾਰੇ ਇਹਨਾਂ ਲੋਕਾਂ ਵਿੱਚੋਂ ਹੀ ਉਹ ਲੋਕ ਨਿੱਕਲਦੇ ਹਨ ਜਿਹਨਾਂ ਨੇ ਲੋਟੂ ਢਾਂਚੇ ਨੂੰ ਬਦਲਣ ਵਿੱਚ ਅਹਿਮ ਭੂਮਿਕਾ ਨਿਭਾਉਣੀ ਹੁੰਦੀ ਹੈ। ਇਹਨਾਂ ਨੇ ਹੀ ਫ਼ੈਜ਼ ਅਹਿਮਦ ਫੌਜ਼ ਸਾਹਿਬ ਦੇ ਗੀਤ ਗਾਉਣੇ ਹੁੰਦੇ ਹਨ:

ਕਟਤੇ ਭੀ ਚਲੋ, ਬੜਤੇ ਭੀ ਚਲੋ, ਬਾਜ਼ੂ ਭੀ ਬਹੁਤ ਹੈਂ, ਸਰ ਭੀ ਬਹੁਤ!

ਚਲਤੇ ਭੀ ਚਲੋ ਕਿ ਅਬ ਡੇਰੇ ਮੰਜ਼ਲ ਪੇ ਹੀ ਡਾਲੇ ਜਾਏਂਗੇ।

ਪੂੰਜੀਵਾਦੀ ਸੁਹਜ ਸੁਆਦਾਂ ਅਤੇ ਕਾਫੀ ਹਾਉਸ ਕਲਚਰਾਂ ਦੀ ਬਹੁਤਾਤ ਦੇ ਬਾਵਜੂਦ ਜੇ ਅਜੇ ਵੀ ਲਾਲ ਝੰਡਾ ਬੁਲੰਦ ਹੈ ਤਾਂ ਇਹਨਾਂ ਲੋਕਾਂ ਕਰਕੇ ਹੀ ਬੁਲੰਦ ਹੈ। ਇਹ ਆਖ਼ਿਰੀ ਸਾਹਾਂ ਤੀਕ ਲੜਨ ਵਾਲੇ ਉਹ ਯੋਧੇ ਹਨ ਜਿਹਨਾਂ ਨੇ ਆਪਣੀਆਂ ਕੁਰਬਾਨੀਆਂ ਅਖਬਾਰ ਦੀ ਖਬਰ ਵਿੱਚ ਵਿਚ ਨਾਮ ਛਪਵਾਉਣ ਲਈ ਨਹੀਂ ਬਲਕਿ ਲਾਲ ਝੰਡੇ ਪ੍ਰਤੀ ਆਪਣਾ ਫਰਜ਼ ਸਮਝ ਕੇ ਦੇਣੀਆਂ ਹਨ। ਇਹ ਪਾਰਟੀ ਨੂੰ ਮਾਂ ਸਮਝਦੇ ਹਨ ਅਤੇ ਮਾਂ ਦੇ ਦੁੱਧ ਨੂੰ ਲਾਜ ਨਹੀਂ ਲੱਗਣ ਦੇਂਦੇ। ਪਰ ਖਰਚੇ ਤਾਂ ਭਾਟੀਆ ਜੀ ਦੇ ਆਪਣੇ ਪਰਿਵਾਰ ਦੇ ਵੀ ਸਨ।

ਆਪਣੀ ਧਰਮਪਤਨੀ ਨਾਲ ਐਮ ਐਸ ਭਾਟੀਆ
ਇਹਨਾਂ ਵਧੇ ਹੋਏ ਖਰਚਿਆਂ ਨੂੰ ਵੀ ਪੂਰਾ ਕਰਨਾ ਸੀ ਅਤੇ ਲੋਕਾਂ ਦੀ ਚੇਤਨਾ ਵੀ ਵਧਾਉਣੀ ਸੀ। ਘਰ ਦੇ ਸਾਹਮਣੇ ਹੀ ਇੱਕ ਸਕੂਲ ਲਈ ਘਰ ਦੇ ਜੋੜੇ ਪੈਸਿਆਂ ਨਾਲ ਥਾਂ ਲਈ। ਹਰ ਸਾਲ ਦੋ ਸਾਲ ਬਾਅਦ ਉਸ ਨਾਲ ਕੁਝ ਨਾਕੁਝ ਹੋਰ ਥਾਂ ਜੋੜੀ ਅਤੇ ਛੋਟਾ ਜਿਹਾ ਇਹ ਸਕੂਲ ਛੇਤੀ ਹੀ ਵੱਡਾ ਸਾਰਾ ਸਕੂਲ ਬਣ ਗਿਆ। ਪਰ ਮੱਧ ਵਰਗੀ ਲੋਕਾਂ ਨੂੰ ਸੁੱਖ ਦਾ ਸਾਹ ਕਦੋਂ ਆਉਂਦਾ ਹੈ! ਕੋਰੋਨਾ ਦੀ ਮੁਸੀਬਤ ਈ ਤਾਂ ਲਾਕਡਾਊਨ ਲੱਗ ਗਿਆ। ਸਕੂਲ ਬੰਦ ਹੋ ਗਿਆ। ਸਕੂਲ ਦੀ ਆਮਦਨ ਵੀ ਬੰਦ ਹੋ ਗਈ ਪਰ ਖਰਚੇ ਜਾਰੀ ਰਹੇ। ਬਿਜਲੀ ਦਾ ਬਿੱਲ ਵੀ ਆਉਂਦਾ ਰਿਹਾ। ਪਾਣੀ ਦਾ ਮੀਟਰ ਵੀ ਘੁੰਮਦਾ ਰਿਹਾ ਅਤੇ ਟੀਚਰਾਂ ਦੀਆਂ ਤਨਖਾਹਾਂ ਵੀ ਪੈਣੀਆਂ ਹੀ ਸਨ। ਭਾਟੀਆਂ ਜੀ ਕਿਸੇ ਨੂੰ ਨਾਂਹ ਨਾ ਕਰ ਸਕਦੇ। ਇਹਨਾਂ ਨੇ ਕਿਸੇ ਨੂੰ ਵੀ ਕੋਰੋਨਾ ਦੀ ਸਖਤੀ ਦਾ ਹਵਾਲਾ ਦੇ ਕੇ ਤੰਗ ਨਹੀਂ ਕੀਤਾ। ਖੁਦ ਔਖੇ ਹੋ ਕੇ ਸਟਾਫ ਦੀਆਂ ਤਨਖਾਹਾਂ ਦਈ ਗਏ। ਇਸ ਦੌਰਾਨ ਲੰਮੇ ਲੰਮੇ ਲੇਖਾਂ ਅਤੇ ਖਬਰਾਂ ਦੇ ਨਾਲ ਨਾਲ ਮਿੰਨੀ ਕਹਾਣੀਆਂ ਲਿਖਣ ਦਾ ਸ਼ੋਂਕ ਫੀ ਫਿਰ ਜਾਗ ਪਿਆ। ਅੱਜਕਲ੍ਹ ਭਾਟੀਆਂ ਜੀ ਮਿੰਨੀ ਕਹਾਣੀਆਂ ਲਿਖਦੇ ਹਨ। ਉਹਨਾਂ ਦੀਆਂ ਕਹਾਣੀਆਂ ਤੇ ਫ਼ਿਲਮਾਂ ਵੀ ਬਣੀਆਂ ਹਨ। ਸੋਸ਼ਲ ਮੀਡੀਆ ਤੇ ਵੀ ਨਜ਼ਰ ਰੱਖਦੇ ਹਨ ਅਤੇ ਰਵੀਸ਼ ਕੁਮਾਰ ਵਾਲਾ ਪ੍ਰੋਗਰਾਮ ਵੀ ਰਾਤ ਨੂੰ ਬਾਕਾਇਦਾ ਦੇਖਦੇ ਹਨ। ਉਹਨਾਂ ਨੇ ਆਪਣੇ ਨਾਸਤਿਕਤਾ ਵਾਲੇ ਅਕੀਦੇ ਨੂੰ ਦਰਸਾਉਂਦੀ ਇੱਕ ਕਾਵਿਕੀ ਪੋਸਟ ਵੀ ਭੇਜੀ ਹੈ ਜਿਹੜੀ ਲੰਮੇ ਸਮੇਂ ਤੋਂ ਸੋਸ਼ਲ ਮੀਡੀਆ ਤੇ ਘੁੰਮ ਰਹੀ ਹੈ ਪਰ ਲੇਖਕ ਕੌਣ ਹੈ ਇਸਦਾ ਕੁਝ ਪਤਾ ਨਹੀਂ। ਲਓ ਪੜ੍ਹੋ ਤੁਸੀਂ ਵੀ ਇਹ ਰਚਨਾ।

ਉਂਝ ਤਾਂ ਮੇਰੇ ਪਿੰਡ ਰੱਬ ਨਹੀਂ ਵੱਸਦਾ

ਨੋਟ: ਇਹ ਕਵਿਤਾ ਪਤਾ ਨਹੀਂ ਕਿਸ ਸਿਰਜਕ ਦੀ ਹੈ ਪਰ ਹੈ ਕਮਾਲ। ਤਾਂ ਹੀ ਤੁਹਾਨੂੰ ਭੇਜ ਰਿਹਾਂ।
ਲੇਖਕ ਬਾਰੇ ਜੇ ਕੋਈ ਦੋਸਤ ਦੱਸ ਸਕੇ ਤਾਂ ਧੰਨਵਾਦ।
ਮੇਰੇ ਪਿੰਡ ਰੱਬ ਨਹੀਂ ਵੱਸਦਾ
ਮੇਰੇ ਪਿੰਡ ਵੱਸਦਾ ਏ
ਚੌਂਕੀਦਾਰਾਂ ਦਾ ਭਾਨਾ
ਜੋ ਨਿੱਤ ਤਾਰਿਆਂ ਦੀ ਛਾਂਵੇ
ਮੋਢੇ ਤੇ ਰੱਖ ਕੇ ਕਹੀ
ਚੱਲ ਪੈਂਦਾ ਏ "ਪਥੇਰ" ਵੱਲ ਨੂੰ।
ਤੇ ਸਾਰਾ ਦਿਨ ਹੋ ਕੇ
ਮਿੱਟੀ ਨਾਲ ਮਿੱਟੀ
ਮੂੰਹ- ਹਨ੍ਹੇਰੇ ਆ ਡਿੱਗਦਾ ਏ
ਆਪਣੇ ਕੱਚੇ ਕੋਠੇ ਅੰਦਰ
ਮੇਰੇ ਪਿੰਡ ਰੱਬ ਨਹੀਂ ਵੱਸਦਾ
ਮੇਰੇ ਪਿੰਡ ਵੱਸਦਾ ਏ
"ਗੱਜਣ ਦਾ ਮੁੰਡਾ" "
ਗੇਲਾ ਪੱਲੇਦਾਰ "
ਜੋ ਸਾਰਾ ਦਿਨ
ਸਰਕਾਰੀ ਗੁਦਾਮਾਂ ਚੋਂ
ਕਣਕ ਦੀਆਂ ਬੋਰੀਆਂ
ਲੱਦਕੇ ਟਰੱਕਾਂ 'ਚ
ਜਦੋਂ ਟੁੱਟੇ ਜਿਹੇ ਸਾੲੀਕਲ ਤੇ
ਅੱਧੀ ਰਾਤ ਨੂੰ
ਪਹੁੰਚਦਾ ਏ ਅਪਣੇ ਘਰ
ਤਾਂ ਉਸਦੇ ਬੱਚੇ
ਰੋਟੀ ਲਈ ਵਿਲਕਦੇ
ਸੌਂ ਚੁੱਕੇ ਹੁੰਦੇ ਨੇ
ਭੁੱਖਣ ਭਾਣੇ।
ਮੇਰੇ ਪਿੰਡ ਰੱਬ ਨਹੀਂ ਵੱਸਦਾ
ਮੇਰੇ ਪਿੰਡ ਵੱਸਦਾ ਏ
"ਲੰਬੜਦਾਰਾਂ ਦਾ ਬਲਕਾਰਾ"
ਜੋ ਅਪਣੇ ਘਰ ਵੱਲ ਆੳੁਦੀਂ
ਬੈਂਕ ਵਾਲਿਆਂ ਦੀ ਜੀਪ ਦੇਖਕੇ
ਆਪਣੇ "
ਬੇਰੁਜਗਾਰ ਪੁੱਤ" ਵੱਲ
ਅੱਖਾਂ ਕੱਢਦਾ
ਛਾਲ ਮਾਰਕੇ ਜਾ ਲੁਕਦਾ ਏ
ਡੰਗਰਾਂ ਵਾਲੇ ਵਰਾਂਡੇ ਵਿੱਚ
ਤੇ ਉਸਦੀ ਘਰਵਾਲੀ
ਅੱਧਾ ਕੁ ਘੁੰਡ ਕੱਢਕੇ
ਕਹਿ ਦਿੰਦੀ ਐ ਕਿ..
"ਬਿੰਦਰ ਦਾ ਬਾਪੂ ਤਾਂ ਜੀ
ਘਰੇ ਨੀ ਹੈਗਾ..."
ਮੇਰੇ ਪਿੰਡ ਰੱਬ ਨਹੀਂ ਵੱਸਦਾ
ਮੇਰੇ ਪਿੰਡ ਵੱਸਦੀ ਐ
"ਮੱਖਣ ਸ਼ਰਾਬੀ" ਦੀ ਘਰਵਾਲੀ "ਪੰਮੀ"
ਜੋ ਪਿੰਡ ਵਿੱਚੋਂ
ਚਾਰ ਪੰਜ ਘਰਾਂ ਦਾ ਸੁੱਟਕੇ ਗੋਹਾ ਕੂੜਾ
ਜਦੋਂ ਮੁੜਦੀ ਐ ਅਪਣੇ ਘਰ
ਤਾਂ ਉਸਦਾ "ਪਰਮੇਸ਼ਰ ਪਤੀ"
ਘਰ ਦਾ ਵੇਚਕੇ ਕੋਈ ਸਮਾਨ
ਪੈ ਚੁੱਕਿਆ ਹੁੰਦਾ ਏ
ਠੇਕੇ ਵਾਲੇ ਰਾਹ।
ਮੇਰੇ ਪਿੰਡ ਰੱਬ ਨਹੀਂ ਵੱਸਦਾ
ਮੇਰੇ ਪਿੰਡ ਵੱਸਦਾ ੲੇ
"ਮੱਕੀ ਖਾਣਿਆਂ ਦਾ ਪਾਲਾ"
ਸੋਲਾਂ ਜਮਾਤਾਂ ਪੜ੍ਹਕੇ ਵੀ ਜਿਸਨੂੰ
ਮਿਲੀ ਨੀ ਸੋਲਾਂ ਰੁਪਏ
ਦੀ ਵੀ ਨੌਕਰੀ।
ਤੇ ਉਸ ਦੀ ਬੁੱਢੀ ਮਾਂ
ਪਾਗਲ ਹੋਈ ਗਲੀਆਂ ਵਿੱਚ
"ਨੌਕਰੀ ਲੈ ਲਓ, ਨੌਕਰੀ ਲੈ ਲਓ
ਦੇ ਹੋਕੇ ਦਿੰਦੀ ਫਿਰਦੀ ਐ ..."
ਮੇਰੇ ਪਿੰਡ ਰੱਬ ਨਹੀਂ ਵੱਸਦਾ
ਮੇਰੇ ਪਿੰਡ ਵੱਸਦੀ ਐ
"ਬੇਬੇ ਬਚਨੀਂ "
ਤੇ ਉਸ ਦਾ ਪਤੀ "ਕਰਤਾਰਾ"
ਜਿੰਨਾਂ ਪੁੱਤ ਪੜ੍ਹਾਏ ਸੀ
ਜਾਨ ਤੋੜ ਮਿਹਨਤਾਂ ਕਰਕੇ
ਅੱਜ ਉਹਨਾਂ ਪੁੱਤਾਂ ਨੇ ਹੀ
ਉਹਨਾਂ ਦੇ ਮੰਜੇ ਸੁੱਟ ਦਿੱਤੇ ਨੇ
ਤੂੜੀ ਵਾਲੇ ਘਰ।
ਜਿੱਥੇ ਬੈਠੇ ਉਹ
ਸਾਹਮਣੇ ਬਣੀਆਂ ਆਪਣੇ
"ਅਫਸਰ ਪੁੱਤਾਂ" ਦੀਆਂ ਕੋਠੀਆਂ ਵੱਲ
ਪਾਗਲਾਂ ਵਾਂਗ
ਟਿਕਟਿਕੀ ਲਗਾਕੇ ਤੱਕਦੇ ਰਹਿੰਦੇ ਨੇ...
ਮੇਰੇ ਪਿੰਡ ਰੱਬ ਨਹੀਂ ਵੱਸਦਾ
ਮੇਰੇ ਪਿੰਡ ਵੱਸਦੀਆਂ ਨੇ
ਸੀਤੋ,ਨੋਖੀ,ਗੇਜੋ ,ਨੰਜੋ ਤੇ ਲਾਭੋ
ਵਰਗੀਆਂ 'ਭੋਲੀਆਂ ਰੂਹਾਂ"
ਜੋ ਥੱਪ ਕੇ ਮੋਟੀਆਂ- ਮੋਟੀਆਂ ਰੋਟੀਆਂ
ਦਾਤੀਆਂ ਪੱਲੀਆਂ ਲੈ ਕੇ
ਚੱਲ ਪੈਂਦੀਆਂ ਨੇ
ਟਿੱਬਿਆਂ ਵੱਲ ਨੂੰ।
ਤੇ ਜਦੋਂ ਸਿਖਰ ਦੁੁਪਿਹਰੇ
ਮੁੜਦੀਆਂ ਨੇ ਵਾਪਿਸ
ਤਾਂ ਉਹਨਾਂ ਦੀਆਂ
ਪੰਡਾਂ ਵਿੱਚ ਹੁੰਦੇ ਨੇ
ਚਿੱਭੜ, ਕੱਚੇ ਪੱਕੇ ਬੇਰ,
ਕੌੜ ਤੁੰਮੇ,ਰੇਹ ਦੇ ਥੈਿਲਆਂ ਦੇ ਧਾਗੇ
ਤੇ ਟੁੱਟੇ ਪਾਇਪਾਂ ਦੇ ਟੁਕੜੇ।
ਸੱਚ ਆਖਦਾਂ ਹਾਂ ਦੋਸਤੋ!
ਮੇਰੇ ਪਿੰਡ ਰੱਬ ਨਹੀਂ ਵਸਦਾ
ਜੇਕਰ ਤੁਹਾਨੂੰ ਕਿਤੇ
ਰੱਬ ਮਿਲੇ
ਉਸਨੂੰ ਮੇਰੇ ਪਿੰਡ ਜ਼ਰੂਰ ਭੇਜਣਾ।

ਲੇਖਕਾਂ ਦੇ ਇੱਕ ਗਰੁੱਪ ਨਾਲ ਐਮ ਐਸ ਭਾਟੀਆ ਪੰਜਾਬੀ ਭਵਨ ਵਿੱਚ (ਫੋਟੋ-ਰੈਕਟਰ ਕਥੂਰੀਆ)

ਇਹ ਸਾਰਾ ਬਿਰਤਾਂਤ ਅਤੇ ਇਹ ਕਾਵਿਕ ਰਚਨਾ ਤੁਹਾਨੂੰ ਕਿਵੇਂ ਲੱਗੇ ਜ਼ਰੂਰ ਦੱਸਣਾ। ਤੁਹਾਡੇ ਵਿਚਾਰਾਂ ਦੀ ਉਡੀਕ ਤਾਂ ਰਹੇਗੀ ਹੀ। ਜੇ ਤੁਸੀਂ ਚਾਹੋਂ ਤਾਂ ਭਾਟੀਆਂ ਜੀ ਨੂੰ ਸਿੱਧਾ ਫੋਨ ਵੀ ਕਰ ਸਕਦੇ ਹੋ। ਉਹਨਾਂ ਨਾਲ ਸੰਪਰਕ ਲਈ ਉਹਨਾਂ ਦਾ ਮੋਬਾਈਲ ਨੰਬਰ ਹੈ-9988491002 ਜੇ ਮੋਬਾਈਲ ਨਾ ਚੁੱਕਣ ਤਾਂ ਬਾਰ ਬਾਰ ਨਾ ਘੰਟੀ ਖੜਕਾਇਓ, ਉਹਨਾਂ ਨੇ ਤੁਹਾਨੂੰ ਆਪ ਹੀ ਮੋੜਵਾਂ ਫੋਨ ਕਰ ਲੈਣਾ ਹੈ। 

ਤੁਹਾਡੇ ਵਿਚਾਰਾਂ ਦੀ ਉਡੀਕ ਵਿੱਚ -ਰੈਕਟਰ ਕਥੂਰੀਆ 

Thursday, 19 August 2021

ਐੱਸ. ਬਲਵੰਤ ਅਤੇ ਮੇਘ ਰਾਜ ਗੋਇਲ ਦਾ ਵਿਛੋੜਾ-ਹਰ ਪਾਸੇ ਸੋਗ ਦੀ ਲਹਿਰ

 Thursday: 19th August 2021 at 05:22 PM WhatsApp

 ਕੇਂਦਰੀ ਲੇਖਕ ਸਭਾ ਨੇ ਵੀ ਡੂੰਘਾ ਸੋਗ ਪ੍ਰਗਟਾਇਆ 


ਚੰਡੀਗੜ੍ਹ
:19 ਅਗਸਤ 2021: (ਸਾਹਿਤ ਸਕਰੀਨ ਬਿਊਰੋ)::

ਪੰਜਾਬੀ ਸਾਹਿਤ  ਜਗਤ ਨੂੰ ਲਗਾਤਾਰ ਘਾਟਾ ਪੈ ਰਿਹਾ ਹੈ। ਐਸ ਬਲਵੰਤ, ਮੇਘਰਾਜ ਗੋਇਲ ਅਤੇ ਜਸਵੰਤ ਸਿੰਘ ਅਮਨ ਹੁਰਾਂ ਦੇ ਅਕਾਲ ਚਲਾਣੇ ਦੀਆਂ ਖਬਰਾਂ ਅੱਗੜ ਪਿੱਛੜ ਆਈਆਂ ਹਨ। ਪੰਜਾਬੀ ਸਾਹਿਤ ਨਾਲ ਸਬੰਧਤ ਸਮੂਹ ਸੰਸਥਾਵਾਂ ਵਿੱਚ ਸੋਗ ਦੀ ਲਹਿਰ ਹੈ। ਕੇਂਦਰੀ ਪੰਜਾਬੀ ਲੇਖਕ ਸਭਾ, ਪੰਜਾਬੀ ਸਾਹਿਤ ਅਕਾਦਮੀ, ਲੁਧਿਆਣਾ ਅਤੇ ਕਈ ਹੋਰ ਸੰਸਥਾਵਾਂ ਨੇ ਇਸ ਸਬੰਧੀ ਸੋਗ ਮਤੇ ਵੀ ਪਾਸ ਕੀਤੇ ਹਨ। 

ਜ਼ਿਕਰਯੋਗ ਹੈ ਕਿ ਲੇਖਕਾਂ ਅਤੇ ਪ੍ਰਕਾਸ਼ਕਾਂ ਵਿਛਕ ਮਹੱਤਵਪੂਰਨ ਸਥਾਨ ਰੱਖਣ ਵਾਲੇ ਸ਼੍ਰੀ ਐੱਸ. ਬਲਵੰਤ ਸਦੀਵੀ ਵਿਛੋੜਾ ਦੇ ਗਏ ਹਨ। ਉਨ੍ਹਾਂ ਦਾ ਜਨਮ 10 ਫਰਵਰੀ 1946 ਨੂੰ ਜਲੰਧਰ ਨੇੜੇ ਪਿੰਡ ਚਿੱਟੀ ਵਿਖੇ ਹੋਇਆ ਸੀ। ਉਹ ਬਹੁ-ਪੱਖੀ ਪ੍ਰਤਿਭਾ ਦੇ ਮਾਲਕ ਸਨ। ਉਨ੍ਹਾਂ ‘ਅੰਗਰੇਜ਼ੀ-ਪੰਜਾਬੀ (ਰੋਮਨ ਅਤੇ ਗੁਰਮੁਖੀ ਸਕਰਿਪਟ) ਡਿਕਸ਼ਨਰੀ’(1999) ਵਿਚ ਸ਼੍ਰੀ ਜਸਬੀਰ ਅਟਵਾਲ ਨਾਲ ਮਿਲ ਕੇ ਤਿਆਰ ਕੀਤੀ ਸੀ। ‘ਇਨਸਾਇਕਲੋਪੀਡੀਆ ਆਫ਼ ਪੰਜਾਬੀ ਕਲਚਰ ਅਤੇ ਹਿਸਟਰੀ’, ‘ਗੰਮਨਾਮ ਸਿਪਾਹੀ’, ‘ਮਹਾਨਗਰ’ ਅਤੇ ‘ਲਵ ਡਾਇਲਾਗ’ (ਹੀਰ-ਵਾਰਿਸ ’ਚੋਂ) ਉਨ੍ਹਾਂ ਦੀਆਂ ਚਰਚਿਤ ਪੁਸਤਕਾਂ ਹਨ। ਉਹ ਇੰਗਲੈਂਡ ਵਿਚ ਸੈਂਟਰ ਫ਼ਾਰ ਪੰਜਾਬ ਅਤੇ ਫ਼ੈਡਰੇਸ਼ਨ ਆਫ਼ ਇੰਡੀਅਨ ਪਬਲਿਸ਼ਰਜ਼ ਦੇ ਪ੍ਰਧਾਨ ਵੀ ਰਹੇ। ਉਨ੍ਹਾਂ ਦੇ ਸਦੀਵੀ ਵਿਛੋੜੇ ਨਾਲ ਸਾਹਿਤ ਜਗਤ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਕੁਝ ਦਿਨ ਪਹਿਲਾਂ ਹੀ ਉਹਨਾਂ ਪ੍ਰਸਿੱਧ ਲੇਖਿਕਾ ਸੁਲਤਾਨਾ ਬੇਗਮ ਨਾਲ ਹੋਈ ਟੈਲੀਫ਼ੋਨਿਕ ਗੱਲਬਾਤ ਦੌਰਾਨ  ਦੱਸਿਆ ਸੀ ਕਿ "ਸੁਲਤਾਨਾ ਮੈਂ ਇਕ ਨਾਵਲ ਲਿਖ ਰਿਹਾ ਸੀ ਪਰ ਓਹ ਮੁਕੰਮਲ ਨਹੀਂ ਹੋਇਆ।"

ਸੁਲਤਾਨਾ ਬੇਗਮ ਨੇ ਦਿਲਾਸਾ ਦਿੰਦੇ ਹੋਏ ਕਿਹਾ..
"ਹਿਮੰਤ ਕਰੋ, ਹੌਸਲਾ ਰੱਖੋ। ਬਥੇਰੇ ਨਾਵਲ ਲਿਖਣੇ ਐਂ ਤੁਸੀਂ"
ਉਹਨਾਂ ਨੂੰ ਖੰਘ ਛਿੜ ਪਈ..
ਥੋੜ੍ਹਾ ਸਾਹ ਲੈ ਕੇ ਕਹਿੰਦੇ..
" ਮੈਂ ਲਾਹੌਰ ਘੁੰਮ ਰਿਹਾਂ। ਪੈੜਾਂ ਦੇ ਸਿਰਨਾਵੇਂ ਲੱਭ ਰਿਹਾਂ। ਮੇਰੀ ਤਮੰਨਾ ਸੀ ਕਿ" ਕਤਰਾ ਕਤਰਾ ਜ਼ਿੰਦਗੀ " ਦੀ ਤਰ੍ਹਾਂ" ਲਾਹੌਰ ਕਿੰਨੀ ਦੂਰ" ਲਈ ਵੀ ਕੁਝ ਲਿਖਾਂ ਪਰ ਸਿਹਤ ਇਜਾਜ਼ਤ ਨਹੀਂ ਦਿੰਦੀ"
ਸੁਲਤਾਨਾ ਨੇ ਫਿਰ ਕਿਹਾ..
" ਲੈ ਦੱਸੋ! ਮਿਰਜ਼ਾ ਮਰ ਗਿਆ ਕਿ ਸਾਰੰਗੀ ਟੁੱਟ ਗਈ? ਤੁਸੀਂ ਦੂਜੀ ਐਡੀਸ਼ਨ ਲਈ ਲਿਖ ਦੇਣਾ"
ਅਫ਼ਸੋਸ ਕੱਲ੍ਹ ਉਹ ਖ਼ਬਰ ਆ ਈ ਗਈ।
ਸਾਰੰਗੀ ਟੁੱਟ ਗਈ ਤੇ ਸੁਰ ਖ਼ਾਮੋਸ਼ ਹੋ ਗਏ।
ਉਫ਼..!

ਇਸੇ ਤਰ੍ਹਾਂ ਪ੍ਰਸਿਧ ਨਾਵਲਕਾਰ ਸ਼੍ਰੀ ਮੇਘ ਰਾਜ ਗੋਇਲ ਸਦੀਵੀ ਵਿਛੋੜਾ ਦੇ ਗਏ ਹਨ। ਉਹ ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ.) ਦੇ ਜੀਵਨ ਮੈਂਬਰ ਅਤੇ ਮਾਲਵਾ ਲਿਖਾਰੀ ਸਭਾ ਬਰਨਾਲਾ ਦੇ ਮੀਤ ਪ੍ਰਧਾਨ ਸਨ। ਉਨ੍ਹਾਂ ਨੇ ‘ਕੱਚੇ ਕੋਠੇ ਵਾਲੀ’, ‘ਕਰਤਾਰ’ ਅਤੇ ‘ਅਰਮਾਨ’ ਤਿੰਨ ਨਾਵਲ, ਦੋ ਕਾਵਿ ਸੰਗ੍ਰਹਿ ‘ਵਲਵਲੇ’ ਅਤੇ ‘ਦਿਲ ਦਾ ਦਰਪਣ’ ਅਤੇ ਕਹਾਣੀ ਸੰਗ੍ਰਹਿ ‘ਸੱਚ ਦਾ ਪਰਾਗਾ’ ਸਾਹਿਤ ਜਗਤ ਦੀ ਝੋਲੀ ਪਾਇਆ।

ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ.) ਦੇ ਪ੍ਰਧਾਨ ਸ਼੍ਰੀ ਦਰਸ਼ਨ ਬੁੱਟਰ ਅਤੇ ਜਨਰਲ ਸਕੱਤਰ ਡਾ. ਸੁਖਦੇਵ ਸਿੰਘ ਸਿਰਸਾ ਨੇ ਸ਼੍ਰੀ ਐੱਸ. ਬਲਵੰਤ ਅਤੇ ਸ਼੍ਰੀ ਮੇਘ ਰਾਜ ਗੋਇਲ ਦੇ ਸਦੀਵੀ ਵਿਛੋੜੇ ਉਤੇ ਉਨ੍ਹਾਂ ਦੇ ਪਰਿਵਾਰ ਅਤੇ ਸਨੇਹੀਆਂ ਨਾਲ ਹਾਰਦਿਕ ਸੰਵੇਦਨਾ ਸਾਂਝੀ ਕੀਤੀ ਹੈ। 

Friday, 13 August 2021

ਨਾਵਲ ਦੀ ਰੂਹ ਸੋਹਣ ਕਾਦਰੀ ਦੀ ਕਲਾਕਿਰਤ ਵਿੱਚੋਂ ਕਿਵੇਂ ਉਦੈ ਹੋਈ

 ਸਰਵਰਕ ਸਿਰਜਣਾ ਦੇ ਪਿੱਛੇ ਦੀ ਕਹਾਣੀ ਸਵਰਨਜੀਤ ਸਵੀ ਦੀ ਜ਼ੁਬਾਨੀ  

ਪੁਸਤਕਾਂ ਦੇ ਸਰਵਰਕ ਬਣਾਉਣਾ ਕੁਝ ਲੋਕਾਂ ਨੂੰ ਲੱਗਦਾ ਭਾਵੇਂ ਸੌਖਾ ਜਿਹਾ ਹੀ ਹੋਵੇ ਪਰ ਇਹ ਆਸਾਨ ਨਹੀਂ ਹੁੰਦਾ। ਨਾਵਲ ਜਾਂ ਕਾਵਿ ਸੰਗ੍ਰਹਿ ਦੀ ਰੂਹ ਨਾਲ ਇੱਕ ਹੋਣਾ ਪੈਂਦਾ ਹੈ। ਉਸ ਵੇਲੇ ਇੰਝ ਲੱਗਦਾ ਹੈ ਜਿਵੇਂ ਸਰਵਰਕ ਸਿਰਜਕ ਕਿਸੇ ਡੂੰਘੀ ਸਮਾਧੀ ਵਿੱਚ ਹੋਵੇ। ਅੰਤਰਜਾਮੀ ਬਣ ਗਿਆ ਹੋਵੇ। ਕਈ ਵਾਰ ਉਹ ਲੇਖਕ ਨੂੰ ਬਿਨਾ ਕੁਝ ਪੁੱਛੇ ਉਹਨਾਂ ਸਭਨਾਂ ਗੱਲਾਂ ਨੂੰ ਵੀ ਲੱਭ ਲੈਂਦਾ ਹੈ ਜਿਹੜੀਆਂ ਖੁਦ ਲੇਖਕ ਨੂੰ ਵੀ ਆਪਣੀ ਸਾਹਿਤ ਸਾਧਨਾ ਦੌਰਾਨ ਕਦੇ ਨਹੀਂ ਦਿੱਸੀਆਂ ਹੁੰਦੀਆਂ। ਸਵਰਨਜੀਤ ਸਵੀ ਜਦੋਂ ਲੇਖਕ ਦੀ ਕਿਤਾਬ ਦਾ ਸਰਵਰਕ ਬਣਾਉਂਦਾ ਹੈ ਤਾਂ ਬਹੁਤ ਹੀ ਧਿਆਨ ਨਾਲ ਦੇਖਿਆਂ ਅਹਿਸਾਸ ਹੁੰਦਾ ਹੈ ਕਿ ਉਸਨੇ ਲੇਖਕ ਦੇ ਫਲਸਫੇ ਅਤੇ ਜੀਵਨ ਸਾਧਨਾ ਦੀ ਹੀ ਥੋੜ੍ਹੀ ਜਿਹੀ ਝਲਕ ਦਿਖਾ ਦਿੱਤੀ ਹੈ। ਇਸ ਤਰ੍ਹਾਂ ਪਾਠਕ ਕਿਤਾਬ ਰਾਹੀਂ ਲੇਖਕ ਨਾਲ ਮੁਲਾਕਾਤ ਕਰਨੀ ਸ਼ੁਰੂ ਕਰਦਾ ਹੈ। ਬਿਨਾ ਲੇਖਕ ਨੂੰ ਮਿਲਿਆਂ ਬਿਨਾ ਉਸ ਨਾਲ ਗੱਲ ਕੀਤਿਆਂ। ਇਸ ਤਰ੍ਹਾਂ ਸਰਵਰਕ ਸਿਰਜਕ ਲੇਖਕ ਅਤੇ ਪਾਠਕ ਦਰਮਿਆਨ ਇੱਕ ਰਾਬਤਾ ਬਣ ਜਾਂਦਾ ਹੈ। ਇੱਕ ਅਣਦਿਸਦਾ ਪੁਲ। ਸਹਿਜ  ਆਸਾਂ ਮਨਮੋਹਨ ਹੁਰਾਂ ਦੀ ਨਵੀਂ ਕਿਤਾਬ ਆਈ ਹੈ। ਇਸਦਾ ਸਰਵਰਕ ਬਣਾਉਂਦਿਆਂ ਕਲਾਕਾਰ ਸਵਰਨਜੀਤ ਸਵੀ ਨੇ ਜੋ ਅਨੁਭਵ ਕੀਤਾ ਉਹ ਡੂੰਘੀ ਮੈਡੀਟੇਸ਼ਨ ਵਾਂਗ ਹੈ। ਉਸ ਅਨੁਭਵ ਦੇ ਪ੍ਰਗਟਾਵੇ ਦੀਆਂ ਗੱਲਾਂ ਕਿਸੇ ਅਲੌਕਿਕ ਦੁਨੀਆਂ ਦੀਆਂ ਗੱਲਾਂ ਵਾਂਗ ਅਨਮੋਲ ਹਨ। ਲਓ ਪੜ੍ਹੋ ਅਤੇ ਮਹਿਸੂਸ ਕਰੋ। ਕਿੰਝ ਕੀਤੀ ਜਾਂਦੀ ਹੈ ਪੁਸਤਕ ਦੀ ਰੂਹ ਤੱਕ ਪਹੁੰਚ ਅਤੇ ਕਿੰਝ ਬਣਦਾ ਹੈ ਸਰਵਰਕ। --ਕਾਰਤਿਕਾ ਸਿੰਘ 

“ਸਹਿਜ ਗੁਫਾ ਮਹਿ ਆਸਣ” 

ਮਨਮੋਹਨ ਰਚਿਤ ਭਰਥਰੀ ਬਾਰੇ ਪੰਜਾਬੀ ਨਾਵਲ ‘ਚ ਨਵੀਂ ਲੀਹ

ਡਾ. ਮਨਮੋਹਨ ਦੀਆਂ ਬਹੁਤ ਸਾਰੀਆਂ ਕਿਤਾਬਾਂ ਦੇ ਸਰਵਰਕ ਬਣਾਏ ਨੇ, ਇਸ ਵਾਰ ਉਸਦੇ ਨਵੇਂ ਨਾਵਲ 'ਸਹਿਜ ਗੁਫਾ ਮਹਿ ਅਸਣੁ' ਦਾ ਸਰਵਰਕ ਬਣਾਉਂਦਿਆਂ ਕਈ ਪੇਂਟਿੰਗਾਂ ਦੀ ਚੋਣ ਹੁੰਦੀ ਹੁੰਦੀ ਰਹਿ ਗਈ ਤੇ ਅੰਤ ਨਾਵਲ ਦੀ ਰੂਹ ਸੋਹਣ ਕਾਦਰੀ ਦੀ ਇਸ ਕਲਾਕਿਰਤ ਵਿੱਚੋਂ ਉਦੈ ਹੋਈ ਤੇ ਕਵਰ ਬਣ ਗਿਆ।

ਨਾਵਲ ਪੱੜਦਿਆਂ ਬਹੁਤ ਸਾਰੇ ਪੱਖ ਧਿਆਨ ਖਿੱਚਦੇ ਰਹੇ। ਜਿਸ ਭਾਸ਼ਾ ਦਾ ਪ੍ਰਯੋਗ ਮਨਮੋਹਨ ਨੇ ਕੀਤਾ ਹੈ ਉਹ ਪਾਠਕ ਨੂੰ ਓਸ ਸਮੇ ਚ’ ਲੈ-ਜਾਣ ਦਾ ਜ਼ਬਰਦਸਤ ਵਾਹਕ ਬਣਦਾ ਹੈ। ਭਾਸ਼ਾ ਦੀ ਚਾਸ਼ਣੀ ਕੀਲਣਹਾਰੀ ਹੈ।

ਇਸ ਨਾਵਲ ਦੇ ਸ਼ੁਰੂਆਤੀ ਪੰਨਿਆਂ ਤੋਂ ਬਾਦ ਸਿਲਕ ਰੂਟ ਦਾ ਬਾਰੀਕ ਤੇ ਸਿਲਕੀ ਵਰਨਣ ਮੈਨੂੰ ਪਾਮੁਕ ਦੇ ਨਾਵਲ “ਦ ਮਿਊਜ਼ੀਅਮ ਆਫ਼ ਇਨੋਸੈਂਸ” ਦੇ ਉਂਨਾਂ ਚਾਲੀ ਉੱਤਮ ਸਫ਼ਿਆਂ ਚ' ਲੈ ਗਿਆ ਜਿੱਥੇ ਉਹ ਸੈਰੇਮਿਕ ਦੇ ਬੁੰਦੇ ਤੋਂ ਸ਼ੁਰੂ ਹੁੰਦਾ ਉਸ ਕਾਰੀਗਰੀ ਦੀ ਗਹਿਰੀ ਹਿਸਟਰੀ ਲਿਖ ਜਾਂਦਾ।

ਛੇਵੀਂ ਸਦੀ ਦੀ ਪਿੱਠ ਭੂਮੀ, ਧਰਮ, ਸ਼ਾਸਤਰ, ਵੇਦ' ਯੋਗ, ਹੱਠ-ਯੋਗ, ਜਪ-ਤਪ-ਯੋਗ, ਨੀਤੀ,ਕਾਮ,ਮੋਕਸ਼, ਵੈਭਵ, ਪਤੰਜਲੀ’ ਅਸ਼ਟਾਂਗ ਯੋਗ,ਨਾਰੀ ਮਨ, ਨਾਂਥ, ਵੈਰਾਗ,ਸੱਤਾ,ਸੌਂਦਰਯ , ਸੰਗੀਤ, ਗੋਰਖ ਨਾਥ, ਕੁਦਰਤ, ਦੇਵ ਬਿਰਤੀ, ਪਸ਼ੂ ਬਿਰਤੀ, ਸੰਤ ਬਿਰਤੀ, ਧਿਆਨ ਅਤੇ ਕਾਵਿ ਬਾਰੇ ਗਹਿਰੀਆਂ ਪਰਤਾਂ ਛੂੰਹਦਾ ਕਮਾਲ ਦਾ ਬਿਰਤਾਂਤ ਸਿਰਜਿਆ ਗਿਆ ਹੈ। ਜੋ ਮਨਮੋਹਨ ਦੇ ਗਹਿਨ ਅਧਿਐਨ ਤੇ ਲੰਬੀ ਸਾਧਨਾ ਚੋ’ ਪਰਗਟਿਆ ਹੈ। ਅਖੀਰਲੇ ਤਿਨ ਚੈਪਟਰ ਭਰਥਰੀ ਦੇ ਕਾਵਿ ਬਾਰੇ ਕਾਲੀ ਦਾਸ, ਵੁਰੁਚਿ, ਭਵਭੂਤੀ, ਭਾਰਵ ਆਦਿ ਆਪਣੇ ਵਿਚਾਰ ਪੇਸ਼ ਕਰਦੇ ਮਹਾਂ ਕਾਵਿ ਗੋਸ਼ਟਿ ਰਚਾਉਂਦੇ ਹਨ। ਨਾਵਲ ਪੜਦਿਆਂ ਬਹੁਤ ਵਾਰ ਭਰਥਰੀ ਤੇ ਮਨਮੋਹਨ ਇੱਕ ਰੂਪ ਹੁੰਦੇ ਪ੍ਰਤੀਤ ਹੋਣ ਲੱਗਦੇ ਹਨ।

ਭਰਥਰੀ ਹਰੀ ਦੇ ਜੀਵਨ ਨੂੰ ਆਧਾਰ ਬਣਾਕੇ ਲਿਖਿਆ ਨਾਵਲ ਡਾ ਮਨਮੋਹਨ ਦੇ ਸਿਦਕ-ਸਾਧਨਾ-ਗਿਆਨ ਤੇ ਉਸਦੀ ਵਿਸਤ੍ਰਿਤ ਦ੍ਰਿਸ਼ਟੀ ਦੇ ਨਾਲ ਨਾਲ ਸਿਰਜਣ ਦੀ ਲਗਾਤਾਰਤਾ ਦੇ ਤਰਕਸ਼ ਚੋਂ ਨਿਕਲਿਆ ਐਸਾ ਤੀਰ ਹੈ ਜੋ ਪੰਜਾਬੀ ਨਾਵਲ ਦਾ ਸੁਨਹਿਰਾ ਪੰਨਾ ਹੋਣ ਦਾ ਮਾਣ ਹਾਸਿਲ ਕਰੇਗਾ।

ਮਨਮੋਹਨ ਨੂੰ ਇਸ ਮਹਾਨ ਕਿਰਤ ਲਈ ਵਧਾਈ ਪੇਸ਼ ਕਰਦਿਆਂ ਕੁਝ ਦਿਨਾਂ ਤੱਕ ਛਪਕੇ ਆਉਣ ਵਾਲੇ ਨਾਵਲ ਨੂੰ ਹਰ ਸੁਹਿਰਦ ਲੇਖਕ ਪਾਠਕ ਨੂੰ ਪੜਨਾ ਚਾਹੀਦਾ।

ਸਵਰਨਜੀਤ ਸਵੀ

11 08 2021                              ਫੇਸਬੁੱਕ ਤੇ ਪੋਸਟ ਕੀਤਾ 12 ਅਗਸਤ ਵੀਰਵਾਰ ਨੂੰ ਰਾਤੀਂ 10:05 ਵਜੇ 

ਰਣਜੀਤ ਸਿੰਘ ਹੁਰਾਂ ਨਾਲ ਸਬੰਧਤ ਇੱਕ ਹੋਰ ਲਿਖਤ ਪੜ੍ਹੋ ਇਥੇ ਕਲਿੱਕ ਕਰ ਕੇ 

ਪੰਜਾਬੀ ਸਾਹਿਤ ਅਕਾਦਮੀ ਦੀ ਚੋਣ ਅਤੇ ਡਾ. ਗੁਲਜ਼ਾਰ ਪੰਧੇਰ 

ਪੰਜਾਬੀ ਸਾਹਿਤ ਅਕਾਦਮੀ ਨਾਲ ਹੋਰ ਸਬੰਧਤ ਖਬਰਾਂ ਦੇਖਣ ਲਈ ਇਥੇ ਕਲਿੱਕ ਕਰੋ ਜੀ 

ਡਾ. ਲਖਵਿੰਦਰ ਜੌਹਲ ਬਣੇ ਪੰਜਾਬੀ ਸਾਹਿਤ ਐਕਡਮੀ ਦੇ ਬਿਨਾ ਮੁਕਾਬਲਾ ਪ੍ਰਧਾਨ



Saturday, 7 August 2021

ਡਾ ਦੇਵਿੰਦਰ ਦਿਲਰੂਪ ਦੀ ਗ਼ਜ਼ਲਾਂ ਦੀ ਨਵੀਂ ਕਿਤਾਬ "ਸਰਸਰਾਹਟ" ਵੀ ਤਿਆਰ

ਰਿਲੀਜ਼ ਹੋਏਗੀ 10 ਅਗਸਤ ਨੂੰ-ਮੁੱਖ ,ਮਹਿਮਾਨ ਹੋਣਗੇ ਡਾ. ਸੁਰਜੀਤ ਪਾਤਰ 


ਲੁਧਿਆਣਾ: 7 ਅਗਸਤ 2021: (ਸਾਹਿਤ ਸਕਰੀਨ ਬਿਊਰੋ)::

ਡਾ. ਦੇਵਿੰਦਰ ਦਿਲਰੂਪ ਬਹੁਤ ਪਤੇ ਦਾ ਲਿਖਦੀ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀਆਂ ਡਿਊਟੀਆਂ,  ਪਰਿਵਾਰਿਕ ਜ਼ਿੰਮੇਵਾਰੀਆਂ ਅਤੇ ਸਿਹਤ ਦੇ ਉਲਝੇਵੇਂ ਇਹ ਸਾਰੇ ਰਲ ਕੇ ਵੀ ਉਸਦੀ ਸਾਹਿਤ ਰਚਨਾ ਨੂੰ ਰੋਕ ਨਹੀਂ ਸਕੇ। ਉਸ ਵੱਲੋਂ ਲਿਖੀਆਂ ਗ਼ਜ਼ਲਾਂ ਦੀ ਨਵੀਂ ਕਿਤਾਬ "ਸਰਸਰਾਹਟ" ਵੀ ਛਪ ਕੇ ਆ ਗਈ ਹੈ। ਇਸ ਕਿਤਾਬ ਨੂੰ ਬੜੀ ਹੀ ਮਿਹਨਤ ਨਾਲ ਕੰਮ ਕਰਨ ਵਾਲੇ 'ਤਰਲੋਚਨ ਪਬਲਿਸ਼ਰਜ਼, ਚੰਡੀਗੜ' ਵਲੋਂ ਛਾਪਿਆ ਗਿਆ ਹੈ ਅਤੇ ਇਸ ਦਾ ਟਾਈਟਲ ਪੇਜ ਕਲਾ ਦੀਆਂ ਬਾਰੀਕੀਆਂ ਦੀ ਪੂਰੀ ਸਮਝ ਰੱਖਣ ਵਾਲੇ ਸਵਰਨਜੀਤ 'ਸਵੀ' ਨੇ ਡਿਜ਼ਾਇਨ ਕੀਤਾ ਹੈ। 

ਇਹ ਦਿਲਰੂਪ ਦੀ ਚੌਥੀ ਕਿਤਾਬ ਹੈ। ਇਹ ਨਿਰੋਲ ਗ਼ਜ਼ਲਾਂ ਦੀ ਕਿਤਾਬ ਹੈ। ਇਸ ਦੇ 80 ਪੰਨੇ ਹਨ ਅਤੇ ਮੁੱਲ 200 ਰੁਪਏ  ਹੈ। ਇਸ ਦਾ ਲੋਕ ਅਰਪਨ ਸਮਾਗਮ 10 ਅਗਸਤ, 2021 ਨੂੰ 3 ਵਜੇ, ਯੰਗ ਰਾਈਟਰਸ ਐਸੋਸੀਏਸ਼ਨ, ਪੰਜਾਬ ਐਗਰੀਕਲਚਰਲ ਯੂਨੀਵਰਸਟੀ, ਲੁਧਿਆਣਾ ਵਲੋਂ PAMETI ਵਿਖੇ ਹੋ ਰਿਹਾ ਹੈ, ਜਿਸ ਵਿਚ ਡਾ. ਸੁਰਜੀਤ ਪਾਤਰ,  ਚੇਅਰਮੈਨ ਪੰਜਾਬ ਕਲਾ ਪ੍ਰੀਸ਼ਦ  ਬਤੌਰ ਮੁੱਖ ਮਹਿਮਾਨ ਦੇ ਸ਼ਿਰਕਤ ਕਰਨਗੇ ਅਤੇ ਡਾ. ਐਚ.ਐਸ.ਧਾਲੀਵਾਲ, ਡਾਇਰੈਕਟਰ PAMETI ਵਿਸ਼ੇਸ਼ ਮਹਿਮਾਨ ਦੇ ਤੌਰ  ਤੇ ਸ਼ਾਮਲ ਹੋਣਗੇ।

ਇਸ  ਮੌਕੇ ਤੇ ਪਹੁੰਚੇ ਹੋਰ ਉੱਘੇ ਸਾਹਿਤਕਾਰ ਵੀ ਦਿਲਰੂਪ ਦੀ ਇਸ ਕਿਤਾਬ ਤੇ ਵਿਚਾਰ ਚਰਚਾ ਕਰਨਗੇ। ਦੱਸਣ ਨੂੰ ਹੋਰ ਵੀ ਕਈ ਗੱਲਾਂ ਹਨ ਪਰ ਜੇ ਸਭ ਕੁਝ ਹੀ ਦੱਸ ਦਿੱਤਾ ਤਾਂ ਫਿਰ ਤੁਸੀਂ ਉੱਥੇ ਪਹੁੰਚ ਕੇ ਕਿ ਦੇਖੋਗੇ? ਥੋੜਾ ਜਿਹਾ ਪਰਦਾ ਵੀ ਜ਼ਰੂਰੀ ਹੈ। ਸਭ ਕੁਝ ਦੇਖ ਸਕੋਗੇ ਉੱਥੇ ਖੁਦ ਹੀ ਪਹੁੰਚ ਕੇ।

ਅਖੀਰ ਵਿੱਚ ਪੜ੍ਹੋ ਡਾ. ਦੇਵਿੰਦਰ  ਦਿਲਰੂਪ ਦੀ ਇੱਕ ਕਵਿਤਾ ਜੋ ਸਾਹਿਤ ਸਕਰੀਨ ਵਿਚ ਪਹਿਲਾਂ ਵੀ ਛਪ ਚੁੱਕੀ ਹੈ 

ਸੱਚ ਨੂੰ ਕੀ ਲੋੜ ਭਲਾ,

ਝੂਠਾਂ ਦੇ ਸਾਥ ਦੀ।

ਹੱਕ ਨੂੰ ਫਿਕਰ ਕਾਹਦੀ,

 ਨਿਆਂ-ਇਨਸਾਫ ਦੀ।

ਹੱਕ ਲਈ, ਸੱਚ ਲਈ,

ਜਦ ਲਹੂ ਡੁੱਲਦਾ ਏ।

ਇਤਿਹਾਸ ਗਵਾਹ ਹੈ,

ਇਤਿਹਾਸ ਬਦਲਦਾ ਏ।

ਰਣਜੀਤ ਸਿੰਘ ਹੁਰਾਂ ਨਾਲ ਸਬੰਧਤ ਇੱਕ ਹੋਰ ਲਿਖਤ ਪੜ੍ਹੋ ਇਥੇ ਕਲਿੱਕ ਕਰ ਕੇ 

ਪੰਜਾਬੀ ਸਾਹਿਤ ਅਕਾਦਮੀ ਦੀ ਚੋਣ ਅਤੇ ਡਾ. ਗੁਲਜ਼ਾਰ ਪੰਧੇਰ 

ਪੰਜਾਬੀ ਸਾਹਿਤ ਅਕਾਦਮੀ ਨਾਲ ਹੋਰ ਸਬੰਧਤ ਖਬਰਾਂ ਦੇਖਣ ਲਈ ਇਥੇ ਕਲਿੱਕ ਕਰੋ ਜੀ 

ਡਾ. ਲਖਵਿੰਦਰ ਜੌਹਲ ਬਣੇ ਪੰਜਾਬੀ ਸਾਹਿਤ ਐਕਡਮੀ ਦੇ ਬਿਨਾ ਮੁਕਾਬਲਾ ਪ੍ਰਧਾਨ