google.com, pub-7610353441165800, DIRECT, f08c47fec0942fa0 ਸਾਹਿਤ ਸਕਰੀਨ: ਮੌਤ, ਮੁਸੀਬਤਾਂ ਤੇ ਹਰ ਪਲ ਹਿੰਮਤੀ ਐਮ ਐਸ ਭਾਟੀਆ

Friday, 20 August 2021

ਮੌਤ, ਮੁਸੀਬਤਾਂ ਤੇ ਹਰ ਪਲ ਹਿੰਮਤੀ ਐਮ ਐਸ ਭਾਟੀਆ

 ਗ਼ਜ਼ਲ ਬਹਾਨਾ ਕਰੂੰ ਔਰ ਗੁਣਗੁਣਾਊਂ ਉਸੇ  --ਰੈਕਟਰ ਕਥੂਰੀਆ

ਫਾਸ਼ੀਵਾਦ ਵਿਰੋਧੀ ਗਰੁੱਪ ਦੀ ਮੀਟਿੰਗ ਵਿੱਚ ਐਮ ਐਸ ਭਾਟੀਆ 

ਐਮ ਐਸ ਭਾਟੀਆ ਮੁੱਢ ਤੋਂ ਹੀ ਵਿਗਿਆਨਕ ਸੋਚ ਨੂੰ ਪ੍ਰਣਾਏ ਹੋਏ ਹਨ। ਬਚਪਨ ਵਿੱਚ ਹੀ ਹੱਸਦਿਆਂ ਹੱਸਦਿਆਂ ਟੂਣੇ ਵਾਲਾ ਲੱਡੂ ਖਾ ਜਾਣਾ ਅਸਲ ਵਿੱਚ ਤਰਕਸ਼ੀਲਤਾ ਵੱਲ ਵੱਧ ਰਹੀ ਸੋਚ ਦਾ ਪ੍ਰਤੀਕ ਸੀ। ਬਚਪਨ ਵਿੱਚ ਅਜਿਹਾ ਬਹੁਤ ਕੁਝ ਵਾਪਰਿਆ ਜਿਸਨੇ ਸੁਆਲ ਖੜੇ ਕੀਤੇ ,ਜਦੋਂ ਜੁਆਬ ਨਹੀਂ ਸਨ ਮਿਲਦੇ ਉਦੋਂ ਨਾਬਰੀ ਦੀ ਭਾਵਨਾ ਪੈਦਾ ਹੁੰਦੀ ਸੀ। ਇਹੀ ਭਾਵਨਾ ਵੱਡੇ ਹੋ ਕੇ ਲਾਲ ਝੰਡੇ ਨਾਲ ਜੁੜ ਗਈ ਅਤੇ ਹੁਣ ਤੱਕ ਜੁੜੀ ਹੋਈ ਹੈ। ਅੱਜ ਵੀ ਖੱਬੇ ਵਿਚਾਰਾਂ ਨਾਲ ਪ੍ਰਤੀਬੱਧਤਾ ਹੈ ਐਮ ਐਸ ਭਾਟੀਆ ਦੀ। ਬਥੇਰੀਆਂ ਚੁਣੌਤੀਆਂ ਆਈਆਂ ਪਰ ਇਹ ਸੋਚ ਕਦੇ ਕਮਜ਼ੋਰ ਨਾ ਹੋਈ।

ਐਮ ਐਸ ਭਾਟੀਆ-ਮੌਜੂਦਾ ਜਲਵਾ 
ਡਾਕਖਾਨੇ ਤੋਂ ਬਾਅਦ ਬੈਂਕ ਵਾਲੀ ਸਰਕਾਰੀ ਨੌਕਰੀ ਨੇ ਘਰ ਦੇ ਹਾਲਾਤ ਕੁਝ ਸੁਖਾਵੇਂ ਕੀਤੇ ਪਰ ਆਖਦੇ ਨੇ ਨਾਂ ਕਾਬਲ ਦੇ ਜੰਮਿਆਂ ਨੂੰ ਨਿੱਤ ਮੁਹਿੰਮਾਂ। ਇਹੀ ਕਹਾਵਤ ਬਾਅਦ ਵਿੱਚ ਬਦਲ ਕੇ ਇੰਝ ਬਣ ਗਈ:  ਪੰਜਾਬ ਦੇ ਜੰਮਿਆਂ ਨੂੰ ਨਿੱਤ ਮੁਹਿੰਮਾਂ--ਸੋ ਇਥੇ ਵੀ ਮੁਸੀਬਤਾਂ ਅਤੇ ਚੁਣੌਤੀਆਂ ਕਿਸੇ ਨ ਕਿਸੇ ਪਾਸਿਓਂ ਆ ਕੇ ਭਾਟੀਆ ਜੀ ਦੇ ਘਰ ਦਾ ਪਤਾ ਪੁੱਛ ਹੀ ਲੈਂਦੀਆਂ। ਇਹਨਾਂ ਔਕੜਾਂ ਨਾਲ ਦੋ ਦੋ ਹੱਥ ਹੁੰਦੇ ਰਹੇ। ਜਦੋਂ ਪੰਜਾਬ ਦੇ ਹਾਲਾਤ ਖਰਾਬ ਹੋਏ ਤਾਂ ਇਸਦਾ ਅਸਰ ਪਿੰਡ ਪਿੰਡ ਗਲੀ ਮੁਹੱਲੇ ਤਕ ਦੇਖਿਆ ਗਿਆ। ਹੋਰਨਾਂ ਦੇ ਨਾਲ ਨਾਲ ਗੋਲੀ ਬੰਬ ਵਾਲਾ ਖਤਰਾ ਭਾਟੀਆ ਜੀ ਦੇ ਪਰਿਵਾਰ ਤੇ ਵੀ ਮੰਡਰਾਉਣ ਲੱਗ ਪਿਆ। ਪੁਲਿਸ ਅਤੇ ਇੰਟੈਲੀਜੈਂਸ ਵੀ ਚਿੰਤਤ ਸੀ। ਹਮਲਾ ਕਰਨ ਵਾਲੇ ਨਿਸ਼ਾਨਾ ਬਣਾਉਣ ਲਈ ਨਿਕਲ ਚੁੱਕੇ ਹੋਏ ਸਨ। ਨਿਸ਼ਾਨੇ ਮਿੱਥੇ ਗਏ ਸਨ। ਸ਼ਹੀਦ ਕਾਮਰੇਡ ਗੁਰਮੇਲ ਹੂੰਝਣ ਨੇ ਵੀ ਇਸ ਚੇਤਾਵਨੀ ਨੂੰ ਜ਼ਿਆਦਾ ਗੰਭੀਰਤਾ ਨਾਲ ਨਹੀਂ ਸੀ ਲਿਆ ਅਤੇ ਹਮਲਾਵਰਾਂ ਦੀਆਂ ਗੋਲੀਆਂ ਦਾ ਨਿਸ਼ਾਨਾ ਬਣ ਗਿਆ।

ਇਸੇ ਤਰ੍ਹਾਂ ਇੱਕ ਵਾਰ ਕਾਮਰੇਡ ਰਮੇਸ਼ ਰਤਨ ਇੱਕ ਪਿੰਡ ਵਿਚ ਫਸ ਗਏ। ਕੋਲ ਕੋਈ ਹਥਿਆਰ ਵੀ ਨਹੀਂ ਸੀ। ਕਿਸੇ ਸਾਥੀ ਦਾ ਪਤਾ ਦਸਣਾ ਉਸਦੇ ਪੂਰੇ ਪਰਿਵਾਰ ਲਈ ਖਤਰਾ ਬਣਨਾ ਸੀ। ਸੋ ਕਿਸੇ ਦਾ ਦਰਵਾਜ਼ਾ ਵੀ ਨਹੀਂ ਸੀ ਖੜਕਾਉਣਾ। ਕਾਮਰੇਡ ਰਮੇਸ਼ ਰਤਨ ਨੇ ਅਚਾਨਕ ਗਲੀ ਵਿਚ ਨਜ਼ਰ ਆਏ ਕਿਸੇ ਦੋਸਤ ਕੋਲੋਂ ਧੋਤੀ ਕੁਰਤਾ ਲਿਆ, ਹੱਥ ਵਿੱਚ ਇੱਜੜ ਹੱਕਣ ਵਾਲੀ ਸੋਟੀ ਜਿਹੀ ਫੜੀ ਨਾਲ ਹੀ ਇੱਕ ਮੱਝ ਤੋਰ ਲਈ।

ਇੱਕ ਦੋਸਤ ਕੋਲੋਂ ਰਹਿ ਨਾ ਹੋਇਆ ਅਤੇ ਉਹ ਨਾਲ ਤੁਰ ਪਿਆ ਕਿ ਮੈਂ ਤਾਂ ਨੀ ਕੱਲੇ ਨੂੰ ਜਾਣ ਦਿੰਦਾ। ਉਸ ਕੋਲੋਂ ਵੀ ਕਾਮਰੇਡ ਰਮੇਸ਼ ਰਤਨ ਨੇ ਪਿੰਡ ਦੀ ਜੂਹ ਤੋਂ ਵਾਪਿਸ ਪਰਤਣ ਦਾ ਵਾਅਦਾ ਲੈ ਲਿਆ। ਥੋਹੜਾ ਜਿਹਾ ਅੱਗੇ ਗਏ ਤਾਂ ਹਮਲਾਵਰ ਹੱਥਾਂ ਵਿੱਚ ਅਸਾਲਟਾਂ ਫੜੀ ਰਮੇਸ਼ ਰਤਨ ਦੀ ਹੀ ਉਡੀਕ ਕਰ ਰਹੇ ਸਨ। ਰਮੇਸ਼ ਧੋਤੀ ਕੁਰਤੇ ਵਿੱਚ ਸੀ। ਇਸ ਲਈ ਪੈਂਟ ਕਪੋਤ ਵਾਲੇ ਤਰਮੇਸ਼ ਰਤਨ ਦੀ ਪਛਾਣ ਕਿੱਥੋਂ ਆਉਣੀ ਸੀ? ਹਾਲਾਤ ਨੂੰ ਆਮ ਵਾਂਗ ਬਣਾਉਂਦਿਆਂ ਕਾਮਰੇਡ ਸਾਹਿਬ ਉਹਨਾਂ ਹਮਲਾਵਰਾਂ ਨੂੰ ਹੀ ਪੁੱਛਣ ਲੱਗੇ ਕੌਣ ਓ ਭਾਈ ਤੁਸੀਂ ਸਾਡੇ ਪਿੰਡ ਦੇ ਤਾਂ ਲੱਗਦੇ ਨਹੀਂ। ਉਹ ਅੱਗੋਂ ਹਿਰਖ ਕੇ ਬੋਲੇ ਤੂੰ ਕੀ ਲੈਣਾ ਦੇਣਾ? ਤੂੰ ਦੱਸ ਕਿੱਧਰ ਚੱਲਿਆਂ।

ਜੁਆਨੀ ਵੇਲੇ ਐਮ ਐਸ ਭਾਟੀਆ 
ਕਾਮਰੇਡ ਰਮੇਸ਼ ਨੇ ਘੜਿਆ ਘੜਾਇਆ ਜੁਆਬ ਦਿੱਤਾ ਆਹ ਲਾਗਲੇ ਪਿੰਡ ਡੰਗਰਾਂ ਵਾਲਾ ਡਾਕਟਰ ਐ ਉਸਨੂੰ ਆਹ ਮੱਝ ਦਿਖਾਉਣੀ ਐ ਜ਼ਰਾ। ਤੁਹਾਨੂੰ ਇਤਰਾਜ਼ ਐ ਤਾਂ ਭਾਵੇਂ ਤੁਸੀਂ ਡਾਕਟਰ ਤੱਕ ਮੱਝ ਨੂੰ ਛੱਡ ਦਿਓ। ਉਹ ਹੋਰ ਚਿੜ੍ਹ ਗਏ ਤੇ ਬੋਲੇ ਜਾਹ ਜਾਹ ਛੇਤੀ ਨਿਕਲ। ਤੇ ਕਾਮਰੇਡ ਰਮੇਸ਼ ਰਤਨ ਛੇਤੀ ਨਾਲ ਨਿਕਲ ਆਏ। ਕਿਸੇ ਲਾਗਲੇ ਪਿੰਡ ਆ ਕੇ ਸਵਾਰੀ ਲਈ ਕੱਪੜੇ ਬਦਲੇ ਅਤੇ ਘਰ ਪੁੱਜ ਗਏ। ਪੂਰੇ ਘੇਰੇ ਵਿੱਚੋਂ ਨਿਕਲਣਾ ਸੰਭਵ ਹੀ ਨਹੀਂ ਸੀ ਲੱਗਦਾ। ਪੂਰੀ ਕਹਾਣੀ ਕਾਫੀ ਲੰਮੀ ਹੈ ਸੋ ਬਾਕੀ ਫਿਰ ਕਦੇ ਵਿਸਥਾਰ ਨਾਲ ਸਹੀ। ਰਮੇਸ਼ ਰਤਨ ਜੀ ਉਸ ਘੇਰੇ ਵਿੱਚੋਂ ਮੌਤ ਨੂੰ ਝਕਾਨੀ ਦੇ ਕੇ ਨਿਕਲ ਆਏ ਇਹੀ ਵੱਡੀ ਗੱਲ।

ਪਰ ਐਮ ਐਸ ਭਾਟੀਆ ਉਸ ਸਮੇਂ ਤੱਕ ਏਨੇ ਸ਼ਾਤਰ ਅਤੇ ਅਨੁਭਵੀ ਵੀ ਨਹੀਂ ਸਨ। ਦੂਜੇ ਪਾਸੇ ਸ਼ਹਿਰੀ ਮੁਹੱਲਿਆਂ ਦਾ ਮਾਹੌਲ ਵੀ ਪਿੰਡਾਂ ਤੋਂ ਘੱਟ ਨਹੀਂ ਹੁੰਦਾ। ਹਰ ਘਰ ਤੇ ਹਰ ਘਰ ਦੀ ਅੱਖ ਹੁੰਦੀ ਹੈ। ਸਮਝੋ ਕਿ ਅਣਦਿੱਸਦੇ ਸੀਸੀਟੀਵੀ ਕੈਮਰੇ ਉਦੋਂ ਵੀ ਏਦਾਂ ਕੰਮ ਕਰਦੇ ਸਨ। ਪਾਰਟੀ ਦੀਆਂ ਸੁਰੱਖਿਆ ਕਮੇਟੀਆਂ ਦੀ ਹਦਾਇਤ ਮੰਨਦਿਆਂ ਭਾਟੀਆ ਜੀ ਨੇ ਕੁਝ ਦਿਨਾਂ ਲਈ ਰਿਹਾਇਸ਼ ਦਾ ਟਿਕਾਣਾ ਬਦਲ ਲਿਆ। ਫਿਰ ਇੱਕ ਹੋਰ ਅਤੇ ਫਿਰ ਇੱਕ ਹੋਰ। ਇਹ ਸਿਲਸਿਲਾ ਕਾਫੀ ਦੇਰ ਚੱਲਿਆ। ਲੋਕ ਸਾਥ ਦੇਂਦੇ ਸਨ। ਇਹੀ ਕਾਰਨ ਹੈ ਕਿ ਲੋਕਾਂ ਨੂੰ ਹੀ ਕਾਮਰੇਡ ਆਪਣਾ ਜੰਗਲ ਆਖਦੇ ਹਨ ਜਿਹੜੇ ਮੁਸੀਬਤਾਂ ਵੇਲੇ ਲੁਕੋ ਲੈਂਦੇ ਹਨ। ਫਿਰ ਵੀ ਘਰ ਤਾਂ ਘਰ ਹੀ ਹੁੰਦਾ ਹੈ। ਉਦੋਂ ਅਹਿਸਾਸ ਹੋਣ ਲੱਗਿਆ

ਰਹਿਨੇ ਕੋ ਘਰ ਨਹੀਂ ਹੈ ਸਾਰਾ ਜਹਾਂ ਹਮਾਰਾ;                                                                                                      ਸਾਰੇ ਜਹਾਂ ਸੇ ਅੱਛਾ ਹਿੰਦੋਸਤਾਂ ਹਮਾਰਾ!

ਫਿਰ ਭਾਟੀਆ ਜੀ ਝੁੱਗੀਆਂ ਝੌਂਪੜੀਆਂ ਵਾਲਿਆਂ ਵੱਲ ਹੋਰ ਪ੍ਰਤੀਬੱਧ ਹੋ ਗਏ ਜਿਹਨਾਂ ਦੇ ਸਿਰਾਂ ਤੇ ਕਦੇ ਵੀ ਚੱਜ ਦੀ ਛੱਤ ਵੀ ਨਹੀਂ ਹੁੰਦੀ। ਧੁੱਪਾਂ ਵੀ ਸਹਿੰਦੇ ਹਨ ਅਤੇ ਬਾਰਸ਼ਾਂ ਵੀ। ਇਹਨਾਂ ਲੋਕਾਂ ਵੱਲ ਫੇਰੀ ਪਾਉਣਾ ਅਤੇ ਇਹਨਾਂ ਦਾ ਧਿਆਨ ਰੱਖਣਾ ਵੀ ਇਹਨਾਂ ਦੇ ਰੂਟੀਨ ਵਿਚ ਸ਼ਾਮਲ ਰਿਹਾ। ਇਹਨਾਂ ਦੇ ਬੱਚਿਆਂ ਨੂੰ ਪੜ੍ਹਾਉਣਾ ਵੀ ਮੁੱਖ ਕੰਮ ਸੀ। ਗੁਰਬਤ ਅਤੇ ਬੇਇਨਸਾਫ਼ੀ ਦੀਆਂ ਮੁਸੀਬਤਾਂ ਦੇ ਮਾਰੇ ਇਹਨਾਂ ਲੋਕਾਂ ਵਿੱਚੋਂ ਹੀ ਉਹ ਲੋਕ ਨਿੱਕਲਦੇ ਹਨ ਜਿਹਨਾਂ ਨੇ ਲੋਟੂ ਢਾਂਚੇ ਨੂੰ ਬਦਲਣ ਵਿੱਚ ਅਹਿਮ ਭੂਮਿਕਾ ਨਿਭਾਉਣੀ ਹੁੰਦੀ ਹੈ। ਇਹਨਾਂ ਨੇ ਹੀ ਫ਼ੈਜ਼ ਅਹਿਮਦ ਫੌਜ਼ ਸਾਹਿਬ ਦੇ ਗੀਤ ਗਾਉਣੇ ਹੁੰਦੇ ਹਨ:

ਕਟਤੇ ਭੀ ਚਲੋ, ਬੜਤੇ ਭੀ ਚਲੋ, ਬਾਜ਼ੂ ਭੀ ਬਹੁਤ ਹੈਂ, ਸਰ ਭੀ ਬਹੁਤ!

ਚਲਤੇ ਭੀ ਚਲੋ ਕਿ ਅਬ ਡੇਰੇ ਮੰਜ਼ਲ ਪੇ ਹੀ ਡਾਲੇ ਜਾਏਂਗੇ।

ਪੂੰਜੀਵਾਦੀ ਸੁਹਜ ਸੁਆਦਾਂ ਅਤੇ ਕਾਫੀ ਹਾਉਸ ਕਲਚਰਾਂ ਦੀ ਬਹੁਤਾਤ ਦੇ ਬਾਵਜੂਦ ਜੇ ਅਜੇ ਵੀ ਲਾਲ ਝੰਡਾ ਬੁਲੰਦ ਹੈ ਤਾਂ ਇਹਨਾਂ ਲੋਕਾਂ ਕਰਕੇ ਹੀ ਬੁਲੰਦ ਹੈ। ਇਹ ਆਖ਼ਿਰੀ ਸਾਹਾਂ ਤੀਕ ਲੜਨ ਵਾਲੇ ਉਹ ਯੋਧੇ ਹਨ ਜਿਹਨਾਂ ਨੇ ਆਪਣੀਆਂ ਕੁਰਬਾਨੀਆਂ ਅਖਬਾਰ ਦੀ ਖਬਰ ਵਿੱਚ ਵਿਚ ਨਾਮ ਛਪਵਾਉਣ ਲਈ ਨਹੀਂ ਬਲਕਿ ਲਾਲ ਝੰਡੇ ਪ੍ਰਤੀ ਆਪਣਾ ਫਰਜ਼ ਸਮਝ ਕੇ ਦੇਣੀਆਂ ਹਨ। ਇਹ ਪਾਰਟੀ ਨੂੰ ਮਾਂ ਸਮਝਦੇ ਹਨ ਅਤੇ ਮਾਂ ਦੇ ਦੁੱਧ ਨੂੰ ਲਾਜ ਨਹੀਂ ਲੱਗਣ ਦੇਂਦੇ। ਪਰ ਖਰਚੇ ਤਾਂ ਭਾਟੀਆ ਜੀ ਦੇ ਆਪਣੇ ਪਰਿਵਾਰ ਦੇ ਵੀ ਸਨ।

ਆਪਣੀ ਧਰਮਪਤਨੀ ਨਾਲ ਐਮ ਐਸ ਭਾਟੀਆ
ਇਹਨਾਂ ਵਧੇ ਹੋਏ ਖਰਚਿਆਂ ਨੂੰ ਵੀ ਪੂਰਾ ਕਰਨਾ ਸੀ ਅਤੇ ਲੋਕਾਂ ਦੀ ਚੇਤਨਾ ਵੀ ਵਧਾਉਣੀ ਸੀ। ਘਰ ਦੇ ਸਾਹਮਣੇ ਹੀ ਇੱਕ ਸਕੂਲ ਲਈ ਘਰ ਦੇ ਜੋੜੇ ਪੈਸਿਆਂ ਨਾਲ ਥਾਂ ਲਈ। ਹਰ ਸਾਲ ਦੋ ਸਾਲ ਬਾਅਦ ਉਸ ਨਾਲ ਕੁਝ ਨਾਕੁਝ ਹੋਰ ਥਾਂ ਜੋੜੀ ਅਤੇ ਛੋਟਾ ਜਿਹਾ ਇਹ ਸਕੂਲ ਛੇਤੀ ਹੀ ਵੱਡਾ ਸਾਰਾ ਸਕੂਲ ਬਣ ਗਿਆ। ਪਰ ਮੱਧ ਵਰਗੀ ਲੋਕਾਂ ਨੂੰ ਸੁੱਖ ਦਾ ਸਾਹ ਕਦੋਂ ਆਉਂਦਾ ਹੈ! ਕੋਰੋਨਾ ਦੀ ਮੁਸੀਬਤ ਈ ਤਾਂ ਲਾਕਡਾਊਨ ਲੱਗ ਗਿਆ। ਸਕੂਲ ਬੰਦ ਹੋ ਗਿਆ। ਸਕੂਲ ਦੀ ਆਮਦਨ ਵੀ ਬੰਦ ਹੋ ਗਈ ਪਰ ਖਰਚੇ ਜਾਰੀ ਰਹੇ। ਬਿਜਲੀ ਦਾ ਬਿੱਲ ਵੀ ਆਉਂਦਾ ਰਿਹਾ। ਪਾਣੀ ਦਾ ਮੀਟਰ ਵੀ ਘੁੰਮਦਾ ਰਿਹਾ ਅਤੇ ਟੀਚਰਾਂ ਦੀਆਂ ਤਨਖਾਹਾਂ ਵੀ ਪੈਣੀਆਂ ਹੀ ਸਨ। ਭਾਟੀਆਂ ਜੀ ਕਿਸੇ ਨੂੰ ਨਾਂਹ ਨਾ ਕਰ ਸਕਦੇ। ਇਹਨਾਂ ਨੇ ਕਿਸੇ ਨੂੰ ਵੀ ਕੋਰੋਨਾ ਦੀ ਸਖਤੀ ਦਾ ਹਵਾਲਾ ਦੇ ਕੇ ਤੰਗ ਨਹੀਂ ਕੀਤਾ। ਖੁਦ ਔਖੇ ਹੋ ਕੇ ਸਟਾਫ ਦੀਆਂ ਤਨਖਾਹਾਂ ਦਈ ਗਏ। ਇਸ ਦੌਰਾਨ ਲੰਮੇ ਲੰਮੇ ਲੇਖਾਂ ਅਤੇ ਖਬਰਾਂ ਦੇ ਨਾਲ ਨਾਲ ਮਿੰਨੀ ਕਹਾਣੀਆਂ ਲਿਖਣ ਦਾ ਸ਼ੋਂਕ ਫੀ ਫਿਰ ਜਾਗ ਪਿਆ। ਅੱਜਕਲ੍ਹ ਭਾਟੀਆਂ ਜੀ ਮਿੰਨੀ ਕਹਾਣੀਆਂ ਲਿਖਦੇ ਹਨ। ਉਹਨਾਂ ਦੀਆਂ ਕਹਾਣੀਆਂ ਤੇ ਫ਼ਿਲਮਾਂ ਵੀ ਬਣੀਆਂ ਹਨ। ਸੋਸ਼ਲ ਮੀਡੀਆ ਤੇ ਵੀ ਨਜ਼ਰ ਰੱਖਦੇ ਹਨ ਅਤੇ ਰਵੀਸ਼ ਕੁਮਾਰ ਵਾਲਾ ਪ੍ਰੋਗਰਾਮ ਵੀ ਰਾਤ ਨੂੰ ਬਾਕਾਇਦਾ ਦੇਖਦੇ ਹਨ। ਉਹਨਾਂ ਨੇ ਆਪਣੇ ਨਾਸਤਿਕਤਾ ਵਾਲੇ ਅਕੀਦੇ ਨੂੰ ਦਰਸਾਉਂਦੀ ਇੱਕ ਕਾਵਿਕੀ ਪੋਸਟ ਵੀ ਭੇਜੀ ਹੈ ਜਿਹੜੀ ਲੰਮੇ ਸਮੇਂ ਤੋਂ ਸੋਸ਼ਲ ਮੀਡੀਆ ਤੇ ਘੁੰਮ ਰਹੀ ਹੈ ਪਰ ਲੇਖਕ ਕੌਣ ਹੈ ਇਸਦਾ ਕੁਝ ਪਤਾ ਨਹੀਂ। ਲਓ ਪੜ੍ਹੋ ਤੁਸੀਂ ਵੀ ਇਹ ਰਚਨਾ।

ਉਂਝ ਤਾਂ ਮੇਰੇ ਪਿੰਡ ਰੱਬ ਨਹੀਂ ਵੱਸਦਾ

ਨੋਟ: ਇਹ ਕਵਿਤਾ ਪਤਾ ਨਹੀਂ ਕਿਸ ਸਿਰਜਕ ਦੀ ਹੈ ਪਰ ਹੈ ਕਮਾਲ। ਤਾਂ ਹੀ ਤੁਹਾਨੂੰ ਭੇਜ ਰਿਹਾਂ।
ਲੇਖਕ ਬਾਰੇ ਜੇ ਕੋਈ ਦੋਸਤ ਦੱਸ ਸਕੇ ਤਾਂ ਧੰਨਵਾਦ।
ਮੇਰੇ ਪਿੰਡ ਰੱਬ ਨਹੀਂ ਵੱਸਦਾ
ਮੇਰੇ ਪਿੰਡ ਵੱਸਦਾ ਏ
ਚੌਂਕੀਦਾਰਾਂ ਦਾ ਭਾਨਾ
ਜੋ ਨਿੱਤ ਤਾਰਿਆਂ ਦੀ ਛਾਂਵੇ
ਮੋਢੇ ਤੇ ਰੱਖ ਕੇ ਕਹੀ
ਚੱਲ ਪੈਂਦਾ ਏ "ਪਥੇਰ" ਵੱਲ ਨੂੰ।
ਤੇ ਸਾਰਾ ਦਿਨ ਹੋ ਕੇ
ਮਿੱਟੀ ਨਾਲ ਮਿੱਟੀ
ਮੂੰਹ- ਹਨ੍ਹੇਰੇ ਆ ਡਿੱਗਦਾ ਏ
ਆਪਣੇ ਕੱਚੇ ਕੋਠੇ ਅੰਦਰ
ਮੇਰੇ ਪਿੰਡ ਰੱਬ ਨਹੀਂ ਵੱਸਦਾ
ਮੇਰੇ ਪਿੰਡ ਵੱਸਦਾ ਏ
"ਗੱਜਣ ਦਾ ਮੁੰਡਾ" "
ਗੇਲਾ ਪੱਲੇਦਾਰ "
ਜੋ ਸਾਰਾ ਦਿਨ
ਸਰਕਾਰੀ ਗੁਦਾਮਾਂ ਚੋਂ
ਕਣਕ ਦੀਆਂ ਬੋਰੀਆਂ
ਲੱਦਕੇ ਟਰੱਕਾਂ 'ਚ
ਜਦੋਂ ਟੁੱਟੇ ਜਿਹੇ ਸਾੲੀਕਲ ਤੇ
ਅੱਧੀ ਰਾਤ ਨੂੰ
ਪਹੁੰਚਦਾ ਏ ਅਪਣੇ ਘਰ
ਤਾਂ ਉਸਦੇ ਬੱਚੇ
ਰੋਟੀ ਲਈ ਵਿਲਕਦੇ
ਸੌਂ ਚੁੱਕੇ ਹੁੰਦੇ ਨੇ
ਭੁੱਖਣ ਭਾਣੇ।
ਮੇਰੇ ਪਿੰਡ ਰੱਬ ਨਹੀਂ ਵੱਸਦਾ
ਮੇਰੇ ਪਿੰਡ ਵੱਸਦਾ ਏ
"ਲੰਬੜਦਾਰਾਂ ਦਾ ਬਲਕਾਰਾ"
ਜੋ ਅਪਣੇ ਘਰ ਵੱਲ ਆੳੁਦੀਂ
ਬੈਂਕ ਵਾਲਿਆਂ ਦੀ ਜੀਪ ਦੇਖਕੇ
ਆਪਣੇ "
ਬੇਰੁਜਗਾਰ ਪੁੱਤ" ਵੱਲ
ਅੱਖਾਂ ਕੱਢਦਾ
ਛਾਲ ਮਾਰਕੇ ਜਾ ਲੁਕਦਾ ਏ
ਡੰਗਰਾਂ ਵਾਲੇ ਵਰਾਂਡੇ ਵਿੱਚ
ਤੇ ਉਸਦੀ ਘਰਵਾਲੀ
ਅੱਧਾ ਕੁ ਘੁੰਡ ਕੱਢਕੇ
ਕਹਿ ਦਿੰਦੀ ਐ ਕਿ..
"ਬਿੰਦਰ ਦਾ ਬਾਪੂ ਤਾਂ ਜੀ
ਘਰੇ ਨੀ ਹੈਗਾ..."
ਮੇਰੇ ਪਿੰਡ ਰੱਬ ਨਹੀਂ ਵੱਸਦਾ
ਮੇਰੇ ਪਿੰਡ ਵੱਸਦੀ ਐ
"ਮੱਖਣ ਸ਼ਰਾਬੀ" ਦੀ ਘਰਵਾਲੀ "ਪੰਮੀ"
ਜੋ ਪਿੰਡ ਵਿੱਚੋਂ
ਚਾਰ ਪੰਜ ਘਰਾਂ ਦਾ ਸੁੱਟਕੇ ਗੋਹਾ ਕੂੜਾ
ਜਦੋਂ ਮੁੜਦੀ ਐ ਅਪਣੇ ਘਰ
ਤਾਂ ਉਸਦਾ "ਪਰਮੇਸ਼ਰ ਪਤੀ"
ਘਰ ਦਾ ਵੇਚਕੇ ਕੋਈ ਸਮਾਨ
ਪੈ ਚੁੱਕਿਆ ਹੁੰਦਾ ਏ
ਠੇਕੇ ਵਾਲੇ ਰਾਹ।
ਮੇਰੇ ਪਿੰਡ ਰੱਬ ਨਹੀਂ ਵੱਸਦਾ
ਮੇਰੇ ਪਿੰਡ ਵੱਸਦਾ ੲੇ
"ਮੱਕੀ ਖਾਣਿਆਂ ਦਾ ਪਾਲਾ"
ਸੋਲਾਂ ਜਮਾਤਾਂ ਪੜ੍ਹਕੇ ਵੀ ਜਿਸਨੂੰ
ਮਿਲੀ ਨੀ ਸੋਲਾਂ ਰੁਪਏ
ਦੀ ਵੀ ਨੌਕਰੀ।
ਤੇ ਉਸ ਦੀ ਬੁੱਢੀ ਮਾਂ
ਪਾਗਲ ਹੋਈ ਗਲੀਆਂ ਵਿੱਚ
"ਨੌਕਰੀ ਲੈ ਲਓ, ਨੌਕਰੀ ਲੈ ਲਓ
ਦੇ ਹੋਕੇ ਦਿੰਦੀ ਫਿਰਦੀ ਐ ..."
ਮੇਰੇ ਪਿੰਡ ਰੱਬ ਨਹੀਂ ਵੱਸਦਾ
ਮੇਰੇ ਪਿੰਡ ਵੱਸਦੀ ਐ
"ਬੇਬੇ ਬਚਨੀਂ "
ਤੇ ਉਸ ਦਾ ਪਤੀ "ਕਰਤਾਰਾ"
ਜਿੰਨਾਂ ਪੁੱਤ ਪੜ੍ਹਾਏ ਸੀ
ਜਾਨ ਤੋੜ ਮਿਹਨਤਾਂ ਕਰਕੇ
ਅੱਜ ਉਹਨਾਂ ਪੁੱਤਾਂ ਨੇ ਹੀ
ਉਹਨਾਂ ਦੇ ਮੰਜੇ ਸੁੱਟ ਦਿੱਤੇ ਨੇ
ਤੂੜੀ ਵਾਲੇ ਘਰ।
ਜਿੱਥੇ ਬੈਠੇ ਉਹ
ਸਾਹਮਣੇ ਬਣੀਆਂ ਆਪਣੇ
"ਅਫਸਰ ਪੁੱਤਾਂ" ਦੀਆਂ ਕੋਠੀਆਂ ਵੱਲ
ਪਾਗਲਾਂ ਵਾਂਗ
ਟਿਕਟਿਕੀ ਲਗਾਕੇ ਤੱਕਦੇ ਰਹਿੰਦੇ ਨੇ...
ਮੇਰੇ ਪਿੰਡ ਰੱਬ ਨਹੀਂ ਵੱਸਦਾ
ਮੇਰੇ ਪਿੰਡ ਵੱਸਦੀਆਂ ਨੇ
ਸੀਤੋ,ਨੋਖੀ,ਗੇਜੋ ,ਨੰਜੋ ਤੇ ਲਾਭੋ
ਵਰਗੀਆਂ 'ਭੋਲੀਆਂ ਰੂਹਾਂ"
ਜੋ ਥੱਪ ਕੇ ਮੋਟੀਆਂ- ਮੋਟੀਆਂ ਰੋਟੀਆਂ
ਦਾਤੀਆਂ ਪੱਲੀਆਂ ਲੈ ਕੇ
ਚੱਲ ਪੈਂਦੀਆਂ ਨੇ
ਟਿੱਬਿਆਂ ਵੱਲ ਨੂੰ।
ਤੇ ਜਦੋਂ ਸਿਖਰ ਦੁੁਪਿਹਰੇ
ਮੁੜਦੀਆਂ ਨੇ ਵਾਪਿਸ
ਤਾਂ ਉਹਨਾਂ ਦੀਆਂ
ਪੰਡਾਂ ਵਿੱਚ ਹੁੰਦੇ ਨੇ
ਚਿੱਭੜ, ਕੱਚੇ ਪੱਕੇ ਬੇਰ,
ਕੌੜ ਤੁੰਮੇ,ਰੇਹ ਦੇ ਥੈਿਲਆਂ ਦੇ ਧਾਗੇ
ਤੇ ਟੁੱਟੇ ਪਾਇਪਾਂ ਦੇ ਟੁਕੜੇ।
ਸੱਚ ਆਖਦਾਂ ਹਾਂ ਦੋਸਤੋ!
ਮੇਰੇ ਪਿੰਡ ਰੱਬ ਨਹੀਂ ਵਸਦਾ
ਜੇਕਰ ਤੁਹਾਨੂੰ ਕਿਤੇ
ਰੱਬ ਮਿਲੇ
ਉਸਨੂੰ ਮੇਰੇ ਪਿੰਡ ਜ਼ਰੂਰ ਭੇਜਣਾ।

ਲੇਖਕਾਂ ਦੇ ਇੱਕ ਗਰੁੱਪ ਨਾਲ ਐਮ ਐਸ ਭਾਟੀਆ ਪੰਜਾਬੀ ਭਵਨ ਵਿੱਚ (ਫੋਟੋ-ਰੈਕਟਰ ਕਥੂਰੀਆ)

ਇਹ ਸਾਰਾ ਬਿਰਤਾਂਤ ਅਤੇ ਇਹ ਕਾਵਿਕ ਰਚਨਾ ਤੁਹਾਨੂੰ ਕਿਵੇਂ ਲੱਗੇ ਜ਼ਰੂਰ ਦੱਸਣਾ। ਤੁਹਾਡੇ ਵਿਚਾਰਾਂ ਦੀ ਉਡੀਕ ਤਾਂ ਰਹੇਗੀ ਹੀ। ਜੇ ਤੁਸੀਂ ਚਾਹੋਂ ਤਾਂ ਭਾਟੀਆਂ ਜੀ ਨੂੰ ਸਿੱਧਾ ਫੋਨ ਵੀ ਕਰ ਸਕਦੇ ਹੋ। ਉਹਨਾਂ ਨਾਲ ਸੰਪਰਕ ਲਈ ਉਹਨਾਂ ਦਾ ਮੋਬਾਈਲ ਨੰਬਰ ਹੈ-9988491002 ਜੇ ਮੋਬਾਈਲ ਨਾ ਚੁੱਕਣ ਤਾਂ ਬਾਰ ਬਾਰ ਨਾ ਘੰਟੀ ਖੜਕਾਇਓ, ਉਹਨਾਂ ਨੇ ਤੁਹਾਨੂੰ ਆਪ ਹੀ ਮੋੜਵਾਂ ਫੋਨ ਕਰ ਲੈਣਾ ਹੈ। 

ਤੁਹਾਡੇ ਵਿਚਾਰਾਂ ਦੀ ਉਡੀਕ ਵਿੱਚ -ਰੈਕਟਰ ਕਥੂਰੀਆ 

1 comment: