Thursday: 19th August 2021 at 05:22 PM WhatsApp
ਕੇਂਦਰੀ ਲੇਖਕ ਸਭਾ ਨੇ ਵੀ ਡੂੰਘਾ ਸੋਗ ਪ੍ਰਗਟਾਇਆ
ਚੰਡੀਗੜ੍ਹ:19 ਅਗਸਤ 2021: (ਸਾਹਿਤ ਸਕਰੀਨ ਬਿਊਰੋ)::
ਪੰਜਾਬੀ ਸਾਹਿਤ ਜਗਤ ਨੂੰ ਲਗਾਤਾਰ ਘਾਟਾ ਪੈ ਰਿਹਾ ਹੈ। ਐਸ ਬਲਵੰਤ, ਮੇਘਰਾਜ ਗੋਇਲ ਅਤੇ ਜਸਵੰਤ ਸਿੰਘ ਅਮਨ ਹੁਰਾਂ ਦੇ ਅਕਾਲ ਚਲਾਣੇ ਦੀਆਂ ਖਬਰਾਂ ਅੱਗੜ ਪਿੱਛੜ ਆਈਆਂ ਹਨ। ਪੰਜਾਬੀ ਸਾਹਿਤ ਨਾਲ ਸਬੰਧਤ ਸਮੂਹ ਸੰਸਥਾਵਾਂ ਵਿੱਚ ਸੋਗ ਦੀ ਲਹਿਰ ਹੈ। ਕੇਂਦਰੀ ਪੰਜਾਬੀ ਲੇਖਕ ਸਭਾ, ਪੰਜਾਬੀ ਸਾਹਿਤ ਅਕਾਦਮੀ, ਲੁਧਿਆਣਾ ਅਤੇ ਕਈ ਹੋਰ ਸੰਸਥਾਵਾਂ ਨੇ ਇਸ ਸਬੰਧੀ ਸੋਗ ਮਤੇ ਵੀ ਪਾਸ ਕੀਤੇ ਹਨ।
ਜ਼ਿਕਰਯੋਗ ਹੈ ਕਿ ਲੇਖਕਾਂ ਅਤੇ ਪ੍ਰਕਾਸ਼ਕਾਂ ਵਿਛਕ ਮਹੱਤਵਪੂਰਨ ਸਥਾਨ ਰੱਖਣ ਵਾਲੇ ਸ਼੍ਰੀ ਐੱਸ. ਬਲਵੰਤ ਸਦੀਵੀ ਵਿਛੋੜਾ ਦੇ ਗਏ ਹਨ। ਉਨ੍ਹਾਂ ਦਾ ਜਨਮ 10 ਫਰਵਰੀ 1946 ਨੂੰ ਜਲੰਧਰ ਨੇੜੇ ਪਿੰਡ ਚਿੱਟੀ ਵਿਖੇ ਹੋਇਆ ਸੀ। ਉਹ ਬਹੁ-ਪੱਖੀ ਪ੍ਰਤਿਭਾ ਦੇ ਮਾਲਕ ਸਨ। ਉਨ੍ਹਾਂ ‘ਅੰਗਰੇਜ਼ੀ-ਪੰਜਾਬੀ (ਰੋਮਨ ਅਤੇ ਗੁਰਮੁਖੀ ਸਕਰਿਪਟ) ਡਿਕਸ਼ਨਰੀ’(1999) ਵਿਚ ਸ਼੍ਰੀ ਜਸਬੀਰ ਅਟਵਾਲ ਨਾਲ ਮਿਲ ਕੇ ਤਿਆਰ ਕੀਤੀ ਸੀ। ‘ਇਨਸਾਇਕਲੋਪੀਡੀਆ ਆਫ਼ ਪੰਜਾਬੀ ਕਲਚਰ ਅਤੇ ਹਿਸਟਰੀ’, ‘ਗੰਮਨਾਮ ਸਿਪਾਹੀ’, ‘ਮਹਾਨਗਰ’ ਅਤੇ ‘ਲਵ ਡਾਇਲਾਗ’ (ਹੀਰ-ਵਾਰਿਸ ’ਚੋਂ) ਉਨ੍ਹਾਂ ਦੀਆਂ ਚਰਚਿਤ ਪੁਸਤਕਾਂ ਹਨ। ਉਹ ਇੰਗਲੈਂਡ ਵਿਚ ਸੈਂਟਰ ਫ਼ਾਰ ਪੰਜਾਬ ਅਤੇ ਫ਼ੈਡਰੇਸ਼ਨ ਆਫ਼ ਇੰਡੀਅਨ ਪਬਲਿਸ਼ਰਜ਼ ਦੇ ਪ੍ਰਧਾਨ ਵੀ ਰਹੇ। ਉਨ੍ਹਾਂ ਦੇ ਸਦੀਵੀ ਵਿਛੋੜੇ ਨਾਲ ਸਾਹਿਤ ਜਗਤ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਕੁਝ ਦਿਨ ਪਹਿਲਾਂ ਹੀ ਉਹਨਾਂ ਪ੍ਰਸਿੱਧ ਲੇਖਿਕਾ ਸੁਲਤਾਨਾ ਬੇਗਮ ਨਾਲ ਹੋਈ ਟੈਲੀਫ਼ੋਨਿਕ ਗੱਲਬਾਤ ਦੌਰਾਨ ਦੱਸਿਆ ਸੀ ਕਿ "ਸੁਲਤਾਨਾ ਮੈਂ ਇਕ ਨਾਵਲ ਲਿਖ ਰਿਹਾ ਸੀ ਪਰ ਓਹ ਮੁਕੰਮਲ ਨਹੀਂ ਹੋਇਆ।"
ਇਸੇ ਤਰ੍ਹਾਂ ਪ੍ਰਸਿਧ ਨਾਵਲਕਾਰ ਸ਼੍ਰੀ ਮੇਘ ਰਾਜ ਗੋਇਲ ਸਦੀਵੀ ਵਿਛੋੜਾ ਦੇ ਗਏ ਹਨ। ਉਹ ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ.) ਦੇ ਜੀਵਨ ਮੈਂਬਰ ਅਤੇ ਮਾਲਵਾ ਲਿਖਾਰੀ ਸਭਾ ਬਰਨਾਲਾ ਦੇ ਮੀਤ ਪ੍ਰਧਾਨ ਸਨ। ਉਨ੍ਹਾਂ ਨੇ ‘ਕੱਚੇ ਕੋਠੇ ਵਾਲੀ’, ‘ਕਰਤਾਰ’ ਅਤੇ ‘ਅਰਮਾਨ’ ਤਿੰਨ ਨਾਵਲ, ਦੋ ਕਾਵਿ ਸੰਗ੍ਰਹਿ ‘ਵਲਵਲੇ’ ਅਤੇ ‘ਦਿਲ ਦਾ ਦਰਪਣ’ ਅਤੇ ਕਹਾਣੀ ਸੰਗ੍ਰਹਿ ‘ਸੱਚ ਦਾ ਪਰਾਗਾ’ ਸਾਹਿਤ ਜਗਤ ਦੀ ਝੋਲੀ ਪਾਇਆ।
ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ.) ਦੇ ਪ੍ਰਧਾਨ ਸ਼੍ਰੀ ਦਰਸ਼ਨ ਬੁੱਟਰ ਅਤੇ ਜਨਰਲ ਸਕੱਤਰ ਡਾ. ਸੁਖਦੇਵ ਸਿੰਘ ਸਿਰਸਾ ਨੇ ਸ਼੍ਰੀ ਐੱਸ. ਬਲਵੰਤ ਅਤੇ ਸ਼੍ਰੀ ਮੇਘ ਰਾਜ ਗੋਇਲ ਦੇ ਸਦੀਵੀ ਵਿਛੋੜੇ ਉਤੇ ਉਨ੍ਹਾਂ ਦੇ ਪਰਿਵਾਰ ਅਤੇ ਸਨੇਹੀਆਂ ਨਾਲ ਹਾਰਦਿਕ ਸੰਵੇਦਨਾ ਸਾਂਝੀ ਕੀਤੀ ਹੈ।
No comments:
Post a Comment