google.com, pub-7610353441165800, DIRECT, f08c47fec0942fa0 ਸਾਹਿਤ ਸਕਰੀਨ: ਬਲਵੀਰ ਸਾਹਨੇਵਾਲ ਵੀ ਸਦੀਵੀ ਵਿਛੋੜਾ ਦੇ ਗਏ

Saturday, 15 May 2021

ਬਲਵੀਰ ਸਾਹਨੇਵਾਲ ਵੀ ਸਦੀਵੀ ਵਿਛੋੜਾ ਦੇ ਗਏ

15th May 2021 at 2:20 PM

ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ.) ਵੱਲੋਂ ਡੂੰਘੇ ਦੁੱਖ ਦਾ ਪ੍ਰਗਟਾਵਾ 

ਚੰਡੀਗੜ੍ਹ//ਲੁਧਿਆਣਾ// ਦੋਰਾਹਾ: 15 ਮਈ 2021: (ਸਾਹਿਤ ਸਕਰੀਨ ਬਿਊਰੋ)::

ਹਸਪਤਾਲ, ਸਕੂਲ, ਕਾਲਜ ਅਤੇ ਵਿਕਾਸ ਦੇ ਅਸਲੀ ਕੰਮਾਂ ਨੂੰ ਛੱਡ ਕੇ ਹੋਰਨਾਂ ਸ਼ੁਗਲਾਂ ਵਿੱਚ ਉਲਝੇ ਸਿਸਟਮ ਦੀ ਸਜ਼ਾ ਹੁਣ ਅਸੀਂ ਸਾਰੇ ਹੀ ਭੁਗਤ ਰਹੇ ਹਾਂ।  ਪਤਾ ਨਹੀਂ ਕਿਸ ਪਲ ਕਿਸ ਦੇ ਤੁਰ ਜਾਣ ਦੀ ਖਬਰ ਆ ਜਾਣੀ ਹੈ। ਹੁਣ ਅਖਬਾਰ, ਫੇਸਬੁੱਕ, ਵਟਸਐਪ ਅਤੇ ਹੋਰ ਮੰਚਾਂ ਨੂੰ ਦੇਖਦਿਆਂ ਡਰ ਜਿਹਾ ਲੱਗਦਾ ਹੈ। 

ਬਲਵੀਰ ਸਾਹਨੇਵਾਲ ਕੱਲ ਸਦੀਵੀ ਵਿਛੋੜਾ ਦੇ ਗਏ ਹਨ। ਉਹ 75 ਸਾਲਾਂ ਦੇ ਸਨ। ਉਹ ਦੋਹਾ ਕਾਵਿ ਨੂੰ ਸਮਰਪਿਤ ਰਹੇ। ਉਨ੍ਹਾਂ ਦੋਹਾ ਕਾਵਿ ਦੀਆਂ ਚਾਰ ਪੁਸਤਕਾਂ ‘ਛੱਲਾਂ’, ‘ਇਕ ਇਹ ਦੋਹਾਵਲੀ’, ‘ਸਮੇਂ ਦਾ ਸੱਚ’ ਅਤੇ ‘ਵੇਲੇ ਦਾ ਬਿਰਤਾਂਤ’ ਦੀ ਰਚਨਾ ਕੀਤੀ। ਉਨ੍ਹਾਂ ਦੇ ਦੋ ਕਾਵਿ ਸੰਗ੍ਰਹਿ ‘ਸ਼ੈਤਾਨ ਆਦਮੀ’ ਅਤੇ ‘ਜਿੰਦੜੀਏ ਯਾਦ ਕਰੇਂਗੀ’ ਵੀ ਸਾਹਿਤ ਜਗਤ ਵਿਚ ਮਕਬੂਲ ਹੋਏ। ਉਨ੍ਹਾਂ ਪ੍ਰਸਿਧ ਸਾਹਿਤਕਾਰਾਂ ਦੇ ਸਦਾਬਹਾਰ ਕਥਨਾਂ ਦਾ ਸੰਗ੍ਰਹਿ ਕੀਤਾ ਅਤੇ ਤਿੰਨ ਪੁਸਤਕਾਂ ‘ਜਦੀਦ ਕਥਨਾਵਲੀ’, ‘ਫ਼ੂਲਾਂਜਲੀ’ ਅਤੇ ‘ਮਹਾਨ ਲੋਕ ਮਹਾਨ ਵਿਚਾਰ’ ਵੀ ਸਾਹਿਤ ਜਗਤ ਨੂੰ ਭੇਂਟ ਕੀਤੀਆਂ। 

ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ.) ਦੇ ਪ੍ਰਧਾਨ ਦਰਸ਼ਨ ਬੁੱਟਰ ਅਤੇ ਜਨਰਲ ਸਕੱਤਰ ਡਾ. ਸੁਖਦੇਵ ਸਿੰਘ ਸਿਰਸਾ ਨੇ ਬਲਵੀਰ ਸਾਹਨੇਵਾਲ ਦੇ ਸਦੀਵੀ ਵਿਛੋੜੇ ਉਤੇ ਉਨ੍ਹਾਂ ਦੇ ਪਰਿਵਾਰ ਅਤੇ ਸਨੇਹੀਆਂ ਨਾਲ ਹਾਰਦਿਕ ਸੰਵੇਦਨਾ ਸਾਂਝੀ ਕੀਤੀ ਹੈ। ਸਾਹਿਤਿਕ ਹਲਕਿਆਂ ਵਿੱਚ ਸੋਗ ਦੀ ਲਹਿਰ ਹੈ। ਅਜੀਬ ਸਥਿਤੀ ਹੈ।ਅਜਿਹੀਆਂ ਖਬਰਾਂ ਸੁਣ ਕੇ ਵੀ ਦੂਰ ਰਹਿਣਾ ਮਜਬੂਰੀ ਬਣ ਗਈ ਹੈ।  

ਸਾਹਿਤਿਕ ਹਲਕਿਆਂ ਵਿੱਚ ਸੋਗ ਦੀ ਲਹਿਰ 

ਉੱਘੇ ਅਤੇ ਪ੍ਰਤੀਬੱਧ ਸਾਹਿਤਕਾਰ ਸੁਰਿੰਦਰ ਰਾਮਪੁਰੀ ਹੁਰਾਂ ਨੇ ਵੀ ਬਲਬੀਰ ਸਾਹਨੇਵਾਲ ਦੇ ਵਿਛੋੜੇ ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਉਹਨਾਂ ਕਿਹਾ ਹੈ ਕਿ ਬਲਬੀਰ ਸਾਹਨੇਵਾਲ ਦਾ ਸਦੀਵੀ ਵਿਛੋੜਾ ਇੱਕ ਅਸਹਿ ਸਦਮਾ ਹੈ। ਉਹਨਾਂ ਕੁਝ ਯਾਦਾਂ ਵੀ ਸਾਂਝੀਆਂ ਕੀਤੀਆਂ ਹਨ। 


ਬਲਬੀਰ ਸਾਹਨੇਵਾਲ ਵਧੀਆ ਇਨਸਾਨ, ਸੁਹਿਰਦ ਮਿੱਤਰ ਅਤੇ ਨਾਮਵਰ ਸ਼ਾਇਰ ਸਨ। ਉਹ ਮਿਤੀ 13 ਮਈ,2021 ਨੂੰ ਸਦੀਵੀ ਵਿਛੋੜਾ ਦੇ ਗਏ।

ਬਲਬੀਰ ਮੇਰੇ ਨੇੜਲੇ ਸਾਹਿਤਕ ਦੋਸਤਾਂ ਵਿੱਚੋ ਸਨ। ਘਰ ਪਰਿਵਾਰ ਦੀ ਸਾਂਝ ਸੀ।  ਪਹਿਲੀ ਵਾਰ ਜਦੋਂ ਉਹ ਮੈਨੂੰ ਮਿਲਣ ਆਏ ਤਾਂ  ਦੱਸਿਆ ਕਿ " ਮੈਨੂੰ ਤੇਲੂ ਰਾਮ ਕੁਹਾੜਾ ਨੇ ਕਿਹੈ , ਸੁਰਿੰਦਰ ਰਾਮਪੁਰੀ ਨੂੰ ਮਿਲ।" ਉਦੋਂ ਤੱਕ  ਬਲਬੀਰ ਦੇ ਦੋ ਕਾਵਿ ਸੰਗ੍ਰਹਿ , ਸ਼ੈਤਾਨ ਆਦਮੀ' ਅਤੇ ' ਜਿੰਦੜੀਏ ਯਾਦ ਕਰੇਂਗੀ ' ਛਪ ਚੁੱਕੇ ਸਨ। ਮੈਂ ਉਨ੍ਹਾਂ ਨੂੰ ਪੰਜਾਬੀ ਲਿਖਾਰੀ ਸਭਾ ਰਾਮਪੁਰ ਨਾਲ ਜੋੜਿਆ।

ਉਹ ਲਗਾਤਾਰ ਪੜ੍ਹਦੇ ਸਨ । ਪੜ੍ਹੀਆਂ ਪੁਸਤਕਾਂ ਵਿੱਚੋਂ ਯਾਦਗਾਰੀ ਕਥਨ ਇਕੱਤਰ ਕਰਕੇ  ਪੁਸਤਕਾਂ 'ਜਦੀਦ ਕਥਨਾਵਲੀ',  "ਫੂਲਾਂ ਜਾਦੀ' ਅਤੇ 'ਮਹਾਨ ਲੋਕ ਮਹਾਨ ਵਿਚਾਰ' ਛਪਵਾਈਆਂ।

ਪਿਛਲੇ ਸਮੇਂ ਵਿਚ ਉਹ ਦੋਹਾਂ ਕਾਵਿ ਨੂੰ ਸਮਰਪਿਤ ਹੋ ਗਏ ਸਨ। ਦੋਹਿਆਂ ਦੀਆਂ ਚਾਰ, ਪੁਸਤਕਾਂ  ' ਛੱਲਾਂ ' ਇਕ ਇਹ ਦੋਹਾਵਲੀ , 'ਸਮੇਂ ਦਾ ਸੱਚ',' ਵੇਲੇ ਦਾ ਬਿਰਤਾਂਤ'   ਪ੍ਰਕਾਸ਼ਿਤ ਹੋ ਚੁੱਕੀਆਂ ਹਨ ਅਤੇ ਦੋ ਪੁਸਤਕਾਂ ਦਾ ਖਰੜਾ ਤਿਆਰ ਕਰ ਲਿਆ ਸੀ।

ਬਲਬੀਰ ਸਾਹਨੇਵਾਲ ਦੇ ਸਦੀਵੀ ਵਿਛੋੜੇ ਦਾ ਬਹੁਤ ਅਫ਼ਸੋਸ ਹੈ। ਸੁਰਿੰਦਰ ਰਾਮਪੁਰੀ ਹੁਰਾਂ ਨੇ ਬਲਬੀਰ ਸਾਹਨੇਵਾਲ ਹੁਰਾਂ ਦੀ ਇੱਕ ਪੁਸਤਕ ਦਾ ਕਵਰ ਅਤੇ ਇਕ ਤਸਵੀਰ ਵੀ ਸਾਂਝੀ ਕੀਤੀ ਜਿਸ ਵਿਚ ਉੱਘੇ ਸਾਹਿਤਕਾਰ ਤੇਲੂ ਰਾਮ ਕੁਹਾੜਾ ਵੀ ਉਹਨਾਂ ਦੇ ਨਾਲ ਖੜੇ ਹਨ। 

No comments:

Post a Comment