ਵੇਰਵੇ ਸਹਿਤ ਦੱਸ ਰਹੇ ਹਨ ਸੁਰਿੰਦਰ ਰਾਮਪੁਰੀ
ਰਾਮਪੁਰ//ਲੁਧਿਆਣਾ: 18 ਮਈ 2021::
ਸੁਰਿੰਦਰ ਰਾਮਪੁਰੀ ਹੁਰਾਂ ਨੇ ਦੱਸਿਆ ਕਿ ਸਤਿਕਾਰ ਯੋਗ ਨਰਿੰਜਨ ਸਿੰਘ ਸਾਥੀ ਜੀ ਇਕ ਖੋਜੀ ਇਤਿਹਾਸਕਾਰ, ਨਿਪੁੰਨ ਵਾਰਤਕ ਲੇਖਕ, ਸਫਲ ਸੰਪਾਦਕ ਅਤੇ ਉੱਚ ਪਾਏ ਦੇ ਸ਼ਾਇਰ ਸਨ। ਮੁੱਢਲੇ ਦਿਨਾਂ ਵਿਚ ਗਿਆਨੀ ਅਰਜਨ ਸਿੰਘ ਨੇ ਉਨ੍ਹਾਂ ਨੂੰ ਸਾਹਿਤਕ ਸੇਧ ਦਿੱਤੀ ਉਨ੍ਹਾਂ ਲਾਲ ਸਿੰਘ ਕਮਲਾ ਅਕਾਲੀ ਤੋਂ ਪ੍ਰਭਾਵਿਤ ਹੋ ਕੇ ਆਪਣਾ ਤਖ਼ੱਲਸ ' ਦੁਖੀਆ ਅਕਾਲੀ ' ਰੱਖ ਲਿਆ। ਤੇਜਾ ਸਿੰਘ ਸਾਬਰ ਜੀ ਨੇ ਜਦੋਂ ਕਿਹਾ ,"ਤੇਰੇ ਵਿਚ ਸਾਹਿਤ ਦੀ ਚਿਣਗ ਮਘ ਰਹੀ ਹੈ", ਸਾਬਰ ਜੀ ਦੀ ਪ੍ਰੇਰਨਾ ਨਾਲ ਕਾਵਿ ਲੋਕ ਦੀਆਂ ਉਡਾਰੀਆਂ ਲਾਉਂਦਿਆ 'ਨਰਿੰਜਨ ਸਿੰਘ ਚਿਣਗ' ਬਣ ਗਏ। ਤਰਲੋਕ ਸਿੰਘ ਤਰਲੋਕ ਨੇ ਕਿਹਾ "ਤੂੰ ਨਾ ਤਾਂ ਦੁਖੀਆ ਹੈਂ ਨਾ ਅਕਾਲੀ ਅਤੇ ਨਾ ਹੀ ਚਿਣਗ। ਤੂੰ ਤਾਂ ਸਾਥੀ ਹੈਂ ਲੋਕਾਂ ਦਾ ਸਾਥੀ। ਮਨੁੱਖਤਾ ਦਾ ਹਮਦਰਦ। ਸੰਵੇਦਨਸ਼ੀਲ ਸ਼ਾਇਰ ਹੈ "ਉਸ ਦਿਨ ਤੋਂ ਉਹ ਨਰਿੰਜਨ ਸਿੰਘ ਸਾਥੀ ਬਣ ਗਏ।
ਰੋਜ਼ੀ ਰੋਟੀ ਦੀਆਂ ਮੁਸ਼ਕਲਾਂ ਅਤੇ ਜ਼ਿੰਦਗੀ ਦੀਆਂ ਗਰਦਿਸ਼ਾਂ ਵੀ ਉਹਨਾਂ ਨੂੰ ਕਲਮ ਦੀ ਇਸ ਸਾਧਨਾ ਤੋਂ ਕਦੇ ਵੀ ਰੋਕ ਨਾ ਸਕੀਆਂ।ਸਿੱਖਿਆ ਵਿਭਾਗ ਪੰਜਾਬ ਦੀ ਨੋਕਰੀ ਕਰਦਿਆਂ ਉਹ 1954 ਵਿਚ ਤਬਦੀਲ ਹੋ ਕੇ ਰਾਮਪੁਰ ਆ ਗਏ। ਪੰਜਾਬੀ ਲਿਖਾਰੀ ਸਭਾ ਰਾਮਪੁਰ ਨਾਲ ਜੁੜ ਗਏ। ਆਖਰੀ ਸਮੇਂ ਤੱਕ ਜੁੜੇ ਰਹੇ। ਲੰਮਾ ਸਮਾਂ ਸਭਾ ਦੇ ਜਨਰਲ ਸਕੱਤਰ ਰਹੇ। ਨਵੀਆਂ ਪੈੜਾਂ ਪਾਈਆਂ, ਨਵੇਂ ਪੂਰਨੇ ਪਾਏ। 'ਕਥਨਾਵਲੀ' ਦੀ ਸੰਪਾਦਨਾ ਕੀਤੀ। ਡਾਕ ਮੈਂਬਰਸ਼ਿਪ ਦੀ ਪਿਰਤ ਪਾਈ। ਅਜਿਹਾ ਬਹੁਤ ਕੁਝ ਹੈ ਜਿਸਦਾ ਜ਼ਿਕਰ ਕਰਦਿਆਂ ਸੁਰਿੰਦਰ ਰਾਮਪੁਰੀ ਉਦਾਸ ਹੋ ਜਾਂਦੇ ਹਨ। ਬਾਰ ਬਾਰ ਗਲਾ ਭਰ ਆਉਂਦਾ ਹੈ।
ਰਾਮਪੁਰੀ ਜੀ ਦੱਸਦੇ ਹਨ ਕਿ ਪ੍ਰਿੰਸੀਪਲ ਰਾਜਿੰਦਰ ਸਿੰਘ ਸੋਢੀ ਨਾਲ ਉਨ੍ਹਾਂ ਦਾ ਭਰਾਵਾਂ ਵਰਗਾ ਪਿਆਰ ਸੀ। ਮੈਂ ਅਤੇ ਸੁਖਮਿੰਦਰ ਰਾਮਪੁਰੀ ਨੇ ਉਨ੍ਹਾਂ ਦਾ ਦਿਲੋਂ ਸਤਿਕਾਰ ਕੀਤਾ ਹੈ ਅਤੇ ਹਰ ਹੁਕਮ ਪ੍ਰਵਾਨ ਚੜ੍ਹਾਇਆ। ਇਹ ਸਿਲਸਿਲਾ ਆਖ਼ਿਰੀ ਸਮੇਂ ਤੀਕ ਵੀ ਜਾਰੀ ਰਿਹਾ। ਸਾਥੀ ਜੀ ਅਤੇ ਤੋਂ ਉਮਰ ਭਰ ਦੂਰ ਰਹੇ।
ਸਿੱਖਿਆ ਵਿਭਾਗ ਪੰਜਾਬ ਤੋਂ ਸੇਵਾ-ਮੁਕਤ ਹੋਣ ਪਿੱਛੋਂ ਉਹ ਸ. ਬਰਜਿੰਦਰ ਸਿੰਘ ਹਮਦਰਦ ਜੀ ਦੀ ਪ੍ਰੇਰਨਾ ਨਾਲ 'ਅਜੀਤ ਅਖ਼ਬਾਰ ' ਨਾਲ ਜੁੜ ਗਏ। ਸ੍ਰੀ ਗੁਰੂ ਗੋਬਿੰਦ ਸਿੰਘ ਮਾਰਗ ਬਾਰੇ ਲੰਮੀ ਲੇਖ ਲੜੀ ਲਿਖੀ ਜੋਂ ਲਾਹੌਰ ਬੁੱਕ ਸ਼ਾਪ ਨੇ ਪੁਸਤਕ ਰੂਪ ਵਿਚ ਪ੍ਰਕਾਸ਼ਿਤ ਕੀਤੀ। ਪਿੱਛੇ ਜਿਹੇ ਉਸ ਦਾ ਦੂਸਰਾ ਐਡੀਸ਼ਨ ਆਇਆ ਹੈ। ਇਸ ਬਾਰੇ ਵੀ ਰਾਮਪੁਰੀ ਜੀ ਕੋ ਹੈ ਕਿਸੇ ਵੱਖਰੀ ਪੋਸਟ ਵਿੱਚ ਵੀ ਸਾਂਝਿਆਂ ਕਰਨਗੇ।
ਜਸਬੀਰ ਝੱਜ ਜਦੋਂ ਵੀ ਅਜੀਤ ਦੇ ਦਫ਼ਤਰ ਜਾਂਦੇ, ਸਾਥੀ ਜੀ ਦਾ ਸੁੱਖ ਸੁਨੇਹਾ ਲੈ ਕੇ ਹੈ ਆਉਂਦੇ।
ਸੁਰਜੀਤ ਰਾਮਪੁਰੀ ਜੀ ਦੇ ਤੁਰ ਜਾਣ ਬਾਅਦ ਨਰਿੰਜਨ ਸਿੰਘ ਸਾਥੀ ਜੀ ਦਾ ਵਿਛੋੜਾ ਅਕਿਹ ਅਤੇ ਅਸਿਹ ਹੈ।
ਉਨ੍ਹਾਂ ਦੀਆਂ ਲਿਖਤਾਂ ਇਤਿਹਾਸ ਦੀ ਜਾਣਕਾਰੀ ਵੀ ਦਿੰਦੀਆਂ ਹਨ ਅਤੇ ਮਾਣ -ਸਨਮਾਨ ਨਾਲ ਜ਼ਿੰਦਗੀ ਜਿਊਣ ਦਾ ਵੱਲ ਵੀ ਦੱਸਦੀਆਂ ਹਨ।
ਅੱਜ ਸਵੇਰੇ ਤਿੰਨ ਵਜੇ ਭਾਵੇਂ ਉਨ੍ਹਾਂ ਆਖਰੀ ਸਾਹ ਲਿਆ ਪਰ ਆਪਣੀਆਂ ਬਹੁਮੁੱਲੀਆਂ ਰਚਨਾਵਾਂ ਰਾਹੀਂ ਉਹ ਸਦਾ ਸਾਡੇ ਅੰਗ ਸੰਗ ਰਹਿਣਗੇ। ਜਲਦੀ ਹੀ ਸੁਰਿੰਦਰ ਰਾਮਪੁਰੀ ਸਾਹਿਬ ਉਹਨਾਂ ਬਾਰੇ ਹੋਰ ਵੇਰਵਾ ਦੇਣਗੇ। ਫਿਲਹਾਲ ਪੋਸਟ ਸਕਰਿਪਟ
ਸਾਥੀ ਜੀ ਦੀਆਂ ਪ੍ਰਕਾਸ਼ਿਤ ਪੁਸਤਕਾਂ ਦਾ ਕੁਝ ਸੰਖੇਪ ਜਿਹਾ ਜ਼ਿਕਰ:
1. ਹਰਿਆਣਾ ਦੇ ਲੋਕ ਰੋਮਾਂਸ
2. ਵਰਤਮਾਨ ਪੰਜਾਬੀ ਸ਼ਬਦ ਜੋੜ
3. ਕਥਨਾਵਲੀ
4. ਨਦੌਣ ਦੀ ਜੰਗ
5. ਚਰਨ ਚਲਉ ਮਾਰਿਗ ਗੋਬਿੰਦ
6.ਇਕ ਪੁਸਤਕ ' ਮਹਾਂਭਾਰਤ ' ਬਾਰੇ ਛਪੀ ਹੈ।
No comments:
Post a Comment