Fri, Jun 1, 2018 at 8:27 PM
ਲਾਲ ਸਿੰਘ ਦੀ ਕਥਾਕਾਰੀ ਜਟਿਲ ਬਿਰਤਾਂਤ ਬਣਤਰ ਵਾਲੀ ਹੈ

ਲਾਲ ਸਿੰਘ ਸਮਕਾਲੀ ਪੰਜਾਬੀ ਕਹਾਣੀ ਦਾ ਵਿਸ਼ੇਸ਼ ਨਾਮ ਹੈ । ਉਹ ਚੌਥੇ ਪੜਾਅ ਦੀ ਪੰਜਾਬੀ ਕਹਾਣੀ ਦੇ ਵੱਖਰੇ ਰੁਝਾਨਾਂ ਵਿੱਚ ਪ੍ਰਤੀਨਿਧੀ ਭੂਮਿਕਾ ਨਿਭਾ ਰਿਹਾ ਹੈ । ਚੌਥੇ ਪੜਾਅ ਦੀ ਕਹਾਣੀ ਨੂੰ ਵਸਤੂ , ਰੂਪ ਅਤੇ ਦ੍ਰਿਸ਼ਟੀ ਪੱਖੋਂ ਨਵਾਂਪਨ ਦੇਣ ਵਿੱਚ ਕਹਾਣੀ ਦੇ ਆਲੋਚਕਾਂ ਵੱਲੋਂ ਕਥਾਕਾਰਾਂ ਦੀ ਭੂਮਿਕਾ ਅਹਿਮ ਮੰਨੀ ਜਾ ਰਹੀ ਹੈ। ਲਾਲ ਸਿੰਘ ਪ੍ਰੋੜ ਉਮਰ ਦਾ ਕਥਾਕਾਰ ਹੈ,ਪਰ ਉਸਦੀ ਕਥਾ ਚੇਤਨਾ ਵਿੱਚ ਉਹ ਸਭ ਕੁਝ ਹੈ ਜੋ ਚੌਥੇ ਪੜਾਅ ਦੀ ਕਹਾਣੀ ਦੀ ਵੱਖਰਤਾ ਵਿੱਚ ਮੌਜੂਦ ਹੈ। ਲਾਲ ਸਿੰਘ ਦੀ ਕਥਾਕਾਰੀ ਜਟਿਲ ਬਿਰਤਾਂਤ ਬਣਤਰ ਵਾਲੀ ਹੈ ਜਿਸ ਵਿੱਚੋਂ ਸਮਾਜਿਕ ਯਥਾਰਥ ਦੀਆਂ ਬਹੁਪਾਸਾਰੀ ਵਿਸਫੋਟਕ ਹੋ ਰਹੀਆਂ ਹਨ। ਚੌਥੇ ਪੜਾਅ ਦੀ ਕਹਾਣੀ ਜਿਸ ਕਿਸਮ ਦੇ ਟਾਕਰਵੇਂ ਵਿਚਾਰਾਂ , ਪਾਤਰਾਂ ਦੇ ਵਿਸਫੋਟਕ ਉਚਾਰ ਅਤੇ ਲੁਕੇ ਸਮਾਜਿਕ ਯਥਾਰਥ ਨੂੰ ਆਪਣੇ ਨਿਵੇਕਲੇ ਸ਼ਿਲਪ ਵਿਧਾਨ ਵਿੱਚ ਪ੍ਰਸਤੁਤ ਕਰ ਰਹੀ ਹੈ ਲਾਲ ਸਿੰਘ ਦੀ ਕਹਾਣੀ ਇਸਦਾ ਪ੍ਰਮਾਣ ਹੈ। ਉਸਦੀ ਬਿਰਤਾਂਤ ਦ੍ਰਿਸ਼ਟੀ ਮਾਰਕਸੀ ਵਿਚਾਰਧਾਰਾ ਦੇ ਰਚਨਾਤਮਿਕ ਰੂਪ ਵਾਲੀ ਹੈ। ਉਹ ਮਾਰਕਸੀ ਪ੍ਰਗਤੀਵਾਦੀ ਸਿਧਾਂਤ ਦੀ ਮੌਖਿਕ ਅਤੇ ਕੱਟੜਤਾ ਵਾਲੀ ਗਲਪੀ ਦ੍ਰਿਸ਼ਟੀ ਦਾ ਪੂਜਕ ਨਹੀ ਸਗੋਂ ਕਾਰਪੋਰੇਟ ਸੈਕਟਰ ਦੀ ਸੱਤਾ ਨਾਲ ਸਾਂਝ ਭਿਆਲੀ ਦੇ ਯੁੱਗ ਵਿੱਚ ਲੋਕ ਹਿਤੂ ਸਿਧਾਂਤਾਂ ਦੀ ਪ੍ਰਸੰਗਿਕਤਾ ਨੂੰ ਸੰਵਾਦ ਦੇ ਨਜ਼ਰੀਏ ਤੋਂ ਪ੍ਰਸਤੁਤ ਕਰਨ ਵਾਲਾ ਲੇਖਕ ਹੈ। ਹੁਣ ਦੀ ਕਹਾਣੀ ਵਿਚਾਰਧਾਰਾ ਦੀ ਫੋਰਸ ਨਾਲ ਨਹੀਂ ਤੁਰਦੀ ਸਗੋਂ ਟਾਕਰਵੇਂ ਹਾਲਾਤ ਦੀ ਉਪਜ ਵਿਚੋਂ ਪੈਦਾ ਹੁੰਦੇ ਸਾਪੇਖ ਸੱਚ ਨੂੰ ਕਈ ਕੋਣਾਂ ਤੋਂ ਉਭਾਰ ਕੇ ਪੇਸ਼ ਕਰ ਰਹੀ ਹੈ। ਇਹ ਕਹਾਣੀ ਵਿਸ਼ਵੀਕਰਨ ਦੇ ਗੜਬੜੀਆਂ ਵਾਲੇ ਸਮਿਆਂ ਦੀ ਸੰਵੇਦਨਾ ਨੂੰ ਰਜਿਸਟਰ ਕਰ ਰਹੀ ਹੈ ਅਤੇ ਵਸਤੂ ਵਿਧਾਨ ਪੱਖੋਂ ਹੀ ਨਹੀਂ ਸਗੋਂ ਸ਼ਿਲਪ ਵਿਧਾਨ ਪੱਖੋਂ ਵੀ ਵਿਲੱਖਣ ਗਲਪੀ ਪ੍ਰਬੰਧ ਉਸਾਰ ਰਹੀ ਹੈ। ਲਾਲ ਸਿੰਘ ਦੀ ਕਥਾ ਵਾਰਤਾ ਵੀ ਇਸੇ ਪਰੰਪਰਾ ਨੂੰ ਹੋਰ ਵਿਸਥਾਰ ਦਿੰਦੀ ਹੈ। ਲਾਲ ਸਿੰਘ ਪੂੰਜੀਵਾਦੀ ਵਿਸ਼ਵੀਕਰਨ ਦੀਆਂ ਤਿੱਖੀਆਂ ਅਲਾਮਤਾਂ ਦਾ ਜਾਣਕਾਰ ਹੀ ਨਹੀਂ ਸਗੋਂ ਭੇਤੀ ਵੀ ਹੈ। ਪੂੰਜੀਵਾਦੀ ਵਿਸ਼ਵੀਕਰਨ ਜਿਸ ਕਿਸਮ ਦੇ ਸੰਕਟ ਲੈ ਕੇ ਪੰਜਾਬੀ ਸਭਿਆਚਾਰ ਵਿੱਚ ਦਾਖਿਲ ਹੁੰਦਾ ਹੈ ਇਸ ਵਰਤਾਰੇ ਨੂੰ ਸਮਕਾਲੀ ਦੀ ਕਹਾਣੀ ਵਿੱਚ ਲਾਲ ਸਿੰਘ ਵਰਗੇ ਕਥਾਕਾਰ ਚਿੰਤਨ ਦੀ ਪੱਧਰ ਉੱਤੇ ਜਾ ਕੇ ਪ੍ਰਸਤੁਤ ਕਰਦੇ ਹਨ। ਵਰਤਮਾਨ ਦੀ ਕਹਾਣੀ ਪੰਜਾਬ ਦੇ ਇਸੇ ਯਥਾਰਥ ਦੇ ਰੂ-ਬ-ਰੂ ਹੈ ਜਿਸ ਵਿੱਚ ਕਾਰਪੋਰੇਟ ਸੈਕਟਰ ਦੇ ਖਪਤਵਾਦੀ ਰੁਝਾਨਾਂ ਨੇ ਪੰਜਾਬੀ ਲੋਕਾਂ ਨੂੰ ਸੱਭਿਆਚਾਰ ਦੇ ਉਸਾਰੂ ਜੀਵਨ ਮੁੱਲਾਂ ਤੋਂ ਵਿਛੁੰਨ ਕੇ ਪਦਾਰਥਵਾਦੀ ,ਉਪਭੋਗੀ ਅਤੇ ਵਿਅਕਤੀਵਾਦੀ ਅਲਾਮਤਾਂ ਨਾਲ ਜੋੜ ਦਿੱਤਾ ਹੈ।
ਲਾਲ ਸਿੰਘ ਦਾ ਪਹਿਲਾ ਕਹਾਣੀ ਸੰਗ੍ਰਹਿ “ ਮਾਰਖੋਰੇ ” 1984 ਵਿੱਚ ਛਪਦਾ ਹੈ ਇਸ ਪਿੱਛੋਂ 1986 ਵਿੱਚ “ਬਲੌਰ ”, 1990 ਵਿੱਚ “ ਧੁੱਪ-ਛਾਂ “ ,1996 ਵਿੱਚ ਕਾਲੀ ਮਿੱਟੀ , 2003 ਵਿੱਚ “ਅੱਧੇ ਅਧੂਰੇ ” ਅਤੇ 2009 ਵਿੱਚ “ ਗੜ੍ਹੀ ਬਖ਼ਸ਼ਾ ਸਿੰਘ ” ਨਾਮਕ ਕਥਾ ਸੰਗ੍ਰਿਹ ਛਪਦੇ ਹਨ । ਲੇਖਣੀ ਦੀ ਇਹ ਵਿਰਾਸਤ ਲਾਲ ਸਿੰਘ ਨੂੰ ਉਸ ਕਹਾਣੀ ਦੇ ਵੀ ਸਮਾਨ ਅੰਤਰ ਰੱਖਦੀ ਹੈ ਜਿਸਦੀ ਪੰਜਾਬੀ ਕਹਾਣੀ ਦੇ ਤੀਜੇ ਪੜਾਅ ਦੇ ਪਿਛਲੇ ਸਮਿਆਂ ਦੌਰਾਨ ਦੇਹ ਦੇ ਜਸ਼ਨੀ ਸਰੋਕਾਰਾਂ ਅਤੇ ਵਰਜਿਤ ਰਿਸ਼ਤਿਆਂ ਨੂੰ ਕਹਾਣੀ ਦਾ ਇਕੋ ਇੱਕ ਕੇਂਦਰ ਬਣਾ ਕੇ ਪ੍ਰਸਤੁਤ ਕਰਦੀ ਰਹੀ ਹੈ।ਇਹ ਦੌਰ ਵਰਜਿਤ ਰਿਸ਼ਤਿਆਂ ਅਤੇ ਕਾਮੁਕ ਮਨੋਂ ਗੁੰਝਲਾਂ ਦੁਆਲੇ ਭਿਣਭਿਣਾਉਂਦੀ ਕਥਾਕਾਰੀ ਦਾ ਦੌਰ ਹੈ। ਲਾਲ ਸਿੰਘ ਅਜਿਹਾ ਪ੍ਰਭਾਵ ਲੈਣ ਦੀ ਥਾਂ ਮਾਰਖੋਰੇ, ਧੁੱਪ-ਛਾਂ, ਨਾਈਟ ਸਰਵਿਸ, ਬਲੌਰ ਵਰਗੀਆਂ ਕਹਾਣੀਆਂ ਲਿਖ ਕੇ ਉਸ ਸਮੇਂ ਦਹਿਸ਼ਤਗਰਦਾਂ ਅਤੇ ਸਟੇਟ ਦੇ ਜ਼ਬਰ ਵਿੱਚ ਪਿਸਦੀ ਲੋਕਾਈ ਦੇ ਦਰਦ ਨੂੰ ਪ੍ਰਗਤੀਵਾਦੀ ਨਜ਼ਰੀਏ ਤੋਂ ਪੇਸ਼ ਕਰਦਾ ਹੈ। ਇਸਦੇ ਨਾਲ ਉਸਦੀ ਕਹਾਣੀ ਪੰਜਾਬੀ ਸਮਾਜ ਦੇ ਜਾਤੀ ਜਮਾਤੀ ਪ੍ਰਸੰਗਾਂ ਨੂੰ ਪ੍ਰਸਤਤ ਕਰਦੀ ਪੰਜਾਬੀ ਦੇ ਰਾਜਨੀਤਕ, ਆਰਥਿਕ ਅਤੇ ਸਮਾਜਿਕ ਢਾਂਚੇ ਉੱਤੇ ਕਾਬਜ਼ ਧਿਰਾਂ ਵੱਲੋਂ ਮਿਹਨਤਕਸ਼ ਵਰਗਾਂ ਦੀ ਕੀਤੀ ਜਾਂਦੀ ਲੁੱਟ ਖਸੁੱਟ ਪ੍ਰਤੀ ਤਿੱਖੇ ਪ੍ਰਵਚਨ ਉਚਾਰਦੀ ਹੈ।ਉਸਦੀਆਂ ਸਮੁੱਚੀਆਂ ਕਹਾਣੀਆਂ ਦਾ ਕੇਂਦਰੀ ਨੁਕਤਾ ਸਾਮਰਾਜੀ ਤਾਕਤਾਂ ਦੇ ਵਿਦੇਸ਼ੀ ਅਤੇ ਦੇਸੀ ਰੂਪਾਂ ਦੁਆਰਾ ਹਾਸ਼ੀਅਤ ਵਰਗਾਂ ਨਾਲ ਕੀਤੇ ਜਾਂਦੇ ਸਮਾਜਿਕ ਅਨਿਆਂ ਵਿਰੁੱਧ ਉਗਰ ,ਖਰ੍ਹਵੇਂ ਅਤੇ ਬੜਬੋਲੇ ਉਚਾਰਾਂ ਵਾਲੇ ਕਥਾ ਸ਼ਿਲਪ ਦਾ ਪ੍ਰਸਾਰ ਕਰਨਾ ਹੈ । ਇਸ ਪੱਖੋਂ ਉਹ ਵਕਤ ਦੀ ਚਾਲ ਨੂੰ ਪਛਾਣ ਕੇ ਆਪਣੀ ਕਹਾਣੀ ਨੂੰ ਚਿੰਤਨ ਪ੍ਰਧਾਨ ਬਣਾਉਣ ਵਾਲਾ ਸੁਚੇਤ ਕਥਾਕਾਰ ਹੈ। ਸੰਨ 1990 ਤੋਂ ਬਾਅਦ ਸਮਾਜਵਾਦੀ ਬਲਾਕ ਦੇ ਟੁੱਟਣ ਅਤ ਵਿਸ਼ਵੀਕਰਨ ਦੀਆਂ ਨੀਤੀਆਂ ਦੇ ਫੈਲਾਅ ,ਸੂਚਨਾ ਸੰਚਾਰ ਸਾਧਨਾਂ ਦੀ ਬਹੁਤਾਂਤ ਅਤੇ ਉਪਭੋਗੀ ਸੱਭਿਆਚਾਰ ਦੇ ਪ੍ਰਚਲਨ ਨਾਲ ਜਿਸ ਤਰ੍ਹਾਂ ਸੰਘਰਸ਼ ਦੀ ਰੂੜ੍ਹੀ ਅਤੇ ਨਾਇਕ ਕੇਂਦਰਿਤ ਕਥਾਕਾਰੀ ਕਹਾਣੀ ਦੇ ਦ੍ਰਿਸ਼ ਵਿੱਚੋਂ ਲੋਪ ਹੁੰਦੀ ਹੈ ਉਸਦਾ ਪ੍ਰਗਟਾਵਾ ਲਾਲ ਸਿੰਘ ਦੀਆਂ ਕਹਾਣੀਆਂ ਅੰਦਰ ਦਰਜ ਹੈ ।ਇਸ ਕਹਾਣੀ ਵਿੱਚ ਇਕਹਿਰੇ ਯਥਾਰਥ ਦੀ ਥਾਂ ਬਹੁਪਰਤੀ ਯਥਾਰਥ ,ਨਿਰਪੇਖ ਸੱਚ ਦੀ ਥਾਂ ਸਾਪੇਖ ਸੱਚ ,ਜਿੱਤ ਦੀ ਥਾਂ ਹਾਰ ਦਾ ਬਿਰਤਾਂਤ ,ਨਾਇਕ ਦੀ ਸੂਰਮਗਤੀ ਦੀ ਥਾਂ ਵਿਗਠਨਕਾਰੀ ,ਰਾਹ ਦੀ ਥਾਂ ਤਣਾਓ ,ਲੇਖਣੀ ਦੇ ਸਰਬਗਿਆਨ ਦੀ ਥਾਂ ਅਰਥਾਂ ਦਾ ਭੇੜ ,ਚੇਤਨ ਦੀ ਥਾਂ ਅਵਚੇਤਨ ,ਵਿਅੰਗ ਦੀ ਥਾਂ ਵਿਡੰਬਨਾ ,ਕਹਾਣੀ ਸੁਣਾਉਣ ਦੀ ਥਾਂ ਦਿਖਾਉਣ ,ਦਿਸਦੇ ਸੱਚ ਦੀ ਥਾਂ ਅਣਦਿਸਦੇ ਸੱਚ ਨਾਲ ਜੁੜੇ ਕਥਾ ਸਰੋਕਾਰ ਪ੍ਰਵੇਸ਼ ਕਰਦੇ ਹਨ। ਕਹਾਣੀ ਦਾ ਇਹ ਨਵਾਂ ਸੁਹਜ ਅਤੇ ਸ਼ਿਲਪ ਵਿਧਾਨ ਵਿਸ਼ਵੀਕਰਨ ਦੀਆਂ ਨੀਤੀਆਂ ਤੋਂ ਕਾਰਪੋਰੇਟ ਸੈਕਟਰ ਦੀ ਚੜਤ ਦੌਰਾਨ ਬਦਲਦੇ ਪੰਜਾਬੀ ਸਮਾਜ ਦੀ ਕਠੋਰਤਾ ਵਿੱਚੋਂ ਰੂਪਮਾਨ ਹੋ ਰਿਹਾ ਹੈ। ਲਾਲ ਸਿੰਘ ਦੀ ਕਹਾਣੀ ਵੀ ਇਸੇ ਸਮਾਜੀ ਕਠੋਰਤਾ ਤੋਂ ਉੱਪਜੀਆਂ ਕਥਾ ਸਥਿਤੀਆਂ ਉੱਤੇ ਆਪਣੀ ਬੁਣਤੀ ਬੁਣਦੀ ਹੈ। ਜਿਸ ਵਿੱਚ ਸਮਕਾਲੀ ਸਮਾਜਿਕ ਯਥਾਰਥ ਦੀ ਕਰੂਰਤਾ ਦਾ ਭਰਪੂਰ ਪ੍ਰਗਟਾਵਾ ਮਿਲਦਾ ਹੈ। ਲੇਖਕ ਕਾਰਪੋਰੇਟ ਸੈਕਟਰ ਦੀ ਅੰਨ੍ਹੀ ਚੜਤ ਤੋਂ ਪੈਦਾ ਹੋ ਰਹੇ ਸਮਾਜਿਕ ਦੁਖਾਂਤ ਪ੍ਰਤੀ ਚਿੰਤਾਤੁਰ ਹੀ ਨਹੀਂ ਸਗੋਂ ਚੇਤੰਨ ਵੀ ਹੈ ਇਸੇ ਕਰਕੇ ਉਹ ਕਾਰਪੋਰੇਟ ਵਰਤਾਰਿਆਂ ਦੇ ਰਾਜਨੀਤੀ ਅਤੇ ਸਰਮਾਏਦਾਰੀ ਨਾਲ ਹੁੰਦੇ ਨਾਪਾਕ ਗਠਜੋੜ ਦੀ ਸਿਆਸਤ ਦਾ ਭੇਤੀ ਹੈ। ਉਸਦੀਆਂ ਵਰਤਮਾਨ ਕਹਾਣੀਆਂ ਪੰਜਾਬ ਦੇ ਮੌਜੂਦ ਸੰਕਟਾਂ ਦਾ ਇਕਹਿਰਾ ਪਰਿਪੇਖ ਪੇਸ਼ ਕਰਨ ਨਾਲੋਂ ਇਨ੍ਹਾਂ ਦਾ ਬਹੁਪਾਸਾਰੀ ਚਿਹਰਾ ਰੂਪਮਾਨ ਕਰਦੀਆਂ ਹਨ। ਬਾਕੀ ਕਥਾਕਾਰਾਂ ਤੋਂ ਉਸਦੀ ਭਿੰਨਤਾ ਹੈ ਕਿ ਉਹ ਪੰਜਾਬ ਦੇ ਜੁਝਾਰੂ ਮਾਦੇ ਵਾਲੇ ਸੱਭਿਆਚਾਰਕ ਅਤੇ ਇਤਿਹਾਸਿਕ ਪਿਛੋਕੜ ਦੀ ਸਮਝ ਰੱਖਦਾ ਇਸਦੀ ਸਦੀਵੀ ਪ੍ਰਸੰਗਿਕਤਾ ਦਾ ਅਹਿਸਾਸ ਵੀ ਕਰਵਾਉਂਦਾ ਹੈ ।ਇਸੇ ਕਰਕੇ ਉਹ ਆਪਣੀ ਮਾਰਕਸੀ ਕਥਾ ਦ੍ਰਿਸ਼ਟੀ ਨੂੰ ਕਿਸੇ ਮਕੈਨੀਕਲ ਸਿਧਾਂਤਵਾਦੀ ਦੀ ਜਕੜ ਨਾਲੋਂ ਇਸਦੀ ਲੋਕ ਪੱਖੀ ਭੂਮਿਕਾ ਨੂੰ ਆਪਣੇ ਇਤਿਹਾਸ ਦੇ ਪ੍ਰੇਰਨਾਦਇਕ ਨਾਇਕਾਂ, ਘਟਨਾਵਾਂ ਅਤੇ ਵਰਤਾਰਿਆਂ ਨਾਲ ਮੇਲ ਜੋੜ ਕੇ ਪ੍ਰਸਾਰਦਾ ਹੈ । ਲਾਲ ਸਿੰਘ ਦੀਆਂ ਕਹਾਣੀਆਂ ਦਾ ਇਕ ਸਰੋਕਾਰ ਕਮਿਊਨਿਸਟ ਲਹਿਰ ਦੇ ਚਿੰਤਨ ਨਾਲ ਜੁੜਿਆ ਹੈ । ਕਮਿਊਨਿਸਟ ਲਹਿਰ ਗਲਪੀ ਮੁਲਾਂਕਣ ਕਰਦਿਆਂ ਉਹ ਲਹਿਰ ਦੀ ਕਥਿਤ ਅਸਫ਼ਲਤਾ ਤੇ ਕੱਛ ਵਜਾਉਣ ਵਾਲੀ ਗਲਪੀ ਸਿਆਸਤ ਨਹੀਂ ਖੇਡਦਾ ਸਗੋਂ ਲਹਿਰ ਦੇ ਮਨਸੂਬਿਆਂ ਦੀ ਅਪ੍ਰਾਪਤੀ ‘ਤੇ ਮੰਥਨ ਕਰਦਾ ਦੱਬੀਆਂ ਘੁੱਟੀਆਂ ਰਗਾਂ ‘ਤੇ ਹੱਥ ਧਰਦਾ ਹੈ। ਇਸਦੇ ਨਾਲ ਨਾਲ ਖੁਦਕੁਸ਼ੀਆਂ ਦੇ ਰਾਹ ਪਈ ਪੰਜਾਬ ਦੀ ਕਿਸਾਨੀ , ਨੌਜਵਾਨਾਂ ਦੀ ਦਿਸ਼ਾਹੀਣਤਾ, ਦਿਹਾਤੀ ਖੇਤਰ ਵਿੱਚ ਉਪਭੋਗਤਾਵਾਦੀ ਰੁਚੀਆਂ ਦੇ ਦਖ਼ਲ , ਗਲੋਬਲ ਪਿੰਡ ਦੇ ਵਿਕਾਸ ਮਾਡਲ ਵੱਲੋਂ ਮੰਡੀ ਅਤੇ ਬਾਜ਼ਾਰ ਦੇ ਖੜ੍ਹੇ ਕੀਤੇ ਤਲਿੱਸਮ ਵਿੱਚ ਉਲਝੀ ਪੰਜਾਬੀ ਬੰਦਿਆਈ ਨੂੰ ਆਏ ਸੰਕਟਾਂ ‘ਤੇ ਰੁਦਨ ਕਰਨਾ ਵੀ ਉਸ ਦੇ ਕਥਾ ਮਰਕਜ਼ ਦਾ ਹਿੱਸਾ ਰਿਹਾ ਹੈ । ਲਾਲ ਸਿੰਘ ਦੇ ਕਥਾ ਪਾਤਰ ਬੇਚੈਨ ਕਿਸਮ ਦੇ ਅਤੇ ਆਪਣੇ ਅਸਲੇ ਤੋਂ ਉਖੜੇ ਹੋਏ ਹਨ। ਇਨ੍ਹਾਂ ਦੀ ਅਸਹਿਜ , ਅਸ਼ਾਂਤ ਅਤੇ ਅਸਥਿਰ ਮਾਨਸਿਕਤਾ ਲਈ ਜਿਸ ਕਿਸਮ ਦੀ ਗੁੰਝਲਦਾਰ ਕਥਾ ਭਾਸ਼ਾ ਦੀ ਲੋੜ ਹੈ ਲਾਲ ਸਿੰਘ ਦੀ ਭਾਸ਼ਾ ਦੀ ਲੋੜ ਨੂੰ ਪੂਰਾ ਕਰਦਾ ਹੈ । ਕਈ ਵਾਰ ਗੁੰਝਲਦਾਰ ਕਥਾ ਜੁਗਤਾਂ ਦੀ ਸ਼ਿਕਾਰ ਹੋ ਕੇ ਉਸਦੀ ਕਹਾਣੀ ਰਵਾਨੀ ਰਹਿਤ ਅਤੇ ਕਥਾ ਰਸ ਤੋਂ ਵਿਰਵੀ ਹੁੰਦੀ ਜਾਂਦੀ ਹੈ । ਪਰ ਲੇਖਕ ਦੀ ਪ੍ਰਗਤੀਵਾਦੀ ਅਤੇ ਮਾਨਵਵਾਦ ਲਈ ਪ੍ਰਤੀਬੱਧਤਾ ਪਾਠਕਾਂ ਨੂੰ ਜ਼ਿੰਦਗੀ ਜੀਉਣ ਦਾ ਕੋਈ ਨਾਲ ਕੋਈ ਰਸਤਾ ਪ੍ਰਦਾਨ ਕਰਦੀ ਨਵੀਆਂ ਚਿੰਤਨੀ ਦਿਸ਼ਾਵਾਂ ਨਾਲ ਜੋੜਦੀ ਹੈ ।
ਉਪਰੋਤਕ ਚਰਚਾ ਦੇ ਪ੍ਰਸੰਗ ਵਿੱਚ ਲਾਲ ਸਿੰਘ ਦੀ ਵਿਚਾਰ ਅਧੀਨ ਪੁਸਤਕ “ਸੰਸਾਰ ” ਦੇ ਕੇਂਦਰੀ ਥੀਮ ਵੀ ਸਮਕਾਲ ਦੇ ਸੰਸਾਰੀਕਰਨ ਦੇ ਵਰਤਾਰੇ ਦੀ ਗ੍ਰਿਫਤ ਵਿੱਚ ਆਏ ਪੰਜਾਬੀ ਜਨ ਜੀਵਨ, ਸੂਚਨਾ ਸੰਚਾਰ ਸਾਧਨਾਂ ਦੇ ਵਹਿਣ ਵਿੱਚ ਰੁੜੀ ਜਾਂਦੀ ਨੌਜਵਾਨ ਪੀੜ੍ਹੀ ਦੇ ਦੁਖਾਂਤ , ਨਵ ਪੂੰਜੀਵਾਦ ਤੋਂ ਪੈਦਾ ਉਪਭੋਗਤਾਵਾਦੀ ਰੁਝਾਨਾਂ ਅਤੇ ਲੋਕ ਪੱਖੀ ਲਹਿਰਾਂ ਦੀ ਸਿਧਾਂਤਕ ਵਿਹਾਰਕ ਵਿੱਥ ਤੋਂ ਉਪਜੇ ਸੰਤਾਪ ਅਤੇ ਸੱਤਾ ਦੇ ਸ਼ੋਸ਼ਣ ਵਿੱਚ ਪਿਸਦੇ ਪੰਜਾਬੀ ਬੰਦੇ ਦੇ ਸਹਿਜ ਜੀਵਨ ਵਿੱਚ ਆਈ ਅਸਹਿਜਤਾ ਦੇ ਵਿਖਿਆਨ ਪੇਸ਼ ਕਰਨਾ ਹੈ। ਪੁਸਤਕ ਵਿੱਚ ਲਾਲ ਸਿੰਘ ਆਪਣੇ ਪਾਤਰਾਂ ਦੀ ਸਿਰਜਣ ਪ੍ਰਕਿਰਿਆ ਬਾਰੇ ਲਿਖਦਾ ਹੈ –“ ਸਮਾਜ ਦੇ ਵਿਸ਼ਵੀਕਰਨ ਦੇ ਵਰਤਾਰੇ ਨੇ, ਸੂਚਨਾ ਤਕਨਾਲੋਜੀ ਦੇ ਤੇਜ਼ਤਰਾਰ ਯੁੱਗ ਵਿੱਚ ਨਵ-ਪੂੰਜੀਵਾਦ ਦੇ ਕਰੂਰ ਪਰਪੰਚ ਨੇ,ਮਨੁੱਖ ਦੀ ਬੌਧਿਕਤਾ ,ਮਾਨਸਿਕਤਾ ਤੇ ਭਾਵੁਕਤਾ ਦੇ ਸਮੀਕਰਨ ਨਿਘਾਰ ਦੀ ਸਭ ਤੋਂ ਹੇਠਲੀ ਹੱਦ ਤੱਥ ਉਥਲ ਪੁਥਲ ਕਰ ਦਿੱਤੇ ਹਨ । “
ਲਾਲ ਸਿੰਘ ਦੀ ਕਹਾਣੀ ਦੀ ਵੱਖਰਤਾ ਨੇ ਸੰਸਾਰੀਕਰਨ ਤੋਂ ਪੈਦਾ ਹੋਈ ਪਿਛਲੇ ਦੋ ਦਹਾਕਿਆਂ ਦੀ ਉਥਲ ਪੁਥਲ ਦਾ ਮਾਰਮਿਕ ਅਤੇ ਚਿੰਤਨੀ ਬਿਰਤਾਂਤ ਪੇਸ਼ ਕੀਤਾ ਹੈ । ਉਸਦੇ ਕਥਾ ਸੰਸਾਰ ਵਿੱਚ ਭੂਤਕਾਲ ਨੂੰ ਨਮਸਕਾਰ ਅਤੇ ਵਰਤਮਾਨ ਨੂੰ ਤ੍ਰਿਸਕਾਰਨ ਦੀ ਰੂੜੀ ਮੌਜੂਦ ਹੈ ।ਇਸੇ ਤਹਿਤ ਉਹ ਦੇਸ਼ ਦੀ ਆਜ਼ਾਦੀ ਅਤੇ ਸਮਾਰਾਜੀ ਕੈਦ ਤੋਂ ਮੁਕਤੀ ਲਈ ਜੂਝਦੀਆਂ ਰਹੀਆਂ ਗ਼ਦਰ ਲਹਿਰ, ਕਿਰਤੀ ਕਿਸਾਨ ਲਹਿਰ ਅਤੇ ਹੋਰ ਲੋਕ ਪੱਖੀ ਤਹਿਰੀਕਾਂ ਦੀ ਸਿਮਰਤੀ ਕਰਦਾ ਹੈ ਅਤੇ ਸਮਕਾਲ ਦੇ ਵਿਸ਼ਵੀਕਰਨ ਵਾਲੇ ਵਰਤਾਰਿਆਂ ਵਿੱਚ ਮਨੁੱਖ ਦੀ ਹੋਂਦ ਨੂੰ ਦਰਪੇਸ਼ ਸੰਕਟਾਂ ‘ਤੇ ਰੁਦਨ ਕਰਦਾ ਹੈ । ‘ਗ਼ਦਰ ’ ਕਹਾਣੀ ਵਿੱਚ ਉਹ ‘ ਗ਼ਦਰ ’ਸ਼ਬਦ ਦੇ ਅਰਥਾਂ ਉੱਤੇ ਸਵਾਲੀਆਂ ਚਿੰਨ੍ਹ ਲਗਾਉਂਦਾ ਹੈ । ਪੰਜਾਬ ਦੇ ਬਸਤੀਵਾਦੀ ਇਤਿਹਾਸ ਵਿੱਚ ਗ਼ਦਰ ਲਹਿਰ ਦੀ ਵਡੇਰੀ ਭੂਮਿਕਾ ਦੇ ਬਾਵਜੂਦ ਲੋਕ ਮਨਾਂ ਵਿੱਚ ਗ਼ਦਰ ਸ਼ਬਦ ਦੀ ਨਕਾਰਤਮਿਕ ਭੂਮਿਕਾ ਉਸਦੇ ਕਥਾ ਚਿੰਤਨ ਦਾ ਅਹਿਮ ਸਰੋਕਾਰ ਹੈ ।ਆਜ਼ਾਦੀ ਦੀ ਲਹਿਰ ਵਿੱਚ ਗ਼ਦਰੀ ਬਾਬਿਆਂ ਦੇ ਇਨਕਲਾਬੀ ਯੋਗਦਾਨ ਦੇ ਬਾਵਜੂਦ ਇਹ ਲਹਿਰ ਭਾਰਤ ਦੇ ਆਜ਼ਾਦੀ ਸੰਗਰਾਮ ਦੀ ਇਤਿਹਾਸਕਾਰੀ ਵਿੱਚ ਇਕ ਹਾਸ਼ੀਆ ਹੰਢਾਉਂਦੀ ਰਹੀ ਹੈ । ਲਾਲ ਸਿੰਘ ਹਾਸ਼ੀਏ ਦੇ ਕਾਰਨ ਤਲਾਸ਼ਣ ਦੀ ਥਾਂ ਸਮਕਾਲ ਦੀ ਨਿਆਂ ਪਾਲਿਕਾ , ਕਾਰਜ ਪਾਲਿਕਾ ਅਤੇ ਵਿਧਾਨ ਪਾਲਿਕਾ ਦੀ ਕਾਰਗੁਜ਼ਾਰੀ ‘ਤੇ ਪ੍ਰਸ਼ਨ ਚਿੰਨ ਉਠਾਉੱਦਾ ਹੈ । ਉਹ ਗ਼ਦਰੀ ਬਾਬਿਆਂ ਨੂੰ ਗ਼ਦਰ ਸ਼ਬਦ ਦੇ ਰਵਾਇਤੀ ਅਰਥ ਤਬਦੀਲ ਕਰਕੇ ਬਸਤੀਵਾਦੀ ਸੱਤਾ ਦੇ ਸ਼ੋਸ਼ਨ ਤੋਂ ਲੋਕਾਂ ਨੂੰ ਆਜ਼ਾਦ ਕਰਾਉਣ ਪੱਖੋਂ ਸਿਮਰਦਾ ਹੈ ਪਰ ਸਮਕਾਲ ਦੇ ਭ੍ਰਿਸ਼ਟ ਤੰਤਰ ਦੌਰਾਨ ਲੋਕਤੰਤਰ ਵਿੱਚ ‘ਗ਼ਦਰ ’ ਪਾਉਣ ਵਾਲੇ ਸਰਕਾਰੀ ਅਫ਼ਸਰਾਂ , ਅਧਿਆਪਕਾਂ ਅਤੇ ਅਖੌਤੀ ਆਗੂਆਂ ਦੇ ਕਿਰਦਾਰ ਦੀ ਨਿੰਦਾ ਕਰਦਾ ਹੈ । ਕਹਾਣੀ ਵਿਚਲਾ ਉੱਤਮ ਪੁਰਖੀ ਪਾਤਰ ਇਕ ਪਰਵਾਸੀ ਲੇਖਕ ਹੈ ਜੋ ਕਿ ਪੰਜਾਬ ਵਿੱਚ ਆ ਕੇ ਯੂਨੀਵਰਸਿਟੀਆਂ ਵਿਚ ਫੈਲੇ ਅਕਾਦਮਿਕ ਭ੍ਰਿਸ਼ਟਾਚਾਰ, ਪਰਵਾਸੀਆਂ ਦੀਆਂ ਜ਼ਮੀਨਾਂ ਦੱਬੀ ਬੈਠੇ ਮਾਫੀਏ ਸਰਮਾਏਦਾਰਾਂ , ਪੁਲੀਸ ਅਤੇ ਨਿਆਂ ਪਾਲਿਕਾ ਦੀ ਰਿਸ਼ਵਤਖੋਰੀ ਦੇਖ ਕੇ ਸੁੰਨ ਹੋ ਜਾਂਦਾ ਹੈ ।ਕਹਾਣੀ ਦਾ ਗ਼ਦਰੀ ਬਜ਼ੁਰਗ ਪਾਤਰ ਉਧੋ ਸਮਕਾਲ ਦੀ ਇਸੇ ਆਪਾਧਾਪੀ ਨੂੰ ਦੇਖ ਕੇ ਗੁੰਮਨਾਮੀ ਮੌਤ ਮਰ ਜਾਂਦਾ ਹੈ ਅਤੇ ਕਹਾਣੀ ਦੇ ਮੁੱਖ ਪਾਤਰ ਦੀ ਮਨਬਚਨੀ ਵਰਤਮਾਨ ਦੇ ਸਮਾਜਿਕ ਯਥਾਰਥ ਦੀ ਇਸ ਕਰੂਰਤਾ ਅੱਗੇ ਕਹਾਣੀ ਦੇ ਅੰਤ ਵਿਚ ਇੱਕ ਵਿਸਫੋਟ ਬਣ ਕੈ ਉਭਰਦੀ ਹੈ ।
"ਗਦਰੀ ਤੁਸੀ ਨਹੀਂ, ਆਹ ਹੁਣ ਦਾ ਅਮਲਾ ਫੈਲਾ....ਹੁਣ ਦਾ ਲਾਣਾ ਐ ਪੂਰਾ ਗੰਦ ਗਦਰੀ । ਇਹਨਾਂ ਤਾਂ ਤੁਹਾਡੇ ਮਿਸ਼ਨ ਤੁਹਾਡੀ ਲਹਿਰ ਨੂੰ ਪੂਰੀ ਤਰ੍ਹਾਂ ਕਲੰਕਤ ਹੀ ਕਰ ਛੱਡਿਆ । ਤੁਸੀਂ .....ਤਾਂ ਅਠਾਰਾਂ ਸਤਵੰਜਾਂ ਦੀ ਜੰਗ ਨੂੰ ਸਲਾਮ ਕੀਤੀ ਸੀ ਇਕ ਤਰ੍ਹਾਂ ਨਾਲ। ਅਧਵਾਟੇ ਰੁਕੇ ਕਾਰਜ ਨੂੰ ਅੱਗੇ ਤੋਰਿਆ ਸੀ ਗਹਿ ਗੱਚ ਖੁੱਭ ਕੇ। ਤੁਸੀਂ....ਤੁਸੀਂ ਤਾਂ ਗ਼ਦਰ ਸ਼ਬਦ ਦੇ ਨਾਂਹ ਵਾਚੀ ਅਰਥ ਹੀ ਤਬਦੀਲ ਕਰ ਦਿੱਤੇ ਸਨ ਮੁੱਢੋਂ ਸੁੱਢੋਂ। ਪਰ ਅਸੀਂ ਪਤਾ ਨੀਂ ਕਿਦੀ ਰੀਸੇ ਤੁਹਾਨੂੰ ਮੁਕਤੀ ਕਾਮਿਆਂ ਨੂੰ , ਬੇ-ਦਾਗ, ਬੇਲਾਗ ਯੋਧਿਆਂ , ਸੂਰਬੀਰਾਂ ਨੂੰ ਗ਼ਦਰੀ ਆਖਦੇ ਰਹੇ ਐਨਾ ਚਿਰ । ਹੱਦ ਹੋਈ ਪਈ ਆ ਸਾਡੇ ਆਲੀ। “
ਲਾਲ ਸਿੰਘ ਦੀ ਇਕ ਕਹਾਣੀ ‘ਆਪੋ ਆਪਣੇ ਮੁਹਾਜ਼ ’ ਵੀ ਇਸੇ ਵਿਚਾਰਧਾਰਾ ਆਧਾਰ ਵਾਲੀ ਹੈ ਜਿਸ ਵਿੱਚ ਸੀਮਤ ਸਾਧਨਾਂ ਨਾਲ ਆਜ਼ਾਦੀ ਦੇ ਅਸੀਮਤ ਸੁਪਨੇ ਨੂੰ ਦੇਖਣ ਅਤੇ ਪੂਰਾ ਕਰਨ ਲਈ ਉੱਠੀਆਂ ਪੰਜਾਬ ਦੀਆਂ ਜੁਝਾਰੂ ਇਨਕਲਾਬੀ ਲਹਿਰਾਂ ਦੀ ਵਿਚਾਰਧਾਰਾ ਨੂੰ ਸਮਕਾਲੀ ਸਮਿਆਂ ਦੇ ਪ੍ਰਸੰਗ ਵਿੱਚ ਸੰਵਾਦੀ ਬਣਾਇਆ ਮਿਲਦਾ ਹੈ । ‘ਆਪੋ ਆਪਣੇ ਮੁਹਾਜ਼ ’ ਕਹਾਣੀ ਵਿਚ ਮੌਜੂਦਾ ਸਮੇਂ ਅੰਦਰ ਰਾਜਨੀਤੀ ਵਿੱਚ ਪਰਿਵਾਰਵਾਦ, ਭ੍ਰਿਸ਼ਟ ਤੰਤਰ ਅਤੇ ਬੇਰੁਜ਼ਗਾਰੀ ਕਾਰਨ ਦਿਸ਼ਾਹੀਣਤਾ ਭੋਗਦੀ ਨੌਜਵਾਨ ਪੀੜ੍ਹੀ ਦੀ ਸੰਵੇਦਨਾ ਦਾ ਵਰਨਣ ਹੈ ।ਕਹਾਣੀ ਦਾ ਅਨਯ ਪੁਰਖੀ ਪਾਤਰ ਬਿੰਦਰ ਇਕ ਬੇਰੁਜ਼ਗਾਰ ਨੌਜਵਾਨ ਹੈ ਜਿਹੜਾ ਬੇਰੁਜ਼ਗਾਰੀ ਭੋਗਦਾ ਆਪਣੀ ਪਛਾਣ ਦੇ ਸੰਕਟਾਂ ਨਾਲ ਜੂਝਦਾ ਹੈ । ਇਨ੍ਹਾਂ ਸੰਕਟਾਂ ਦੇ ਮੋਚਨ ਲਈ ਆਖਿਰ ਉਹ ਬਾਬਾ ਸੋਹਨ ਸਿੰਘ ਭਕਨਾ , ਬੀਬੀ ਗੁਲਾਬ ਕੌਰ ਅਤੇ ਹੋਰ ਆਗੂਆਂ ਦੀ ਕੁਰਬਾਨੀ ਤੋਂ ਸੇਧ ਲੈਂਦਾ ਇਨ੍ਹਾਂ ਨਾਲ ਇਕ ਰਿਸ਼ਤਾ ਦੀ ਗੰਢ ਵਾਲੇ ਅਹਿਸਾਸ ਵਿੱਚੋਂ ਗੁਜ਼ਰਦਾ ਹੈ । ਇਨ੍ਹਾਂ ਕਹਾਣੀਆਂ ਵਿਚ ਲਾਲ ਸਿੰਘ ਇਕ ਪਾਸੇ ਇਨਕਲਾਬੀ ਚੇਤਨਾ ਵਾਲੇ ਪੰਜਾਬੀ ਬੰਦੇ ਦੀ ਜੁਝਾਰੂ ਤਾਸੀਰ ਨੂੰ ਪੇਸ਼ ਕਰਦਾ ਹੈ ਦੂਜੇ ਪਾਸੇ ਉਨ੍ਹਾਂ ਹਾਲਾਤ‘ਤੇ ਕਟਾਖ਼ਸ਼ ਕਰਦਾ ਹੈ ਜਿਨ੍ਹਾਂ ਕਰਕੇ ਉੱਚੇ ਆਦਰਸ਼ਾਂ ਲਈ ਉੱਠਦੀਆਂ ਲਹਿਰਾਂ ਦੇ ਅਖੌਤੀ ਆਗੂ ਸੱਤਾ ਦੇ ‘ਲੂਣ ਦੇ ਪਹਾੜ ’ ਵਿੱਚ ਰਚ ਮਿਚ ਜਾਂਦੇ ਰਹੇ ਜਦ ਕਿ ਕੁਰਬਾਨੀਆਂ ਦੇਣ ਵਾਲੇ ਆਗੂਆਂ ਨੂੰ ਗੁੰਮਨਾਮੀ ਤੋਂ ਵੱਧ ਕੁਝ ਨਹੀ ਮਿਲਿਆ।
ਲੇਖਕ ਦੀਆਂ ਕਹਾਣੀਆਂ ਨੇ ਵਰਤਮਾਨ ਦੇ ਨਵ ਪੂੰਜੀਵਾਦੀ ਸਮਾਜ ਵਿਚ ਸ਼ਹਿਰਾਂ ਅਤੇ ਕਸਬਿਆਂ ਵਿਚ ਉਸਰਦੀ ਖਪਤਵਾਦੀ ਜੀਵਨ ਜਾਂਚ ਨੂੰ ਵੀ ਆਪਣੀ ਕਥਾ ਚੇਤਨਾ ਦਾ ਹਿੱਸਾ ਬਣਾਇਆ ਹੈ । ਖ਼ਪਤਵਾਦੀ ਸਭਿਆਚਾਰ ਨੇ ਪੰਜਾਬੀਆਂ ਦੀ ਜ਼ਿੰਦਗੀ ਵਿੱਚ ਮੇਲੇ ਮਾਨਣ ਆਏ ਹੋਣ ਦੀ ਸੰਸਕ੍ਰਿਤਕ ਰੂੜ੍ਹੀ ਨੂੰ ਉਪਭੋਗਤਾਵਾਦ ਦੀ ਨਵੀਂ ਹਵਾ ਦਿੱਤੀ ਹੈ। ਲਾਲ ਸਿੰਘ ਕਿਰਤੀ ਸਭਿਆਚਾਰ ਵਾਲੇ ਪੰਜਾਬੀਆਂ ਦੀ ਨਵੀਂ ਉਪਭੋਗੀ ਜੀਵਨ ਜਾਂਚ ਪਿੱਛੇ ਕਾਰਪੋਰੇਟੀ ਪ੍ਰਬੰਧ ਦਾ ਜਾਣਕਾਰ ਹੈ। ਉਸਦੀਆਂ ਕਹਾਣੀਆਂ ਵਿਚ ਕਾਰਪੋਰੇਟ ਸੈਕਟਰ ਦਾ ਬਿੰਬ ਜੁਬਾੜ੍ਹੇ ਕਹਾਣੀ ਵਿੱਚ ‘ਜੁਬਾੜ੍ਹੇ ’ ਦੇ ਰੂਪਕ ਨਾਲ ਪੇਸ਼ ਹੋਇਆ ਹੈ। ਸੱਤਾ ਦਾ ਧਰਮ ਅਤੇ ਕਾਰਪੋਰੇਟ ਸੈਕਟਰ ਨਾਲ ਨਾਪਾਕ ਗਠਜੋੜ ਸਮੁੱਚੀ ਲੋਕਾਈ ਲਈ ਕਿੰਨਾ ਖਤਰਨਾਕ ਹੈ ਇਸਦੇ ਕਥਾ ਵੇਰਵੇ ਜੁਬਾੜੇ ਕਹਾਣੀ ਵਿਚ ਦਰਜ ਹਨ । ਕਾਰਪੋਰੇਟ ਸੈਕਟਰ ਨੇ ਕਿਸਾਨਾਂ ਦੀਆਂ ਉਪਜਾਊ ਜ਼ਮੀਨਾਂ ਵਿਚ ਮੈਰਿਜ ਪੈਲਸ , ਰਿਜ਼ੋਰਟ , ਮਾਲਜ਼ ਅਤੇ ਹਾਬੜ ਉਸਾਰੀ ਨੇ ਅਖੌਤੀ ਵਿਕਾਸ ਮਾਡਲ ਦਾ ਮਾਰੂ ਅਧਿਆਇ ਸ਼ੁਰੂ ਕਰ ਦਿੱਤਾ ਹੈ । ਕਹਾਣੀ ਵਿੱਚ ਜ਼ਮੀਨਾਂ ਦੇ ਉਜਾੜੇ, ਖੇਤੀ ਦੀ ਮੰਦਹਾਲੀ ਅਤੇ ਸਰਕਾਰਾਂ ਦੀਆਂ ਕਾਰਪੋਰੇਟ ਪੱਖੀ ਨੀਤੀਆਂ ਕਰਕੇ ਰਾਮਗੋਪਾਲ ਅਤੇ ਮਹਿੰਗਾ ਰਾਮ ਵਰਗੇ ਪਾਤਰ ਆਪਣੇ ਦੇਸ਼ ਵਿੱਚ ਇਕ ਬੇਗਾਨਗੀ ਦੇ ਅਹਿਸਾਸ ਵਿੱਚੋਂ ਗੁਜ਼ਰਦੇ ਹਨ ।ਕਹਾਣੀ ਵਿਚ ਕਾਰਪੋਰੇਟ ਸੈਕਟਰ ਦਾ ਵਰਤਾਰਾ ਕਸਬਿਆਂ ਅੰਦਰ ਛੋਟੇ ਵਪਾਰੀ , ਮਧਲੇ ਕਿਸਾਨ ਅਤੇ ਮਿਹਨਤਕਸ਼ ਵਰਗਾਂ ਨੂੰ ਨਿਗਲਦਾ ਦਿਖਾਇਆ ਗਿਆ ਹੈ ਜਿਸ ਨਾਲ ਲੋਕਾਂ ਦੀ ਆਪਸੀ ਸਾਂਝ , ਮਿਲਵਰਤਨ ਅਤੇ ਸਹਿਹੋਂਦ ਦੀ ਭਾਵਨਾ ਖਤਮ ਹੁੰਦੀ ਦਿਸਦੀ ਹੈ । ਪੂੰਜੀਵਾਦੀ ਵਿਸ਼ਵੀਕਰਨ ਦਾ ਇਕ ਚਿਹਰਾ ਸਮਾਜਿਕ ਵਿਵਸਥਾ ਨੂੰ ਜੋੜਨ ਦੀ ਥਾਂ ਤੋੜਨ ਦੀ ਭੂਮਿਕਾ ਨਿਭਾਉੱਦਾ ਪੇਸ਼ ਕਰਕੇ ਲੇਖਕ ਨੇ ‘ਤੀਸਰਾ ਸ਼ਬਦ ’ ਕਹਾਣੀ ਵਿਚ ਜਾਤੀ ਵਿਵਸਥਾ ਨਾਲ ਉਪਜਦੇ ਮਾਨਸਿਕ ਸੰਤਾਪ ਦੀਆਂ ਤੰਦਾ ਫੜਨ ਦਾ ਯਤਨ ਕਰਕਾ ਹੈ । ਸਮਕਾਲ ਅੰਦਰ ਦਲਿਤ ਸੰਘਰਸ਼ ਜਿਸ ਕਿਸਮ ਦੇ ਜਾਤੀਗਤ ਟਕਰਾਅ ਅਤੇ ਧਾਰਮਿਕ ਘੁੰਮਣਘੇਰੀ, ਬੌਧਿਕ ਕੰਗਾਲੀ ਵਿਚਾਰਧਾਰਕ ਧੁੰਦਵਾਦ ਵਿੱਚੋ ਗੁਜ਼ਰ ਰਿਹਾ ਹੈ ਉਸਦਾ ਇਕ ਪੱਖ ‘ਤੀਸਰਾ ਸ਼ਬਦ ’ ਕਹਾਣੀ ਵਿਚ ਦਰਜ਼ ਹੈ । ਲੇਖਕ ਦਾ ਦਲਿਤ ਪਾਤਰ ਨੌਕਰੀਪੇਸ਼ਾ ਮੱਧਸ਼੍ਰੇਣੀ ਵਿੱਚੋਂ ਹੈ ਜਿਹੜਾ ਕਿ ਅਗਲੀ ਪੀੜ੍ਹੀ ਨੂੰ ਜਾਤੀ ਚੇਤਨਾ ਨਾਲੋਂ ਜਮਾਤੀ ਚੇਤਨਾ ਦੇ ਵੱਡੇ ਸੰਕਲਪ ਨਾਲ ਜੋੜ ਕੇ ਉਨ੍ਹਾਂ ਦਾ ਮੁਕਤੀ ਮਾਰਗ ਬਣਨ ਦਾ ਯਤਨ ਕਰਦਾ ਹੈ ।ਸਾਰੀ ਉਮਰ ਜਾਤੀਗਤ ਪਛਾਣ ਦੇ ਲੇਬਲ ਹੇਠਾਂ ਉਮਰ ਕੱਟ ਕੇ ਉਹ ਗੁੰਮਨਾਮੀ ਜ਼ਰੂਰ ਹੰਢਾਉਂਦਾ ਹੈ ਪਰ ਵਿਚਾਰਧਾਰਾ ਪੱਖੋਂ ਉਹ ਸਮਕਾਲੀ ਦੀ ਦਲਿਤ ਲਹਿਰ ਨੂੰ ਜਾਤਵਾਦੀ ਸਿਆਸਤ ਤੱਕ ਸਿਮਟਾ ਕੇ ਰੱਖਣ ਵਾਲੀ ਸੱਤਾਧਾਰੀ ਨੀਤੀ ਦਾ ਵੀ ਜਾਣੂੰ ਹੈ। ਲਾਲ ਸਿੰਘ ਦੀ ਇਸ ਕਹਾਣੀ ਦਾ ਕੇਂਦਰੀ ਪਾਤਰ ਬੇਸ਼ੱਕ ਸਮਕਾਲੀ ਦਲਿਤ ਕਹਾਣੀ ਦੇ ਚਰਚਿਤ ਪਾਤਰ ਵਾਂਗ ਸ਼ਹਿਰੀ ਮੱਧਵਰਗੀ ਸ਼੍ਰੇਣੀ ਵਿੱਚੋਂ ਹੈ ਪਰ ਇਹ ਪਾਤਰ ਦਲਿਤ ਕਹਾਣੀ ਦੇ ਰਵਾਇਤੀ ਪਾਤਰ ਵਾਂਗ ਰੈਡੀਕਲ ਵਿਰੋਧ ਵਾਲਾ ਨਹੀਂ ਸਗੋਂ ਚਿੰਤਨ ਕਰਦਾ ਹੋਇਆ ਧਰਮ ਅਤੇ ਰਾਜਨੀਤੀ ਦੀ ਸੱਤਾ ਵੱਲੋਂ ਲੋਕਾਂ ਨੂੰ ਇਕ ਦੂਜੇ ਤੋਂ ਤੋੜ ਕੇ ਰੱਖਣ ਵਾਲੀ ਵਿਚਾਰਧਾਰਾ ਦਾ ਜਾਣੂੰ ਹੈ ਦੂਜੇ ਪਾਸੇ ਦਲਿਤ ਲਹਿਰ ਵਿਚ ਪੈਦਾ ਹੋ ਰਹੇ ਬ੍ਰਾਹਮਣਵਾਦ ਦਾ ਵੀ ਨਿੰਦਕ ਹੈ ।
“....ਸਭ ਕੁਝ ਜਾਣਦਿਆਂ ਬੁਝਦਿਆਂ ਵੀ ਆਪਾਂ ਸਾਧਾਂ ਦੀ ਸਿਆਸਤ ਨੂੰ ਇਲਾਹੀ ਹੁਕਮ ਮੰਨ ਲਿਆ। ਇਕ ਪਾਸੇ ਤਾਂ ਆਪਾਂ ਆਪਣੇ ਉਪਰ ਥੋਪੇ ਗਏ ਜਾਤ ਪ੍ਰਬੰਧ ਤੋਂ ਬਾਗੀ ਹੋਣ ਲਈ ਤਰਲੋਮੱਛੀ ਹੋਈ ਬੈਠੇ ਆ , ਦੂਜੇ ਪਾਸੇ ਉਹਨਾਂ ਵਰਗਾ ਹੀ ਜਾਤ ਅਭਿਆਨ ਸਿਰ ‘ਤੇ ਚੁੱਕੀ ਫਿਰਦੇ ਆ। ....ਬੱਸ ਐਸੇ ਗੱਲੋਂ ਮਾਰ ਖਾਨੇ ਆਂ ਅਸੀਂ ਲੋਕੀਂ। “
ਲਾਲ ਸਿੰਘ ਇਸ ਕਹਾਣੀ ਦਾ ਕੇਂਦਰੀ ਪਾਤਰ ਸਿਰਜਦਿਆ ਉਹ ਕਹਾਣੀਕਾਰ ਅਤੇ ਪਾਤਰ ਦੀ ਵਿੱਥ ਵੀ ਮਿਟਾ ਗਿਆ ਹੈ ।ਇਸ ਤੋਂ ਇਲਾਵਾ ਵੀ ਉਹ ਬਿਰਤਾਂਤਕਾਰੀ ਵਿਚ ਹੋਰ ਵੀ ਕਈ ਥਾਂ ਸਿੱਧਾ ਦਖ਼ਲ ਦਿੰਦਾ ਹੈ ਅਤੇ ਉਸਦੀ ਕਹਾਣੀ ਸਹਿਜਤਾ ਤੋਂ ਟੁੱਟ ਕੇ ਭਾਸ਼ਣੀ ਸੁਰ ਅਖ਼ਤਿਆਰ ਕਰ ਜਾਂਦੀ ਹੈ ।ਉਸਦੇ ਹੋਰ ਕਲਾ ਦੋਸ਼ਾਂ ਵਿੱਚ ਉਸਦੀ ਕਹਾਣੀ ਦਾ ਪਾਠਕ ਨਿਰੋਲ ਪਾੜਾ ਬਣ ਕੇ ਰਹਿ ਜਾਂਦਾ ਹੈ ਅਤੇ ਕਹਾਣੀ ਦੀਆਂ ਸਥਿਤੀਆਂ ਇੰਨੀਆਂ ਜਟਿਲ ਅਤੇ ਪੀਡੀਆਂ ਹੋ ਜਾਂਦੀਆਂ ਹਨ ਕਿ ਪਾਠਕ ਦੀ ਆਪਣੀ ਕਲਪਨਾ ਸ਼ਕਤੀ ਮੌਨ ਹੋ ਜਾਂਦੀ ਹੈ । ਲਾਲ ਸਿੰਘ ਵਾਂਗ ਚੌਥੇ ਪੜਾਅ ਦੇ ਹੋਰ ਵੀ ਕਈ ਕਹਾਣੀਕਾਰ ਪਾਠਕਾਂ ਨੂੰ ਕਹਾਣੀ ਵਿਚ ਉਭਰਨ ਦਾ ਮੌਕਾ ਨਹੀ ਦਿੰਦੇ ਅਤੇ ਉੱਤਮ ਪੁਰਖੀ ਪ੍ਰਵਚਨ ਦੀਆਂ ਭਾਰੂ ਇਕਪਾਸੜੀ ਸੁਰਾਂ ਪੈਦਾ ਕਰਦੇ ਹਨ।
ਘੜਮੱਸ ਅਤੇ ਗੜਬੜੀ ਦੇ ਦੌਰ ਵਿਚ ਸਮਕਾਲੀ ਵਸਤੂ ਵਰਤਾਰਿਆਂ ਦੀ ਪੇਸ਼ਕਾਰੀ ਕਰਦਿਆਂ ਲਾਲ ਸਿੰਘ ਜਿਸ ਕਥਾ ਭਾਸ਼ਾ ਦੀ ਸਹਾਇਤਾ ਲੈਂਦਾ ਹੈ ਉਹ ਦੁਆਬੀ ਆਂਚਲਿਕਤਾ ਵਾਲੀ ਅਤੇ ਵਿਆਕਰਣ ਪੱਖੋਂ ਸਥਾਪਿਤ ਪ੍ਰਤਿਮਾਨਾਂ ਨੂੰ ਉਲੰਘਦੀ ਹੈ। ਸਮਾਸੀ ਸ਼ਬਦਾਂ ਦੀ ਵਰਤੋਂ ਕਰਕੇ ਉਹ ਗਲਪ ਦੀ ਭਾਸ਼ਾ ਦੇ ਨਵੇਂ ਪ੍ਰਯੋਗ ਕਰਦਾ ਹੈ। ਪਾਤਰਾਂ ਦੇ ਮੌਲਿਕ ਉਚਾਰ ਫੜਨ ਲਈ ਲੇਖਕ ਪਾਤਰਾਂ ਦੀ ਸਮਾਜਿਕ ਮਾਨਸਿਕ ਸਥਿਤੀ ਦੇ ਅਨੁਸਾਰ ਭਾਸ਼ਾ ਦੀ ਵਰਤੋਂ ਕਰਦਾ ਹੈ। ਲਾਲ ਸਿੰਘ ਦੇ ਕਥਾ ਪਾਤਰ ਟਾਕਰਵੇਂ ਬੋਲਾਂ ਨਾਲ ਭਰੇ ਪਏ ਹਨ, ਉਨ੍ਹਾਂ ਅੰਦਰ ਇਕੋ ਵਾਰ ਕਈ ਕਈ ਆਵਾਜ਼ਾਂ ਨਿਰੰਤਰ ਚੱਲਦੀਆਂ ਹਨ, ਇਹ ਸਮਕਾਲੀ ਬੰਦੇ ਦੀ ਹੋਣੀ ਹੈ ਜਿੱਥੇ ਪੰਜਾਬੀ ਬੰਦਾ ਸਾਲਮ ਸੂਰਤ ਸ਼ਖਸ਼ੀਅਤ ਦੀ ਥਾਂ ਖੰਡ ਖੰਡ ਹੋ ਕੇ ਵਿਚਰ ਰਿਹਾ ਹੈ। ਲਾਲ ਸਿੰਘ ਦੇ ਕਥਾ ਪਾਤਰ ਇਕ ਗੈਲਰੀ ਸਿਰਜਦੇ ਹਨ ਉਹ ਵਰਤਮਾਨ ਦੀਆਂ ਗੜਬੜੀਆਂ ਵਿਚ ਗੁੰਮਨਾਮੀ , ਮੰਦਹਾਲੀ ਅਤੇ ਬੇਗਾਨਗੀ ਭਰੇ ਅਹਿਸਾਸਾਂ ਵਿੱਚੋਂ ਗੁਜ਼ਰਦੇ ਹਨ ਪਰ ਆਖਿਰ ਸਮਾਜਿਕ ਯਥਾਰਥ ਨੂੰ ਭੇਦਣ ਲਈ ਉੱਠ ਖੜੋਂਤੇ ਹਨ। ਇਸਦਾ ਕਾਰਨ ਲੇਖਕ ਦਾ ਮਾਰਕਸੀ ਚਿੰਤਨ ਵਿਚ ਵਿਸ਼ਵਾਸ਼ ਹੈ ਜਿਹੜਾ ਕਿ ਪ੍ਰਗਤੀਵਾਦ ਦੇ ਵਡੇਰੇ ਸੰਕਲਪ ਨੂੰ ਪ੍ਰਣਾਈ ਹੈ ਜਿਸ ਵਿਚ ਕਮਿਉਨਿਸਟ ਵਿਚਾਰਧਾਰਾ ਦਾ ਸੰਵਾਦ ਕਈ ਕੋਣਾਂ ਤੋਂ ਪੇਸ਼ ਹੈ ਇਸੇ ਲਈ ਉਸਦੀ ਕਹਾਣੀ ਟਾਕਰਵੇਂ ਬੋਲਾਂ, ਉਤੇਜ਼ਕ ਸੰਵਾਦਾਂ, ਪਾਤਰਾਂ ਦੀਆਂ ਮਨੋਬਚਨੀਆਂ ਅਤੇ ਇਤਿਹਾਸ ਦੇ ਇਨਕਲਾਬੀ ਕਾਂਡਾਂ ਤੋਂ ਪ੍ਰੇਰਨਾ ਲੈ ਕੇ ਇਤਿਹਾਸ ਅਤੇ ਵਰਤਮਾਨ ਵਿਚ ਸਾਹ ਲੈਂਦੀ ਪ੍ਰਤੀਤ ਹੁੰਦੀ ਹੈ ।ਲਾਲ ਸਿੰਘ ਦੀ ਕਹਾਣੀ ਦੇ ਟੂਲ ਬਾਕਸ ਵਿਚ ਪੰਜਾਬੀ ਦੀ ਜੁਝਾਰੂ ਇਤਿਹਾਸਕਾਰੀ ਸਾਹ ਲੈਂਦੀ ਹੈ ।ਉਹ ਸਿੱਖ ਇਤਿਹਾਸ ਦੇ ਪ੍ਰਸੰਗਾਂ, 1857 ਦੇ ਗ਼ਦਰ , ਗ਼ਦਰੀ ਬਾਬਿਆਂ, ਬੱਬਰ ਅਕਾਲੀਆਂ ਅਤੇ ਆਜ਼ਾਦੀ ਦੇ ਹੋਰ ਪਰਵਾਨਿਆਂ ਦੀ ਮਨੁੱਖ ਨੂੰ ਗੁਲਾਮੀ ਤੋਂ ਮੁਕਤ ਕਰਨ ਦੀ ਭਾਵਨਾ ਦਾ ਸਿੱਧਾ ਬੁਲਾਰਾ ਹੈ। ਸੱਤਾ ਦੇ ਗਲਿਆਰਿਆਂ ਵਿਚ ਕਾਬਜ਼ ਆਗੂਆਂ , ਸਰਮਾਏਦਾਰੀ ਦਲਾਲਾਂ , ਅਖੌਤੀ ਧਾਰਮਿਕ ਰਹਿਬਰਾਂ ਦੀ ਤਿੱਕੜੀ ਦੇ ਗਠਜੋੜ ਨੂੰ ਉਹ ਵੰਗਾਰਦਾ ਹੈ ਅਤੇ ਵਿਕਾਸ ਮਾਡਲ ਦੀ ਥਾਂ ਕਾਰਪੋਰੇਟ ਘਰਾਣਿਆਂ ਵੱਲੋਂ ਦੇਸ਼ ਦੇ ਵਿਨਾਸ਼ ਮਾਡਲ ਦੀ ਬਣਾਈ ਜਾ ਰਹੀ ਰੂਪ ਰੇਖਾ ਪ੍ਰਤੀ ਪੂਰਨ ਸੁਚੇਤ ਹੈ । ਲਾਲ ਸਿੰਘ ਸਚਮੁੱਚ ਸਮਕਾਲੀ ਕਹਾਣੀ ਦਾ ਲਾਲ ਹੈ ਜਿਸਦਾ ਲਗਾਤਾਰ ਲਿਖਦੇ ਰਹਿਣਾ ਅਤੇ ਵਰਤਮਾਨ ਦੇ ਵਰਤਾਰਿਆਂ ਨਾਲ ਅਪਡੇਟ ਰਹਿ ਕੇ ਮਨੁੱਖ ਮਾਰੂ ਪ੍ਰਬੰਧ ਨੂੰ ਵੰਗਾਰਨਾ ਇਸ ਕਿਤਾਬ ਦੀ ਵੱਡੀ ਸਾਰਥਿਕਤਾ ਹੈ ।
ਸੰਪਰਕ – 9417586028